ਮਨੀਸ਼ ਸਿਸੋਦੀਆ : ਸੀਬੀਆਈ ਦੀ 9 ਘੰਟੇ ਪੁੱਛਗਿੱਛ ਤੋਂ ਬਾਅਦ 'ਆਪ' ਆਗੂ ਨੇ ਕੀ ਕੀਤਾ ਦਾਅਵਾ

ਮਨੀਸ਼ ਸਿਸੋਦੀਆ

ਤਸਵੀਰ ਸਰੋਤ, AAP

    • ਲੇਖਕ, ਸਰਬਜੀਤ ਸਿੰਘ ਧਾਲੀਵਾਲ
    • ਰੋਲ, ਬੀਬੀਸੀ ਪੱਤਰਕਾਰ

9 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਆਪਣੇ ਘਰ ਅੱਗੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ

  • ਮੁਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਮੇਰੇ ਖ਼ਿਲਾਫ਼ ਜੋ ਸੀਬੀਆਈ ਦਾ ਸਾਰਾ ਕੇਸ ਫਰਜ਼ੀ ਹੈ।
  • ਸੀਬੀਆਈ ਦੇ 9 ਘੰਟੇ ਦੀ ਪੁੱਛਗਿੱਛ ਦੌਰਾਨ ਸਮਝ ਆ ਗਿਆ ਹੈ, ਇਹ ਸਾਰਾ ਕੇਸ ਕਿਉਂ ਕਰਵਾਇਆ ਹੈ
  • ਭਾਜਪਾ ਨੇ ਇਹ ਕੇਸ ਅਸਲ ਵਿਚ ਆਪਰੇਸ਼ਨ ਲੌਟਸ ਨੂੰ ਕਾਮਯਾਬ ਕਰਨ ਕਰਵਾਇਆ ਗਿਆ ਹੈ
  • ਭਾਜਪਾ ਸੀਬੀਆਈ ਦੀ ਵਰਤੋਂ ਗੈਰ ਕਾਨੂੰਨੀ ਤਰੀਕੇ ਨਾਲ ਕਰ ਰਹੀ ਹੈ।
  • ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਵੀ ਵਾਅਦਾ ਕੀਤਾ ਗਿਆ ਹੈ।
  • ਸਿਸੋਦੀਆ ਮੁਤਾਬਕ ਉਨ੍ਹਾਂ ਨੂੰ ਕਿਹਾ ਗਿਆ ਆਮ ਆਦਮੀ ਪਾਰਟੀ ਛੱਡ ਦਿਓ, ਵਰਨਾ ਇਹ ਕੇਸ ਇੰਝ ਹੀ ਚੱਲਦੇ ਰਹਿਣਗੇ।
  • ਸਿਸੋਦੀਆ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਿਹਾ ਗਿਆ ਕਿ ਸਤੇਂਦਰ ਜੈਨ ਖ਼ਿਲਾਫ਼ ਵੀ ਕੋਈ ਕੇਸ ਨਹੀਂ ਹੈ।
  • ਉਨ੍ਹਾਂ ਕਿਹਾ ਕਿ ਭਾਜਪਾ ਵਾਲੇ ਐਵੇਂ ਹੀ ਕਹਿੰਦੇ ਰਹੇ ਕਿ 10 ਹਜ਼ਾਰ ਕਰੋੜ ਦਾ ਘੋਟਾਲਾ ਹੈ, ਪਰ ਇਹ ਕੋਈ ਇੱਕ ਵੀ ਰੁਪਏ ਦਾ ਘੋਟਾਲਾ ਹੈ ਹੀ ਨਹੀਂ।
ਬੀਬੀਸੀ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਵੱਲੋਂ 2021 ਦੀ ਆਬਕਾਰੀ ਨੀਤੀ ਦੇ ਸਬੰਧ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ।

ਸੀਬੀਆਈ ਨੇ ਸਵੇਰੇ 11 ਵਜੇ ਤੋਂ ਲੈਕੇ ਰਾਤੀ ਕਰੀਬ 8 ਵਜੇ ਤੱਕ ਉਨ੍ਹਾਂ ਤੋਂ ਪੁੱਛਗਿੱਛ ਕੀਤੀ. ਸਿਸੋਦੀਆ ਕਰੀਬ ਸਾਢੇ ਅੱਠ ਵਜੇ ਸੀਬੀਆਈ ਦਫ਼ਤਰ ਤੋਂ ਬਾਹਰ ਨਿਕਲੇ।

ਭਾਵੇਂ ਕਿ ਗੁਜਰਾਤ ਚੋਣ ਰੈਲੀ ਦੌਰਾਨ ਬੋਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਿਸੋਦੀਆ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕਰ ਲਿਆ ਹੈ, ਪਰ ਸ਼ਾਮ ਨੂੰ ਇਹ ਦਾਅਵਾ ਗਲਤ ਸਾਬਿਤ ਹੋਇਆ

ਪਰ ਸਿਸੋਦੀਆ ਵੱਲੋਂ ਸੀਬੀਆਈ ਅੱਗੇ ਪੇਸ਼ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।

ਜਦੋਂ ਉਹ ਆਪਣੇ ਘਰੋਂ ਨਿੱਕਲੇ ਤਾਂ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਉਹਨਾਂ ਦੀ ਗੱਡੀ ਕੋਲ ਇਕੱਠੇ ਹੋ ਗਏ।

ਮਨੀਸ਼ ਸਿਸੋਦੀਆ ਤਿਰੰਗਾ ਝੰਡਾ ਹੱਥ ਵਿੱਚ ਲੈ ਕੇ ਚੱਲੇ। ਉਹਨਾਂ ਦੇ ਵਰਕਰਾਂ ਨੇ ਭਗਤ ਸਿੰਘ ਅਤੇ ਬੀਆਰ ਅੰਬੇਡਕਰ ਦੀਆਂ ਤਸਵਾਰਾਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ।

ਸੀਬੀਆਈ ਅੱਗੇ ਪੇਸ਼ ਹੋਣ ਤੋਂ ਪਹਿਲਾਂ ਮਨੀਸ਼ ਸਿਸੋਦੀਆ ਰਾਜਘਾਟ ਵਿਖੇ ਮਹਾਤਮਾ ਗਾਂਧੀ ਦਾ "ਆਸ਼ੀਰਾਵਦ" ਲੈਣ ਵੀ ਗਏ।

'ਆਪ' ਮੁਖੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਮਨੀਸ਼ ਸਿਸੋਦੀਆ ਦੇ ਪੱਖ ਵਿੱਚ ਸੋਸ਼ਲ ਮੀਡੀਆ ਉਪਰ ਪੋਸਟਾਂ ਪਾਈਆ ਗਿਆ। ਉਹਨਾਂ ਸਿਸੋਦੀਆ ਉਪਰ ਦਰਜ ਕੇਸ ਨੂੰ 'ਫ਼ਰਜੀ' ਕਰਾਰ ਦਿੱਤਾ।

Skip X post
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post

ਤਾਨਾਸ਼ਾਹੀ ਅੱਗੇ ਨਹੀਂ ਝੁੱਕਾਂਗੇ: ਮਨੀਸ਼ ਸਿਸੋਦੀਆ

ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਸਰਕਾਰ ਦੀ ਤਾਨਾਸ਼ਾਹੀ ਅੱਗੇ ਨਹੀਂ ਝੁਕਣਗੇ ਅਤੇ ਉਹ ਸਾਜ਼ਿਸਕਰਤਾਵਾਂ ਖ਼ਿਲਾਫ਼ ਆਜ਼ਾਦੀ ਦੀ ਦੂਜੀ ਲੜਾਈ ਲੜ ਰਹੇ ਹਨ।

ਖ਼ਬਰ ਏਜੰਸੀ ਏਐਨਆਈ ਮੁਤਾਬਕ ਸਿਸੋਦੀਆ ਨੇ ਕਿਹਾ, "ਉਹਨਾਂ (ਬੀਜੇਪੀ) ਦਾ ਮਕਸਦ ਮੈਨੂੰ ਜੇਲ੍ਹ ਭੇਜਣਾ ਹੈ ਤਾਂ ਕਿ ਮੈਨੂੰ ਗੁਜਰਾਤ ਜਾਣ ਤੋਂ ਰੋਕਿਆ ਜਾ ਸਕੇ। ਜੋ ਰੇਡਾਂ ਹੋਈਆ ਉਹਨਾਂ ਵਿੱਚ ਮੇਰੇ ਖ਼ਿਲਾਫ਼ ਕੁਝ ਵੀ ਨਹੀਂ ਮਿਲਿਆ।"

ਮਨੀਸ਼ ਸਿਸੋਦੀਆ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਗੁਜਰਾਤ ਦੇ ਇੱਕ-ਇੱਕ ਬੱਚੇ ਅਤੇ ਵੋਟਰ ਦੇ ਮਨ ਵਿੱਚ ਸਵਾਲ ਹੈ ਕਿ ਜੇਕਰ ਦਿੱਲੀ ਦੇ ਸਕੂਲ ਵਧੀਆ ਹੋ ਸਕਦੇ ਹਨ ਤਾਂ ਗੁਜਰਾਤ ਦੇ ਸਕੂਲ ਕਿਉਂ ਨਹੀਂ ਹੋ ਸਕਦੇ?"

ਉੱਧਰ ਬੀਜੇਪੀ ਦੇ ਬੁਲਾਰੇ ਸਮਬਿਤ ਪਾਤਰਾ ਨੇ ਕਿਹਾ ਕਿ ਮਨੀਸ਼ ਸਿਸੋਦੀਆ ਅਤੇ ਉਹਨਾਂ ਦੇ ਸਮਰਥਕ ਇਸ ਤਰ੍ਹਾਂ ਤਿਰੰਗਾ ਲਹਿਰਾ ਰਹੇ ਸੀ ਜਿਵੇਂ 'ਆਪ' ਨੇ ਭ੍ਰਿਸ਼ਟਾਚਾਰ ਦਾ ਵਿਸ਼ਵ ਕੱਪ ਜਿੱਤਿਆ ਹੋਵੇ।

ਦਿੱਲੀ ਆਬਕਾਰੀ ਨੀਤੀ

ਤਸਵੀਰ ਸਰੋਤ, AAP

ਤਸਵੀਰ ਕੈਪਸ਼ਨ, ਮਨੀਸ਼ ਸਿਸੋਦੀਆ ਪੁੱਛਗਿੱਛ ਲਈ ਜਾਣ ਤੋਂ ਪਹਿਲਾਂ ਆਪਣੀ ਮਾਤਾ ਜੀ ਤੋਂ ਆਸ਼ੀਰਵਾਦ ਲੈਂਦੇ ਹੋਏ

ਕੀ ਹੈ ਪੂਰਾ ਮਾਮਲਾ

ਦਿੱਲੀ ਦੀ ਆਬਕਾਰੀ ਨੀਤੀ 2021-22 ਦੀ ਜਾਂਚ ਲਈ ਦਿੱਲੀ ਦੇ ਉਪ ਰਾਜਪਾਲ ਵਿਨੈ ਸਕਸੈਨਾ ਨੇ 20 ਜੁਲਾਈ 2022 ਨੂੰ ਗ੍ਰਹਿ ਵਿਭਾਗ ਨੂੰ ਜਾਂਚ ਕਰਨ ਲਈ ਪੱਤਰ ਲਿਖਿਆ ਸੀ।

ਸੀਬੀਆਈ ਵੱਲੋਂ ਦਰਜ ਐਫਆਈਆਰ ਮੁਤਾਬਕ ਆਬਕਾਰੀ ਨੀਤੀ 2021-22 ਦੇ ਦੌਰਾਨ ਕੋਰੋਨਾ ਮਹਾਂਮਾਰੀ ਦੇ ਕਾਰਨ ਸ਼ਰਾਬ ਕਾਰੋਬਾਰ ਨੂੰ ਹੋਏ ਘਾਟੇ ਦਾ ਹਵਾਲਾ ਦੇ ਕੇ ਲਾਇਸੈਂਸ ਫ਼ੀਸ ਖ਼ਤਮ ਕਰ ਦਿੱਤੀ ਗਈ ਸੀ।

ਸੀਬੀਆਈ ਦੀ ਜਾਂਚ ਦੇ ਦੌਰਾਨ ਹੀ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 1 ਅਗਸਤ 2022 ਨੂੰ ਪੁਰਾਣੀ ਆਬਕਾਰੀ ਨੀਤੀ 2021-22 ਨੂੰ ਬਦਲਣ ਦੇ ਹੁਕਮ ਦੇ ਦਿੱਤੇ ਸਨ ਅਤੇ ਕਿਹਾ ਸੀ ਕਿ ਸ਼ਰਾਬ ਸਿਰਫ਼ ਸਰਕਾਰੀ ਦੁਕਾਨਾਂ ਉੱਤੇ ਹੀ ਵਿਕੇਗੀ ਜਦਕਿ ਪਹਿਲਾਂ ਵਾਲੀ ਨੀਤੀ ਤਹਿਤ ਸ਼ਰਾਬ ਦੀ ਵਿੱਕਰੀ ਠੇਕੇਦਾਰਾਂ ਵੱਲੋਂ ਕੀਤੀ ਜਾਂਦੀ ਸੀ।

ਸੀਬੀਆਈ ਨੇ ਕਥਿਤ ਸ਼ਰਾਬ ਘੁਟਾਲੇ ਵਿੱਚ ਮੁਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਅਤੇ ਦੋ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਕੀ ਸੀ ਸ਼ਰਾਬ ਨੀਤੀ

ਦਿੱਲੀ ਵਿੱਚ ਨਵੀਂ ਸ਼ਰਾਬ ਨੀਤੀ 2020 ਵਿੱਚ ਬਣਾਈ ਗਈ ਸੀ ਜਿਸ ਨੂੰ 2021 ਵਿੱਚ ਲਾਗੂ ਕੀਤਾ ਗਿਆ। ਇਸ ਦੇ ਤਹਿਤ ਦਿੱਲੀ ਨੂੰ 32 ਭਾਗਾਂ ਵਿੱਚ ਵੰਡਿਆ ਅਤੇ ਹਰ ਭਾਗ ਵਿੱਚ ਸ਼ਰਾਬ ਦੇ 27 ਠੇਕੇ ਖੁੱਲ੍ਹਣੇ ਸਨ।

ਇਸ ਨੀਤੀ ਦੇ ਤਹਿਤ ਸਿਰਫ਼ ਨਿੱਜੀ ਦੁਕਾਨਾਂ ਉੱਤੇ ਹੀ ਸ਼ਰਾਬ ਵੇਚੀ ਜਾ ਸਕਦੀ ਸੀ। ਭਾਵ ਸਰਕਾਰੀ ਦੁਕਾਨਾਂ ਉੱਤੇ ਸ਼ਰਾਬ ਦੀ ਵਿੱਕਰੀ ਬੰਦ ਕਰ ਦਿੱਤੀ ਗਈ ਸੀ।

Banner

ਇਹ ਵੀ ਪੜ੍ਹੋ:

Banner

ਇਸ ਦਾ ਮਕਸਦ ਸ਼ਰਾਬ ਮਾਫ਼ੀਆ ਅਤੇ ਕਾਲਾ ਬਾਜ਼ਾਰੀ ਨੂੰ ਖ਼ਤਮ ਕਰਨਾ ਅਤੇ ਸ਼ਰਾਬ ਦੀ ਦੁਕਾਨਾਂ ਦੀ ਬਰਾਬਰ ਵੰਡ ਨੂੰ ਯਕੀਨੀ ਬਣਾਉਣ ਸੀ।

ਇਸ ਦੇ ਲਈ ਦਿੱਲੀ ਸਰਕਾਰ ਨੇ ਲਾਇਸੰਸ ਧਾਰਕਾਂ ਨੂੰ ਨਿਯਮਾਂ ਦੇ ਵਿੱਚ ਕੁਝ ਢਿੱਲ ਵੀ ਦਿੱਤੀ ਸੀ ਜਿਵੇਂ ਡਿਸਕਾਊਟ ਦੇਣਾ ਅਤੇ ਸਰਕਾਰੀ ਐਮਆਰਪੀ ਦੀ ਬਜਾਏ ਆਪਣੀ ਕੀਮਤ ਖ਼ੁਦ ਤੈਅ ਕਰਨ ਦੀ ਆਗਿਆ।

ਹਾਲਾਂਕਿ ਵਿਰੋਧੀ ਧਿਰ ਦੇ ਵਿਰੋਧ ਦੇ ਬਾਅਦ ਕੁਝ ਸਮੇਂ ਦੇ ਲਈ ਇਹ ਛੋਟ ਵਾਪਸ ਵੀ ਲੈ ਲਈ ਗਈ।

ਸ਼ਰਾਬ

ਤਸਵੀਰ ਸਰੋਤ, VIPIN KUMAR/HINDUSTAN TIMES VIA GETTY IMAGES

ਐਫਆਈਆਰ ਵਿੱਚ ਸਿਸੋਦੀਆ ਸਮੇਤ 15 'ਤੇ ਇਲਜ਼ਾਮ

ਐੱਫਆਈਆਰ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਤਤਕਾਲੀ ਐਕਸਾਈਜ਼ ਕਮਿਸ਼ਨਰ ਗੋਪੀ ਕ੍ਰਿਸ਼ਨਾ ਤੋਂ ਇਲਾਵਾ ਡਿਪਟੀ ਐਕਸਾਈਜ਼ ਕਮਿਸ਼ਨਰ ਅਨੰਦ ਕੁਮਾਰ ਤਿਵਾੜੀ, ਸਹਾਇਕ ਐਕਸਾਈਜ਼ ਕਮਿਸ਼ਨਰ ਪੰਕਜ ਭਟਨਾਗਰ ਤੇ 9 ਕਾਰੋਬਾਰੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਐਫਆਈਆਰ ਵਿੱਚ ਮਨੀਸ਼ ਸਿਸੋਦੀਆ ਦਾ ਨਾਮ ਪਹਿਲੇ ਨੰਬਰ ਉੱਤੇ ਦਰਜ ਹੈ। ਹੋਰਨਾਂ ਮੁਲਜ਼ਮਾਂ ਵਿੱਚ ਐਂਟਰਟੇਨਮੈਂਟ ਤੇ ਈਵੈਂਟ ਮੈਨੇਜਮੈਂਟ ਕੰਪਨੀ 'ਓਨਲੀ ਮੱਚ ਲਾਊਡਰ' ਦੇ ਸਾਬਕਾ ਸੀਈਓ ਵਿਜੈ ਨਾਇਰ, ਪੈਰਨੋਰਡ ਰਿਕਾਰਡ ਦੇ ਸਾਬਕਾ ਮੁਲਾਜ਼ਮ ਮਨੋਜ ਰਾਏ, ਬ੍ਰਿੰਡਕੋ ਸਪਿਰਿਟਜ਼ ਦੇ ਮਾਲਕ ਅਮਨਦੀਪ ਢਿੱਲੋ ਤੇ ਇੰਡੋ ਸਪਿਰਿਟਜ਼ ਦੇ ਮਾਲਕ ਸਮੀਰ ਮਹੇਂਦਰੂ ਸ਼ਾਮਲ ਹਨ।

ਕੇਂਦਰੀ ਜਾਂਚ ਏਜੰਸੀ ਦਾ ਦਾਅਵਾ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਲਿਆਂਦੀ ਗਈ ਆਬਕਾਰੀ ਨੀਤੀ ਵਿਚਲੀਆਂ ਬੇਨਿਯਮੀਆਂ 'ਚ ਇਨ੍ਹਾਂ ਲੋਕਾਂ ਦੀ ਸਰਗਰਮ ਭੂਮਿਕਾ ਸੀ।

ਸੀਬੀਆਈ

ਤਸਵੀਰ ਸਰੋਤ, MANJUNATH KIRAN

ਤਸਵੀਰ ਕੈਪਸ਼ਨ, ਸਿਸੋਦੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਨੀਤੀ ਬਣਾਉਣ ਸਮੇਂ ਪੂਰੀ ਤਰਾਂ ਪਾਰਦਸ਼ਿਤਾ ਵਰਤੀ ਗਈ

ਏਜੰਸੀ ਨੇ ਇਹ ਦਾਅਵਾ ਵੀ ਕੀਤਾ ਕਿ ਗੁੜਗਾਓਂ ਵਿੱਚ ਬਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਮਿਤ ਅਰੋੜਾ, ਦਿਨੇਸ਼ ਅਰੋੜਾ ਤੇ ਅਰਜੁਨ ਪਾਂਡੇ- ਸਿਸੋਦੀਆ ਦੇ 'ਨੇੜਲੇ ਸਹਾਇਕ' ਹਨ। ਜਾਂਚ ਏਜੰਸੀ ਮੁਤਾਬਕ ਇਨ੍ਹਾਂ ਦੀ ਵਿੱਤੀ ਬੇਨਿਯਮੀਆਂ 'ਚ ਭੂਮਿਕਾ ਸੀ।

ਸੀਬੀਆਈ ਮੁਤਾਬਕ ਮਹਾਂਦੇਵ ਲਿਕਰਜ਼ ਨੂੰ ਵੀ ਲਾਇਸੰਸ ਦਿੱਤਾ ਗਿਆ ਹੈ ਜਿਸ ਦੇ ਕਰਤਾ ਧਰਤਾ ਸੰਨੀ ਮਰਵਾਹਾ ਹਨ ਜੋ ਸ਼ਰਾਬ ਦੇ ਮਰਹੂਮ ਕਾਰੋਬਾਰੀ ਪੌਂਟੀ ਚੱਡਾ (ਜਿਨ੍ਹਾਂ ਦੀ 2012 ਵਿੱਚ ਹੱਤਿਆ ਕਰ ਦਿੱਤੀ ਗਈ ਸੀ) ਦੇ ਪਰਿਵਾਰ ਵੱਲੋਂ ਚਲਾਈਆਂ ਜਾ ਰਹੀਆਂ ਕੰਪਨੀਆਂ ਦੇ ਡਾਇਰੈਕਟਰ ਹਨ।

ਸੀਬੀਆਈ ਮੁਤਾਬਕ ਸੰਨੀ ਮਰਵਾਹਾ ਦੇ ਸਰਕਾਰੀ ਕਰਮਚਾਰੀਆਂ ਨਾਲ ਨਜ਼ਦੀਕੀ ਸਬੰਧ ਸਨ। ਸੀਬੀਆਈ ਨੇ ਮੁਨੀਸ਼ ਸਿਸੋਦੀਆ ਅਤੇ ਹੋਰਨਾਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 120-ਬੀ (ਅਪਰਾਧਿਕ ਸਾਜ਼ਿਸ਼), 477-ਏ (ਲਾਭ ਲੈਣ ਦੇ ਲਈ ਖਾਤਿਆਂ ਵਿੱਚ ਧਾਂਦਲੀ) ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਰਾਵਾਂ ਦੇ ਤਹਿਤ ਮਾਮਲਾ ਦਰਜਾ ਕੀਤਾ ਹੈ।

ਐੱਫਆਈਆਰ ਦੇ ਮੁਤਾਬਕ ਆਬਕਾਰੀ ਨੀਤੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬਦਲਾਅ ਕੀਤਾ ਗਏ। ਲਾਇਸੰਸ ਫ਼ੀਸ ਅਤੇ ਬਿਨਾਂ ਇਜਾਜ਼ਤ ਦੇ ਲਾਇਸੰਸ ਦੀ ਮਿਆਦ ਵਧਾਉਣ ਤੇ ਲਾਇਸੰਸ ਧਾਰਕਾਂ ਨੂੰ ਫ਼ਾਇਦਾ ਪਹੁੰਚਾਉਣ ਦੇ ਲਈ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ।

ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨੀਸ਼ ਸਿਸੋਦੀਆ ਪਹਿਲਾਂ ਪੇਸ਼ੇ ਵਜੋਂ ਪੱਤਰਕਾਰ ਸਨ ਅਤੇ ਅੰਨਾ ਅੰਦੋਲਨ ਦੌਰਾਨ ਕੇਰਜਰੀਵਾਲ ਨੂੰ ਮਿਲੇ

ਕੌਣ ਹਨ ਮਨੀਸ਼ ਸਿਸੋਦੀਆ

ਇੱਕ ਸਮਾਜਿਕ ਕਾਰਕੁਨ ਅਤੇ ਪੱਤਰਕਾਰ ਤੋਂ ਦਿੱਲੀ ਦੇ ਉਪ ਮੁੱਖ ਮੰਤਰੀ ਬਣਨ ਤੱਕ ਮਨੀਸ਼ ਸਿਸੋਦੀਆ ਦਾ ਸਫ਼ਰ ਕਾਫ਼ੀ ਦਿਲਚਸਪ ਰਿਹਾ ਹੈ।

1988 ਵਿੱਚ ਅਰਵਿੰਦ ਕੇਜਰੀਵਾਲ ਨੇ ਸਮਾਜਿਕ ਕੰਮ ਕਰਨ ਦੇ ਲਈ ਪਰਿਵਰਤਨ ਨਾਮਕ ਇੱਕ ਐਨਜੀਓ ਬਣਾਈ ਸੀ, ਉਸ ਸਮੇਂ ਮਨੀਸ਼ ਸਿਸੋਦੀਆ ਇੱਕ ਟੀਵੀ ਪੱਤਰਕਾਰ ਦੇ ਵਜੋਂ ਕੰਮ ਕਰਦੇ ਸਨ ਅਤੇ ਉਨ੍ਹਾਂ ਨੇ ਇਸ ਐਨਜੀਓ ਉੱਤੇ ਇੱਕ ਸਟੋਰੀ ਵੀ ਕੀਤੀ ਸੀ।

ਇਸ ਤੋਂ ਬਾਅਦ ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਦੀ ਦੋਸਤੀ ਹੋ ਗਈ। ਇੱਕ ਵਕਤ ਅਜਿਹਾ ਵੀ ਆਇਆ ਕਿ ਮਨੀਸ਼ ਸਿਸੋਦੀਆ ਨੇ ਨੌਕਰੀ ਛੱਡ ਕੇ ਕੇਜਰੀਵਾਲ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਮਨੀਸ਼ ਸਿਸੋਦੀਆ

ਤਸਵੀਰ ਸਰੋਤ, ANI

ਅੰਨਾ ਹਜ਼ਾਰੇ ਅੰਦੋਲਨ ਦੇ ਦੌਰਾਨ ਵੀ ਮਨੀਸ਼ ਸਿਸੋਦੀਆ ਕੇਜਰੀਵਾਲ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹੇ। 2011-12 ਦੇ ਦੌਰਾਨ ਜਦੋਂ ਆਮ ਆਦਮੀ ਪਾਰਟੀ ਦੇ ਗਠਨ ਦੀਆਂ ਤਿਆਰੀ ਚੱਲ ਰਹੀਆਂ ਸਨ ਤਾਂ ਸਿਸੋਦੀਆ ਹੀ ਕੇਜਰੀਵਾਲ ਦੇ ਸਭ ਤੋਂ ਕਰੀਬੀ ਬਣ ਕੇ ਕੰਮ ਕਰਨ ਲੱਗੇ।

ਇਸ ਦੌਰਾਨ ਬਹੁਤ ਸਾਰੇ ਆਗੂ ਆਮ ਆਦਮੀ ਪਾਰਟੀ ਵਿੱਚ ਆਏ ਅਤੇ ਗਏ ਪਰ ਕੇਜਰੀਵਾਲ ਅਤੇ ਸਿਸੋਦੀਆ ਦੀ ਨੇੜਤਾ ਵਿੱਚ ਕੋਈ ਫ਼ਰਕ ਨਹੀਂ ਪਿਆ।

ਕੇਜਰੀਵਾਲ ਤੋਂ ਬਾਅਦ ਜੇਕਰ ਆਮ ਆਦਮੀ ਪਾਰਟੀ ਵਿੱਚ ਦੂਜੇ ਨੰਬਰ ਦਾ ਕੋਈ ਆਗੂ ਹੈ ਤਾਂ ਉਹ ਮਨੀਸ਼ ਸਿਸੋਦੀਆ ਹਨ ਜੋ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਣੇ ਹੋਏ ਹਨ ਉਨ੍ਹਾਂ ਦੀ ਥਾਂ ਕੋਈ ਵੀ ਨਹੀਂ ਲੈ ਸਕਿਆ।

ਜਦੋਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੇਜਰੀਵਾਲ ਨੇ ਮਨੀਸ਼ ਸਿਸੋਦੀਆ ਨੂੰ ਉਪ ਮੁੱਖ ਮੰਤਰੀ ਬਣ ਕੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਿੱਤਾ।

ਦਿੱਲੀ ਦੇ ਜਿਸ ਸਿੱਖਿਆ ਮਾਡਲ ਦਾ ਪ੍ਰਚਾਰ ਆਮ ਆਦਮੀ ਪਾਰਟੀ ਪੂਰੀ ਦੁਨੀਆ ਵਿੱਚ ਕਰਦੀ ਹੈ ਉਸ ਦਾ ਸਿਹਰਾ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਦੇ ਸਿਰ ਹੀ ਬੰਨ੍ਹਦੀ ਹੈ।

Banner
Banner

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)