ਪੀਰੀਅਡ ਬਲੱਡ ਨੂੰ ਚਿਹਰੇ 'ਤੇ ਲਗਾਉਣ ਦਾ ਟ੍ਰੈਂਡ, ਡਾਕਟਰ ਇਸ ਬਾਰੇ ਕੀ ਸੁਚੇਤ ਕਰ ਰਹੇ ਹਨ?

ਤਸਵੀਰ ਸਰੋਤ, Getty Images
- ਲੇਖਕ, ਅੰਮ੍ਰਿਤਾ ਪ੍ਰਸਾਦ
- ਰੋਲ, ਬੀਬੀਸੀ ਤਮਿਲ
ਲੋਕ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਚੀਜ਼ ਨੂੰ 'ਟ੍ਰੈਂਡ' ਦੇ ਨਾਮ 'ਤੇ ਅੰਨ੍ਹੇਵਾਹ ਫੌਲੋ ਕਰਨਾ ਸ਼ੁਰੂ ਕਰ ਦਿੰਦੇ ਹਨ।
ਹਾਲ ਹੀ ਵਿੱਚ ਇੱਕ ਨਵਾਂ ਟ੍ਰੈਂਡ ਆਇਆ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਰੀਅਡ ਬਲੱਡ ਨੂੰ ਚਿਹਰੇ 'ਤੇ ਲਗਾਉਣ ਨਾਲ 'ਚਿਹਰੇ 'ਤੇ ਚਮਕ' ਆ ਜਾਂਦੀ ਹੈ ਅਤੇ ਚਮੜੀ 'ਨਿਖਰ' ਜਾਂਦੀ ਹੈ।
ਵਿਦੇਸ਼ਾਂ ਵਿੱਚ ਕੁਝ ਲੋਕਾਂ ਨੇ ਟਿੱਕਟੌਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇਸ ਦਾਅਵੇ ਨੂੰ ਉਤਸ਼ਾਹਿਤ ਕੀਤਾ ਅਤੇ ਹੁਣ ਭਾਰਤ ਵਿੱਚ ਵੀ ਇਸ ਟ੍ਰੈਂਡ ਨੂੰ ਫਾਲੋ ਕੀਤਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਇੰਫਲੂਐਂਸਰਾਂ ਨੇ ਇਸ ਪ੍ਰਕਿਰਿਆ ਨੂੰ 'ਮੈਂਸਟਰੂਅਲ ਮਾਸਕਿੰਗ' ਦਾ ਨਾਮ ਦਿੱਤਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਪੀਰੀਅਡਜ਼ ਦੌਰਾਨ ਨਿਕਲਣ ਵਾਲੇ ਖੂਨ ਵਿੱਚ ਰੈਟੀਨੌਲ ਹੁੰਦਾ ਹੈ ਅਤੇ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ ਸਿਹਤਮੰਦ ਅਤੇ ਚਮਕਦਾਰ ਬਣ ਜਾਂਦੀ ਹੈ।
ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ? ਪੀਰੀਅਡ ਬਲੱਡ ਵਿੱਚ ਕੀ ਹੁੰਦਾ ਹੈ? ਅਤੇ ਡਾਕਟਰ ਇਸ ਦਾਅਵੇ ਬਾਰੇ ਕੀ ਕਹਿੰਦੇ ਹਨ? ਆਓ ਸਮਝਦੇ ਹਾਂ...
ਡਾਕਟਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਬੀਬੀਸੀ ਤਮਿਲ ਨੇ ਇਸ ਟ੍ਰੈਂਡ ਬਾਰੇ ਚਮੜੀ ਦੇ ਮਾਹਰ ਭਾਵ ਡਰਮਾਟਾਲਿਜਿਸਟ ਡਾਕਟਰ ਦਿਨੇਸ਼ ਕੁਮਾਰ ਨਾਲ ਗੱਲ ਕੀਤੀ, ਜਿਨ੍ਹਾਂ ਨੇ ਇਸ ਦਾਅਵੇ ਨੂੰ "ਪੂਰੀ ਤਰ੍ਹਾਂ ਝੂਠਾ" ਕਰਾਰ ਦਿੱਤਾ।
ਉਨ੍ਹਾਂ ਕਿਹਾ, "ਚਮੜੀ 'ਤੇ ਮਾਹਵਾਰੀ ਦੇ ਖੂਨ ਦੀ ਵਰਤੋਂ ਦੀ ਸਲਾਹ ਬਿਲਕੁਲ ਸਹੀ ਨਹੀਂ ਹੈ। ਇਸ ਦੇ ਖ਼ਤਰਨਾਕ ਨਤੀਜੇ ਹੋ ਸਕਦੇ ਹਨ।"
ਡਾਕਟਰ ਦਿਨੇਸ਼ ਨੇ ਚਮੜੀ 'ਤੇ ਮਾਹਵਾਰੀ ਦੇ ਖੂਨ ਦੀ ਵਰਤੋਂ ਨਾ ਕਰਨ ਦੇ ਕਈ ਕਾਰਨ ਦੱਸੇ:
- ਇਸਦਾ ਕੋਈ ਫਾਇਦਾ ਨਹੀਂ ਹੁੰਦਾ ਹੈ।
- ਇਸ ਗੱਲ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਇਸ ਦਾ ਕੋਈ ਸਕਾਰਾਤਮਕ ਪ੍ਰਭਾਵ ਪਵੇਗਾ। (ਜਿੱਥੋਂ ਤੱਕ ਬੀਬੀਸੀ ਤਮਿਲ ਨੂੰ ਜਾਣਕਾਰੀ ਹੈ, ਇਸ 'ਤੇ ਕੋਈ ਅਧਿਐਨ ਜਾਂ ਖੋਜ ਨਹੀਂ ਕੀਤੀ ਗਈ ਹੈ।)
- ਇਹ ਕੋਈ ਸਾਫ਼-ਸੁਥਰੀ ਪ੍ਰਕਿਰਿਆ ਨਹੀਂ ਹੈ।
- ਇਸ ਵਿੱਚ ਕੀਟਾਣੂਆਂ ਦੀ ਬਹੁਤ ਜ਼ਿਆਦਾ ਸੰਭਾਵਨਾ ਹੁੰਦੀ ਹੈ।
- ਜੇਕਰ ਚਿਹਰੇ 'ਤੇ ਕੋਈ ਜ਼ਖ਼ਮ, ਧੱਫੜ ਜਾਂ ਖੁੱਲ੍ਹੇ ਪੋਰ ਹਨ ਤਾਂ ਇਸ ਖੂਨ ਨੂੰ ਲਗਾਉਣ ਨਾਲ ਜਲਣ ਜਾਂ ਖੁਜਲੀ ਹੋ ਸਕਦੀ ਹੈ।
ਮਾਹਵਾਰੀ ਦੇ ਖੂਨ ਵਿੱਚ ਕੀ ਹੁੰਦਾ ਹੈ?

ਤਸਵੀਰ ਸਰੋਤ, Getty Images
ਅਮਰੀਕਾ ਦੀ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਅਨੁਸਾਰ, ਮਾਹਵਾਰੀ ਦੌਰਾਨ ਨਿਕਲਣ ਵਾਲਾ ਖੂਨ ਇੱਕ ਤਰਲ ਪਦਾਰਥ ਹੈ, ਜਿਸ ਵਿੱਚ ਮ੍ਰਿਤ ਜਾਂ ਨਾਨ-ਐਕਟਿਵ ਟਿਸ਼ੂ ਹੁੰਦੇ ਹਨ।
ਹਰੇਕ ਮਾਹਵਾਰੀ ਚੱਕਰ ਦੌਰਾਨ ਇੱਕ ਔਰਤ ਦਾ ਸਰੀਰ ਗਰਭ ਅਵਸਥਾ ਦੀ ਤਿਆਰੀ ਕਰਦਾ ਹੈ, ਜਿਵੇਂ ਇਸ ਦੌਰਾਨ ਬੱਚੇਦਾਨੀ ਦੀ ਅੰਦਰੂਨੀ ਪਰਤ ਮੋਟੀ ਹੋਣ ਲੱਗਦੀ ਹੈ।
ਜੇਕਰ ਗਰਭ ਧਾਰਨ ਨਹੀਂ ਹੁੰਦਾ ਤਾਂ ਇਹ ਪਰਤ ਖੂਨ ਦੇ ਰੂਪ ਵਿੱਚ ਬਾਹਰ ਨਿਕਲਣਾ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਮਾਹਵਾਰੀ ਆਉਂਦੀ ਹੈ।
ਜਦੋਂ ਇਹ ਪਰਤ ਯੋਨੀ ਰਾਹੀਂ ਬਾਹਰ ਨਿਕਲਦੀ ਹੈ ਤਾਂ ਇਸ ਦੇ ਨਾਲ ਯੋਨੀ ਦੇ ਹੋਰ ਤਰਲ ਪਦਾਰਥ ਵੀ ਰਲ਼ ਜਾਂਦੇ ਹਨ।
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਇੱਕ ਲੇਖ ਦੇ ਅਨੁਸਾਰ, ਇਸ ਦੌਰਾਨ ਯੋਨੀ ਵਿੱਚ ਮੌਜੂਦ ਰਹਿਣ ਵਾਲੇ ਲੈਕਟੋਬੈਸੀਲਸ ਵਰਗੇ ਸੂਖ਼ਮ ਜੀਵ ਵੀ ਇਸ ਖੂਨ ਨਾਲ ਰਲ਼ ਜਾਂਦੇ ਹਨ।
ਪੀਰੀਅਡ ਬਲੱਡ ਵਿੱਚ ਲਗਭਗ 300 ਤਰ੍ਹਾਂ ਦੇ ਪ੍ਰੋਟੀਨ, ਐਸਿਡ ਅਤੇ ਐਨਜ਼ਾਈਮ ਹੁੰਦੇ ਹਨ। ਇਹ ਖੂਨ ਸਰੀਰ ਦਾ ਇੱਕ ਰਹਿੰਦ-ਖੂੰਹਦ ਉਤਪਾਦ ਭਾਵ ਵੇਸਟ ਪ੍ਰੋਡਕਟ ਹੁੰਦਾ ਹੈ।
ਕੀ ਪੀਰੀਅਡ ਬਲੱਡ ਨੂੰ ਚਿਹਰੇ 'ਤੇ ਲਗਾਇਆ ਜਾ ਸਕਦਾ ਹੈ?

ਤਸਵੀਰ ਸਰੋਤ, Getty Images
ਚਮੜੀ ਦੇ ਮਾਹਰ ਡਾਕਟਰ ਦਿਨੇਸ਼ ਕੁਮਾਰ ਕਹਿੰਦੇ ਹਨ ਕਿ ਪੀਰੀਅਡ ਬਲੱਡ ਨੂੰ ਚਿਹਰੇ 'ਤੇ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹ ਚੇਤਾਵਨੀ ਦਿੰਦੇ ਹਨ ਕਿ ਇਹ ਚਿਹਰੇ ਦੀ ਨਾਜ਼ੁਕ ਚਮੜੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਲੇਟਲੇਟ-ਰਿਚ ਪਲਾਜ਼ਮਾ (ਪੀਆਰਪੀ) ਥੈਰੇਪੀ ਵਰਗੇ ਕੁਝ ਡਾਕਟਰੀ ਇਲਾਜ ਹਨ, ਜਿਨ੍ਹਾਂ ਵਿੱਚ ਚਮੜੀ ਦੇ ਨੁਕਸਾਨ ਨੂੰ ਠੀਕ ਕਰਨ ਲਈ ਸਰੀਰ ਦੇ ਖੂਨ ਦੀ ਵਰਤੋਂ ਹੁੰਦੀ ਹੈ।
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਇੱਕ ਲੇਖ ਦੇ ਅਨੁਸਾਰ, ਇਸ ਇਲਾਜ ਦੇ ਇੱਕ ਤੋਂ ਤਿੰਨ ਸੈਸ਼ਨਾਂ ਤੋਂ ਬਾਅਦ, ਖੁੱਲ੍ਹੇ ਪੋਰਸ, ਝੁਰੜੀਆਂ ਅਤੇ ਕਾਲੇ ਧੱਬੇ ਘੱਟ ਹੋ ਸਕਦੇ ਹਨ ਅਤੇ ਚਮੜੀ ਦਾ ਕੋਲੇਜਨ ਪੱਧਰ ਵਧ ਸਕਦਾ ਹੈ।

ਹਾਲਾਂਕਿ, ਡਾਕਟਰ ਦਿਨੇਸ਼ ਕੁਮਾਰ ਕਹਿੰਦੇ ਹਨ ਕਿ ਇਸ ਕਿਸਮ ਦੀ ਥੈਰੇਪੀ ਸਿਰਫ ਮਾਨਤਾ ਪ੍ਰਾਪਤ ਹਸਪਤਾਲਾਂ ਅਤੇ ਸਿਖਲਾਈ ਪ੍ਰਾਪਤ ਮਾਹਰਾਂ ਦੁਆਰਾ ਹੀ ਕੀਤੀ ਜਾਣੀ ਚਾਹੀਦੀ ਹੈ।
ਉਹ ਚੇਤਾਵਨੀ ਦਿੰਦਿਆਂ ਕਹਿੰਦੇ ਹਨ ਕਿ ਸਿਰਫ਼ ਇਸ ਲਈ ਕਿ ਸੋਸ਼ਲ ਮੀਡੀਆ 'ਤੇ ਕੋਈ ਚੀਜ਼ ਟ੍ਰੈਂਡ ਕਰ ਰਹੀ ਹੈ ਜਾਂ ਵਾਇਰਲ ਹੋ ਰਹੀ ਹੈ, ਉਸ ਨੂੰ ਬਿਨਾਂ ਸੋਚੇ-ਸਮਝੇ ਫੌਲੋ ਨਹੀਂ ਕਰਨਾ ਚਾਹੀਦਾ।
ਉਹ ਕਹਿੰਦੇ ਹਨ ਕਿ ਚਿਹਰੇ 'ਤੇ ਲਾਰ ਜਾਂ ਪੀਰੀਅਡ ਬਲੱਡ ਲਗਾਉਣਾ ਖ਼ਤਰਨਾਕ ਅਤੇ ਅਸੁਰੱਖਿਅਤ ਹੋ ਸਕਦਾ ਹੈ, ਕਿਉਂਕਿ ਲਾਰ ਜਾਂ ਪੀਰੀਅਡ ਬਲੱਡ ਵਿੱਚ ਕਈ ਤਰ੍ਹਾਂ ਦੇ ਸੂਖ਼ਮ ਜੀਵ ਹੁੰਦੇ ਹਨ।
ਚਮੜੀ ਦੀ ਦੇਖਭਾਲ ਕਿਵੇਂ ਕੀਤੀ ਜਾਣੀ ਚਾਹੀਦੀ ਹੈ?

ਤਸਵੀਰ ਸਰੋਤ, Getty Images
ਡਾਕਟਰ ਦਿਨੇਸ਼ ਕੁਮਾਰ ਕਹਿੰਦੇ ਹਨ ਕਿ ਸਾਡੇ ਚਿਹਰੇ ਦੀ ਚਮੜੀ ਬਹੁਤ ਨਾਜ਼ੁਕ ਹੁੰਦੀ ਹੈ। ਉਹ ਇਸਦੀ ਦੇਖਭਾਲ ਦੇ ਕੁਝ ਤਰੀਕੇ ਵੀ ਦੱਸਦੇ ਹਨ:
- ਆਪਣੇ ਚਿਹਰੇ ਨੂੰ ਧੋਣ ਲਈ ਫੇਸ ਵਾਸ਼ ਜਾਂ ਕਲੀਨਜ਼ਰ ਦੀ ਵਰਤੋਂ ਕਰੋ।
- ਆਪਣੇ ਚਿਹਰੇ ਨੂੰ ਨਮੀ ਦੇਣ ਲਈ ਲੋਸ਼ਨ ਜਾਂ ਕ੍ਰੀਮ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਜੇਕਰ ਤੁਹਾਨੂੰ ਬਾਹਰ ਜਾਣਾ ਪਵੇ, ਤਾਂ ਐੱਸਪੀਐਫ 30+ ਵਾਲਾ ਸਨਸਕ੍ਰੀਨ ਲਗਾਉਣਾ ਚਾਹੀਦਾ ਹੈ।
- ਚਮੜੀ ਦੀ ਕਿਸਮ (ਡ੍ਰਾਈ ਜਾਂ ਆਇਲੀ) ਦੇ ਅਨੁਸਾਰ ਸਕਿਨ ਕੇਅਰ ਪ੍ਰੋਡਕਟ ਦੀ ਚੋਣ ਕਰਨੀ ਚਾਹੀਦੀ ਹੈ।
- ਚਮੜੀ ਚਮਕਦਾਰ ਬਣਾਉਣ ਦੇ ਸਭ ਤੋਂ ਵਧੀਆ ਤਰੀਕੇ, ਚੰਗੀ ਨੀਂਦ ਲੈਣਾ ਅਤੇ ਸਿਹਤਮੰਦ ਖਾਣਾ ਹਨ।
ਡਾਕਟਰ ਦਿਨੇਸ਼ ਕਹਿੰਦੇ ਹਨ ਕਿ ਸਿਹਤਮੰਦ ਚਮੜੀ ਲਈ ਇੰਨਾ ਕਰਨਾ ਹੀ ਕਾਫ਼ੀ ਹੈ ਅਤੇ ਕਿਸੇ ਵੀ ਅਜਿਹੀ ਚੀਜ਼ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਜੋ ਵਿਗਿਆਨਕ ਜਾਂ ਡਾਕਟਰੀ ਤੌਰ 'ਤੇ ਸਾਬਤ ਨਾ ਹੋਵਈ ਹੋਵੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












