ਦੀਪ ਸਿੱਧੂ ਦੇ ‘ਸਾਥੀ’ ਗੁਰਪ੍ਰੀਤ ਸਿੰਘ ਦੇ ਕਤਲ ਕਾਂਡ ਵਿੱਚ ਦੋ ਸ਼ੂਟਰ ਗ੍ਰਿਫ਼ਤਾਰ, ਪੁਲਿਸ ਨੇ ਕਤਲ ਦੇ ਮਕਸਦ ਪਿੱਛੇ ਕੀ ਕੀਤਾ ਦਾਅਵਾ

ਦੀਪ ਸਿੱਧੂ ਅਤੇ ਗੁਰਪ੍ਰੀਤ ਸਿੰਘ
ਤਸਵੀਰ ਕੈਪਸ਼ਨ, 9 ਅਕਤੂਬਰ 2024 ਨੂੰ ਗੁਰਪ੍ਰੀਤ ਸਿੰਘ (ਸੱਜੇ) ਦਾ ਪਿੰਡ ਹਰੀ ਨੌ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
    • ਲੇਖਕ, ਭਾਰਤ ਭੂਸ਼ਣ
    • ਰੋਲ, ਬੀਬੀਸੀ ਸਹਿਯੋਗੀ

ਮਰਹੂਮ ਅਦਾਕਾਰ ਦੀਪ ਸਿੱਧੂ ਦੇ ਸਾਥੀ ਰਹੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕੇਸ ਵਿੱਚ ਪੁਲਿਸ ਨੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।

ਇਨ੍ਹਾਂ ਦੋਵੇਂ ਸ਼ੂਟਰਾਂ ਨੂੰ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ।

ਅਦਾਕਾਰ ਦੀਪ ਸਿੱਧੂ ਦੇ ਨੇੜਲੇ ਸਾਥੀ ਮੰਨੇ ਜਾਂਦੇ ਗੁਰਪ੍ਰੀਤ ਸਿੰਘ ਹਰੀ ਨੌ ਦਾ 9 ਅਕਤੂਬਰ 2024 ਨੂੰ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਸੀ।

ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਹੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਮਾਮਲੇ ਬਾਰੇ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ।

ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਫਰੀਦਕੋਟ ਪਰੱਗਿਆ ਜੈਨ ਨੇ ਦੱਸਿਆ ਗਿਆ ਕਿ ਇਹ ਆਪਰੇਸ਼ਨ ਫ਼ਰੀਦਕੋਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਨੇ ਸਾਂਝੇ ਤੌਰ ʼਤੇ ਕੀਤਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਪੁਲਿਸ ਨੇ ਹੋਰ ਕੀ ਦੱਸਿਆ

ਪੁਲਿਸ ਮੁਤਾਬਕ, ਇਸ ਕਤਲ ਸਾਜ਼ਿਸ਼ ਵਿੱਚ ਕਈ ਲੋਕਾਂ ਦੀ ਸ਼ਮੂਲੀਅਤ ਹੈ। ਪਰੱਗਿਆ ਜੈਨ ਨੇ ਜਾਣਕਾਰੀ ਦਿੱਤੀ ਕਿ ਇਸ ਵਿੱਚ ਪੁਲਿਸ ਵੱਲੋਂ ਅੱਤਵਾਦੀ ਐਲਾਨੇ ਗਏ ਅਰਸ਼ ਡਾਲਾ ਦੀ ਭੂਮਿਕਾ ਵੀ ਸਾਹਮਣੇ ਆਈ ਸੀ।

ਇਨ੍ਹਾਂ ਮੁਲਜ਼ਮਾਂ ਦੀ ਪਛਾਣ ਨਵਜੋਤ ਸਿੰਘ ਉਰਫ ਨੀਟੂ ਅਤੇ ਅਨਮੋਲ ਸਿੰਘ ਵਜੋਂ ਹੋਈ ਅਤੇ ਇਹ ਦੋਵੇਂ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹਨ।

ਪੁਲਿਸ ਨੇ ਇਨ੍ਹਾਂ ਤੋਂ 2 ਰਿਵਾਲਵਰ ( 9 ਐੱਮਐੱਮ ਅਤੇ 0.302 ਰਿਵਾਲਵਰ), ਇੱਕ ਜਾਅਲੀ ਆਧਾਰ ਕਾਰਡ ਅਤੇ 27,500 ਰੁਪਏ ਨਗਦ ਬਰਾਮਦ ਕੀਤੇ ਹਨ।

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸ਼ੂਟਰਾਂ ਨੇ 9 ਅਕਤੂਬਰ ਦੀ ਵਾਰਦਾਤ ਤੋਂ ਪਹਿਲਾਂ 7 ਅਕਤੂਬਰ ਨੂੰ ਮੱਧ ਪ੍ਰੱਦੇਸ਼ ਵਿੱਚ ਵੀ ਇੱਕ ਕਤਲ ਨੂੰ ਅੰਜ਼ਾਮ ਦਿੱਤਾ ਸੀ।

ਐੱਸਐੱਸਪੀ ਫਰੀਦਕੋਟ ਪਰੱਗਿਆ ਜੈਨ

ਤਸਵੀਰ ਸਰੋਤ, Bharat Bhushan/BBC

ਤਸਵੀਰ ਕੈਪਸ਼ਨ, ਕਤਲ ਕੇਸ ਬਾਰੇ ਐੱਸਐੱਸਪੀ ਫਰੀਦਕੋਟ ਪਰੱਗਿਆ ਜੈਨ ਜਾਣਕਾਰੀ ਦਿੰਦੇ ਹੋਏ

ਇਸ ਤੋਂ ਬਾਅਦ ਹੀ ਅਰਸ਼ ਡਾਲਾ ਨੇ ਇਨ੍ਹਾਂ ਨੂੰ ਪੰਜਾਬ ਵਿੱਚ ਵੱਖ-ਵੱਖ ਮੌਡਿਊਲ ਦਿੱਤੇ ਅਤੇ ਪੰਜਾਬ ਵਿੱਚ ਇਨ੍ਹਾਂ ਨੇ ਤਿੰਨ ਹੋਰ ਬੰਦਿਆਂ ਨੂੰ ਨਿਸ਼ਾਨਾ ਬਣਾਉਣਾ ਸੀ।

ਪੁਲਿਸ ਦੀ ਜਾਣਕਾਰੀ ਮੁਤਾਬਕ, ਇਨ੍ਹਾਂ ਦੋਵਾਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ। ਨਵਜੋਤ ਸਿੰਘ ਨੀਟੂ ʼਤੇ ਪੰਜ ਪੁਰਾਣੇ ਪਰਚੇ ਹਨ ਅਤੇ ਅਨਮੋਲ ʼਤੇ ਵੀ ਦੋ ਪਰਚੇ ਹਨ।

ਪੁਲਿਸ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਦੇ ਨਾਲ ਇੱਕ ਹੋਰ ਤੀਜੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ, ਜਿਸ ਦਾ ਨਾਮ ਬਲਬੀਰ ਸਿੰਘ ਹੈ।

ਨਵਜੋਤ ਸਿੰਘ ਉਰਫ ਨੀਟੂ ਅਤੇ ਬਲਬੀਰ ਸਿੰਘ ਦੋਵੇਂ ਭਰਾ ਹਨ ਅਤੇ ਬਲਬੀਰ ਸਿੰਘ ਨੇ ਨੀਟੂ ਨੂੰ ਠਹਿਰ ਅਤੇ ਸਮਾਨ ਮੁਹੱਈਆ ਕਰਵਾਇਆ ਸੀ।

ਅਰਸ਼ ਡਾਲਾ ਨੇ ਬਲਬੀਰ ਸਿੰਘ ਨੂੰ ਵਾਰਦਾਤ ਤੋਂ ਬਾਅਦ ਨਕਦੀ ਵੀ ਦਿੱਤੀ ਸੀ।

ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਲੋਕ

ਤਸਵੀਰ ਸਰੋਤ, Bharat Bhushan/BBC

ਤਸਵੀਰ ਕੈਪਸ਼ਨ, ਪੁਲਿਸ ਨੇ ਦੋ ਸ਼ੂਟਰਾਂ ਸਣੇ ਤਿੰਨ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਪੁਲਿਸ ਮੁਤਾਬਕ ਕਤਲ ਦਾ ਉਦੇਸ਼

ਐੱਸਐੱਸਪੀ ਮੁਤਾਬਕ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ ਉਨ੍ਹਾਂ ਦੇ ਸੋਸ਼ਲ ਮੀਡੀਆ ਪੇਜ ਪੋਸਟਾਂ ਤੋਂ ਰੰਜਿਸ਼ ਕਰ ਕੇ ਹੋਇਆ ਹੈ।

ਪੁਲਿਸ ਮੁਤਾਬਕ ਗੁਰਪ੍ਰੀਤ ਇੱਕ ਯੂਟਿਊਬਰ ਸੀ ਅਤੇ ਉਹ ਕਿਸੇ ਵਿਅਕਤੀਗਤ ਖ਼ਿਲਾਫ਼ ਪੋਸਟਾਂ ਪਾਉਂਦਾ ਸੀ ਅਤੇ ਉਸੇ ਨੂੰ ਚੁੱਪ ਕਰਵਾਉਣ ਲਈ ਅਜਿਹਾ ਕੀਤਾ ਗਿਆ ਹੈ।

ਬਰਾਮਦ ਹਥਿਆਰ

ਤਸਵੀਰ ਸਰੋਤ, Bharat Bhushan/BBC

ਤਸਵੀਰ ਕੈਪਸ਼ਨ, 2 ਰਿਵਾਲਵਰ 9 ਐੱਮਐੱਮ ਅਤੇ 0.302 ਰਿਵਾਲਵਰ ਬਰਾਮਦ ਕੀਤੇ ਗਏ ਹਨ

ਪਹਿਲਾਂ ਗ੍ਰਿਫ਼ਤਾਰ ਤਿੰਨ ਮੁਲਜ਼ਮ

ਬੀਤੀ 18 ਅਕਤੂਬਰ ਨੂੰ ਪੰਜਾਬ‌ ਦੇ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਨੇ ਪ੍ਰੈੱਸ ਕਾਨਫਰੰਸ ਕਰ ਕੇ ਖੁਲਾਸਾ ਕੀਤਾ ਸੀ ਕਿ ਇਸ ਕਤਲ ਕੇਸ ਵਿੱਚ ਵਿਦੇਸ਼ ਵਿੱਚ ਬੈਠ ਗੈਂਗਸਟਰ ਅਰਸ਼ ਡਾਲਾ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੀ ਸ਼ਮੂਲੀਅਤ ਹੈ।

ਪਰਿਵਾਰ ਦੇ ਬਿਆਨ ʼਤੇ ਇਸ ਮਾਮਲੇ ਵਿੱਚ ਅਰਸ਼ ਡਾਲਾ ਅਤੇ ਅਮ੍ਰਿਤਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਗੁਰਪ੍ਰੀਤ ਸਿੰਘ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਕਾਂਡ ਦੀ ਗੁੱਥੀ ਸੁਲਝਾ ਦਿੱਤੀ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਿਲਾਲ ਅਹਿਮਦ ਉਰਫ਼ ਫੌਜੀ, ਗੁਰਮਰਦੀਪ ਸਿੰਘ ਉਰਫ਼ ਪੋਂਟੂ ਅਤੇ ਅਰਸ਼ਦੀਪ ਸਿੰਘ ਉਰਫ਼ ਝੰਡੂ ਦੱਸੀ ਗਈ ਸੀ।

ਗੌਰਵ ਯਾਦਵ ਨੇ ਦੱਸਿਆ ਸੀ ਕਿ ਇਸ ਸਬੰਧੀ ਰੇਕੀ ਕਰਨ ਅਤੇ ਕਤਲ ਨੂੰ ਅੰਜਾਮ ਦੇਣ ਲਈ ਵਿਦੇਸ਼ ਅਧਾਰਤ ਵੱਖ-ਵੱਖ ਸੰਚਾਲਕਾਂ ਦੇ ਵੱਖੋ-ਵੱਖਰੇ ਮੌਡਿਊਲਾਂ ਦੀ ਵਰਤੋਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵੱਲੋਂ ਸਾਜ਼ਿਸ਼ ਨੂੰ ਛੁਪਾਉਣ ਲਈ ਵੱਖੋ-ਵੱਖਰੇ ਮੌਡਿਊਲਾਂ ਨੂੰ ਵੱਖ-ਵੱਖ ਕੰਮ ਸੌਂਪੇ ਗਏ ਸਨ।

ਗ੍ਰਿਫ਼ਤਾਰ ਕੀਤੇ ਤਿੰਨੋਂ ਵਿਅਕਤੀ ਰੇਕੀ ਕਰਨ ਵਾਲੇ ਮੌਡਿਊਲ ਦਾ ਹਿੱਸਾ ਸਨ, ਜਿਸ ਦਾ ਸੰਚਾਲਨ ਕੈਨੇਡਾ ਅਧਾਰਤ ਕਰਮਵੀਰ ਸਿੰਘ ਉਰਫ਼ ਗੋਰਾ ਵੱਲੋਂ ਕੀਤਾ ਜਾ ਰਿਹਾ ਸੀ।

ਡੀਜੀਪੀ ਗੌਰਵ ਯਾਦਵ ਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ

ਤਸਵੀਰ ਸਰੋਤ, DPRO PUNJAB

ਤਸਵੀਰ ਕੈਪਸ਼ਨ, 18 ਅਕਤੂਬਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ

ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਦੀ ਭੂਮਿਕਾ ਬਾਰੇ ਪੁਲਿਸ ਦਾ ਪੱਖ

ਅਮ੍ਰਿਤਪਾਲ ਸਿੰਘ ਦੀ ਭੂਮਿਕਾ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਪਰੱਗਿਆ ਜੈਨ ਨੇ ਆਖਿਆ ਕਿ ਕੇਸ ਕਾਫੀ ਸੰਜੀਦਾ ਹੋਣ ਕਰਕੇ ਉਹ ਜਾਂਚ ਦੇ ਹਰੇਕ ਪੱਖ ਬਾਰੇ ਨਹੀਂ ਦੱਸ ਸਕਦੇ।

ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਕੁੱਲ 6 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਹਾਲਾਂਕਿ 18 ਅਕਤੂਬਰ ਨੂੰ ਪੰਜਾਬ‌ ਦੇ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ) ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਇਸ ਕਤਲ ਕੇਸ ਵਿੱਚ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਰਸ਼ ਡਾਲਾ ਅਤੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੀ ਸ਼ਮੂਲੀਅਤ ਹੈ।

ਉਨ੍ਹਾਂ ਨੇ ਕਿਹਾ ਸੀ ਕਿ ਪਰਿਵਾਰ ਦੇ ਬਿਆਨ ʼਤੇ ਇਸ ਮਾਮਲੇ ਵਿੱਚ ਅਰਸ਼ ਡਾਲਾ ਅਤੇ ਅਮ੍ਰਿਤਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਗੁਰਪ੍ਰੀਤ ਸਿੰਘ ਦੇ ਪਿਤਾ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਗਏ

ਤਸਵੀਰ ਸਰੋਤ, BHARAT BHUSHAN/BBC

ਤਸਵੀਰ ਕੈਪਸ਼ਨ, ਗੁਰਪ੍ਰੀਤ ਸਿੰਘ ਦੇ ਪਿਤਾ ਗੋਲੀਆਂ ਦੇ ਨਿਸ਼ਾਨ ਦਿਖਾਉਂਦੇ ਗਏ

ਗੁਰਪ੍ਰੀਤ ਸਿੰਘ ਕੌਣ ਸੀ ?

36 ਸਾਲ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੇ ਪਿਤਾ ਹਾਕਮ ਸਿੰਘ ਛੋਟੇ ਕਿਸਾਨ ਹਨ। ਉਨ੍ਹਾਂ ਕੋਲ 2 ਕਿੱਲੇ ਜ਼ਮੀਨ ਹੈ ਜਿਥੇ ਉਹ ਖੇਤੀਬਾੜੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ।

ਗੁਰਪ੍ਰੀਤ ਸਿੰਘ ਦੀ ਮਾਤਾ ਰਵਿੰਦਰ ਕੌਰ ਘਰੇਲੂ ਸੁਆਣੀ ਹੈ। ਪਰਿਵਾਰ ਵਿੱਚ ਗੁਰਪ੍ਰੀਤ ਤੋਂ ਇਲਾਵਾ ਉਨ੍ਹਾਂ ਦੀ ਛੋਟੀ ਭੈਣ ਹਰਪ੍ਰੀਤ ਕੌਰ, ਪਤਨੀ ਅਤੇ ਕਰੀਬ 9 ਸਾਲ ਦਾ ਛੋਟਾ ਬੱਚਾ ਹੈ। ਗੁਰਪ੍ਰੀਤ ਗੁਰੂਸਿੱਖ ਨੌਜਵਾਨ ਸੀ।

ਕੁਝ ਸਾਲਾ ਪਹਿਲਾਂ ਉਨ੍ਹਾਂ ਨੇ ਅੰਮ੍ਰਿਤ ਛੱਕ ਦੇ ਪੰਥਕ ਹਲਕਿਆਂ ਵਿੱਚ ਆਪਣੀ ਸਰਗਰਮੀ ਵਧਾ ਦਿੱਤੀ ਸੀ। ਪਿੰਡ ਦੇ ਲੋਕਾਂ ਮੁਤਾਬਕ ਉਹ ਚੰਗੇ ਸੁਭਾਅ ਦੇ ਮਾਲਕ ਸਨ। ਜਿੱਥੇ ਪੰਥ ਦੀ ਗੱਲ ਹੁੰਦੀ ਉੱਥੇ ਉਹ ਮੋਹਰੀ ਰਹਿੰਦੇ ਸਨ।

ਬਹਿਬਲ ਕਲਾਂ ਇਨਸਾਫ਼ ਮੋਰਚੇ ਵਿੱਚ ਵੀ ਉਹ ਮਰਹੂਮ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਨਾਲ ਲਗਾਤਾਰ ਮੋਰਚੇ ਵਿੱਚ ਸ਼ਾਮਿਲ ਰਿਹਾ ਸੀ। ਸੋਸ਼ਲ ਮੀਡੀਆ ਉੱਤੇ ਗੁਰਪ੍ਰੀਤ ਦਾ ਇੱਕ ਪੇਜ ਵੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)