ਨਰਾਤਿਆਂ ਦੌਰਾਨ ਕੁੱਟੂ ਅਤੇ ਸਿੰਘਾੜੇ ਦਾ ਆਟਾ ਕਿਉਂ ਖਾਦਾ ਜਾਂਦਾ ਹੈ, ਦੋਵਾਂ ਵਿੱਚੋਂ ਕਿਹੜਾ ਬਿਹਤਰ ਹੈ?

ਆਟਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵਰਤ ਦੌਰਾਨ ਕੁੱਟੂ ਅਤੇ ਸਿੰਘਾੜੇ ਦੇ ਆਟੇ ਦੀ ਵਰਤੋਂ ਵੱਧ ਜਾਂਦੀ ਹੈ
    • ਲੇਖਕ, ਚੰਦਨ ਕੁਮਾਰ ਜਾਜਵਾੜੇ
    • ਰੋਲ, ਬੀਬੀਸੀ ਪੱਤਰਕਾਰ

ਕਣਕ ਦੇ ਆਟੇ ਦੇ ਉਲਟ, ਕੁੱਟੂ ਅਤੇ ਸਿੰਘਾੜੇ ਦਾ ਆਟਾ ਕਿਸੇ ਵੀ ਅਨਾਜ ਤੋਂ ਨਹੀਂ ਬਣਾਇਆ ਜਾਂਦਾ।

ਇਸ ਲਈ ਧਾਰਮਿਕ ਮਾਨਤਾਵਾਂ ਮੁਤਾਬਕ ਵਰਤ ਦੌਰਾਨ ਇਨ੍ਹਾਂ ਆਟਿਆਂ ਦਾ ਸੇਵਨ ਕੀਤਾ ਜਾ ਸਕਦਾ ਹੈ।

ਅਕਸਰ ਇਸ ਬਾਰੇ ਚਰਚਾ ਹੁੰਦੀ ਹੈ ਕਿ ਕਿਹੜਾ ਆਟਾ ਬਿਹਤਰ ਹੈ, ਕੁੱਟੂ ਦਾ ਜਾਂ ਸਿੰਘਾੜੇ ਦਾ।

ਇਹ ਚਰਚਾ ਜ਼ਿਆਦਾਤਰ ਵਰਤ ਦੌਰਾਨ ਹੁੰਦੀ ਹੈ, ਜਦੋਂ ਬਹੁਤ ਸਾਰੇ ਲੋਕ ਅਨਾਜ ਨਹੀਂ ਖਾਂਦੇ।

ਜਿਵੇਂ ਹੀ ਨਰਾਤੇ ਦਾ ਤਿਉਹਾਰ ਸ਼ੁਰੂ ਹੁੰਦਾ ਹੈ, ਲੋਕਾਂ ਦੇ ਮਨ ਵਿੱਚ ਇਹ ਸਵਾਲ ਉੱਠ ਸਕਦਾ ਹੈ ਕਿ ਵਰਤ ਦੌਰਾਨ ਇਨ੍ਹਾਂ ਦੋਵਾਂ ਆਟਿਆਂ ਵਿੱਚੋਂ ਕਿਹੜਾ ਆਟਾ ਵਰਤਿਆ ਜਾਣਾ ਚਾਹੀਦਾ ਹੈ।

ਇਸ ਲੇਖ ਵਿੱਚ, ਕੁਝ ਮਾਹਰਾਂ ਨਾਲ ਗੱਲਬਾਤ ਦੇ ਆਧਾਰ 'ਤੇ, ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਦੋਵਾਂ ਵਿੱਚੋਂ ਕਿਹੜਾ ਆਟਾ ਖਾਣਾ ਲਾਭਦਾਇਕ ਹੈ।

ਕੁੱਟੂ ਦਾ ਆਟਾ ਬਕਵੀਟ ਦੇ ਬੀਜਾਂ ਨੂੰ ਸੁਕਾ ਕੇ ਅਤੇ ਪੀਸ ਕੇ ਤਿਆਰ ਕੀਤਾ ਜਾਂਦਾ ਹੈ।

ਬਕਵੀਟ ਅਸਲ ਵਿੱਚ ਇੱਕ ਅਨਾਜ ਨਹੀਂ ਹੈ, ਸਗੋਂ ਇੱਕ ਪੌਦੇ ਦਾ ਬੀਜ ਹੈ।

ਇਹ ਦਾਣੇ ਛੋਲਿਆਂ ਦੀ ਦਾਲ ਦੇ ਦਾਣਿਆਂ ਦੇ ਆਕਾਰ ਦੇ ਹੁੰਦੇ ਹਨ।

ਇਸ ਦੇ ਬੀਜਾਂ ਨੂੰ ਸੁਕਾ ਕੇ ਪੀਸਿਆ ਜਾਂਦਾ ਹੈ, ਜਿਸ ਤੋਂ ਕੁੱਟੂ ਦਾ ਆਟਾ ਬਣਦਾ ਹੈ।

ਸਿੰਘਾੜਾ ਇੱਕ ਅਜਿਹਾ ਫ਼ਲ ਹੈ ਜੋ ਪਾਣੀ ਦੇ ਅੰਦਰ ਉੱਗਦਾ ਹੈ ਅਤੇ ਇਸ ਵਿੱਚ ਕਾਫ਼ੀ ਮਾਤਰਾ ਵਿੱਚ ਪਾਣੀ ਹੁੰਦਾ ਹੈ।

ਇਸ ਦਾ ਫਲ ਅੰਦਰੋਂ ਚਿੱਟਾ ਹੁੰਦਾ ਹੈ ਅਤੇ ਇਸਨੂੰ ਸੁਕਾ ਕੇ ਪੀਸਿਆ ਜਾਂਦਾ ਹੈ, ਜਿਸ ਤੋਂ ਪਾਣੀ ਵਾਲਾ ਸਿੰਘਾੜੇ ਦਾ ਆਟਾ ਤਿਆਰ ਕੀਤਾ ਜਾਂਦਾ ਹੈ।

ਇਨ੍ਹਾਂ ਆਟਿਆਂ ਵਿੱਚ ਕਿਹੜੇ ਪੌਸ਼ਟਿਕ ਤੱਤ ਮੌਜੂਦ ਹਨ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁੱਟੂ ਅਤੇ ਸਿੰਘਾੜੇ ਦੇ ਆਟੇ ਵਿੱਚ ਗਲੂਟਨ ਨਹੀਂ ਹੁੰਦਾ ਹੈ (ਸੰਕੇਤਕ ਤਸਵੀਰ)

ਇਹ ਦੋਵੇਂ ਆਟੇ ਜ਼ਿਆਦਾਤਰ ਵਰਤ ਦੌਰਾਨ ਵਰਤੇ ਜਾਂਦੇ ਹਨ, ਜਦੋਂ ਭੋਜਨ ਆਮ ਦਿਨਾਂ ਵਾਂਗ ਨਹੀਂ ਖਾਧਾ ਜਾਂਦਾ।

ਅਜਿਹੇ ਸਮੇਂ ਸਰੀਰ ਨੂੰ ਵੱਧ ਤੋਂ ਵੱਧ ਪੌਸ਼ਟਿਕ ਤੱਤ ਪ੍ਰਦਾਨ ਕਰਨ ਵਾਲੇ ਭੋਜਨ ਦੀ ਲੋੜ ਹੁੰਦੀ ਹੈ।

'ਦਿੱਲੀ ਡਾਈਟਸ' ਦੀ ਸੰਸਥਾਪਕ ਅਤੇ ਪੋਸ਼ਣ ਮਾਹਰ ਅੰਮ੍ਰਿਤਾ ਮਿਸ਼ਰਾ ਮੁਤਾਬਕ, "ਕੁੱਟੂ ਦੇ ਆਟੇ ਵਿੱਚ ਗਲੂਟਨ ਨਹੀਂ ਹੁੰਦਾ। ਇਸ ਵਿੱਚ ਮੈਗਨੀਸ਼ੀਅਮ, ਪ੍ਰੋਟੀਨ, ਆਇਰਨ, ਵਿਟਾਮਿਨ ਬੀ ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ।"

ਕੁੱਟੂ ਦੇ ਆਟੇ ਤੋਂ ਆਮ ਤੌਰ 'ਤੇ ਪੂਰੀਆਂ ਬਣਾਈਆਂ ਜਾਂਦੀਆਂ ਹਨ।

ਸਿੰਘਾੜੇ ਦਾ ਆਟਾ ਵੀ ਗਲੂਟਨ-ਰਹਿਤ ਹੁੰਦਾ ਹੈ। ਇਹ ਪ੍ਰੋਟੀਨ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ।

ਇਸਦੀ ਤਾਸੀਰ ਠੰਡੀ ਹੁੰਦੀ ਹੈ ਅਤੇ ਇਸਨੂੰ ਵਰਤ ਦੌਰਾਨ ਪੂਰੀਆਂ, ਰੋਟੀਆਂ, ਪਕੌੜੇ ਅਤੇ ਹਲਵਾ ਵਗੈਰਾ ਬਣਾਉਣ ਲਈ ਵਰਤਿਆ ਜਾਂਦਾ ਹੈ।

ਇਸ ਦੇ ਉਲਟ, ਕੁੱਟੂ ਦੇ ਆਟੇ ਦੀ ਤਾਸੀਰ ਗ਼ਰਮ ਹੁੰਦੀ ਹੈ ਅਤੇ ਇਸਨੂੰ ਆਮ ਤੌਰ 'ਤੇ ਪੂਰੀਆਂ ਦੇ ਰੂਪ ਵਿੱਚ ਖਾਧਾ ਜਾਂਦਾ ਹੈ।

ਕਿਹੜਾ ਆਟਾ ਜ਼ਿਆਦਾ ਫਾਇਦੇਮੰਦ ਹੈ?

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਤੌਰ ਉੱਤੇ ਲੋਕ ਵਰਤ ਦੌਰਾਨ ਅਨਾਜ ਨਹੀਂ ਖਾਂਦੇ ਹਨ (ਸੰਕੇਤਕ ਤਸਵੀਰ)

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਡਾਇਟੀਸ਼ੀਅਨ ਡਾਕਟਰ ਰੇਖਾ ਰਾਮੋਤ ਨੇ ਦੱਸਿਆ, "ਕੁੱਟੂ ਅਤੇ ਸਿੰਘਾੜੇ ਦਾ ਆਟਾ ਦੋਵੇਂ ਠੀਕ ਹਨ। ਇਹ ਨਹੀਂ ਹੈ ਕਿ ਕੋਈ ਖ਼ਰਾਬ ਹੈ। ਪਰ ਸਮੱਸਿਆ ਇਹ ਹੈ ਕਿ ਲੋਕ ਕੁੱਟੂ ਦੇ ਆਟੇ ਨੂੰ ਤਲਦੇ ਹਨ ਅਤੇ ਇਸ ਤੋਂ ਪੂਰੀਆਂ ਬਣਾਉਂਦੇ ਹਨ, ਜਿਸ ਵਿੱਚ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।"

ਰੇਖਾ ਰਾਮੋਤ ਸਲਾਹ ਦਿੰਦੇ ਹਨ, "ਇਹ ਬਿਹਤਰ ਹੋਵੇਗਾ ਜੇਕਰ ਤੁਸੀਂ ਸੀਮਤ ਮਾਤਰਾ ਵਿੱਚ ਤੇਲ ਪਾ ਕੇ ਕੁੱਟੂ ਦੇ ਆਟੇ ਤੋਂ ਪਰਾਠਾ ਬਣਾ ਕੇ ਖਾਓ। ਕੁੱਟੂ ਦੇ ਆਟੇ ਵਿੱਚ ਸਿੰਘਾੜੇ ਦੇ ਮੁਕਾਬਲੇ ਕਾਰਬੋਹਾਈਡਰੇਟ ਵੀ ਥੋੜ੍ਹੇ ਜ਼ਿਆਦਾ ਹੁੰਦੇ ਹਨ।"

ਹਾਲਾਂਕਿ, ਕੁੱਟੂ ਦੇ ਆਟੇ ਨੂੰ ਨਮੀ ਤੋਂ ਬਚਾ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਇਸਦੀ ਸ਼ੈਲਫ ਲਾਈਫ ਘੱਟ ਹੁੰਦੀ ਹੈ।

ਕਈ ਵਾਰ ਅਜਿਹਾਂ ਖ਼ਬਰਾਂ ਆਉਂਦੀਆਂ ਹਨ ਕਿ ਕੁੱਟੂ ਦਾ ਆਟਾ ਖਾਣ ਤੋਂ ਬਾਅਦ ਲੋਕ ਬਿਮਾਰ ਹੋ ਗਏ। ਇਸਦਾ ਮੁੱਖ ਕਾਰਨ ਇਹ ਹੈ ਕਿ ਆਟਾ ਸਹੀ ਢੰਗ ਨਾਲ ਸਟੋਰ ਨਹੀਂ ਕੀਤਾ ਗਿਆ ਸੀ ਅਤੇ ਖ਼ਰਾਬ ਹੋ ਗਿਆ ਹੋਵੇ।

ਮੰਜ਼ਰੀ ਚੰਦਰਾ

ਦਿੱਲੀ ਦੇ ਮੈਕਸ ਹਸਪਤਾਲ ਦੀ ਸੀਨੀਅਰ ਸਲਾਹਕਾਰ ਅਤੇ ਪੋਸ਼ਣ ਮਾਹਰ ਡਾਕਟਰ ਮੰਜਰੀ ਚੰਦਰਾ ਕਹਿੰਦੇ ਹਨ, "ਜੇਕਰ ਤੁਸੀਂ ਪੌਸ਼ਟਿਕ ਤੱਤਾਂ ਦੀ ਗੱਲ ਕਰੋਂ, ਤਾਂ ਦੋਵਾਂ ਵਿੱਚ ਸਰੀਰ ਲਈ ਜ਼ਰੂਰੀ ਵਿਟਾਮਿਨ ਅਤੇ ਖਣਿਜ ਪਦਾਰਥ ਮੌਜੂਦ ਹੁੰਦੇ ਹਨ।"

"ਪਰ ਸਿੰਘਾੜੇ ਦਾ ਆਟਾ ਆਟਾ ਹਜ਼ਮ ਕਰਨਾ ਸੌਖਾ ਹੁੰਦਾ ਹੈ। ਇਹ ਬਹੁਤ ਹਲਕਾ ਹੁੰਦਾ ਹੈ। ਜੇਕਰ ਅਸੀਂ ਇਸਨੂੰ ਤਲ ਕੇ ਇੱਕ ਕੜਾਹੀ ਵਿੱਚ ਨਹੀਂ ਪਕਾਵਾਂਗੇ ਅਤੇ ਇਸਨੂੰ ਕੜੀ, ਦਹੀਂ ਜਾਂ ਕਿਸੇ ਵੀ ਸਬਜ਼ੀ ਨਾਲ ਖਾਵਾਂਗੇ, ਤਾਂ ਇਸ ਨੂੰ ਪਚਣਾਉਣਾ ਸੌਖਾ ਹੁੰਦਾ ਹੈ।"

ਜਦੋਂ ਕਿ ਕੁੱਟੂ ਦਾ ਆਟਾ ਇਸ ਨਾਲੋਂ ਥੋੜ੍ਹਾ ਔਖਾ ਹਜ਼ਮ ਹੁੰਦਾ ਹੈ।

ਸਿੰਘਾੜੇ ਕੱਚੇ ਖਾਧੇ ਜਾ ਸਕਦੇ ਹਨ, ਨਾਲ ਹੀ ਆਟੇ ਦੇ ਰੂਪ ਵਿੱਚ ਵੀ। ਇਨ੍ਹਾਂ ਨੂੰ ਉਬਾਲ ਕੇ ਵੀ ਖਾਧਾ ਜਾ ਸਕਦਾ ਹੈ, ਜਦੋਂ ਕਿ ਕੁੱਟੂ ਨੂੰ ਉਬਾਲ ਕੇ ਨਹੀਂ ਖਾਧਾ ਜਾ ਸਕਦਾ।

ਜੇਕਰ ਅਸੀਂ ਇਸਨੂੰ ਵਰਤ ਦੇ ਨਜ਼ਰੀਏ ਤੋਂ ਵੇਖੀਏ, ਤਾਂ ਇਸ ਸਮੇਂ ਦੌਰਾਨ ਵਿਅਕਤੀ ਘੱਟ ਖਾਂਦਾ ਹੈ ਤਾਂ ਜੋ ਸਰੀਰ ਨੂੰ ਆਰਾਮ ਮਿਲੇ ਅਤੇ ਟਾਕਸਿਕ ਚੀਜ਼ਾਂ ਸਰੀਰ ਤੋਂ ਬਾਹਰ ਨਿਕਲ ਜਾਣ।

ਇਸਦਾ ਮਤਲਬ ਹੈ ਸਰੀਰ ਵਿੱਚ ਹਾਰਮੋਨਲ ਸੰਤੁਲਨ ਬਣਾਈ ਰੱਖਣਾ। ਮਾਹਰ ਇਸ ਸਬੰਧ ਵਿੱਚ ਸਿੰਘਾੜੇ ਦੇ ਆਟੇ ਨੂੰ ਸਭ ਤੋਂ ਵਧੀਆ ਮੰਨਦੇ ਹਨ।

ਮਾਹਰਾਂ ਦੀ ਸਲਾਹ

ਸਿੰਘਾੜੇ ਦਾ ਆਟਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਸਿੰਘਾੜੇ ਦਾ ਆਟਾ ਹਜ਼ਮ ਕਰਨਾ ਸੌਖਾ ਹੁੰਦਾ ਹੈ

ਕੁੱਟੂ ਅਤੇ ਸਿੰਘਾੜੇ ਦੋਵਾਂ ਵਿੱਚ ਗੁੰਝਲਦਾਰ ਕਾਰਬੋਹਾਈਡਰੇਟ ਹੁੰਦੇ ਹਨ। ਇਸਦਾ ਮਤਲਬ ਹੈ ਕਿ ਇਨ੍ਹਾਂ ਵਿੱਚ ਫਾਈਬਰ ਹੁੰਦਾ ਹੈ, ਜੋ ਸਰੀਰ ਵਿੱਚ ਹੌਲੀ-ਹੌਲੀ ਸ਼ੂਗਰ ਬਣਾਉਂਦਾ ਹੈ। ਇਹ ਬਲੱਡ ਸ਼ੂਗਰ ਵਿੱਚ ਅਚਾਨਕ ਵਾਧੇ ਨੂੰ ਰੋਕਦਾ ਹੈ।

ਮਾਹਰਾਂ ਮੁਤਾਬਕ, ਕੁੱਟੂ ਦੇ ਆਟੇ ਵਿੱਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਉਂਕਿ ਇਹ ਬੀਜਾਂ ਤੋਂ ਬਣਾਇਆ ਜਾਂਦਾ ਹੈ, ਜਦੋਂ ਕਿ ਸਿੰਘਾੜੇ ਦੇ ਆਟੇ ਵਿੱਚ ਫਾਈਬਰ ਦੀ ਮਾਤਰਾ ਥੋੜ੍ਹੀ ਜ਼ਿਆਦਾ ਹੁੰਦੀ ਹੈ।

ਇਸ ਲਈ, ਇਸਨੂੰ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਹੋਇਆ ਮਹਿਸੂਸ ਹੁੰਦਾ ਹੈ।

ਕੁੱਟੂ ਜਾਂ ਸਿੰਘਾੜੇ ਦੇ ਆਟੇ ਨੂੰ ਜ਼ਿਆਦਾ ਤੇਲ ਜਾਂ ਘਿਓ ਵਿੱਚ ਤਲ ਕੇ ਪੂਰੀਆਂ ਜਾਂ ਹੋਰ ਚੀਜ਼ਾਂ ਬਣਾ ਕੇ ਖਾਣਾ ਠੀਕ ਨਹੀਂ ਹੈ।

ਆਮ ਆਟੇ ਦੀਆਂ ਬਣੀਆਂ ਪੂਰੀਆਂ ਵਰਤ ਦੌਰਾਨ ਨਹੀਂ ਖਾਧੀਆਂ ਜਾਂਦੀਆਂ, ਇਸ ਲਈ ਲੋਕ ਉਨ੍ਹਾਂ ਨੂੰ ਤਲਦੇ ਹਨ, ਜੋ ਕਿ ਸਹੀ ਨਹੀਂ ਹੈ।

ਪੋਸ਼ਣ ਮਾਹਰ ਅੰਮ੍ਰਿਤਾ ਮਿਸ਼ਰਾ ਕਹਿੰਦੇ ਹਨ, "ਕਣਕ ਦਾ ਆਟਾ ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਪਰ ਦੋਵਾਂ ਦੀ ਵਰਤੋਂ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਆਟਾ ਮਿਲਾਵਟੀ ਨਾ ਹੋਵੇ। ਨਾਲ ਹੀ, ਇੱਕ ਮਹੀਨੇ ਤੋਂ ਵੱਧ ਪੁਰਾਣਾ ਆਟਾ ਨਾ ਵਰਤੋ।"

ਆਮ ਤੌਰ 'ਤੇ ਕੁੱਟੂ ਜਾਂ ਸਿੰਘਾੜੇ ਦੇ ਆਟੇ ਨੂੰ ਸੁਰੱਖਿਅਤ ਰੱਖਣ ਲਈ ਫਰਿੱਜ ਵਿੱਚ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)