ਸੇਂਧਾ ਨਮਕ ਤੁਹਾਡੇ ਦਿਲ ਤੇ ਦਿਮਾਗ 'ਤੇ ਕੀ ਅਸਰ ਪਾਉਂਦਾ ਹੈ, ਇਹ ਕਿੰਨਾ ਵਰਤਣਾ ਚਾਹੀਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਆਨੰਦ ਮਨੀ ਤ੍ਰਿਪਾਠੀ
- ਰੋਲ, ਬੀਬੀਸੀ ਪੱਤਰਕਾਰ
ਸੇਂਧਾ ਨਮਕ ਇੱਕ ਕੁਦਰਤੀ ਖਣਿਜ ਹੈ, ਜੋ ਸਮੁੰਦਰੀ ਨਮਕ ਵਾਂਗ ਸਮੁੰਦਰ ਵਿੱਚੋਂ ਨਹੀਂ, ਸਗੋਂ ਚੱਟਾਨਾਂ (ਖਣਿਜ ਖਾਣਾਂ) ਤੋਂ ਕੱਢਿਆ ਜਾਂਦਾ ਹੈ।
ਇਹ ਭਾਰਤ ਵਿੱਚ ਖਾਸ ਤੌਰ 'ਤੇ ਵਰਤ (ਉਪਵਾਸ) ਦੌਰਾਨ ਵਰਤਿਆ ਜਾਂਦਾ ਹੈ ਕਿਉਂਕਿ ਇਸ ਨੂੰ "ਸ਼ੁੱਧ" ਮੰਨਿਆ ਜਾਂਦਾ ਹੈ।
ਇਸਦਾ ਰੰਗ ਚਿੱਟੇ ਤੋਂ ਹਲਕੇ ਗੁਲਾਬੀ ਜਾਂ ਨੀਲੇ ਤੱਕ ਵੀ ਹੋ ਸਕਦਾ ਹੈ।
ਸੋਡੀਅਮ ਕਲੋਰਾਈਡ ਤੋਂ ਇਲਾਵਾ ਇਸ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਖਣਿਜ ਵੀ ਪਾਏ ਜਾਂਦੇ ਹਨ।
ਇਹ ਨਮਕ ਹਿਮਾਲੀਅਨ ਖੇਤਰ (ਭਾਰਤ, ਨੇਪਾਲ, ਪਾਕਿਸਤਾਨ) ਵਿੱਚ ਪਾਇਆ ਜਾਂਦਾ ਹੈ, ਇਸ ਲਈ ਇਸ ਨੂੰ ਅਕਸਰ ਹਿਮਾਲੀਅਨ ਪਿੰਕ ਸਾਲਟ ਵੀ ਕਿਹਾ ਜਾਂਦਾ ਹੈ।
ਭਾਰਤ ਦੇ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੀ ਇਸ ਲੂਣ ਦੀਆਂ ਖਾਣਾਂ ਹਨ।
ਅਮਰੀਕੀ ਮੈਗਜ਼ੀਨ 'ਫੂਡ ਐਂਡ ਵਾਈਨ' ਦੇ ਅਨੁਸਾਰ, ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਸਥਿਤ ਖੇਵੜਾ ਨਮਕ ਖਾਣ ਸੇਂਧਾ ਨਮਕ ਦਾ ਇੱਕ ਪ੍ਰਮੁੱਖ ਸਰੋਤ ਹੈ।
ਸੇਂਧਾ ਨਮਕ ਯਾਨਿ ਘੱਟ ਸੋਡੀਅਮ ਵਾਲਾ ਨਮਕ

ਤਸਵੀਰ ਸਰੋਤ, Getty Images
ਬਾਜ਼ਾਰ ਵਿੱਚ ਸੇਂਧਾ ਨਮਕ ਗੁਲਾਬੀ ਨਮਕ, ਹਿਮਾਲੀਅਨ ਸਾਲਟ, ਲਾਈਟ ਸਾਲਟ ਜਾਂ ਲੋਅ ਸੋਡੀਅਮ ਸਾਲਟ ਦੇ ਰੂਪ 'ਚ ਵਿਕਦਾ ਹੈ।
ਇਸ ਨਮਕ ਨੂੰ ਉਨ੍ਹਾਂ ਲੋਕਾਂ ਲਈ ਇੱਕ ਹੱਲ ਵਜੋਂ ਦੇਖਿਆ ਜਾਂਦਾ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨਮਕ ਖਾਣ ਦੀ ਆਦਤ ਹੈ।
ਹਿਮਾਲਿਆ ਤੋਂ ਕੱਢੇ ਗਏ ਇਸ ਲੂਣ ਵਿੱਚ ਤੁਲਨਾਤਮਕ ਤੌਰ 'ਤੇ ਘੱਟ ਸੋਡੀਅਮ ਹੁੰਦਾ ਹੈ।
ਪਰ ਨਾਲ ਹੀ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਖਣਿਜ ਇਸ ਲੂਣ 'ਚ ਜ਼ਿਆਦਾ ਹੁੰਦੇ ਹਨ।
ਏਮਜ਼ ਦੇ ਸਾਬਕਾ ਡਾਇਟੀਸ਼ੀਅਨ ਅਤੇ ਵਨ ਡਾਈਟ ਟੂਡੇ ਦੀ ਸੰਸਥਾਪਕ ਡਾ. ਅਨੂ ਅਗਰਵਾਲ ਕਹਿੰਦੇ ਹਨ, "ਸੇਂਧਾ ਨਮਕ ਸਿਹਤ ਲਈ ਚੰਗਾ ਹੋ ਸਕਦਾ ਹੈ ਜਦੋਂ ਇਸ ਨੂੰ ਸੰਤੁਲਿਤ ਰੂਪ ਨਾਲ ਵਰਤਿਆ ਜਾਵੇ। ਇਸ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਜ਼ਰੂਰੀ ਖਣਿਜ ਹੁੰਦੇ ਹਨ, ਜੋ ਪਾਚਨ ਕਿਰਿਆ ਵਿੱਚ ਸਹਾਇਤਾ ਕਰ ਸਕਦੇ ਹਨ, ਹਾਈਡਰੇਸ਼ਨ ਨੂੰ ਬਿਹਤਰ ਬਣਾ ਸਕਦੇ ਹਨ ਅਤੇ ਇਲੈਕਟ੍ਰੋਲਾਈਟਸ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰ ਸਕਦੇ ਹਨ।"

ਮਾਹਿਰਾਂ ਦੇ ਅਨੁਸਾਰ, ਨਮਕ ਨੂੰ ਸੰਤੁਲਿਤ ਰੂਪ ਵਿੱਚ ਵਰਤਣਾ ਸਭ ਤੋਂ ਵਧੀਆ ਹੈ। ਬਿਹਤਰ ਸਿਹਤ ਲਈ, ਅਚਾਰ, ਪਾਪੜ ਅਤੇ ਜੈਮ ਵਰਗੀਆਂ ਪੈਕਡ ਚੀਜ਼ਾਂ ਤੋਂ ਬਚੋ, ਅਤੇ ਟੇਬਲ ਸਾਲਟ ਤੋਂ ਵੀ ਬਿਲਕੁਲ ਪਰਹੇਜ਼ ਕਰੋ।
ਸੀਨੀਅਰ ਸਲਾਹਕਾਰ ਡਾਇਟੀਸ਼ੀਅਨ ਅਤੇ ਐੱਸਏਪੀ ਡਾਈਟ ਕਲੀਨਿਕ ਦੇ ਸੰਸਥਾਪਕ ਡਾ. ਅਦਿਤੀ ਸ਼ਰਮਾ ਕਹਿੰਦੇ ਹਨ, "ਜਿਵੇਂ ਅਸੀਂ ਆਪਣੇ ਕੱਪੜੇ ਬਦਲਦੇ ਹਾਂ ਅਤੇ ਵੱਖ-ਵੱਖ ਭੋਜਨ ਖਾਂਦੇ ਹਾਂ, ਉਸੇ ਤਰ੍ਹਾਂ ਸਾਨੂੰ ਆਪਣੇ ਨਮਕ ਦੇ ਸੇਵਨ ਨੂੰ ਵੀ ਬਦਲਣਾ ਚਾਹੀਦਾ ਹੈ। ਘੱਟ ਸੋਡੀਅਮ ਨਮਕ ਦੇ ਨਾਮ 'ਤੇ ਸੇਂਧਾ ਨਮਕ ਦੀ ਅੰਨ੍ਹੇਵਾਹ ਵਰਤੋਂ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ।"
ਸੇਂਧਾ ਨਮਕ ਦਾ ਸਰੀਰ 'ਤੇ ਕੀ ਪ੍ਰਭਾਵ ਪੈਂਦਾ ਹੈ?

ਤਸਵੀਰ ਸਰੋਤ, Getty Images
ਕਿਸੇ ਵੀ ਤਰ੍ਹਾਂ ਦੇ ਲੂਣ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਸੋਡੀਅਮ ਹੁੰਦਾ ਹੈ। ਇਹ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ।
ਸੋਡੀਅਮ ਸਰੀਰ ਵਿੱਚ ਪਾਣੀ ਦੇ ਸੰਤੁਲਨ ਨੂੰ ਬਣਾਈ ਰੱਖਣ ਅਤੇ ਸਾਰੇ ਅੰਗਾਂ ਤੱਕ ਆਕਸੀਜਨ ਅਤੇ ਹੋਰ ਪੌਸ਼ਟਿਕ ਤੱਤ ਪਹੁੰਚਾਉਣ ਵਿੱਚ ਮਦਦਗਾਰ ਹੁੰਦਾ ਹੈ।
ਸੋਡੀਅਮ ਸਾਡੀਆਂ ਨਾੜੀਆਂ ਨੂੰ ਇਲੈਕਟ੍ਰੋਲਾਈਟਸ ਪ੍ਰਦਾਨ ਕਰਦਾ ਹੈ, ਪਰ ਇਸ ਦੇ ਬਾਵਜੂਦ ਵੀ ਹਮੇਸ਼ਾ ਨਮਕ ਦੇ ਸੇਵਨ ਨੂੰ ਸੀਮਤ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਡਾ. ਅਨੂ ਅਗਰਵਾਲ ਕਹਿੰਦੇ ਹਨ ਕਿ ਸੰਤੁਲਨ ਬਹੁਤ ਜ਼ਰੂਰੀ ਹੈ। ਨਮਕ ਨੂੰ ਬਹੁਤ ਜ਼ਿਆਦਾ ਖਾਣਾ ਨਾਲ ਕਈ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਉਹ ਦੱਸਦੇ ਹਨ, "ਸੇਂਧਾ ਨਮਕ ਵਿੱਚ ਬਿਲਕੁਲ ਵੀ ਆਇਓਡੀਨ ਨਹੀਂ ਹੁੰਦਾ। ਇਹ ਇਸ ਨਮਕ ਦੀ ਸਭ ਤੋਂ ਵੱਡੀ ਕਮੀ ਹੈ। ਆਇਓਡੀਨ ਦੀ ਘਾਟ ਗਠੀਏ ਦਾ ਕਾਰਨ ਬਣ ਸਕਦੀ ਹੈ। ਇੰਨਾ ਹੀ ਨਹੀਂ, ਹਾਈ ਬਲੱਡ ਪ੍ਰੈਸ਼ਰ, ਵਾਟਰ ਰਿਟੇਨਸ਼ਨ ਅਤੇ ਥਾਇਰਾਇਡ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਮੈਟਾਬੋਲਿਜ਼ਮ ਨੂੰ ਵੀ ਪ੍ਰਭਾਵਿਤ ਕਰਦਾ ਹੈ।"

ਤਸਵੀਰ ਸਰੋਤ, Getty Images
ਦਿਲ: ਭਾਵੇਂ ਇਸ ਵਿੱਚ ਚਿੱਟੇ ਲੂਣ ਨਾਲੋਂ ਘੱਟ ਸੋਡੀਅਮ ਹੈ, ਫਿਰ ਵੀ ਇਸ ਲੂਣ ਦਾ ਬਹੁਤ ਜ਼ਿਆਦਾ ਸੇਵਨ ਬਲੱਡ ਪ੍ਰੈਸ਼ਰ ਨੂੰ ਵਧਾ ਸਕਦਾ ਹੈ, ਜਿਸ ਨਾਲ ਦਿਲ ਦੇ ਦੌਰੇ ਅਤੇ ਹੋਰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਸਕਦਾ ਹੈ।
ਗੁਰਦੇ: ਬਹੁਤ ਜ਼ਿਆਦਾ ਸੇਂਧਾ ਨਮਕ ਖਾਣ ਨਾਲ ਵਾਟਰ ਰਿਟੇਨਸ਼ਨ ਹੁੰਦਾ ਹੈ ਜਿਸ ਨਾਲ ਗੁਰਦਿਆਂ 'ਤੇ ਦਬਾਅ ਪੈ ਸਕਦਾ ਹੈ। ਇਸ ਪਾਣੀ ਨੂੰ ਕੱਢਣ ਲਈ ਉਨ੍ਹਾਂ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਇਸ ਨਾਲ ਏਡਿਮਾ ਜਾਂ ਸੋਜ ਹੋ ਸਕਦੀ ਹੈ।
ਦਿਮਾਗ: ਆਇਓਡੀਨ ਦੀ ਘਾਟ ਨਸਾਂ ਦੇ ਸੰਕੇਤਾਂ ਨੂੰ ਖਰਾਬ ਕਰ ਸਕਦੀ ਹੈ, ਜਿਸ ਨਾਲ ਯਾਦਦਾਸ਼ਤ ਅਤੇ ਸਿੱਖਣ ਦੀ ਸਮਰੱਥਾ ਵਿੱਚ ਕਮਜ਼ੋਰੀ ਆ ਸਕਦੀ ਹੈ।
ਹਾਰਮੋਨਸ: ਲੰਬੇ ਸਮੇਂ ਤੱਕ ਸੇਂਧਾ ਨਮਕ ਦਾ ਸੇਵਨ ਕਰਨ ਨਾਲ ਟੀ3 ਅਤੇ ਟੀ4 ਹਾਰਮੋਨਸ ਵਿੱਚ ਕਮੀ ਆ ਸਕਦੀ ਹੈ।
ਸੇਂਧਾ ਨਮਕ ਕਿੰਨਾ ਅਤੇ ਕਿਵੇਂ ਖਾਣਾ ਹੈ?

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਸਿਹਤਮੰਦ ਲੋਕਾਂ ਨੂੰ ਰੋਜ਼ਾਨਾ ਪੰਜ ਗ੍ਰਾਮ ਤੋਂ ਘੱਟ ਨਮਕ ਖਾਣ ਦੀ ਸਿਫਾਰਸ਼ ਕਰਦਾ ਹੈ, ਜੋ ਕਿ ਲਗਭਗ ਇੱਕ ਚਮਚ ਦੇ ਬਰਾਬਰ ਹੁੰਦਾ ਹੈ।
ਆਸਟ੍ਰੇਲੀਆ ਦੇ ਜਾਰਜ ਇੰਸਟੀਚਿਊਟ ਆਫ਼ ਗਲੋਬਲ ਹੈਲਥ ਦੇ ਅਨੁਸਾਰ, ਔਸਤ ਭਾਰਤੀ ਰੋਜ਼ਾਨਾ ਲਗਭਗ 11 ਗ੍ਰਾਮ ਨਮਕ ਖਾਂਦਾ ਹੈ, ਜੋ ਕਿ WHO ਦੀ ਸਿਫ਼ਾਰਸ਼ ਤੋਂ ਲਗਭਗ ਦੁੱਗਣਾ ਹੈ।
ਆਈਸੀਐਮਆਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਪੀਡੈਮੀਓਲੋਜੀ ਦੇ ਵਿਗਿਆਨੀਆਂ ਦੇ ਅਨੁਸਾਰ , ਭਾਰਤ ਵਿੱਚ ਬਹੁਤ ਜ਼ਿਆਦਾ ਨਮਕ ਦੀ ਖਪਤ ਇੱਕ 'ਲੁਕਵੀਂ ਮਹਾਂਮਾਰੀ' ਨੂੰ ਵਧਾ ਰਹੀ ਹੈ।
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਰਹਿਣ ਵਾਲੇ ਭਾਰਤੀ ਰੋਜ਼ਾਨਾ ਔਸਤਨ 9.2 ਗ੍ਰਾਮ ਨਮਕ ਦਾ ਸੇਵਨ ਕਰਦੇ ਹਨ, ਜਦਕਿ ਪੇਂਡੂ ਖੇਤਰਾਂ ਵਿੱਚ ਇਹ ਮਾਤਰਾ ਲਗਭਗ 5.6 ਗ੍ਰਾਮ ਪ੍ਰਤੀ ਦਿਨ ਹੈ।
ਡਾਇਟੀਸ਼ੀਅਨ ਡਾ. ਅਨੂ ਅਗਰਵਾਲ ਕਹਿੰਦੇ ਹਨ, "ਸਰੀਰ ਵਿੱਚ ਕਿਸੇ ਵੀ ਚੀਜ਼ ਦਾ ਜ਼ਿਆਦਾ ਹੋਣਾ ਜਾਂ ਘੱਟ ਹੋਣਾ ਹਾਨੀਕਾਰਕ ਹੁੰਦਾ ਹੈ। ਨਮਕ ਉਨ੍ਹਾਂ ਵਿੱਚੋਂ ਇੱਕ ਹੈ।"
ਉਹ ਕਹਿੰਦੇ ਹਨ, "ਇਨ੍ਹੀਂ ਦਿਨੀਂ ਪੈਕ ਕੀਤੇ ਭੋਜਨ ਅਤੇ ਹੋਰ ਸੁਆਦ ਦੀ ਇੱਛਾ ਕਾਰਨ ਨਮਕ ਦੀ ਵਰਤੋਂ ਵਧ ਗਈ ਹੈ। ਅਜਿਹੀ ਸਥਿਤੀ ਵਿੱਚ, ਭੋਜਨ ਵਿੱਚ ਆਇਓਡੀਨ ਦੀ ਸਹੀ ਮਾਤਰਾ ਬਣਾਈ ਰੱਖਣ ਲਈ, ਘਰ ਵਿੱਚ ਪਕਾਏ ਗਏ ਭੋਜਨ ਵਿੱਚ ਆਮ ਨਮਕ ਦੀ ਵਰਤੋਂ ਕਰੋ ਅਤੇ ਪਾਪੜ, ਅਚਾਰ, ਚਟਨੀ ਜਾਂ ਦਹੀਂ ਵਿੱਚ ਵੱਖਰੇ ਤੌਰ 'ਤੇ ਪਾਏ ਜਾਣ ਵਾਲੇ ਆਮ ਨਮਕ ਦੀ ਬਜਾਏ ਸੇਂਧਾ ਨਮਕ ਦੀ ਵਰਤੋਂ ਕਰੋ, ਤਾਂ ਸੰਤੁਲਨ ਬਣਿਆ ਰਹੇਗਾ।"
ਉਹ ਦੱਸਦੇ ਹਨ ਕਿ ਸੇਂਧਾ ਨਮਕ ਦਾ ਸੇਵਨ ਨਿਯਮਿਤ ਤੌਰ 'ਤੇ ਨਹੀਂ ਕਰਨਾ ਚਾਹੀਦਾ ਅਤੇ ਇਸ ਨੂੰ ਸਿਰਫ਼ ਡਾਕਟਰੀ ਸਲਾਹ ਅਨੁਸਾਰ ਹੀ ਖਾਣਾ ਚਾਹੀਦਾ ਹੈ। ਇਸ ਦਾ ਸੇਵਨ ਸਿਰਫ਼ ਤਾਂ ਹੀ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਕੋਈ ਸਿਹਤ ਸੱਮਸਿਆਵਾਂ ਹਨ, ਕਿਉਂਕਿ ਇਹ ਤੁਹਾਡੀ ਖੁਰਾਕ ਵਿੱਚ ਪੋਟਾਸ਼ੀਅਮ ਦੀ ਮਾਤਰਾ ਨੂੰ ਵਧਾ ਸਕਦਾ ਹੈ।
ਡੀਟੌਕਸੀਫਾਇਰ ਵਜੋਂ ਕੰਮ ਕਰਦਾ ਹੈ ਸੇਂਧਾ ਨਮਕ

ਤਸਵੀਰ ਸਰੋਤ, Getty Images
ਸੇਂਧਾ ਨਮਕ ਸਿਰਫ ਰਸੋਈ ਤੱਕ ਹੀ ਸੀਮਿਤ ਨਹੀਂ ਹੈ; ਇਸ ਨੂੰ ਡੀਟੌਕਸੀਫਾਇਰ ਵਜੋਂ ਵੀ ਵਰਤਿਆ ਜਾਂਦਾ ਹੈ।
ਪਾਚਨ ਕਿਰਿਆ ਨੂੰ ਸੁਧਾਰਨ ਅਤੇ ਗਲੇ ਦੇ ਦਰਦ ਨੂੰ ਸ਼ਾਂਤ ਕਰਨ ਤੋਂ ਲੈ ਕੇ ਚਮੜੀ ਨੂੰ ਸੁਧਾਰਨ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ, ਸੇਂਧਾ ਨਮਕ ਇੱਕ ਬਹੁਪੱਖੀ ਕੁਦਰਤੀ ਉਪਚਾਰ ਹੈ।
ਮਲੇਸ਼ੀਆ ਦੇ ਪੋਸ਼ਣ ਵਿਗਿਆਨੀ ਸੋਂਗ ਯਿਨ ਵਾ ਕਹਿੰਦੇ ਹਨ, "ਸੇਂਧਾ ਨਮਕ ਇੱਕ ਡੀਟੌਕਸੀਫਾਇਰ ਵਜੋਂ ਕੰਮ ਕਰਦਾ ਹੈ। ਜੇਕਰ ਗਰਮ ਪਾਣੀ ਨਾਲ ਸੀਮਤ ਮਾਤਰਾ ਵਿੱਚ ਸੇਵਨ ਕੀਤਾ ਜਾਵੇ, ਤਾਂ ਇਹ ਪਾਚਨ ਪ੍ਰਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਅਤੇ ਅੰਤੜੀਆਂ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਜੇਕਰ ਕੋਈ ਇਸ ਨੂੰ ਪਾਣੀ ਵਿੱਚ ਮਿਲਾ ਕੇ ਨਹਾਉਂਦਾ ਹੈ, ਤਾਂ ਇਹ ਚਮੜੀ ਦੇ ਰੋਮ ਖੋਲ੍ਹਦਾ ਹੈ, ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦਾ ਹੈ ਅਤੇ ਖੂਨ ਸੰਚਾਰ ਨੂੰ ਵੀ ਬਿਹਤਰ ਬਣਾਉਂਦਾ ਹੈ।"
ਉਹ ਦੱਸਦੇ ਹਨ ਕਿ ਸੇਂਧਾ ਲੂਣ ਵਿੱਚ ਮੌਜੂਦ ਟਰੇਸ ਖਣਿਜ, ਜਿਵੇਂ ਕਿ ਮੈਗਨੀਸ਼ੀਅਮ ਅਤੇ ਸਲਫਰ, ਸਰੀਰ ਦੀਆਂ ਕੁਦਰਤੀ ਡੀਟੌਕਸੀਫਿਕੇਸ਼ਨ ਪ੍ਰਕਿਰਿਆਵਾਂ ਦਾ ਸਮਰਥਨ ਕਰਦੇ ਹਨ ਅਤੇ ਪੀਐੱਚ ਪੱਧਰਾਂ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੇ ਹਨ। ਫਿਰ ਭਾਵੇਂ ਇਸ ਨੂੰ ਖਾਧਾ ਜਾਵੇ ਜਾਂ ਬਾਹਰੀ ਰੂਪ ਤੋਂ ਇਸ ਨੂੰ ਵਰਤਿਆ ਜਾਵੇ , ਸੇਂਧਾ ਲੂਣ ਡੀਟੌਕਸੀਫਿਕੇਸ਼ਨ ਨੂੰ ਬਿਹਤਰ ਬਣਾ ਸਕਦਾ ਹੈ।
ਸੇਂਧਾ ਨਮਕ ਨੂੰ ਸ਼ਹਿਦ, ਨਾਰੀਅਲ ਤੇਲ, ਜਾਂ ਦਹੀਂ ਦੇ ਨਾਲ ਮਿਲਾ ਕੇ, ਇੱਕ ਕੁਦਰਤੀ ਚਿਹਰੇ ਜਾਂ ਸਰੀਰ ਦੇ ਸਕ੍ਰਬ ਵਜੋਂ ਵਰਤਿਆ ਜਾ ਸਕਦਾ ਹੈ। ਇਹ ਡੈੱਡ ਸਕੀਨ ਦੇ ਸੈੱਲਾਂ ਨੂੰ ਹਟਾਉਂਦਾ ਹੈ ਅਤੇ ਚਮੜੀ ਦੇ ਰੰਗ ਨੂੰ ਸੁਧਾਰਦਾ ਹੈ।
ਸੇਂਧਾ ਨਮਕ ਦੀ ਵਰਤੋਂ ਨਾਲ ਐਲਰਜੀ, ਜ਼ੁਕਾਮ, ਜਾਂ ਪੁਰਾਣੀਆਂ ਸਾਹ ਦੀਆਂ ਸਮੱਸਿਆਵਾਂ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਇਹ ਫੇਫੜਿਆਂ ਦੀ ਸਮਰੱਥਾ ਨੂੰ ਵਧਾਉਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












