ਜਰਮਨੀ ’ਚ ਚੁੱਪ-ਚਪੀਤੇ ਬਣੀ ਤਖ਼ਤਾਪਲਟ ਦੀ ਯੋਜਨਾ ਦਾ ਪਰਦਾਫਾਸ਼, ਸੰਸਦ ’ਤੇ ਕਬਜ਼ੇ ਦੀ ਸੀ ਤਿਆਰੀ

ਤਸਵੀਰ ਸਰੋਤ, EPA
- ਲੇਖਕ, ਪੌਲ ਕਿਰਬੇ
- ਰੋਲ, ਬੀਬੀਸੀ ਪੱਤਰਕਾਰ
ਜਰਮਨੀ ਵਿੱਚ ਥਾਂ-ਥਾਂ ਛਾਪੇ ਮਾਰ ਕੇ ਅਜਿਹੇ 25 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਉੱਤੇ ਤਖ਼ਤਾਪਲਟ ਦੀ ਯੋਜਨਾ ਬਣਾਉਣ ਦਾ ਸ਼ੱਕ ਸੀ।
ਕਿਹਾ ਜਾ ਰਿਹਾ ਹੈ ਕਿ ਕੱਟੜ ਸੱਜੇ-ਪੱਖੀਆਂ ਅਤੇ ਸਾਬਕਾ ਮਿਲਟਰੀ ਸ਼ਖਸੀਅਤਾਂ ਦਾ ਸੰਗਠਨ ‘ਰਿਚਸਟੈਗ ਪਾਰਲੀਮੈਂਟ ਬਿਲਡਿੰਗ’ ਯਾਨੀ ਜਰਮਨ ਸੰਸਦ ਦੇ ਹੇਠਲੇ ਸਦਨ ’ਤੇ ਕਬਜ਼ਾ ਕਰਕੇ ਸੱਤਾ ਹਾਸਿਲ ਕਰਨ ਦੀ ਯੋਜਨਾ ਬਣਾ ਰਿਹਾ ਸੀ।
ਹੈਨਰਿਚ ਤੇਰਵ੍ਹੇਂ ਨਾਮੀ ਸ਼ਖਸ ਨੂੰ ਇਨ੍ਹਾਂ ਯੋਜਨਾਵਾਂ ਵਿੱਚ ਮੁੱਖ ਮੰਨਿਆ ਜਾ ਰਿਹਾ ਹੈ।
ਸਰਕਾਰੀ ਵਕੀਲਾਂ ਮੁਤਾਬਕ, ਹੈਨਰਿਚ ਜਰਮਨੀ ਦੇ ਗਿਆਰਾਂ ਸੂਬਿਆਂ ਵਿੱਚੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਦੋ ਕਥਿਤ ਆਗੂਆਂ ਵਿੱਚੋਂ ਇੱਕ ਹੈ।
ਸਾਜ਼ਿਸ਼ ਰਚਣ ਵਾਲਿਆਂ ਵਿੱਚ ਕੱਟੜਪੰਥੀ ‘ਰਾਈਚਸਬਰਗਰ ਮੁਹਿੰਮ’ ਦੇ ਮੈਂਬਰ ਵੀ ਸ਼ਾਮਲ ਹਨ।
ਇਹ ਮੁਹਿੰਮ ਹਿੰਸਕ ਹਮਲਿਆਂ, ਨਸਲਵਾਦ ਅਤੇ ਯਹੂਦੀ ਵਿਰੋਧੀ ਸਾਜ਼ਿਸ਼ਾਂ ਕਾਰਨ ਲੰਬੇ ਸਮੇਂ ਤੋਂ ਜਰਮਨ ਪੁਲਿਸ ਦੀਆਂ ਨਜ਼ਰਾਂ ਵਿੱਚ ਸੀ।

ਤਸਵੀਰ ਸਰੋਤ, DPA PICTURE ALLIANCE
ਜਰਮਨ ਰਾਜ ਮੰਣਨ ਤੋਂ ਮੁਨਕਰ
ਕੱਟੜ ਸੱਜੇ-ਪੱਖੀ ਆਧੁਨਿਕ ਜਰਮਨੀ ਰਾਜ ਮੰਨਣ ਤੋਂ ਇਨਕਾਰ ਕਰਦੇ ਹਨ।
ਇਹ ਵੀ ਕਿਆਸਰਾਈਆਂ ਹਨ ਕਿ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ, ‘ਕਾਨਨ’ ਮੁਹਿੰਮ ਵਿੱਚੋਂ ਆਏ ਹਨ ਜੋ ਮੰਨਦੇ ਹਨ ਕਿ ਦੇਸ਼ ‘ਡੀਪ ਸਟੇਟ’ ਦੇ ਹੱਥਾਂ ਵਿੱਚ ਹੈ ਅਤੇ ਗੁਪਤ ਸ਼ਕਤੀਆਂ ਦੇਸ਼ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਰਹੀਆਂ ਹਨ।
ਅੰਦਰੂਨੀ ਮਸਲਿਆਂ ਦੇ ਮੰਤਰੀ ਨੈਂਨਸੀ ਫੇਜ਼ਰ ਨੇ ਜਰਮਨ ਲੋਕਾਂ ਨੂੰ ਭਰੋਸਾ ਦਵਾਇਆ ਕਿ ‘ਲੋਕਤੰਤਰ ਦੇ ਦੁਸ਼ਮਣਾਂ’ ਨਾਲ ਸਖ਼ਤੀ ਨਾਲ ਨਜਿੱਠਿਆ ਜਾਏਗਾ।

ਤਸਵੀਰ ਸਰੋਤ, Getty Images
ਆਧੁਨਿਕ ਦੌਰ ਵਿੱਚ ਤਖ਼ਤਾਪਲਟ ਦੀ ਸਾਜਿਸ਼
ਰਾਈਚਸਬਰਗਰ ਸੰਗਠਨ ਕੋਈ ਨਵਾਂ ਨਹੀਂ ਹੈ। ਇਹ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਤੋਂ ਹੀ ਸਰਗਰਮ ਹੈ।
ਅਪ੍ਰੈਲ ਮਹੀਨੇ ਇਨ੍ਹਾਂ ਲੋਕਾਂ ਨਾਲ ਸਬੰਧਤ ਇੱਕ ਗੈਂਗ ਵੱਲੋਂ ਰਚੀ ਜਰਮਨੀ ਦੇ ਸਿਹਤ ਮੰਤਰੀ ਨੂੰ ਅਗਵਾ ਕਰਨ ਦੀ ਸਾਜ਼ਿਸ਼ ਪਹਿਲਾ ਸੰਕੇਤ ਹੈ ਕਿ ਕੋਵਿਡ-19 ਨੂੰ ਸਾਜ਼ਿਸ਼ ਦੱਸਣ ਵਾਲੀਆਂ ਮੁਹਿੰਮਾਂ ਨਾਲ ਇਨ੍ਹਾਂ ਦੇ ਤਾਰ ਜੁੜੇ ਹੋਏ ਹਨ।
ਰਾਈਚਸਬਰਗਰ ਮੁਹਿੰਮ ਨਾਲ ਸੰਬੰਧਿਤ ਟੈਲੀਗ੍ਰਾਮ ਗਰੁਪ ਨੇ ਕੋਵਿਡ-19 ਨਾਲ ਸਬੰਧਤ ਉਨ੍ਹਾਂ ਥਿਊਰੀਆਂ ਵਿੱਚ ਰੁਚੀ ਦਿਖਾਈ ਜਿਨ੍ਹਾਂ ਵਿੱਚ ਕੋਵਿਡ-19 ਅਤੇ ਇਸ ਦੇ ਟੀਕਾਕਰਨ ਨੂੰ ਅਬਾਦੀ ਕਾਬੂ ਕਰਨ ਲਈ ਭਿਆਨਕ ਸਾਜ਼ਿਸ਼ ਕਰਾਰ ਦਿੱਤਾ ਗਿਆ।
ਸਮੂਹ ‘ਰਾਈਚਸਬਰਗਰ’ ਕੌਣ ਹਨ ?

ਤਸਵੀਰ ਸਰੋਤ, Getty Images
ਇਹ ਜਰਮਨੀ ਦੇ ਆਧੁਨਿਕ ਲੋਕਤੰਤਰ ਨੂੰ ਨਕਾਰਦੇ ਹਨ ਅਤੇ ਟੈਕਸ ਅਦਾ ਕਰਨ ਤੋਂ ਇਨਕਾਰ ਕਰਦੇ ਹਨ।
ਕਿਸੇ ਵੇਲੇ 'ਨੁਕਸਾਨਦੇਹ ਸਨਕੀ' ਮੰਨੇ ਜਾਣ ਵਾਲੇ ਇਹ ਲੋਕ, ਬਹੁਤ ਸਰਗਰਮ ਹਨ ਅਤੇ ਵੱਡਾ ਖਤਰਾ ਬਣ ਰਹੇ ਹਨ।
ਬੀਐਫਵੀ ਇੰਟੈਲੀਜੈਂਸ ਮੁਖੀ ਥੋਮਸ ਹਾਲਡਿਨਵਾਂਗ ਨੇ ਕਿਹਾ, ''ਪਿਛਲੇ ਸਾਲ ਇਨ੍ਹਾਂ ਦੀ ਗਿਣਤੀ ਕਰੀਬ 21,000 ਸੀ, ਪਰ ਇਹ ਇਹ ਗਿਣਤੀ ਲਗਾਤਾਰ ਵਧ ਰਹੀ ਹੈ''
''10 ਫੀਸਦੀ ਨੂੰ ਹਿੰਸਕ ਸਮਝਿਆ ਜਾਂਦਾ ਹੈ, ਯਹੂਦੀ ਵਿਰੋਧੀ ਹਨ ਅਤੇ ਇਨ੍ਹਾਂ ਵਿੱਚ ਸਾਜ਼ਿਸ਼ ਥਿਊਰੀਆਂ ਬਹੁਤ ਪ੍ਰਚਲਿਤ ਹਨ''
ਸਰਕਾਰ ਵਿਰੋਧੀ ਵਿਚਾਰਧਾਰਾ
ਸਰਕਾਰ ਵਿਰੋਧੀ ਤੇ ਸਾਜਿਸ਼ਾਂ ਘੜਨ ਵਾਲੀ ਸਿਆਸਤ ਦੁਨੀਆਂ ਦੇ ਹੋਰ ਮੁਲਕਾਂ ਵਿੱਚ ਵੀ ਦੇਖੀ ਗਈ। ਇਸ ਵਰਤਾਰੇ ਬਾਰੇ ਬੀਬੀਸੀ ਦੇ ਡਿਸਇਨਫ਼ਰਮੇਸ਼ਨ ਤੇ ਸੋਸ਼ਲ ਮੀਡੀਆ ਰਿਪੋਰਟਰ ਐਰੀਆਨਾ ਸਪ੍ਰਿੰਗ ਨੇ ਜਾਣਨ ਦੀ ਕੋਸ਼ਿਸ਼ ਕੀਤੀ।
ਯੁਕਰੇਨ ਦੀ ਜੰਗ ਬਾਰੇ ਵੀ ਗ਼ਲਤ ਜਾਣਕਾਰੀਆਂ ਹਨ ਅਤੇ ਅਮਰੀਕਾ ਦੀ 6 ਜਨਵਰੀ ਨੂੰ ਕੈਪੀਟੋਲ ਹਿੱਲ ਦੀ ਹਿੰਸਾ ਨਾਲ ਜੋੜੀ ਜਾ ਰਹੀ ਸਾਜ਼ਿਸ਼ ਸਬੰਧੀ ਵੀ ਥਿਊਰੀਆਂ ਹਨ।
ਉਹ ਪ੍ਰਭੂਸੱਤਾ ਨਾਗਰਿਕ ਮੁਹਿੰਮਾਂ ਦੇ ਹੱਕ ਵਿੱਚ ਪੋਸਟ ਕਰਦੇ ਹਨ ਜੋ ਮੰਨਦੇ ਹਨ ਕਿ ਸਰਕਾਰ ਦੇ ਨਿਯਮ ਉਨ੍ਹਾਂ ‘ਤੇ ਲਾਗੂ ਨਹੀਂ ਹੁੰਦੇ।
ਆਖ਼ਰਕਾਰ ਇਸ ਸੰਗਠਨ ਨੇ ਅਜਿਹੇ ਕਈ ਮਤਾਂ ਨੂੰ ਅਪਣਾਇਆ ਜਿਸ ਮੁਤਾਬਕ ‘ਦੁਸ਼ਟ ਸ਼ਾਸਕ ਸਾਨੂੰ ਕੰਟਰੋਲ ਕਰ ਰਹੇ ਹਨ’ ਅਤੇ ਉਨ੍ਹਾਂ ਨੂੰ ਸੱਤਾਂ ਤੋਂ ਬਾਹਰ ਸੁੱਟਿਆ ਜਾਣਾ ਚਾਹੀਦਾ ਹੈ।
ਕਿਸੇ ਆਮ ਇਨਸਾਨ ਨੂੰ ਇਹ ਬਹੁਤ ਅਜੀਬ ਲੱਗ ਸਕਦਾ ਹੈ, ਪਰ ਇਹ ਕਿਸੇ ਬਹੁਤ ਅਹਿਮ ਚੀਜ਼ ਦਾ ਪ੍ਰਤੀਕ ਹੈ।
ਸਾਨੂੰ ਆਨਲਾਈਨ ਗਲਤ ਜਾਣਕਾਰੀਆਂ ਨਾਲ ਸਬੰਧਤ ਆਫਲਾਈਨ ਪ੍ਰਕਿਰਿਆਵਾਂ ਬਾਰੇ ਪਹਿਲਾਂ ਚੇਤਾਵਨੀਆਂ ਮਿਲੀਆਂ ਸਨ- ਟੀਕਾਕਰਨ ਵਿਰੋਧੀ ਹਿੰਸਾ ਅਤੇ ਯੂ.ਐਸ ਵਿੱਚ ਕੈਪੀਟੋਲ ਹਿੱਲ ਦੀ ਹਿੰਸਾ।
ਪਰ ਇਹ ਯਾਦ ਦਵਾਉਂਦਾ ਹੈ ਕਿ ਭਾਵੇਂ ਦੁਨੀਆ ਦੇ ਕਈ ਹਿੱਸਿਆਂ ਵਿੱਚ ਮਹਾਂਮਾਰੀ ਤੋਂ ਰਾਹਤ ਹੈ, ਪਰ ਇਸ ਨੂੰ ਸਾਜ਼ਿਸ਼ ਦੱਸਣ ਵਾਲੀਆਂ ਗੱਲਾਂ ਹਜੇ ਵੀ ਮੌਜੂਦ ਹਨ ਅਤੇ ਹਾਸ਼ੀਏ ’ਤੇ ਪਏ ਕੁਝ ਸੰਗਠਨਾਂ ਨੂੰ ਕਿਸੇ ਕਾਰਵਾਈ ਲਈ ਹੱਲਾਸ਼ੇਰੀ ਦੇ ਸਕਦੀ ਹੈ।
ਤਖ਼ਤਾਪਲਟ ਦੇ ਸਾਜਿਸ਼ਕਰਤਾ

ਤਸਵੀਰ ਸਰੋਤ, EPA
ਕਰੀਬ ਪੰਜਾਹ ਆਦਮੀ ਤੇ ਔਰਤਾਂ ਇਸ ਸੰਗਠਨ ਦਾ ਹਿੱਸਾ ਮੰਨੇ ਜਾ ਰਹੇ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਤਖਤਾਪਲਟ ਦੀ ਸਾਜ਼ਿਸ਼ ਰਚੀ।
ਸਰਕਾਰੀ ਵਕੀਲ ਦੇ ਬੁਲਾਰੇ ਨੇ ਕਿਹਾ, “ਹਾਲੇ ਸਾਡੇ ਕੋਲ ਇਸ ਸੰਗਠਨ ਦਾ ਕੋਈ ਨਾਮ ਨਹੀਂ ਹੈ।” ਅੰਦਰੂਨੀ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਇਹ ‘ਕਾਊਂਸਲ’ ਅਤੇ ਮਿਲਟਰੀ ਦੀ ਕਿਸੇ ਬ੍ਰਾਂਚ ਨਾਲ ਸੰਗਠਿਤ ਹੋਇਆ ਗਰੁੱਪ ਹੈ।
ਬੁੱਧਵਾਰ ਸਵੇਰ ਨੂੰ ਹੋਈ ਛਾਪੇਮਾਰੀ ਆਧੁਨਿਕ ਜਰਮਨੀ ਇਤਿਹਾਸ ਵਿੱਚ ਵੱਖਵਾਦ ਵਿਰੋਧੀ ਸਭ ਤੋਂ ਵੱਡਾ ਅਪਰੇਸ਼ਨ ਕਿਹਾ ਜਾ ਰਿਹਾ ਹੈ।
ਜਰਮਨੀ ਦੇ 16 ਵਿੱਚੋਂ 11 ਸੂਬਿਆਂ ਵਿੱਚ ਹੋਈ ਇਸ ਰੇਡ ਵਿੱਚ 150 ਅਫਸਰ ਸ਼ਾਮਲ ਸੀ। ਦੋ ਲੋਕਾਂ ਨੂੰ ਆਸਟ੍ਰੀਆ ਅਤੇ ਇਟਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਕਰੀਬ ਅੱਧੀਆਂ ਗ੍ਰਿਫ਼ਤਾਰੀਆਂ ਬਾਡੇਨ-ਵਰਟਮਬਰਗ ਅਤੇ ਬਵਾਰੀਆ ਸੂਬਿਆਂ ਵਿੱਚੋਂ ਹੋਈਆਂ।
ਪੰਜ ਵਿੱਚੋਂ ਇੱਕ ਤੋਂ ਵੱਧ ‘ਰਾਈਚਸਬਰਗਰ’ ਦੱਖਣੀ ਸੂਬੇ ਬਾਡੇਨ-ਵਰਟਮਬਰਗ ਦੇ ਰਹਿਣ ਵਾਲੇ ਮੰਨੇ ਜਾ ਰਹੇ ਹਨ।
ਨਿਆਂ ਮੰਤਰੀ ਮਾਰਕੋ ਬੁਸ਼ਮੈਨ ਨੇ ਟਵੀਟ ਕੀਤਾ ਕਿ ਸੰਵਿਧਾਨਕ ਸੰਸਥਾਵਾਂ ’ਤੇ ਹਥਿਆਰਬੰਦ ਹਮਲੇ ਦੀ ਯੋਜਨਾ ਬਣਾਉਣ ਦਾ ਸ਼ੱਕ ਸੀ।

ਤਸਵੀਰ ਸਰੋਤ, Getty Images
ਫੈਡਰਲ ਵਕੀਲ ਦੇ ਦਫ਼ਤਰ ਨੇ ਕਿਹਾ ਕਿ ਇਹ ਸੰਗਠਨ ਨਵੰਬਰ 2021 ਤੋਂ ਤਖਤਾਪਲਟ ਦੀ ਸਾਜ਼ਿਸ਼ ਰਚ ਰਿਹਾ ਹੈ ਅਤੇ ਇਸ ਦੇ ‘ਕਾਊਂਸਲ’ ਮੈਂਬਰ ਉਦੋਂ ਤੋਂ ਲਗਾਤਾਰ ਮੀਟਿੰਗਾਂ ਕਰ ਰਹੇ ਹਨ।
ਵਕੀਲ ਨੇ ਕਿਹਾ ਕਿ ਉਨ੍ਹਾਂ ਨੇ ਇਹ ਵੀ ਯੋਜਨਾਵਾਂ ਬਣਾਈਆਂ ਹਨ ਕਿ ਜਰਮਨੀ ਵਿੱਚ ਕਿਵੇਂ ਰਾਜ ਕਰਨਾ ਹੈ ਅਤੇ ਕਿਵੇਂ ਵੱਖੋ ਵੱਖ ਵਿਭਾਗ ਜਿਵੇਂ ਕਿ ਸਿਹਤ, ਨਿਆਂ ਅਤੇ ਵਿਦੇਸ਼ੀ ਮਾਮਲਿਆਂ ਨੂੰ ਚਲਾਉਣਾ ਹੈ।
ਮੈਂਬਰਾਂ ਨੇ ਸਮਝਿਆ ਹੈ ਕਿ ਉਹ ਆਪਣਾ ਟੀਚਾ ਮਿਲਟਰੀ ਦੇ ਸ੍ਰੋਤ ਵਰਤ ਕੇ ਅਤੇ ਸਰਕਾਰ ਦੇ ਨੁਮਾਇੰਦਿਆਂ ਖ਼ਿਲਾਫ਼ ਹਿੰਸਾ ਕਰਕੇ ਹੀ ਹਾਸਿਲ ਕਰ ਸਕਦੇ ਹਨ, ਇਨ੍ਹਾਂ ਦੇ ਤਰੀਕੇ ਵਿੱਚ ਕਤਲ ਕਰਨੇ ਵੀ ਸ਼ਾਮਲ ਹਨ।
ਜਾਂਚ ਅਧਿਕਾਰੀਆਂ ਨੂੰ ਸੰਗਠਨ ਬਾਰੇ ਸੂਹ ਲੱਗ ਗਈ ਜਦੋਂ ਉਨ੍ਹਾਂ ਨੇ ਖ਼ੁਦ ਨੂੰ ਯੁਨਾਈਟਿਡ ਦੇਸ਼ ਭਗਤ ਕਹਿਣ ਵਾਲੇ ਗੈਂਗ ਵੱਲੋਂ ਰਚੀ ਇੱਕ ਅਗਵਾ ਦੀ ਸਾਜ਼ਿਸ਼ ਦਾ ਪਰਦਾਫਾਸ ਕੀਤਾ।
ਉਹ ਵੀ ਰਾਈਚਸਬਰਗਰ ਸੀਨ ਦਾ ਹਿੱਸਾ ਸਨ ਅਤੇ ਕਥਿਤ ਤੌਰ ’ਤੇ ਸਿਹਤ ਮੰਤਰੀ ਕਾਰਲ ਲਾਊਟਰਬਚ ਨੂੰ ਅਗਵਾ ਕਰਨ ਦੀ ਯੋਜਨਾ ਬਣਾਈ ਸੀ। ਨਾਲ ਹੀ ਜਰਮਨੀ ਦੇ ਲੋਕਤੰਤਰ ਨੂੰ ਖਤਮ ਕਰਨ ਲਈ ਗ੍ਰਹਿ ਯੁੱਧ ਜਿਹੇ ਹਾਲਾਤ ਬਣਾਉਣ ਦੀ ਵੀ ਯੋਜਨਾ ਬਣਾਈ ਸੀ।
ਪਾਰਲੀਮੈਂਟ ਦੇ ਹੇਠਲੇ ਸਦਨ ਦੇ ਸਾਬਕਾ ਸੱਜੇ ਪੱਖੀ ਏਐਫਡੀ ਮੈਂਬਰ ਬੁਨਦੇਸਤਾਗ ’ਤੇ ਵੀ ਯੋਜਨਾ ਵਿੱਚ ਸ਼ਾਮਲ ਹੋਣ ਅਤੇ ਸੰਗਠਨ ਵਿੱਚ ਕਾਨੂੰਨ ਮੰਤਰੀ ਦੀ ਲਾਈਨ ਵਿੱਚ ਹੋਣ ਦਾ ਸ਼ੱਕ ਹੈ।
ਗ੍ਰਿਫ਼ਤਾਰ ਕੀਤੇ 25 ਲੋਕਾਂ ਵਿੱਚੋਂ ਇੱਕ ਬਿਰਗਿਟ ਮਲਸੈਕ-ਵਿੰਕੇਮਨ ਪਿਛਲੇ ਸਾਲ ਜੱਜ ਦੀ ਭੂਮਿਕਾ ਵਿੱਚ ਮੁੜੀ ਸੀ ਅਤੇ ਇੱਕ ਅਦਾਲਤ ਨੇ ਉਦੋਂ ਤੋਂ ਉਸ ਖ਼ਿਲਾਫ਼ ਕੋਸ਼ਿਸ਼ਾਂ ਘਟਾ ਦਿੱਤੀਆਂ ਸੀ।
ਸੰਗਠਨ ਨੇ ਵਿਦੇਸ਼ੀ ਮਾਮਲਿਆਂ ਨੂੰ ਸੰਭਾਲਣ ਲਈ ਇੱਕ ਮੰਨੇ-ਪ੍ਰਮੰਨੇ ਵਕੀਲ ਨੂੰ ਲਿਆ। 71 ਸਾਲਾ ਹੈਨਰਿਚ ਇਸ ਦੇ ਆਗੂ ਬਣੇ।
ਆਪਣੇ ਆਪ ਨੂੰ ਰਾਜਕੁਮਾਰ ਮੰਨਣ ਵਾਲੇ ਹੈਨਰਿਚ ਕੌਣ ਹਨ

ਤਸਵੀਰ ਸਰੋਤ, AFP
ਸਰਕਾਰੀ ਵਕੀਲ ਜਨਰਲ ਪੀਟਰ ਫਰੈਂਕ ਨੇ ਕਿਹਾ ਕਿ ਹੈਨਰਿਚ ਉਨ੍ਹਾਂ ਸ਼ੱਕੀਆਂ ਵਿੱਚੋਂ ਸੀ ਜਿਨ੍ਹਾਂ ਨੂੰ ਜਾਂਚ ਕਰ ਰਹੇ ਜੱਜਾਂ ਨੇ ਕਸਟਡੀ ਵਿੱਚ ਰੱਖਣ ਲਈ ਕਿਹਾ ਸੀ।
ਹੈਨਰਿਚ ਖੁਦ ਨੂੰ ਇੱਕ ਰਾਜਕੁਮਾਰ ਵਜੋਂ ਪੇਸ਼ ਕਰਦੇ ਹਨ ਅਤੇ ‘ਹਾਊਸ ਆਫ ਰਿਉਜ਼’ ਵਜੋਂ ਜਾਣੇ ਜਾਂਦੇ ਇੱਕ ਪੁਰਾਣੇ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਜਿਸ ਨੇ 1918 ਤੱਕ ਥਰਿੰਗੀਆ ਸੂਬੇ ’ਤੇ ਰਾਜ ਕੀਤਾ।
ਪਰਿਵਾਰ ਦੇ ਵੰਸ਼ਜ ਹਜੇੇ ਵੀ ਕੁਝ ਮਹਿਲਾਂ ਦੇ ਮਾਲਕ ਹਨ ਅਤੇ ਹੈਨਰਿਚ ਕੋਲ ਵੀ ਥਰਿੰਗੀਆ ਦੇ ਬੈਡ ਲੋਬਿੰਨਸਟਨ ਵਿੱਚ ਵੱਡਾ ਘਰ ਹੈ।
ਬਾਕੀ ਪਰਿਵਾਰ ਨੇ ਇਸ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਸਥਾਨਕ ਪ੍ਰਸਾਰਕ ਐਮਡੀਆਰ ਨੂੰ ਇੱਕ ਬੁਲਾਰੇ ਨੇ ਦੱਸਿਆ ਸੀ ਕਿ ਹੈਨਰਿਚ ਇੱਕ ਉਲਝਿਆ ਹੋਇਆ ਆਦਮੀ ਹੈ ਜੋ ‘ਸਾਜ਼ਿਸ਼ ਥਿਓਰਿਆਂ ਦੀਆਂ ਗਲਤ ਫਹਿਮੀਆਂ’ ਵਿੱਚ ਪੈ ਗਿਆ ਹੈ।
ਮਿਲਟਰੀ ਦੀ ਯੋਜਨਾ ਬਣਾਉਣਾ
ਸਾਜ਼ਿਸ਼ ਕਰਤਾਵਾਂ ਨੇ ਸੰਗਠਨ ਦੇ ਦੂਜੇ ਆਗੂ ਰੁਡੀਜਰ ਵੌਨ ਪੀ ਨੂੰ ਮਿਲਟਰੀ ਦਾ ਜਿੰਮਾ ਦੇਣ ਦੀ ਵੀ ਯੋਜਨਾ ਬਣਾਈ ਹੋਈ ਸੀ।
ਅਧਿਕਾਰੀ ਮੰਨਦੇ ਹਨ ਕਿ ਇਸ ਵਿਚ ਮਿਲਟਰੀ ਦੇ ਸਰਗਰਮ ਅਤੇ ਸਾਬਕਾ ਮੈਂਬਰ ਅਤੇ ਮਿਲਟਰੀ ਦੀਆਂ ਖਾਸ ਯੁਨਿਟਾਂ ਦੇ ਸਾਬਕਾ ਸਿਪਾਹੀ ਵੀ ਸ਼ਾਮਲ ਸੀ।
ਵਕੀਲ ਨੇ ਕਿਹਾ ਕਿ ਮਿਲਟਰੀ ਬ੍ਰਾਂਚ ਦਾ ਟੀਚਾ ਸਥਾਨਕ ਪੱਧਰ ਤੋਂ ਲੋਕਤੰਤਰਿਕ ਸੰਸਥਵਾਂ ਨੂੰ ਖਤਮ ਕਰਨਾ ਸੀ।
ਇਲਜ਼ਾਮ ਹਨ ਕਿ ਰੁਡੀਜਰ ਵੌਨ ਪੀ ਉੱਤਰ ਜਰਮਨੀ ਤੋਂ ਪੁਲਿਸ ਅਫਸਰਾਂ ਦੀ ਨਿਯੁਕਤੀ ਦੀ ਵੀ ਕੋਸ਼ਿਸ਼ ਕਰ ਰਿਹਾ ਸੀ ਅਤੇ ਆਰਮੀ ਦੀਆਂ ਬੈਰਕਾਂ ਉੱਤੇ ਵੀ ਉਸ ਦੀ ਨਜ਼ਰ ਸੀ।
ਅਧਿਕਾਰੀਆਂ ਨੇ ਕਿਹਾ ਕਿ ਹੇਸੇ, ਬਾਡੇਨ-ਵਰਟਮਬਰਗ ਅਤੇ ਬਵਾਰੀਆ ਵਿਚ ਉਨ੍ਹਾਂ ਦੇ ਟਿਕਾਣਿਆਂ ਨੂੰ ਤਖਤਾਪਲਟ ਬਾਅਦ ਵਰਤੇ ਜਾਣ ਬਾਰੇ ਵੀ ਛਾਣਬੀਣ ਕੀਤੀ ਗਈ ਸੀ ।
ਜਾਂਚ ਅਧੀਨ ਲੋਕਾਂ ਵਿੱਚ ਇੱਕ ਸਪੈਸ਼ਲ ਕਮਾਂਡੋ ਫੋਰਸ ਦਾ ਮੈਂਬਰ ਸੀ। ਪੁਲਿਸ ਨੇ ਗਰਾਫਜ਼ੇਪਲਿਨ ਮਿਲਟਰੀ ਬੇਸ ਵਿੱਚ ਉਸ ਦੇ ਘਰ ਤੇ ਕਮਰੇ ਦੀ ਵੀ ਤਲਾਸ਼ੀ ਲਈ।
ਇੱਕ ਹੋਰ ਸ਼ੱਕੀ ਦੀ ਪਛਾਣ ਰੂਸੀ ਔਰਤ ਵੀਟਾਲੀਆ ਵਜੋਂ ਹੋਈ ਹੈ, ਜਿਸ ਨੂੰ ਕਿ ਹੈਨਰਿਚ ਵੱਲੋਂ ਮੌਸਕੋਅ ਤੱਕ ਪਹੁੰਚ ਕਰਨ ਲਈ ਕਿਹਾ ਗਿਆ ਸੀ।
ਬਰਲਿਨ ਵਿੱਚ ਰੂਸੀ ਅੰਬੈਸੀ ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦੀ ਸੰਗਠਨਾਂ ਤੇ ਹੋਰ ਗੈਰ-ਕਾਨੂੰਨੀ ਸਰਗਣਿਆਂ ਨਾਲ ਰਾਬਤਾ ਨਹੀਂ ਰੱਖਿਆ ਹੈਂ।
ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਹਿੰਸਕ ਹਮਲੇ ਜਰਮਨੀ ਦੇ ਸੱਜੇ-ਪੱਖੀਆਂ ਨਾਲ ਜੋੜੇ ਗਏ ਹਨ।
2020 ਵਿੱਚ ਇੱਕ 43 ਸਾਲਾ ਸ਼ਖ਼ਸ ਨੇ ਹਨਾਊ ਵਿੱਚ ਵਿਦੇਸ਼ੀ ਮੂਲ ਦੇ ਨੌਂ ਲੋਕਾਂ ਨੂੰ ਗੋਲੀਆਂ ਚਲਾ ਕੇ ਮਾਰ ਦਿੱਤਾ ਸੀ ਅਤੇ 2016 ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਮਾਰਨ ਦੇ ਇਲਜ਼ਾਮ ਵਿੱਚ ਰਾਈਚਸਬਰਗਰ ਮੈਂਬਰ ਨੂੰ ਜੇਲ੍ਹ ਹੋਈ ਸੀ।
ਇਸ ਸੰਗਠਨ ਦੇ ਕਰੀਬ 21,000 ਸਮਰਥਕ ਮੰਨੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ 5 ਫੀਸਦੀ ਨੂੰ ਕੱਟੜ ਸੱਜੇ ਪੱਖੀ ਸਮਝਿਆ ਜਾ ਰਿਹਾ ਹੈ।












