ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੇਦਾਰਨਾਥ 'ਚ ਪਾਏ ਚੋਲੇ ਦੀ ਕੀ ਖ਼ਾਸੀਅਤ ਤੇ ਇਤਿਹਾਸ ਹੈ

ਤਸਵੀਰ ਸਰੋਤ, @BJP4INDIA
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਉਤਰਾਖੰਡ ਦੇ ਰੁਦਰ ਪ੍ਰਯਾਗ ਜ਼ਿਲ੍ਹੇ ਦੇ ਪ੍ਰਸਿੱਧ ਕੇਦਾਰਨਾਥ ਮੰਦਰ ਪਹੁੰਚੇ ਅਤੇ ਪੂਜਾ ਕੀਤੀ। ਉਨ੍ਹਾਂ ਦੀ ਫੇਰੀ ਦਾ ਭਾਰਤੀ ਮੀਡੀਆ ਵਿੱਚ ਵਿਆਪਕ ਤੌਰ 'ਤੇ ਸਿੱਧਾ ਪ੍ਰਸਾਰਣ ਕੀਤਾ ਗਿਆ।
ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬਦਰੀਨਾਥ ਵੀ ਗਏ। ਸੂਬੇ ਦੇ ਦੋ ਦਿਨਾਂ ਦੌਰੇ ਦੌਰਾਨ ਪੀਐਮ ਮੋਦੀ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।
ਇਨ੍ਹਾਂ ਵਿੱਚ ਗੌਰੀਕੁੰਡ-ਕੇਦਾਰਨਾਥ ਰੋਪਵੇਅ ਅਤੇ ਗੋਵਿੰਦਘਾਟ-ਹੇਮਕੁੰਟ ਰੋਪਵੇਅ ਪ੍ਰਾਜੈਕਟ ਦਾ ਉਦਘਾਟਨ ਵੀ ਸ਼ਾਮਲ ਹੈ।
ਇਸ ਤੋਂ ਬਾਅਦ ਪੀਐਮ ਮੋਦੀ ਨੇ ਭਾਰਤ-ਚੀਨ ਸਰਹੱਦ 'ਤੇ ਆਖਰੀ ਪਿੰਡ ਮਾਨਾ 'ਚ ਸਥਾਨਕ ਲੋਕਾਂ ਨੂੰ ਸੰਬੋਧਨ ਕੀਤਾ।

ਤਸਵੀਰ ਸਰੋਤ, PIB
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੀਐਮ ਮੋਦੀ ਨੇ ਕਿਸੇ ਮੰਦਰ ਦੇ ਦਰਸ਼ਨ ਕੀਤੇ ਹਨ ਅਤੇ ਮੀਡੀਆ ਦੀ ਵਿਆਪਕ ਕਵਰੇਜ ਹਾਸਲ ਕੀਤੀ ਹੋਵੇ।
ਹਾਲਾਂਕਿ ਇਸ ਵਾਰ ਯਾਤਰਾ ਅਤੇ ਪੂਜਾ ਦੌਰਾਨ ਕੁਝ ਲੋਕਾਂ ਦਾ ਧਿਆਨ ਜਿਸ ਗੱਲ ਨੇ ਖਿੱਚਿਆ ਹੈ ਉਹ ਹੈ ਪੀਐਮ ਮੋਦੀ ਦੀ ਪੋਸ਼ਾਕ।
ਪੀਐਮ ਮੋਦੀ ਦੁਆਰਾ ਪਾਏ ਪਹਿਰਾਵੇ ਨੂੰ ਚੋਲਾ ਕਿਹਾ ਜਾਂਦਾ ਹੈ। ਇਹ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਖੇਤਰ ਦਾ ਪ੍ਰਸਿੱਧ ਪਹਿਰਾਵਾ ਹੈ
ਹਿਮਾਲਿਆ ਦੀ ਗੋਦ ਵਿੱਚ ਵਸਿਆ ਗੱਦੀ ਕਬੀਲਾ
ਹਿਮਾਚਲ ਪ੍ਰਦੇਸ਼ ਦਾ ਗੱਦੀ ਕਬੀਲਾ ਭੇਡਾਂ ਅਤੇ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ।

ਤਸਵੀਰ ਸਰੋਤ, Getty Images
ਗਰਮੀਆਂ ਦੇ ਮਹੀਨਿਆਂ ਵਿੱਚ ਧੌਲਾਧਾਰ ਦੀਆਂ ਪਹਾੜੀਆਂ ਉੱਤੇ ਗੱਦੀ ਆਪਣੇ ਪਸ਼ੂਆਂ ਨਾਲ ਰਹਿੰਦੇ ਹਨ, ਪਰ ਸਰਦੀਆਂ ਵਿੱਚ ਧੌਲਾਧਰ ਦੀਆਂ ਅਸਮਾਨੀ ਚੋਟੀਆਂ ਬਰਫ਼ ਨਾਲ ਢਕੀਆਂ ਜਾਂਦੀਆਂ ਹਨ।
ਜਾਨਵਰਾਂ ਲਈ ਚਾਰੇ ਦੀ ਭਾਲ ਵਿੱਚ, ਗੱਦੀ ਬਰਫ਼ ਪੈਣ ਤੋਂ ਪਹਿਲਾਂ ਮੈਦਾਨੀ ਇਲਾਕਿਆਂ ਵਿੱਚ ਚਲੇ ਜਾਂਦੇ ਹਨ ਅਤੇ ਕਈ ਮਹੀਨੇ ਆਪਣੀਆਂ ਭੇਡਾਂ-ਬੱਕਰੀਆਂ ਲੈ ਕੇ ਹਿਮਾਚਲ ਦੇ ਨੀਵੇਂ ਇਲਾਕਿਆਂ ਵਿੱਚ ਚਲੇ ਜਾਂਦੇ ਹਨ।
ਗੱਦੀ ਕਬੀਲਾ ਆਪਣੇ ਅਮੀਰ ਸੱਭਿਆਚਾਰ ਲਈ ਜਾਣਿਆ ਜਾਂਦਾ ਹੈ। ਇਸ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਗੱਦੀਆਂ ਦਾ ਵਿਸ਼ੇਸ਼ ਪਹਿਰਾਵਾ ਹੈ।

- ਪੀਐਮ ਮੋਦੀ ਵੱਲੋਂ ਦੌਰੇ ਦੌਰਾਨ ਪਾਈ ਗਈ ਰਵਾਇਤੀ ਹਿਮਾਚਲੀ ਪੌਸ਼ਾਕ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਹੈ ਜਿਸ ਨੂੰ ਚੋਲਾ ਕਿਹਾ ਜਾਂਦਾ ਹੈ।
- ਇਹ ਪੁਸ਼ਾਕ ਹਿਮਾਚਲ ਪ੍ਰਦੇਸ਼ ਦੇ ਗੱਦੀ ਕਬੀਲੇ ਜੋ ਭੇਡਾਂ ਅਤੇ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਚਲਾਉਂਦਾ ਦੇ ਮਰਦਾਂ ਦੀ ਰਵਾਇਤੀ ਪੁਸ਼ਾਕ ਹੈ।
- ਇੱਕ ਹਵਾਲੇ ਮੁਤਾਬਕ ਇਹ ਪੁਸ਼ਾਕ ਇਨ੍ਹਾਂ ਲੋਕਾਂ ਨੂੰ ਭਗਵਾਨ ਸ਼ਿਵ ਵੱਲੋਂ ਭਗਤੀ ਤੋਂ ਤਰੁੱਠ ਕੇ ਬਖਸ਼ਿਸ਼ ਕੀਤੀ ਗਈ।
- ਮਰਦਾਂ ਦਾ ਚੋਲਾ ਹੱਥਾਂ ਨਾਲ ਕੱਤੀ ਹੋਈ ਭੇਡਾਂ ਅਤੇ ਬੱਕਰੀਆਂ ਦੀ ਉੱਨ ਤੋਂ ਬਣਾਇਆ ਜਾਂਦਾ ਹੈ। ਇਸ ਦੇ ਨਾਲ ਲੱਤਾਂ ਵਿੱਚ ਪਾਏ ਜਾਂਦੇ ਚੂੜੀਦਾਰ ਪਜਾਮੇ ਨੂੰ ਸੁਥਨੀ ਜਾਂ ਸੁਥਨੂ ਕਿਹਾ ਜਾਂਦਾ ਹੈ।
- ਚੋਲੇ ਨੂੰ ਲੱਕ ਦੁਆਲੇ ਬੰਨ੍ਹ ਕੇ ਥਾਂ ਸਿਰ ਰੱਖਣ ਲਈ ਡੋਰੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਈ ਵਾਰ 60 ਮੀਟਰ ਲੰਬਾ ਵੀ ਹੋ ਸਕਦਾ ਹੈ।
- ਡੋਰੇ ਦੀ ਤਹਿ ਵਿੱਚ ਗੱਦੀ ਲੋਕ ਬੰਸਰੀ, ਕੁਹਾੜਾ, ਬਟੂਆ, ਦਰਾਤ (ਲੋਹੇ ਦੀ ਲੰਮੀ ਦਾਤਰੀ), ਚਿਲਮ ਆਦਿ ਵੀ ਰੱਖ ਲੈਂਦੇ ਹਨ।
- ਇੱਕ ਅੰਦਾਜ਼ੇ ਅਨੁਸਾਰ ਹਿਮਾਚਲ ਵਿੱਚ ਗੱਦੀਆਂ ਦੀ ਆਬਾਦੀ ਲਗਭਗ 8 ਲੱਖ ਹੈ। ਇੱਥੇ 12 ਨਵੰਬਰ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ।

ਚੋਲਾ ਅਤੇ ਡੋਰਾ ਕੀ ਹੈ?
ਮੰਨਿਆ ਜਾਂਦਾ ਹੈ ਕਿ ਗੱਦੀਆਂ ਦੇ ਪੂਰਵਜ ਲੰਬੇ ਸਮੇਂ ਤੱਕ ਸ਼ਿਵ ਦੀ ਪੂਜਾ ਕਰਦੇ ਸਨ।
ਓਸੀ ਹਾਂਡਾ ਆਪਣੀ ਕਿਤਾਬ - 'ਕਪੜਾ, ਪਹਿਰਾਵਾ ਅਤੇ ਪੱਛਮੀ ਹਿਮਾਲਿਆ ਦੇ ਗਹਿਣੇ' ਵਿੱਚ ਲਿਖਦੇ ਹਨ ਕਿ ਭਗਵਾਨ ਸ਼ਿਵ ਜੈਸਤੰਭ ਨਾਮੀ ਆਦਮੀ ਦੀ ਤਪੱਸਿਆ ਤੋਂ ਖੁਸ਼ ਹੋਏ ਅਤੇ ਉਨ੍ਹਾਂ ਨੇ ਜੈਸਤੰਭ ਨੂੰ ਇੱਕ ਚੋਲਾ, ਡੋਰਾ ਅਤੇ ਟੋਪ ਬਖਸ਼ਿਸ਼ ਕੀਤਾ।
ਕਿਹਾ ਜਾਂਦਾ ਹੈ ਕਿ ਉਦੋਂ ਤੋਂ ਇਹ ਤਿੰਨੇ ਅਰਥਾਤ ਚੋਲਾ, ਡੋਰਾ ਅਤੇ ਟੋਪ ਗੱਦੀ ਪੁਰਸ਼ਾਂ ਦੇ ਪਹਿਰਾਵੇ ਦਾ ਅਨਿੱਖੜਵਾਂ ਅੰਗ ਬਣ ਗਏ ਸਨ।
ਮਰਦਾਂ ਦਾ ਚੋਲਾ ਹੱਥਾਂ ਨਾਲ ਕੱਤੀ ਹੋਈ ਭੇਡਾਂ ਅਤੇ ਬੱਕਰੀਆਂ ਦੀ ਉੱਨ ਤੋਂ ਬਣਾਇਆ ਜਾਂਦਾ ਹੈ।
ਕੱਤਣ ਤੋਂ ਬਾਅਦ ਜੋ ਤਿਆਰ ਕੀਤਾ ਜਾਂਦਾ ਹੈ, ਉਸ ਨੂੰ ਪੱਟੀ ਜਾਂ ਪੱਟੂ ਕਿਹਾ ਜਾਂਦਾ ਹੈ। ਇਹ ਆਮ ਤੌਰ 'ਤੇ ਚਿੱਟੇ ਅਤੇ ਕਈ ਵਾਰ ਕਾਲੇ ਰੰਗ ਦਾ ਹੁੰਦਾ ਹੈ।
ਇਹ ਨਰਮ ਅਤੇ ਪਤਲੀ ਉੱਨ ਦਾ ਬਣਿਆ ਹੁੰਦਾ ਹੈ, ਜੋ ਠੰਢੀਆਂ ਸਰਦੀਆਂ ਵਿੱਚ ਵੀ ਗੱਦੀਆਂ ਨੂੰ ਨਿੱਘ ਦਿੰਦਾ ਹੈ।
ਇਸ ਤੋਂ ਗਾਊਨ ਵਰਗੀ ਪੁਸ਼ਾਕ ਤਿਆਰ ਕੀਤੀ ਜਾਂਦੀ ਹੈ।

ਤਸਵੀਰ ਸਰੋਤ, TEJINDER SINGH RANDHAWA
ਚੋਲਾ ਯਾਨੀ ਗਾਊਨ ਬਣਾਉਣ ਲਈ ਲਗਭਗ 18 ਤੋਂ 25 ਮੀਟਰ ਪੱਟੂ ਦੀ ਲੋੜ ਹੁੰਦੀ ਹੈ। ਇਸ ਪੂਰੀ ਬਾਹਾਂ ਵਾਲੇ ਗਾਊਨ ਨੂੰ ਬੰਨ੍ਹਣ ਲਈ ਵਰਤੇ ਜਾਂਦੇ ਉੱਨ ਦੇ ਮੋਟੇ ਧਾਗੇ ਨੂੰ ਡੋਰਾ ਕਿਹਾ ਜਾਂਦਾ ਹੈ।
ਧਾਗਾ ਚਿੱਟਾ ਜਾਂ ਕਾਲਾ ਹੋ ਸਕਦਾ ਹੈ, ਪਰ ਆਮ ਤੌਰ 'ਤੇ ਕਾਲਾ ਹੁੰਦਾ ਹੈ।
ਚੋਲੇ ਨਾਲ ਪਾਏ ਜਾਂਦੇ ਚੂੜੀਦਾਰ ਪਜਾਮੇ ਨੂੰ ਸੁਥਨੀ ਜਾਂ ਸੁਥਨੂ ਕਿਹਾ ਜਾਂਦਾ ਹੈ। ਉੱਨ ਦੇ ਬਣੇ ਸੁਥਨੂ ਸਰਦੀਆਂ ਵਿੱਚ ਪਾਏ ਜਾਂਦੇ ਹਨ ਅਤੇ ਗਰਮੀਆਂ ਵਿੱਚ ਸੂਤੀ।

ਇਹ ਵੀ ਪੜ੍ਹੋ-

ਚੋਲੇ ਦੀ ਬੱਦਰੀ ਜਾਂ ਡੋਰਾ

ਤਸਵੀਰ ਸਰੋਤ, PIB
ਧਾਗਾ ਕਮਰ ਦੁਆਲੇ, ਚੋਲੇ ਦੇ ਉੱਪਰ ਬੰਨ੍ਹਿਆ ਹੋਇਆ ਹੈ। ਅਸਲ ਵਿੱਚ ਇਹ ਇੱਕ ਮਜ਼ਬੂਤ ਕਾਲੇ ਰੰਗ ਦੀ ਊਨੀ ਪੱਟੀ ਹੈ, ਜਿਸ ਨੂੰ ਕਈ ਥਾਵਾਂ 'ਤੇ 'ਗਾਤਰੀ' ਵੀ ਕਿਹਾ ਜਾਂਦਾ ਹੈ।
ਭੇਡਾਂ ਦੀ ਉੱਨ ਤੋਂ ਬਣਿਆ ਇਹ ਧਾਗਾ ਕਈ ਵਾਰ 60 ਮੀਟਰ ਤੱਕ ਲੰਬਾ ਹੁੰਦਾ ਹੈ। ਇਹ ਪੈਡਿੰਗ ਪੁਰਸ਼ਾਂ ਦੀ ਚੋਲਾ ਪੁਸ਼ਾਕ ਦਾ ਇੱਕ ਅਨਿੱਖੜਵਾਂ ਹਿੱਸਾ ਹੈ।
ਡੋਰਾ ਚੋਲੇ ਨੂੰ ਬੰਨ੍ਹ ਕੇ ਰੱਖਣ ਤੋਂ ਇਲਾਵਾ ਕਮਰ ਦੇ ਆਲੇ-ਦੁਆਲੇ ਦੇ ਹਿੱਸੇ ਨੂੰ ਵੀ ਨਿੱਘ ਦਿੰਦਾ ਹੈ।
ਪਰ ਚੋਲੇ ਦੇ ਹੋਰ ਵੀ ਉਪਯੋਗ ਹਨ। ਇਸ ਨੂੰ ਕਈ ਕੰਮਾਂ ਵਿੱਚ ਰੱਸੀ ਵਜੋਂ ਵੀ ਵਰਤਿਆ ਜਾਂਦਾ ਹੈ।
ਇੰਨਾ ਹੀ ਨਹੀਂ ਗੱਦੀ ਲੋਕ ਬੰਸਰੀ, ਕੁਹਾੜਾ, ਬਟੂਆ, ਦਰਾਤ (ਲੋਹੇ ਦੀ ਲੰਮੀ ਦਾਤਰੀ), ਚਿਲਮ ਆਦਿ ਵੀ ਇਸ ਦੀ ਤਹਿ ਵਿੱਚ ਰੱਖ ਲੈਂਦੇ ਹਨ।
ਗੱਦੀ ਕੌਣ ਲੋਕ ਹਨ?

ਤਸਵੀਰ ਸਰੋਤ, PIB
ਹਿਮਾਚਲ ਪ੍ਰਦੇਸ਼ ਦੇ ਕਿੰਨੌਰ, ਲਾਹੌਲ ਅਤੇ ਸਪਿਤੀ ਅਤੇ ਚੰਬਾ ਵਰਗੇ ਜ਼ਿਲ੍ਹੇ ਬਹੁਤ ਸਾਰੇ ਕਬੀਲਿਆਂ ਦੇ ਘਰ ਹਨ।
ਔਖੀਆਂ ਅਤੇ ਚੁਣੌਤੀਪੂਰਨ ਭੂਗੋਲਿਕ ਸਥਿਤੀਆਂ ਵਿੱਚ ਰਹਿਣ ਵਾਲੇ ਇਹਨਾਂ ਕਬੀਲਿਆਂ ਵਿੱਚੋਂ ਗੱਦੀ ਬਹੁਤ ਮਸ਼ਹੂਰ ਹਨ।
ਉਹ ਸੂਬੇ ਦੇ ਮੰਡੀ, ਕਾਂਗੜਾ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ। ਇਹ ਆਪਣੇ ਅਮੀਰ ਲੋਕ-ਸੱਭਿਆਚਾਰ ਕਾਰਨ ਇਸ ਖੇਤਰ ਦਾ ਸਭ ਤੋਂ ਪੁਰਾਣਾ, ਪ੍ਰਭਾਵਸ਼ਾਲੀ ਅਤੇ ਪ੍ਰਸਿੱਧ ਕਬੀਲਾ ਹੈ।
ਕਾਂਗੜਾ ਅਤੇ ਚੰਬਾ ਦੇ ਉਪਰਲੇ ਹਿੱਸਿਆਂ ਵਿੱਚ ਇਸ ਕਬੀਲੇ ਦੇ ਵਿਸ਼ੇਸ਼ ਪ੍ਰਭਾਵ ਕਾਰਨ ਚੋਣਾਂ ਦੀ ਰਾਜਨੀਤੀ ਵਿੱਚ ਇਨ੍ਹਾਂ ਦਾ ਆਪਣਾ ਮਹੱਤਵ ਹੈ।
ਇਨ੍ਹਾਂ ਜ਼ਿਲ੍ਹਿਆਂ ਦੀਆਂ ਕੁਝ ਵਿਧਾਨ ਸਭਾ ਸੀਟਾਂ 'ਤੇ ਗੱਦੀ ਵੋਟਰਾਂ ਨੇ ਫੈਸਲਾਕੁੰਨ ਭੂਮਿਕਾ ਵਿੱਚ ਹੁੰਦੇ ਹਨ।
ਹਿਮਾਚਲ ਪ੍ਰਦੇਸ਼ ਦੀ ਕਾਂਗੜਾ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਕਿਸ਼ਨ ਕਪੂਰ ਹਨ। ਇੱਕ ਅੰਦਾਜ਼ੇ ਅਨੁਸਾਰ ਹਿਮਾਚਲ ਵਿੱਚ ਗੱਦੀਆਂ ਦੀ ਆਬਾਦੀ 8 ਲੱਖ ਦੇ ਕਰੀਬ ਹੈ।

ਇਹ ਵੀ ਪੜ੍ਹੋ:-












