ਸੁਡਾਨ ਚ ਸੰਕਟ: ‘ਉਨ੍ਹਾਂ ਮੇਰਾ ਵਾਰ-ਵਾਰ-ਬਲਾਤਕਾਰ ਕੀਤਾ ਤੇ ਫਿਰ ਸੜਕ ਕਿਨਾਰੇ ਸੁੱਟ ਗਏ’

- ਲੇਖਕ, ਮੁਹੰਮਦ ਉਸਮਾਨ
- ਰੋਲ, ਬੀਬੀਸੀ ਪੱਤਰਕਾਰ
ਫ਼ੋਨ ’ਤੇ ਕੰਬਦੀ ਆਵਾਜ਼ ਵਿੱਚ ਉਨ੍ਹਾਂ ਬੋਲਣਾ ਸ਼ੁਰੂ ਕੀਤਾ, "ਉਹ ਦਰਿੰਦੇ ਸਨ। ਉਨ੍ਹਾਂ ਨੇ ਮੇਰੇ ਨਾਲ ਉਸ ਦਰੱਖਤ ਦੇ ਹੇਠਾਂ ਬਲਾਤਕਾਰ ਕੀਤਾ ਜਿਸ ਦੀਆਂ ਮੈਂ ਲੱਕੜਾਂ ਲੈਣ ਗਈ ਸੀ।”
ਇਸ ਲੇਖ ਵਿੱਚ ਬਲਾਤਕਾਰ ਦਾ ਸ਼ਿਕਾਰ ਹੋਈਆਂ ਔਰਤਾਂ ਦੇ ਨਾ ਬਦਲ ਕੇ ਦਿੱਤੇ ਗਏ ਹਨ।
40 ਸਾਲਾ ਕੋਲਥੌਮ, ਪੱਛਮੀ ਦਾਰਫੁਰ ’ਚ ਵਸੇ ਅਫ਼ਰੀਕੀ ਮਸਾਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਵਾਲੇ ਰੈਪਿਡ ਸਪੋਰਟ ਫੋਰਸਿਜ਼ (ਆਰਐੱਸਐੱਫ਼) ਦੇ ਰਹਿਣ ਵਾਲੇ ਅਰਬ ਸਨ।
ਇਸ ਨੀਮ ਦਲ ਉੱਤੇ ਦਾਰਫੁਰ ਵਿੱਚ ਚੱਲ ਰਹੇ ਨਸਲੀ ਸੰਘਰਸ਼ ਦੌਰਾਨ ਕਈ ਤਰ੍ਹਾਂ ਦੇ ਅਤਿਆਚਾਰਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਹਨ।

ਤਸਵੀਰ ਸਰੋਤ, Getty Images
ਨਸਲੀ ਹਿੰਸਾ
ਕੋਲਥੌਮ ਐਲ ਜੇਨੀਨਾ ਵਿੱਚ ਰਹਿੰਦੇ ਸਨ। ਇਹ ਥਾਂ ਇਤਿਹਾਸਕ ਤੌਰ 'ਤੇ ਦਾਰਫੁਰ ਵਿੱਚ ਅਫ਼ਰੀਕੀ ਤਾਕਤ ਦਾ ਪ੍ਰਤੀਕ ਮੰਨੀ ਜਾਂਦੀ ਹੈ ਅਤੇ ਮਸਾਲਿਤ ਦੀ ਰਵਾਇਤੀ ਰਾਜਧਾਨੀ ਹੈ।
ਹੁਣ ਕੋਲਥੌਮ ਆਪਣੇ ਬੀਮਾਰ ਪਤੀ ਅਤੇ ਬੱਚਿਆਂ ਨਾਲ ਉੱਥੋਂ ਚਲੇ ਗਏ ਹਨ।
ਕੋਲਥੌਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਲਾਤਕਾਰੀਆਂ ਨੇ ਹੀ ਉਸ ਨੂੰ ਸ਼ਹਿਰ ਛੱਡ ਕੇ ਜਾਣ ਲਈ ਕਿਹਾ ਸੀ ਕਿਉਂਕਿ ਉਹ ‘ਅਰਬਾਂ ਦਾ ਇਲਾਕਾ’ ਹੈ।
ਵੱਡੀ ਗਿਣਤੀ ਅਫ਼ਰੀਕਨ ਮੂਲ ਦੇ ਲੋਕਾਂ ਨੂੰ ਇਸ ਗੱਲ ਦਾ ਡਰ ਹੈ ਕਿ ਅਰਬ ਤੇ ਉਨ੍ਹਾਂ ਦੇ ਨਾਲ ਮਿਲੀ ਫ਼ੌਜ ਇਸ ਇਲਾਕੇ ਨੂੰ ਅਰਬ ਸ਼ਾਸ਼ਿਤ ਖਿੱਤਾ ਬਣਾਉਣਾ ਚਾਹੁੰਦੀ ਹੈ।
ਸੁਡਾਨ ਅਪ੍ਰੈਲ ਦੇ ਮੱਧ ਵਿੱਚ ਇੱਕ ਖਾਨਾਜੰਗੀ ਦਾ ਸ਼ਿਕਾਰ ਹੋਇਆ।
ਦੇਸ਼ ਦੇ ਦੋ ਸਭ ਤੋਂ ਸ਼ਕਤੀਸ਼ਾਲੀ ਜਨਰਲਾਂ, ਫ਼ੌਜ ਦੇ ਮੁਖੀ ਅਬਦੇਲ ਫਤਾਹ ਅਲ-ਬੁਰਹਾਨ ਅਤੇ ਆਰਐੱਸਐੱਫ਼ ਕਮਾਂਡਰ ਮੁਹੰਮਦ ਹਮਦਾਨ ਦਗਾਲੋ, ਜਿਨ੍ਹਾਂ ਨੂੰ ‘ਹੇਮੇਦਤੀ’ ਵਜੋਂ ਜਾਣਿਆ ਜਾਂਦਾ ਹੈ ਇੱਕ-ਦੂਜੇ ਸਾਹਮਣੇ ਖੜੇ ਹੋ ਗਏ।
ਉਨ੍ਹਾਂ ਦੇ ਝਗੜੇ ਨੇ ਦਾਰਫੁਰ ਵਿੱਚ ਸੰਘਰਸ਼ ਨੂੰ ਮੁੜ ਸ਼ੁਰੂ ਕਰ ਦਿੱਤਾ।

ਤਸਵੀਰ ਸਰੋਤ, Getty Images
ਅਣਗਿਣਤ ਮੌਤਾਂ ਦੀ ਕਹਾਣੀ
ਦਾਰਫੁਰ ਪਹਿਲੀ ਵਾਰ 2003 ਜੰਗ ਦੀ ਮਾਰ ਹੇਠ ਆਇਆ ਸੀ। ਇੱਕ ਅੰਦਾਜ਼ੇ ਮੁਤਾਬਕ ਇਸ ਇਲਾਕੇ ਵਿੱਚ ਹੁਣ ਤੱਕ 3,00,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਤਾਜ਼ਾ ਸੰਘਰਸ਼ ਨੇ 1,60,000 ਤੋਂ ਵੱਧ ਲੋਕਾਂ ਨੂੰ ਇਲਾਕਾ ਛੱਡਕੇ ਚਾਡ ਵੱਲ ਹਿਜਰਤ ਕਰਨ ਲਈ ਮਜ਼ਬੂਰ ਕੀਤਾ ਹੈ। ਆਪਣੇ ਘਰਾਂ ਨੂੰ ਛੱਡ ਜਾਣ ਵਾਲਿਆਂ ਵਿੱਚ ਜ਼ਿਆਦਾਤਰ ਮਾਸਲਿਤ ਭਾਈਚਾਰੇ ਦੇ ਨਾਲ ਸਬੰਧਿਤ ਲੋਕ ਹਨ।
ਇਸ ਖੇਤਰ ਵਿੱਚ ਹੁਣ ਤੱਕ ਕੁੱਲ ਕਿੰਨੇ ਲੋਕ ਇਸ ਨਸਲੀ ਸੰਘਰਸ਼ ਦੀ ਭੇਟ ਚੜੇ ਇਹ ਸਪੱਸ਼ਟ ਤੌਰ ’ਤੇ ਨਹੀਂ ਕਿਹਾ ਜਾ ਸਕਦਾ।
ਐਲ ਜੇਨੇਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 5,000 ਹੈ।
ਆਰਐੱਸਐੱਫ਼ ਲੜਾਕਿਆਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸੁਡਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਖਾਰਟੂਮ ਦੇ ਰਾਜਧਾਨੀ ਸ਼ਹਿਰ ਸਭ ਤੋਂ ਵੱਧ ਅੱਤਿਆਚਾਰ ਕੀਤੇ ਹਨ।
ਪੈਰਾਮਿਲਟਰੀ ਨੇ ਸੂਬੇ ਦੇ ਵੱਡੇ ਹਿੱਸੇ ਨੂੰ ਆਪਣੇ ਕੰਟਰੋਲ ਹੇਠ ਲੈ ਲਿਆ।
ਇਸ ਬੇਕਾਬੂ ਅਤਿਆਚਾਰ ਦੇ ਚਲਦਿਆਂ ਅਪ੍ਰੈਲ ਮਹੀਨੇ ਤੋਂ ਹੁਣ ਤੱਕ ਕਰੀਬ 20 ਲੱਖ ਲੋਕ ਉਥੋਂ ਜਾ ਚੁੱਕੇ ਹਨ।
ਖਾਰਟੂਮ ਵਿੱਚ, ਹਿੰਸਾ ਨੇ ਧਾਰਮਿਕ ਤੇ ਨਸਲੀ ਵਿਤਕਰੇ ਦਾ ਰੂਪ ਧਾਰਨ ਕਰ ਲਿਆ ਹੈ। ਅਰਬ ਅਤੇ ਹੋਰ ਨਸਲਾਂ ਦੇ ਲੋਕ ਚੱਲ ਰਹੀਆਂ ਲੜਾਈਆਂ ਦਾ ਸ਼ਿਕਾਰ ਹੋ ਰਹੇ ਹਨ।

ਤਸਵੀਰ ਸਰੋਤ, Getty Images
ਆਰਐੱਸਐੱਫ਼ ਦੇ ਤਸ਼ੱਦਦ ਦੀ ਦਾਸਤਾਨ
24 ਸਾਲਾ ਇਬਤਿਸਾਮ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਆਪਣੀ ਮਾਸੀ ਨੂੰ ਮਿਲਣ ਜਾ ਰਹੇ ਸਨ ਜਦੋਂ ਆਰਐੱਸਐੱਫ ਦੇ ਤਿੰਨ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ।
ਫ਼ੋਨ ’ਤੇ ਗੱਲ ਕਰਿਦਆਂ ਉਨ੍ਹਾਂ ਦੀ ਆਵਾਜ਼ ਕੁਝ ਟੁੱਟਦੀ ਹੈ, ਪਰ ਉਹ ਆਪਣਾ ਦਰਦ ਦੱਸਣਾ ਜਾਰੀ ਰੱਖਦੇ ਹਨ।
ਇਬਤਿਸਾਮ ਨੇ ਕਿਹਾ,"ਉਨ੍ਹਾਂ ਨੇ ਆਪਣੀਆਂ ਬੰਦੂਕਾਂ ਮੇਰੇ ਵੱਲ ਤਾਣੀਆਂ ਅਤੇ ਮੈਨੂੰ ਪੁੱਛਿਆ ਕਿ ਮੈਂ ਕਿੱਥੇ ਜਾ ਰਹੀ ਹਾਂ। ਜਦੋਂ ਮੈਂ ਦੱਸਿਆ ਕਿ ਮੈਂ ਆਪਣੀ ਮਾਸੀ ਦੇ ਘਰ ਜਾ ਰਹੀ ਸੀ, ਤਾਂ ਉਨ੍ਹਾਂ ਨੇ ਮੇਰੇ 'ਤੇ ਫੌਜ ਦੀ ਖ਼ੁਫ਼ੀਆਂ ਸੇਵਾਵਾਂ ਨਾਲ ਸਬੰਧਤ ਹੋਣ ਦਾ ਇਲਜ਼ਾਮ ਲਗਾਇਆ।"
ਫ਼ਿਰ ਉਨ੍ਹਾਂ ਫ਼ੌਜੀਆਂ ਨੇ ਜ਼ਬਰਦਸਤੀ ਇਬਤਿਸਾਮ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਤੇ ਉਸ ਨੂੰ ਨੇੜਲੇ ਇੱਕ ਘਰ ਵਿੱਚ ਲੈ ਗਏ।
ਉਨ੍ਹਾਂ ਰੋਂਦਿਆਂ ਦੱਸਿਆ,"ਮੈਂ ਘਰ ਦੇ ਅੰਦਰ ਇੱਕ ਹੋਰ ਆਦਮੀ ਨੂੰ ਦੇਖਿਆ, ਜਿਸ ਨੇ ਕੋਈ ਕੱਪੜਾ ਨਹੀਂ ਸੀ ਪਾਇਆ ਹੋਇਆ। ਮੈਂ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਇੱਕ ਸਿਪਾਹੀ ਨੇ ਮੈਨੂੰ ਇੰਨਾ ਜ਼ੋਰ ਨਾਲ ਮਾਰਿਆ ਕਿ ਮੈਂ ਫਰਸ਼ 'ਤੇ ਡਿੱਗ ਗਈ। ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਹਿੱਲੀ ਜਾਂ ਫ਼ਿਰ ਚੀਕੀ ਵੀ ਤਾਂ ਉਹ ਮੈਨੂੰ ਮਾਰ ਦੇਣਗੇ।"
"ਉਨ੍ਹਾਂ ਤਿੰਨਾਂ ਨੇ ਇੱਕ ਤੋਂ ਵੱਧ ਵਾਰ ਮੇਰੇ ਨਾਲ ਬਲਾਤਕਾਰ ਕੀਤਾ। ਫ਼ਿਰ ਮੈਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਏ ਅਤੇ ਸੂਰਜ ਡੁੱਬਣ ਵੇਲੇ ਮੈਨੂੰ ਸੜਕ ਦੇ ਕਿਨਾਰੇ ਸੁੱਟ ਕੇ ਚਲੇ ਗਏ।"
ਇਬਤਿਸਾਮ ਥੋੜ੍ਹੇ ਦੇਰ ਲਈ ਰੁਕੇ ਤੇ ਫ਼ਿਰ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਵੇਂ "ਬੁਰੀ ਤਰ੍ਹਾਂ ਬੇਇੱਜ਼ਤ ਮਹਿਸੂਸ ਕੀਤਾ ਗੁੱਸਾ ਮਹਿਸੂਸ ਕੀਤਾ"।
"ਮੈਂ ਖ਼ੁਦਕੁਸ਼ੀ ਕਰਨਾ ਚਾਹੁੰਦੀ ਸੀ। ਪਰ ਮੈਂ ਖ਼ੁਦ ਨੂੰ ਸਮੇਟਿਆ ਮੈਂ ਵਾਪਸ ਘਰ ਚਲੀ ਗਈ ਅਤੇ ਕਿਸੇ ਨੂੰ ਨਹੀਂ ਦੱਸਿਆ ਕਿ ਕੀ ਹੋਇਆ ਹੈ।"

ਸੁਡਾਨ ਔਰਤਾਂ ਖ਼ਿਲਾਫ਼ ਜਿਣਸੀ ਹਿੰਸਾ
- ਸੁਡਾਨ ਵਿੱਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਉਸ ਕੋਲ ਘੱਟੋ-ਘੱਟ 57 ਔਰਤਾਂ ਅਤੇ ਕੁੜੀਆਂ ਵਿਰੁੱਧ ਜਿਨਸੀ ਹਿੰਸਾ ਦੀਆਂ 21 ਘਟਨਾਵਾਂ ਦੀਆਂ ਰਿਪੋਰਟਾਂ ਪਹੁੰਚੀਆਂ ਹਨ।
- ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਤੁਰਕ ਨੇ ਇਸ ਗੱਲ ਨੂੰ ਸਮਝਿਆ ਕਿ ਉਨ੍ਹਾਂ ਦੇ ਦਫ਼ਤਰ ਕੋਲ ਜਿੰਨੇ ਵੀ ਮਾਮਲੇ ਆਏ ਸਨ ਤਕਰੀਬਨ ਸਾਰਿਆਂ ਪਿੱਛੇ ‘ਆਰਐੱਸਐੱਫ਼’ ਦਾ ਹੱਥ ਦੀ ਸੰਭਾਵਨਾ ਸਾਹਮਣੇ ਆਈ ਸੀ।
- ਦਾਰਫੁਰ ਖਾਰਟੂਮ ਵਿੱਚ ਹੋਣ ਵਾਲੀ ਜੰਗ ਪਿੱਛੇ ਨਸਲੀ ਕਾਰਨ ਹਨ
- ਮਨੁੱਖੀ ਅਧਿਕਾਰ ਕਾਰਕੁਨ ਸਮਝਦੇ ਹਨ ਕਿ ਲੋਕਾਂ ਨੂੰ ਡਰਾਉਣ ਲਈ ਬਲਾਤਕਾਰ ਨੂੰ ਜੰਗ ਦੇ ਹਥਿਆਰ ਵਜੋਂ "ਯੋਜਨਾਬੱਧ ਢੰਗ ਨਾਲ" ਵਰਤਿਆ ਜਾ ਰਿਹਾ ਹੈ।
- ਆਰਐੱਸਐੱਫ਼ ਨੇ ਸਭ ਇਲਜ਼ਾਮਾਂ ਨੂੰ ਨਕਾਰਿਆ ਹੈ


ਤਸਵੀਰ ਸਰੋਤ, Getty Images
ਗੁੰਮਰਾਹਕੁੰਨ ਅੰਕੜੇ
ਸੁਡਾਨ ਵਿੱਚ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਜੁਲਾਈ ਮਹੀਨੇ ਦੀ ਸ਼ੁਰੂਆਤ ਵਿੱਚ ਕਿਹਾ ਸੀ ਕਿ ਉਸ ਕੋਲ ਘੱਟੋ-ਘੱਟ 57 ਔਰਤਾਂ ਅਤੇ ਕੁੜੀਆਂ ਵਿਰੁੱਧ ਜਿਨਸੀ ਹਿੰਸਾ ਦੀਆਂ 21 ਘਟਨਾਵਾਂ ਦੀਆਂ ਰਿਪੋਰਟਾਂ ਪਹੁੰਚੀਆਂ ਹਨ।
ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਮੁਖੀ ਵੋਲਕਰ ਤੁਰਕ ਨੇ ਇਸ ਗੱਲ ਨੂੰ ਸਮਝਿਆ ਕਿ ਉਨ੍ਹਾਂ ਦੇ ਦਫ਼ਤਰ ਕੋਲ ਜਿੰਨੇ ਵੀ ਮਾਮਲੇ ਆਏ ਸਨ ਤਕਰੀਬਨ ਸਾਰਿਆਂ ਪਿੱਛੇ ‘ਆਰਐੱਸਐੱਫ਼’ ਦਾ ਹੱਥ ਦੀ ਸੰਭਾਵਨਾ ਸਾਹਮਣੇ ਆਈ ਸੀ।
ਸੰਯੁਕਤ ਰਾਸ਼ਟਰ ਅਤੇ ਸਥਾਨਕ ਅਧਿਕਾਰ ਸਮੂਹ ਦੋਵੇਂ ਮੰਨਦੇ ਹਨ ਕਿ ਇਹ ਅੰਕੜੇ ਅਪਰਾਧ ਦੇ ਅਸਲ ਪੈਮਾਨੇ ਦਾ ਮਹਿਜ਼ ਇੱਕ ਹਿੱਸਾ ਹੈ।
ਸੁਡਾਨ ਦੇ ਮਨੁੱਖੀ ਅਧਿਕਾਰ ਕਾਰਕੁਨ ਅਹਲਮ ਨਾਸੇਰ ਨੇ ਕਿਹਾ ਕਿ ਉਨ੍ਹਾਂ ਇਸ ਗੱਲ ’ਤੇ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਨੂੰ ਡਰਾਉਣ ਲਈ ਬਲਾਤਕਾਰ ਨੂੰ ਜੰਗ ਦੇ ਹਥਿਆਰ ਵਜੋਂ "ਯੋਜਨਾਬੱਧ ਢੰਗ ਨਾਲ" ਵਰਤਿਆ ਜਾ ਰਿਹਾ ਹੈ।
"ਅਤੀਤ ਵਿੱਚ ਬਲਾਤਕਾਰ ਨੂੰ ਦਾਰਫੁਰ ਵਿੱਚ ਵਰਤਿਆ ਗਿਆ ਸੀ ਤੇ ਹੁਣ ਖਾਰਤੂਮ ਵਿੱਚ ਇਸ ਮੌਜੂਦਾ ਜੰਗ ਵਿੱਚ ਵਰਤਿਆ ਜਾ ਰਿਹਾ ਹੈ, ਖਾਸ ਕਰਕੇ ਆਰਐੱਸਐੱਫ਼ ਵਲੋਂ।”
ਹੁਣ ਇਹ ਕਾਰਕੁਨ ਦੇਸ਼ ਛੱਡ ਕੇ ਜਾ ਚੁੱਕੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਖਾਰਤੂਮ ਵਿੱਚ ਉਨ੍ਹਾਂ ਨੇ ਵੀ ਕਈ ਔਰਤਾਂ ਤੋਂ ਡਰਾਉਣੀਆਂ ਕਹਾਣੀਆਂ ਸੁਣੀਆਂ ਹਨ।
ਨਾਸੇਰ ਦੱਸਦੇ ਹਨ, "ਕੁਝ ਮਾਮਲਿਆਂ ਵਿੱਚ, ਮਾਵਾਂ ਨੂੰ, ਉਨ੍ਹਾਂ ਦੇ ਬੱਚਿਆਂ ਦੇ ਸਾਹਮਣੇ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ।

ਤਸਵੀਰ ਸਰੋਤ, AFP
ਆਰਐੱਸਐੱਫ਼ ਨੇ ਕੀ ਕਿਹਾ
ਆਰਐੱਸਐੱਫ਼ ਨੇ ਇਨ੍ਹਾਂ ਹਮਲਿਆਂ ਪਿੱਛੇ ਉਸਦੇ ਲੜਾਕਿਆਂ ਦੇ ਹੱਥ ਹੋਣ ਤੋਂ ਮੁੱਢੋਂ ਇਨਕਾਰ ਕੀਤਾ ਹੈ।
ਬੀਬੀਸੀ ਨੂੰ ਭੇਜੀ ਇੱਕ ਵਾਇਸ ਰਿਕਾਰਡਿੰਗ ਵਿੱਚ, ਇਸਦੇ ਬੁਲਾਰੇ ਮੁਹੰਮਦ ਅਲ-ਮੁਖਤਾਰ ਨੇ ਕਿਹਾ ਕਿ ਉਨ੍ਹਾਂ ਦੇ ਲੜਾਕੇ "ਜੰਗ ਦੇ ਉੱਚਤਮ ਨੈਤਿਕ ਮਾਪਦੰਡਾਂ ਲਈ ਵਚਨਬੱਧ" ਹਨ।
ਉਨ੍ਹਾਂ ਅੱਗੇ ਦੱਸਿਆ, "ਮਿਲਟਰੀ ਦੀਆਂ ਜਿੱਤਾਂ ਤੋਂ ਬਾਅਦ ਸਾਡੇ ਫ਼ੌਜੀਆਂ ਦਾ ਅਕਸ ਖ਼ਰਾਬ ਕਰਨ ਲਈ ਜਾਣ-ਬੁੱਝ ਕੇ ਅਜਿਹੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। "
ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਉਨ੍ਹਾਂ ਔਰਤਾਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਆਰਐੱਸਐੱਫ਼ ਦੇ ਲੜਾਕਿਆਂ ’ਤੇ ਸਿੱਧੇ ਤੌਰ ’ਤੇ ਇਲਜ਼ਾਮ ਲਗਾਏ ਹਨ ਤਾਂ ਅਲ-ਮੁਖਤਾਰ ਨੇ ਕਿਹਾ ਕਿ ਆਪਣੇ ਆਪ ਨੂੰ ਆਰਐੱਸਐੱਫ਼ ਦੇ ਮੈਂਬਰ ਦੱਸਣ ਵਾਲੇ ਨਕਲੀ ਲੋਕ ਅਜਿਹੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਹਨ ਨਾ ਕੇ ਅਸਲ ਮੈਂਬਰ।
ਜੰਗ ਦੌਰਾਨ ਬਲਾਤਕਾਰ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਹੋਏ ਲੋਕਾਂ ਲਈ ਮਦਦ ਕੋਈ ਬਹੁਤੀ ਆਸ ਨਹੀਂ ਬੱਚਦੀ।
ਬਹੁਤੇ ਹਸਪਤਾਲ ਕੰਮ ਕਰਨ ਦੇ ਹਾਲਾਤ ਵਿੱਚ ਨਹੀਂ ਬਚੇ ਤੇ ਕੁਝ ਤੱਕ ਪਹੁੰਚ ਕਰਨੀ ਔਖੀ ਹੈ।
ਕੋਲਥੌਮ ਅਤੇ ਇਬਤਿਸਮ ਨੇ ਮੈਨੂੰ ਦੱਸਿਆ ਕਿ ਇਹ ਪੀੜ ਉਨ੍ਹਾਂ ਨੂੰ ਉਮਰ ਭਰ ਸਤਾਏਗੀ।
ਕੋਲਥੌਮ ਨੇ ਕਿਹਾ, "ਮੇਰੇ ਨਾਲ ਜੋ ਹੋਇਆ, ਮੈਂ ਕਦੇ ਨਹੀਂ ਭੁੱਲਾਂਗੀ। ਸ਼ਰਮਿੰਦਗੀ ਦੀ ਇਹ ਨਿਸ਼ਾਨੀ ਮੇਰੇ ਨਾਲ ਹਮੇਸ਼ਾ ਮੇਰੇ ਪਰਛਾਵੇਂ ਵਾਂਗ ਰਹੇਗੀ।"












