ਕੀ ਪੰਜਾਬ ਦਾ ਪ੍ਰਦੂਸ਼ਣ ਲਾਹੌਰ ਜਾਂ ਦਿੱਲੀ ਦੀ ਹਵਾ ਪ੍ਰਦੂਸ਼ਿਤ ਕਰ ਸਕਦਾ ਹੈ, ਧੂੰਆਂ ਕਿੰਨੀ ਦੂਰੀ ਤੈਅ ਕਰ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਲਹਿੰਦੇ ਪੰਜਾਬ (ਪਾਕਿਸਤਾਨ) ਦੀ ਰਾਜਧਾਨੀ ਲਾਹੌਰ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਧੂੰਆਂ ਨੁਮਾ ਬੱਦਲਾਂ (ਸਮੌਗ) ਨਾਲ ਘਿਰੀ ਹੋਈ ਹੈ ਅਤੇ ਇਨ੍ਹਾਂ ਦੋਵੇਂ ਰਾਜਧਾਨੀਆਂ ਵੱਲੋਂ ਇਸਦਾ ਇਲਜ਼ਾਮ ਚੜ੍ਹਦੇ ਪੰਜਾਬ ਸਿਰ ਮੜ੍ਹਿਆ ਜਾ ਰਿਹਾ ਹੈ।
ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਸੂਬੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਕਿਹਾ ਸੀ ਕਿ ਉਹ ਲਾਹੌਰ ਵਿੱਚ ਵਧੇ ਪ੍ਰਦੂਸ਼ਣ ਲਈ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰਨਗੇ।
ਚੜ੍ਹਦੇ ਪੰਜਾਬ ਵੱਲੋਂ ਇਨ੍ਹਾਂ ਇਲਜ਼ਾਮ ਨੂੰ ਵਿਗਿਆਨਕ ਤਰਕਾਂ ਅਤੇ ਤੱਥਾਂ ਦੇ ਹਵਾਲੇ ਦੇ ਕੇ ਨਕਾਰਿਆ ਜਾ ਰਿਹਾ ਹੈ। ਇਸ ਰਿਪੋਰਟ ਵਿੱਚ ਇਨ੍ਹਾਂ ਦਾਅਵਿਆਂ ਦਾ ਕੱਚ-ਸੱਚ ਪੇਸ਼ ਕੀਤਾ ਗਿਆ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਲਵਾਯੂ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਅਜਿਹੇ ਕੋਈ ਵੀ ਵਿਗਿਆਨਕ ਅਧਿਐਨ ਨਹੀਂ ਹੈ ਜੋ ਸਾਬਤ ਕਰੇ ਕਿ ਪੰਜਾਬ ਵਿੱਚ ਵਾਪਰ ਰਹੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਲਾਹੌਰ ਅਤੇ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋਣ ਲਈ ਜ਼ਿੰਮੇਵਾਰ ਹਨ।
ਉਹ ਕਹਿੰਦੇ ਹਨ ਕਿ ਇਸਦੇ ਉਲਟ ਅਜਿਹੇ ਵਿਗਿਆਨਕ ਤਰਕ ਮੌਜੂਦ ਹਨ ਜੋ ਇਹ ਸਾਬਤ ਕਰਦੇ ਹਨ ਕਿ ਇੱਥੇ ਪਰਾਲੀ ਸਾੜਨ ਕਰਕੇ ਪੈਦਾ ਹੋਣ ਵਾਲੇ ਪ੍ਰਦੂਸ਼ਿਤ ਕਣ ਲਾਹੌਰ ਅਤੇ ਦਿੱਲੀ ਦੀ ਹੱਦ ਅੰਦਰ ਨਹੀਂ ਪਹੁੰਚ ਰਹੇ ਹਨ।

ਹਾਲਾਂਕਿ ਪੰਜਾਬ ਦੇ ਮਾਹਿਰਾਂ ਦੇ ਦਾਅਵਿਆਂ ਦੇ ਉਲਟ ਕੇਂਦਰੀ ਅਕਾਦਮਿਕ ਸੰਸਥਾਵਾਂ ਦੇ ਮਾਹਿਰ ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਨੂੰ ਦਿੱਲੀ ਦੇ ਪ੍ਰਦੂਸ਼ਣ ਵਿੱਚ ਯੋਗਦਾਨ ਮੰਨਦੇ ਹਨ। ਪਰ ਇਹ ਵੀ ਕਹਿੰਦੇ ਹਨ ਕਿ ਇਹ ਯੋਗਦਾਨ ਬਹੁਤ ਮਾਮੂਲੀ ਮਾਤਰਾ ਵਿੱਚ ਹੈ।
ਇਸ ਤੋਂ ਇਲਾਵਾ ਜਨਤਕ ਹਿਤ ਦੀਆਂ ਖੋਜ ਸੰਸਥਾਵਾਂ ਮੁਤਾਬਕ ਪੰਜਾਬ ਹੀ ਨਹੀਂ ਬਲਕਿ ਕਿਸੇ ਵੀ ਸੂਬੇ ਵਿੱਚ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਾ ਦਿੱਲੀ ਦੇ ਪ੍ਰਦੂਸ਼ਣ ਵਿੱਚ ਇਸ ਸਾਲ ਸਿਰਫ਼ 4.44% ਯੋਗਦਾਨ ਰਿਹਾ ਹੈ।
ਸ਼ਾਂਤ ਹਵਾਵਾਂ ਧੂੰਏਂ ਦੀ ਹਿਲਜੁਲ ਨੂੰ ਕਿਵੇਂ ਰੋਕਦੀਆਂ ਹਨ

ਤਸਵੀਰ ਸਰੋਤ, Getty Images
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਲਵਾਯੂ ਤਬਦੀਲੀ ਅਤੇ ਖੇਤੀਬਾੜੀ ਮੌਸਮ ਵਿਗਿਆਨ ਵਿਭਾਗ ਮੁਤਾਬਕ ਪੰਜਾਬ ਵਿੱਚ ਅਕਤੂਬਰ ਮਹੀਨੇ ਅਤੇ ਹੁਣ ਨਵੰਬਰ ਵਿੱਚ ਹਵਾਵਾਂ ਸ਼ਾਂਤ ਰਹੀਆਂ ਹਨ। ਪ੍ਰਦੂਸ਼ਤ ਕਣਾਂ ਅਤੇ ਧੂੰਏਂ ਦੇ ਇੱਕ ਥਾਂ ਤੋਂ ਦੂਜੇ ਥਾਂ ਉੱਤੇ ਜਾਣ ਵਾਸਤੇ ਹਵਾ ਦੀ ਰਫ਼ਤਾਰ 6 ਕਿੱਲੋਮੀਟਰ ਤੋਂ ਉੱਤੇ ਹੋਣੀ ਚਾਹੀਦੀ ਹੈ।
ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਰਫਤਾਰ ਘੱਟ ਹੋਣ ਦੀ ਸੂਰਤ ਵਿੱਚ ਪ੍ਰਦੂਸ਼ਿਤ ਕਣ ਕਿਸੇ ਵੀ ਦਿਸ਼ਾ ਵੱਲ ਯਾਤਰਾ ਨਹੀਂ ਕਰ ਸਕਦੇ। ਇਸ ਦਾ ਅਰਥ ਹੈ ਕਿ ਪੰਜਾਬ ਵਿੱਚ ਮੌਜੂਦ ਪ੍ਰਦੂਸ਼ਿਤ ਕਣ ਨਾ ਤਾਂ ਦਿੱਲੀ ਵੱਲ ਯਾਤਰਾ ਕਰ ਸਕਦੇ ਹਨ ਅਤੇ ਨਾ ਹੀ ਲਾਹੌਰ ਵੱਲ।
ਵਿਭਾਗ ਦੀ ਮੁਖੀ ਪਵਨੀਤ ਕੌਰ ਢੀਂਗਰਾ ਨੇ ਦੱਸਿਆ, “ਪ੍ਰਦੂਸ਼ਿਤ ਕਣਾਂ ਅਤੇ ਧੂੰਏਂ ਦੀ ਕਿਸੇ ਵੀ ਦਿਸ਼ਾ ਵਿੱਚ ਹਿਲਜੁਲ ਵਾਸਤੇ ਹਵਾ ਦੀ ਰਫਤਾਰ ਛੇ ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਹੋਣੀ ਚਾਹੀਦੀ ਹੈ। ਅਕਤੂਬਰ ਮਹੀਨੇ ਤੋਂ ਹੁਣ ਤੱਕ ਹਵਾਵਾਂ ਸ਼ਾਂਤ ਹੀ ਰਹੀਆਂ ਹਨ। ਸਿਰਫ ਦੋ ਵਾਰ ਹੀ ਹਵਾਵਾਂ ਦੀ ਗਤੀ ਚਾਰ ਕਿਲੋਮੀਟਰ ਪ੍ਰਤੀ ਘੰਟਾ ਤੋਂ ਉੱਪਰ ਪਹੁੰਚੀ।”
“ਪਹਿਲੀ ਵਾਰ ਅਕਤੂਬਰ 5 ਨੂੰ ਹਵਾ ਦੀ ਗਤੀ 4.4 ਕਿੱਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ ਅਤੇ ਦੂਜੀ ਵਾਰ ਅਕਤੂਬਰ 24 ਨੂੰ ਹਵਾ ਦੀ ਰਫ਼ਤਾਰ 4.1 ਕਿੱਲੋਮੀਟਰ ਪ੍ਰਤੀ ਘੰਟਾ ਦਰਜ ਹੋਈ। ਇਸ ਲਈ ਪੰਜਾਬ ਵਿੱਚ ਪਰਾਲੀ ਸਾੜਨ ਮਗਰੋਂ ਪੈਦਾ ਹੋਏ ਪ੍ਰਦੂਸ਼ਿਤ ਕਣ ਕਿਸੇ ਵੀ ਦਿਸ਼ਾ ਵੱਲ ਯਾਤਰਾ ਨਹੀਂ ਕਰ ਸਕਦੇ।”
ਝੋਨੇ ਦੀ ਵਾਢੀ ਦੌਰਾਨ ਹੀ ਧੂੰਆਂ ਕਿਉਂ ਆਉਂਦਾ ਹੈ?

ਤਸਵੀਰ ਸਰੋਤ, Getty Images
ਵਿਭਾਗ ਮੁਤਾਬਕ ਅਕਤੂਬਰ ਅਤੇ ਨਵੰਬਰ ਮਹੀਨੇ ਵਿੱਚ ਕਿਸੇ ਇੱਕ ਖਾਸ ਜਗ੍ਹਾ ਦਾ ਜ਼ਿਆਦਾ ਪ੍ਰਦੂਸ਼ਿਤ ਹੋਣਾ ਅਤੇ ਧੂੰਏਂ ਦਾ ਇੱਕ ਥਾਂ ਉੱਤੇ ਇਕੱਠੇ ਹੋਣ ਦਾ ਸਬੰਧ ਤਾਪਮਾਨ ਦੇ ਘੱਟਣ ਨਾਲ ਹੈ।
ਜਦੋਂ ਤਾਪਮਾਨ ਵੱਧਦਾ ਹੈ ਤਾਂ ਹਵਾ ਉੱਪਰ ਉੱਠਦੀ ਹੈ ਅਤੇ ਪ੍ਰਦੂਸ਼ਿਤ ਕਣ ਆਸਾਨੀ ਨਾਲ ਖਿੰਡ ਜਾਂਦੇ ਹਨ ਅਤੇ ਤਾਪਮਾਨ ਘੱਟਣ ਨਾਲ ਪ੍ਰਦੂਸ਼ਿਤ ਕਣ ਇੱਕ ਥਾਂ ਰੁਕ ਜਾਂਦੇ ਹਨ। ਇਸ ਕਰਕੇ ਜੇਕਰ ਲਾਹੌਰ ਅਤੇ ਦਿੱਲੀ ਵਿੱਚ ਧੂੰਏਂ ਵਾਲੀ ਸਥਿਤੀ ਅਤੇ ਪ੍ਰਦੂਸ਼ਣ ਹੈ ਤਾਂ ਇਹ ਉੱਥੋਂ ਦੇ ਕਾਰਨਾਂ ਕਰਕੇ ਹੀ ਹੈ।
ਪਵਨੀਤ ਕੌਰ ਢੀਗਰਾ ਦਾ ਕਹਿਣਾ ਹੈ, “ਤਾਪਮਾਨ ਵੱਧਣ ਨਾਲ ਹਵਾ ਉੱਪਰ ਉੱਠਦੀ ਹੈ ਅਤੇ ਪ੍ਰਦੂਸ਼ਿਤ ਤੱਤ ਖਿੰਡ ਜਾਂਦੇ ਹਨ। ਅਕਤੂਬਰ ਵਿੱਚ ਤਾਪਮਾਨ ਘਟਨਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਹਵਾਵਾਂ ਸਥਿਰ ਹਾਲਾਤਾਂ ਵਿੱਚ ਆ ਜਾਂਦੀਆਂ ਹਨ। ਇਸ ਕਰਕੇ ਪ੍ਰਦੂਸ਼ਿਤ ਤੱਤ ਪੂਰੀ ਤਰ੍ਹਾਂ ਨਾਲ ਨਹੀਂ ਖਿੰਡਦੇ ਅਤੇ ਉੱਥੇ ਹੀ ਕੈਦ ਹੋ ਜਾਂਦੇ ਹਨ। ਅਜਿਹੇ ਵਿੱਚ ਧੂੰਏਂ ਵਰਗੀ ਸਥਿਤੀ ਪੈਦਾ ਹੁੰਦੀ ਹੈ।”
ਪੀਐਮ 10 ਅਤੇ ਪੀਐਮ 2.5 ਕਣ ਕਿੰਨੀ ਦੂਰੀ ਤੈਅ ਕਰ ਸਕਦੇ ਹਨ?

ਤਸਵੀਰ ਸਰੋਤ, Getty Images
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਅਦਰਸ਼ ਪਾਲ ਵਿਜ ਦੱਸਦੇ ਹਨ ਕਿ ਪੰਜਾਬ ਵਿੱਚ ਝੋਨੇ ਦੀ ਪਰਾਲੀ ਸਾੜਨ ਉਪਰੰਤ ਪੈਦਾ ਹੋਈਆਂ ਗੈਸਾਂ ਨਾਲ ਬਣੇ ਪੀਐਮ 10 ਅਤੇ ਪੀਐਮ 2.5 ਕਿਸੇ ਵੀ ਹਾਲਤ ਵਿੱਚ ਲੰਬੀ ਦੂਰੀ ਨਹੀਂ ਤੈਅ ਕਰ ਸਕਦੇ।
ਉਨ੍ਹਾਂ ਕਿਹਾ, “ਅਜਿਹਾ ਕੋਈ ਵੀ ਅਧਿਐਨ ਨਹੀਂ ਹੈ, ਜੋ ਸਾਬਤ ਕਰਦਾ ਹੋਵੇ ਕਿ ਦਿੱਲੀ ਅਤੇ ਲਾਹੌਰ ਦੇ ਪ੍ਰਦੂਸ਼ਣ ਵਿੱਚ ਪੰਜਾਬ ਦੇ ਪ੍ਰਦੂਸ਼ਣ ਦਾ ਯੋਗਦਾਨ ਹੋਵੇ। ਪੀਐਮ 10 ਅਤੇ ਪੀਐਮ 2.5 ਇੰਨੀ ਲੰਬੀ ਦੂਰੀ ਤੈਅ ਨਹੀਂ ਕਰਦੇ।”
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਾਤਾਵਰਣ ਵਿਗਿਆਨੀ ਅਵਤਾਰ ਸਿੰਘ ਕਹਿੰਦੇ ਹਨ ਕਿ ਲਾਹੌਰ ਵਿੱਚ ਵੀ ਪੰਜਾਬ ਵਾਂਗ ਝੋਨੇ ਦੀ ਖੇਤੀ ਹੁੰਦੀ ਹੈ। ਉੱਥੇ ਵੀ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਜਾਂਦੀ ਹੈ। ਇਸ ਲਈ ਲਾਹੌਰ ਦਾ ਆਪਣਾ ਪ੍ਰਦੂਸ਼ਣ ਹੀ ਹਵਾ ਦੇ ਗੰਧਲੇ ਹੋਣ ਲਈ ਜ਼ਿੰਮੇਵਾਰ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਐਸਐਸ ਮਰਵਾਹਾ ਨੇ ਦੱਸਿਆ, “ਹਾਲਤਾਂ ਵਿੱਚ ਵੀ ਪੀਐੱਮ 10 ਕਣ ਵੱਧ ਤੋਂ ਵੱਧ 25 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ, ਜਦਕਿ ਪੀਐਮ 2.5 ਵੱਧ ਤੋਂ ਵੱਧ 50 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। ਜਦੋਂ ਤਾਪਮਾਨ ਘੱਟਦਾ ਹੈ ਤਾਂ ਇਹ ਕਣ ਇੰਨੀ ਦੂਰੀ ਵੀ ਤੈਅ ਨਹੀਂ ਕਰ ਸਕਦੇ।”
ਉਨ੍ਹਾਂ ਕਿਹਾ, “ਪੰਜਾਬ ਲਾਹੌਰ ਅਤੇ ਦਿੱਲੀ ਦੇ ਪ੍ਰਦੂਸ਼ਣ ਵਿੱਚ ਤਾਂ ਹੀ ਵੱਡਾ ਯੋਗਦਾਨ ਪਾ ਸਕਦਾ ਹੈ ਜੇਕਰ ਇਹ ਆਪਣੇ ਪ੍ਰਦੂਸ਼ਣ ਨੂੰ ਮਿਜ਼ਾਈਲ ਦੇ ਜਰੀਏ ਇਨ੍ਹਾਂ ਦੋਵਾਂ ਸ਼ਹਿਰਾਂ ਵੱਲ ਦਾਗੇ।”
ਕੇਂਦਰੀ ਅਕਾਦਮਿਕ ਸੰਸਥਾ ਦੇ ਪ੍ਰੋਫੈਸਰ ਕੀ ਕਹਿੰਦੇ ਹਨ?

ਤਸਵੀਰ ਸਰੋਤ, Getty Images
ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਦੇ ਧਰਤੀ ਅਤੇ ਵਾਤਾਵਰਣ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਵਿਨਾਇਕ ਸਿਨਹਾ ਨੇ ਮੰਨਿਆ ਕਿ ਪੰਜਾਬ ਦੇ ਪ੍ਰਦੂਸ਼ਣ ਦਾ ਅਸਰ ਦਿੱਲੀ ਦੇ ਪ੍ਰਦੂਸ਼ਣ ਵਿੱਚ ਹੁੰਦਾ ਹੈ ਪਰ ਇਹ ਬਹੁਤ ਹੀ ਮਾਮੂਲੀ ਮਾਤਰਾ ਵਿੱਚ ਹੁੰਦਾ ਹੈ।
ਪੰਜਾਬ ਦੇ ਪ੍ਰਦੂਸ਼ਣ ਦਾ ਅਸਰ ਪੰਜਾਬ ਵਿੱਚ ਹੀ ਹੁੰਦਾ ਹੈ। ਉੱਤਰ ਪ੍ਰਦੇਸ਼ ਜਾਂ ਹੋਰ ਗੁਆਂਢੀ ਸੂਬਿਆਂ ਵਿੱਚ ਹੁੰਦੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਅਸਰ ਦਿੱਲੀ ਦੇ ਪ੍ਰਦੂਸ਼ਣ ਵਿੱਚ ਪੰਜਾਬ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਪੰਜਾਬ ਦੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ ਦਿੱਲੀ ਦੇ ਪ੍ਰਦੂਸ਼ਣ ਵਿੱਚ ਬਹੁਤ ਹੀ ਮਾਮੂਲੀ ਮਾਤਰਾ ਵਿੱਚ ਯੋਗਦਾਨ ਪਾਉਂਦੀਆਂ ਹਨ। ਇਹ ਮਾਮੂਲੀ ਮਾਤਰਾ ਹਰ ਸਾਲ ਘਟਦੀ ਵੱਧਦੀ ਰਹਿੰਦੀ ਹੈ।
ਪ੍ਰੋਫੈਸਰ ਸਿਨਹਾ ਦੱਸਦੇ ਹਨ ਕਿ ਉਹਨਾਂ ਨੇ ਇਸ ਵਿਸ਼ੇ ਉੱਤੇ ਕੁਝ ਸਾਲ ਪਹਿਲਾਂ ਇੱਕ ਅਧਿਐਨ ਵੀ ਕੀਤਾ ਸੀ।
ਦਿੱਲੀ ਦੇ ਪ੍ਰਦੂਸ਼ਣ ਵਿੱਚ ਸੀਐਸਈ ਮੁਤਾਬਕ ਪਰਾਲੀ ਦੀ ਅੱਗ ਦਾ ਯੋਗਦਾਨ ਮਹਿਜ਼ 4.44% ਹੈ।
ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀਐਸਈ) ਵੱਲੋਂ ਅਕਤੂਬਰ 30 ਨੂੰ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਮੁਤਾਬਕ ਪਰਾਲੀ ਦੀ ਅੱਗ ਦਿੱਲੀ ਦਾ ਪੀਐਮ 2.5 ਪੱਧਰ ਵਿੱਚ ਮਹਿਜ਼ ਔਸਤਨ 4.44% ਯੋਗਦਾਨ ਪਾਉਂਦੀ ਹੈ।
ਸੀਐਸਈ ਨਵੀਂ ਦਿੱਲੀ ਵਿੱਚ ਸਥਿਤ ਇੱਕ ਜਨਤਕ ਹਿੱਤ ਖੋਜ ਸੰਸਥਾ ਹੈ।
ਇਸ ਦੁਆਰਾ ਦਿੱਲੀ ਵਿੱਚ ਦੀਵਾਲੀ ਅਤੇ ਸਰਦੀਆਂ ਤੋਂ ਪਹਿਲਾਂ ਕੀਤੇ ਗਏ ਇੱਕ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਖੇਤਾਂ ਵਿੱਚ ਅੱਗ ਲਗਾਉਣ ਵਿੱਚ ਕਮੀ ਦੇ ਬਾਵਜੂਦ, ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ਬੱਦਤਰ ਹੁੰਦੀ ਜਾ ਰਹੀ ਹੈ।ਇਸ ਦਾ ਕਾਰਨ ਸਥਾਨਕ ਪ੍ਰਦੂਸ਼ਣ ਸਰੋਤ ਹਨ, ਜਿਵੇਂ ਕਿ ਵਾਹਨਾਂ ਦਾ ਸਭ ਤੋਂ ਵੱਧ ਯੋਗਦਾਨ ਹੈ।
ਸੀਐੱਸਈ ਦੀ ਕਾਰਜਕਾਰੀ ਨਿਰਦੇਸ਼ਕ, ਅਨੁਮਿਤਾ ਰਾਏਚੌਧਰੀ ਨੇ ਦੱਸਿਆ ਕਿ ਆਮ ਤੌਰ 'ਤੇ ਹਰ ਸਾਲ ਸਰਦੀਆਂ ਦੇ ਇਸ ਪਹਿਲੇ ਪੜਾਅ ਦੌਰਾਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਖੇਤਾਂ ਦੀ ਅੱਗ ਦੇ ਯੋਗਦਾਨ ਨੂੰ ਸਭ ਤੋਂ ਵੱਡੀ ਸਮੱਸਿਆ ਮੰਨਿਆ ਜਾਂਦਾ ਹੈ।
ਉਹ ਮੰਨਦੇ ਹਨ ਕਿ ਇਹ ਹਵਾ ਪ੍ਰਦੂਸ਼ਣ ਦੇ ਸਥਾਨਕ ਸਰੋਤਾਂ ਦਾ ਧਿਆਨ ਭਟਕਾਉਂਦਾ ਹੈ।
ਉਹ ਕਹਿੰਦੇ ਹਨ, “ਇਸ ਸਾਲ, ਦਿੱਲੀ ਦੀ ਹਵਾ ਦੀ ਗੁਣਵੱਤਾ ਮਾੜੀ ਤੋਂ ਬਹੁਤ ਮਾੜੀ ਹੋ ਗਈ ਹੈ, ਜਦੋਂ ਕਿ ਇਸ ਪੜਾਅ ਦੌਰਾਨ ਜ਼ਿਆਦਾਤਰ ਹਿੱਸਿਆਂ ਵਿੱਚ ਖੇਤਾਂ ਦੀ ਅੱਗ ਦਾ ਯੋਗਦਾਨ 1 ਤੋਂ 3 ਪ੍ਰਤੀਸ਼ਤ ਤੱਕ ਰਿਹਾ। ਇਹ ਸਥਾਨਕ ਹਵਾ ਪ੍ਰਦੂਸ਼ਣ ਸਰੋਤਾਂ ਦੇ ਉੱਚ ਯੋਗਦਾਨ ਦੀ ਸਮੱਸਿਆ ਨੂੰ ਉਜਾਗਰ ਕਰਦਾ ਹੈ।”
ਦੂਸ਼ਣਬਾਜ਼ੀ ਤੋਂ ਕਿਨਾਰਾ ਕਰਨ ਦੀ ਲੋੜ

ਤਸਵੀਰ ਸਰੋਤ, Getty Images
ਸੰਗਰੂਰ ਦੇ ਰਹਿਣ ਵਾਲੇ ਅਮਰਜੀਤ ਮਾਨ ਪੇਸ਼ੇ ਵਜੋਂ ਆਯੂਰਵੈਦਿਕ ਡਾਕਟਰ ਅਤੇ ਅਗਾਂਹਵਧੂ ਕਿਸਾਨ ਹਨ। ਉਹ ਆਸ-ਪਾਸ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਵੀ ਕਰਦੇ ਹਨ। ਉਨ੍ਹਾਂ ਨੇ ਉੱਧਮੀ ਫਾਰਮਰ ਉਤਪਾਦਕ ਸੰਸਥਾ ਵੀ ਬਣਾਈ ਹੋਈ ਹੈ, ਜਿਸ ਤਹਿਤ ਪਰਾਲੀ ਦੇ ਨਿਪਟਾਰੇ ਵਾਸਤੇ ਖੇਤੀਬਾੜੀ ਦੇ ਸੰਦ ਖਰੀਦੇ ਹੋਏ ਹਨ। ਉਹ ਇਹ ਸੰਦ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਦੇ ਨਿਪਟਾਰੇ ਲਈ ਦਿੰਦੇ ਹਨ।
ਉਹ ਕਹਿੰਦੇ ਹਨ, “ਦੂਸ਼ਣਬਾਜ਼ੀ ਵਿੱਚ ਪੈਣ ਅਤੇ ਸਫਾਈਆਂ ਦੇਣ ਦੀ ਬਜਾਏ, ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਉੱਤੇ ਕੰਮ ਕਰਨ ਦੀ ਲੋੜ ਹੈ। ਪ੍ਰਦੂਸ਼ਣ ਵਾਸਤੇ ਚਾਹੇ ਕੋਈ ਵੀ ਜ਼ਿੰਮੇਵਾਰ ਹੋਵੇ, ਉਸ ਉੱਤੇ ਇਲਜ਼ਾਮ ਲਾਉਣਾ ਹੱਲ ਨਹੀਂ ਹੈ। ਪਰਾਲੀ ਦਾ ਸਾੜੇ ਬਗੈਰ ਪ੍ਰਬੰਧ ਕਰਨ ਲਈ ਪਹਿਲਾਂ ਹੀ ਕਈ ਹੱਲ ਮੌਜੂਦ ਹਨ। ਇਹਨਾਂ ਨੂੰ ਲਾਗੂ ਕਰਨ ਉੱਤੇ ਧਿਆਨ ਦੇਣਾ ਚਾਹੀਦਾ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












