ਚੰਦਰਯਾਨ-3: ਲੈਂਡਿੰਗ ਵਾਲੀ ਥਾਂ ਦਾ ਨਾਮ 'ਸ਼ਿਵ ਸ਼ਕਤੀ' ਰੱਖਣ 'ਤੇ ਵਿਵਾਦ, ਕਿਵੇਂ ਰੱਖੇ ਜਾਂਦੇ ਹਨ ਗ੍ਰਹਿਆਂ 'ਤੇ ਥਾਵਾਂ ਦੇ ਨਾਮ

ਚੰਦਰਯਾਨ-3

ਤਸਵੀਰ ਸਰੋਤ, ANI

    • ਲੇਖਕ, ਸੰਕੇਤ ਸਬਨੀਸ
    • ਰੋਲ, ਬੀਬੀਸੀ ਪੱਤਰਕਾਰ

ਚੰਦਰਯਾਨ-3 ਮਿਸ਼ਨ ਦੇ ਤਹਿਤ ਇਸਰੋ ਵੱਲੋਂ ਭੇਜੇ ਗਏ ਲੈਂਡਰ ਅਤੇ ਰੋਵਰ ਹੁਣ ਚੰਦਰਮਾ ਦੀ ਸਤਿਹ 'ਤੇ ਸਫਲਤਾਪੂਰਵਕ ਉਤਰ ਗਏ ਹਨ ਅਤੇ ਅਧਿਐਨ ਵੀ ਸ਼ੁਰੂ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਅਗਸਤ ਨੂੰ ਬੈਂਗਲੁਰੂ 'ਚ ਐਲਾਨ ਕੀਤਾ ਹੈ ਕਿ ਜਿਸ ਜਗ੍ਹਾ 'ਤੇ ਲੈਂਡਰ ਉਤਰਿਆ ਹੈ, ਉਸ ਜਗ੍ਹਾ ਦਾ ਨਾਂ 'ਸ਼ਿਵ ਸ਼ਕਤੀ' ਰੱਖਿਆ ਗਿਆ ਹੈ ਅਤੇ ਚੰਦਰਯਾਨ-2 ਦਾ ਲੈਂਡਰ ਜਿੱਥੇ ਕ੍ਰੈਸ਼ ਹੋਇਆ ਸੀ, ਉਸ ਜਗ੍ਹਾ ਦਾ ਨਾਂ 'ਤਿਰੰਗਾ ਪੁਆਇੰਟ' ਰੱਖਿਆ ਗਿਆ ਹੈ।

ਹਾਲਾਂਕਿ, ਇਸ ਨਾਲ ਦੇਸ਼ ਵਿੱਚ ਇੱਕ ਨਵਾਂ ਵਿਵਾਦ ਛਿੜ ਗਿਆ ਹੈ। ਵਿਰੋਧੀ ਧਿਰ ਨੇ ਇਨ੍ਹਾਂ ਨਾਂਵਾਂ 'ਤੇ ਸਿੱਧਾ ਇਤਰਾਜ਼ ਜਤਾਇਆ ਹੈ।

ਵਿਰੋਧੀਆਂ ਦਾ ਕਹਿਣਾ ਹੈ ਕਿ ਇਸਰੋ ਦੇ ਵਿਗਿਆਨਕ ਮਿਸ਼ਨ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ।

ਇਸ 'ਤੇ, ਭਾਜਪਾ ਨੇ ਸਬੂਤ ਦਿੱਤਾ ਹੈ ਕਿ ਤਤਕਾਲੀ ਕਾਂਗਰਸ ਸਰਕਾਰ ਨੇ ਉਸ ਜਗ੍ਹਾ ਦਾ ਨਾਮ 'ਜਵਾਹਰ ਪੁਆਇੰਟ' ਰੱਖਣ ਦੀ ਮੰਗ ਕੀਤੀ ਸੀ, ਜਿੱਥੇ ਚੰਦਰਯਾਨ-1 ਮਿਸ਼ਨ ਵਿੱਚ ਮੂਨ ਇਮਪੈਕਟ ਪ੍ਰੋਬ ਹਾਦਸੇ ਦਾ ਸ਼ਿਕਾਰ ਹੋਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਚੰਦਰਮਾ ਦੀਆਂ ਵੱਖ-ਵੱਖ ਥਾਂਵਾਂ ਨੂੰ ਖਾਸ ਨਾਂ ਦੇਣ ਦਾ ਇਹ ਵਿਵਾਦ ਕੁਝ ਸਵਾਲ ਖੜ੍ਹੇ ਕਰਦਾ ਹੈ।

ਸਵਾਲ ਇਹ ਹਨ ਕਿ ਚੰਦਰਮਾ 'ਤੇ ਮੌਜੂਦ ਥਾਵਾਂ ਦੇ ਨਾਮ ਕਿਵੇਂ ਰੱਖੇ ਜਾਂਦੇ ਹਨ? ਇਨ੍ਹਾਂ ਨਾਵਾਂ 'ਤੇ ਮੋਹਰ ਕੌਣ ਲਾਉਂਦਾ ਹੈ? ਕੀ ਚੰਦਰਮਾ 'ਤੇ ਸਥਾਨਾਂ ਨੂੰ ਧਾਰਮਿਕ, ਰਾਜਨੀਤਿਕ ਨਾਮ ਦਿੱਤੇ ਜਾ ਸਕਦੇ ਹਨ? ਆਓ ਜਾਣਦੇ ਹਾਂ ਇਨ੍ਹਾਂ ਸਵਾਲਾਂ ਦੇ ਜਵਾਬ...

ਪੀਐਮਓ

ਤਸਵੀਰ ਸਰੋਤ, PMO India/X

ਗ੍ਰਹਿਆਂ ਦੇ ਨਾਵਾਂ ਨੂੰ ਕੌਣ ਮਨਜ਼ੂਰੀ ਦਿੰਦਾ ਹੈ?

1969 ਤੋਂ ਚੰਦਰਮਾ 'ਤੇ ਮਨੁੱਖੀ ਅਤੇ ਮਨੁੱਖ ਤੋਂ ਬਿਨਾਂ ਮਿਸ਼ਨ ਜਾਰੀ ਹਨ। ਉਦੋਂ ਤੋਂ, ਇਨ੍ਹਾਂ ਮਿਸ਼ਨਾਂ ਵਿੱਚ ਪੁਲਾੜ ਯਾਨ, ਪੜਤਾਲ, ਲੈਂਡਰ ਲੈਂਡਿੰਗ ਸਾਈਟਾਂ ਅਤੇ ਆਲੇ-ਦੁਆਲੇ ਦੇ ਭੂਗੋਲਿਕ ਖੇਤਰਾਂ (ਪਹਾੜਾਂ, ਘਾਟੀਆਂ, ਟੋਇਆਂ ਆਦਿ) ਦੇ ਨਾਮਕਰਨ ਦਾ ਚਲਨ ਸ਼ੁਰੂ ਹੋਇਆ।

ਹਾਲਾਂਕਿ, ਇਨ੍ਹਾਂ ਨਾਂਵਾਂ ਨੂੰ ਅੰਤਰਰਾਸ਼ਟਰੀ ਖਗੋਲੀ ਸੰਘ (ਆਈਏਯੂ) ਵੱਲੋਂ ਮਨਜ਼ੂਰੀ ਦਿੱਤੀ ਗਈ ਹੈ।

ਇਸ ਵਿੱਚ ਚੰਦਰਮਾ ਅਤੇ ਸੌਰ ਮੰਡਲ ਦੇ ਹੋਰ ਗ੍ਰਹਿ ਵੀ ਸ਼ਾਮਲ ਹਨ। ਗ੍ਰਹਿ ਪ੍ਰਣਾਲੀ ਨਾਮਕਰਨ 'ਤੇ ਆਈਏਯੂ ਦਾ ਕਾਰਜ ਸਮੂਹ ਗ੍ਰਹਿਾਂ 'ਤੇ ਸਥਾਨਾਂ ਦੇ ਅਧਿਕਾਰਤ ਨਾਮ ਨਿਰਧਾਰਤ ਕਰਨ ਲਈ ਜ਼ਿੰਮੇਵਾਰ ਹੈ।

ਇਸ ਵਿਭਾਗ ਵੱਲੋਂ ਜਾਰੀ ਕੀਤੀਆਂ ਥਾਵਾਂ ਦੀ ਸੂਚੀ ਵਿੱਚ 2021 ਤੱਕ 85 ਨਾਮ ਸ਼ਾਮਲ ਹਨ।

ਪੁਲਾੜ ਮਿਸ਼ਨ ਦੀ ਯੋਜਨਾ ਬਣਾਉਣ ਵਾਲੇ ਦੇਸ਼ ਨੂੰ ਇਸ ਸੰਗਠਨ ਵਿੱਚ ਅਰਜ਼ੀ ਦੇਣੀ ਪੈਂਦੀ ਹੈ। ਸੰਗਠਨ ਉਨ੍ਹਾਂ ਦੇ ਨਿਯਮਾਂ ਅਤੇ ਮੁਹਿੰਮ ਦੇ ਤੱਥਾਂ ਨੂੰ ਦੇਖ ਕੇ ਉਨ੍ਹਾਂ ਦੀ ਅਰਜ਼ੀ ਨੂੰ ਮਨਜ਼ੂਰੀ ਦਿੰਦਾ ਹੈ।

ਇਸਰੋ ਦੇ ਲੈਂਡਰ ਅਤੇ ਰੋਵਰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰ ਚੁੱਕੇ ਹਨ। ਇਸ ਦੱਖਣੀ ਧਰੁਵ 'ਤੇ ਕਈ ਭੂ-ਵਿਗਿਆਨਕ ਥਾਂਵਾਂ (ਪਹਾੜ, ਟੋਇਆਂ, ਆਦਿ) ਨੂੰ ਪਹਿਲਾਂ ਹੀ ਨਾਮ ਦਿੱਤੇ ਜਾ ਚੁੱਕੇ ਹਨ।

ਸ਼ਿਵਸ਼ਕਤੀ, ਤਿਰੰਗਾ ਪੁਆਇੰਟ ਨਾਂਵਾਂ ਨੂੰ ਸਿਰਫ਼ ਏਆਈਯੂ ਵੱਲੋਂ ਮਨਜ਼ੂਰੀ ਮਿਲਣ 'ਤੇ ਹੀ ਇਹ ਨਾਮ ਅਧਿਕਾਰਤ ਮੰਨੇ ਜਾਣਗੇ।

ਇਸਰੋ ਦੁਆਰਾ ਜਾਰੀ ਤਸਵੀਰਾਂ

ਤਸਵੀਰ ਸਰੋਤ, ISRO/X

ਲਾਈਨ

ਗ੍ਰਹਿਆਂ 'ਤੇ ਸਥਾਨਾਂ ਦੇ ਨਾਮਕਰਨ ਲਈ ਕੀ ਨਿਯਮ ਹਨ?

  • ਆਈਏਯੂ ਨੇ ਚੰਦਰਮਾ ਅਤੇ ਸੌਰ ਮੰਡਲ ਦੇ ਗ੍ਰਹਿਾਂ 'ਤੇ ਥਾਂਵਾਂ ਦੇ ਨਾਮਕਰਨ ਲਈ ਨਿਯਮ ਪ੍ਰਕਾਸ਼ਿਤ ਕੀਤੇ ਹਨ।
  • ਆਈਏਯੂ ਦੀ 'ਗੈਜ਼ਟਿਅਰ ਆਫ਼ ਪਲੈਨੇਟਰੀ ਨੌਮੇਨਕਲੇਚਰ' ਵੈੱਬਸਾਈਟ ਇਸ ਲਈ 14 ਨਿਯਮ ਪ੍ਰਦਾਨ ਕਰਦੀ ਹੈ। ਆਓ, ਉਨ੍ਹਾਂ ਵਿੱਚੋਂ 7 ਮੁੱਖ ਨਿਯਮਾਂ 'ਤੇ ਇੱਕ ਸੰਖੇਪ ਝਾਤ ਮਾਰੀਏ...
  • ਨਾਮ ਛੋਟੇ ਅਤੇ ਸਰਲ ਹੋਣੇ ਚਾਹੀਦੇ ਹਨ।
  • ਨਾਮ ਦੇਣ ਲਈ ਅਧਿਕਾਰਤ ਸੰਸਥਾ ਵੱਲੋਂ ਅਰਜ਼ੀ ਦਿੱਤੀ ਜਾਣੀ ਚਾਹੀਦੀ ਹੈ।
  • ਇਨ੍ਹਾਂ ਨਾਂਵਾਂ ਤੋਂ ਵਿਗਿਆਨਕ ਅਤੇ ਸੱਭਿਆਚਾਰਕ ਅਰਥ ਸਮਝ ਆਉਣਾ ਚਾਹੀਦਾ ਹੈ।
  • ਇਨ੍ਹਾਂ ਨਾਂਵਾਂ ਦਾ ਸਿਆਸੀ, ਫੌਜੀ ਅਤੇ ਧਾਰਮਿਕ ਅਰਥ ਨਹੀਂ ਹੋਣਾ ਚਾਹੀਦਾ। ਉਨ੍ਹੀਵੀਂ ਸਦੀ ਤੋਂ ਬਾਅਦ ਕਿਸੇ ਵੀ ਸਿਆਸੀ ਸ਼ਖਸੀਅਤ ਦਾ ਨਾਂ ਨਹੀਂ ਲਿਆ ਜਾ ਸਕਦਾ।
  • ਗ੍ਰਹਿ 'ਤੇ ਭੂਗੋਲਿਕ ਵਿਸ਼ੇਸ਼ਤਾਵਾਂ ਦਾ ਨਾਮ, ਉਨ੍ਹਾਂ ਵਿਸ਼ੇਸ਼ਤਾਵਾਂ ਲਈ ਬਣਾਈਆਂ ਗਈਆਂ ਕਿਸਮਾਂ ਦੇ ਅਨੁਸਾਰ ਰੱਖਿਆ ਜਾਣਾ ਚਾਹੀਦਾ ਹੈ।
  • ਵਿਅਕਤੀਆਂ ਦੇ ਨਾਮ 'ਤੇ ਗ੍ਰਹਿਾਂ ਦੇ ਨਾਮ ਰੱਖਣ ਦਾ ਕੋਈ ਲੁਕਵਾਂ ਉਦੇਸ਼ ਨਹੀਂ ਹੋਣਾ ਚਾਹੀਦਾ। ਅੰਤਰਰਾਸ਼ਟਰੀ ਪ੍ਰਸਿੱਧੀ ਵਾਲੇ ਵਿਅਕਤੀਆਂ ਦੇ ਨਾਂਵਾਂ ਨੂੰ ਸਕਾਰਾਤਮਕ ਤੌਰ 'ਤੇ ਵਿਚਾਰਿਆ ਜਾਵੇਗਾ। ਅਜਿਹੇ ਵਿਅਕਤੀਆਂ ਦਾ ਦੇਹਾਂਤ, ਪ੍ਰਸਤਾਵ ਪੇਸ਼ ਕਰਨ ਤੋਂ ਘੱਟੋ-ਘੱਟ ਤਿੰਨ ਸਾਲ ਪਹਿਲਾਂ ਹੋਇਆ ਹੋਣਾ ਚਾਹੀਦਾ ਹੈ।
  • ਨਾਮ ਦੇ ਅੰਗਰੇਜ਼ੀ ਸ਼ਬਦਾਂ ਵਿੱਚ ਵਿਆਕਰਨ, ਬਣਤਰ ਵਿੱਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਨਾਲ ਹੀ, ਉਨ੍ਹਾਂ ਦੇ ਅਰਥਾਂ ਦਾ ਅਨੁਵਾਦ ਹਰ ਭਾਸ਼ਾ ਵਿੱਚ ਉਪਲੱਬਧ ਕਰਵਾਇਆ ਜਾਣਾ ਚਾਹੀਦਾ ਹੈ।
ਲਾਈਨ

ਇਹ ਨਾਮ ਕਿੱਥੇ ਦਿਖਾਈ ਦਿੰਦੇ ਹਨ?

ਚੰਦਰਮਾ ਦੇ ਨਕਸ਼ੇ ਵਿੱਚ ਇਨ੍ਹਾਂ ਨਾਂਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਹ ਨਕਸ਼ਾ ਏਆਈਯੂ ਦੀ ਪਲੈਨੇਟਰੀ ਨੇਮਜ਼ (ਗ੍ਰਹਿ ਨਾਮ ਵਾਲੀ) ਵੈੱਬਸਾਈਟ 'ਤੇ ਪਾਇਆ ਜਾ ਸਕਦਾ ਹੈ।

ਚੰਦਰਮਾ ਦੇ ਚਾਰ ਵੱਖ-ਵੱਖ ਨਕਸ਼ੇ ਹਨ, ਦੂਰ ਵਾਲੇ ਪਾਸੇ, ਨੇੜੇ ਵਾਲੇ ਪਾਸੇ, ਉੱਤਰੀ ਧਰੁਵ, ਦੱਖਣੀ ਧਰੁਵ। ਇਹ ਚੰਦਰਮਾ ਦੇ ਵੱਖ-ਵੱਖ ਹਿੱਸਿਆਂ ਨੂੰ ਦਿੱਤੇ ਗਏ ਨਾਂਵਾਂ ਨੂੰ ਦਰਸਾਉਂਦੇ ਹਨ।

ਨਾਲ ਹੀ, ਨਾਂਵਾਂ ਦੀ ਇਹ ਸੂਚੀ ਕਿਸ ਨੇ ਅਤੇ ਕਿਉਂ ਦਿੱਤੀ? ਇਹ ਜਾਣਕਾਰੀ ਗੈਜ਼ੇਟੀਅਰ ਆਫ਼ ਪਲੈਨੇਟਰੀ ਨੌਮੇਨਕਲੇਚਰ ਦੀ ਵੈੱਬਸਾਈਟ 'ਤੇ ਦੇਖੀ ਜਾ ਸਕਦੀ ਹੈ। ਇਸ ਵਿੱਚ ਹਰ ਨਾਮ ਅਤੇ ਇਸ ਬਾਰੇ ਸਾਰੀ ਜਾਣਕਾਰੀ ਸ਼ਾਮਲ ਹੈ।

ਚੰਦਰਮਾ ਦਾ ਦੱਖਣੀ ਧਰੁਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੰਦਰਮਾ ਦਾ ਦੱਖਣੀ ਧਰੁਵ

'ਸਟੇਸ਼ਨ' (ਸਟੇਸ਼ਿਓ) ਚੰਦਰਮਾ 'ਤੇ ਲੈਂਡਿੰਗ ਵਾਲੀ ਥਾਂ

ਇਸ ਸਬੰਧ ਵਿੱਚ ਮਹਾਰਾਸ਼ਟਰ ਟਾਈਮਜ਼ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ, ਜਿਨ੍ਹਾਂ ਥਾਂਵਾਂ 'ਤੇ ਪੁਲਾੜ ਯਾਨ ਚੰਦਰਮਾ 'ਤੇ ਉਤਰਿਆ, ਉਨ੍ਹਾਂ ਥਾਂਵਾਂ ਨੂੰ 'ਸਟੇਸ਼ਨ' (ਸਟੇਸ਼ਿਓ) ਦੇ ਤੌਰ 'ਤੇ ਦੱਸਿਆ ਗਿਆ ਹੈ।

ਇਹ ਸ਼ਬਦ ਲਾਤੀਨੀ ਹੈ ਅਤੇ ਇਸ ਦਾ ਅਰਥ ਹੈ- ਸਥਾਨ। ਇਸੇ ਲਈ, ਯੂਐੱਸ ਅਪੋਲੋ-11 ਮਿਸ਼ਨ ਦੀ ਲੈਂਡਿੰਗ ਸਾਈਟ ਨੂੰ ਸਟੇਸ਼ਨ ਟਰੈਂਕਵਿਲਿਟੀ (1973 ਵਿੱਚ ਮਾਨਤਾ ਪ੍ਰਾਪਤ) ਵਜੋਂ ਜਾਣਿਆ ਜਾਂਦਾ ਹੈ।

ਚੀਨ ਦੇ ਸਟੇਸ਼ਨ ਨੂੰ ਤਿਯਾਨਹੇ (2019 ਵਿੱਚ ਮਾਨਤਾ ਪ੍ਰਾਪਤ) ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਸਟੇਸ਼ਨ ਤਿਆਨਸ਼ੁਆਂਗ (2021 ਵਿੱਚ ਮਾਨਤਾ ਪ੍ਰਾਪਤ) ਵਿੱਚ ਪੁਲਾੜ ਯਾਨ ਦੀਆਂ ਲੈਂਡਿੰਗ ਸਾਈਟਾਂ ਸ਼ਾਮਲ ਹਨ।

ਏਆਈਯੂ ਚੰਦਰਮਾ ਦੇ ਉਨ੍ਹਾਂ ਖੇਤਰਾਂ ਨੂੰ ਸੂਚੀਬੱਧ ਕਰਦਾ ਹੈ, ਜਿੱਥੇ ਅਪੋਲੋ ਮਿਸ਼ਨ 13 ਨੂੰ ਛੱਡ ਕੇ, ਅਪੋਲੋ 11 ਤੋਂ ਲੈ ਕੇ ਅਪੋਲੋ 17 ਮਿਸ਼ਨਾਂ ਦੇ ਦੌਰਾਨ ਪੁਲਾੜ ਯਾਤਰੀਆਂ ਨੇ ਆਪਣੇ ਪੁਲਾੜ ਯਾਨ ਉਤਾਰੇ ਸਨ।

'ਸ਼ਿਵ ਸ਼ਕਤੀ' ਅਤੇ 'ਤਿਰੰਗਾ ਪੁਆਇੰਟ' 'ਤੇ ਬਹਿਸ ਕਿਉਂ?

ਚੰਦਰਯਾਨ-3

ਤਸਵੀਰ ਸਰੋਤ, ANI

ਕਾਂਗਰਸ ਦੇ ਸੀਨੀਅਰ ਆਗੂ ਰਾਸ਼ਿਦ ਅਲਵੀ ਨੇ ਇੱਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੰਦਰਮਾ ਦੀ ਸਤਿਹ ਦਾ ਨਾਮ ਸ਼ਿਵਸ਼ਕਤੀ ਜਾਂ ਤਿਰੰਗਾ ਬਿੰਦੂ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਨਾਲ ਪੂਰੀ ਦੁਨੀਆਂ ਹੱਸੇਗੀ।''

''ਪ੍ਰਧਾਨ ਮੰਤਰੀ ਮੋਦੀ ਨੂੰ ਚੰਦਰਮਾ 'ਤੇ ਕਿਸੇ ਇੱਕ ਬਿੰਦੂ ਨੂੰ ਨਾਮ ਦੱਸਣ ਦਾ ਅਧਿਕਾਰ ਕਿਸ ਨੇ ਦਿੱਤਾ? ਚੰਦਰਮਾ 'ਤੇ ਸੁਰੱਖਿਅਤ ਲੈਂਡਿੰਗ ਚੰਗੀ ਗੱਲ ਹੈ। ਪਰ ਇਹ ਨਾ ਤਾਂ ਚੰਦਰਮਾ ਦਾ ਮਾਲਕ ਹੈ ਅਤੇ ਨਾ ਹੀ ਉਸ ਥਾਂ ਦਾ।''

ਅਲਵੀ ਦੇ ਬਿਆਨ ਦਾ ਬੀਜੇਪੀ ਨੇ ਵੀ ਕਰਾਰਾ ਜਵਾਬ ਦਿੱਤਾ ਹੈ। ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਜਪਾ ਦੇ ਕੌਮੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ''ਕਾਂਗਰਸ ਸਿਰਫ਼ ਆਪਣੇ ਹਿੰਦੂ ਵਿਰੋਧੀ ਕਿਰਦਾਰ ਨੂੰ ਉਜਾਗਰ ਕਰ ਰਹੀ ਹੈ।''

''ਇਹੀ ਉਹ ਪਾਰਟੀ ਹੈ ਜੋ ਭਗਵਾਨ ਰਾਮ ਦੀ ਹੋਂਦ 'ਤੇ ਸਵਾਲ ਚੁੱਕਦੀ ਹੈ। ਇਹ ਰਾਮ ਮੰਦਰ ਦਾ ਵਿਰੋਧ ਕਰਦੇ ਹਨ ਅਤੇ ਹਿੰਦੂਆਂ ਨੂੰ ਗਾਲ੍ਹਾਂ ਦਿੰਦੇ ਹਨ।''

'''ਸ਼ਿਵ ਸ਼ਕਤੀ ਪੁਆਇੰਟ’ ਅਤੇ ‘ਤਿਰੰਗਾ ਪੁਆਇੰਟ’ ਦੋਵੇਂ ਨਾਂ ਦੇਸ਼ ਨਾਲ ਜੁੜੇ ਹੋਏ ਹਨ। ਇਹ ਕਾਂਗਰਸ ਹੀ ਸੀ, ਜਿਸ ਨੇ ਮੰਗ ਕੀਤੀ ਸੀ ਕਿ ਚੰਦਰਯਾਨ-1 ਪ੍ਰਭਾਵ ਪਰੀਖਣ ਵਾਲੀ ਥਾਂ ਦਾ ਨਾਂ ਜਵਾਹਰ ਪੁਆਇੰਟ ਰੱਖਿਆ ਜਾਵੇ।''

ਇਸਰੋ ਦੇ ਚੇਅਰਮੈਨ ਐੱਸ ਸੋਮਨਾਥ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸਰੋ ਦੇ ਚੇਅਰਮੈਨ ਐੱਸ ਸੋਮਨਾਥ

ਇਸ ਦੌਰਾਨ, ਇਸ ਵਿਵਾਦ 'ਤੇ ਬੋਲਦੇ ਹੋਏ ਇਸਰੋ ਦੇ ਚੇਅਰਮੈਨ ਐੱਸ ਸੋਮਨਾਥ ਨੇ ਮੀਡੀਆ ਦੇ ਸਾਹਮਣੇ ਆਪਣੀ ਰਾਇ ਰੱਖੀ।

ਇਸ 'ਤੇ ਬੋਲਦਿਆਂ ਉਨ੍ਹਾਂ ਕਿਹਾ, ''ਪ੍ਰਧਾਨ ਮੰਤਰੀ ਮੋਦੀ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕੋਲ ਵਿਸ਼ੇਸ਼ ਅਧਿਕਾਰ ਹਨ। ਇਸ ਲਈ ਉਹ ਇਹ ਨਾਂ ਰੱਖ ਸਕਦੇ ਹਨ।''

''ਜਦੋਂ ਪ੍ਰਧਾਨ ਮੰਤਰੀ ਨੇ ਸਾਨੂੰ ਦੱਸਿਆ ਕਿ ਇਸ ਦਾ ਮਤਲਬ ਕੀ ਹੈ, ਤਾਂ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਕਿਵੇਂ ਲਾਭਦਾਇਕ ਹੋਵੇਗਾ। ਸਾਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੁਝ ਵੀ ਗਲਤ ਹੈ।"

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)