ਦੋ ਦਿਨ ਪਤਨੀ ਨੂੰ ਲੱਭਦਾ ਰਿਹਾ ਪਤੀ ਪਰ ਫੇਰ ਉਸ ਦੀ ਲਾਸ਼ ਘਰ 'ਚੋਂ ਹੀ ਕਿਵੇਂ ਮਿਲੀ, ਪੁਲਿਸ ਨੇ ਕੀ ਦੱਸਿਆ

- ਲੇਖਕ, ਪ੍ਰਿਅੰਕਾ ਜਗਤਾਪ
- ਰੋਲ, ਬੀਬੀਸੀ ਪੱਤਰਕਾਰ
ਘਰ ਵਿੱਚ ਇਕੱਲੀ ਰਹਿੰਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦਾ ਪਤੀ ਉਸ ਨੂੰ ਦੋ ਦਿਨਾਂ ਤੋਂ ਲੱਭ ਰਿਹਾ ਸੀ।
ਪਰ ਉਹ ਨਹੀਂ ਜਾਣਦਾ ਸੀ ਕਿ ਉਸ ਦੀ ਪਤਨੀ ਦੀ ਲਾਸ਼ ਉਸੇ ਹੀ ਬੈੱਡ ਵਿੱਚ ਪਈ ਹੈ, ਜਿਥੇ ਉਹ ਬੈਠਦਾ ਅਤੇ ਸੌਂਦਾ ਹੈ।
ਇਹ ਘਟਨਾ ਪੂਣੇ ਦੇ ਹਡਪਸਰ ਵਿੱਚ ਫੁਰਸੁੰਗੀ ਇਲਾਕੇ ਦੀ ਹੈ। ਜਦੋਂ ਔਰਤ ਦਾ ਪਤੀ ਕੰਮ ਲਈ ਬਾਹਰ ਗਿਆ ਤਾਂ ਪਿਛੋਂ ਕਿਸੇ ਨੇ ਔਰਤ ਦਾ ਕਤਲ ਕਰ ਕੇ ਲਾਸ਼ ਨੂੰ ਲੁਕਾ ਦਿੱਤਾ।
ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਮੁਲਜ਼ਮ ਹਾਲੇ ਵੀ ਉਨ੍ਹਾਂ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਮ੍ਰਿਤਕ ਔਰਤ ਦੀ ਪਛਾਣ 24 ਸਾਲਾ ਸਵਪਨਾਲੀ ਉਮੇਸ਼ ਪਵਾਰ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸਵਪਨਾਲੀ ਦਾ ਪਤੀ ਉਮੇਸ਼ ਪੇਸ਼ੇ ਵਜੋਂ ਡਰਾਈਵਰ ਹੈ।

ਉਹ ਸ਼ੁੱਕਰਵਾਰ ਨੂੰ ਸਵੇਰੇ ਕਰੀਬ ਪੰਜ ਵਜੇ ਸਵਾਰੀਆਂ ਲੈ ਕੇ ਬੀਡ ਗਏ ਸਨ।
ਜਦੋਂ ਉਹ ਕੰਮ ਤੋਂ ਘਰ ਵਾਪਸ ਆਏ ਤਾਂ ਘਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਦੇਖਿਆ ਕਿ ਉਨ੍ਹਾਂ ਦੀ ਪਤਨੀ ਘਰ ਵਿੱਚ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ।
ਸਾਰੇ ਪਾਸਿਓਂ ਲੱਭਣ ਮਗਰੋਂ ਉਹ ਕਿਤੇ ਵੀ ਨਹੀਂ ਮਿਲੀ। ਪੁਲਿਸ ਮੁਤਾਬਕ ਉਮੇਸ਼ ਦੀ ਸ਼ਿਕਾਇਤ ਦੇ ਆਧਾਰ ’ਤੇ ਕਤਲ ਅਤੇ ਲੁੱਟ-ਖੋਹ ਦੇ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਹੈ।
ਅਸਲ ਵਿੱਚ ਮਾਮਲਾ ਕੀ ਹੈ?

ਤਸਵੀਰ ਸਰੋਤ, punepolice.gov.in
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਅਨੁਸਾਰ ਸਵਪਨਾਲੀ ਅਤੇ ਉਮੇਸ਼ ਦੋਵਾਂ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਪਰ ਦੋਵਾਂ ਨੇ ਆਪਸ ਵਿੱਚ ਚਾਰ ਸਾਲ ਵਿਆਹ ਕਰਵਾਇਆ ਸੀ।
ਉਹ ਦੋਵੇਂ ਹਡਪਸਰ ਇਲਾਕੇ ਦੇ ਫੁਰਸੁੰਗੀ ਦੀ ਹੰਡੇਕਰ ਬਸਤੀ ਵਿੱਚ ਰਹਿੰਦੇ ਸਨ।
ਉਮੇਸ਼ ਪਵਾਰ ਪੇਸ਼ੇ ਵਜੋਂ ਡਰਾਈਵਰੀ ਕਰਦੇ ਹਨ। ਉਹ ਸੱਤ ਤਰੀਕ ਨੂੰ ਕੰਮ ਲਈ ਬੀਡ ਗਏ ਸੀ। ਉਸੇ ਦਿਨ ਉਨ੍ਹਾਂ ਦੀ ਸਵਪਨਾਲੀ ਨਾਲ ਆਖਰੀ ਵਾਰ ਗੱਲ ਹੋਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਆਪਣੀ ਪਤਨੀ ਨਾਲ ਸੰਪਰਕ ਨਹੀਂ ਹੋਇਆ।
ਅਗਲੇ ਦਿਨ ਉਨ੍ਹਾਂ ਨੇ ਫਿਰ ਸਵਪਨਾਲੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦਾ ਫੋਨ ਲਗਾਤਾਰ ਬੰਦ ਆ ਰਿਹਾ ਸੀ।
ਘਬਰਾਏ ਹੋਏ ਉਮੇਸ਼ ਨੇ ਆਪਣੇ ਇੱਕ ਦੋਸਤ ਨੂੰ ਉਸ ਦੇ ਘਰ ਜਾ ਕੇ ਸਵਪਨਾਲੀ ਬਾਰੇ ਪਤਾ ਕਰਨ ਲਈ ਕਿਹਾ। ਪਰ ਜਦੋਂ ਉਨ੍ਹਾਂ ਦਾ ਦੋਸਤ ਘਰ ਗਿਆ ਤਾਂ ਉਹ ਘਰ ਵਿੱਚ ਨਹੀਂ ਸੀ।
ਉਮੇਸ਼ ਨੂੰ ਆਪਣੀ ਪਤਨੀ ਦੀ ਚਿੰਤਾ ਹੋਣ ਲੱਗੀ ਤਾਂ ਉਹ ਅਗਲੇ ਦਿਨ ਅੱਠ ਤਰੀਕ ਨੂੰ ਬੀਡ ਤੋਂ ਵਾਪਸ ਘਰ ਆ ਗਏ।
ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨੂੰ ਪੁੱਛਿਆ ਪਰ ਸਵਪਨਾਲੀ ਬਾਰੇ ਕਿਤੋਂ ਕੋਈ ਜਾਣਕਾਰੀ ਨਹੀਂ ਮਿਲੀ।
ਉਮੇਸ਼ ਲਗਾਤਾਰ ਆਪਣੀ ਪਤਨੀ ਦੀ ਭਾਲ ਕਰਦੇ ਰਹੇ।
ਲਾਸ਼ ਕਿਵੇਂ ਮਿਲੀ?

ਤਸਵੀਰ ਸਰੋਤ, Getty Images
ਫੁਰਸੁੰਗੀ ਪੁਲਿਸ ਦੇ ਇੰਸਪੈਕਟਰ ਮੰਗਲਾ ਮੋਡਵੇ ਨੇ ਬੀਬੀਸੀ ਨੂੰ ਦੱਸਿਆ, “ਉਮੇਸ਼ ਪਿਛਲੇ ਦੋ ਦਿਨਾਂ ਤੋਂ ਆਪਣੀ ਪਤਨੀ ਦੀ ਭਾਲ ਕਰ ਰਹੇ ਸਨ। ਉਸ ਨੇ ਫਿਰ 9 ਤਰੀਕ ਨੂੰ ਇਹ ਦੇਖਣ ਲਈ ਘਰ ਦੀ ਤਲਾਸ਼ੀ ਲਈ ਕਿ ਘਰ ’ਚੋਂ ਕੋਈ ਗਹਿਣਾ ਚੋਰੀ ਤਾਂ ਨਹੀਂ ਹੋਇਆ।”
ਮੋਡਵੇ ਨੇ ਅੱਗੇ ਦੱਸਿਆ, “ਭਾਲ ਕਰਨ ਮਗਰੋਂ ਉਸ ਨੂੰ ਸੋਫਾ-ਕਮ-ਬੈੱਡ ਵਿੱਚੋਂ ਬੇਹੋਸ਼ੀ ਦੀ ਹਾਲਤ ਵਿੱਚ ਉਸ ਦੀ ਪਤਨੀ ਸਵਪਨਾਲੀ ਮਿਲੀ। ਆਪਣੀ ਪਤਨੀ ਦੀ ਇਹ ਹਾਲਤ ਦੇਖ ਕੇ ਉਸ ਨੇ ਪੁਲਿਸ ਨਾਲ ਸੰਪਰਕ ਕੀਤਾ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਉਮੇਸ਼ ਦੇ ਘਰ ਜਾਂਚ ਲਈ ਇੱਕ ਟੀਮ ਭੇਜੀ। ਉਨ੍ਹਾਂ ਨੇ ਉਥੇ ਪਾਇਆ ਕਿ ਸਵਪਨਾਲੀ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ।”
ਇਸ ਦੌਰਾਨ ਪੁਲਿਸ ਇੰਸਪੈਕਟਰ ਮੋਡਵੇ ਨੇ ਸਵਪਨਾਲੀ ਦੀ ਮੌਤ ਬਾਰੇ ਕਈ ਖੁਲਾਸੇ ਕੀਤੇ ਹਨ।
ਉਨ੍ਹਾਂ ਕਿਹਾ, “ਪੋਸਟਮਾਰਟਮ ਦੀ ਰਿਪੋਰਟ ਅਨੁਸਾਰ ਸਵਪਨਾਲੀ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਸੀ। ਉਸ ਦੀ ਗਰਦਨ ’ਤੇ ਨਹੁੰ ਦੇ ਨਿਸ਼ਾਨ ਵੀ ਪਾਏ ਗਏ ਹਨ।”
ਉਨ੍ਹਾਂ ਅੱਗੇ ਕਿਹਾ, “ਇਹ ਬਹੁਤ ਮੰਦਭਾਗਾ ਹੈ ਕਿ ਕਿਸੇ ਨੇ ਉਮੇਸ਼ ਦੀ ਪਤਨੀ ਦੀ ਲਾਸ਼ ਨੂੰ ਉਸੇ ਬੈੱਡ ਵਿੱਚ ਛੁਪਾਇਆ, ਜਿਥੇ ਉਹ ਸੌ ਰਿਹਾ ਸੀ।”
ਸਵਪਨਾਲੀ ਦੇ ਕਤਲ ਪਿੱਛੇ ਕੌਣ?

ਤਸਵੀਰ ਸਰੋਤ, Getty Images
ਪੁਲਿਸ ਨੂੰ ਸ਼ੱਕ ਹੈ ਕਿ ਸੱਤ ਤਰੀਕ ਨੂੰ ਹੋਏ ਇਸ ਕਤਲ ਪਿੱਛੇ ਪਵਾਰ ਦੇ ਪਰਿਵਾਰ ਦੇ ਕਿਸੇ ਜਾਣਕਾਰ ਦਾ ਹੱਥ ਹੈ।
ਮੰਗਲਾ ਮੋਡਵੇ ਨੇ ਬੀਬੀਸੀ ਨੂੰ ਦੱਸਿਆ, “ਸ਼ੱਕੀ ਮੁਲਜ਼ਮ ਅਕਸਰ ਸਵਪਨਾਲੀ ਦੇ ਘਰ ਇਹ ਕਹਿ ਕੇ ਰੁਕਦਾ ਸੀ ਕਿ ਉਸ ਦੀ ਘਰ ਵਿੱਚ ਲੜਾਈ ਹੁੰਦੀ ਹੈ। ਸਾਰੇ ਗੁਆਂਢੀਆਂ ਨੇ ਦੱਸਿਆ ਕਿ ਉਹ ਉਮੇਸ਼ ਦਾ ਚਾਚਾ ਸੀ ਪਰ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਸ਼ੱਕੀ ਮੁਲਜ਼ਮ ਉਨ੍ਹਾਂ ਦਾ ਰਿਸ਼ਤੇਦਾਰ ਨਹੀਂ ਸੀ।”
ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਸਵਪਨਾਲੀ ਦਾ ਕਤਲ ਸ਼ੱਕੀ ਮੁਲਜ਼ਮ ਨਾਲ ਨਾਜਾਇਜ਼ ਸਬੰਧਾਂ ਕਾਰਨ ਹੋਇਆ ਹੈ। ਸਵਪਨਾਲੀ ਦਾ ਪਤੀ ਉਮੇਸ਼ ਪਵਾਰ ਸ਼ਰਾਬ ਪੀਣ ਦਾ ਆਦੀ ਸੀ ਅਤੇ ਜ਼ਿਆਦਾਤਰ ਘਰ ਨਹੀਂ ਸੀ ਰਹਿੰਦਾ। ਉਹ ਇੱਕ ਕੈਬ ਡਰਾਈਵਰ ਸੀ ਅਤੇ ਲੰਬੇ ਸਮੇਂ ਲਈ ਘਰੋਂ ਬਾਹਰ ਰਹਿੰਦਾ ਸੀ।
ਪੁਲਿਸ ਇੰਸਪੈਕਟਰ ਨੇ ਇਹ ਵੀ ਦੱਸਿਆ ਕਿ ਸ਼ੱਕੀ ਲੰਬੇ ਸਮੇਂ ਤੋਂ ਉਨ੍ਹਾਂ ਦੇ ਘਰ ਰਹਿੰਦਾ ਸੀ।
ਹਰ ਕੋਈ ਇਹ ਸੋਚ ਰਿਹਾ ਹੈ ਕਿ ਸਵਪਨਾਲੀ ਦਾ ਕਤਲ ਕਿਹੜੇ ਕਾਰਨਾਂ ਕਰ ਕੇ ਹੋਇਆ ਹੈ।
ਇਸ ਬਾਰੇ ਗੱਲ ਕਰਦਿਆਂ ਮੰਗਲ ਮੋਡਵੇ ਨੇ ਕਿਹਾ, “ਸ਼ੱਕੀ ਮੁਲਜ਼ਮ ਨੇ ਸਵਪਨਾਲੀ ਨੂੰ ਕਿਸੇ ਹੋਰ ਲੜਕੇ ਨਾਲ ਲੰਬੇ ਸਮੇਂ ਤੱਕ ਫੋਨ ’ਤੇ ਗੱਲ ਕਰਦੇ ਦੇਖਿਆ, ਜਿਸ ਤੋਂ ਬਾਅਦ ਉਸ ਦੀ ਸਵਪਨਾਲੀ ਨਾਲ ਕਾਫੀ ਤਕਰਾਰ ਹੋਈ ਅਤੇ ਉਸ ਨੇ ਗੁੱਸੇ ਵਿੱਚ ਆ ਕੇ ਸਵਪਨਾਲੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।”
ਉਨ੍ਹਾਂ ਅੱਗੇ ਕਿਹਾ, “ਪਰ ਫਿਲਹਾਲ ਇਸ ਬਾਰੇ ਪੱਕਾ ਕੁਝ ਕਹਿਣਾ ਮੁਸ਼ਕਲ ਹੈ। ਸ਼ੱਕੀ ਮੁਲਜ਼ਮ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਹੀ ਅਸਲ ਤਸਵੀਰ ਸਾਹਮਣੇ ਆਵੇਗੀ।”
ਮੋਡਵੇ ਨੇ ਕਿਹਾ, “ਇਸ ਸਮੇਂ ਅਸੀਂ ਮੁਲਜ਼ਮ ਦਾ ਨਾਮ ਨਸ਼ਰ ਨਹੀਂ ਕਰ ਸਕਦੇ ਕਿਉਂਕਿ ਸਾਡੀਆਂ ਦੋ ਟੀਮਾਂ ਅਜੇ ਵੀ ਜਾਂਚ ਕਰ ਰਹੀਆਂ ਹਨ। ਬੀਡ ਜ਼ਿਲ੍ਹੇ ਦੇ ਗੇਵਰਾਈ ਵਿੱਚ ਸਾਡੀ ਟੀਮ ਦੀ ਖੋਜ ਮੁਹਿੰਮ ਜਾਰੀ ਹੈ। ਸਵਪਨਾਲੀ ਦੀ ਲਾਸ਼ ਮਿਲਣ ਤੋਂ ਬਾਅਦ ਉਕਤ ਵਿਅਕਤੀ ਦਾ ਫੋਨ ਬੰਦ ਆ ਰਿਹਾ ਹੈ, ਜਿਸ ਕਰ ਕੇ ਜਾਂਚ-ਪੜਤਾਲ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਜਲਦ ਉਸ ਨੂੰ ਕਬਜ਼ੇ ਵਿੱਚ ਲੈ ਲਵਾਂਗੇ।”
ਉਮੇਸ਼ ਅਤੇ ਸਵਪਨਾਲੀ ਦੇ ਵਿਆਹ ਨੂੰ ਚਾਰ ਸਾਲ ਹੋ ਗਏ ਸਨ। ਉਹ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਜਿਸ ਇਮਾਰਤ ਵਿੱਚ ਕਤਲ ਹੋਇਆ ਉਥੇ ਨਾ ਤਾਂ ਕੋਈ ਸੁਰੱਖਿਆ ਕਰਮਚਾਰੀ ਸੀ ਅਤੇ ਨਾ ਹੀ ਉਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ। ਪੁਲਿਸ ਇਮਾਰਤ ਦੇ ਬਾਹਰ ਸੜਕ ’ਤੇ ਲੱਗੇ ਸੀਸੀਟੀਵੀ ਦੇ ਮਦਦ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਸ ਮਾਮਲੇ ਵਿੱਚ ਪੁਲਿਸ ਅੱਗੇ ਕੀ ਖੁਲਾਸੇ ਕਰਦੀ ਹੈ, ਇਹ ਦੇਖਣਾ ਹੋਵੇਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












