ਨਕੋਦਰ ਕਤਲ ਕਾਂਡ : 'ਮਾਹੌਲ ਦੇਖ ਲਓ ਬੰਦਾ, ਹੱਕ ਦੀ ਕਮਾਈ ਕਰ ਕੇ ਵੀ ਇੱਥੇ ਜੀਅ ਨਹੀਂ ਸਕਦਾ'

ਤਸਵੀਰ ਸਰੋਤ, BBC/ Family
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
“ਘਰ ਦਾ ਸਟੇਅਰਿੰਗ ਹੀ ਟੁੱਟ ਗਿਆ, ਕੁਝ ਸਮਝ ਨਹੀਂ ਆ ਰਿਹਾ। ਸਾਡੇ ਨਾਲ ਇਹ ਕਿਉਂ ਹੋਇਆ ਹੈ?''
''ਕਿਸੇ ਨਾਲ ਸਾਡਾ ਵੈਰ ਨਹੀਂ ਹੈ, ਕੱਪੜੇ ਦੀ ਛੋਟੀ ਦੁਕਾਨ ਚਲਾ ਕੇ ਰੋਜ਼ੀ ਰੋਟੀ ਕਮਾਉਂਦੇ ਹਾਂ ਪਰ ਮੇਰਾ ਪੁੱਤ ਮੇਰੀਆਂ ਅੱਖਾਂ ਸਾਹਮਣੇ ਮਾਰ ਦਿੱਤਾ ਗਿਆ।”
ਇਹ ਕਹਿਣਾ ਹੈ ਹਰਮਿੰਦਰ ਸਿੰਘ ਚਾਵਲਾ ਦਾ, ਜਿਨ੍ਹਾਂ ਦੇ ਜਵਾਨ ਪੁੱਤਰ ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦਾ ਕਤਲ ਪਿਛਲੇ ਬੁੱਧਵਾਰ ਨੂੰ ਜਲੰਧਰ ਦੇ ਨਕੋਦਰ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ।
ਇਸ ਘਟਨਾ ਵਿੱਚ ਟਿੰਮੀ ਚਾਵਲਾ ਦੀ ਸੁਰੱਖਿਆ ਵਿੱਚ ਤੈਨਾਤ ਪੰਜਾਬ ਪੁਲਿਸ ਦੇ ਜਵਾਨ ਮਨਦੀਪ ਸਿੰਘ ਦੀ ਵੀ ਮੌਤ ਹੋ ਗਈ ਸੀ।
ਪੁੱਤਰ ਦੀਆਂ ਅਸਥੀਆਂ ਤਾਰ ਕੇ ਘਰ ਪਹੁੰਚੇ ਹਰਮਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਉਮਰ ਸੰਘਰਸ਼ ਵਿੱਚ ਲੰਘ ਗਈ ਪਰ ਜਦੋਂ ਪੁੱਤਰ ਜਵਾਨ ਹੋਇਆ ਤਾਂ ਉਸ ਨੇ ਦੁਕਾਨ ਵਿੱਚ ਸਾਥ ਦਿੱਤਾ ਤਾਂ ਕੰਮ ਚੱਲ ਪਿਆ।
ਹਰਮਿੰਦਰ ਸਿੰਘ ਚਾਵਲਾ ਕਹਿੰਦੇ ਹਨ ਕਿ ਸੋਚਿਆ ਸੀ 70 ਸਾਲ ਦੀ ਉਮਰ ਵਿੱਚ ਆਰਾਮ ਨਾਲ ਘਰ ਬੈਠਾਂਗਾ ਪਰ ਪਤਾ ਨਹੀਂ ਸੀ ਇਸ ਉਮਰ ਵਿੱਚ ਬੁਢਾਪੇ ਦੀ ਇਕਲੌਤੀ ਲਾਠੀ ਹੀ ਟੁੱਟ ਜਾਵੇਗੀ।
ਹਰਮਿੰਦਰ ਸਿੰਘ ਚਾਵਲਾ ਨਕੋਦਰ ਰਾਇਲ ਟਾਵਰ ਦੁਕਾਨਦਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ।
ਪਿਛਲੇ ਕਈ ਸਾਲਾਂ ਤੋਂ ਉਹ ਰੈਡੀਮੇਡ ਕੱਪੜੇ ਦੀ ਦੁਕਾਨ ਚਲਾਉਂਦੇ ਹਨ।
ਪੰਜਾਬ ਵਿੱਚ ਟਿੰਮੀ ਚਾਵਲੇ ਦੇ ਕਤਲ ਤੋਂ ਪਹਿਲਾਂ ਕੋਟਕਪੁਰਾ ਵਿਚ ਡੇਰਾ ਪ੍ਰੇਮੀ ਅਤੇ ਦੁਕਾਨਦਾਰ ਪ੍ਰਦੀਪ ਸਿੰਘ ਦਾ 10 ਨਵੰਬਰ ਨੂੰ ਕੋਟਕਪੂਰਾ ਵਿੱਚ ਕਤਲ ਕਰ ਦਿੱਤਾ ਗਿਆ ਸੀ।
ਟਿੰਮੀ ਵਾਂਗ ਹੀ ਤਰਨ ਤਾਰਨ ਵਿੱਚ ਗੁਰਜੰਟ ਸਿੰਘ ਨਾਮ ਦੇ ਦੁਕਾਨਦਾਰ ਦੀ ਹੱਤਿਆ ਕਰ ਦਿੱਤੀ ਗਈ ਸੀ।
ਅੰਮ੍ਰਿਤਸਰ ਵਿੱਚ ਸ਼ਿਵ ਸੈਨਾ (ਟਕਸਾਲੀ) ਦੇ ਨੇਤਾ ਸੁਧੀਰ ਸੂਰੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
'ਬਦਮਾਸ਼ਾਂ ਨੇ ਦੋ ਘਰ ਸੁੰਨੇ ਕਰ ਦਿੱਤੇ'
ਹਰਮਿੰਦਰ ਸਿੰਘ ਚਾਵਲਾ ਨੇ ਦੱਸਿਆ, ''ਇੱਕ ਨਵੰਬਰ ਨੂੰ ਫਿਰੌਤੀ ਲਈ ਟਿੰਮੀ ਨੂੰ ਪਹਿਲੀ ਵਾਰ ਫ਼ੋਨ ਆਇਆ ਸੀ, ਜਿਸ ਵਿੱਚ ਫ਼ੋਨ ਕਰਨ ਵਾਲੇ ਨੇ 30 ਲੱਖ ਰੁਪਏ ਦੀ ਮੰਗ ਕੀਤੀ ਗਈ।''
''ਇਸ ਤੋਂ ਬਾਅਦ ਘਰ ਵਿੱਚ ਸਹਿਮ ਦਾ ਮਾਹੌਲ ਬਣ ਗਿਆ।''
''ਘਰ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਲਗਾਏ ਗਏ ਅਤੇ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ।''
''ਇਸ ਤੋਂ ਬਾਅਦ ਪੁਲਿਸ ਨੇ ਭੁਪਿੰਦਰ ਸਿੰਘ ਦੇ ਨਾਲ ਸੁਰੱਖਿਆ ਕਰਮੀ ਤੈਨਾਤ ਕਰ ਦਿੱਤੇ।''
''ਪਰ ਇਸ ਦੇ ਬਾਵਜੂਦ ਬਦਮਾਸ਼ ਲਗਾਤਾਰ ਫ਼ੋਨ ਕਰਦੇ ਰਹੇ, ਇਨ੍ਹਾਂ ਦੀ ਸੀਆਈਡੀ ਇੰਨੀ ਜ਼ਿਆਦਾ ਸੀ ਕਿ ਟਿੰਮੀ ਜਿੱਥੇ ਵੀ ਜਾਂਦਾ, ਉਨ੍ਹਾਂ ਨੂੰ ਪਤਾ ਹੁੰਦਾ ਸੀ।''

ਹਰਮਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ਪਿਛਲੇ ਬੁੱਧਵਾਰ ਨੂੰ ਰਾਤੀ ਕਰੀਬ ਅੱਠ ਵਜੇ ਜਦੋਂ ਦੁਕਾਨ ਬੰਦ ਕਰ ਕੇ ਟਿੰਮੀ ਘਰ ਜਾਣ ਲਈ ਆਪਣੀ ਕਾਰ ਵਿੱਚ ਸਵਾਰ ਹੋਇਆ ਤਾਂ ਪਹਿਲਾਂ ਤੋਂ ਉਸ ਦਾ ਇੰਤਜ਼ਾਰ ਕਰ ਰਹੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ।
ਟਿੰਮੀ ਦੀ ਸੁਰੱਖਿਆ ਵਿੱਚ ਤੈਨਾਤ ਮਨਦੀਪ ਸਿੰਘ ਨਾਮਕ ਪੁਲਿਸ ਕਰਮੀਂ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਉਸ ਉੱਤੇ ਵੀ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਪੁਲਿਸ ਕਰਮੀ ਸ਼ਾਹਕੋਟ ਦੇ ਪਿੰਡ ਗਾਜਰਾਂ ਦਾ ਰਹਿਣ ਵਾਲਾ ਸੀ।
ਟਿੰਮੀ ਦੀ ਮੌਕੇ ਉੱਤੇ ਹੀ ਅਤੇ ਪੁਲਿਸ ਕਰਮੀ ਮਨਦੀਪ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਹਰਮਿੰਦਰ ਚਾਵਲਾ ਕਹਿੰਦੇ ਹਨ ਕਿ ਬਦਮਾਸ਼ਾਂ ਨੇ ਦੋ ਘਰ ਸੁੰਨੇ ਕਰ ਦਿੱਤੇ।
ਟਿੰਮੀ ਚਾਵਲਾ ਦੀਆਂ ਦੋ ਧੀਆਂ ਹਨ ਅਤੇ ਪੰਜਾਬ ਪੁਲਿਸ ਦੇ ਕਰਮੀ ਮਨਦੀਪ ਸਿੰਘ ਦਾ ਇੱਕ ਬੱਚਾ ਹੈ।

ਨਕੋਦਰ ਕਤਲ ਕਾਂਡ ਦੀਆਂ ਮੁੱਖ ਗੱਲਾਂ
- 7 ਦਸੰਬਰ ਦੀ ਰਾਤ ਨਕੋਦਰ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ
- ਟਿੰਮੀ ਨੂੰ ਸੁਰੱਖਿਆ ਮਿਲੀ ਹੋਈ ਸੀ, ਉਸ ਸਮੇਂ ਮੌਕੇ ਉੱਤੇ ਤਾਇਨਾਤ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਦੀ ਵੀ ਜਵਾਬ ਕਾਰਵਾਈ ਵਿੱਚ ਮੌਤ ਹੋ ਗਈ।
- ਪੁਲਿਸ ਵੱਲੋਂ ਇਸ ਨੂੰ ਗੈਂਗਸਟਰਾਂ ਵੱਲੋਂ ਕੀਤੀ ਕਾਰਵਾਈ ਕਿਹਾ ਜਾ ਰਿਹਾ ਹੈ।
- ਨਕੋਦਰ ਦੇ ਦੁਕਾਨਦਾਰਾਂ ਵਿੱਚ ਡਰ ਦਾ ਮਹੌਲ, ਦੋਹਰੇ ਕਤਲ ਤੋਂ ਬਾਅਦ ਸਹਿਮੇ ਹਨ ਲੋਕ।
- ਵਾਪਾਰੀ ਸੁਰੱਖਿਅਤ ਮਹੌਲ ਦੀ ਮੰਗ ਕਰ ਰਹੇ ਹਨ।
- ਨਕੋਦਰ ਵਿੱਚ ਆਮ ਲੋਕ ਵੀ ਘਬਰਾਏ ਹੋਏ ਹਨ।
- ਵਿਰੋਧੀ ਧਿਰਾਂ ਵੱਲੋਂ ਸਰਕਾਰ ’ਤੇ ਨਿਸ਼ਾਨੇ ਸਾਧੇ ਜਾ ਰਹੇ ਨੇ।

ਸਹਿਮ ਦਾ ਮਾਹੌਲ
ਸਹਿਮ ਦੇ ਮਾਹੌਲ ਬਾਰੇ ਗੱਲ ਕਰਦਿਆਂ ਹਰਮਿੰਦਰ ਸਿੰਘ ਚਾਵਲਾ ਆਖਦੇ ਹਨ, “ਮਾਹੌਲ ਦੇਖ ਲਓ, ਬੰਦਾ ਹੱਕ ਦੀ ਕਮਾਈ ਕਰ ਕੇ ਵੀ ਇੱਥੇ ਜੀਅ ਨਹੀਂ ਸਕਦਾ।''
ਟਿੰਮੀ ਚਾਵਲਾ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਟਿੰਮੀ ਦੇ ਜਾਣ ਤੋਂ ਬਾਅਦ ਉਹ ਕਾਫ਼ੀ ਸਦਮੇ ਵਿੱਚ ਹਨ।
ਟਿੰਮੀ ਚਾਵਲਾ ਦੀ ਭੈਣ ਗਗਨਦੀਪ ਕੌਰ ਨੇ ਬੀਬੀਸੀ ਨੂੰ ਦੱਸਿਆ, “ਅਸੀਂ ਫ਼ਿਲਮਾਂ ਵਿੱਚ ਦੇਖਦੇ ਸੀ ਕਿ ਫਿਰੌਤੀ ਲਈ ਬਦਮਾਸ਼ ਫ਼ੋਨ ਕਰਦੇ ਹਨ, ਪਰ ਸਾਨੂੰ ਨਹੀਂ ਸੀ ਪਤਾ ਕਿ ਇੱਕ ਦਿਨ ਸਾਡੇ ਘਰ ਦਾ ਚਿਰਾਗ਼ ਵੀ ਇਸੀ ਕਰਕੇ ਬੁਝ ਜਾਵੇਗਾ।''
ਨਕੋਦਰ ਦੀ ਆਦਰਸ਼ ਕਾਲੋਨੀ ਵਿੱਚ ਟਿੰਮੀ ਚਾਵਲਾ ਦਾ ਘਰ ਹੈ ਅਤੇ ਉਸ ਦੀ ਦੁਕਾਨ ਰਾਇਲ ਟਾਵਰ ਵਿੱਚ ਸੀ।

ਗਗਨਦੀਪ ਆਖਦੀ ਹੈ ਕਿ ਪਤਾ ਨਹੀਂ ਪੰਜਾਬ ਦੇ ਕਿਸ ਤਰਾਂ ਦੇ ਹਾਲਤ ਬਣਦੇ ਜਾ ਰਹੇ ਹਨ, ਪੰਜਾਬ ਤੋਂ ਬੱਚੇ ਵਿਦੇਸ਼ ਜਾ ਰਹੇ ਹਨ।
''ਉੱਥੇ ਵੀ ਜ਼ਿੰਦਗੀ ਬਹੁਤ ਔਖੀ ਹੈ ਪਰ ਹੁਣ ਅਸੀਂ ਵੀ ਪਛਤਾ ਰਹੇ ਹਾਂ ਕਿ ਜੇਕਰ ਅਸੀਂ ਆਪਣੇ ਭਰਾ ਨੂੰ ਵਿਦੇਸ਼ ਭੇਜ ਦਿੰਦੇ ਤਾਂ ਸ਼ਾਇਦ ਉਸ ਦੀ ਜਾਨ ਬਚ ਜਾਂਦੀ, ਉਥੇ ਭੁੱਖਾ ਰਹਿੰਦਾ ਪਰ ਜਿਊਂਦਾ ਤਾਂ ਰਹਿੰਦਾ।''

ਤਸਵੀਰ ਸਰੋਤ, BBC/Pardeep Pandit
ਭੁਪਿੰਦਰ ਸਿੰਘ ਉਰਫ਼ ਟਿੰਮੀ ਚਾਵਲਾ ਦੇ ਕਤਲ ਤੋਂ ਤਿੰਨ ਦਿਨ ਬਾਅਦ ਵੀ ਨਕੋਦਰ ਵਿੱਚ ਇਸ ਘਟਨਾ ਦਾ ਖ਼ੌਫ਼ ਲੋਕਾਂ ਦੇ ਚਿਹਰਿਆਂ ਉੱਤੇ ਪੜ੍ਹਿਆ ਜਾ ਸਕਦਾ ਹੈ।
ਇਹਨਾਂ ਹਲਾਤਾਂ ਦੇ ਚੱਲਦਿਆਂ ਸ਼ਹਿਰ ਵਿੱਚ ਸਹਿਮ ਦਾ ਮਹੌਲ ਹੈ।
ਬੀਬੀਸੀ ਦੀ ਟੀਮ ਨੇ ਆਮ ਲੋਕਾਂ ਅਤੇ ਦੁਕਾਨਦਾਰਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਬੋਲਣ ਤੋਂ ਬੱਚ ਰਹੇ ਸਨ।
ਹਾਲਾਂਕਿ ਕੁਝ ਦੁਕਾਨਦਾਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਉਪਰ ਸਾਡੀ ਟੀਮ ਨਾਲ ਗੱਲਬਾਤ ਕਰਨ ਲਈ ਰਾਜੀ ਹੋ ਗਏ।
ਨਕੋਦਰ ਦੇ ਬਾਜ਼ਾਰ ਵਿੱਚ ਦੁਕਾਨਦਾਰ ਮੇਜਰ ਸਿੰਘ (ਨਾਮ ਬਦਲਿਆ ਹੋਇਆ) ਦੱਸਦੇ ਹਨ ਕਿ ਇਸ ਘਟਨਾ ਕਾਰਨ ਡਰ ਬਹੁਤ ਜ਼ਿਆਦਾ ਵੱਧ ਗਿਆ ਹੈ, ਪਰ ‘ਕੀ ਕਰੀਏ ਕੰਮ ਨਹੀਂ ਕਰਾਂਗੇ ਤਾਂ ਰੋਟੀ ਕਿੱਥੋਂ ਖਾਵਾਂਗੇ?’


ਨਕੋਦਰ ਸ਼ਹਿਰ ਦਾ ਹਾਲ
ਨਕੋਦਰ ਪੰਜਾਬ ਦੀ ਐਨਆਰਆਈ ਬੈਲਟ ਵਿੱਚ ਆਉਣ ਵਾਲਾ ਅਹਿਮ ਸ਼ਹਿਰ ਹੈ। ਨਕੋਦਰ ਵਿੱਚ ਕੋਈ ਵੱਡੀ ਇੰਡਸਟਰੀ ਨਹੀਂ ਹੈ ਪਰ ਨੇੜਲਾ ਸ਼ਹਿਰ ਜਲੰਧਰ ਹੈ।
ਐਨਆਰਆਈ ਅਤੇ ਖੇਤੀਬਾੜੀ ਦੇ ਸਿਰ ਉਤੇ ਇਸ ਸ਼ਹਿਰ ਦੀ ਅਰਥ ਵਿਵਸਥਾ ਕੇਂਦਰਿਤ ਹੈ।
ਰਾਇਲ ਟਾਵਰ ਨਕੋਦਰ,ਜਿੱਥੇ ਟਿੰਮੀ ਚਾਵਲਾ ਦੀ ਕੱਪੜੇ ਦੀ ਦੁਕਾਨ ਸੀ, ਸ਼ਹਿਰ ਦੇ ਅੰਦਰ ਭੀੜ-ਭਾੜ ਵਾਲਾ ਇਲਾਕਾ ਹੈ।
ਘਟਨਾ ਦਾ ਸਹਿਮ ਇੰਨਾ ਹੈ ਕਿ ਆਮ ਲੋਕਾਂ ਦੇ ਨਾਲ ਟਿੰਮੀ ਦੇ ਪਰਿਵਾਰਕ ਮੈਂਬਰ ਵੀ ਮੀਡੀਆ ਨਾਲ ਗੱਲ ਕਰਨ ਲਈ ਤਿਆਰ ਨਹੀਂ ਹਨ।
ਸਿਰਫ ਉਸ ਦੇ ਪਿਤਾ ਹੀ ਨਪੇ ਤੁਲੇ ਸ਼ਬਦ ਮੀਡੀਆ ਅੱਗੇ ਰੱਖ ਰਹੇ ਹਨ।

ਕੱਪੜੇ ਦੀ ਦੁਕਾਨ ਕਰਨ ਵਾਲੇ ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇੱਥੇ ਹੀ ਪੜ੍ਹਾਈ ਕੀਤੀ ਅਤੇ ਇੱਥੇ ਹੀ ਦੁਕਾਨ, ਪਰ ਜੋ ਮਾਹੌਲ ਹੁਣ ਹੈ ਉਹ ਕਦੇ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਟਿੰਮੀ ਚਾਵਲਾ ਦੇ ਕਤਲ ਨਾਲ ਸ਼ਹਿਰ ਵਿੱਚ ਦਹਿਸ਼ਤ ਫੈਲ ਗਈ ਹੈ।
“ਜਦੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਆਮ ਲੋਕਾਂ ਦੇ ਨਾਲ-ਨਾਲ ਕਾਰੋਬਾਰੀ ਵੀ ਡਰ ਜਾਂਦਾ ਹੈ।”
ਨਕੋਦਰ ਵਿੱਚ ਹੀ ਇੱਕ ਹੋਰ ਦੁਕਾਨਦਾਰ ਧੀਰਜ (ਨਾਮ ਬਦਲਿਆ ਹੋਇਆ) ਦੱਸਦੇ ਹਨ ਕਿ ਘਟਨਾ ਦਾ ਡਰ ਐਨਾ ਹੈ ਕਿ ਗਾਹਕ ਨਹੀਂ ਸਗੋਂ ਸਾਹਮਣੇ ਤੋਂ ਆਉਂਦੀ ਮੌਤ ਦਿਸਦੀ ਹੈ।
“ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਸਾਡੇ ਕੋਈ ਵੱਡੇ ਕਾਰੋਬਾਰ ਨਹੀਂ ਹਨ, ਛੋਟੀਆਂ ਛੋਟੀਆਂ ਦੁਕਾਨਾਂ ਹਨ, ਰੋਜ਼ਾਨਾ ਕਮਾਉਂਦੇ ਹਾਂ ਅਤੇ ਬੱਚੇ ਪਾਲਦੇ ਹਾਂ ਪਰ ਟਿੰਮੀ ਦੇ ਕਤਲ ਤੋਂ ਬਾਅਦ ਦੁਕਾਨ ਉਤੇ ਆਉਣ ਨੂੰ ਵੀ ਦਿਲ ਨਹੀਂ ਕਰਦਾ।”

ਇੱਕ ਹੋਰ ਦੁਕਾਨਦਾਰ ਨਰੇਸ਼ ਕੁਮਾਰ (ਨਾਮ ਬਦਲਿਆ ਹੋਇਆ) ਆਖਦੇ ਹਨ ਕਿ ਕਾਰੋਬਾਰੀਆਂ ਲਈ ਬਹੁਤ ਔਖਾ ਸਮਾ ਹੈ, ਪਤਾ ਨਹੀਂ ਕੌਣ ਫ਼ੋਨ ਕਰਦਾ ਹੈ ਅਤੇ ਪੈਸਿਆਂ ਦੀ ਮੰਗ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਟਿੰਮੀ ਨੂੰ ਜਿਸ ਤਰੀਕੇ ਨਾਲ ਫ਼ੋਨ ਕਰ ਕੇ ਫਿਰੌਤੀ ਮੰਗੀ ਜਾ ਰਹੀ ਸੀ, ਉਸ ਤੋਂ ਸਪੱਸ਼ਟ ਹੈ ਕਿ ਕਾਰੋਬਾਰੀਆਂ ਨੂੰ ਧਮਕੀ ਭਰੇ ਫ਼ੋਨ ਆ ਰਹੇ ਹਨ, ਪਰ ਡਰਦਾ ਕੋਈ ਨਹੀਂ ਬੋਲਦਾ, ਕਿਉਂਕਿ ਜਾਨ ਸਭ ਨੂੰ ਪਿਆਰੀ ਹੈ।
ਨਕੋਦਰ ਦੇ ਕਈ ਹੋਰ ਦੁਕਾਨਦਾਰਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਇਸ ਮੁੱਦੇ ਉੱਤੇ ਬੋਲਣ ਤੋਂ ਹੀ ਇਨਕਾਰ ਕਰ ਦਿੱਤਾ ।
ਉਹਨਾਂ ਦੇ ਚਿਹਰਿਆਂ ਉੱਤੇ ਡਰ ਸਾਫ਼ ਦੇਖਿਆ ਜਾ ਸਕਦਾ ਸੀ।
ਇਸ ਮਾਮਸੇ ਉਪਰ ਏਡੀਜੀਪੀ, ਲਾਅ ਐਂਡ ਆਰਡਰ ਅਰਪਿਰ ਸ਼ੁਕਲਾ ਨੇ ਕਿਹਾ ਸੀ, “ਇਹ ਗੈਂਗਸਟਰਾਂ ਦਾ ਕੰਮ ਹੈ। ਅਸੀਂ ਟੀਮਾਂ ਬਣਾ ਦਿੱਤੀਆਂ ਹਨ। ਸਾਡੇ ਕੋਲ ਕੁਝ ਲੀਡ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਅਪਰਾਧੀ ਜਲਦੀ ਤੋਂ ਜਲਦੀ ਫੜ ਲਏ ਜਾਣਗੇ।”ਸ਼ੁਕਲਾ ਮੁਤਾਬਕ, “ਸਾਨੂੰ ਸੀਸੀਟੀਵੀ ਫੁਟੇਜ ਵੀ ਮਿਲੀ ਹੈ ਅਤੇ ਹੋਰ ਵੀ ਕਈ ਜਾਣਕਾਰੀਆਂ ਹਨ। ਅਸੀਂ ਇਸ ਉਪਰ ਕੰਮ ਕਰ ਰਹੇ ਹਾਂ। ਪੁਲਿਸ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕਰਨ ਲਈ ਬਚਨਬੱਧ ਹੈ।”
ਵਿਧਾਇਕ ਦਾ ਕੀ ਕਹਿਣਾ ਹੈ
ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨਾਲ ਬੀਬੀਸੀ ਨੇ ਇਸ ਮੁੱਦੇ ਉਤੇ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜਦੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਡਰ ਜ਼ਰੂਰ ਪੈਦਾ ਹੋ ਜਾਂਦਾ ਹੈ ਪਰ ਪੁਲਿਸ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਹੈ।
ਉਹਨਾਂ ਦੱਸਿਆ ਕਿ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਬਦਮਾਸ਼ਾਂ ਦੇ ਖਿਲਾਫ਼ ਕਾਰਵਾਈ ਕਰ ਰਹੀ ਹੈ, ਉਸ ਤੋਂ ਗੈਂਗਸਟਰ ਬੁਖਲਾ ਗਏ ਹਨ।
ਵਿਰੋਧੀ ਧਿਰ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦੇ ਜਵਾਬ ਵਿੱਚ ਇੰਦਰਜੀਤ ਕੌਰ ਕਹਿੰਦੇ ਹਨ, ''ਇਹਨਾਂ ਧਿਰਾਂ ਕਰਕੇ ਹੀ ਇਹ ਸਭ ਕੁਝ ਹੋਇਆ ਹੈ।''
ਉਹਨਾਂ ਆਖਿਆ ਕਿ ਛੇਤੀ ਹੀ ਪੂਰੇ ਸ਼ਹਿਰ ਵਿੱਚ ਸੀਸੀਟੀਵੀ ਲਗਵਾਏ ਜਾਣਗੇ।

ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਅਤੇ ਸਰਕਾਰ ਦਾ ਜਵਾਬ
ਪੰਜਾਬ ਵਿੱਚ ਗੈਂਗਸਟਰਾਂ ਦੀਆਂ ਵੱਧਦੀਆਂ ਘਟਨਾਵਾਂ ਦੇ ਮੁੱਦੇ ਉਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰ ਰਹੀਆਂ ਹਨ।
ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਬੀਜੇਪੀ ਭਗਵੰਤ ਮਾਨ ਸਰਕਾਰ ਤੋਂ ਜਵਾਬ ਮੰਗ ਰਹੀਆਂ ਹਨ।
ਪੰਜਾਬ ਕਾਂਗਰਸ ਦੇ ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਹੈ ਕਿ ਮੁੱਖ ਮੰਤਰੀ ਨੂੰ ਹੁਣ ਡੂੰਘੀ ਨੀਂਦ ਚੋਂ ਜਾਗਣਾ ਚਾਹੀਦਾ ਹੈ ਅਤੇ ਸੂਬੇ ਵਿੱਚ ਵਧਦੇ ਅਪਰਾਧਾਂ 'ਤੇ ਲਗਾਮ ਲਾਉਣੀ ਚਾਹੀਦੀ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਸੂਬੇ ਵੱਲ ਧਿਆਨ ਦੇਣ, ਖ਼ਾਸ ਕਰਕੇ ਪੰਜਾਬ ਦੇ ਵਪਾਰੀ ਵਰਗ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਇਸ ਮੁੱਦੇ ਉੱਤੇ ਸਰਕਾਰ ਨੂੰ ਘੇਰ ਰਿਹਾ ਹੈ।

ਤਸਵੀਰ ਸਰੋਤ, Bhagwant mann/fb
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਸੀਆਈਆਈ ਦੇ ਪ੍ਰੋਗਰਾਮ ਦੌਰਾਨ ਖ਼ੁਦ ਮੰਨਿਆ ਕਿ ਹਾਲਾਤ ਪਿਛਲੇ ਦਿਨਾਂ ਵਿੱਚ ਵਿਗੜੇ ਜ਼ਰੂਰ ਸਨ ਜਿਸ ਉੱਤੇ ਕਾਬੂ ਪਾ ਲਿਆ ਗਿਆ ਹੈ।
ਪਰ ਇਸ ਤੋਂ ਅਗਲੇ ਦਿਨ ਹੀ ਸ਼ਨੀਵਾਰ ਨੂੰ ਤਰਨਤਾਰਨ ਵਿਖੇ ਆਰਪੀਜੀ ਅਟੈਕ ਤੋਂ ਬਾਅਦ ਵਿਰੋਧੀ ਧਿਰ ਨੇ ਫਿਰ ਤੋਂ ਕਾਨੂੰਨ ਵਿਵਸਥਾ ਦੇ ਮੁੱਦੇ ਉਤੇ ਸਰਕਾਰ ਨੂੰ ਘੇਰ ਲਿਆ।
ਪੰਜਾਬ ਵਿੱਚ ਇਸ ਸਾਲ ਮਾਰਚ ਮਹੀਨੇ ਵਿੱਚ ਸਰਕਾਰ ਬਦਲਣ ਤੋਂ ਬਾਅਦ ਜੋ ਪ੍ਰਮੁੱਖ ਵਾਰਦਾਤਾਂ ਸੁਰਖ਼ੀਆਂ ਵਿੱਚ ਆਈਆਂ ਉਹਨਾਂ ਵਿੱਚ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਸ਼ਰੇਆਮ ਕਤਲ, ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੀ ਹੱਤਿਆ, ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਉੱਤੇ ਆਰਪੀਜੀ ਅਟੈਕ ਪ੍ਰਮੁੱਖ ਹਨ।
ਹਾਲਾਂਕਿ ਪੰਜਾਬ ਸਰਕਾਰ ਨੇ ਐਂਟੀ ਗੈਂਗਸਟਰ ਸੈੱਲ ਦਾ ਗਠਨ ਵੀ ਕੀਤਾ ਹੋਇਆ ਹੈ । ਇਹਨਾਂ ਮਾਮਲਿਆਂ ਵਿੱਚ ਗ੍ਰਿਫਤਾਰੀਆਂ ਵੀ ਕੀਤੀਆਂ ਹਨ ਪਰ ਆਮ ਲੋਕਾਂ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਨਾਲ ਫਿਰੌਤੀ ਦੀਆਂ ਮੰਗਾਂ ਤੇ ਧਮਕੀਆਂ ਮਿਲ ਰਹੀਆਂ ਹਨ, ਉਸ ਨਾਲ ਕਾਰੋਬਾਰੀਆਂ ਵਿੱਚ ਡਰ ਦਾ ਮਾਹੌਲ ਜ਼ਰੂਰ ਪੈਦਾ ਹੋਇਆ ਹੈ।
ਇਹ ਵੀ ਪੜ੍ਹੋ:













