ਪੰਜਾਬ: ਜ਼ੀਰਕਪੁਰ 'ਚ ਪੁਲਿਸ ਮੁਕਾਬਲੇ ਤੋਂ ਬਾਅਦ ਕਾਬੂ ਕੀਤੇ ਗਏ ਗੈਂਗਸਟਰ ਕੌਣ ਹਨ

ਤਸਵੀਰ ਸਰੋਤ, ANI
ਜ਼ੀਰਕਪੁਰ ਦੇ ਬਲਟਾਨਾ ਵਿੱਚ ਕਥਿਤ ਗੈਂਗਸਟਰ ਅਤੇ ਪੁਲਿਸ ਵਿਚਾਲੇ ਹੋਈ ਮੁਠਭੇੜ ਦੌਰਾਨ 3 ਜਣਿਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਖ਼ਬਰ ਏਜੰਸੀ ਏਐੱਨਆਈ ਦੀ ਖ਼ਬਰ ਮੁਤਾਬਕ, ਮੁਕਾਬਲੇ ਦੌਰਾਨ ਇੱਕ ਬਦਮਾਸ਼ ਦੇ ਪੈਰ ਗੋਲੀ ਲੱਗੀ ਹੈ ਅਤੇ ਇੱਕ ਡੀਐੱਸਪੀ ਪਵਨ ਕੁਮਾਰ ਨੂੰ ਵੀ ਗੋਲੀ ਲੱਗੀ ਹੈ।
ਫਿਲਹਾਲ ਤਿੰਨਾਂ ਕਥਿਤ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦਰਅਸਲ, 28 ਅਕਤੂਬਰ ਨੂੰ ਬਠਿੰਡਾ ਮਾਲ ਰੋਡ ਵਪਾਰੀ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਉਰਫ਼ ਮੇਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਸੀਸੀਟੀਵੀ ਪੁਲਿਸ ਵਿੱਚ ਸਾਹਮਣੇ ਆਇਆ ਕਿ ਦੋ ਨੌਜਵਾਨ ਮੋਟਰਸਾਈਕਲ 'ਤੇ ਆਉਂਦੇ ਹਨ ਤੇ ਗੋਲੀਆਂ ਚਲਾ ਦਿੰਦੇ ਹਨ।

ਤਸਵੀਰ ਸਰੋਤ, ani
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਬਠਿੰਡਾ ਵਿੱਚ ਕਤਲ ਹੋਏ ਕਾਰੋਬਾਰੀ ਦੇ ਮਾਮਲੇ ਵਿੱਚ ਮੁਲਜ਼ਮ ਬਲਟਾਨਾ ਦੇ ਹੋਟਲ ਗਰੈਂਡ ਵਿਸਟਾ ਵਿੱਚ ਲੁਕੇ ਹੋਏ ਸਨ।
ਉਨ੍ਹਾਂ ਨੇ ਅੱਗੇ ਕਿਹਾ, "ਗ੍ਰਿਫ਼ਤਾਰ ਲੋਕਾਂ ਦੇ ਨਾਮ ਲਵਜੀਤ, ਪਰਮਜੀਤ ਤੇ ਕਮਲਜੀਤ ਹਨ ਅਤੇ ਇਹ ਤਿੰਨੇ ਮਾਨਸਾ ਜ਼ਿਲ੍ਹੇ ਤੋਂ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਤਿੰਨੇ ਅਰਸ਼ ਡਾਲਾ ਦੇ ਗੈਂਗ ਨਾਲ ਸਬੰਧਤ ਹਨ।"
ਗੁਪਤ ਸੂਚਨਾ ਦੇ ਆਧਾਰਾ 'ਤੇ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਘੇਰਾਬੰਦੀ ਕੀਤੀ ਸੀ।
ਮੁਹਾਲੀ ਦੇ ਐੱਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਦੋ ਹਥਿਆਰ, 32 ਬੋਰ 38 ਬੋਰ ਦੇ ਬਰਾਮਦ ਹੋਏ ਹਨ।

ਤਸਵੀਰ ਸਰੋਤ, DPR
ਅਰਸ਼ ਡੱਲਾ ਗੈਂਗ ਨੂੰ ਵੱਡਾ ਝਟਕਾ
ਰੋਪੜ ਰੇਜ਼ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਮੁਹਾਲੀ ਪੁਲਿਸ ਵਲੋਂ ਤਿੰਨ ਗੈਂਗਸਟਰ ਨੂੰ ਕਾਬੂ ਕਰਨ ਦੀ ਕਾਰਵਾਈ ਨੂੰ ਵੱਡੀ ਪਾਪ੍ਰਤੀ ਦੱਸਿਆ ਹੈ।
ਮੁਹਾਲੀ ਵਿੱਚ ਦੇਰ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਜ਼ੀਰਕਪੁਰ ਵਿੱਚ ਗਰੈਂਡਵਿਸਟਾ ਹੋਟਲ ਤਿੰਨ ਵਿਅਕਤੀ ਰਹਿ ਰਹੇ ਸਨ, ਜਿਸ ਦਾ ਪੁਲਿਸ ਨੂੰ ਪਤਾ ਲੱਗਣ ਉੱਤੇ ਪੁਲਿਸ ਨੇ ਰੇਡ ਮਾਰੀ ਤਾਂ ਅੱਗਿਓਂ ਫਾਇਰਿੰਗ ਹੋਈ।
ਜਿਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ, ਇਸ ਦੌਰਾਨ ਪੁਲਿਸ ਦੇ ਇੱਕ ਡੀਐੱਸਪੀ ਪਵਨ ਕੁਮਾਰ ਜ਼ਖ਼ਮੀ ਹੋਏ ਅਤੇ ਕਾਬੂ ਕੀਤੇ ਗਏ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਦੇ ਵਿਅਕਤੀ ਲਵਪ੍ਰੀਤ ਸਿੰਘ ਦੀ ਲੱਤ ਵਿੱਚ ਗੋਲ਼ੀ ਲੱਗੀ ਹੈ।
ਦੂਜੇ ਫੜ੍ਹੇ ਗਏ ਵਿਅਕਤੀਆਂ ਦੀ ਸ਼ਨਾਖ਼ਤ ਕਸ਼ਮੀਰਾ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਵਜੋਂ ਹੋਈ ਹੈ। ਇਹ ਤਿੰਨੇ ਮਾਨਸਾ ਦੇ ਰਹਿਣ ਵਾਲੇ ਹਨ ਅਤੇ ਅਰਸ਼ ਡੱਲਾ ਗੈਂਗ ਨਾਲ ਸਬੰਧਤ ਸਨ।
ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਵਿੱਚੋਂ ਪਰਮਜੀਤ ਸਿੰਘ ਪੰਮਾ, ਅਰਸ਼ ਡੱਲਾ ਗੈਂਗ ਦੀ ਰੀੜ ਦੀ ਹੱਡੀ ਸਮਝਿਆ ਜਾਂਦਾ ਹੈ।
ਉਸ ਨੂੰ ਕਾਬੂ ਕਰਕੇ ਮੁਹਾਲੀ ਤੇ ਬਠਿੰਡਾ ਪੁਲਿਸ ਨੇ ਇੱਕ ਇੰਟਰਨੈਸ਼ਨਲ ਗਿਰੋਹ ਖ਼ਿਲਾਫ਼ ਵੱਡੀ ਉਪਲੱਬਧੀ ਹਾਸਲ ਕੀਤੀ ਹੈ।
ਭੁੱਲਰ ਮੁਤਾਬਕ ਪੰਮਾ ਨੇ ਕਰੀਬ ਸਾਲ ਪਹਿਲਾਂ ਉੱਤਰਾਖੰਡ ਦੇ ਇੱਕ ਮਾਇਨਿੰਗ ਕਾਰੋਬਾਰੀ ਤੋਂ ਫਿਰੌਤੀ ਮੰਗੀ ਸੀ, ਉਸ ਵਲੋਂ ਇਹ ਨਾ ਦਿੱਤੇ ਜਾਣ ਤੋਂ ਬਾਅਦ ਪੰਮਾ ਨੇ ਉਸ ਦਾ ਕਤਲ ਕਰ ਦਿੱਤਾ ਸੀ। ਕ
ਕਾਬੂ ਕੀਤੇ ਗਏ ਵਿਅਕਤੀਆਂ ਵਿੱਚੋਂ ਲਵਪ੍ਰੀਤ ਨੇ ਬਠਿੰਡਾ ਵਿੱਚ ਦੋ ਦਿਨ ਪਹਿਲਾਂ ਬਠਿੰਡਾ ਵਪਾਰ ਮੰਡਲ ਦੇ ਪ੍ਰਧਾਨ ਹਰਮਿੰਦਰ ਸਿੰਘ ਜੌਹਲ ਉਰਫ਼ ਮੇਲਾ ਨੂੰ ਦੁਕਾਨ ਅੱਗੇ ਬੈਠਿਆਂ ਗੋਲ਼ੀਆਂ ਮਾਰੀਆਂ ਸਨ।
ਇਹ ਤਿੰਨੇ ਵਿਅਕਤੀ ਉਮਰ ਦੇ 30ਵਿਆਂ ਵਿੱਚ ਅਤੇ ਹਾਰਡਕੋਰ ਅਪਰਾਧੀ ਹਨ।
ਅਰਸ਼ ਡੱਲਾ ਗੈਂਗ ਦਾ ਸਰਗਨਾ ਕੌਣ
ਗੈਂਗਸਟਰ ਅਰਸ਼ ਡੱਲਾ ਦਾ ਪਿਛੋਕੜ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡੱਲਾ ਨਾਲ ਹੈ। ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਉਹ ਕੈਨੇਡਾ ਵਿੱਚ ਲੁਕਿਆ ਹੋ ਸਕਦਾ ਹੈ।
ਅਰਸ਼ ਡੱਲਾ ਦੇ ਗਿਰੋਹ ਨੂੰ ਅਰਸ਼ ਡੱਲਾ ਗੈਂਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਡੱਲਾ ਖ਼ਿਲਾਫ਼ ਪੰਜਾਬ ਪੁਲਿਸ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਹੈ। ਪਰ ਉਹ ਪੁਲਿਸ ਦੀ ਪਹੁੰਚ ਤੋਂ ਦੂਰ ਹੈ।
ਪਿਛਲੇ ਸਮੇਂ ਦੌਰਾਨ ਉਸ ਦੇ ਕਈ ਸਾਥੀਆਂ ਨੂੰ ਪੁਲਿਸ ਨੇ ਸਮੇਂ-ਸਮੇਂ ਉੱਤੇ ਕਾਬੂ ਕੀਤਾ ਹੈ। ਉਨ੍ਹਾਂ ਦੇ ਸਾਥੀਆਂ ਤੋਂ ਕਾਫ਼ੀ ਮਾਤਰਾ ਵਿੱਚ ਹਥਿਆਰ ਅਤੇ ਭੰਨਤੋੜ ਦੀਆਂ ਕਾਰਵਾਈਆਂ ਕਰਨ ਵਾਲੀ ਸਮੱਗਰੀ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।
ਡੱਲਾ ਪਹਿਲਾਂ ਗੈਂਗਸਟਰ ਵਜੋਂ ਮਸ਼ਹੂਰ ਸੀ, ਪਰ ਪਿਛਲੇ ਸਮੇਂ ਦੌਰਾਨ ਪੁਲਿਸ ਨੇ ਉਸ ਉੱਤੇ ਅੱਤਵਾਦੀ ਵਾਰਦਾਤਾਂ ਵਿੱਚ ਸ਼ਾਮਲ ਹੋਣ ਦਾ ਵੀ ਦਾਅਵਾ ਕੀਤਾ ਸੀ।
ਕੀ ਸੀ ਪੂਰਾ ਮਾਮਲਾ
ਬਠਿੰਡਾ ਮਾਲ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਦੀ ਸ਼ਨੀਵਾਰ ਸ਼ਾਮ ਨੂੰ ਕਤਲ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਹਨ ਗੋਲੀਆਂ ਚਲਾ ਕੇ ਨਿਕਲ ਗਏ।
ਇਸ ਵੇਲੇ ਹਰਜਿੰਦਰ ਸਿੰਘ ਆਪਣੀ ਦੁਕਾਨ 'ਹਰਮਨ ਕੁਲਚਾ ਰੈਸਟੋਰੈਂਟ' ਦੇ ਬਾਹਰ ਬੈਠੇ ਸਨ ਜਦੋਂ ਉਨ੍ਹਾਂ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕਰ ਕੀਤੀ ਸੀ।

ਤਸਵੀਰ ਸਰੋਤ, ani
ਗੋਲੀਆਂ ਲੱਗਣ ਤੋਂ ਬਾਅਦ ਮੇਲਾ ਜ਼ਖਮੀ ਹੋ ਗਏ ਤੇ ਫਿਰ ਉਨ੍ਹਾਂ ਨੂੰ ਨਿਜੀ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਸਥਾਨਕ ਕਾਰੋਬਾਰੀਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਲਾਅ ਐਂਡ ਆਰਡਰ ਉੱਤੇ ਸਵਾਲ ਵੀ ਚੁੱਕੇ ਸਨ।
ਇਸ ਮੌਕੇ ਸਥਾਨਕ ਦੌਰਾਨ ਨੇ ਦੱਸਿਆ ਕਿ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਤਸਵੀਰ ਸਰੋਤ, ANI
ਉਨ੍ਹਾਂ ਨੇ ਕਿਹਾ, "ਇੱਕ ਸ਼ਰੀਫ਼ ਵਿਅਕਤੀ ਆਪਣੀ ਦੁਕਾਨ ਚਲਾ ਕੇ ਰੋਟੀ ਕਮਾ ਰਿਹਾ ਹੈ, ਉਸ ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ। ਇਹ ਪੰਜਾਬ ਸਰਕਾਰ ਦਾ ਫੇਲ੍ਹ ਹੋਣਾ ਅਤੇ ਪ੍ਰਸ਼ਾਸਨ ਦਾ ਫੇਲ੍ਹ ਹੋਣਾ ਦਰਾਉਂਦਾ ਹੈ।"
ਇਸ ਦੌਰਾਨ ਗੁੱਸੇ ਵਿੱਚ ਆਈ ਹੋਈ ਭੀੜ ਵਿੱਚ ਮੌਜੂਦ ਇੱਕ ਦੁਕਾਨਦਾਰ ਨੇ ਕਿਹਾ ਕਿ ਜੇਕਰ ਅੱਜ ਪੰਜਾਬ ਵਿੱਚ 10 ਕਤਲ ਹੋ ਰਹੇ ਹਨ ਤਾਂ 8 ਦੁਕਾਨਾਂ ਜਾਂ ਘਰਾਂ ਵਿੱਚ ਵੜ ਕੇ ਹੋ ਰਹੇ ਹਨ।
ਉਨ੍ਹਾਂ ਨੇ ਅੱਗੇ ਕਿਹਾ, "ਸ਼ਰੇਆਮ ਵਪਾਰੀਆਂ ਤੋਂ ਫਿਰੌਤੀਆਂ ਲਈਆਂ ਜਾ ਰਹੀਆਂ ਹਨ। ਪੁਲਿਸ ਲਾਚਾਰ ਹੋਈ ਪਈ ਹੈ। ਇਹ ਨਹੀਂ ਪੁਲਿਸ ਨੂੰ ਖ਼ਬਰ ਨਹੀਂ ਹੈ, ਉਸ ਨੂੰ ਸਭ ਪਤਾ ਹੈ।"
"ਜੇਕਰ ਪੰਜਾਬ ਪੁਲਿਸ ਨੂੰ ਗੁੰਡਾਗਰਦੀ ਨੂੰ ਰੋਕਣ ਲਈ ਹੋਰ ਖੁੱਲ੍ਹ ਨਾ ਦਿੱਤੀ ਗਈ ਤਾਂ ਇਹ ਸਿਸਟਮ ਬਿਲਕੁਲ ਫੇਲ੍ਹ ਹੋ ਜਾਣਾ।"













