ਮਲਿਕਾਰਜੁਨ ਖੜਗੇ : ਕਾਂਗਰਸ ਦੇ ਨਵੇਂ ਕੌਮੀ ਪ੍ਰਧਾਨ ਬਣੇ 'ਦਲਿਤ ਆਗੂ' ਅੱਗੇ ਕੀ ਹਨ ਚੁਣੌਤੀਆਂ

ਮਲਿਕਾ ਅਰਜੁਨ ਖੜਗੇ

ਤਸਵੀਰ ਸਰੋਤ, Getty Images

    • ਲੇਖਕ, ਜ਼ੁਬੈਰ ਅਹਿਮਦ
    • ਰੋਲ, ਬੀਬੀਸੀ ਪੱਤਰਕਾਰ

ਕਾਂਗਰਸ ਪਾਰਟੀ ਦੇ 137 ਸਾਲਾਂ ਦੇ ਇਤਿਹਾਸ 'ਚ ਛੇਵੀਂ ਵਾਰ ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨਗੀ ਅਹੁਦੇ ਲਈ ਚੋਣ ਹੋਈ, ਜਿਸ ਦਾ ਨਤੀਜਾ ਬੁੱਧਵਾਰ ਨੂੰ ਐਲਾਨ ਦਿੱਤਾ ਗਿਆ।

ਐਲਾਨੇ ਗਏ ਨਤੀਜਿਆਂ ਮੁਤਾਬਕ ਕਾਂਗਰਸ ਦੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਕਾਂਗਰਸ ਪਾਰਟੀ ਦੇ ਨਵੇਂ ਪ੍ਰਧਾਨ ਚੁਣ ਲਏ ਗਏ ਹਨ। ਉਹ ਹੁਣ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਥਾਂ ਲੈਣਗੇ।

ਕਾਂਗਰਸ ਸੈਂਟਰਲ ਇਲੈਕਸ਼ਨ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਨਤੀਜੇ ਐਲਾਨ ਕਰਦੇ ਹੋਏ ਦੱਸਿਆ ਕਿ ਕੁੱਲ 9385 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ ਖੜਗੇ ਦੇ ਪੱਖ ਵਿੱਚ 7897 ਵੋਟਾਂ ਪਈਆਂ ਹਨ।

ਪ੍ਰਧਾਨਗੀ ਅਹੁਦੇ ਦੇ ਦੂਜੇ ਦਾਅਵੇਦਾਰ ਸ਼ਸ਼ੀ ਥਰੂਰ ਦੇ ਖਾਤੇ 1072 ਵੋਟਾਂ ਆਈਆਂ ਜਦਕਿ 416 ਵੋਟਾਂ ਨੂੰ ਅਯੋਗ ਮੰਨਿਆ ਗਿਆ।

ਕਾਂਗਰਸ ਦੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਮਲਿਕਾਰਜੁਨ ਨੂੰ ਪਾਰਟੀ ਦਾ ਨਵਾਂ ਪ੍ਰਧਾਨ ਚੁਣੇ ਜਾਣ 'ਤੇ ਵਧਾਈ ਦਿੱਤੀ।

ਮਲਿਕਾ ਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ

ਤਸਵੀਰ ਸਰੋਤ, Ani

ਪਾਰਟੀ ਦੀ ਪ੍ਰਧਾਨਗੀ ਚੋਣ ਹਾਰੇ ਸ਼ਸ਼ੀ ਥਰੂਰ ਨੇ ਵੀ ਮਲਿਕਾਰਜੁਨ ਖੜਗੇ ਨੂੰ ਟਵੀਟ ਕਰਕੇ ਉਨ੍ਹਾਂ ਦੀ ਜਿੱਤ ਲਈ ਵਧਾਈ ਦਿੱਤੀ ਹੈ ।

ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਦੀ ਕਮਾਨ ਜ਼ਿਆਦਾਤਰ ਗਾਂਧੀ ਪਰਿਵਾਰ ਦੇ ਹੱਥਾਂ 'ਚ ਜਾਂ ਸਰਬਸੰਮਤੀ ਨਾਲ ਪ੍ਰਧਾਨ ਦੀ ਚੋਣ ਹੁੰਦੀ ਰਹੀ ਹੈ।

ਜਦੋਂ ਗਾਂਧੀ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਪਾਰਟੀ ਪ੍ਰਧਾਨਗੀ ਦੀ ਦੌੜ ਵਿੱਚ ਹਿੱਸਾ ਨਹੀਂ ਲੈਣਗੇ, ਤਾਂ ਦੋ ਨੇਤਾ ਇਸ ਅਹੁਦੇ ਲਈ ਦਾਅਵੇਦਾਰ ਬਣ ਗਏ - ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ।

ਸਿਆਸੀ ਵਿਸ਼ਲੇਸ਼ਕਾਂ ਵਿੱਚ ਆਮ ਸਹਿਮਤੀ ਹੈ ਕਿ ਨਵੇਂ ਪ੍ਰਧਾਨ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।

ਬੀਬੀਸੀ

ਖੜਗੇ ਦਾ ਸਿਆਸੀ ਸਫ਼ਰ

  • ਮਲਿਕਾ ਅਰਜੁਨ ਖੜਗੇ ਦਾ 50 ਸਾਲ ਤੋਂ ਵੱਧ ਸਿਆਸੀ ਕਰੀਅਰ ਰਿਹਾ ਹੈ।
  • ਉਹ ਪਹਿਲੀ ਵਾਰ 1969 ਵਿੱਚ ਗੁਲਬਰਗਾ ਸ਼ਹਿਰ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ ਸਨ।
  • ਉਹ 8 ਵਾਰ ਵਿਧਾਇਕ ਅਤੇ ਦੋ ਵਾਰ ਸੰਸਦ ਮੈਂਬਰ ਰਹੇ ਹਨ।
  • ਉਨ੍ਹਾਂ ਆਪਣੇ ਲੰਬੇ ਸਿਆਸੀ ਸਫ਼ਰ ਦੌਰਾਨ ਇੱਕ ਵਾਰ ਹੀ ਹਾਰ (2019 ਲੋਕ ਸਭਾ) ਦਾ ਸਾਹਮਣਾ ਕਰਨਾ ਪਿਆ ਹੈ।
  • ਪੰਜਾਬ ਵਿੱਚ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਵਿੱਚ ਖੜਗੇ ਦੀ ਕਾਫੀ ਭੂਮਿਕਾ ਸੀ।

ਪ੍ਰਧਾਨਗੀ ਚੋਣ ਲਈ ਵੋਟਾਂ ਦਾ ਲੇਖਾ ਜੋਖਾ

  • ਕਾਂਗਰਸ ਪਾਰਟੀ ਦੇ 137 ਸਾਲਾਂ ਦੇ ਇਤਿਹਾਸ 'ਚ ਛੇਵੀਂ ਵਾਰ ਸੋਮਵਾਰ ਨੂੰ ਪਾਰਟੀ ਦੇ ਪ੍ਰਧਾਨਗੀ ਅਹੁਦੇ ਲਈ ਚੋਣ ਹੋਈ।
  • ਵੋਟ ਪਾਉਣ ਦੇ ਯੋਗ 9,900 ਪਾਰਟੀ ਪ੍ਰਤੀਨਿਧਾਂ ਵਿੱਚੋਂ 9,500 ਨੇ ਆਪਣੀ ਵੋਟ ਪਾਈ।
  • ਪਾਰਟੀ ਅੰਦਰਲੇ ਲੋਕਾਂ ਮੁਤਾਬਕ ਖੜਗੇ ਉਨ੍ਹਾਂ ਦੇ ਅਗਲੇ ਪ੍ਰਧਾਨ ਹੋਣਗੇ।
  • ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਜੋ ਵੀ ਪਾਰਟੀ ਦਾ ਅਗਲਾ ਪ੍ਰਧਾਨ ਬਣੇਗਾ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
  • ਮਲਿਕਾਰਜੁਨ ਖੜਗੇ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਉਹਨਾਂ ਦਾ ਪਿਛੋਕੜ ਕਰਨਾਟਕ ਨਾਲ ਹੈ।
ਬੀਬੀਸੀ

ਨਵੇਂ ਪ੍ਰਧਾਨ ਦੀ ਸਭ ਤੋਂ ਅਹਿਮ ਚੁਣੌਤੀ

ਵਿਸ਼ਲੇਸ਼ਕਾਂ ਅਤੇ ਪਾਰਟੀ ਦੇ ਕੁਝ ਅੰਦਰੂਨੀ ਸੂਤਰਾਂ ਅਨੁਸਾਰ, ਨਵੇਂ ਪ੍ਰਧਾਨ ਲਈ ਸਭ ਤੋਂ ਵੱਡੀ ਚੁਣੌਤੀ ਹੈ ਪਾਰਟੀ 'ਤੇ ਆਪਣਾ ਕਬਜ਼ਾ ਬਣਾਉਣਾ, ਆਪਣਾ ਸਿੱਕਾ ਜਮਾਉਣਾ, ਆਪਣੀ ਗੱਲ ਮਨਵਾਉਣਾ।

ਬਹੁਤ ਸਾਰੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਅਸਲ ਸੱਤਾ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਰਹੇਗੀ। ਸੋਨੀਆ ਗਾਂਧੀ ਅਤੇ ਉਨ੍ਹਾਂ ਦੇ ਪੁੱਤਰ ਰਾਹੁਲ ਗਾਂਧੀ ਕੋਲ ਪ੍ਰਧਾਨ ਦਾ 'ਰਿਮੋਟ ਕੰਟਰੋਲ' ਹੋਵੇਗਾ।

ਮਲਿਕਾ ਅਰਜੁਨ ਖੜਗੇ

ਤਸਵੀਰ ਸਰੋਤ, Getty Images

ਰਿਮੋਟ ਕੰਟਰੋਲ ਦੀ ਗੱਲ ਇਸ ਲਈ ਵੀ ਕੀਤੀ ਜਾ ਰਹੀ ਹੈ ਕਿਉਂਕਿ ਮਲਿਕਾਰਜੁਨ ਖੜਗੇ ਗਾਂਧੀ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਹਿਲੇ ਪਰਿਵਾਰ ਦੇ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ।

ਕੁਝ ਦਿਨ ਪਹਿਲਾਂ, ਪਾਰਟੀ ਦੇ ਬਾਗ਼ੀ ਨੇਤਾ ਸੰਜੇ ਝਾਅ ਦੇ ਇੱਕ ਲੇਖ ਦੀ ਇੰਡੀਅਨ ਐਕਸਪ੍ਰੈਸ ਅਖਬਾਰ ਦੀ ਸੁਰਖੀ ਸੀ, "ਮਲਿਕਾਰਜੁਨ ਖੜਗੇ ਦੀ ਅਧਿਕਾਰਤ ਉਮੀਦਵਾਰੀ - ਕਾਂਗਰਸ ਕਿਵੇਂ ਆਪਣੇ ਆਪ ਨੂੰ ਸੁੱਟ ਕਰ ਰਹੀ ਹੈ।"

ਉਨ੍ਹਾਂ ਦਲੀਲ ਦਿੱਤੀ ਕਿ ਪ੍ਰਧਾਨਗੀ ਅਹੁਦੇ ਦੀ ਚੋਣ ਸਿਰਫ਼ ਮਜ਼ਾਕ ਸੀ ਕਿਉਂਕਿ ਉਨ੍ਹਾਂ ਮੁਤਾਬਕ ਖੜਗੇ ਗਾਂਧੀ ਪਰਿਵਾਰ ਦੇ ਸਿਰਫ਼ 'ਦਰਬਾਰੀ' ਹਨ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਤਾਂ ਕੀ ਪਾਰਟੀ ਦੀ ਕਮਾਨ ਸੱਚਮੁੱਚ ਗਾਂਧੀ ਪਰਿਵਾਰ ਕੋਲ ਹੀ ਰਹੇਗੀ?

ਪਾਰਟੀ ਦੇ ਰਾਸ਼ਟਰੀ ਬੁਲਾਰੇ ਅਤੇ ਉੱਤਰ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਅਖਿਲੇਸ਼ ਪ੍ਰਤਾਪ ਸਿੰਘ ਬੀਬੀਸੀ ਹਿੰਦੀ ਨਾਲ ਗੱਲਬਾਤ ਕਰਦੇ ਹੋਏ ਕਹਿੰਦੇ ਹਨ, "ਨਹੀਂ ਬਿਲਕੁਲ ਨਹੀਂ। ਉਨ੍ਹਾਂ ਦਾ ਅਜਿਹਾ ਸੁਭਾਅ ਨਹੀਂ ਹੈ।"

"ਜਿਸ ਅਹੁਦੇ ਲਈ ਦੁਨੀਆਂ ਲੜਦੀ ਹੈ, ਸੋਨੀਆ ਗਾਂਧੀ ਨੇ ਮਨਮੋਹਨ ਸਿੰਘ ਨੂੰ ਉਹ ਅਹੁਦਾ ਦੇ ਦਿੱਤਾ ਅਤੇ ਇੱਕ ਵਾਰ ਨਹੀਂ, ਦੋ ਵਾਰ ਅਤੇ ਦਿਖਾਇਆ ਕਿ ਉਹ ਅਹੁਦੇ ਲਈ ਲਾਲਚੀ ਨਹੀਂ ਹਨ।"

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਧਾਨਗੀ ਲਈ ਚੋਣ ਕਰਵਾ ਕੇ ਇਹ ਸਬੂਤ ਦਿੱਤਾ ਗਿਆ ਹੈ ਕਿ ਪਰਿਵਾਰ ਅਹੁਦੇ ਦਾ ਲਾਲਚੀ ਨਹੀਂ ਹੈ।

ਅਖਿਲੇਸ਼ ਪ੍ਰਤਾਪ ਸਿੰਘ ਦਾ ਕਹਿਣਾ ਹੈ, "ਗਾਂਧੀ ਪਰਿਵਾਰ ਦੇ ਫ਼ੈਸਲੇ ਪਾਰਟੀ ਪ੍ਰਧਾਨ 'ਤੇ ਥੋਪੇ ਨਹੀਂ ਜਾਣਗੇ।"

ਸੋਨੀਆ ਗਾੰਧੀ ਅਤੇ ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, "ਅਸੀਂ ਇੱਥੇ ਸਮੂਹਿਕ ਢੰਗ ਨਾਲ ਫ਼ੈਸਲੇ ਲੈਂਦੇ ਹਾਂ। ਉਹ ਆਪਣੇ ਫ਼ੈਸਲੇ ਨਹੀਂ ਥੋਪਣਗੇ, ਮੈਂ ਰਾਹੁਲ ਜੀ ਅਤੇ ਸੋਨੀਆ ਜੀ ਦੇ ਸੁਭਾਅ ਨੂੰ ਜਾਣਦਾ ਹਾਂ।"

ਕੀ ਖੜਗੇ ਦਲਿਤਾਂ ਨੂੰ ਪਾਰਟੀ 'ਚ ਵਾਪਸ ਲਿਆ ਸਕਦੇ ਹਨ?

80 ਸਾਲਾ ਖੜਗੇ, ਕਾਂਗਰਸ ਦੇ ਸਭ ਤੋਂ ਪ੍ਰਮੁੱਖ ਦਲਿਤ ਚਿਹਰਿਆਂ ਵਿੱਚੋਂ ਇੱਕ ਹਨ ਅਤੇ ਕਰਨਾਟਕ ਵਰਗੇ ਸੂਬੇ ਤੋਂ ਸਬੰਧਤ ਹਨ ਜਿੱਥੇ ਪਾਰਟੀ ਦੀ ਮਜ਼ਬੂਤ ਪਕੜ ਹੈ।

ਉਹ ਪਾਰਟੀ ਦੇ ਉਨ੍ਹਾਂ ਸੀਨੀਅਰ ਨੇਤਾਵਾਂ 'ਚੋਂ ਇਕ ਹਨ, ਜਿਨ੍ਹਾਂ ਦੇ ਵੱਡੇ-ਵੱਡੇ ਨੇਤਾਵਾਂ ਖ਼ਾਸ ਕਰਕੇ ਗਾਂਧੀ ਪਰਿਵਾਰ ਨਾਲ ਚੰਗੇ ਸਬੰਧ ਹਨ।

ਪਰ ਆਮ ਵਰਕਰਾਂ ਵਿੱਚ ਉਨ੍ਹਾਂ ਦੀ ਪਕੜ ਕਮਜ਼ੋਰ ਦੱਸੀ ਜਾਂਦੀ ਹੈ।

ਸੋਮਵਾਰ ਨੂੰ ਵੋਟ ਪਾਉਣ ਤੋਂ ਬਾਅਦ ਵਾਪਸ ਪਰਤੇ ਦਲਿਤ ਕਾਂਗਰਸ ਨੇਤਾ ਨੇ ਕਿਹਾ ਕਿ ਖੜਗੇ ਦੇ ਪ੍ਰਧਾਨ ਬਣਨ ਨਾਲ ਦਲਿਤ ਅਤੇ ਪਛੜੇ ਸਮਾਜ ਦੇ ਉਹ ਲੋਕ ਵਾਪਸ ਆ ਜਾਣਗੇ, ਜੋ ਪਾਰਟੀ ਛੱਡ ਚੁੱਕੇ ਹਨ।

ਉਨ੍ਹਾਂ ਮੁਤਾਬਕ ਉਹ ਪਾਰਟੀ ਅਤੇ ਗਾਂਧੀ ਪਰਿਵਾਰ ਵਿਚਕਾਰ ਇੱਕ ਕੜੀ ਵਾਂਗ ਹਨ। ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਗਾਂਧੀ ਪਰਿਵਾਰ ਦੀ ਕਠਪੁਤਲੀ ਕਹਿਣਾ ਠੀਕ ਨਹੀਂ ਹੋਵੇਗਾ।

ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਸੋਮਵਾਰ ਨੂੰ ਐੱਨਡੀਟੀਵੀ ਚੈਨਲ ਨੂੰ ਕਿਹਾ ਕਿ ਰਿਮੋਟ ਕੰਟਰੋਲ ਦੀ ਗੱਲ ਗ਼ਲਤ ਹੈ ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਵੇਂ ਪ੍ਰਧਾਨ ਨੂੰ ਗਾਂਧੀ ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।

ਕਾਂਗਰਸ ਪ੍ਰਧਾਨਗੀ ਚੋਣਾਂ

ਤਸਵੀਰ ਸਰੋਤ, Getty Images

ਸੀਨੀਅਰ ਪੱਤਰਕਾਰ ਪੰਕਜ ਵੋਹਰਾ, ਜਿਨ੍ਹਾਂ ਨੇ ਦਹਾਕਿਆਂ ਤੋਂ ਕਾਂਗਰਸ ਪਾਰਟੀ 'ਤੇ ਨਜ਼ਰ ਰੱਖੀ ਹੋਈ ਹੈ, ਦਾ ਕਹਿਣਾ ਹੈ ਕਿ ਨਵੇਂ ਪ੍ਰਧਾਨ ਲਈ ਸਭ ਤੋਂ ਵੱਡੀ ਚੁਣੌਤੀ 'ਸੱਤਾ ਦਾ ਸੰਤੁਲਨ' ਹੋਵੇਗਾ।

ਇਸ ਦੇ ਤਹਿਤ ਨਵੇਂ ਪ੍ਰਧਾਨ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਗਾਂਧੀ ਪਾਰਿਵਾਰ ਦੀ ਪਾਰਟੀ ਵਿੱਚ ਪਕੜ ਬਣੀ ਰਹੇ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮਹਿਸੂਸ ਕਰਦੇ ਹਨ ਕਿ ਸਰਕਾਰ ਦਾ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂਪੀਏ) ਮਾਡਲ ਅਪਣਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਨ ਪਰ ਕਿਹਾ ਜਾਂਦਾ ਹੈ ਕਿ ਅਸਲ ਤਾਕਤ ਸੋਨੀਆ ਗਾਂਧੀ ਦੇ ਹੱਥ ਵਿੱਚ ਸੀ।

ਸੋਨੀਆ ਗਾਂਧੀ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ

ਇਕ ਵੇਲੇ ਪਾਰਟੀ 'ਤੇ ਗਾਂਧੀ ਪਰਿਵਾਰ ਦੀ ਪਕੜ ਕਾਫੀ ਢਿੱਲੀ ਹੋ ਗਈ ਸੀ ਅਤੇ ਸੋਨੀਆ ਗਾਂਧੀ ਇਕੱਲੇ ਰਹਿ ਗਈ ਸੀ।

1992 ਤੋਂ 1998 ਤੱਕ ਪਾਰਟੀ ਦੀ ਵਾਗਡੋਰ ਪੀਵੀ ਨਰਸਿਮਹਾ ਰਾਓ ਅਤੇ ਸੀਤਾਰਾਮ ਕੇਸਰੀ ਦੇ ਹੱਥਾਂ ਵਿੱਚ ਸੀ।

ਪਰ ਫਿਰ ਸੋਨੀਆ ਗਾਂਧੀ ਦਾ ਸਮਾਂ ਆਇਆ। ਉਹ 1998 ਤੋਂ 2017 ਤੱਕ ਪਾਰਟੀ ਦੀ ਪ੍ਰਧਾਨ ਰਹੀ ਅਤੇ ਦੋ ਆਮ ਚੋਣਾਂ ਵਿੱਚ ਪਾਰਟੀ ਨੂੰ ਜਿੱਤ ਦਿਵਾਉਣ ਲਈ ਅਗਵਾਈ ਕੀਤੀ।

ਨਰਸਿਮਹਾ ਰਾਓ

ਤਸਵੀਰ ਸਰੋਤ, SONDEEP SHANKAR/GETTY IMAGES

ਤਸਵੀਰ ਕੈਪਸ਼ਨ, 1992 ਤੋਂ 1998 ਤੱਕ ਪਾਰਟੀ ਦੀ ਵਾਗਡੋਰ ਪੀਵੀ ਨਰਸਿਮਹਾ ਰਾਓ ਅਤੇ ਸੀਤਾਰਾਮ ਕੇਸਰੀ ਦੇ ਹੱਥਾਂ ਵਿੱਚ ਸੀ

ਫਿਰ ਰਾਹੁਲ ਗਾਂਧੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਹ 2019 ਵਿੱਚ ਪਾਰਟੀ ਦੀ ਅੰਤਰਿਮ ਪ੍ਰਧਾਨ ਬਣੀ। ਉਹ ਸਭ ਤੋਂ ਲੰਬੇ ਸਮੇਂ ਤੱਕ ਕਾਂਗਰਸ ਦੀ ਪ੍ਰਧਾਨ ਰਹੀ ਹੈ।

ਜੇਕਰ ਨਰਸਿਮ੍ਹਾ ਰਾਓ ਅਤੇ ਸੀਤਾਰਾਮ ਕੇਸਰੀ ਵੇਲੇ ਵਾਂਗ ਹਾਲ ਹੋਇਆ ਅਤੇ ਨਵੇਂ ਪ੍ਰਧਾਨ ਨੇ ਆਪਣੀ ਪਕੜ ਮਜ਼ਬੂਤ ਕਰ ਲਈ ਤਾਂ ਗਾਂਧੀ ਪਰਿਵਾਰ ਹੌਲੀ-ਹੌਲੀ ਅਪ੍ਰਸੰਗਿਕ ਹੋ ਜਾਵੇਗਾ? ਅਤੇ ਕੀ ਪਾਰਟੀ ਵਿੱਚ ਪਰਿਵਾਰ ਦੀ ਅਹਿਮੀਅਤ ਖ਼ਤਮ ਹੋ ਜਾਵੇਗੀ?

ਇਸ 'ਤੇ ਅਖਿਲੇਸ਼ ਪ੍ਰਤਾਪ ਸਿੰਘ ਕਹਿੰਦੇ ਹਨ, "ਪਰਿਵਾਰ ਅਪ੍ਰਸੰਗਿਕ ਕਿਵੇਂ ਬਣੇਗਾ? ਨੇਤਾ ਤਾਂ ਨੇਤਾ ਹੁੰਦਾ ਹੈ।"

ਉਨ੍ਹਾਂ ਮੁਤਾਬਕ ਇਸ ਤੋਂ ਇਲਾਵਾ ਸਾਰੇ ਵੱਡੇ ਫ਼ੈਸਲਿਆਂ ਵਿੱਚ ਹੋਰਨਾਂ ਆਗੂਆਂ ਦੇ ਨਾਲ-ਨਾਲ ਗਾਂਧੀ ਪਰਿਵਾਰ ਵੀ ਸ਼ਾਮਲ ਹੋਵੇਗਾ, ਚਾਹੇ ਉਹ ਕਾਂਗਰਸ ਵਰਕਿੰਗ ਕਮੇਟੀ ਦੇ ਹਵਾਲੇ ਨਾਲ ਹੋਵੇ ਜਾਂ ਪਾਰਟੀ ਦੇ ਸੰਸਦੀ ਬੋਰਡ ਦੇ ਮੈਂਬਰ ਦਾ।

ਪੰਕਜ ਵੋਹਰਾ ਵੀ ਮੰਨਦੇ ਹਨ ਕਿ ਗਾਂਧੀ ਪਰਿਵਾਰ ਅਪ੍ਰਸੰਗਿਕ ਨਹੀਂ ਹੋਵੇਗਾ।

ਉਹ ਕਹਿੰਦੇ ਹਨ, "ਉਨ੍ਹਾਂ ਨੇ ਆਪਣੇ ਪਿਆਦੇ ਰੱਖੇ ਹੋਏ ਹਨ, ਪਾਰਟੀ ਦੇ ਮੁੱਖ ਅਹੁੰਦਿਆਂ 'ਤੇ ਜੋ ਗਾਂਧੀ ਪਰਿਵਾਰ ਲਈ ਕੰਮ ਕਰਨਗੇ, ਨਾ ਕਿ ਪਾਰਟੀ ਪ੍ਰਧਾਨ ਲਈ।"

ਉਹ ਅੱਗੇ ਕਹਿੰਦੇ ਹਨ, "ਜੇਕਰ ਸ਼ਸ਼ੀ ਥਰੂਰ ਨੂੰ 9900 ਵਿੱਚੋਂ 1000 ਜਾਂ 2000 ਵੋਟਾਂ ਮਿਲਣ, ਜਿਸ ਦੀ ਸੰਭਾਵਨਾ ਬਹੁਤ ਘੱਟ ਹੈ, ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਪਾਰਟੀ ਵਿੱਚ ਗਾਂਧੀ ਪਰਿਵਾਰ ਦੇ ਉਮੀਦਵਾਰ ਤੋਂ ਕਈ ਲੋਕ ਖੁਸ਼ ਨਹੀਂ ਹਨ ਅਤੇ ਤਾਂ ਉਨ੍ਹਾਂ ਨੂੰ ਥੋੜ੍ਹੀ ਸਮੱਸਿਆ ਹੋ ਸਕਦੀ ਹੈ।

ਪਾਰਟੀ 2024 ਦੀਆਂ ਆਮ ਚੋਣਾਂ ਲਈ ਤਿਆਰ ਕਰਨਾ ਨਵੇਂ ਪ੍ਰਧਾਨ ਦੀ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੋਵੇਗੀ।

ਸੰਜੇ ਝਾ ਆਪਣੇ ਲੇਖ ਵਿੱਚ ਕਹਿੰਦੇ ਹਨ ਕਿ ਕਾਂਗਰਸ ਨੂੰ ਇੱਕ ਅਜਿਹਾ ਪ੍ਰਧਾਨ ਦੀ ਲੋੜ ਹੈ ਜੋ 2024 ਦੀਆਂ ਆਮ ਚੋਣਾਂ ਅਤੇ ਉਸ ਤੋਂ ਪਹਿਲਾ ਕਈ ਸੂਬਿਆਂ ਦੀਆਂ ਚੋਣਾਂ ਜਿੱਤਣ ਵਿੱਚ ਮਦਦ ਕਰ ਸਕੇ।

ਪੰਕਜ ਵੋਹਰਾ ਮੁਤਾਬਕ, ਪਾਰਟੀ ਦੇ ਨਵੇਂ ਪ੍ਰਧਾਨ ਦਾ ਪਹਿਲਾ ਇਮਤਿਹਾਨ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਵੇਗਾ, ਜਿਸ ਲਈ ਉਨ੍ਹਾਂ ਕੋਲ ਸਮਾਂ ਬਹੁਤ ਘੱਟ ਹੈ।

ਸੋਨੀਆ ਗਾਂਧੀ ਨਾਲ ਮਲਿਕਾ ਅਰਜੁਨ ਖੜਗੇ

ਤਸਵੀਰ ਸਰੋਤ, Getty Images

ਪਰ ਅਖਿਲੇਸ਼ ਪ੍ਰਤਾਪ ਸਿੰਘ ਦੀ ਰਾਏ ਵਿੱਚ ਪਾਰਟੀ ਨੂੰ ਚੋਣਾਂ ਵਿੱਚ ਜਿੱਤ ਹਾਸਿਲ ਕਰਵਾਉਣ ਤੋਂ ਪਹਿਲਾਂ ਨਵੇਂ ਪ੍ਰਧਾਨ ਦੀ ਇੱਕ ਵੱਡੀ ਚੁਣੌਤੀ ਇਹ ਹੋਵੇਗੀ ਕਿ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਨਾਲ ਪੈਦਾ 'ਗੁਡਵਿਲ' ਨੂੰ ਕਿਵੇਂ ਵੋਟ ਵਿੱਚ ਤਬਦੀਲ ਕਰਵਾਇਆ ਜਾਵੇ।

ਉਹ ਕਹਿੰਦੇ ਹਨ, "ਜਦੋਂ ਭਾਰਤ ਜੋੜੋ ਯਾਤਰਾ ਖ਼ਤਮ ਹੋਵੇਗੀ ਤਾਂ ਉਸ ਤੋਂ ਇੱਕ ਸਾਲ ਬਾਅਦ ਲੋਕਸਭਾ ਚੋਣਾਂ ਹਨ। ਯਾਤਰਾ ਨਾਲ ਬਣੀ ਗਤੀ ਅਤੇ ਰਫ਼ਤਾਰ ਨੂੰ ਕਾਇਮ ਰੱਖਣਾ ਇੱਕ ਵੱਡੀ ਚੁਣੌਤੀ ਹੋਵੇਗੀ।"

ਪੰਕਜ ਵੋਹਰਾ ਇਸ ਵਿਸ਼ਲੇਸ਼ਣ ਨਾਲ ਸਹਿਮਤ ਜਾਪਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਜੋੜੋ ਯਾਤਰਾ ਦਾ ਕੇਰਲ ਅਤੇ ਕਰਨਾਟਕ 'ਚ ਹੁਣ ਤੱਕ ਚੰਗਾ ਪ੍ਰਭਾਵ ਪਿਆ ਹੈ ਪਰ ਪਾਰਟੀ ਪ੍ਰਧਾਨ ਨੂੰ ਇਸ ਗੱਲ 'ਤੇ ਕੰਮ ਕਰਨਾ ਹੋਵੇਗਾ ਕਿ ਇਸ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਅਤੇ ਆਮ ਚੋਣਾਂ ਤੱਕ ਇਸ ਨੂੰ ਸੁਰੱਖਿਅਤ ਰੱਖਿਆ ਜਾਵੇ।

ਪਾਰਟੀ ਲਈ ਮੌਜੂਦਾ ਸੰਕਟ ਵਿੱਚੋਂ ਨਿਕਲਣਾ ਵੱਡੀ ਚੁਣੌਤੀ ਹੈ

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਹਾਲਤ ਬਹੁਤ ਖਰਾਬ ਹੈ। ਉਸ ਨੂੰ ਮੌਜੂਦਾ ਸੰਕਟ ਵਿੱਚੋਂ ਕੱਢਣਾ ਅਤੇ ਪਾਰਟੀ ਵਿੱਚ ਜ਼ਮੀਨੀ ਪੱਧਰ 'ਤੇ ਊਰਜਾ ਪੈਦਾ ਕਰਨਾ ਨਵੇਂ ਪ੍ਰਧਾਨ ਲਈ ਵੱਡੀ ਚੁਣੌਤੀ ਹੋਵੇਗੀ।

ਪੰਕਜ ਵੋਹਰਾ ਕਹਿੰਦੇ ਹਨ, "ਬਲਾਕ ਪੱਧਰ 'ਤੇ, ਜ਼ਿਲ੍ਹਾ ਪੱਧਰ 'ਤੇ ਤੁਹਾਨੂੰ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ, ਖੜਗੇ ਦੀ ਪਾਰਟੀ ਵਰਕਰਾਂ ਵਿੱਚ ਕਰਨਾਟਕ ਤੋਂ ਬਾਹਰ ਬਹੁਤ ਘੱਟ ਪਕੜ ਹੈ।"

"ਪੁਰਾਣੇ ਨੇਤਾਵਾਂ ਦਾ ਪਾਰਟੀ ਵਰਕਰਾਂ ਨਾਲ ਸੰਪਰਕ ਸੀ। ਖੜਗੇ ਬਾਰੇ ਅਸੀਂ ਅਜਿਹਾ ਨਹੀਂ ਕਹਿ ਸਕਦੇ ਹਾਂ, ਫਿਰ ਨਵੇਂ ਪ੍ਰਧਾਨ ਲਈ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮੁੜ ਸੁਰਜੀਤ ਕਰਨਾ ਵੱਡੀ ਚੁਣੌਤੀ ਹੋਵੇਗੀ।"

"ਚੋਣ ਜਿੱਤਣ ਲਈ ਸੂਖ਼ਮ ਪੱਧਰ 'ਤੇ ਕੰਮ ਕਰਨਾ ਪਵੇਗਾ, ਤੁਸੀਂ 80 ਸਾਲ ਦੇ ਨੇਤਾ ਤੋਂ ਉਮੀਦ ਕਿਵੇਂ ਰੱਖ ਸਕਦੇ ਹੋ?"

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)