ਸਮਾਂ ਦੇਖ-ਦੇਖ ਕੇ ਖਾਣਾ ਖਾਣ ਵਾਲੇ ਜਾਂ ਲਗਾਤਾਰ 12 ਤੋਂ 14 ਘੰਟੇ ਭੁੱਖੇ ਰਹਿਣ ਵਾਲਿਆਂ ਨੂੰ ਕਿਹੜੀਆਂ ਬਿਮਾਰੀਆਂ ਦਾ ਖ਼ਤਰਾ ਹੋ ਸਕਦਾ

ਤਸਵੀਰ ਸਰੋਤ, Getty Images
- ਲੇਖਕ, ਸੌਤਿਕ ਵਿਸ਼ਵਾਸ
- ਰੋਲ, ਬੀਬੀਸੀ ਪੱਤਰਕਾਰ
ਇਟਰਮਿਟੇਂਟ ਫਾਸਟਿੰਗ ਇਸ ਦਹਾਕੇ ਦਾ ਸਭ ਤੋਂ ਵੱਧ ਚਰਚਾ ਵਾਲਾ ਡਾਈਟ ਟਰੈਂਡ ਬਣ ਚੁੱਕਿਆ ਹੈ। ਇਸ ਤਰ੍ਹਾਂ ਨਾਲ ਵਰਤ ਰੱਖਣ ਵਿੱਚ ਕੈਲੋਰੀ ਜਾਂ ਕਾਰਬੋਹਾਈਡਰੇਟਸ ਦੀ ਮਾਤਰਾ 'ਤੇ ਧਿਆਨ ਦੇਣ ਦਾ ਕੋਈ ਝਮੇਲਾ ਨਹੀਂ ਹੁੰਦਾ।
ਇਸ ਵਰਤ ਵਿੱਚ ਖਾਣ ਦਾ ਸਮਾਂ ਨਿਰਧਾਰਤ ਕਰਨਾ ਮਹੱਤਵਪੂਰਨ ਹੈ, ਨਾ ਕਿ ਇਹ ਦੇਖਣਾ ਕਿ ਤੁਸੀਂ ਕੀ ਖਾ ਰਹੇ ਹੋ।
ਤਕਨੀਕੀ ਉਦਯੋਗ ਨਾਲ ਜੁੜੇ ਬਹੁਤ ਸਾਰੇ ਲੋਕ ਇਸ ਨੂੰ ਅਪਣਾਉਂਦੇ ਹਨ। ਕਈ ਹਾਲੀਵੁੱਡ ਸਿਤਾਰੇ ਵੀ ਕਹਿੰਦੇ ਹਨ ਕਿ ਇਹ ਉਨ੍ਹਾਂ ਨੂੰ ਫਿੱਟ ਰੱਖਦਾ ਹੈ।
ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਵੀ ਇੱਕ ਵਾਰ ਕਿਹਾ ਸੀ ਕਿ ਉਹ ਹਫ਼ਤੇ ਦੀ ਸ਼ੁਰੂਆਤ 36 ਘੰਟੇ ਵਰਤ ਰੱਖ ਕੇ ਕਰਦੇ ਹਨ।
ਵਿਗਿਆਨ ਨੇ ਵੀ ਹੁਣ ਤੱਕ ਇਸ ਕਿਸਮ ਦੀ ਫਾਸਟਿੰਗ ਜਾਂ ਵਰਤ ਰੱਖਣ ਦਾ ਸਮਰਥਨ ਕੀਤਾ ਹੈ।
ਹੁਣ ਤੱਕ ਦੀ ਖੋਜ ਤੋਂ ਸੰਕੇਤ ਮਿਲੇ ਹਨ ਕਿ ਰਾਤ ਦਾ ਵਰਤ ਲੰਮਾ ਕਰਨ ਨਾਲ ਮੈਟਾਬੋਲਿਜ਼ਮ ਬਿਹਤਰ ਹੋ ਸਕਦਾ ਹੈ। ਵਰਤ ਨਾਲ ਸੈੱਲਾਂ ਦੀ ਮੁਰੰਮਤ ਵਿੱਚ ਮਦਦ ਮਿਲਦੀ ਹੈ ਅਤੇ ਇਹ ਮਨੁੱਖਾਂ ਦੀ ਉਮਰ ਵਧਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਸਕਦਾ ਹੈ।
ਹਾਲਾਂਕਿ, ਪੋਸ਼ਣ ਮਾਹਰ ਲੰਬੇ ਸਮੇਂ ਤੋਂ ਚੇਤਾਵਨੀ ਦਿੰਦੇ ਆਏ ਹਨ ਕਿ ਸਿਹਤਮੰਦ ਰਹਿਣ ਲਈ ਖਾਣਾ ਛੱਡਣ ਨਾਲ ਕੋਈ ਜਾਦੂ ਨਹੀਂ ਹੋ ਸਕਦਾ।
ਮਾਹਰ ਇਹ ਵੀ ਕਹਿੰਦੇ ਰਹੇ ਹਨ ਕਿ ਅਜਿਹਾ ਕਰਨਾ ਪਹਿਲਾਂ ਤੋਂ ਹੀ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਖ਼ਤਰਨਾਕ ਹੋ ਸਕਦਾ ਹੈ।
ਨਵੇਂ ਅਧਿਐਨ 'ਚ ਕੀ ਪਤਾ ਲੱਗਾ?

ਤਸਵੀਰ ਸਰੋਤ, Getty Images
ਇੰਟਰਮਿਟੇਂਟ ਫਾਸਟਿੰਗ ਵਿੱਚ ਰੋਜ਼ਾਨਾ ਖਾਣੇ ਦੇ ਸਮੇਂ ਨੂੰ ਇੱਕ ਛੋਟੀ ਸਮਾਂ ਸੀਮਾ 'ਚ ਸਮੇਟ ਦਿੱਤਾ ਜਾਂਦਾ ਹੈ।
ਇਸ ਦੇ ਤਹਿਤ, ਇੱਕ ਵਿਅਕਤੀ ਅੱਠ ਘੰਟੇ ਤੱਕ ਖਾਣਾ ਖਾ ਸਕਦਾ ਹੈ ਪਰ ਉਸ ਨੂੰ 16 ਘੰਟੇ ਵਰਤ ਰੱਖਣਾ ਪੈਂਦਾ ਹੈ।
ਇਸ ਤੋਂ ਇਲਾਵਾ, ਸਮਾਂ-ਪ੍ਰਤੀਬੰਧਿਤ (ਟਾਈਮ ਰਿਸਟ੍ਰਿਕਟਿਡ) ਖੁਰਾਕ ਦੇ ਹੋਰ ਮਾਡਲ ਵੀ ਹਨ।
ਇਨ੍ਹਾਂ ਵਿੱਚੋਂ ਇੱਕ ਹੈ - ਹਫ਼ਤੇ ਵਿੱਚ ਦੋ ਦਿਨ ਘੱਟ ਖਾਣਾ ਅਤੇ ਪੰਜ ਦਿਨ ਆਮ ਖੁਰਾਕ ਲੈਣਾ। ਇਸ ਦੌਰਾਨ ਇਸ ਗੱਲ 'ਤੇ ਕੋਈ ਸਮਾਂ ਪਾਬੰਦੀ ਨਹੀਂ ਹੈ ਕਿ ਤੁਸੀਂ ਕਿਹੜੇ ਸਮੇਂ ਖਾਂਦੇ ਹੋ ਅਤੇ ਕਿੰਨੀ ਦੇਰ ਨਹੀਂ ਖਾਂਦੇ।
ਪਰ ਹੁਣ ਇੱਕ ਅਧਿਐਨ ਨੇ ਇਸ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਹ ਇੱਕ ਤਰ੍ਹਾਂ ਨਾਲ ਇਸ ਮੁੱਦੇ 'ਤੇ ਪਹਿਲਾਂ ਵੱਡਾ ਅਧਿਐਨ ਹੈ।
ਇਸ ਅਧਿਐਨ ਵਿੱਚ 19 ਹਜ਼ਾਰ ਤੋਂ ਵੱਧ ਬਾਲਗਾਂ ਦੇ ਡੇਟਾ ਦਾ ਵਿਸ਼ਲੇਸ਼ਣ ਕੀਤਾ ਗਿਆ।

ਤਸਵੀਰ ਸਰੋਤ, Getty Images
ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਅੱਠ ਘੰਟੇ ਦੀ ਵਿੰਡੋ ਦੇ ਅੰਦਰ ਖਾਣਾ ਖਾਧਾ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਤੋਂ ਮੌਤ ਦਾ ਜੋਖ਼ਮ ਉਨ੍ਹਾਂ ਲੋਕਾਂ ਨਾਲੋਂ 135 ਫੀਸਦੀ ਵੱਧ ਸੀ, ਜੋ 12 ਤੋਂ 14 ਘੰਟੇ ਦੀ ਸਮਾਂ ਸੀਮਾ 'ਚ ਖਾਣਾ ਖਾਂਦੇ ਸਨ।
ਕਾਰਡੀਓਵੈਸਕੁਲਰ ਰਿਸਕ ਵਧਣ ਦਾ ਮਤਲਬ ਹੈ ਕਿ ਕਿਸੇ ਵਿਅਕਤੀ ਦੀ ਸਿਹਤ, ਜੀਵਨ ਸ਼ੈਲੀ ਅਤੇ ਡਾਕਟਰੀ ਡੇਟਾ ਦੇ ਆਧਾਰ 'ਤੇ ਉਸ ਦੇ ਦਿਲ ਨਾਲ ਸਬੰਧਿਤ ਬਿਮਾਰੀਆਂ ਜਿਵੇਂ ਕਿ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਦੂਜੇ ਲੋਕਾਂ ਨਾਲੋਂ ਬਹੁਤ ਵੱਧ ਹੁੰਦਾ ਹੈ।
ਹਾਲਾਂਕਿ, ਅਧਿਐਨ ਵਿੱਚ ਇਹ ਵੀ ਪਾਇਆ ਗਿਆ ਕਿ ਕੁੱਲ ਮੌਤ ਦਰ ਦਾ (ਕਿਸੇ ਵੀ ਕਾਰਨ ਕਰਕੇ ਹੋਣ ਵਾਲੀਆਂ ਮੌਤਾਂ) ਇੰਟਰਮਿਟੇਂਟ ਫਾਸਟਿੰਗ ਨਾਲ ਕੋਈ ਪੁਖਤਾ ਸਬੰਧ ਨਹੀਂ ਸੀ।
ਪਰ ਇਸ ਦੇ ਕਰਕੇ ਦਿਲ ਦੀ ਬਿਮਾਰੀ ਤੋਂ ਮੌਤ ਦਾ ਖ਼ਤਰਾ ਹਰ ਉਮਰ, ਲਿੰਗ ਅਤੇ ਜੀਵਨ ਸ਼ੈਲੀ ਦੇ ਲੋਕਾਂ ਵਿੱਚ ਲਗਾਤਾਰ ਬਣਿਆ ਰਿਹਾ।
ਦੂਜੇ ਸ਼ਬਦਾਂ ਵਿੱਚ, ਖੋਜਕਰਤਾਵਾਂ ਨੇ ਪਾਇਆ ਕਿ ਛੋਟੀ ਸਮਾਂ ਸੀਮਾ ਵਿੱਚ ਖਾਣ ਅਤੇ ਕੁੱਲ ਮੌਤ ਦਰ ਵਿਚਕਾਰ ਕੋਈ ਮਜ਼ਬੂਤ ਸਬੰਧ ਨਹੀਂ ਸੀ। ਪਰ ਦਿਲ ਦੀ ਬਿਮਾਰੀ ਕਾਰਨ ਮੌਤ ਦਾ ਖ਼ਤਰਾ ਕਾਫ਼ੀ ਵਧ ਗਿਆ ਸੀ।
ਇਹ ਅਧਿਐਨ ਇਸ ਦੇ ਕਾਰਨ ਅਤੇ ਪ੍ਰਭਾਵ ਨੂੰ ਸਾਬਤ ਨਹੀਂ ਕਰਦਾ ਹੈ, ਪਰ ਇਹ ਸੰਕੇਤ ਉਸ ਵਿਸ਼ਵਾਸ ਨੂੰ ਚੁਣੌਤੀ ਦੇਣ ਲਈ ਮਹੱਤਵਪੂਰਨ ਹੈ ਕਿ ਇਸ ਕਿਸਮ ਦਾ ਵਰਤ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸਿਹਤ ਲਈ ਚੰਗਾ ਹੈ।
ਸਿਗਰਟਨੋਸ਼ੀ ਵਾਲੇ ਅਤੇ ਸ਼ੂਗਰ ਵਾਲੇ ਲੋਕਾਂ ਨੂੰ ਵਧੇਰੇ ਖਤਰਾ

ਤਸਵੀਰ ਸਰੋਤ, Getty Images
ਖੋਜਕਰਤਾਵਾਂ ਨੇ ਇਸ ਦੇ ਲਈ ਅੱਠ ਸਾਲਾਂ ਤੱਕ ਅਮਰੀਕੀ ਬਾਲਗਾਂ ਦਾ ਰਿਕਾਰਡ ਰੱਖਿਆ। ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਜਾਣਨ ਲਈ, ਇਸ ਵਿੱਚ ਸ਼ਾਮਲ ਲੋਕਾਂ ਨੂੰ ਇਹ ਯਾਦ ਰੱਖਣ ਲਈ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਦੋ ਵੱਖ-ਵੱਖ ਦਿਨਾਂ (ਲਗਭਗ ਦੋ ਹਫ਼ਤਿਆਂ ਦੇ ਅੰਤਰਾਲ 'ਤੇ) ਕੀ ਖਾਧਾ ਅਤੇ ਪੀਤਾ।
ਇਨ੍ਹਾਂ 'ਡਾਈਟਰੀ ਰੀਕਾਲਜ਼' ਦੇ ਆਧਾਰ 'ਤੇ ਵਿਗਿਆਨੀਆਂ ਨੇ ਹਰੇਕ ਵਿਅਕਤੀ ਦੇ ਔਸਤ ਭੋਜਨ ਸਮੇਂ ਦੇ ਅੰਤਰਾਲ ਦੀ ਗਣਨਾ ਕੀਤੀ ਅਤੇ ਇਸਨੂੰ ਉਨ੍ਹਾਂ ਦਾ ਲੰਬੇ ਸਮੇਂ ਦਾ ਰੁਟੀਨ ਮੰਨਿਆ।
ਇਸ ਅਧਿਐਨ ਦੇ ਅਨੁਸਾਰ, ਜਿਨ੍ਹਾਂ ਲੋਕਾਂ ਨੇ ਰੋਜ਼ਾਨਾ ਅੱਠ ਘੰਟਿਆਂ ਦੇ ਅੰਦਰ ਭੋਜਨ ਕੀਤਾ, ਉਨ੍ਹਾਂ ਵਿੱਚ ਦਿਲ ਅਤੇ ਸੰਬੰਧਿਤ ਬਿਮਾਰੀਆਂ ਕਰਕੇ ਮੌਤ ਦਾ ਜੋਖ਼ਮ ਉਨ੍ਹਾਂ ਲੋਕਾਂ ਦੇ ਮੁਕਾਬਲੇ ਜ਼ਿਆਦਾ ਸੀ ਜੋ 12 ਤੋਂ14 ਘੰਟਿਆਂ ਦੇ ਅੰਦਰ ਭੋਜਨ ਕਰਦੇ ਸਨ।
ਖੋਜਕਰਤਾਵਾਂ ਨੇ ਪਾਇਆ ਕਿ ਸਾਰੇ ਸਮਾਜਿਕ ਅਤੇ ਆਰਥਿਕ ਵਰਗ ਸਮੂਹਾਂ ਵਿੱਚ ਦਿਲ ਦੇ ਰੋਗਾਂ ਦਾ ਜੋਖ਼ਮ ਵਧਿਆ ਸੀ ਅਤੇ ਇਹ ਜੋਖ਼ਮ ਸਿਗਰਟਨੋਸ਼ੀ ਕਰਨ ਵਾਲਿਆਂ ਅਤੇ ਸ਼ੂਗਰ ਜਾਂ ਮੌਜੂਦਾ ਦਿਲ ਦੀ ਬਿਮਾਰੀ ਵਾਲੇ ਲੋਕਾਂ ਵਿੱਚ ਸਭ ਤੋਂ ਵੱਧ ਸੀ।
ਇਸਦਾ ਮਤਲਬ ਹੈ ਕਿ ਅਜਿਹੇ ਲੋਕਾਂ ਨੂੰ ਲੰਬੇ ਸਮੇਂ ਲਈ ਸਖ਼ਤ ਪਾਬੰਦੀਆਂ ਅਪਣਾਉਂਦੇ ਹੋਏ ਭੋਜਨ ਲਈ ਇੱਕ ਛੋਟੀ ਸਮਾਂ-ਸੀਮਾ ਅਪਣਾਉਣ ਬਾਰੇ ਖ਼ਾਸ ਤੌਰ 'ਤੇ ਸਾਵਧਾਨ ਰਹਿਣਾ ਚਾਹੀਦਾ ਹੈ।
ਖੋਜਕਰਤਾਵਾਂ ਨੇ ਪਾਇਆ ਕਿ ਭੋਜਨ ਦੀ ਗੁਣਵੱਤਾ, ਮਾਤਰਾ ਅਤੇ ਵਾਰ-ਵਾਰ ਖਾਣਾ ਖਾਣ ਅਤੇ ਰੋਜ਼ਾਨਾ ਜੀਵਨ ਸ਼ੈਲੀ ਵਿੱਚ ਹੋਰ ਤਬਦੀਲੀਆਂ ਤੋਂ ਬਾਅਦ ਵੀ ਇਹ ਸਬੰਧ ਬਣਿਆ ਰਿਹਾ ਸੀ।
ਜਦੋਂ ਅਸੀਂ ਖੋਜਕਰਤਾਵਾਂ ਨੂੰ ਪੁੱਛਿਆ ਕਿ ਦਿਲ ਦੀ ਬਿਮਾਰੀ ਕਰਕੇ ਮੌਤ ਦਾ ਜੋਖ਼ਮ ਇੰਨਾ ਜ਼ਿਆਦਾ ਕਿਉਂ ਪਾਇਆ ਗਿਆ, ਜਦਕਿ ਕੁੱਲ ਮੌਤ ਦਰ ਇੰਨੀ ਸਪਸ਼ਟ ਨਹੀਂ ਨਜ਼ਰ ਆਈ - ਇਹ ਜੀਵ ਵਿਗਿਆਨ ਦਾ ਪ੍ਰਭਾਵ ਹੈ ਜਾਂ ਡੇਟਾ ਵਿੱਚ ਕੋਈ ਪੱਖਪਾਤ ਹੈ?
'ਡਾਇਬੀਟੀਜ਼ ਐਂਡ ਮੈਟਾਬੋਲਿਕ ਸਿੰਡਰੋਮ: ਕਲੀਨਿਕਲ ਰਿਸਰਚ ਐਂਡ ਰਿਵਿਊਜ਼' ਜਰਨਲ ਵਿੱਚ ਪ੍ਰਕਾਸ਼ਿਤ ਪੀਅਰ-ਰਿਵਿਊਡ ਸਟਡੀ ਦੇ ਮੁੱਖ ਲੇਖਕ ਵਿਕਟਰ ਵੇਂਜ਼ੇ ਝੋਂਗ ਨੇ ਕਿਹਾ ਕਿ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਸਭ ਤੋਂ ਵੱਡੇ ਕਾਰਨਾਂ ਵਿੱਚੋਂ ਇੱਕ ਹੈ ਖੁਰਾਕ, ਇਸ ਲਈ ਦਿਲ ਦੀਆਂ ਬਿਮਾਰੀਆਂ ਨਾਲ ਜ਼ਿਆਦਾ ਮੌਤਾਂ ਦਾ ਸਬੰਧ ਹੈਰਾਨੀਜਨਕ ਨਹੀਂ ਹੈ।
ਅਧਿਐਨ ਦੇ ਨਤੀਜੇ ਆਮ ਧਾਰਨਾ ਦੇ ਉਲਟ

ਤਸਵੀਰ ਸਰੋਤ, Getty Images
ਪ੍ਰੋਫੈਸਰ ਝੋਂਗ ਚੀਨ ਦੀ ਸ਼ੰਘਾਈ ਜੀਆਓ ਟੋਂਗ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਵਿੱਚ ਇੱਕ ਮਹਾਂਮਾਰੀ ਵਿਗਿਆਨੀ ਹਨ।
ਉਹ ਕਹਿੰਦੇ ਹਨ ਕਿ ਜਿਸ ਚੀਜ਼ ਦੀ ਉਮੀਦ ਨਹੀਂ ਕੀਤੀ ਗਈ ਸੀ ਉਹ ਇਹ ਸੀ ਕਿ ਕਈ ਸਾਲਾਂ ਤੋਂ ਅੱਠ ਘੰਟੇ ਦੇ ਅੰਤਰਾਲ 'ਤੇ ਖਾਣ ਦੀ ਆਦਤ ਦਾ ਸਬੰਧ, ਦਿਲ ਦੀ ਬਿਮਾਰੀ ਨਾਲ ਮੌਤ ਦਾ ਵਧਿਆ ਹੋਇਆ ਜੋਖ਼ਮ ਨਿਕਲਿਆ।
ਇਹ ਖੋਜ ਉਸ ਆਮ ਵਿਸ਼ਵਾਸ ਦੇ ਉਲਟ ਹੈ, ਜਿਸਨੂੰ ਹੁਣ ਤੱਕ ਕੁਝ ਛੋਟੇ ਅਧਿਐਨਾਂ ਦੁਆਰਾ ਸਮਰਥਨ ਦਿੱਤਾ ਗਿਆ ਸੀ ਕਿ ਅਜਿਹੀ ਭੋਜਨ ਆਦਤ ਦਿਲ ਦੀ ਸਿਹਤ ਅਤੇ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਂਦੀ ਹੈ।
ਉਸੇ ਜਰਨਲ ਵਿੱਚ ਪ੍ਰਕਾਸ਼ਿਤ ਇੱਕ ਸੰਪਾਦਕੀ ਵਿੱਚ ਪ੍ਰਮੁੱਖ ਐਂਡੋਕ੍ਰਾਈਨੋਲੋਜਿਸਟ ਡਾਕਟਰ ਅਨੂਪ ਮਿਸ਼ਰਾ ਨੇ ਇੰਟਰਮਿਟੇਂਟ ਫਾਸਟਿੰਗ ਦੇ ਫਾਇਦੇ ਅਤੇ ਨੁਕਸਾਨ ਦੋਵਾਂ 'ਤੇ ਚਰਚਾ ਕੀਤੀ ਹੈ।
ਉਹ ਕਹਿੰਦੇ ਹਨ ਕਿ ਬਹੁਤ ਸਾਰੇ ਟ੍ਰਾਇਲ ਅਤੇ ਵਿਸ਼ਲੇਸ਼ਣ ਇਸਦੇ ਸਕਾਰਾਤਮਕ ਪੱਖ ਨੂੰ ਦਰਸਾਉਂਦੇ ਹਨ ਕਿ ਇਹ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ, ਇਨਸੁਲਿਨ ਸੈਂਸੀਟੀਵਿਟੀ ਨੂੰ ਸੁਧਾਰ ਸਕਦਾ ਹੈ, ਬਲੱਡ ਪ੍ਰੈਸ਼ਰ ਨੂੰ ਘਟਾ ਸਕਦਾ ਹੈ ਅਤੇ ਲਿਪਿਡ ਪ੍ਰੋਫਾਈਲ ਨੂੰ ਬਿਹਤਰ ਬਣਾ ਸਕਦਾ ਹੈ।

ਉਹ ਕਹਿੰਦੇ ਹਨ ਕਿ ਐਂਟੀ-ਇੰਫਲੇਮੇਟਰੀ ਫਾਇਦੇ ਦੇ ਵੀ ਕੁਝ ਸਬੂਤ ਮਿਲੇ ਹਨ।
ਇਹ ਲੋਕਾਂ ਨੂੰ ਸਖ਼ਤ ਕੈਲੋਰੀ ਕਾਉਂਟਿੰਗ ਤੋਂ ਬਿਨਾਂ ਵੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ। ਵਰਤ ਰੱਖਣ ਦੇ ਧਾਰਮਿਕ ਜਾਂ ਸੱਭਿਆਚਾਰਕ ਰੀਤੀ-ਰਿਵਾਜਾਂ ਨਾਲ ਵੀ ਇਹ ਆਸਾਨੀ ਨਾਲ ਮੇਲ ਖਾ ਸਕਦਾ ਹੈ ਅਤੇ ਇਸਦਾ ਪਾਲਣ ਕਰਨਾ ਆਸਾਨ ਹੈ।
ਉਨ੍ਹਾਂ ਮੁਤਾਬਕ, "ਪਰ ਇਸਦੇ ਸੰਭਾਵੀ ਨੁਕਸਾਨਾਂ ਵਿੱਚ - ਸਰੀਰ ਵਿੱਚ ਪੌਸ਼ਟਿਕ ਤੱਤਾਂ ਦੀ ਕਮੀ, ਕੋਲੈਸਟ੍ਰੋਲ ਵਿੱਚ ਵਾਧਾ, ਬਹੁਤ ਜ਼ਿਆਦਾ ਭੁੱਖ, ਚਿੜਚਿੜਾਪਨ, ਸਿਰ ਦਰਦ ਅਤੇ ਲੰਬੇ ਸਮੇਂ ਤੱਕ ਅਜਿਹੀ ਖੁਰਾਕ ਦੀ ਪਾਲਣਾ ਕਰਨ ਵਿੱਚ ਮੁਸ਼ਕਲਾਂ ਸ਼ਾਮਲ ਹਨ।"
ਪ੍ਰੋਫੈਸਰ ਮਿਸ਼ਰਾ ਕਹਿੰਦੇ ਹਨ ਕਿ "ਜੇਕਰ ਸ਼ੂਗਰ ਦੇ ਮਰੀਜ਼ਾਂ ਦੀ ਨਿਗਰਾਨੀ ਨਹੀਂ ਕੀਤੀ ਜਾਂਦੀ ਤਾਂ ਵਰਤ ਰੱਖਣ ਨਾਲ ਉਨ੍ਹਾਂ ਦੀ ਬਲੱਡ ਸ਼ੂਗਰ ਖ਼ਤਰਨਾਕ ਤੌਰ 'ਤੇ ਘਟ ਸਕਦੀ ਹੈ। ਇਹ ਜੰਕ ਫੂਡ ਖਾਣ ਨੂੰ ਉਤਸ਼ਾਹਿਤ ਕਰ ਸਕਦਾ ਹੈ। ਬਜ਼ੁਰਗ ਜਾਂ ਲੰਬੇ ਸਮੇਂ ਤੋਂ ਬਿਮਾਰ ਲੋਕਾਂ ਨੂੰ ਕਮਜ਼ੋਰੀ ਆ ਸਕਦੀ ਹੈ ਅਤੇ ਮਾਸਪੇਸ਼ੀਆਂ ਨੂੰ ਨੁਕਸਾਨ ਹੋ ਸਕਦਾ ਹੈ।"
ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ?

ਤਸਵੀਰ ਸਰੋਤ, Getty Images
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇੰਟਰਮਿਟੇਂਟ ਫਾਸਟਿੰਗ ਦੀ ਆਲੋਚਨਾ ਹੋਈ ਹੈ।
ਸਾਲ 2020 ਵਿੱਚ ਜੇਏਐਮਏ ਇੰਟਰਨਲ ਮੈਡੀਸਨ ਵਿੱਚ ਪ੍ਰਕਾਸ਼ਿਤ ਤਿੰਨ ਮਹੀਨਿਆਂ ਦੇ ਅਧਿਐਨ ਨੇ ਦਿਖਾਇਆ ਕਿ ਇਸ ਨਾਲ ਅਧਿਐਨ ਵਿੱਚ ਸ਼ਾਮਲ ਲੋਕਾਂ ਦਾ ਭਾਰ ਬਹੁਤ ਘੱਟ ਘਟਿਆ ਸੀ, ਜਿਸ ਵਿੱਚੋਂ ਜ਼ਿਆਦਾਤਰ ਹਿੱਸਾ ਮਾਸਪੇਸ਼ੀਆਂ ਦਾ ਸੀ।
ਇੱਕ ਹੋਰ ਅਧਿਐਨ ਨੇ ਸੰਕੇਤ ਦਿੱਤਾ ਸੀ ਕਿ ਇਸ ਤਰ੍ਹਾਂ ਵਰਤ ਰੱਖਣ ਨਾਲ ਕਮਜ਼ੋਰੀ, ਭੁੱਖ, ਡੀਹਾਈਡਰੇਸ਼ਨ, ਸਿਰ ਦਰਦ ਅਤੇ ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਵਰਗੇ ਮਾੜੇ ਪ੍ਰਭਾਵ ਹੋ ਸਕਦੇ ਹਨ।
ਪ੍ਰੋਫੈਸਰ ਮਿਸ਼ਰਾ ਕਹਿੰਦੇ ਹਨ ਕਿ ਨਵੇਂ ਅਧਿਐਨ ਨੇ ਦਿਲ ਅਤੇ ਸੰਬੰਧਿਤ ਬਿਮਾਰੀਆਂ ਦਾ ਚਿੰਤਾਜਨਕ ਸੰਕੇਤ ਦਿੱਤਾ ਹੈ।
ਜਦੋਂ ਪ੍ਰੋਫੈਸਰ ਝੋਂਗ ਨੂੰ ਪੁੱਛਿਆ ਗਿਆ ਕਿ ਦਿਲ ਦੀ ਬਿਮਾਰੀ ਜਾਂ ਸ਼ੂਗਰ ਵਾਲੇ ਲੋਕਾਂ ਨੂੰ ਇੰਟਰਮਿਟੇਂਟ ਫਾਸਟਿੰਗ ਵੇਲੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ?
ਤਾਂ ਉਨ੍ਹਾਂ ਕਿਹਾ ਕਿ ਇਹ ਖੋਜਾਂ ਦਰਸਾਉਂਦੀਆਂ ਹਨ ਕਿ ਖੁਰਾਕ ਸੰਬੰਧੀ ਸਲਾਹ 'ਵਿਅਕਤੀਗਤ' ਹੋਣੀ ਚਾਹੀਦੀ ਹੈ, ਜੋ ਵਿਅਕਤੀ ਦੀ ਸਿਹਤ ਅਤੇ ਨਵੇਂ ਸਬੂਤਾਂ ਦੇ ਆਧਾਰ 'ਤੇ ਹੋਵੇ।
ਉਹ ਕਹਿੰਦੇ ਹਨ, "ਅੱਜ ਤੱਕ ਦੇ ਸਬੂਤਾਂ ਦੇ ਆਧਾਰ 'ਤੇ ਇਹ ਕਹਿਣਾ ਜ਼ਿਆਦਾ ਮਹੱਤਵਪੂਰਨ ਹੈ ਕਿ ਲੋਕ ਕੀ ਖਾਂਦੇ ਹਨ, ਨਾ ਕਿ ਉਹ ਕਦੋਂ ਖਾਂਦੇ ਹਨ। ਘੱਟੋ-ਘੱਟ ਲੋਕਾਂ ਨੂੰ ਦਿਲ ਦੀ ਬਿਮਾਰੀ ਤੋਂ ਬਚਣ ਜਾਂ ਲੰਬੀ ਉਮਰ ਨੂੰ ਬਿਹਤਰ ਬਣਾਉਣ ਲਈ ਲੰਬੇ ਸਮੇਂ ਤੱਕ ਸਿਰਫ ਅੱਠ ਘੰਟੇ ਦੇ ਅੰਦਰ ਖਾਣ-ਪੀਣ ਦੀ ਪਾਲਣਾ ਕਰਨ ਤੋਂ ਬਚਣਾ ਚਾਹੀਦਾ ਹੈ।"
ਇਸ ਅਧਿਐਨ ਦਾ ਸੰਦੇਸ਼ ਇਹ ਹੈ ਕਿ ਵਰਤ ਨੂੰ ਪੂਰੀ ਤਰ੍ਹਾਂ ਛੱਡਣਾ ਜ਼ਰੂਰੀ ਨਹੀਂ ਹੈ, ਪਰ ਇਸਨੂੰ ਵਿਅਕਤੀ ਦੀ ਸਿਹਤ ਦੇ ਅਨੁਸਾਰ ਢਾਲਣ ਦੀ ਲੋੜ ਹੈ।
ਫਿਲਹਾਲ, ਸਭ ਤੋਂ ਸੁਰੱਖਿਅਤ ਵਿਕਲਪ ਇਹ ਹੈ ਕਿ ਲੋਕ ਘੜੀ 'ਤੇ ਘੱਟ ਅਤੇ ਆਪਣੀ ਥਾਲ਼ੀ 'ਤੇ ਜ਼ਿਆਦਾ ਧਿਆਨ ਦੇਣ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












