ਪੰਜਾਬ ਦੇ ਵਪਾਰੀ ਵਰਗ ’ਚ ‘ਸਹਿਮ ਦਾ ਮਾਹੌਲ’: ‘ਫਿਰੌਤੀਆਂ ਦੀਆਂ ਧਮਕੀਆਂ ਬਾਰੇ ਪੁਲਿਸ ਨੂੰ ਦੱਸ ਕੇ ਕੀ ਬਣੂ’

ਤਸਵੀਰ ਸਰੋਤ, Getty Images
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
7 ਦਸੰਬਰ ਦੀ ਰਾਤ ਪੰਜਾਬ ਦੇ ਨਕੋਦਰ ਵਿੱਚ ਇੱਕ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਕਥਿਤ ਤੌਰ ਉੱਤੇ ਫਿਰੌਤੀ ਲਈ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ।
9 ਦਸੰਬਰ ਦੀ ਰਾਤ ਤਰਨਤਾਰਨ ਦੇ ਸਰਹਾਲੀ ਇਲਾਕੇ ਵਿੱਚ ਪੁਲਿਸ ਥਾਣੇ ਵਿਚਲੇ ਸਾਂਝ ਕੇਂਦਰ ਉੱਤੇ ਆਰ ਪੀ ਜੀ ਨਾਲ ਹਮਲਾ ਹੋਇਆ।
ਇਨ੍ਹਾਂ ਦੋ ਘਟਨਾਵਾਂ ਤੋਂ ਬਾਅਦ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਹਨ।ਸੂਬੇ ਦੀਆਂ ਸਿਆਸੀ ਧਿਰਾਂ ਇਸ ਮੁੱਦੇ ਉਤੇ ਸਰਕਾਰ ਨੂੰ ਘੇਰ ਰਹੀਆਂ ਹਨ।
ਅਮਨ ਕਾਨੂੰਨ ਦੇ ਹਾਲਾਤ ਉੱਤੇ ਸਵਾਲ ਖੜ੍ਹੇ ਹੋਣ ਦਾ ਕਾਰਨ ਸਿਰਫ਼ ਇਹ ਦੋ ਘਟਨਾਵਾਂ ਨਹੀਂ ਹਨ, ਬਲਕਿ ਇਸ ਤੋਂ ਪਹਿਲਾਂ ਸ਼ਰ੍ਹੇਆਮ ਪੁਲਿਸ ਦੀ ਹਾਜ਼ਰੀ ਵਿਚ ਤਿੰਨ ਕਤਲ ਹੋ ਚੁੱਕੇ ਹਨ।
ਕਈ ਥਾਵਾਂ ਉੱਤੇ ਕਾਰੋਬਾਰੀਆਂ ਅਤੇ ਵਪਾਰੀਆਂ ਤੋਂ ਰੰਗਦਾਰੀ ਅਤੇ ਫਿਰੌਤੀਆਂ ਮੰਗੇ ਜਾਣ ਦੀਆਂ ਰਿਪੋਰਟਾਂ ਆ ਰਹੀਆਂ ਹਨ।

ਤਸਵੀਰ ਸਰੋਤ, BBC/PARDEEP PANDIT
ਪੰਜਾਬ ਦੇ ਮੌਜੂਦਾ ਮਾਹੌਲ ਵਿਚਾਲੇ ਸੂਬੇ ਦਾ ਕਾਰੋਬਾਰੀ ਇਸ ਸਮੇਂ ਕੀ ਸੋਚ ਰਿਹਾ ਹੈ, ਇਸ ਬਾਰੇ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਕਈ ਸ਼ਹਿਰਾਂ ਤੇ ਕਸਬਿਆਂ ਵਿਚ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਗਰਾਊਂਡ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਕੁਝ ਥਾਵਾਂ ਉੱਤੇ ਕਾਰੋਬਾਰੀਆਂ ਨੂੰ ਫਿਰੌਤੀ ਲਈ ਫੋਨ ਆ ਰਹੇ ਹਨ, ਪਰ ਉਹ ਇਸ ਮੁੱਦੇ ਉਤੇ ਖੁੱਲ ਕੇ ਬੋਲਣ ਲਈ ਵੀ ਤਿਆਰ ਨਹੀਂ ਹਨ।
ਹਾਲਾਂਕਿ, ਕੁਝ ਕਾਰੋਬਾਰੀਆਂ ਨੇ ਆਪਣਾ ਨਾਮ ਅਤੇ ਪਛਾਣ ਉਜਗਰ ਨਾ ਕਰਨ ਦੀ ਸ਼ਰਤ ਉੱਤੇ ਇਸ ਮੁੱਦੇ 'ਤੇ ਗੱਲਬਾਤ ਵੀ ਕੀਤੀ।

ਤਸਵੀਰ ਸਰੋਤ, BBC/Family
'ਪੰਜਾਬ ਫਿਰ ਉਸੀ ਕਾਲੇ ਦੌਰ ਵਿੱਚ ਨਾ ਚਲੇ ਜਾਵੇ'
ਬੀਬੀਸੀ ਪੰਜਾਬੀ ਨੇ ਇਸ ਮਸਲੇ ਉੱਤੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਹੌਜ਼ਰੀ ਐਸੋਸੀਏਸ਼ਨ ਦੇ ਪ੍ਰਧਾਨ ਦਿਨੇਸ਼ ਸਰਪਾਲ ਨਾਲ ਗੱਲਬਾਤ ਕੀਤੀ।
ਦਿਨੇਸ਼ ਸਰਪਾਲ ਦਾ ਕਹਿਣਾ ਸੀ, ‘‘ਪੰਜਾਬ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਤੋਂ ਵਾਪਰੀ ਵਰਗ ਡਰਿਆ ਹੋਇਆ ਹੈ।’’
ਉਨ੍ਹਾਂ ਆਖਿਆ ਕਿ ਜਿਸ ਤਰੀਕੇ ਨਾਲ ਪੰਜਾਬ ਵਿੱਚ ਅਪਰਾਧ ਹੋ ਰਹੇ ਹਨ, ਉਸ ਨੂੰ ਦੇਖਦੇ ਹੋਏ ਉਨ੍ਹਾਂ ਦੀਆਂ ਨਜ਼ਰਾਂ ਸਰਕਾਰ ਉੱਤੇ ਲੱਗੀਆਂ ਹੋਈਆਂ ਹਨ।
ਦਿਨੇਸ਼ ਸਰਪਾਲ ਨੇ ਕਿਹਾ, ‘‘ਮੈਂ ਪੰਜਾਬ ਦਾ ਕਾਲਾ ਦੌਰ ਵੀ ਦੇਖਿਆ ਹੈ ਅਤੇ ਮੈਨੂੰ ਇੰਝ ਲੱਗ ਰਿਹਾ ਹੈ ਕਿ ਜੇਕਰ ਇਸ ਨੂੰ ਕਾਬੂ ਨਾ ਕੀਤਾ ਗਿਆ ਤਾਂ ਪੰਜਾਬ ਫਿਰ ਤੋਂ ਉਸੇ ਦੌਰ ਵਿੱਚ ਨਾ ਚਲਿਆ ਜਾਵੇ।’’
ਉਨ੍ਹਾਂ ਆਖਿਆ ਕਿ ਗੈਰ-ਸਮਾਜਿਕ ਅਨਸਰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖ਼ਤਮ ਕਰਨ ਦੀ ਰਾਹ ਉੱਤੇ ਪਏ ਹੋਏ ਹਨ, ਜਿਸ ਕਾਰਨ ਵਾਪਰੀ ਵਰਗ ਕਾਫ਼ੀ ਡਰਿਆ ਹੋਇਆ ਹੈ।
ਉਨ੍ਹਾਂ ਦੱਸਿਆ, ‘‘9 ਨਵੰਬਰ ਨੂੰ ਮੈਨੂੰ ਵੀ ਪਾਕਿਸਤਾਨ ਦੇ ਨੰਬਰ ਤੋਂ ਫ਼ੋਨ ਆਇਆ ਸੀ, ਜਿਸ ਵਿੱਚ ਫ਼ੋਨ ਕਰਨ ਵਾਲੇ ਸ਼ਖ਼ਸ ਨੇ ਨਾਮ ਪੁੱਛਣ ਤੋਂ ਬਾਅਦ ਕਿਹਾ ਕਿ 'ਕੋਈ ਨਾ ਤੈਨੂੰ ਦੇਖਾਂਗੇ।’’
ਇਸ ਫ਼ੋਨ ਨੂੰ ਪਹਿਲਾਂ ਉਨ੍ਹਾਂ ਗੰਭੀਰਤਾ ਨਾਲ ਨਹੀਂ ਲਿਆ, ਪਰ ਜਦੋਂ ਤੋਂ ਨਕੋਦਰ ਵਿੱਚ ਘਟਨਾ ਹੋਈ ਹੈ, ਉਸ ਤੋਂ ਬਾਅਦ ਉਹ ਇਸ ਕਾਲ ਨੂੰ ਗੰਭੀਰਤਾ ਨਾਲ ਲੈ ਰਹੇ ਹਨ।


- ਪੰਜਾਬ 'ਚ ਪਿਛਲੇ ਦਿਨੀਂ ਨਕੋਦਰ ਕਤਲ ਕਾਂਡ ਅਤੇ ਤਰਨ ਤਾਰਨ ਹਮਲੇ ਤੋਂ ਬਾਅਦ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਉੱਠ ਰਹੇ ਹਨ
- ਆਮ ਲੋਕਾਂ ਅਤੇ ਖਾਸ ਕਰਕੇ ਕਾਰੋਬਾਰੀਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਗਿਆ ਹੈ ਅਤੇ ਕਈ ਹੋਰ ਕਾਰੋਬਾਰੀਆਂ ਨੂੰ ਵੀ ਫਿਰੌਤੀ ਲਈ ਕਾਲਾਂ ਆਈਆਂ ਹਨ
- ਹਾਲਾਂਕਿ, ਬਹੁਤ ਸਾਰੇ ਵਪਾਰੀ ਡਰ ਦੇ ਕਾਰਨ ਅਜਿਹੀਆਂ ਕਾਲਾਂ ਦੀਆਂ ਰਿਪੋਰਟਾਂ ਪੁਲਿਸ ਕੋਲ ਦਰਜ ਨਹੀਂ ਕਰਵਾ ਰਹੇ ਹਨ
- 7 ਦਸੰਬਰ ਦੀ ਰਾਤ ਨਕੋਦਰ ਵਿੱਚ ਕੱਪੜਾ ਵਪਾਰੀ ਭੁਪਿੰਦਰ ਸਿੰਘ ਟਿੰਮੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ
- ਉਸ ਸਮੇਂ, ਉਨ੍ਹਾਂ ਦੀ ਸੁਰੱਖਿਆ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਮਨਦੀਪ ਸਿੰਘ ਦੀ ਵੀ ਜਵਾਬ ਕਾਰਵਾਈ ਵਿੱਚ ਮੌਤ ਹੋ ਗਈ ਸੀ
- ਇਸ ਤੋਂ ਬਾਅਦ 9 ਦਸੰਬਰ ਨੂੰ ਤਰਨ ਤਾਰਨ ਦੇ ਸਰਹਾਲੀ ਠਾਣੇ ਉੱਤੇ ਅਰਪੀਜੀ ਨਾਲ ਗ੍ਰੇਨੇਡ ਹਮਲਾ ਕੀਤਾ ਗਿਆ

ਜਦੋਂ ਪੁੱਛਿਆ ਗਿਆ ਕਿ ਤੁਸੀਂ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ, ਤਾਂ ਦਿਨੇਸ਼ ਸਰਪਾਲ ਨੇ ਆਖਿਆ ਕਿ ਪੁਲਿਸ ਕੀ ਕਰੇਗੀ, ਇੱਕ ਸੁਰੱਖਿਆ ਕਰਮੀਂ ਮੁਹੱਈਆ ਕਰਵਾ ਦੇਵੇਗੀ, ਹਰ ਸਮੇਂ ਡਰ ਦੇ ਮਾਹੌਲ ਵਿੱਚ ਰਹਿਣਾ ਹੋਵੇਗਾ, ਪਰ ਸਵਾਲ ਇਹ ਹੈ ਕਿ ਇਹ ਨੌਬਤ ਕਿਉਂ ਆ ਰਹੀ ਹੈ?
ਉਨ੍ਹਾਂ ਦੱਸਿਆ ਕਿ ਡਰ ਅਤੇ ਭੈਅ ਦੇ ਮਾਹੌਲ ਵਿੱਚ ਕਾਰੋਬਾਰੀ ਕੰਮ ਕਿਵੇਂ ਕਰ ਸਕਦਾ ਹੈ? ਉਨ੍ਹਾਂ ਆਖਿਆ ਕਿ ਕਾਰੋਬਾਰੀ ਸਰਕਾਰ ਨੂੰ ਟੈਕਸ ਦਿੰਦਾ ਹੈ ਅਤੇ ਉਸ ਨੂੰ ਸਹੀ ਮਾਹੌਲ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਦੱਸਿਆ ਕਿ ਕਾਰੋਬਾਰੀ ਦੀ ਹਾਲਤ ਇਹ ਕਿ ਉਹ ਡਰ ਦੇ ਮਾਰੇ ਆਪਣੀ ਗੱਲ ਵੀ ਕਿਸੇ ਕੋਲ ਨਹੀਂ ਕਰ ਪਾ ਰਹੇ।
ਦਿਨੇਸ਼ ਸਰਪਾਲ ਨੇ ਆਖਿਆ ਕਿ ਜੇਕਰ ਕਾਰੋਬਾਰੀ ਇਸੇ ਤਰੀਕੇ ਨਾਲ ਡਰਦੇ ਰਿਹਾ ਤਾਂ ਇਸ ਦਾ ਅਸਰ ਸੂਬੇ ਦੀ ਅਰਥ ਵਿਵਸਥਾ ਉੱਤੇ ਪੈਣਾ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਆਖਿਆ ਕਿ ਕਾਰੋਬਾਰ ਲਈ ਮਾਹੌਲ ਦਾ ਠੀਕ ਹੋਣਾ ਜ਼ਰੂਰੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਇਹ ਠੀਕ ਨਹੀਂ ਹੈ। ਉਨ੍ਹਾਂ ਆਖਿਆ ਕਿ ਪੁਲਿਸ ਦੀ ਮੌਜੂਦਗੀ ਵਿੱਚ ਕਤਲ ਹੋ ਰਹੇ ਹਨ।
ਉਨ੍ਹਾਂ ਮਿਸਾਲ ਦਿੰਦਿਆਂ ਆਖਿਆ, “ਅੰਮ੍ਰਿਤਸਰ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਹਿੰਦੂ ਆਗੂ ਦਾ ਕਤਲ ਹੋ ਗਿਆ, ਨਕੋਦਰ ਵਿੱਚ ਪੁਲਿਸ ਸੁਰੱਖਿਆ ਹੋਣ ਦੇ ਬਾਵਜੂਦ ਦੁਕਾਨਦਾਰ ਦਾ ਕਤਲ ਹੋ ਗਿਆ, ਅਜਿਹੇ ਹਾਲਤ ਵਿੱਚ ਕਾਰੋਬਾਰੀ ਕਿਵੇਂ ਕੰਮ ਕਰ ਸਕਦਾ।”
ਉਨ੍ਹਾਂ ਆਖਿਆ ਕਿ ਕਾਰੋਬਾਰ ਲਈ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਸਹੀ ਹੋਣਾ ਜ਼ਰੂਰੀ ਹੈ, ਪਰ ਅਫ਼ਸੋਸ ਨਾਲ ਕਹਿਣਾ ਹੈ ਪੈ ਰਿਹਾ ਹੈ ਕਿ ਇਹ ਠੀਕ ਨਹੀਂ ਹੈ।

‘ਡਰਦਾ ਕੋਈ ਗੱਲ ਵੀ ਨਹੀਂ ਕਰਦਾ’
ਸਰਪਾਲ ਦਾ ਕਹਿਣਾ ਸੀ, “ਪਹਿਲਾਂ ਹੀ ਪੰਜਾਬ ਦੀ ਇੰਡਸਟਰੀ ਨਾਜ਼ੁਕ ਦੌਰ ਵਿੱਚੋਂ ਨਿਕਲ ਰਹੀ ਹੈ। ਕਾਲੇ ਦੌਰ ਵਿੱਚ ਬਟਾਲਾ ਦੀ ਇੰਡਸਟਰੀ ਖ਼ਤਮ ਹੋ ਗਈ, ਸਰਹੱਦੀ ਇਲਾਕਿਆਂ ਵਿੱਚੋਂ ਜੋ ਇੰਡਸਟਰੀ ਉਸ ਸਮੇਂ ਸ਼ਿਫ਼ਟ ਹੋ ਗਈ ਉਹ ਮੁੜ ਕੇ ਨਹੀਂ ਆਈ।”
ਉਨ੍ਹਾਂ ਆਖਿਆ ਕਿ ਇਸ ਵੇਲੇ ਕਾਰੋਬਾਰੀ ਡਰਦੇ ਹੋਏ ਫਿਰੌਤੀ ਬਾਰੇ ਦੱਸ ਵੀ ਨਹੀਂ ਰਹੇ।
ਉਨ੍ਹਾਂ ਆਖਿਆ ਕਿ ਮਾਹੌਲ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਗੈਂਗਸਟਰ ਬਕਾਇਦਾ ਆਪਣਾ ਨਾਮ ਦੱਸ ਕੇ ਕਾਰੋਬਾਰੀਆਂ ਤੋਂ ਪੈਸੇ ਮੰਗ ਰਹੇ ਹਨ। ਜੇਕਰ ਕੋਈ ਨਹੀਂ ਦਿੰਦਾ ਤਾਂ ਉਸ ਦਾ ਹਾਲ ਨਕੋਦਰ ਦੇ ਟਿੰਮੀ ਚਾਵਲਾ ਵਰਗਾ ਹੋ ਜਾਂਦਾ ਹੈ।
ਦਿਨੇਸ਼ ਸਰਪਾਲ ਨੇ ਆਖਿਆ ਕਿ ਉਹਨਾਂ ਨੇ ਸ਼ਹਿਰ ਦੇ ਕਾਰੋਬਾਰੀਆਂ ਨੂੰ ਇਸ ਮੁੱਦੇ ਉਤੇ ਮੀਡੀਆ ਵਿੱਚ ਆਪਣੀ ਗੱਲ ਰੱਖਣ ਲਈ ਆਖਿਆ ਸੀ ਪਰ ਡਰਦੇ ਮਾਰੇ ਕੋਈ ਵੀ ਸਾਹਮਣੇ ਨਹੀਂ ਆ ਰਿਹਾ, ਇਸੀ ਗੱਲ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਥਿਤੀ ਕੀ ਹੈ।


ਜਲੰਧਰ ਦੇ ਇੱਕ ਵੱਡੇ ਕਾਰੋਬਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੀਂ ਇੰਡਸਟਰੀ ਨੀਤੀ ਦੇ ਲਈ ਸੂਬੇ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਚੰਡੀਗੜ੍ਹ ਵਿੱਚ ਗੱਲਬਾਤ ਕੀਤੀ ਸੀ।
ਇਸ ਮੀਟਿੰਗ ਵਿੱਚ ਵੀ ਉਦਯੋਗਪਤੀਆਂ ਨੇ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਮੁੱਦਾ ਉਚੇਚੇ ਤੌਰ ਉੱਤੇ ਚੁੱਕਿਆ। ਮੀਟਿੰਗ ਵਿੱਚ ਉਦਯੋਗਪਤੀਆਂ ਨੇ ਸਪਸ਼ਟ ਸ਼ਬਦਾਂ ਸਰਕਾਰ ਨੂੰ ਕਾਨੂੰਨ ਵਿਵਸਥਾ ਸਹੀ ਕਰਨ ਲਈ ਕੰਮ ਕਰਨ ਲਈ ਆਖਿਆ, ਕਿਉਂਕਿ ਪੰਜਾਬ ਵਿੱਚ ਕਾਰੋਬਾਰੀ ਅਤੇ ਛੋਟਾ ਦੁਕਾਨਦਾਰ ਇਸ ਨਾਲ ਸਹਿਮ ਜਾਂਦਾ ਹੈ।
ਖੇਡਾਂ ਦਾ ਸਮਾਨ ਤਿਆਰ ਕਰਕੇ ਵਿਦੇਸ਼ ਨੂੰ ਭੇਜਣ ਵਾਲੇ ਇਸ ਕਾਰੋਬਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ ਮੁੱਖ ਮੰਤਰੀ ਉਦਯੋਗਪਤੀਆਂ ਨਾਲ ਗੱਲਬਾਤ ਕਰਦੇ ਹਨ ਅਤੇ ਭਰੋਸਾ ਦਿੰਦੇ ਹਨ ਕਿ ਕਾਨੂੰਨ ਵਿਵਸਥਾ ਕਾਬੂ ਹੇਠ ਹੈ ਪਰ ਉਸ ਤੋਂ ਅਗਲੇ ਦਿਨ ਬੁੱਧਵਾਰ ਨੂੰ ਨਕੋਦਰ ਵਿੱਚ ਇੱਕ ਦੁਕਾਨਦਾਰ ਦੀ ਹੱਤਿਆ ਕਰ ਦਿੱਤੀ ਗਈ।
ਇਸ ਨਾਲ ਆਮ ਲੋਕਾਂ ਅਤੇ ਕਾਰੋਬਾਰੀਆਂ ਵਿੱਚ ਡਰ ਪੈਦਾ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਿੱਲੀ ਵਿੱਚ ਸੀਆਈਆਈ ਵਿੱਚ ਕਾਰੋਬਾਰੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰ ਰਹੇ ਸਨ ਤਾਂ ਉਸ ਤੋਂ ਕੁਝ ਘੰਟਿਆਂ ਬਾਅਦ ਤਰਨਤਾਰਨ ਵਿੱਚ ਆਰ ਪੀ ਜੀ ਅਟੈਕ ਹੋ ਜਾਂਦਾ ਹੈ ਅਜਿਹੇ ਵਿੱਚ ਡਰ ਤਾਂ ਪੈਦਾ ਹੋਵੇਗਾ।
ਉਨ੍ਹਾਂ ਪੰਜਾਬ ਸਰਕਾਰ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦੀ ਮੰਗ ਕੀਤੀ।


ਮੋਗਾ ਦੇ ਕਾਰੋਬਾਰੀ ਨੂੰ ਧਮਕੀ ਅਤੇ ਘਰ ਉੱਤੇ ਫਾਇਰਿੰਗ
ਮੋਗਾ ਤੋਂ ਪੱਤਰਕਾਰ ਇਕਬਾਲ ਸਿੰਘ ਖਹਿਰਾ ਮੁਤਾਬਕ ਇੱਥੋਂ ਦੇ ਕਾਰੋਬਾਰੀ ਅਰਵਿੰਦਰ ਸਿੰਘ ਕਾਲਾ ਮੁਤਾਬਕ ਉਸ ਨੂੰ ਬੀਤੇ 5 ਨਵੰਬਰ ਨੂੰ ਫੋਨ ਰਾਹੀਂ ਫਿਰੌਤੀ ਮੰਗ ਗਈ।
ਅਰਵਿੰਦਰ ਸਿੰਘ ਕਾਲਾ ਮੁਤਾਬਕ ਫੋਨ ਕਰਤਾ ਨੇ ਆਪਣੇ ਆਪ ਨੂੰ ਅਰਸ਼ ਡਾਲਾ ਗਰੁੱਪ ਨਾਲ ਸਬੰਧਿਤ ਦੱਸਿਆ। ਇਸ ਸਬੰਧੀ ਅਰਵਿੰਦਰ ਸਿੰਘ ਕਾਲਾ ਵੱਲੋਂ ਮੋਗਾ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।
ਇਸ ਤੋਂ ਬਾਅਦ 2 ਦਸੰਬਰ ਨੂੰ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਅਰਵਿੰਦਰ ਸਿੰਘ ਕਾਲਾ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸਨ ਜਿਨ੍ਹਾਂ ਵਿਚੋਂ ਇੱਕ ਗੋਲੀ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਸ਼ੀਸ਼ੇ ਉਤੇ ਲੱਗੀ।
ਮੋਗਾ ਪੁਲਿਸ ਵੱਲੋਂ ਇਸ ਸਬੰਧੀ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਅਤੇ ਅਰਵਿੰਦਰ ਸਿੰਘ ਕਾਲਾ ਦੇ ਘਰ ਦੇ ਬਾਹਰ ਸੁਰੱਖਿਆ ਕਰਮੀਂ ਤੈਨਾਤ ਕਰ ਦਿੱਤੇ ਗਏ।
ਇਸ ਸਬੰਧੀ ਮੋਗਾ ਪੁਲੀਸ ਮੁਖੀ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਅਰਵਿੰਦਰ ਸਿੰਘ ਕਾਲਾ ਵੱਲੋਂ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਹਨਾਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਆ ਮੁਹਈਆਂ ਕਰਵਾ ਦਿੱਤੀ ਗਈ ਹੈ।
ਦੂਜੇ ਪਾਸੇ ਮੋਗਾ ਪੁਲਿਸ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜ਼ਿਲ੍ਹੇ ਦੇ ਅੱਠ ਕਾਰੋਬਾਰੀਆਂ ਨੇ ਗੈਂਗਸਟਰਾਂ ਵੱਲੋਂ ਮਿਲੀਆਂ ਧਮਕੀਆਂ ਦੀ ਸ਼ਿਕਾਇਤ ਮੋਗਾ ਪੁਲਿਸ ਨੂੰ ਦਿੱਤੀ ਹੈ।
ਇਸ ਤੋਂ ਪਹਿਲਾਂ ਵੀ ਗੈਂਗਸਟਰਾਂ ਵੱਲੋਂ ਪਿੰਡ ਡੱਲਾ ਦੇ ਪੰਚਾਇਤ ਸਕੱਤਰ ਸਰਬਜੀਤ ਸਿੰਘ ਅਤੇ ਪਿੰਡ ਬੁੱਕਣ ਵਾਲਾ ਦੇ ਸਰਪੰਚ ਦੇ ਘਰਾਂ ਉੱਤੇ ਫਾਇਰਿੰਗ ਕੀਤੀ ਗਈ ਸੀ। ਇਸ ਮੁੱਦੇ ਉਤੇ ਬੀਬੀਸੀ ਨੇ ਸ਼ਿਕਾਇਤਕਰਤਾ ਨਾਲ ਗੱਲ ਕਰਨ ਦੀ ਕੋਸ਼ਿਸ ਵੀ ਕੀਤੀ ਪਰ ਕੋਈ ਇਸ ਮੁੱਦੇ ਉਤੇ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਹੈ।

ਰਾਮਾ ਮੰਡੀ ਦੇ ਕਾਰੋਬਾਰੀ ਤੋਂ ਇੱਕ ਕਰੋੜ ਦੀ ਫਿਰੌਤੀ ਲਈ ਫੋਨ
ਬੀਬੀਸੀ ਪੱਤਰਕਾਰ ਸੁਰਿੰਦਰ ਮਾਨ ਮੁਤਾਬਕ- ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿਚ ਧਨਾਢ ਵਪਾਰੀਆਂ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ 'ਤੇ ਫਿਰੌਤੀਆਂ ਮੰਗਣ ਦਾ ਸਿਲਸਿਲੇ ਕਾਰਨ ਆਮ ਲੋਕ ਸਹਿਮੇ ਨਜ਼ਰ ਆ ਰਹੇ ਹਨ।
ਜ਼ਿਲਾ ਬਠਿੰਡਾ ਅਧੀਨ ਪੈਂਦੇ ਕਸਬਾ ਰਾਮਾ ਮੰਡੀ ਦੇ ਵਸਨੀਕ ਇਕ ਵਪਾਰੀ ਤੋਂ ਇਸੇ ਵਰ੍ਹੇ ਸਤੰਬਰ ਮਹੀਨੇ ਵਿੱਚ 1 ਕਰੋੜ ਦੀ ਫ਼ਿਰੋਤੀ ਮੰਗੀ ਗਈ ਸੀ।
ਜ਼ਿਲਾ ਬਠਿੰਡਾ ਦੇ ਐਸਐਸਪੀ ਜੇ. ਇਲਨਚੇਲੀਅਨ ਮੁਤਾਬਕ ਇਸ ਸੰਬੰਧ ਵਿੱਚ ਕੀਤੀ ਗਈ ਜਾਂਚ ਦੌਰਾਨ ਪੁਲਿਸ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਅਤੇ ਤਰਨਜੋਤ ਤੰਨਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛ-ਗਿੱਛ ਕੀਤੀ ਗਈ ਸੀ।
ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਰਾਮਾ ਮੰਡੀ ਦੇ ਵਪਾਰੀ ਨੂੰ ਧਮਕੀ ਗੋਲਡੀ ਬਰਾੜ ਨਾਲ ਜੁੜੇ ਗੈਂਗਸਟਰਾਂ ਵਲੋਂ ਦਿੱਤੀ ਗਈ ਸੀ।
ਪੁਲਿਸ ਅਨੁਸਾਰ ਇਸ ਮਾਮਲੇ ਵਿੱਚ ਇਸ ਗੈਂਗ ਦੇ ਸ਼ੂਟਰ ਜਸਵਿੰਦਰ ਸਿੰਘ ਜੱਜਲ ਨੂੰ ਕਾਬੂ ਕਰਕੇ ਮਾਮਲੇ ਦੀ ਤਹਿ ਤੱਕ ਜਾਂਚ ਦਾ ਕੰਮ ਜਾਰੀ ਹੈ।
ਦੂਜੇ ਪਾਸੇ ਮੋਗਾ ਸਹਿਰ ਵਿਚ ਕੁੱਝ ਲੋਕਾਂ ਨੂੰ ਗੈਂਗਸਟਰਾਂ ਦੇ ਨਾਂ 'ਤੇ ਧਮਕੀਆਂ ਮਿਲਣ ਦੀ ਖ਼ਬਰ ਹੈ।
ਸਾਲ 2020 ਵਿੱਚ ਮੋਗਾ ਸ਼ਹਿਰ ਦੇ ਕੱਪੜਾ ਵਪਾਰੀ ਤੇਜਿੰਦਰ ਸਿੰਘ ਪਿੰਕਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਮੁਤਾਬਕ ਇਸ ਕਤਲ ਦੀ ਜਿੰਮੇਵਾਰੀ ਇੱਕ ਗੈਂਗਸਟਰ ਗਰੁੱਪ ਨੇ ਲਈ ਸੀ।
ਪਰ ਦੂਜੇ ਪੀੜਤ ਦੇ ਪਰਿਵਾਰ ਦਾ ਕਹਿਣਾ ਹੈ ਕੇ ਪਿੰਕਾ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਅਜੇ ਤੱਕ ਇਸ ਕਤਲ ਦਾ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋਇਆ।

‘ਡਰ ਕਾਰਨ ਸਾਡੇ ਬੱਚੇ ਵਿਦੇਸ਼ ਜਾ ਰਹੇ ਹਨ’
ਫਰੀਦਕੋਟ ਤੋਂ ਬੀਬੀਸੀ ਪੱਤਰਕਾਰ ਭਰਤ ਭੂਸ਼ਣ ਮੁਤਾਬਕ ਫਰੀਦਕੋਟ ਵਿੱਚ ਲੋਹੇ ਦਾ ਵਪਾਰ ਕਰ ਰਹੇ ਵਪਾਰੀ ਸਾਧੂ ਰਾਮ ਦਿਓੜਾ ਕਹਿੰਦੇ ਹਨ ਕਿ ਮੌਜੂਦਾ ਮਾਹੌਲ ਵਿਚ ਵਪਾਰੀ ਅਤੇ ਆਮ ਲੋਕਾਂ ਵਿਚ ਡਰ ਅਤੇ ਸਹਿਮ ਹੋਣਾ ਸੁਭਾਵਿਕ ਹੈ। ਨਕੋਦਰ ਦੀ ਘਟਨਾਂ ਤੋਂ ਮਗਰੋਂ ਵਪਾਰੀ ਸਹਿਮੇ ਹੋਏ ਹਨ।
ਉਹਨਾਂ ਆਖਿਆ ਕਿ ਪੰਜਾਬ ਵਿਚ ਵੈਸੇ ਵੀ ਵਪਾਰੀ ਵਰਗ ਦਾ ਹਾਲ ਠੀਕ ਨਹੀਂ ਹੈ ਦੂਜਾ ਮੌਜੂਦਾ ਹਾਲਤ ਨੇ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਬਦਮਾਸਾਂ ਕੋਲ ਹਥਿਆਰ ਕਿਥੋਂ ਆ ਰਹੇ ਹਨ।
ਸ਼ਹਿਰ ਦੇ ਰੇਡੀਮੈਡ ਕੱਪੜੇ ਦੇ ਵਪਾਰੀ ਮਨਤਾਰ ਸਿੰਘ ਮੱਕੜ ਕਹਿੰਦੇ ਹਨ ਕਿ ਵਪਾਰੀ ਪੰਜਾਬ ਵਿਚ ਅਸੁਰੱਖਿਅਤ ਹੈ। ਉਹਨਾਂ ਆਖਿਆ ਕਿ ਮੌਜੂਦਾ ਮਾਹੌਲ ਕਾਰਨ ਹੀ ਸਾਡੇ ਬੱਚੇ ਵਿਦੇਸ਼ ਜਾ ਰਹੇ ਹਨ।
ਕੀੜੇਮਾਰ ਦਵਾਈਆਂ ਅਤੇ ਬੀਜ ਵੇਚਣ ਵਾਲੇ ਦੁਕਾਨਦਾਰ ਪ੍ਰਦੀਪ ਕੁਮਾਰ ਮਿੱਤਲ ਨੇ ਆਖਦੇ ਹਨ ਕਿ ਪਿਛਲੇ ਕੁਝ ਦਿਨਾਂ ਤੋਂ ਜੋ ਘਟਨਾਵਾਂ ਹੋ ਰਹੀਆਂ ਹਨ ਉਸ ਨੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਪੰਜਾਬ ਸਰਕਾਰ ਤੋਂ ਕਾਨੂੰਨ ਵਿਵਸਥਾ ਮਜ਼ਬੂਤ ਕਰਨ ਦੀ ਮੰਗ ਕੀਤੀ ਤਾਂ ਜੋ ਲੋਕ ਸੂਬੇ ਵਿੱਚ ਆਰਾਮ ਨਾਲ ਰਹਿ ਸਕਣ।

ਤਸਵੀਰ ਸਰੋਤ, Getty Images
ਕਈ ਚੜ੍ਹਦੀ ਕਲਾ ਵਾਲੇ ਵੀ ਮਿਲੇ
ਅਜਿਹਾ ਨਹੀਂ ਹੈ ਕਿ ਸਾਰੇ ਹੀ ਕਾਰੋਬਾਰੀ ਡਰੇ ਹੋਏ ਹਨ, ਕਈ ਅਜਿਹੇ ਹਨ ਜਿਹੜੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੋਈ ਧਮਕੀ ਨਹੀਂ ਮਿਲੀ ਅਤੇ ਨਾ ਹੀ ਉਹ ਡਰ ਕੇ ਪੰਜਾਬ ਤੋਂ ਭੱਜਣਗੇ।
ਲੁਧਿਆਣਾ ਦੇ ਕਾਰੋਬਾਰੀ ਈਸ਼ਵਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿਚ ਕਿਹਾ, ‘‘ਅਸੀਂ ਵੀ ਪੰਜਾਬੀ ਹਾਂ, ਅਸੀਂ ਮਿਹਨਤਾਂ ਨਾਲ, ਕਰੋੜਾਂ ਦੇ ਨਿਵੇਸ਼ ਕਰਕੇ ਸਨਅਤ ਖੜ੍ਹੀ ਕੀਤੀ ਹੈ। ਅਸੀਂ ਧਮਕੀਆਂ ਤੋਂ ਡਰਦੇ ਕਿੱਧਰੇ ਨਹੀਂ ਜਾਣ ਲੱਗੇ।’’
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਸੀਨੀਅਰ ਵਾਇਸ ਪ੍ਰਧਾਨ ਰਾਜੀਵ ਗੁਪਤਾ ਨੇ ਵੀ ਇਸ ਗੱਲ ਤੋਂ ਇਨਕਾਰ ਕੀਤਾ ਕਿ ਫਿਰੌਤੀ ਲਈ ਉਨ੍ਹਾਂ ਨੂੰ ਜਾਂ ਫਿਰ ਮੁਹਾਲੀ ਇੰਡਸਟਰੀ ਦੇ ਕਿਸੇ ਵਾਪਰੀ ਨੂੰ ਫ਼ੋਨ ਕਾਲ ਆਈ ਹੈ।
ਉਨ੍ਹਾਂ ਆਖਿਆ ਕਿ ਜੋ ਸਥਿਤੀ ਇਸ ਸਮੇਂ ਪੰਜਾਬ ਵਿੱਚ ਬਣੀ ਹੋਈ ਹੈ ਸਭ ਤੋਂ ਪਹਿਲਾਂ ਉਸ ਦੇ ਕਾਰਨ ਦੇਖਣੇ ਹੋਣਗੇ।
ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿਚ ਬੇਰੁਜ਼ਗਾਰੀ ਹੈ ਅਤੇ ਖ਼ਰਚੇ ਪੂਰੇ ਕਰਨ ਲਈ ਨੌਜਵਾਨ ਅਪਰਾਧ ਵੱਲ ਜਾ ਰਹੇ ਹਨ।
ਰਾਜੀਵ ਗੁਪਤਾ ਮੁਤਾਬਕ, ਜੇਕਰ ਪੰਜਾਬ ਨੂੰ ਠੀਕ ਕਰਨਾ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣੇ ਹੋਣਗੇ ਤਾਂ ਜੋ ਉਹ ਅਪਰਾਧ ਕਰਨ ਦੀ ਥਾਂ ਆਪਣੀ ਰੋਜ਼ੀ ਰੋਟੀ ਕਮਾ ਸਕਣ।
ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਜ਼ਿਆਦਾਤਰ ਪੁਲਿਸ ਤਾਂ ਵੀਆਈਪੀ ਸੁਰੱਖਿਆ ਵਿੱਚ ਲੱਗੀ ਹੋਈ ਹੈ, ਜੋ ਘੱਟ ਹੋਣੀ ਚਾਹੀਦੀ ਹੈ ਤਾਂ ਜੋ ਪੁਲਿਸ ਆਮ ਲੋਕਾਂ ਦੀ ਹਿਫ਼ਾਜ਼ਤ ਕਰ ਸਕੇ।
ਪੁਲਿਸ ਸੁਰੱਖਿਆ ਵਿੱਚ ਤਿੰਨ ਕਤਲ
ਪੰਜਾਬ ਵਿੱਚ ਬਦਮਾਸ਼ਾਂ ਦੇ ਹੌਸਲੇ ਦਾ ਅੰਦਾਜ਼ਾ ਇਸੀ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮੇਂ ਦੌਰਾਨ ਸੂਬੇ ਵਿੱਚ ਤਿੰਨ ਕਤਲ ਉਹ ਹੋਏ ਹਨ ਜਿੰਨਾ ਨੂੰ ਪੰਜਾਬ ਪੁਲਿਸ ਨੇ ਸੁਰੱਖਿਆ ਮੁਹੱਈਆ ਕਰਵਾਈ ਹੋਈ ਸੀ।
ਸਭ ਤੋਂ ਪਹਿਲਾ ਕਤਲ ਅੰਮ੍ਰਿਤਸਰ ਵਿੱਚ ਸ਼ਿਵ ਸੈਨਾ ਟਕਸਾਲੀ ਦੇ ਆਗੂ ਸੁਧੀਰ ਸੂਰੀ ਦਾ ਹੁੰਦਾ ਹੈ ਜਿਸ ਨੂੰ ਕਿ ਪੁਲਿਸ ਦੀ ਸੁਰੱਖਿਆ ਮਿਲੀ ਹੋਈ ਸੀ।
ਇਸ ਤੋਂ ਬਾਅਦ ਫ਼ਰੀਦਕੋਟ ਵਿੱਚ ਡੇਰਾ ਸਿਰਸਾ ਦੇ ਪੈਰੋਕਾਰ ਦਾ ਸ਼ਰੇਆਮ ਕਤਲ ਕੀਤਾ ਗਿਆ, ਉਸ ਕੋਲ ਵੀ ਪੁਲਿਸ ਸੁਰੱਖਿਆ ਸੀ। ਇਸ ਘਟਨਾ ਵਿੱਚ ਪੰਜਾਬ ਪੁਲਿਸ ਦਾ ਇੱਕ ਕਰਮੀ ਜ਼ਖਮੀ ਵੀ ਹੋਇਆ ਸੀ।
ਤੀਜਾ ਕਤਲ ਨਕੋਦਰ ਵਿੱਚ ਟਿੰਮੀ ਚਾਵਲਾ ਦਾ ਹੋਇਆ ਹੈ ਜਿਸ ਕੋਲ ਵੀ ਪੁਲਿਸ ਸੁਰੱਖਿਆ ਸੀ। ਇਸ ਘਟਨਾ ਵਿੱਚ ਪੰਜਾਬ ਪੁਲਿਸ ਦੇ ਜਵਾਨ ਦੀ ਮੌਤ ਹੋਈ ਹੈ।

ਤਸਵੀਰ ਸਰੋਤ, DGPPunjabPolice
ਪੰਜਾਬ ਪੁਲਿਸ ਦੀ ਦਲੀਲ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਕਹਿਣਾ ਹੈ ਕਿ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਕਿਸੇ ਵੀ ਸੂਰਤ ਵਿੱਚ ਵਿਗੜਨ ਨਹੀਂ ਦਿੱਤਾ ਜਾਵੇਗਾ ਅਤੇ ਗੈਰ ਸਮਾਜਿਕ ਅਨਸਰਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।
ਉਨ੍ਹਾਂ ਆਖਿਆ ਕਿ ਇਸ ਸਾਲ ਸਰਹੱਦੀ ਇਲਾਕੇ ਵਿੱਚ 200 ਡਰੋਨ ਦੇਖੇ ਗਏ ਹਨ ਅਤੇ ਇਕ ਮਹੀਨੇ ਦੇ ਅੰਦਰ ਅੰਦਰ ਸਾਰੇ ਡਰੋਨ, ਅਸਲਾ ਅਤੇ ਨਸ਼ੀਲੇ ਪਦਾਰਥ ਫੜ੍ਹੇ ਗਏ ਹਨ।
ਡੀਜੀਪੀ ਨੇ ਕਿਹਾ ਕਿ ਗੁਆਂਢੀ ਮੁਲਕ ਇਸ ਕਰਕੇ ਘਬਰਾਇਆ ਹੋਇਆ ਹੈ ਅਤੇ ਇਸ ਕਰਕੇ ਰਾਤ ਸਮੇਂ ਬੁਝਦਿਲੀ ਵਾਲਾ ਹਮਲਾ ਸੁਵਿਧਾ ਸੈਂਟਰ ਉੱਤੇ ਕੀਤਾ ਗਿਆ ਹੈ।
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਜੇਕਰ ਕਿਸੇ ਨੂੰ ਫਿਰੋਤੀ ਲਈ ਫੋਨ ਆਉਂਦਾ ਹੈ ਤਾਂ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਸਗੋਂ ਪੁਲਿਸ ਨੂੰ ਸਾਥ ਦਿਓ।
ਉਨ੍ਹਾਂ ਆਖਿਆ ਕਿ ਗੈਰ ਸਮਾਜਿਕ ਅਨਸਰਾਂ ਉੱਤੇ ਕਾਬੂ ਪਾਉਣ ਦੇ ਲਈ ਲੋਕਾਂ ਦੇ ਸਾਥ ਦੀ ਪੁਲਿਸ ਨੂੰ ਜ਼ਰੂਰਤ ਹੈ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਸਰਕਾਰ ਗੈਰ ਸਮਾਜਿਕ ਅਨਸਰਾਂ ਖਿਲਾਫ ਲਗਾਤਾਰ ਕਾਰਵਾਈ ਕਰ ਰਹੀ ਹੈ, ਜਿਸ ਕਾਰਨ ਇਹ ਕਾਰਵਾਈ ਤੋਂ ਬੁਖਲਾ ਗਏ ਹਨ।
ਉਨ੍ਹਾਂ ਆਖਿਆ ਕਿ ਜੋ ਤਰਨ ਤਾਰਨ ਵਿੱਚ ਆਰਪੀਜੀ ਅਟੈਕ ਹੋਇਆ ਹੈ ਉਸ ਤੋਂ ਸਪਸ਼ਟ ਹੈ ਕਿ ਇਹ ਲੋਕ ਬੁਖਲਾਹਟ ਵਿੱਚ ਆ ਕੇ ਪੰਜਾਬ ਪੁਲਿਸ ਦੇ ਮਨੋਬਲ ਨੂੰ ਤੋੜਨਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੁਲਿਸ ਨੂੰ ਸਪਸ਼ਟ ਨਿਰਦੇਸ਼ ਹਨ ਕਿ ਜੋ ਵੀ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ ਕਰਦਾ ਹੈ, ਉਸ ਨਾਲ ਸਖਤੀ ਨਾਲ ਨਜਿੱਠਿਆ ਜਾਵੇ।
ਕੰਗ ਨੇ ਕਿਹਾ ਕਿ ਗੁਆਂਢੀ ਮੁਲਕ ਦੇ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਮਨਸੂਬੇ ਨੂੰ ਕਿਸੇ ਵੀ ਤਰ੍ਹਾਂ ਨਾਲ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।














