ਜਦੋਂ ਸਰੀਰ 'ਚ ਆਪੇ ਸ਼ਰਾਬ ਬਣਨ ਕਾਰਨ ਡਰਾਈਵਰ ਨਾਲ ਹੋਇਆ ਹਾਦਸਾ, ਕਿਹੜੀ ਬਿਮਾਰੀ ਹੋਣ ਦਾ ਪਤਾ ਲੱਗਾ

ਤਸਵੀਰ ਸਰੋਤ, Getty Images
- ਲੇਖਕ, ਫਰਨਾਂਡੋ ਦੁਆਰਟੇ
- ਰੋਲ, ਬੀਬੀਸੀ ਵਰਲਡ ਸਰਵਿਸ
ਬੈਲਜੀਅਮ ਦਾ ਇੱਕ ਨਾਗਰਿਕ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ।
ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ, ਹਾਲਾਂਕਿ ਉਨ੍ਹਾਂ ਨੇ ਤਿੰਨ ਵਾਰੀ ਨਿਯਮਾਂ ਮੁਤਾਬਕ ਤੈਅ ਰਫ਼ਤਾਰ ਤੋਂ ਤੇਜ਼ ਗੱਡੀ ਚਲਾਈ ਸੀ।
ਡਾਕਟਰੀ ਮਾਹਰਾਂ ਦੇ ਰਾਹੀਂ ਇਸ ਵਿਅਕਤੀ ਨੇ ਇਹ ਸਾਬਿਤ ਕੀਤਾ ਕਿ ਉਹ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਹੈ।

ਤਸਵੀਰ ਸਰੋਤ, Ray Lewis
ਇਸ ਦੁਰਲੱਭ ਬਿਮਾਰੀ ਦਾ ਨਾਮ ਹੈ ਆਟੋ ਬ੍ਰਿਊਰੀ ਸਿੰਡਰੋਮ(ਏਬੀਐੱਸ)। ਇਸ ਬਿਮਾਰੀ ਨਾਲ ਪੀੜਤ ਵਿਅਕਤੀ ਦੇ ਸਰੀਰ ਅੰਦਰ ਆਪਣੇ ਆਪ ਸ਼ਰਾਬ ਬਣਨ ਲੱਗਦੀ ਹੈ।
ਇਸ ਰਿਪੋਰਟ ਵਿੱਚ ਅਸੀਂ ਇਸ ਬਾਰੇ ਚਰਚਾ ਕਰਾਂਗੇ ਕਿ ਏਬੀਐੱਮ ਯਾਨਿ ਆਟੋ ਬ੍ਰਿਊਰੀ ਸਿੰਡਰੋਮ ਕੀ ਹੈ।
ਇੱਕ ਕੁੱਤਾ ਇਸ ਅਵਸਥਾ ਨਾਲ ਜੂਝ ਰਹੇ ਇਨਸਾਨ ਲਈ ਕਿਵੇਂ ਮਦਦਗਾਰ ਸਾਬਿਤ ਹੋ ਸਕਦਾ ਹੈ।
ਕੀ ਵਾਪਰਿਆ

ਤਸਵੀਰ ਸਰੋਤ, X/fox13seattle
ਰੇਅ ਲੁਇਸ ਜਦੋਂ ਅਮਰੀਕਾ ਦੇ ਓਰੇਗੋਨ ਸੂਬੇ ਇੱਕ ਹਸਪਤਾਲ ਵਿੱਚ ਉੱਠੇ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਦੋ ਚੀਜ਼ਾਂ ਆਈਆਂ। ਪਹਿਲੀ ਇਹ ਕਿ ਉਹ ਮੁਸ਼ਕਲ ਵਿੱਚ ਹਨ ਕਿਉਂਕਿ ਉਨ੍ਹਾਂ ਦੇ 'ਮੱਛੀ ਅਤੇ ਜੰਗਲਾਤ ਮਹਿਕਮੇ' ਦੀਆਂ 11000 ਜਿਉਂਦੀਆਂ ਸੈਲਮਨ ਮੱਛੀਆਂ ਨਾਲ ਲੱਦੇ ਟਰੱਕ ਦਾ ਹਾਦਸਾ ਹੋ ਗਿਆ ਹੈ।
ਉਹ ਇਸ ਮਹਿਕਮੇ ਵਿੱਚ ਤਕਨੀਕੀ ਮਾਹਰ ਵਜੋਂ ਕੰਮ ਕਰਦੇ ਸਨ।
ਦੂਜੀ ਚੀਜ਼ ਇਹ ਸੀ ਕਿ ਹਾਲਾਂਕਿ ਪੁਲਿਸ ਨੇ ਉਨ੍ਹਾਂ ਨੇ ਖ਼ੂਨ ਵਿੱਚ ਸ਼ਰਾਬ(ਐਲਕੋਹਲ) ਦੀ ਵੱਧ ਮਾਤਰਾ ਨੋਟ ਕੀਤੀ ਸੀ ਪਰ ਉਨ੍ਹਾਂ ਨੇ ਸਾਲ 2014 ਦੇ ਦਸੰਬਰ ਮਹੀਨੇ ਵਿੱਚ ਹੋਏ ਉਸ ਹਾਦਸੇ ਵਾਲੀ ਰਾਤ ਸ਼ਰਾਬ ਨਹੀਂ ਪੀਤੀ ਸੀ।
ਉਹ ਯਾਦ ਕਰਦੇ ਹੋਏ ਦੱਸਦੇ ਹਨ, “ਮੈਂ ਨਿਸ਼ਚਿਤ ਤੌਰ ਉੱਤੇ ਉਸ ਦਿਨ ਸ਼ਰਾਬ ਦੀ ਇੱਕ ਬੂੰਦ ਵੀ ਨਹੀਂ ਪੀਤੀ ਸੀ, ਮੈਨੂੰ ਇਹ ਪਤਾ ਸੀ ਕਿ ਮੈਂ 2 ਘੰਟਿਆਂ ਦਾ ਸਫ਼ਰ ਤੈਅ ਕਰਨਾ ਹੈ ਉਹ ਵੀ ਬਰਫ਼ੀਲੇ ਰਸਤੇ ਉੱਤੇ।”
ਇਸ ਹਾਦਸੇ ਦੇ 8 ਮਹੀਨਿਆਂ ਬਾਅਦ ਬਾਇਓਟੈਕਿਨੀਸ਼ੀਅਨ ਵਜੋਂ ਕੰਮ ਕਰਦੇ ਉਕਤ ਵਿਅਕਤੀ ਦੇ ਏਬੀਐੱਸ ਨਾਮ ਦੀ ਸਰੀਰਕ ਸਥਿਤੀ ਦੇ ਪੀੜਤ ਹੋਣ ਬਾਰੇ ਗੱਲ ਡਾਕਟਰੀ ਪ੍ਰੀਖਣ ਵਿੱਚ ਸਾਹਮਣੇ ਆਇਆ ਸੀ।
ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਸਰੀਰ ਨੇ ਹੀ ਉਨ੍ਹਾਂ ਨੂੰ ਸ਼ਰਾਬੀ ਕਰ ਦਿੱਤਾ ਸੀ।
(ਫੌਕਸ 13 ਸਿਆਟਲ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ।)
ਸਰੀਰ ਨੂੰ ਸ਼ਰਾਬੀ ਕਰਨ ਵਾਲਾ ਏਬੀਐੱਸ ਕੀ ਹੈ

ਤਸਵੀਰ ਸਰੋਤ, Getty Images
ਏਬੀਐੱਸ ਜਾਂ ਗਟ ਫਰਮੈਂਟੇਸ਼ਨ ਸਿੰਡਰੋਮ (ਜੀਐੱਫਐਸ) ਇੱਕ ਰਹੱਸਮਈ ਸਰੀਰਕ ਸਥਿਤੀ ਹੈ ਜੋ ਸਰੀਰ ਵਿੱਚ ਸ਼ਰਾਬ ਦੇ ਪੱਧਰ ਨੂੰ ਵਧਾ ਦਿੰਦਾ ਹੈ।
ਇਸ ਮਗਰੋਂ ਸਰੀਰ ਅੰਦਰ ਨਸ਼ੇ ਦੇ ਪ੍ਰਭਾਵ ਹੇਠ ਹੋਣ ਜਿਹੇ ਲੱਛਣ ਆ ਜਾਂਦੇ ਹਨ, ਉਦੋਂ ਵੀ ਜਦੋਂ ਕਿਸੇ ਨੇ ਬਿਲਕੁਲ ਥੋੜ੍ਹੀ ਸ਼ਰਾਬ ਜਾਂ ਬਿਲਕੁਲ ਹੀ ਨਾ ਪੀਤੀ ਹੋਵੇ।
ਇਹ ਉਦੋਂ ਹੁੰਦਾ ਹੈ ਜਦੋਂ ਅੰਤੜੀਆਂ, ਪਿਸ਼ਾਬ ਤੰਤਰ ਅਤੇ ਮੂੰਹ ਵਿੱਚਲੇ ਬੈਕਟੀਰੀਆ (ਜੀਵਾਣੂ) ਖਾਧੇ ਗਏ ਕਾਰਬੋਹਾਈਡਰੇਟ ਅਤੇ ਖੰਡ ਨੂੰ ਅਲਕੋਹਲ(ਸ਼ਰਾਬ) ਵਿੱਚ ਤਬਦੀਲ ਕਰ ਦਿੰਦਾ ਹੈ।
ਇਸ ਨੂੰ 'ਐਂਡੋਜੀਨਸ ਅਲਕੋਹਲ ਪ੍ਰੋਡਕਸ਼ਨ' ਕਿਹਾ ਜਾਂਦਾ ਹੈ।
ਇਸ ਮਗਰੋਂ ਜ਼ੁਬਾਨ ਦਾ ਤਿਲਕਣਾ, ਤੁਰਨ ਵਿੱਚ ਮੁਸ਼ਕਲ ਆਉਣਾ ਅਤੇ ਹੈਂਗਓਵਰ ਹੋਣ ਜਿਹੇ ਲੱਛਣ ਹੁੰਦੇ ਹਨ।
ਇਸ ਦੇ ਸਭ ਤੋਂ ਪਹਿਲੇ ਸ਼ੱਕੀ ਮਾਮਲੇ 1940ਵਿਆਂ ਵਿੱਚ ਸਾਹਮਣੇ ਆਏ ਸਨ ਜਦੋਂ ਯੁਗਾਂਡਾ ਹਸਪਤਾਲ ਦੇ ਇੱਕ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਪੋਸਟ ਮੌਰਟਮ ਦੇ ਨਤੀਜੇ ਛਾਪੇ ਸਨ।
ਇਹ ਮਰੀਜ਼ ਇੱਕ ਪੰਜ ਸਾਲ ਦਾ ਬੱਚਾ ਸੀ। ਇਸ ਬੱਚੀ ਦੀ ਮੌਤ ਪੇਟ ਫੱਟਣ ਕਾਰਨ ਹੋਈ ਸੀ। ਪੋਸਟਮਾਰਟਮ ਦੌਰਾਨ ਇਸ ਬੱਚੇ ਦੇ ਸਰੀਰ ਵਿੱਚੋਂ ‘ਕਾਫੀ ਬਦਬੂ ਆਈ ਸੀ। ਇਹ ਸਪੱਸ਼ਟ ਤੌਰ ’ਤੇ ਅਲਕੋਹਲ (ਸ਼ਰਾਬ) ਦੀ ਸੀ।
ਇਸ ਦਾ ਪ੍ਰਭਾਵ ਕਿਸ ਉੱਤੇ ਪੈਂਦਾ ਹੈ

ਤਸਵੀਰ ਸਰੋਤ, Getty Images
ਏਬੀਐੱਸ ਕਾਫੀ ਦੁਰਲੱਭ ਹੈ।
ਸਾਲ 2021 ਅਮੈਰੀਕਨ ਜਰਨਲ ਆਫ ਗੈਸਟਰੋਐਨਟੇਰੋਲਾਜੀ ਵਿੱਚ ਛਪੇ ਇੱਕ ਅਧਿਐਨ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਬਿਮਾਰੀ ਦੇ 100 ਮਾਮਲੇ ਦਰਜ ਹੋਏ ਸਨ।
ਹਾਲਾਂਕਿ ਕਈ ਮਾਹਰਾਂ ਨੇ ਕਿਹਾ ਕਿ ਇਸ ਸਰੀਰਕ ਅਵਸਥਾ ਵਾਲੇ ਸ਼ੱਕੀ ਮਾਮਲਿਆਂ ਦਾ ਅੰਕੜਾ ਵੱਧ ਹੋ ਸਕਦਾ ਹੈ।
ਡਾਕਟਰ ਇਸ ਬਾਰੇ ਹਾਲੇ ਵੀ ਸਪੱਸ਼ਟ ਨਹੀਂ ਹਨ ਕਿ ਇਹ ਲੋਕਾਂ ਨੂੰ ਕਿਉਂ ਹੁੰਦਾ ਹੈ।
ਮਨੁੱਖੀ ਸਰੀਰ ਦੀਆਂ ਅੰਤੜੀਆਂ ਵਿੱਚ ਪਾਚਨ ਪ੍ਰਕਿਰਿਆ ਦੇ ਹਿੱਸੇ ਵਜੋਂ ਥੋੜ੍ਹੀ ਮਾਤਰਾ ਵਿੱਚ ਅਲਕੋਹਲ ਪੈਦਾ ਹੋਣਾ ਆਮ ਗੱਲ ਹੈ।
ਪਰ ਬਹੁਤੇ ਲੋਕਾਂ ਵਿੱਚ ਇਹ ਖ਼ੂਨ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਂਦੀ ਹੈ। ਇਸ ਪ੍ਰਕਿਰਿਆ ਨੂੰ 'ਫਰਸਟ ਪਾਸਟ ਮੈਟਾਬਾਲਿਜ਼ਮ' ਕਿਹਾ ਜਾਂਦਾ ਹੈ।
ਪੁਰਤਗਾਲ ਦੇ ਬਾਇਓਮੈਡੀਕਲ ਕੰਸਲਟੈਂਟ ਅਤੇ ਫਾਰੈਂਸਿਕ ਮਾਹਰ ਡਾਕਟਰ ਰਿਕਾਰਡੋ ਜੋਰਜ ਡਿਨਿਸ ਓਲੀਵੀਏਰਾ ਨੇ ਇਸ ਸਿੰਡਰੋਮ ਬਾਰੇ ਕਈ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਹਨ।
ਉਹ ਕਹਿੰਦੇ ਹਨ, “ਅਸੀਂ ਸਾਰੇ ਕੁਦਰਤੀ ਤੌਰ ਉੱਤੇ ਕਾਫ਼ੀ ਘੱਟ ਮਾਤਰਾ ਵਿੱਚ ਸ਼ਰਾਬ ਪੈਦਾ ਕਰਦੇ ਹਨ, ਪਰ ਏਬੀਐੱਸ ਵਾਲਾ ਕੋਈ ਵਿਅਕਤੀ ਇਹ ਵੱਧ ਮਾਤਰਾ ਵਿੱਚ ਕਰਦਾ ਹੈ ਅਤੇ ਇਹ ਖ਼ੂਨ ਵਿੱਚ ਸ਼ਾਮਲ ਹੋ ਜਾਂਦੀ ਹੈ।”

ਤਸਵੀਰ ਸਰੋਤ, Getty Images
ਉਹ ਕਹਿੰਦੇ ਹਨ, “ਇਹ ਨਿਰਾਸ਼ਾ ਦੀ ਗੱਲ ਹੈ ਕਿ ਆਮ ਤੌਰ ਉੱਤੇ ਲੋਕ ਜਦੋਂ ਅਪਰਾਧਕ ਮਾਮਲੇ ਜਿਹੀ ਮੁਸ਼ਕਲ ਸਥਿਤੀ ਵਿੱਚ ਫਸ ਜਾਂਦੇ ਹਨ ਉਦੋਂ ਜਾ ਕੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਉਹ ਅਜਿਹੀ ਕਿਸੇ ਸਥਿਤੀ ਤੋਂ ਪੀੜਤ ਹਨ।”
ਉਹ ਕਹਿੰਦੇ ਹਨ ਏਬੀਐੱਸ ਕਈ ਚੀਜ਼ਾਂ ਦੇ ਇੱਕੋ ਦਮ ਹੋਣ ਕਾਰਨ ਵਾਪਰਦਾ ਹੈ। ਉਹ ਕਹਿੰਦੇ ਹਨ ਪਹਿਲੀ ਚੀਜ਼ ਹੁੰਦੀ ਹੈ ਕਿ ਕਿਸੇ ਵਿਅਕਤੀ ਵਿੱਚ ਡਾਇਬਟੀਜ਼, ਮੋਟਾਪਾ ਜਾਂ ਪਾਚਨ ਤੰਤਰ ਵਿੱਚ ਲਾਗ ਦਾ ਹੋਣਾ।
ਦੂਜੀ ਚੀਜ਼ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਕੋਈ ਮਰੀਜ਼ ਕਿਹੜੀਆਂ ਦਵਾਈਆਂ ਲੈਂਦਾ ਹੈ।
ਕਈ ਵਾਰੀ ਮਰੀਜ਼ ਐਂਟੀ ਬਾਇਓਟਿਕਸ, ਜਾਂ ਐਲਰਜੀ ਜਾਂ ਸਰੀਰ ਦੀ ਬਿਮਾਰੀਆਂ ਜਾਂ ਇਮਿਊਨ ਸਿਸਟਮ ਦੀ ਸਮਰੱਥਾ ਵਧਾਉਣ ਵਾਲੀਆਂ ਦਵਾਈਆਂ ਲੈਂਦੇ ਹਨ।
ਇਸ ਬਿਮਾਰੀ ਨਾਲ ਜ਼ਿੰਦਗੀ

ਤਸਵੀਰ ਸਰੋਤ, Barbara Cordell
ਜਦੋਂ ਪੇਸ਼ੇ ਵਜੋਂ ਨਰਸ (ਡਾਕਟਰੀ ਸਹਾਇਕ) ਜੋ ਕੋਰਡੈੱਲ ਦੀ ਬੋਲਣ ਲੱਗੇ ਜ਼ੁਬਾਨ ਤਿਲਕਣ ਲੱਗੀ ਤਾਂ ਉਨ੍ਹਾਂ ਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਨੇ ਵੱਧ ਟਰਕੀ ਖਾ ਲਈ ਹੋਵੇਗੀ।
ਇਸ ਤੋਂ ਬਾਅਦ ਪਰਿਵਾਰ ਨਾਲ ਥੈਂਕਸਗਿਵਿੰਗ ਖਾਣੇ ਦੌਰਾਨ ਉਹ ਬੇਹੋਸ਼ ਹੋ ਗਏ ਸਨ।
ਪਰ ਇਸ ਤੋਂ ਬਾਅਦ ਟੈਕਸਸ ਦੇ ਹਸਪਤਾਲ ਵਿੱਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਇੱਕ ਸ਼ਖ਼ਸ ਨੇ ਉਨ੍ਹਾਂ ਉੱਤੇ ਸ਼ਰਾਬ ਦੇ ਨਸ਼ੇ ਵਿੱਚ ਹੋਣ ਦਾ ਇਲਜ਼ਾਮ ਲਗਾਇਆ। ਇਸ ਕਾਰਨ ਉਨ੍ਹਾਂ ਦੀ ਨੌਕਰੀ ਵੀ ਜਾ ਸਕਦੀ ਸੀ।
75 ਸਾਲਾ ਕੋਰਡੈੱਲ ਯਾਦ ਕਰਦੇ ਹਨ, “ਉਨ੍ਹਾਂ ਨੇ ਕਿਹਾ ਕਿ ਮੇਰੇ ਸਾਹਾਂ ਵਿੱਚ ਸ਼ਰਾਬ ਦੀ ਬਦਬੂ ਆ ਰਹੀ ਸੀ, ਲੋਕਾਂ ਨੂੰ ਲੱਗਾ ਕਿ ਮੈਂ ਸ਼ਰਾਬੀ ਹਾਂ।”
“ਮੈਂ ਬਹੁਤ ਸ਼ਰਮਿੰਦਾ ਹੋਈ ਕਿਉਂਕਿ ਮੈਂ ਉਨ੍ਹਾਂ ਲੋਕਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਕੰਮ ਕਰਨਾ ਪਸੰਦ ਸੀ ਅਤੇ ਕਦੇ ਵੀ ਕੰਮ ਤੋਂ ਛੁੱਟੀ ਨਹੀਂ ਲੈਂਦੇ ਸਨ।”
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਪਤਨੀ ਬਾਰਬਰਾ ਨੂੰ ਵੀ ਇਹ ਸ਼ੱਕ ਹੋਣ ਲੱਗ ਗਿਆ ਸੀ ਕਿ ਮੈਨੂੰ ਸ਼ਰਾਬ ਦੀ ਆਦਤ ਪੈ ਗਈ ਹੈ।
ਬਾਰਬਰਾ ਆਪ ਵੀ ਇੱਕ ਨਰਸ ਹਨ।
ਉਨ੍ਹਾਂ ਨੂੰ ਆਪਣੇ ਪਤੀ ’ਤੇ ਯਕੀਨ ਨਹੀਂ ਹੋ ਰਿਹਾ ਸੀ। ਉਨ੍ਹਾਂ ਨੇ ਆਪਣੇ ਘਰ ਵਿੱਚ ਸ਼ਰਾਬ ਦੀਆਂ ਬੋਤਲਾਂ ਲੁਕਾਈਆਂ ਗਈਆਂ ਹੋਣ ਦੇ ਸ਼ੱਕ ਵਿੱਚ ਬੋਤਲਾਂ ਲੱਭਣੀਆਂ ਸ਼ੁਰੂ ਕਰ ਦਿੱਤੀਆਂ, ਘਰ ਵਿੱਚ ਮੌਜੂਦ ਸ਼ਰਾਬ ਉੱਤੇ ਵੀ ਨਜ਼ਰ ਰੱਖੀ।
ਉਹ ਕਹਿੰਦੇ ਹਨ, “ਮੈਨੂੰ ਸ਼ੁਰੂਆਤ ਵਿੱਚ ਜੋ ਉਨ੍ਹਾਂ ਉੱਤੇ ਸ਼ੱਕ ਹੋਇਆ ਸੀ। ਮੈਂ ਘਰ ਵਿੱਚ ਪਈਆਂ ਸ਼ਰਾਬ ਦੀ ਬੋਤਲਾਂ ਉੱਤੇ ਨਿਸ਼ਾਨੀ ਲਗਾਈ ਅਤੇ ਇਹ ਦੇਖਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸੇ ਘੱਟ ਤਾਂ ਨਹੀਂ ਰਹੀਆਂ।”
ਜੋ ਕਹਿੰਦੇ ਹਨ ਕਿ ਉਨ੍ਹਾਂ ਉੱਤੇ ਲੱਗ ਰਹੇ ਇਲਜ਼ਾਮਾਂ ਅਤੇ ਉਨ੍ਹਾਂ ਉੱਤੇ ਚੱਲ ਰਹੀ ਪੜਤਾਲ ਦੇ ਨਾਲ-ਨਾਲ ਉਹ ਆਪਣੇ ਸਰੀਰ ਵਿੱਚ ਵਾਰ ਵਾਰ ਆਉਂਦੇ ਸ਼ਰਾਬੀ ਹੋਣ ਜਿਹੇ ਲੱਛਣਾਂ ਤੋਂ ਵੀ ਬਹੁਤ ਡਰ ਗਏ ਸਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਸਰੀਰ ਵਿੱਚ ਅਜਿਹੇ ਬਿਨਾਂ ਕਿਸੇ ਚੇਤਾਵਨੀ ਦੇ ਹੁੰਦਾ ਸੀ।
ਉਹ ਕਹਿੰਦੇ ਹਨ, “ਇਹ ਬਹੁਤ ਹੀ ਨਿਰਾਸ਼ਾ ਭਰਿਆ ਸੀ, ਇਸ ਕਰਕੇ ਮੈਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਬਹੁਤ ਪਰੇਸ਼ਾਨੀ ਰਹਿੰਦੀ ਸੀ।”

ਤਸਵੀਰ ਸਰੋਤ, Getty Images
ਜੋ ਨੂੰ ਏਬੀਐੱਸ ਹੋਣ ਬਾਰੇ ਸਾਲ 2010 ਵਿੱਚ ਪਤਾ ਲੱਗਾ ਸੀ, ਉਦੋਂ ਤੱਕ ਉਨ੍ਹਾਂ ਨੂੰ ਇਸ ਦੇ ਲੱਛਣਾਂ ਦਾ ਅਨੁਭਵ ਕਰਦਿਆਂ ਚਾਰ ਸਾਲ ਹੋ ਗਏ ਸਨ।
ਉਹ ਇਸ ਦੌਰਾਨ ਆਪਣੀ ਨੌਕਰੀ ਕਰ ਸਕੇ ਸਨ ਪਰ ਉਨ੍ਹਾਂ ਨੂੰ ਰੋਜ਼ਾਨਾ ਅਲਕੋਹਲ ਟੈੱਸਟ ਕਰਵਾਉਣਾ ਪੈਂਦਾ ਸੀ।
ਇਸ ਦੌਰਾਨ ਉਨ੍ਹਾਂ ਦੀ ਪਤਨੀ ਇੱਕ ਸਮੂਹ ਦੇ ਸੰਪਰਕ ਵਿੱਚ ਆਈ। ਇਹ ਸਮੂਹ ਸੀ – ਆਟੋ ਬ੍ਰਿਊਰੀ ਸਿੰਡਰੋਮ ਐਡਵੋਕੇਸੀ ਅਤੇ ਰਿਚਰਚ, ਇਸ ਦੇ ਕਰੀਬ 850 ਮੈਂਬਰ ਹਨ।
ਉਹ ਕਹਿੰਦੇ ਹਨ, “ਅਸੀਂ ਰੋਜ਼ਾਨਾ ਮਰੀਜ਼ਾਂ ਕੋਲੋਂ ਇਹ ਸੁਣਦੇ ਹਾਂ ਡਾਕਟਰ ਉਨ੍ਹਾਂ ਦੀ ਇਲਾਜ ਵਿੱਚ ਸਹਾਇਤਾ ਨਹੀਂ ਕਰਦੇ, ਇੱਥੋਂ ਤੱਕ ਕਿ ਮਰੀਜ਼ਾਂ ਨੂੰ ਝੂਠੇ ਅਤੇ ਡਰਾਮੇਬਾਜ਼ ਦੱਸਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਬੁਰਾ ਵਤੀਰਾ ਵੀ ਕੀਤਾ ਜਾਂਦਾ ਹੈ।”
ਉਹ ਦੱਸਦੇ ਹਨ ਕਿ ਇਸ ਸਮੂਹ ਦੇ ਕਈ ਮੈਂਬਰ ਇਹ ਦੱਸਦੇ ਹਨ ਕਿ ਇਲਾਜ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਸ਼ਰਾਬ ਛੱਡਣ ਤੋਂ ਬਾਅਦ ਹੋਣ ਵਾਲੇ ਲੱਛਣ ਆਉਣੇ ਸ਼ੁਰੂ ਹੋ ਜਾਂਦੇ ਹਨ।
ਬਾਰਬਰਾ ਦੱਸਦੇ ਹਨ, “ਸਮਾਂ ਪਾ ਕੇ ਉਨ੍ਹਾਂ ਨੂੰ ਸ਼ਰਾਬ ਦੀ ਆਦਤ ਮੈਂ ਜਾਂਦੀ ਹੈ ਅਤੇ ਉਹ ਸ਼ਰਾਬ ਛੱਡਣ ਕਾਰਨ ਹੋਣ ਵਾਲੇ ਲੱਛਣਾਂ ਤੋਂ ਬਚਾਉਣ ਲਈ ਸ਼ਰਾਬ ਪੀਣ ਲੱਗ ਜਾਂਦੇ ਹਨ।”
ਜੋ ਕਹਿੰਦੇ ਹਨ ਕਿ ਉਨ੍ਹਾਂ ਨੂੰ ਵੀ ਅਜਿਹਾ ਤਜਰਬਾ ਹੋਇਆ ਸੀ, “ਮੈਨੂੰ ਮਦਦ ਲੈਣੀ ਪਈ ਸੀ ਪਰ ਹੁਣ ਪਿਛਲੇ 10 ਸਾਲਾਂ ਤੋਂ ਮੈਂ ਠੀਕ ਹਾਂ।”
ਇਸ ਦਾ ਕਿਵੇਂ ਪਤਾ ਲੱਗਦਾ ਹੈ ਅਤੇ ਇਲਾਜ ਕਿਵੇਂ ਹੁੰਦਾ ਹੈ?
ਡਾਕਟਰ ਪਹਿਲਾਂ ਇਹ ਦੇਖਦੇ ਹਨ ਇਹ ਲੱਛਣ ਕਿਸੇ ਹੋਰ ਬਿਮਾਰੀ ਦੇ ਨਹੀਂ ਹਨ।
ਇਸ ਮਗਰੋਂ ਉਹ ਲੈਬੋਰੇਟਰੀ ਟੈਸਟ ਕਰ ਸਕਦੇ ਹਨ ਤਾਂ ਜੋ ਉਹ ਮਰੀਜ਼ ਦੇ ਪਾਚਨ ਤੰਤਰ ਦੇ ਰੋਗਾਣੂਆਂ ਦਾ ਵਿਸ਼ਲੇਸ਼ਣ ਕਰਦੇ ਹਨ। ਉਹ ਦੇਖਦੇ ਹਨ ਕਿ ਜੇਕਰ ਇਸ ਵਿੱਚ ਰੋਗਾਣੂ ਵੱਧ ਮਾਤਰਾ ਵਿੱਚ ਹਨ ਜਿਹੜੇ ਸ਼ਰਾਬ ਪੈਦਾ ਕਰਨ ਲਈ ਜਾਣੇ ਜਾਂਦੇ ਹਨ।
ਡਾਕਟਰ ਬਹੁਤ ਵਾਰ ਇੱਕ ਇਹ ਪ੍ਰੀਖਣ ਵੀ ਕਰਦੇ ਹਨ, ਇਸ ਦੌਰਾਨ ਮਰੀਜ਼ ਨੂੰ ਖਾਲੀ ਪੇਟ ਕਾਰਬੋਹਾਈਡਰੇਟ ਭਰਪੂਰ ਖਾਣਾ ਜਾਂ ਗਲੂਕੋਜ਼ ਵਾਲਾ ਖਾਣਾ ਖਾਣ ਲਈ ਦਿੱਤਾ ਜਾਂਦਾ ਹੈ। ਕੁਝ ਘੰਟਿਆਂ ਬਾਅਦ ਏਬੀਐੱਸ ਵਾਲੇ ਲੋਕਾਂ ਦੇ ਖ਼ੂਨ ਵਿੱਚ ਐਲਕੋਹਲ ਦੀ ਮਾਤਰਾ ਵੱਧ ਹੋਵੇਗੀ।
ਡਾ. ਡੈਨਿਸ ਓਲੀਵਿਏਰਾ ਕਹਿੰਦੇ ਹਨ ਕਿ ਏਬੀਐੱਸ ਨੂੰ ਆਮ ਤੌਰ ਉੱਤੇ ਦਵਾਈਆਂ ਅਤੇ ਘੱਟ ਕਾਰਬੋਹਾਈਡਰੇਟ ਵਾਲੇ ਖਾਣੇ ਰਾਹੀਂ ਕਾਬੂ ਕੀਤਾ ਜਾ ਸਕਦਾ ਹੈ। ਮਰੀਜ਼ ਅਜਿਹੀ ਖ਼ੁਰਾਕ ਵੀ ਲੈ ਸਕਦੇ ਹਨ ਜਿਹੜੀ ਰੋਗਾਣੂਆਂ ਦੀ ਗਿਣਤੀ ਨੂੰ ਨਿਯਮਤ ਕਰੇ।
ਜੋ ਲਈ ਇਹ ਇਲਾਜ ਲਾਹੇਵੰਦ ਸਾਬਿਤ ਹੋਇਆ, ਪਿਛਲੇ ਇੱਕ ਦਹਾਕੇ ਤੋਂ ਉਨ੍ਹਾਂ ਨੂੰ ਇਸ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।
ਪਰ ਘੱਟ ਕਾਰਬੋਹਾਈਡਰੇਟ ਵਾਲੀ ਖ਼ੁਰਾਕ ਲੈਣ ਅਤੇ ਸ਼ਰਾਬ ਛੱਡਣ ਦੇ ਬਾਵਜੂਦ ਰੇਅ ਨੂੰ ਇਸਦੇ ਬੁਰੇ ਪ੍ਰਭਾਵ ਸਹਿਣੇ ਪੈ ਰਹੇ ਹਨ।
ਉਨ੍ਹਾਂ ਨੇ ਇਸ ਤੋਂ ਬਚਾਅ ਲਈ ਇੱਕ ਹੋਰ ਤਰੀਕਾ ਲੱਭ ਲਿਆ ਹੈ। ਇੱਕ ਮੀਆ ਨਾਮ ਦਾ ਕੁੱਤੀ ਉਨ੍ਹਾਂ ਦੀ ਇਸ ਵਿੱਚ ਮਦਦ ਕਰ ਰਿਹਾ ਹੈ।

ਤਸਵੀਰ ਸਰੋਤ, Ray lewis
ਲੈਬਰਾਡੂਡਲ ਨਸਲ ਦੀ ਮੀਆ ਨੂੰ ਰੇਅ ਦੇ ਸਰੀਰ ਵਿੱਚ ਹੋਣ ਵਾਲੇ ਰਸਾਇਣਕ ਬਦਲਾਵਾਂ ਨੂੰ ਸੁੰਘਣ ਦੀ ਸਿਖਲਾਈ ਦਿੱਤੀ ਹੈ। ਮੀਆ ਨੂੰ ਰੇਅ ਦੇ ਸਰੀਰ ਵਿੱਚ ਸ਼ਰਾਬ ਬਣਨ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ।
ਜਦੋਂ ਉਸ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਉਸ ਦੇ ਸਾਹਮਣੇ ਖੜ੍ਹੀ ਹੋ ਜਾਂਦੀ ਹੈ ਅਤੇ ਦੇਖਣ ਲੱਗ ਜਾਂਦੀ ਹੈ।
ਰੇਅ ਦੱਸਦੇ ਹਨ, “ਮੀਆ ਤੋਂ ਪਹਿਲਾਂ ਮੈਂ ਬਹੁਤ ਮੁਸ਼ਕਲ ਨਾਲ ਘਰੋਂ ਬਾਹਰ ਨਿਕਲ ਸਕਦਾ ਸੀ, ਮੈਨੂੰ ਹਮੇਸ਼ਾ ਡਰ ਲੱਗਾ ਰਹਿੰਦਾ ਸੀ ਕਿ ਮੈਨੂੰ ਜਾਂ ਹੋਰਾਂ ਨੂੰ ਕੁਝ ਹੋ ਰਿਹਾ ਹੈ।”
ਉਹ ਦੱਸਦੇ ਹਨ, “ਜਦੋਂ ਮੇਰੇ ਨਾਲ ਹਾਦਸਾ ਵਾਪਰਿਆ ਇਹ ਮੇਰੀ ਖ਼ੁਸ਼ਕਿਸਮਤੀ ਸੀ ਕਿਸੇ ਦੇ ਵਿੱਚ ਨਹੀਂ ਵੱਜਾ ਅਤੇ ਸਿਰਫ਼ ਮੈਨੂੰ ਹੀ ਸੱਟਾਂ ਲੱਗੀਆਂ।”
ਰੇਅ ਨੂੰ ਆਪਣੀ ਬਿਮਾਰੀ ਸਾਬਿਤ ਕਰਨ ਮਗਰੋਂ ਵੀ ਮੁੜ ਡਰਾਈਵ ਕਰਨ ਦੀ ਇਜਾਜ਼ਤ ਨਹੀਂ ਮਿਲੀ।
ਉਹ ਦੱਸਦੇ ਹਨ, “ਜੱਜ ਨੇ ਇਹ ਸਮਝਿਆ ਕਿ ਮੇਰੇ ਸਰੀਰ ਵਿੱਚ ਜਿਸ ਤਰੀਕੇ ਵੀ ਸ਼ਰਾਬ ਗਈ ਇਸ ਲਈ ਮੈਂ ਜ਼ਿੰਮੇਵਾਰ ਸੀ।”
ਉੁਹ ਕਹਿੰਦੇ ਹਨ, “ਮੈਨੂੰ ਇੱਕ ਬਿਮਾਰੀ ਹੈ ਅਤੇ ਇਸਦੇ ਬਾਵਜੂਦ ਕਿ ਅਦਾਲਤ ਨੇ ਕੀ ਫ਼ੈਸਲਾ ਲਿਆ ਹੈ, ਮੇਰੇ ਕੋਲ ਬੱਸ ਇਹੀ ਚਾਰਾ ਬਚਿਆ ਹੈ ਕਿ ਮੈਂ ਉਸ ਲਈ ਸਹੀ ਗੱਲ ਲਈ ਲੜਾਈ ਲੜਾਂ।”
ਰੇਅ ਅਤੇ ਉਨ੍ਹਾਂ ਦੀ ਪਤਨੀ ਸਿਏਰਾ ਨੇ ਅਦਾਲਤ ਦੇ ਫ਼ੈਸਲੇ ਦੇ ਖ਼ਿਲਾਫ਼ ਪਟੀਸ਼ਨ ਪਾਈ ਹੈ। ਕੇਸ ਅਤੇ ਏਬੀਐੱਸ ਹੋਣ ਕਰਕੇ ਰੇਅ ਦੀ ਨੌਕਰੀ ਚਲੀ ਗਈ।
ਪਰ ਮਜ਼ਾਕੀਆ ਸੁਭਾਅ ਵਾਲੇ ਰੇਅ ਨੇ ਹਾਲੇ ਵੀ ਆਸ ਨਹੀਂ ਛੱਡੀ ਹੈ।
ਉਹ ਦੱਸਦੇ ਹਨ, “ਬਹੁਤ ਲੋਕ ਇਹ ਸੋਚਦੇ ਹਨ ਕਿ ਏਬੀਐੱਸ ਦੇ ਮਰੀਜ਼ਾਂ ਨੂੰ ਮੁਫ਼ਤ ਵਿੱਚ ਸ਼ਰਾਬ ਦਾ ਨਸ਼ਾ ਮਿਲਦਾ ਹੈ ਪਰ ਮੈਨੂੰ ਸਿਰਫ਼ ਇਸ ਦਾ ਨਸ਼ਾ ਉਤਰਨ ਤੋਂ ਬਾਅਦ ਹੋਣ ਵਾਲਾ ਤਜਰਬਾ (ਹੈਂਗਓਵਰ) ਹੀ ਹੋਇਆ ਹੈ।”












