ਪਵਨਪ੍ਰੀਤ ਕਤਲਕਾਂਡ: ‘ਮੈਨੂੰ ਪਤਾ ਹੁੰਦਾ ਤਾਂ ਕਦੇ ਧੀ ਨੂੰ ਕੈਨੇਡਾ ਨਾ ਤੋਰਦੀ’

ਤਸਵੀਰ ਸਰੋਤ, ਪਵਨਪ੍ਰੀਤ ਦੇ ਪਰਿਵਾਰ ਤੋਂ
- ਲੇਖਕ, ਗੁਰਮਿੰਦਰ ਗਰੇਵਾਲ
- ਰੋਲ, ਬੀਬੀਸੀ ਸਹਿਯੋਗੀ
“ਮੇਰੀ ਧੀ ਕੈਨੇਡਾ ਵਿੱਚ ਜਿੰਦਗੀ ਬਣਾਉਣ ਲਈ ਗਈ ਸੀ ਪਰ ਸਾਨੂੰ ਕੀ ਪਤਾ ਸੀ ਉਹ ਆਪਣੀ ਜਾਨ ਗਵਾ ਲਵੇਗੀ।”
ਪਰਵਪ੍ਰੀਤ ਕੌਰ ਦੀ ਮਾਂ ਇਹਨਾਂ ਗੱਲਾਂ ਨੂੰ ਦੁਰਹਾਉਂਦੀ ਹੋਈ ਆਪਣੀ ਧੀ ਲਈ ਇਨਸਾਫ਼ ਮੰਗ ਰਹੀ ਹੈ।
ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਗੈਸ ਸਟੇਸ਼ਨ 'ਤੇ ਕੰਮ ਕਰਨ ਵਾਲੀ ਪੰਜਾਬੀ ਕੁੜੀ ਪਵਨਪ੍ਰੀਤ ਕੌਰ (21) ਦਾ ਬੀਤੇ ਦਿਨੀਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਪਵਨਪ੍ਰੀਤ ਲੁਧਿਆਣਾ ਦੇ ਪਿੰਡ ਕਲਾੜ ਦੀ ਰਹਿਣ ਵਾਲੀ ਸੀ ਅਤੇ ਸਾਲ 2019 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਗਈ ਸੀ।
ਪੁਲਿਸ ਮੁਤਾਬਕ ਸ਼ੱਕੀ ਵਿਆਕਤੀ ਸੀਸੀਟੀਵੀ ਫੁਟੇਜ ਵਿੱਚ ਸਾਇਕਲ ਉੱਪਰ ਘੁੰਮਦਾ ਪਾਇਆ ਗਿਆ ਹੈ ਅਤੇ ਲੋਕਾਂ ਨੂੰ ਮੁਲਜ਼ਮ ਨੂੰ ਫੜਨ ਵਿੱਚ ਮਦਦ ਲਈ ਅਪੀਲ ਕੀਤੀ ਹੈ।
ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ
ਪਵਨਪ੍ਰੀਤ ਕੌਰ ਦਾ ਕਤਲ 3 ਦਸੰਬਰ ਨੂੰ ਕੈਨੇਡਾ ਦੇ ਬਰੈਂਪਟਨ ਵਿੱਚ ਉਸ ਵੇਲੇ ਕਰ ਦਿੱਤਾ ਗਿਆ ਜਦੋਂ ਉਹ ਗੈਸ ਸਟੇਸ਼ਨ ਉਪਰ ਕੰਮ ਕਰ ਰਹੀ ਸੀ।
ਉਹ ਆਪਣੇ ਪਿੱਛੇ ਮਾਂ-ਬਾਪ ਅਤੇ ਛੋਟੀ ਭੈਣ ਨੂੰ ਛੱਡ ਗਈ ਹੈ। ਉਸ ਦੀ ਛੋਟੀ ਭੈਣ ਵੀ ਕੈਨੇਡਾ ਜਾਣਾ ਚਹੁੰਦੀ ਸੀ।
ਪਵਨਪ੍ਰੀਤ ਦੇ ਪਿਤਾ ਦਵਿੰਦਰ ਸਿੰਘ ਦਾ ਕਹਿਣਾ,''ਬੜੀਆਂ ਮੁਸ਼ਕਲਾਂ ਨਾਲ ਆਪਣੀ ਧੀ ਨੂੰ ਬਾਹਰ ਪੜ੍ਹਨ ਲਈ ਭੇਜਿਆ ਸੀ ਅਤੇ ਸੋਚਿਆ ਸੀ ਕਿ ਧੀਆਂ ਦਾ ਭਵਿੱਖ ਚੰਗਾ ਹੋਵੇ। ਪਰ ਹੁਣ ਦੂਜੀ ਧੀ ਨੂੰ ਭੇਜਣ ਬਾਰੇ ਸੋਚਣ ਦੀ ਹਿੰਮਤ ਨਹੀਂ ਪੈ ਰਹੀ।''

ਤਸਵੀਰ ਸਰੋਤ, BBC/Gurminder Grewal
ਡਰਾਇਵਰ ਦਾ ਕੰਮ ਕਰਨ ਵਾਲੇ ਦਵਿੰਦਰ ਸਿੰਘ ਮੁਤਾਬਕ, “ਸਾਡਾ ਕੈਨੇਡਾ ਦੀ ਧਰਤੀ 'ਤੇ ਪੈਰ ਪਾਉਣ ਦਾ ਦਿਲ ਨਹੀਂ ਕਰ ਰਿਹਾ। ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਕਿ ਕਿਸ ਤਰ੍ਹਾਂ ਸਮਾਂ ਬਿਤਾ ਰਹੇ ਹਾਂ। ਉਸ ਦੀ ਮਾਂ ਦਾ ਐਨਾ ਬੁਰਾ ਹਾਲ ਹੈ ਕਿ ਸਾਡੇ ਤੋਂ ਝੱਲ ਨਹੀਂ ਹੁੰਦੀ। ਚਾਰ ਦਿਨ ਹੋ ਗਏ ਉਸ ਨੇ ਰੋਟੀ ਨਹੀਂ ਖਾਧੀ।”
“ਅਸੀਂ ਆਪਣੀ ਧੀ ਦਾ ਸਸਕਾਰ ਪੰਜਾਬ ਵਿੱਚ ਕਰਨਾ ਚਹੁੰਦੇ ਹਾਂ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਸਾਡੀ ਧੀ ਦਾ ਕਾਤਿਲ ਫੜਿਆ ਜਾਵੇ।”

ਮਾਮਲਾ ਸੰਖੇਪ ਵਿੱਚ
- ਕੈਨੇਡਾ ਵਿੱਚ ਇੱਕ ਗੈਸ ਸਟੇਸ਼ਨ ’ਤੇ ਕੰਮ ਕਰਦੀ ਪੰਜਾਬੀ ਕੁੜੀ ਦਾ ਕਤਲ
- ਗੋਲੀਆਂ ਮਾਰ ਕੇ ਹਮਲਾਵਰ ਹੋਇਆ ਫ਼ਰਾਰ, ਮੁਲਜ਼ਮ ਦੀ ਭਾਲ ਜਾਰੀ
- ਪੁਲਿਸ ਮੁਤਾਬਕ ਸ਼ੱਕੀ ਵਿਆਕਤੀ ਸੀਸੀਟੀਵੀ ਫੁਟੇਜ ਵਿੱਚ ਸਾਇਕਲ ਉੱਪਰ ਘੁੰਮਦਾ ਪਾਇਆ ਗਿਆ
- ਕੁੜੀ ਦਾ ਪਰਿਵਾਰ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਕਰ ਰਿਹਾ ਹੈ ਮੰਗ
- ਮ੍ਰਿਤਕ ਪਵਨਪ੍ਰੀਤ ਸਟੱਡੀ ਵੀਜ਼ਾ ਉੱਤੇ ਕੈਨੇਡਾ ਗਈ ਸੀ
- ਪਵਨਪ੍ਰੀਤ ਲੁਧਿਆਣਾ ਦੇ ਪਿੰਡ ਕਲਾੜ ਦੀ ਰਹਿਣ ਵਾਲੀ ਸੀ


ਤਸਵੀਰ ਸਰੋਤ, Peel Regional Police
ਪਵਨਪ੍ਰੀਤ ਦੇ ਪਿਤਾ ਕਹਿੰਦੇ ਹਨ, “ਮੈਂ ਕਦੇ ਸੋਚਿਆ ਵੀ ਨਹੀਂ ਕਿ ਮੇਰੇ ਕੋਈ ਮੁੰਡਾ ਹੁੰਦਾ। ਅਸੀਂ ਕਦੇ ਵੀ ਇਹੋ ਜਿਹੀ ਗੱਲ ਮਨ ਵਿੱਚ ਨਹੀਂ ਲਿਆਂਦਾ ਅਤੇ ਸਾਡੇ ਲਈ ਕੁੜੀਆਂ ਮੁੰਡਿਆਂ ਤੋਂ ਵੀ ਵੱਧ ਸਨ।”
ਪਵਨਪ੍ਰੀਤ ਦੀ ਮਾਤਾ ਜਸਵੀਰ ਕੌਰ ਦਾ ਕਹਿਣਾ ਹੈ ਕਿ ਉਸ ਦੀ ਧੀ ਨੇ ਬਾਰਵੀਂ ਕਲਾਸ ਨਾਨ-ਮੈਡੀਕਲ ਨਾਲ ਕੀਤੀ ਸੀ ਅਤੇ ਉਹ ਪੜ੍ਹਨ ਵਿੱਚ ਵੀ ਬਹੁਤ ਹੁਸ਼ਿਆਰ ਸੀ।
ਉਹ ਕਹਿੰਦੇ ਹਨ, “ਅਸੀਂ ਬੱਚੀਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸੀ। ਕਦੇ ਵੀ ਆਪਣੇ ਬਾਰੇ ਨਹੀਂ ਸੋਚਿਆ ਸੀ। ਕਈ ਦਿਨ ਪਹਿਲਾਂ ਵੀਡੀਓ ਕਾਲ ਉਪਰ ਗੱਲ ਹੋਈ ਸੀ।”
“ਸਾਡੀ ਧੀ ਕੈਨੇਡਾ ਵਿੱਚ ਜਿੰਦਗੀ ਬਣਾਉਣ ਗਈ ਸੀ ਪਰ ਸਾਨੂੰ ਕੀ ਪਤਾ ਸੀ ਕਿ ਉਹ ਆਪਣੀ ਜਾਨ ਗੁਆ ਲਵੇਗੀ। ਪਰ ਜੇਕਰ ਮੈਨੂੰ ਇਸ ਭਾਣੇ ਦਾ ਪਤਾ ਹੁੰਦਾ ਤਾਂ ਉਸ ਨੂੰ ਆਪਣੇ ਕੋਲ ਹੀ ਪੜ੍ਹਨ ਲਾ ਲੈਂਦੀ ਅਤੇ ਇੱਥੇ ਹੀ ਡਿਗਰੀ ਕਰਵਾ ਦਿੰਦੀ।”

ਤਸਵੀਰ ਸਰੋਤ, BBC/Gurminder Grewal
ਕੈਨੇਡਾ ਪੁਲਿਸ ਦੀ ਅਪੀਲ
ਪਰਿਵਾਰ ਮੁਤਾਬਕ ਪਵਨਪ੍ਰੀਤ ਗੈਸ ਸਟੇਸ਼ਨ ਉੱਤੇ ਡਬਲ ਸ਼ਿਫਟ ਕਰ ਰਹੀ ਸੀ ਜਦੋਂ ਉਸਦਾ ਕਤਲ ਹੋਇਆ।
ਉਸਦਾ ਕਤਲ ਕਿਹੜੇ ਕਾਰਨਾਂ ਕਰਕੇ ਹੋਇਆ, ਹਜੇ ਤੱਕ ਪੁਲਿਸ ਨੂੰ ਕੋਈ ਪੁਖ਼ਤਾ ਗੱਲ ਨਹੀਂ ਪਤਾ ਲੱਗੀ ਹੈ।
ਪੁਲਿਸ ਮੁਤਾਬਕ ਇਸ ਘਟਨਾਂ ਦਾ ਸ਼ੱਕੀ ਵਿਆਕਤੀ ਤਿੰਨ ਘੰਟੇ ਪਹਿਲਾਂ ਘਟਨਾ ਵਾਲੀ ਥਾਂ ਦੇ ਕੋਲ ਘੁੰਮਦਾ ਦੇਖਿਆ ਗਿਆ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀ ਨੇ ਗੋਲੀਆਂ ਮਾਰਨ ਤੋਂ ਬਾਅਦ ਸਿਰ ਉਪਰ ਹੁੱਡੀ ਪਾਈ ਸੀ।
ਪੁਲਿਸ ਨੇ ਸ਼ੱਕੀ ਸਾਇਕਲ ਨੂੰ ਲੱਭ ਲਿਆ ਹੈ ਅਤੇ ਕਿਹਾ ਹੈ ਕਿ ਇਹ ਸਾਇਕਲ ਚੋਰੀ ਦਾ ਵੀ ਹੋ ਸਕਦਾ ਹੈ।
ਪੁਲਿਸ ਨੇ ਲੋਕਾਂ ਨੂੰ ਸ਼ੱਕੀ ਬਾਰੇ ਜਾਣਕਾਰੀ ਦੇਣ ਲਈ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ ਹੈ।

ਤਸਵੀਰ ਸਰੋਤ, Peel Regional Police
ਕੈਨੇਡਾ ਦੇ ਅੰਕੜਾ ਵਿਭਾਗ ਦੀ ਵੈਬਸਾਈਟ ਮੁਤਾਬਕ ਸਾਲ 2021 ਵਿੱਚ 788 ਲੋਕਾਂ ਦਾ ਕਤਲ ਦਰਜ ਹੋਇਆ ਹੈ ਜਿਨ੍ਹਾਂ ਵਿੱਚੋਂ ਇੱਕ ਤਿਹਾਈ ਲੋਕ ਖ਼ਾਸ ਨਸਲ ਨਾਲ ਸਬੰਧਤ ਸਨ।
ਪੀੜਤਾਂ ਵਿੱਚੋਂ 49 ਫੀਸਦ ਸਿਆਹਫਾਮ ਲੋਕ ਸਨ ਤੇ ਪੰਜ ਵਿੱਚੋਂ ਇੱਕ ਦੱਖਣੀ ਏਸ਼ੀਆਈ ਮੂਲ ਦਾ ਸੀ।
















