ਈਰਾਨ ਦੀ ਯੂਨੀਵਰਸਿਟੀ 'ਚ ਕੁੜੀ ਨੇ ਉਤਾਰੇ ਕੱਪੜੇ, ਕੀ ਹੈ ਪੂਰਾ ਮਾਮਲਾ

ਤਸਵੀਰ ਸਰੋਤ, UGC
- ਲੇਖਕ, ਰੋਜਾ ਅਸਦੀ
- ਰੋਲ, ਬੀਬੀਸੀ ਫ਼ਾਰਸੀ
ਸ਼ਨੀਵਾਰ 2 ਨਵੰਬਰ ਨੂੰ ਤਹਿਰਾਨ ਦੀ ਯੂਨੀਵਰਸਿਟੀ ਆਫ਼ ਸਾਇੰਸ ਐਂਡ ਰਿਸਰਚ ਦੇ ਵਿਹੜੇ ਵਿੱਚ ਅੰਡਰਵੀਅਰ ਵਿੱਚ ਇੱਕ ਕੁੜੀ ਨਜ਼ਰ ਆਉਣ ਅਤੇ ਫਿਰ ਉਸ ਦੀ ਗ੍ਰਿਫ਼ਤਾਰੀ ਦੇ ਵੀਡੀਓ ʼਤੇ ਵੱਡੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।
ਇਸ ਵੀਡੀਓ ਉਪਰ ਸੋਸ਼ਲ ਮੀਡੀਆ ʼਤੇ ਕਾਫੀ ਲੋਕਾਂ ਨੇ ਟਿੱਪਣੀ ਕੀਤੀ ਹੈ। ਇਸ ਵਿੱਚ ਕੁੜੀ ਵੱਲੋਂ ਆਪਣੇ ਕੱਪੜੇ ਉਤਾਰਨ ਬਾਰੇ ਵੀ ਖ਼ਬਰਾਂ ਸਾਹਮਣੇ ਆਈਆਂ ਹਨ।
ਬੀਬੀਸੀ ਫ਼ਾਰਸੀ ਦੀ ਡਿਜੀਟਲ ਟੀਮ ਨੇ ਘਟਨਾ ਸਥਾਨ ਦੀ ਪੁਸ਼ਟੀ ਕੀਤੀ ਹੈ। ਇਹ ਸਥਾਨ ਇਸਲਾਮਿਕ ਆਜ਼ਾਦ ਯੂਨੀਵਰਸਿਟੀ ਆਫ਼ ਸਾਇੰਸ ਐਂਡ ਰਿਸਰਚ, ਤਹਿਰਾਨ ਦੇ ਬਲਾਕ-1 ਦਾ ਹੈ।
ਬੀਬੀਸੀ ਮੁਤਾਬਕ ਇਹ ਘਟਨਾ ਸ਼ਨੀਵਾਰ 2 ਨਵੰਬਰ ਦੀ ਹੈ।
ਹੋਰ ਤਸਵੀਰਾਂ ਵਿੱਚ ਕੁੜੀ ਆਪਣੇ ਅੰਡਰਵੀਅਰ 'ਚ ਕੈਂਪਸ ਅੰਦਰ ਬੇਫਿਕਰੀ ਨਾਲ ਘੁੰਮਦੀ ਨਜ਼ਰ ਆ ਰਹੀ ਹੈ।

ਵੀਡੀਓ 'ਚ ਕੀ ਨਜ਼ਰ ਆ ਰਿਹਾ ਹੈ?
ਇਸ ਵੀਡੀਓ ਵਿੱਚ ਅੰਡਰਵੀਅਰ 'ਚ ਇੱਕ ਕੁੜੀ ਯੂਨੀਵਰਸਿਟੀ ਕੈਂਪਸ ਦੀ ਸਟੇਜ 'ਤੇ ਬੈਠੀ ਹੈ ਅਤੇ ਯੂਨੀਵਰਸਿਟੀ ਦੇ ਪੁਰਸ਼ ਅਤੇ ਮਹਿਲਾ ਸੁਰੱਖਿਆ ਅਧਿਕਾਰੀ ਉਸ ਨਾਲ ਗੱਲਬਾਤ ਕਰ ਰਹੇ ਹਨ ਪਰ ਵੀਡੀਓ 'ਚ ਇਹ ਗੱਲਬਾਤ ਸੁਣੀ ਨਹੀਂ ਜਾ ਸਕਦੀ।
ਸ਼ਾਇਦ ਇਹ ਵੀਡੀਓ ਕਿਤੇ ਦੂਰੋਂ ਕਲਾਸ ਰੂਮ ਦੀ ਖਿੜਕੀ ਤੋਂ ਬਣਾਈ ਗਈ ਸੀ। ਇੱਕ ਹੋਰ ਵੀਡੀਓ ਵਿੱਚ ਕੁੜੀ ਬਲਾਕ-1 ਦੇ ਕੋਲ ਇੱਕ ਸੜਕ 'ਤੇ ਸੈਰ ਕਰਦੀ ਦਿਖਾਈ ਦੇ ਰਹੀ ਹੈ।
ਉਸ ਦੀਆਂ ਹਰਕਤਾਂ ਤੋਂ ਸਾਫ਼ ਹੈ ਕਿ ਉਹ ਆਪਣੇ ਸ਼ਾਰਟਸ ਉਤਾਰ ਰਹੀ ਹੈ। ਮੌਕੇ 'ਤੇ ਮੌਜੂਦ ਲੋਕਾਂ ਦੀ ਪ੍ਰਤੀਕਿਰਿਆ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ।
ਥੋੜ੍ਹੀ ਹੀ ਦੇਰ ਬਾਅਦ ਕਈ ਪੁਲਿਸ ਅਧਿਕਾਰੀਆਂ ਨਾਲ ਇੱਕ ਕਾਰ ਮੌਕੇ 'ਤੇ ਪਹੁੰਚਦੀ ਹੈ।
ਅਜਿਹਾ ਪ੍ਰਤੀਤ ਹੁੰਦਾ ਹੈ ਕਿ ਕਈ ਅਧਿਕਾਰੀ ਕਾਰ ਤੋਂ ਹੇਠਾਂ ਉਤਰਦੇ ਹਨ ਅਤੇ ਹਮਲਾਵਰ ਢੰਗ ਨਾਲ ਕੁੜੀ ਨੂੰ ਕਾਰ ਵਿੱਚ ਬਿਠਾ ਲੈਂਦੇ ਹਨ।

ਤਸਵੀਰ ਸਰੋਤ, Getty Images
ਸੋਸ਼ਲ ਮੀਡੀਆ 'ਤੇ ਕੀ ਦਾਅਵੇ ਹੋ ਰਹੇ ਹਨ
ਈਰਾਨ ਤੋਂ ਬਾਹਰ ਕਈ ਮੀਡੀਆ ਪਲੇਟਫਾਰਮਾਂ ਅਤੇ ਸੋਸ਼ਲ ਮੀਡੀਆ ਨੈੱਟਵਰਕਾਂ 'ਤੇ ਪ੍ਰਕਾਸ਼ਤ ਰਿਪੋਰਟਾਂ ਨੇ ਇਸ ਨੂੰ ਕੁੜੀ ਦੇ ਵਿਰੋਧ ਦਾ ਤਰੀਕਾ ਦੱਸਿਆ ਹੈ।
ਇਸ ਘਟਨਾ ਨੂੰ ਹਿਜਾਬ ਪਾਉਣਾ ਲਾਜ਼ਮੀ ਕਰਨ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਅਧਿਕਾਰੀਆਂ ਦੇ ਵਿਵਹਾਰ ਦੇ ਖ਼ਿਲਾਫ਼ ਪ੍ਰਦਰਸ਼ਨ ਦਾ ਪ੍ਰਤੀਕਰਮ ਦੱਸਿਆ ਜਾ ਰਿਹਾ ਹੈ।
ਇਸ ਨਾਲ ਜੁੜੀਆਂ ਕਈ ਰਿਪੋਰਟਾਂ 'ਅਮੀਰ ਕਬੀਰ ਨਿਊਜ਼ਲੈਟਰ' ਦੇ ਟੈਲੀਗ੍ਰਾਮ ਚੈਨਲ 'ਤੇ ਪ੍ਰਕਾਸ਼ਿਤ ਹੋਈਆਂ ਹਨ।
'ਅਮੀਰ ਕਬੀਰ ਨਿਊਜ਼' ਵਿੱਚ ਕਿਹਾ ਗਿਆ ਹੈ ਕਿ 'ਮਾਸਕ ਨਾ ਪਹਿਨਣ ਕਾਰਨ ਕੁੜੀ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਸੁਰੱਖਿਆ ਬਲਾਂ ਨੇ ਉਸ ਦੇ ਕੱਪੜੇ ਪਾੜ ਦਿੱਤੇ, ਉਸ ਤੋਂ ਬਾਅਦ ਕੁੜੀ ਨੇ ਵਿਰੋਧ ਵਿੱਚ ਆਪਣੇ ਸਾਰੇ ਕੱਪੜੇ ਉਤਾਰ ਦਿੱਤੇ।'
ਬੀਬੀਸੀ ਫ਼ਾਰਸੀ ਦੇ ਜਵਾਬ ਵਿੱਚ ਅਮੀਰ ਕਬੀਰ ਅਖ਼ਬਾਰ ਨੇ ਕਿਹਾ ਹੈ ਉਸ ਨੇ ਇੱਕ ਜਾਣਕਾਰ ਸੂਤਰ ਤੋਂ ਮਿਲੀ ਸੂਚਨਾ ਦੇ ਆਧਾਰ ʼਤੇ ਇਹ ਰਿਪੋਰਟ ਪ੍ਰਕਾਸ਼ਤ ਕੀਤੀ ਹੈ।

ਤਸਵੀਰ ਸਰੋਤ, Getty Images
ਬੀਬੀਸੀ ਨੂੰ ਚਸ਼ਮਦੀਦਾਂ ਨੇ ਕੀ ਦੱਸਿਆ
ਇਸ ਘਟਨਾ ਦੇ ਦੋ ਚਸ਼ਮਦੀਦਾਂ ਨੇ ਬੀਬੀਸੀ ਫ਼ਾਰਸੀ ਨਾਲ ਗੱਲਬਾਤ ਦੌਰਾਨ ਘਟਨਾ ਬਾਰੇ ਦੱਸਿਆ ਹੈ।
ਉਨ੍ਹਾਂ ਨੇ ਬੀਬੀਸੀ ਫ਼ਾਰਸੀ ਨੂੰ ਦੱਸਿਆ ਕਿ ਕੁੜੀ "ਹੱਥ ਵਿੱਚ ਮੋਬਾਈਲ ਫ਼ੋਨ ਲੈ ਕੇ ਕਈ ਕਲਾਸਰੂਮਾਂ ਵਿੱਚ ਦਾਖ਼ਲ ਹੋਈ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਵਿਦਿਆਰਥੀਆਂ ਦੀ ਫਿਲਮ ਬਣਾ ਰਹੀ ਹੋਵੇ।"
ਉਨ੍ਹਾਂ ਅਨੁਸਾਰ, ਬਿਨਾਂ ਇਜਾਜ਼ਤ ਕੈਂਪਸ ਵਿੱਚ ਦਾਖ਼ਲ ਹੋਣ ਤੋਂ ਨਾਰਾਜ਼ ਇੱਕ ਪ੍ਰੋਫੈਸਰ ਨੇ ਇੱਕ ਵਿਦਿਆਰਥੀ ਨੂੰ ਇਹ ਪੁੱਛਣ ਲਈ ਭੇਜਿਆ ਕਿ ਉਹ ਕੀ ਕਰ ਰਹੀ ਹੈ। ਇੱਕ ਗਵਾਹ ਮੁਤਾਬਕ ਇਸ 'ਤੇ ਕੁੜੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਇੱਕ ਚਸ਼ਮਦੀਦ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਉਹ ਵਿਹੜੇ ਵਿੱਚ ਪਹੁੰਚਿਆ ਤਾਂ ਉਨ੍ਹਾਂ ਨੇ ਦੇਖਿਆ ਕਿ ਕੁੜੀ ਨੇ ਆਪਣੇ ਕੱਪੜੇ ਉਤਾਰ ਦਿੱਤੇ ਸਨ।
ਇਨ੍ਹਾਂ ਗਵਾਹਾਂ ਅਨੁਸਾਰ, ਕੁੜੀ ਅਤੇ ਗਾਰਡ ਵਿਚਕਾਰ "ਕੋਈ ਲੜਾਈ ਨਹੀਂ ਹੋਈ"।
ਪਰ ਇਨ੍ਹਾਂ ਦੋਹਾਂ ਗਵਾਹਾਂ ਨੇ ਕਲਾਸ ਰੂਮ ਵਿੱਚ ਅਚਾਨਕ ਦਾਖ਼ਲ ਹੋਣ ਮਗਰੋਂ ਹੀ ਇਸ ਘਟਨਾ ਨੂੰ ਦੇਖਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੁੜੀ ਦੇ ਕਲਾਸਰੂਮ ਵਿੱਚ ਆਉਣ ਤੋਂ ਪਹਿਲਾਂ ਕੀ ਹੋਇਆ ਸੀ।
ਉਨ੍ਹਾਂ ਨੇ ਇਹ ਨਹੀਂ ਦੇਖਿਆ ਕਿ ਕੁੜੀ ਦੇ ਇਮਾਰਤ ਤੋਂ ਬਾਹਰ ਨਿਕਲਣ ਅਤੇ ਆਪਣੇ ਕੱਪੜੇ ਉਤਾਰਨ ਤੋਂ ਪਹਿਲਾਂ ਕੀ ਹੋਇਆ?
ਇਸ ਕੁੜੀ ਦੇ ਕੱਪੜੇ ਉਤਾਰਨ ਤੋਂ ਬਾਅਦ ਇਹ ਦੋਵੇਂ ਗਵਾਹ ਉੱਥੇ ਪਹੁੰਚੇ ਸਨ।
ਇਨ੍ਹਾਂ ਚਸ਼ਮਦੀਦਾਂ ਦੇ ਮੁਤਾਬਕ, ਕੁੜੀ ਨੇ ਬਿਲਡਿੰਗ ਅੰਦਰ ਵਿਦਿਆਰਥੀਆਂ ਨੂੰ ਕਿਹਾ, "ਮੈਂ ਤੁਹਾਨੂੰ ਬਚਾਉਣ ਆਈ ਹਾਂ।"
ਇਸ ਯੂਨੀਵਰਸਿਟੀ ਦੀ ਵਿਦਿਆਰਥਣ ਨਜ਼ਰ ਆ ਰਹੀ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਐਕਸ ʼਤੇ ਇੱਕ ਪੋਸਟ ਵਿੱਚ ਲਿਖਿਆ ਕਿ ਕੁੜੀ ਨੇ ਕਿਹਾ, "ਮੈਂ ਤੈਨੂੰ ਬਚਾਉਣ ਆਈ ਹਾਂ।"

ਤਸਵੀਰ ਸਰੋਤ, UGC
ਯੂਨੀਵਰਸਿਟੀ ਅਤੇ ਮੀਡੀਆ ਦੀ ਪ੍ਰਤੀਕਿਰਿਆ
ਇਸਲਾਮਿਕ ਆਜ਼ਾਦ ਯੂਨੀਵਰਸਿਟੀ ਦੇ ਜਨ ਸੰਪਰਕ ਵਿਭਾਗ ਦੇ ਨਿਰਦੇਸ਼ਕ ਅਮੀਰ ਮਹਜ਼ੋਬ ਨੇ ਸੋਸ਼ਲ ਮੀਡੀਆ ਐਕਸ 'ਤੇ ਇਕ ਪੋਸਟ 'ਚ ਕੁੜੀ ਨੂੰ ਯੂਨੀਵਰਸਿਟੀ ਦੀ ਵਿਦਿਆਰਥਣ ਦੱਸਿਆ ਪਰ ਸੁਰੱਖਿਆ ਕਰਮਚਾਰੀਆਂ ਨਾਲ ਉਨ੍ਹਾਂ ਦੀ ਕਿਸੇ ਤਰ੍ਹਾਂ ਦੇ ਤਕਰਾਰ ਤੋਂ ਇਨਕਾਰ ਕੀਤਾ ਹੈ।
ਅਮੀਰ ਮਹਜ਼ੋਬ ਮੁਤਾਬਕ, "ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁੜੀ ਨੇ ਆਪਣੀ ਮਾਨਸਿਕ ਸਥਿਤੀ ਦੇ ਕਾਰਨ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਦੀਆਂ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਲਈ ਉਸ ਨੂੰ ਰੋਕਿਆ ਵੀ ਗਿਆ।"
"ਵਿਦਿਆਰਥੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੀ ਚੇਤਾਵਨੀ ਤੋਂ ਬਾਅਦ, ਉਹ ਵਿਹੜੇ ਵਿੱਚ ਗਈ ਅਤੇ ਇਹ ਸਭ ਕੀਤਾ।"
ਆਈਐੱਸਐੱਨਏ ਸਮੇਤ ਈਰਾਨੀ ਮੀਡੀਆ ਨੇ ਇਹ ਦਾਅਵਾ ਕੀਤਾ ਹੈ ਕਿ ਇਸ ʻਕੁੜੀʼ ਨੂੰ ਵਿਦਿਆਰਥੀਆਂ ਦਾ ਵੀਡੀਓ ਬਣਾਉਣ ਤੋਂ ਬਾਅਦ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਇਸੇ ਵਿਰੋਧ ਦੇ ਜਵਾਬ 'ਚ ਉਸ ਨੇ ਆਪਣੇ ਕੱਪੜੇ ਉਤਾਰ ਦਿੱਤੇ।
ਇਨ੍ਹਾਂ ਮੀਡੀਆ ਅਦਾਰਿਆ ਵਿੱਚ ਯੂਨੀਵਰਸਿਟੀ ਦੇ ਹਵਾਲੇ ਨਾਲ ਕਿਹਾ ਗਿਆ, "ਇਹ ਵਿਦਿਆਰਥਣ ਗੰਭੀਰ ਮਾਨਸਿਕ ਦਬਾਅ ਤੇ ਮਾਨਸਿਕ ਬਿਮਾਰੀ ਨਾਲ ਪੀੜਤ ਹੈ ਅਤੇ ਇਸਨੂੰ ਇੱਕ ਮੈਡੀਕਲ ਸੈਂਟਰ ਵਿੱਚ ਭੇਜ ਦਿੱਤਾ ਗਿਆ ਹੈ।"

ਤਸਵੀਰ ਸਰੋਤ, Getty Images
ਵਿਦਿਆਰਥਣ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ
ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਇਸ ਕੁੜੀ ਦੀ ਗ੍ਰਿਫ਼ਤਾਰੀ 'ਤੇ ਪ੍ਰਤੀਕਿਰਿਆ ਦਿੱਤੀ ਹੈ।
ਐਮਨੈਸਟੀ ਇੰਟਰਨੈਸ਼ਨਲ ਨੇ ʻਐਕਸʼ ʼਤੇ ਟਵੀਟ ਵਿੱਚ ਲਿਖਿਆ, "2 ਨਵੰਬਰ ਨੂੰ ਹਿੰਸਕ ਤਰੀਕੇ ਨਾਲ ਗ੍ਰਿਫ਼ਤਾਰ ਕੀਤੀ ਗਈ ਵਿਦਿਆਰਥਣ ਨੂੰ ਈਰਾਨੀ ਅਧਿਕਾਰੀਆਂ ਨੂੰ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਅ ਕਰਨਾ ਚਾਹੀਦਾ ਹੈ ਜਿਸ ਨਾਲ ਇਸਲਾਮਿਕ ਆਜ਼ਾਦ ਯੂਨੀਵਰਸਿਟੀ ਵਿੱਚ ਸੁਰੱਖਿਆ ਅਧਿਕਾਰੀਆਂ ਨੇ ਜ਼ਬਰਨ ਹਿਜਾਬ ਪਹਿਨਣ ਦੇ ਲਈ ਮਾੜੇ ਵਤੀਰਾ ਕੀਤਾ ਅਤੇ ਇਸ ਦੇ ਵਿਰੋਧ ਵਿੱਚ ਉਸ ਨੇ ਕੱਪੜੇ ਉਤਾਰ ਦਿੱਤੇ ਸਨ।"
ਐਮਨੈਸਟੀ ਈਰਾਨ ਨੇ ਐਕਸ ʼਤੇ ਲਿਖਿਆ ਹੈ, "ਇਸ ਦੌਰਾਨ ਅਧਿਕਾਰੀਆਂ ਨੂੰ ਉਸ ਨਾਲ ਅੱਤਿਆਚਾਰ ਅਤੇ ਹੋਰ ਮਾੜਾ ਵਤੀਰਾ ਰੋਕਿਆ ਜਾਣਾ ਚਾਹੀਦਾ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਵਕੀਲ ਮਿਲ ਸਕੇ।"
"ਹਿਰਾਸਤ ਦੌਰਾਨ ਉਨ੍ਹਾਂ ਖ਼ਿਲਾਫ਼ ਕੁੱਟਮਾਰ ਅਤੇ ਜਿਣਸੀ ਹਿਸਾ ਦੇ ਇਲਜ਼ਾਮਾਂ ਦੀ ਜਾਂਚ ਨਿਰਪੱਖਤਾ ਨਾਲ ਹੋਣੀ ਚਾਹੀਦੀ ਹੈ।"
ਮਾਈ ਸਾਤੋ, ਜਿਨ੍ਹਾਂ ਨੇ ਅਗਸਤ ਵਿੱਚ ਈਰਾਨ ਲਈ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ ਵਿਸ਼ੇਸ਼ ਦੂਤ ਵਜੋਂ ਕੰਮ ਸ਼ੁਰੂ ਕੀਤਾ, ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ 'ਤੇ ਇੱਕ ਟਵੀਟ ਵਿੱਚ ਲਿਖਿਆ, "ਮੈਂ ਇਸ ਘਟਨਾ ਅਤੇ ਇਸ ʼਤੇ ਅਧਿਕਾਰੀਆਂ ਦੀ ਪ੍ਰਤੀਕਿਰਿਆ ʼਤੇ ਨੇੜਿਓਂ ਨਜ਼ਰ ਰੱਖਾਂਗਾ।"

ਤਸਵੀਰ ਸਰੋਤ, Getty Images
ਹਿਜਾਬ ਦਾ ਵਿਰੋਧ?
ਹਾਲਾਂਕਿ ਇਸ ਕੁੜੀ ਨੇ ਜੋ ਕੁਝ ਕੀਤਾ ਉਸ ʼਤੇ ਵੱਖ-ਵੱਖ ਕਹਾਣੀਆਂ ਅਤੇ ਦਾਅਵਿਆਂ ਕਾਰਨ ਅਸੀਂ ਇਸ ਦਾ ਮੁੱਖ ਕਾਰਨ ਨਹੀਂ ਜਾਣਦੇ, ਪਰ ਕਈ ਯੂਜ਼ਰਜ਼ ਨੇ ਜਾਣਕਾਰੀ ਦੇ ਆਧਾਰ ʼਤੇ ਇਸ ਕੁੜੀ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਕਈ ਯੂਜ਼ਰਸ ਨੇ ਵਿਦਿਆਰਥਣ ਦੀ ਇਸ ਕਾਰਵਾਈ ਨੂੰ ਲਾਜ਼ਮੀ ਹਿਜਾਬ ਪਹਿਨਣ ਦਾ ਵਿਰੋਧ ਦੱਸਿਆ ਹੈ, ਜੋ ਯੂਨੀਵਰਸਿਟੀ ਦੇ ਸੁਰੱਖਿਆ ਬਲਾਂ ਦੇ ਸਖ਼ਤ ਰਵੱਈਏ ਖ਼ਿਲਾਫ਼ ਕੀਤਾ ਗਿਆ ਸੀ।
ਅਜਿਹੇ ਦਾਅਵੇ ਕਰਨ ਵਾਲਿਆਂ ਵਿੱਚ ਵਕੀਲ ਮਰੀਅਮ ਕਿਯਾਨਾਰਥੀ ਵੀ ਸ਼ਾਮਲ ਹੈ, ਜਿਨ੍ਹਾਂ ਨੇ ਲਿਖਿਆ, "ਹਿਊਮੈਨਟੀਜ਼ ਦੀ ਇਸ ਵਿਦਿਆਰਥਣ ਦੀ ਬਗ਼ਾਵਤ ਵਿਦਿਆਰਥਣਾਂ 'ਤੇ ਹਿਜਾਬ ਪਹਿਨਣ ਲਈ ਕਠੋਰ ਅਤੇ ਅਨੁਚਿਤ ਦਬਾਅ ਦੀ ਨਿਸ਼ਾਨੀ ਹੈ।"
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਨਾਂ ਪੈਸੇ ਲਏ ਇਸ ਕੁੜੀ ਲਈ ਕੇਸ ਲੜਨ ਅਤੇ ਉਸ ਦੀ ਨੁਮਾਇੰਦਗੀ ਕਰਨ ਲਈ ਤਿਆਰ ਹਨ।
ਜਿਹੜੇ ਯੂਜ਼ਰਜ਼ ਮੰਨਦੇ ਹਨ ਕਿ ਕੁੜੀ ਨੇ ਹਿਜਾਬ ਪਹਿਨਣ ਦੇ ਦਬਾਅ ਅਤੇ ਸੁਰੱਖਿਆ ਬਲਾਂ ਦੇ ਵਿਵਹਾਰ ਕਾਰਨ ਆਪਣੇ ਕੱਪੜੇ ਉਤਾਰ ਦਿੱਤੇ ਸਨ, ਉਹ ਕੁੜੀ ਦੇ ਇਸ ਕਦਮ ਨੂੰ "ਹਿੰਮਤ" ਕਰਾਰ ਦੇ ਰਹੇ ਹਨ।
ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਇਸ ਕੁੜੀ ਨੇ ਅਜਿਹਾ ਸਿਰਫ਼ ਘਬਰਾਹਟ ਅਤੇ ਦਬਾਅ ਵਿੱਚ ਕੀਤਾ ਹੈ ਅਤੇ ਇਹ ਜਾਣਬੁੱਝ ਕੇ ਕੀਤਾ ਗਿਆ ਵਿਰੋਧ ਨਹੀਂ ਸੀ।
ਹਾਲਾਂਕਿ, ਈਰਾਨ ਸਰਕਾਰ ਦੇ ਬਹੁਤ ਸਾਰੇ ਸਮਰਥਕਾਂ ਅਤੇ "ਔਰਤਾਂ, ਜੀਵਨ, ਆਜ਼ਾਦੀ" ਅੰਦੋਲਨ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਕੁੜੀ ਦੀ ਕਾਰਵਾਈ ਉਨ੍ਹਾਂ ਦੇ ਦਾਅਵੇ ਦੀ ਪੁਸ਼ਟੀ ਹੈ ਕਿ "ਇਸ ਅੰਦੋਲਨ ਵਿੱਚ ਪ੍ਰਦਰਸ਼ਨਕਾਰੀ ਨੰਗੇ ਹੋਣਾ ਚਾਹੁੰਦੇ ਹਨ।"
ਕਈ ਯੂਜ਼ਰਜ਼ ਦਾ ਕਹਿਣਾ ਹੈ ਕਿ ਉਹ ਇਸ ਕੁੜੀ ਦੀ ਪਛਾਣ ਲੱਭ ਰਹੇ ਹਨ ਤਾਂ ਕਿ ਉਹ ਸੋਸ਼ਲ ਮੀਡੀਆ 'ਤੇ ਉਸ ਬਾਰੇ ਜਾਣਕਾਰੀ ਦੇ ਸਕਣ ਅਤੇ ਉਸ ਦਾ ਸਮਰਥਨ ਕਰ ਸਕਣ।
ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਵਿਰੋਧ ਕਰਨ ਵਾਲਿਆਂ ਦੀ ਗ਼ੁਮਨਾਮੀ ਕਾਰਨ ਖ਼ਬਰਾਂ ਖ਼ਾਮੋਸ਼ ਹੋ ਜਾਂਦੀਆਂ ਹਨ, ਜੋ ਅੰਤ ਵਿੱਚ ਨੁਕਸਾਨਦੇਹ ਸਾਬਤ ਹੁੰਦੀਆਂ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












