ʻਪਤੀ ਦੀ ਲਾਸ਼ ਸਾਹਮਣੇ ਸੀ, ਬੇਸੁੱਧ ਹਾਲਾਤ ਵਿੱਚ ਹਸਪਤਾਲ ਵਾਲਿਆਂ ਨੇ ਮੇਰੇ ਕੋਲੋਂ ਬੈੱਡ ʼਤੇ ਲੱਗਾ ਖ਼ੂਨ ਸਾਫ਼ ਕਰਵਾਇਆʼ

- ਲੇਖਕ, ਵਿਸ਼ਣੂਕਾਂਤ ਤਿਵਾਰੀ
- ਰੋਲ, ਬੀਬੀਸੀ ਪੱਤਰਕਾਰ
"ਮੈਂ ਤਾਂ ਬੇਸੁੱਧ ਸੀ, ਮੇਰੇ ਪਤੀ ਦੀ ਲਾਸ਼ ਮੇਰੇ ਸਾਹਮਣੇ ਪਈ ਸੀ, ਸਹੁਰਾ ਅਤੇ ਜੇਠ ਵੀ ਮਰ ਗਏ ਸਨ ਅਤੇ ਇੱਕ ਦਿਓਰ ਖ਼ੂਨ ਨਾਲ ਲਥਪਥ ਸੀ, ਉਸੇ ਦੌਰਾਨ ਮੇਰੇ ਤੋਂ ਹਸਪਤਾਲ ਵਿੱਚ ਬੈੱਡ ʼਤੇ ਲੱਗਾ ਖ਼ੂਨ ਸਾਫ਼ ਕਰਵਾਇਆ ਗਿਆ।”
ਇਹ ਕਹਿਣਾ ਹੈ ਰੌਸ਼ਨੀ ਮਰਾਵੀ ਦਾ, ਜਿਨ੍ਹਾਂ ਦਾ ਇੱਕ ਵੀਡੀਓ ਮੱਧ ਪ੍ਰਦੇਸ਼ ਦੇ ਡਿੰਡੌਰੀ ਜ਼ਿਲ੍ਹੇ ਤੋਂ ਵਾਇਰਲ ਹੋਈ ਹੈ।
ਇਸ ਵਾਇਰਲ ਵੀਡੀਓ ਵਿੱਚ ਉਹ ਹਸਪਤਾਲ ਵਿੱਚ ਬੈੱਡ ʼਤੇ ਲੱਗੇ ਖ਼ੂਨ ਨੂੰ ਸਾਫ਼ ਕਰਦੀ ਹੋਈ ਨਜ਼ਰ ਆ ਰਹੀ ਹੈ।
ਦਰਅਸਲ, ਮੱਧ ਪ੍ਰਦੇਸ਼ ਦੇ ਡਿੰਡੌਰੀ ਜ਼ਿਲ੍ਹੇ ਵਿੱਚ 31 ਅਕਤੂਬਰ ਯਾਨਿ ਦੀਵਾਲੀ ਵਾਲੇ ਦਿਨ ਇੱਕ ਹੀ ਪਰਿਵਾਰ ਦੇ ਦੋ ਗੁੱਟਾਂ ਵਿੱਚ ਜ਼ਮੀਨ ਵਿਵਾਦ ਨੂੰ ਲੈ ਕੇ ਹਿੰਸਾ ਭੜਕ ਗਈ ਸੀ।

ਇਸ ਹਿੰਸਾ ਵਿੱਚ ਰੌਸ਼ਨੀ ਦੇ ਸਹੁਰਾ ਧਰਮ ਸਿੰਘ (65), ਉਨ੍ਹਾਂ ਦੇ ਪਤੀ ਸ਼ਿਵਰਾਜ ਅਤੇ ਦਿਓਰ ਗੰਭੀਰ ਤੌਰ ’ਤੇ ਜ਼ਖ਼ਮੀ ਹੋ ਗਏ ਸਨ।
ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਤਿੰਨਾਂ ਜ਼ਖ਼ਮੀਆਂ ਨੂੰ ਰੌਸ਼ਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਘਟਨਾ ਤੋਂ ਤੁਰੰਤ ਬਾਅਦ ਗਾੜਾਸਰਾਈ ਹਸਪਤਾਲ ਲੈ ਕੇ ਗਏ ਸਨ।
ਇੱਥੋਂ ਹਸਪਤਾਲ ਦੇ ਕਰਮਚਾਰੀਆਂ ਨੇ ਕਥਿਤ ਤੌਰ ʼਤੇ ਗਰਭਵਤੀ ਰੌਸ਼ਨੀ ਕੋਲੋਂ ਹਸਪਤਾਲ ਦਾ ਬੈੱਡ ਸਾਫ਼ ਕਰਵਾਇਆ ਸੀ।
ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਹਸਪਤਾਲ ਪ੍ਰਸ਼ਾਸਨ ʼਤੇ ਬੇਰਹਿਮ ਹੋਣ ਦਾ ਇਲਜ਼ਾਮ ਲਗਾਉਂਦੇ ਹੋਏ ਇਸ ਦੀ ਆਲੋਚਨਾ ਕਰ ਰਹੇ ਹਨ।

ʻਅੱਖਾਂ ਸਾਹਮਣੇ ਛਾ ਗਿਆ ਸੀ ਹਨੇਰਾʼ
ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਰੌਸ਼ਨੀ ਨੇ ਕਿਹਾ, "ਉਸ ਵੇਲੇ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਜਿਹਾ ਛਾ ਗਿਆ ਸੀ। ਤਿੰਨ ਲਾਸ਼ਾਂ ਸਾਹਮਣੇ ਪਈਆਂ ਸਨ ਅਤੇ ਕੁਝ ਸਮਝ ਨਹੀਂ ਆ ਰਿਹਾ ਸੀ।”
“ਉਸੇ ਵੇਲੇ ਮੈਨੂੰ ਹਸਪਤਾਲ ਦੀ ਇੱਕ ਮੁਲਾਜ਼ਮ ਨੇ ਬੁਲਾਇਆ ਅਤੇ ਕਿਹਾ ਕਿ ਜਿਸ ਬੈੱਡ ʼਤੇ ਮੇਰੇ ਦਿਓਰ ਪਏ ਸਨ, ਉਸ ਬੈੱਡ ʼਤੇ ਇੱਕ ਰੁਮਾਲ ਪਿਆ ਹੈ ਉਸ ਨੂੰ ਮੈਂ ਚੁੱਕ ਲਵਾਂ।”
ਉਹ ਕਹਿੰਦੀ ਹੈ, “ਮੈਂ ਉਹ ਰੁਮਾਲ ਚੁੱਕ ਲਿਆ। ਉਸ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਬੈੱਡ ʼਤੇ ਪਾਣੀ ਪਾ ਕੇ ਮੈਨੂੰ ਟੀਸ਼ੂ ਪੇਪਰ ਨਾਲ ਬੈੱਡ ਸਾਫ਼ ਕਰਨ ਲਈ ਕਿਹਾ।”
ਰੌਸ਼ਨੀ ਲਈ ਇਸ ਸਾਲ ਦੀ ਦੀਵਾਲੀ ਧੁੰਦਲੀ ਜਿਹੀ ਹੈ। ਦੀਵਾਲੀ ਦੇ ਲਗਭਗ ਇੱਕ ਹਫ਼ਤੇ ਬਾਅਦ, ਰੌਸ਼ਨੀ ਆਪਣੇ ਘਰ ਦੇ ਅੰਦਰ ਆਪਣੇ ਬੱਚਿਆਂ ਦੇ ਨਾਲ ਆਪਣੀ ਸੁੱਧ-ਬੁੱਧ ਖੋਹੀ ਬੈਠੀ ਹੈ।
ਉਨ੍ਹਾਂ ਨੂੰ ਚਿੰਤਾ ਹੈ ਕਿ ਹੁਣ ਉਨ੍ਹਾਂ ਦੇ ਬੱਚਿਆਂ ਦਾ ਕੀ ਹੋਵੇਗਾ। ਰੌਸ਼ਨੀ ਦੇ ਪਤੀ 40 ਸਾਲਾ ਸ਼ਿਵਰਾਜ ਪੇਸ਼ੇ ਤੋਂ ਆਟੋ ਚਾਲਕ ਸਨ ਅਤੇ ਦੀਵਾਲੀ ਵਾਲੇ ਦਿਨ ਕੁਝ ਸਵਾਰੀਆਂ ਨੂੰ ਲੈ ਕੇ ਬਾਜ਼ਾਰ ਗਏ ਸਨ।
ਪਰਿਵਾਰ ਨੂੰ ਅਜੇ ਵੀ ਜਾਨ ਦਾ ਖ਼ਤਰਾ
ਰੌਸ਼ਨੀ ਭਰੇ ਹੋਏ ਗਲ਼ੇ ਨਾਲ ਕਹਿੰਦੇ ਹਨ, “ਜੇਕਰ ਮੇਰੇ ਪਤੀ ਥੋੜ੍ਹੀ ਦੇਰ ਨਾਲ ਆਉਂਦੇ ਤਾਂ ਜ਼ਿਆਦਾ ਬਿਹਤਰ ਹੁੰਦਾ। ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਕਿ ਉਹ ਆਉਣ ਤਾਂ ਫਿਰ ਘਰ ਵਿੱਚ ਪੂਜਾ ਹੋਵੇਗੀ।”
“ਇਸੇ ਦੌਰਾਨ ਪਤਾ ਲੱਗਾ ਕਿ ਜਿਸ ਜ਼ਮੀਨ ਵਿਵਾਦ ʼਤੇ ਅਦਾਲਤ ਨੇ ਸਾਡੇ ਪੱਖ ਵਿੱਚ ਫ਼ੈਸਲਾ ਸੁਣਾਇਆ ਸੀ ਉਸ ʼਤੇ ਲੱਗੀ ਫ਼ਸਲ ਨੂੰ ਦੂਜਾ ਪੱਖ ਕੱਟ ਰਿਹਾ ਹੈ।”
ਉਹ ਦਾਅਵਾ ਕਰਦੀ ਹੈ, “ਮੇਰੇ ਪਤੀ ਬਾਜ਼ਾਰ ਤੋਂ ਵਾਪਸ ਆਏ ਹੀ ਸਨ ਅਤੇ ਉਨ੍ਹਾਂ ਨੇ ਦੂਜੀ ਧਿਰ ਦੀ ਇਸ ਕਾਰਵਾਈ ਦਾ ਵੀਡੀਓ ਬਣਾਉਣਾ ਚਾਹਿਆ ਤਾਂ ਜੋ ਪੁਲਿਸ ਦੇ ਆਉਣ ʼਤੇ ਦਿਖਾਇਆ ਜਾ ਸਕੇ ਪਰ ਉਸੇ ਵੇਲੇ ਉਨ੍ਹਾਂ ਲੋਕਾਂ ਨੇ ਹਮਲਾ ਕਰ ਦਿੱਤਾ।”
ਰੌਸ਼ਨੀ ਦੇ ਦਿਓਰ ਅਤੇ ਘਰ ਵਿੱਚ ਇਕਲੌਤੇ ਪੁਰਸ਼ ਬਚੇ ਰਾਮਰਾਜ ਮਰਾਵੀ ਨੇ ਬੀਬੀਸੀ ਨੇ ਦੱਸਿਆ, “ਪਰਿਵਾਰ ਨੂੰ ਅਜੇ ਵੀ ਖ਼ਤਰਾ ਮਹਿਸੂਸ ਹੁੰਦਾ ਹੈ ਅਤੇ ਇਸ ਲਈ ਉਹ ਲੋਕ ਘਰ ਤੋਂ ਬਾਹਰ ਨਹੀਂ ਨਿਕਲ ਰਹੇ ਹਨ।”

ਰਾਮਰਾਜ ਮਰਾਵੀ ਦਾਅਵਾ ਕਰਦੇ ਹਨ, “ਸਾਨੂੰ ਸੁਣਨ ਵਿੱਚ ਆ ਰਿਹਾ ਹੈ ਕਿ ਅਸੀਂ ਲੋਕ ਅਜੇ ਵੀ ਖ਼ਤਰੇ ਵਿੱਚ ਹਾਂ, ਜਿਨ੍ਹਾਂ ਨੇ ਮੇਰੇ ਭਰਾ ਅਤੇ ਪਿਤਾ ਨੂੰ ਮਾਰਿਆ ਉਹ ਹੁਣ ਇਸ ਮਾਮਲੇ ਦੇ ਜੱਗ ਜ਼ਾਹਿਰ ਹੋਣ ਮਗਰੋਂ ਹੋਰ ਗੁੱਸਾ ਹੋ ਗਏ ਹਨ ਅਤੇ ਇਹ ਸਭ ਸੋਚ ਕੇ ਹੀ ਡਰ ਲੱਗਦਾ ਹੈ।”
“ਅਸੀਂ ਘਰੋਂ ਬਾਹਰ ਨਹੀਂ ਨਿਕਲ ਰਹੇ, ਪਤਾ ਨਹੀਂ ਹੁਣ ਕੀ ਹੋਵੇਗਾ... ਕਿਵੇਂ ਜੀਆਂਗੇ, ਫਿਲਹਾਲ ਤਾਂ ਘਰੋਂ ਨਿਕਲਣ ਲਈ ਵੀ ਡਰ ਲੱਗ ਰਿਹਾ ਹੈ।”
ਉੱਥੇ ਹੀ ਘਰ ਦੇ ਵਿਹੜੇ ਵਿੱਚ ਬੈਠੀ ਰੌਸ਼ਨੀ ਦੱਸਦੀ ਹੈ ਕਿ ਉਨ੍ਹਾਂ ਦੇ ਬੱਚਿਆਂ ਲਈ ਦੀਵਾਲੀ ਲਈ ਲਿਆਂਦੇ ਕੱਪੜੇ ਅੱਜ ਵੀ ਉਵੇਂ ਹੀ ਲਿਫ਼ਾਫੇ ਵਿੱਚ ਬੰਦ ਪਏ ਹਨ।
ਰੌਸ਼ਨੀ ਮਰਾਵੀ ਕਹਿੰਦੀ ਹੈ, “ਬੱਚੇ ਰੋ-ਰੋ ਕੇ ਪਿਤਾ ਬਾਰੇ ਪੁੱਛਦੇ ਹਨ ਪਰ ਮੇਰੇ ਵਿੱਚ ਅਜੇ ਵੀ ਉਨ੍ਹਾਂ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਆਈ। ਉਨ੍ਹਾਂ ਦੇ ਪਿਤਾ ਇੰਨੀ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਸੀ ਕਿ ਬੱਚੇ ਉਸ ਦਿਨ ਪਛਾਣ ਹੀ ਨਹੀਂ ਸਕੇ ਸਨ।”
ਉਹ ਕਹਿੰਦੀ ਹੈ, “ਹੁਣ ਬੱਚਿਆਂ ਨੂੰ ਦੇਖਦੀ ਹਾਂ ਤਾਂ ਲੱਗਦਾ ਹੈ ਕਿ ਕੀ ਹੋਵੇਗਾ ਇਨ੍ਹਾਂ ਦਾ, ਜੇਕਰ ਸਰਕਾਰ ਕੁਝ ਮਦਦ ਕਰੇ ਤਾਂ ਸ਼ਾਇਦ ਬੱਚਿਆਂ ਨੂੰ ਮੈਂ ਪਾਲ਼ ਸਕਾਂਗੀ, ਨਹੀਂ ਤਾਂ ਪਤਾ ਨਹੀਂ ਕੀ ਹੋਵੇਗਾ।”

ਵਾਇਰਲ ਵੀਡੀਓ
ਇਲਜ਼ਾਮਾਂ ਦੀ ਆਲੋਚਨਾ ਤੋਂ ਬਾਅਦ ਡਿੰਡੌਰੀ ਦੇ ਮੁੱਖ ਮੈਡੀਕਲ ਅਧਿਕਾਰੀ ਰਮੇਸ਼ ਮਰਾਵੀ ਨੇ ਗਾੜਾਸਰਈ ਵਿੱਚ ਤਾਇਨਾਤ ਮੈਡੀਕਲ ਅਫਸਰ ਚੰਦਰਸ਼ੇਖਰ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਦੋ ਨਰਸਿੰਗ ਸਟਾਫ਼ ਨੂੰ ਮੁਅੱਤਲ ਕਰ ਦਿੱਤਾ ਹੈ।
ਚੰਦਰਸ਼ੇਖ਼ਰ ਸਿੰਘ ਨੇ ਆਪਣੇ ਬਚਾਅ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਔਰਤ (ਰੌਸ਼ਨੀ) ਨੂੰ ਹਸਪਤਾਲ ਵਿੱਚ ਬੈੱਡ ਸਾਫ਼ ਕਰਨ ਲਈ ਨਹੀਂ ਕਿਹਾ ਗਿਆ ਸੀ, ਬਲਕਿ ਉਨ੍ਹਾਂ ਨੇ ਖ਼ੁਦ ਅਜਿਹਾ ਕੀਤਾ ਸੀ।
ਉਨ੍ਹਾਂ ਦੇ ਇਸ ਬਿਆਨ ʼਤੇ ਕਾਫੀ ਵਿਵਾਦ ਹੋਇਆ ਸੀ। ਕਾਂਗਰਸ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਇਸ ਨੂੰ ʻਭਾਜਪਾ ਸਰਕਾਰ ਵਿੱਚ ਬੇਲਗ਼ਾਮ ਅਫ਼ਸਰਸ਼ਾਹੀ ਦਾ ਅਣਮਨੁੱਖੀ ਕਾਰਾ ਕਿਹਾ ਸੀ।

ਆਪਣੇ ਐਕਸ ਹੈਂਡਲ ʼਤੇ ਪ੍ਰਦੇਸ਼ ਕਾਂਗਰਸ ਨੇ ਲਿਖਿਆ, “ਵਧੇਰੇ ਆਦਿਵਾਸੀ ਗਿਣਤੀ ਵਾਲੇ ਡਿੰਡੌਰੀ ਜ਼ਿਲ੍ਹੇ ਵਿੱਚ ਪਤੀ ਦੀ ਮੌਤ ਮਗਰੋਂ ਗਰਭਵਤੀ ਔਰਤ ਕੋਲੋਂ ਸਾਫ਼-ਸਫਾਈ ਕਰਵਾਉਣਾ ਅਣਮਨੁੱਖਤਾ ਦਾ ਸਿਖ਼ਰ ਹੈ।”
ਡਿੰਡੌਰੀ ਜ਼ਿਲ੍ਹੇ ਦੇ ਮੁੱਖ ਮੈਡੀਕਲ ਅਧਿਕਾਰੀ ਦੇ ਦਫ਼ਤਰ ਤੋਂ ਜਾਰੀ ਮੁਅੱਤਲੀ ਆਦੇਸ਼ ਵਿੱਚ ਕਿਹਾ ਗਿਆ ਹੈ, “ਹਸਪਤਾਲ ਵਿੱਚ ਸਾਫ਼-ਸਫਾਈ ਦੇ ਪ੍ਰਬੰਧ ਦੇ ਬਾਵਜੂਦ ਮਰਹੂਮ ਦੀ ਪਤਨੀ ਕੋਲੋਂ ਬੈੱਡ ਸਾਫ਼ ਕਰਵਾਇਆ ਜਾਣਾ ਬਦਕਿਸਮਤੀ ਵਾਲਾ ਹੈ।”
ਇਸ ਤੋਂ ਪਹਿਲਾਂ ਵੀ ਮੱਧ ਪ੍ਰਦੇਸ਼ ਵਿੱਚ ਸਿਹਤ ਵਿਭਾਗ ਦੀ ਲਾਪਰਵਾਹੀ ਦੇ ਮਾਮਲੇ ਆਉਂਦੇ ਰਹੇ ਹਨ।
ਅਗਸਤ 2022 ਵਿੱਚ ਮੁਰੈਨਾ ਜ਼ਿਲ੍ਹੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਔਰਤ ਦੇ ਸਿਰ ʼਤੇ ਜ਼ਖ਼ਮ ਦਾ ਇਲਾਜ ਕਰਨ ਮਗਰੋਂ ਉਸ ਨੂੰ ਰੂੰ ਨਾਲ ਢਕਣ ਦੀ ਬਜਾਇ ਉਸ ʼਤੇ ਨਿਰੋਧ ਚਿਪਕਾ ਦਿੱਤਾ ਸੀ।
ਇਸ ਤੋਂ ਪਹਿਲਾਂ ਜੁਲਾਈ 2022 ਵਿੱਚ ਇੱਕ ਪੰਜ ਸਾਲ ਦੇ ਬੱਚੇ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ ਵਿੱਚ ਬੱਚਾ ਐਂਬੂਲੈਂਸ ਨਾ ਮਿਲਣ ਕਾਰਨ ਹਸਪਤਾਲ ਦੇ ਬਾਹਰ ਆਪਣੇ ਛੋਟੇ ਭਰਾ ਦੀ ਲਾਸ਼ ਨੂੰ ਗੋਦ ਵਿੱਚ ਲੈ ਕੇ ਬੈਠਾ ਹੋਇਆ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












