ਹਿਮਾਚਲ ਪ੍ਰਦੇਸ਼: ਗਊ ਹੱਤਿਆ ਦੀ ਅਫ਼ਵਾਹ ਤੋਂ ਬਾਅਦ ਕਿਵੇਂ ਮੁਸਲਮਾਨਾਂ ਦੇ ਖ਼ਿਲਾਫ਼ ਹਿੰਸਾ ਫੈਲੀ -ਗਰਾਊਂਡ ਰਿਪੋਰਟ

ਹਿਮਾਚਲ ਪ੍ਰਦੇਸ਼

ਤਸਵੀਰ ਸਰੋਤ, SAURABH CHAUHAN

ਤਸਵੀਰ ਕੈਪਸ਼ਨ, ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਭੀੜ ਨੇ ਮੁਸਲਮਾਨਾਂ ਦੀਆਂ ਚਾਰ ਦੁਕਾਨਾਂ ਦੀ ਭੰਨਤੋੜ ਕਰਕੇ ਹੰਗਾਮਾ ਮਚਾਇਆ
    • ਲੇਖਕ, ਸੌਰਭ ਚੌਹਾਨ
    • ਰੋਲ, ਨਾਹਨ ਤੋਂ ਬੀਬੀਸੀ ਸਹਿਯੋਗੀ

ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਨਾਹਨ ਵਿੱਚ ਕਥਿਤ ਗਊ ਹੱਤਿਆ ਨੂੰ ਲੈ ਕੇ ਹਿੰਸਕ ਰੋਸ ਪ੍ਰਦਰਸ਼ਨ ਹੋਇਆ, ਜਿਸ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀਆਂ ਕੁਝ ਦੁਕਾਨਾਂ ਦੀ ਭੰਨਤੋੜ ਕੀਤੀ ਗਈ।

ਹੁਣ ਸ਼ਨੀਵਾਰ ਨੂੰ ਪੁਲਿਸ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਗਊ ਹੱਤਿਆ ਵਰਗੀ ਕੋਈ ਘਟਨਾ ਨਹੀਂ ਵਾਪਰੀ ਸੀ।

ਦਰਅਸਲ, ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿੱਚ ਬੁੱਧਵਾਰ ਨੂੰ ਮੁਜ਼ਾਹਰਾਕਾਰੀਆਂ ਦੀ ਭੀੜ ਨੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਲੋਕਾਂ ਦੀਆਂ ਚਾਰ ਦੁਕਾਨਾਂ ਦੀ ਭੰਨਤੋੜ ਕਰਕੇ ਹੰਗਾਮਾ ਮਚਾਇਆ।

'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾ ਰਹੀ ਭੀੜ ਗਊ ਹੱਤਿਆ ਦੀ ਕਥਿਤ ਘਟਨਾ ਨੂੰ ਲੈ ਕੇ ਗੁੱਸੇ 'ਚ ਸੀ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਚਰਚਾ 'ਚ ਰਿਹਾ।

ਬੁੱਧਵਾਰ ਨੂੰ ਹੰਗਾਮੇ ਦੇ ਤਿੰਨ ਦਿਨ ਬਾਅਦ ਤੱਕ ਇਸ ਮਾਮਲੇ 'ਚ ਕੋਈ ਠੋਸ ਜਾਣਕਾਰੀ ਨਹੀਂ ਮਿਲੀ ਸੀ। ਸਥਾਨਕ ਪੁਲਿਸ ਵੀ ਉੱਤਰ ਪ੍ਰਦੇਸ਼ ਪੁਲਿਸ ਦੀ ਰਿਪੋਰਟ ਦੀ ਉਡੀਕ ਕਰ ਰਹੀ ਸੀ।

ਉੱਤਰ ਪ੍ਰਦੇਸ਼ ਪੁਲਿਸ ਦੇ ਇੱਕ ਅਧਿਕਾਰੀ ਨੇ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਪੁਲਿਸ ਮੁਲਾਜ਼ਮ ਜਾਵੇਦ ਦੇ ਘਰ ਗਏ ਅਤੇ ਉੱਥੇ ਆਲੇ-ਦੁਆਲੇ ਵੀ ਪੁੱਛਗਿੱਛ ਕੀਤੀ। ਮੌਕੇ 'ਤੇ ਗਊ ਹੱਤਿਆ ਵਰਗੀ ਕੋਈ ਘਟਨਾ ਨਹੀਂ ਮਿਲੀ।"

ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦਾ ਰਹਿਣ ਵਾਲਾ ਜਾਵੇਦ ਨਾਂ ਦਾ ਨੌਜਵਾਨ ਪਿਛਲੇ 10 ਸਾਲਾਂ ਤੋਂ ਨਾਹਨ 'ਚ ਰੈਡੀਮੇਡ ਕੱਪੜਿਆਂ ਦਾ ਕਾਰੋਬਾਰ ਕਰ ਰਿਹਾ ਸੀ।

ਉਹ ਈਦ ਦੇ ਮੌਕੇ 'ਤੇ ਸ਼ਾਮਲੀ ਸਥਿਤ ਆਪਣੇ ਘਰ ਗਿਆ ਸੀ।

ਹਿਮਾਚਲ ਪ੍ਰਦੇਸ਼, ਮੁਸਲਮਾਨ

ਤਸਵੀਰ ਸਰੋਤ, SAURABH CHAUHAN

ਤਸਵੀਰ ਕੈਪਸ਼ਨ, ਜਾਵੇਦ ਨੇ ਕੁਰਬਾਨੀ ਦੀ ਤਸਵੀਰ ਆਪਣੇ ਵਟਸਐਪ ਸਟੇਟਸ 'ਤੇ ਅਪਲੋਡ ਕੀਤੀ ਸੀ

ਸਥਾਨਕ ਪੁਲਿਸ ਮੁਤਾਬਕ ਈਦ ਵਾਲੇ ਦਿਨ ਜਾਵੇਦ ਨੇ ਕੁਰਬਾਨੀ ਦੀ ਤਸਵੀਰ ਆਪਣੇ ਵਟਸਐਪ ਸਟੇਟਸ 'ਤੇ ਅਪਲੋਡ ਕੀਤੀ ਸੀ, ਜਿਸ ਨੂੰ ਨਾਹਨ ਦੇ ਹਿੰਦੂ ਸੰਗਠਨਾਂ ਨਾਲ ਜੁੜੇ ਕੁਝ ਲੋਕਾਂ ਨੇ ਦੇਖਿਆ ਸੀ।

ਇਸ ਨੂੰ ਦੇਖ ਕੇ ਇੱਥੋਂ ਦੇ ਲੋਕਾਂ ਨੇ ਮੰਨ ਲਿਆ ਕਿ ਜਾਵੇਦ ਨੇ ਗਊ ਹੱਤਿਆ ਤੋਂ ਬਾਅਦ ਬਹੁਗਿਣਤੀ ਸਮਾਜ ਦੇ ਮਨਾਂ ਨੂੰ ਠੇਸ ਪਹੁੰਚਾਉਣ ਦੇ ਮਕਸਦ ਨਾਲ ਇਹ ਤਸਵੀਰ ਜਾਣਬੁੱਝ ਕੇ ਅਪਲੋਡ ਕੀਤੀ ਹੈ।

ਜਿਸ ਦਿਨ ਇਹ ਤਸਵੀਰ ਅਪਲੋਡ ਹੋਈ ਸੀ, ਉਸ ਦਿਨ ਇਸ ਮਾਮਲੇ ਨੂੰ ਲੈ ਕੇ ਨਾਹਨ ਵਿੱਚ ਕੋਈ ਹੰਗਾਮਾ ਨਹੀਂ ਹੋਇਆ ਸੀ, ਪਰ ਹਿੰਦੂ ਸੰਗਠਨਾਂ ਵੱਲੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।

ਇਨ੍ਹਾਂ ਜਥੇਬੰਦੀਆਂ ਨੇ ਬੀਤੇ ਬੁੱਧਵਾਰ ਨੂੰ ਬਾਜ਼ਾਰ ਬੰਦ ਰੱਖਣ ਦਾ ਸੱਦਾ ਦਿੱਤਾ ਸੀ।

ਇਸ ਦੌਰਾਨ ਹਿੰਦੂ ਸੰਗਠਨਾਂ ਦੇ ਕੁਝ ਲੋਕਾਂ ਨੇ ਵਪਾਰ ਮੰਡਲ ਦੇ ਲੋਕਾਂ ਨਾਲ ਮਿਲ ਕੇ ਬੜਾ ਚੌਂਕ ਬਾਜ਼ਾਰ 'ਚ ਜਲੂਸ ਕੱਢਿਆ। ਇਸ ਦੌਰਾਨ ਸ਼ਹਿਰ ਵਿੱਚ ਪੁਲਿਸ ਬਲ ਤੈਨਾਤ ਕੀਤੇ ਗਏ ਸਨ।

ਉਸ ਘਟਨਾ ਨੂੰ ਯਾਦ ਕਰਦਿਆਂ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਜਲੂਸ ਰਾਣੀ ਤਾਲ ਵੱਲ ਵਧਿਆ, ਵਿਰੋਧ ਹੋਰ ਹਿੰਸਕ ਹੋ ਗਿਆ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਜਦੋਂ ਇਹ ਜਲੂਸ ਜਾਵੇਦ ਅਤੇ ਉਸ ਦੇ ਰਿਸ਼ਤੇਦਾਰਾਂ ਦੀਆਂ ਦੁਕਾਨਾਂ ਨੇੜੇ ਪਹੁੰਚਿਆ ਤਾਂ ਮੁਜ਼ਾਹਰਾਕਾਰੀਆਂ ਨੇ ਦੁਕਾਨਾਂ ਦੀ ਭੰਨਤੋੜ ਸ਼ੁਰੂ ਕਰ ਦਿੱਤੀ।

ਕੁਝ ਦੇਰ ਵਿੱਚ ਹੀ ਇਨ੍ਹਾਂ ਗੁੱਸੇ ਵਿੱਚ ਆਏ ਲੋਕਾਂ ਨੇ ਦੁਕਾਨਾਂ ਵਿੱਚ ਪਿਆ ਸਮਾਨ ਬਾਹਰ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਬਹੁਤ ਸਾਰਾ ਮਾਲ ਲੁੱਟ ਕੇ ਲੈ ਗਏ।

ਪੁਲਿਸ ਉੱਥੇ ਮੌਜੂਦ ਸੀ ਪਰ ਇੰਨੀ ਭੀੜ ਨੂੰ ਕਾਬੂ ਨਹੀਂ ਕਰ ਸਕੀ। ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਹਾਲਾਂਕਿ, ਕੁਰਬਾਨੀ ਦੀ ਘਟਨਾ - ਜਿਸ ਦੀ ਤਸਵੀਰ ਅਪਲੋਡ ਕੀਤੀ ਗਈ ਸੀ, ਉਹ ਨਾਹਨ ਵਿੱਚ ਨਹੀਂ ਬਲਕਿ ਸ਼ਾਮਲੀ ਵਿੱਚ ਵਾਪਰੀ ਸੀ, ਇਹ ਤੱਥ ਬੁੱਧਵਾਰ ਨੂੰ ਹੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ॥

ਪਰ ਉਦੋਂ ਤੱਕ ਨਾਹਨ ਵਿੱਚ ਇੱਕ ਅਫਵਾਹ ਫੈਲ ਗਈ ਸੀ ਕਿ ਗਊ ਹੱਤਿਆ ਹੋਈ ਹੈ ਅਤੇ ਉਸ ਅਫਵਾਹ ਦਾ ਅਸਰ ਇਹ ਹੋਇਆ ਕਿ ਗੁੱਸੇ ਵਿੱਚ ਆਈ ਭੀੜ ਨੇ ਚੋਣਵੀਆਂ ਦੁਕਾਨਾਂ ਉੱਤੇ ਹਮਲਾ ਕਰ ਦਿੱਤਾ।

ਇੱਕ ਅਫਵਾਹ ਨੇ ਅਸ਼ਾਂਤੀ ਪੈਦਾ ਕਰ ਦਿੱਤੀ

ਹਿਮਾਚਲ ਪ੍ਰਦੇਸ਼, ਮੁਸਲਮਾਨ

ਤਸਵੀਰ ਸਰੋਤ, SAURABH CHAUHAN

ਤਸਵੀਰ ਕੈਪਸ਼ਨ, ਪ੍ਰੋਫੈਸਰ ਅਮਰ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਅਫਵਾਹ ਕਾਰਨ ਹੀ ਇੰਨਾ ਕੁਝ ਵਾਪਰਿਆ ਹੈ

ਬੁੱਧਵਾਰ ਸ਼ਾਮ ਤੱਕ ਹਿੰਦੂ ਸੰਗਠਨਾਂ ਦਾ ਵਿਰੋਧ ਸ਼ਾਂਤ ਹੋ ਗਿਆ ਪਰ ਡਰ ਦੇ ਨਾਲ-ਨਾਲ ਮੁਸਲਿਮ ਭਾਈਚਾਰੇ ਦੇ ਲੋਕਾਂ 'ਚ ਗੁੱਸਾ ਵੀ ਸੀ ਕਿ ਮੁਜ਼ਾਹਰਾਕਾਰੀਆਂ ਨੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ?

ਨਾਹਨ ਦੇ ਜਾਣੇ-ਪਛਾਣੇ ਸਿੱਖਿਆ ਮਾਹਰ ਪ੍ਰੋਫੈਸਰ ਅਮਰ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਅਫ਼ਵਾਹ ਕਾਰਨ ਹੀ ਇੰਨਾ ਕੁਝ ਵਾਪਰਿਆ ਹੈ, ਇਸ ਤੋਂ ਵੀ ਗੰਭੀਰ ਘਟਨਾ ਵਾਪਰ ਸਕਦੀ ਸੀ।

ਉਹ ਕਹਿੰਦੇ, “ਅਜਿਹੀ ਅਸਹਿਣਸ਼ੀਲਤਾ ਸਮਾਜ ਲਈ ਚੰਗੀ ਨਹੀਂ ਹੈ। ਸੱਭਿਅਕ ਸਮਾਜ ਵਿੱਚ ਸੰਜਮ ਦਾ ਹੋਣਾ ਜ਼ਰੂਰੀ ਹੈ। ਹੁਣ ਤੁਸੀਂ ਦੇਖੋ, ਧਰਨੇ ਦਾ ਮਕਸਦ ਪੁਲਿਸ 'ਤੇ ਕਾਨੂੰਨੀ ਕਾਰਵਾਈ ਲਈ ਦਬਾਅ ਬਣਾਉਣਾ ਸੀ, ਧਰਨੇ 'ਚ ਸ਼ਾਮਲ ਲੋਕਾਂ ਨੇ ਕਾਨੂੰਨ ਤੋੜਿਆ। ਅਜਿਹੀ ਭੀੜ ਪ੍ਰਣਾਲੀ ਦਾ ਕਿਸੇ ਨੂੰ ਵੀ ਫਾਇਦਾ ਨਹੀਂ ਹੁੰਦਾ। ਹਰ ਕਿਸੇ ਨੂੰ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਨੂੰ ਸੱਭਿਅਤਾ ਦਿਖਾਉਣੀ ਚਾਹੀਦੀ ਹੈ।"

ਅਮਰ ਸਿੰਘ ਚੌਹਾਨ ਨੂੰ ਇਸ ਗੱਲ ਦਾ ਵੀ ਅਫ਼ਸੋਸ ਹੈ ਕਿ ਇਸ ਘਟਨਾ ਨੇ ਨਾ ਸਿਰਫ਼ ਨਾਹਨ ਵਿੱਚ ਸਦਭਾਵਨਾ ਨੂੰ ਵਿਗਾੜਿਆ ਹੈ ਸਗੋਂ ਦੇਵਭੂਮੀ ਦਾ ਨਾਂ ਵੀ ਬਦਨਾਮ ਕੀਤਾ ਹੈ। ਉਹ ਇਹ ਵੀ ਸਵਾਲ ਪੁੱਛਦੇ ਹਨ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਅਤੇ ਨੌਕਰੀ ਛੱਡਣੀ ਪਈ, ਉਨ੍ਹਾਂ ਦੀ ਭਰਪਾਈ ਕੌਣ ਕਰੇਗਾ?

ਅੰਜੁਮਨ ਇਸਲਾਮੀਆ ਸੰਗਠਨ ਦੇ ਪ੍ਰਧਾਨ ਬੌਬੀ ਅਹਿਮਦ ਦਾ ਕਹਿਣਾ ਹੈ ਕਿ ਹੁਣ ਪੁਲਿਸ ਨੇ ਖੁਦ ਕਿਹਾ ਹੈ ਕਿ ਗਊ ਹੱਤਿਆ ਵਰਗੀ ਕੋਈ ਘਟਨਾ ਨਹੀਂ ਵਾਪਰੀ। ਹਾਲਾਂਕਿ, ਉਸਦਾ ਮੰਨਣਾ ਹੈ ਕਿ ਲੋਕਾਂ ਨੂੰ ਆਰਥਿਕ ਅਤੇ ਮਾਨਸਿਕ ਤੌਰ 'ਤੇ ਬਹੁਤ ਨੁਕਸਾਨ ਹੋਇਆ ਹੈ।

ਉਨ੍ਹਾਂ ਦੱਸਿਆ, “ਜਦੋਂ ਤੋਂ ਨਾਹਨ ਵਿੱਚ ਹੰਗਾਮਾ ਹੋਇਆ ਹੈ, ਮੁਸਲਮਾਨ ਭਾਈਚਾਰੇ ਦੇ ਘੱਟੋ ਘੱਟ 16 ਲੋਕ ਸ਼ਹਿਰ ਛੱਡ ਚੁੱਕੇ ਹਨ। ਕੁਝ ਨੇ ਡਰ ਕਾਰਨ ਅਤੇ ਕੁਝ ਦੁਕਾਨਦਾਰਾਂ ਨੇ ਉਨ੍ਹਾਂ ਨੂੰ ਜਗ੍ਹਾ ਖਾਲੀ ਕਰਨ ਲਈ ਕਿਹਾ ਹੈ। ਸਾਰੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਅਤੇ ਸਹਾਰਨਪੁਰ ਦੇ ਰਹਿਣ ਵਾਲੇ ਹਨ।"

ਨੁਕਸਾਨ ਲਈ ਮੁਆਵਜ਼ੇ ਦਾ ਸਵਾਲ

ਹਿਮਾਚਲ ਪ੍ਰਦੇਸ਼, ਮੁਸਲਮਾਨ

ਤਸਵੀਰ ਸਰੋਤ, SHAMLI POLICE

ਤਸਵੀਰ ਕੈਪਸ਼ਨ, ਪ੍ਰੋਫੈਸਰ ਸੁਰੇਸ਼ ਕੁਮਾਰ ਜੋਸ਼ੀ

ਇਨ੍ਹਾਂ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਕੋਣ ਦੇਵੇਗਾ, ਇਸ ਦਾ ਜਵਾਬ ਅਜੇ ਤੱਕ ਕਿਸੇ ਕੋਲ ਨਹੀਂ ਹੈ।

ਹਿਮਾਚਲ ਪ੍ਰਦੇਸ਼ ਸਰਕਾਰ ਦੇ ਇੱਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਕਿਹਾ, "ਦੋਵੇਂ ਪਾਸਿਓਂ ਗਲਤੀਆਂ ਹੋਈਆਂ ਸਨ, ਅਜਿਹੀ ਪਰੇਸ਼ਾਨ ਕਰਨ ਵਾਲੀ ਤਸਵੀਰ ਨੂੰ ਜਨਤਕ ਕਰਨਾ ਸਹੀ ਨਹੀਂ ਸੀ। ਬਹੁਗਿਣਤੀ ਭਾਈਚਾਰੇ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਸੀ। ਭਾਵੇਂ ਗਊ ਹੱਤਿਆ ਨਹੀਂ ਹੋਈ ਸੀ। ਪਰ ਜੇਕਰ ਅਜਿਹਾ ਹੁੰਦਾ ਤਾਂ ਜਾਵੇਦ ਅਤੇ ਪ੍ਰਦਰਸ਼ਨਕਾਰੀਆਂ ਵਿੱਚ ਕੀ ਫਰਕ ਹੁੰਦਾ, ਹੁਣ ਜਦੋਂ ਮੁਆਵਜ਼ੇ ਦੀ ਗੱਲ ਆਉਂਦੀ ਹੈ, ਤਾਂ ਦੋ ਸਵਾਲ ਹਨ: ਪਹਿਲਾ, ਜਾਇਦਾਦ ਦੇ ਨੁਕਸਾਨ ਦੀ ਭਰਪਾਈ ਕੌਣ ਕਰੇਗਾ ਅਤੇ ਦੂਜਾ, ਸਮਾਜਿਕ ਤਾਣੇ-ਬਾਣੇ ਦੀ ਭਰਪਾਈ ਕਿਵੇਂ ਹੋਵੇਗੀ?

ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਾਹਨ 'ਚ ਰਹਿਣ ਵਾਲੇ 83 ਸਾਲਾ ਪ੍ਰੋਫੈਸਰ ਸੁਰੇਸ਼ ਕੁਮਾਰ ਜੋਸ਼ੀ ਕਹਿੰਦੇ ਹਨ, "ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਦੁਖਦਾਈ ਹੁੰਦੀਆਂ ਹਨ। ਦੇਵਭੂਮੀ 'ਚ ਅਜਿਹੀਆਂ ਘਟਨਾਵਾਂ ਲਈ ਕੋਈ ਥਾਂ ਨਹੀਂ ਹੈ। ਤੁਸੀਂ ਦੇਖੋ ਕਿ ਅਫ਼ਵਾਹ ਨਾਲ ਕਿੰਨਾ ਨੁਕਸਾਨ ਹੋਇਆ ਹੈ। ਸਮਾਜ ਵਿੱਚ ਕੁਝ ਸਾਲਾਂ ਤੋਂ ਅਜਿਹਾ ਮਾਹੌਲ ਪੈਦਾ ਹੋ ਗਿਆ ਹੈ ਜਿੱਥੇ ਲੋਕ ਛੋਟੀਆਂ-ਛੋਟੀਆਂ ਗੱਲਾਂ ਲਈ ਪਾਗਲ ਹੋ ਜਾਂਦੇ ਹਨ, ਅਜਿਹੇ ਵਿੱਚ ਸਾਨੂੰ ਸੰਜਮ ਵਰਤਣ ਦੀ ਲੋੜ ਹੈ।

"ਮੈਂ ਤਾਂ ਇਹੀ ਕਹਾਂਗਾ ਕਿ ਪ੍ਰਮਾਤਮਾ ਸਭ ਦਾ ਭਲਾ ਕਰੇ। ਹੁਣ ਜ਼ਿੰਮੇਵਾਰੀ ਸਰਕਾਰ ਦੀ ਹੈ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਭਾਵੇਂ ਕੋਈ ਵੀ ਕਸੂਰ ਕਿਉਂ ਨਾ ਹੋਵੇ। ਜੋ ਵੀ ਨੁਕਸਾਨ ਹੋਇਆ ਹੈ, ਉਸ ਦਾ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ ਅਤੇ ਜਿਸ ਨੇ ਨੁਕਸਾਨ ਕੀਤਾ ਹੈ, ਉਸ ਨੂੰ ਪੂਰਾ ਕਰਨਾ ਚਾਹੀਦਾ ਹੈ। ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।''

ਇਹ ਵੀ ਪੜ੍ਹੋ-

ਸਿਰਮੌਰ ਪੁਲਿਸ ਨੇ ਪੂਰੇ ਮਾਮਲੇ 'ਤੇ ਕੀ ਕਿਹਾ?

ਹਿਮਾਚਲ ਪ੍ਰਦੇਸ਼

ਤਸਵੀਰ ਸਰੋਤ, SAURABH CHAUHAN

ਤਸਵੀਰ ਕੈਪਸ਼ਨ, ਸਿਰਮੌਰ ਪੁਲਿਸ ਨੇ ਜਾਵੇਦ ਦੇ ਖ਼ਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕੀਤਾ ਹੈ

ਸਿਰਮੌਰ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਰਮਨ ਕੁਮਾਰ ਮੀਨਾ ਦਾ ਕਹਿਣਾ ਹੈ, "ਜਾਵੇਦ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਭੀੜ ਖਿਲਾਫ਼ ਦੰਗੇ ਕਰਨ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਜਲਦ ਹੀ ਦੋਸ਼ੀਆਂ ਦੀ ਪਛਾਣ ਕਰ ਲਈ ਜਾਵੇਗੀ।"

ਉਨ੍ਹਾਂ ਇਹ ਵੀ ਕਿਹਾ, "ਉੱਤਰ ਪ੍ਰਦੇਸ਼ ਪੁਲਿਸ ਦਾ ਬਿਆਨ ਦੇਖਿਆ ਹੈ, ਅਧਿਕਾਰਤ ਜਵਾਬ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਇਸ ਘਟਨਾ ਨੂੰ ਹਿੰਸਕ ਹੋਣ ਤੋਂ ਰੋਕਿਆ।"

ਕੀ ਪੁਲਿਸ ਦੀ ਮੌਜੂਦਗੀ 'ਚ ਮੁਲਜ਼ਮ ਦੀ ਦੁਕਾਨ 'ਤੇ ਭੰਨਤੋੜ ਕੀਤੀ ਗਈ ਸੀ? ਇਸ ਸਵਾਲ ਦੇ ਜਵਾਬ ਵਿੱਚ ਪੁਲਿਸ ਸੁਪਰਡੈਂਟ ਰਮਨ ਕੁਮਾਰ ਮੀਨਾ ਨੇ ਕਿਹਾ, "ਇਹ ਸਭ ਕੁਝ ਅਚਾਨਕ ਵਾਪਰਿਆ। ਫਿਰ ਵੀ ਪੁਲਿਸ ਨੇ ਘਟਨਾ ਨੂੰ ਕਾਬੂ ਵਿੱਚ ਲਿਆਂਦਾ। ਸੋਸ਼ਲ ਮੀਡੀਆ 'ਤੇ ਇੱਕ ਛੋਟੀ ਜਿਹੀ ਕਲਿੱਪ ਵਾਇਰਲ ਹੋਈ ਸੀ। ਪੁਲਿਸ ਨੇ ਬੜੀ ਸਮਝਦਾਰੀ ਨਾਲ ਕਾਰਵਾਈ ਕੀਤੀ ਹੈ।"

ਫਿਰ ਵੀ ਜੇਕਰ ਕਿਸੇ ਕਿਸਮ ਦੀ ਅਣਗਹਿਲੀ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਵੇਗੀ।

ਇਸ ਸਵਾਲ ਦੇ ਜਵਾਬ ਵਿੱਚ ਕਿ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਦਾ ਮੁਆਵਜ਼ਾ ਕੌਣ ਦੇਵੇਗਾ, ਮੀਨਾ ਦਾ ਕਹਿਣਾ ਹੈ, "ਪੁਲਿਸ ਕਾਨੂੰਨ ਦੇ ਮੁਤਾਬਕ ਕੰਮ ਕਰੇਗੀ। ਮੁਜ਼ਾਹਰਾਕਾਰੀਆਂ ਦੇ ਖਿਲਾਫ਼ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਨੇ ਦੁਕਾਨ ਵਿੱਚ ਭੰਨਤੋੜ ਕੀਤੀ ਅਤੇ ਸਾਮਾਨ ਲੈ ਗਏ।ਉਹ ਲੋਕ ਕੌਣ ਸਨ?"

ਯੂਪੀ ਪੁਲਿਸ ਨੇ ਗਊ ਹੱਤਿਆ ਤੋਂ ਇਨਕਾਰ ਕੀਤਾ ਹੈ

ਸ਼ਾਮਲੀ ਪੁਲਸ

ਤਸਵੀਰ ਸਰੋਤ, SHAMLI POLICE

ਤਸਵੀਰ ਕੈਪਸ਼ਨ, ਸ਼ਾਮਲੀ ਪੁਲਸ ਜਾਵੇਦ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਸੀ।

ਸ਼ਾਮਲੀ ਦੇ ਪੁਲਿਸ ਸੁਪਰਡੈਂਟ ਅਭਿਸ਼ੇਕ ਨੇ ਕਿਹਾ, "ਜਾਂਚ ਵਿੱਚ ਪਾਇਆ ਗਿਆ ਹੈ ਕਿ ਕਿਸੇ ਵੀ ਪਾਬੰਦੀਸ਼ੁਦਾ ਪਸ਼ੂ ਦਾ ਕਤਲ ਨਹੀਂ ਕੀਤਾ ਗਿਆ ਹੈ। ਪਰ ਜਿਸ ਤਰ੍ਹਾਂ ਦੀ ਭਿਆਨਕ ਤਸਵੀਰ ਨੂੰ ਅਪਲੋਡ ਕੀਤਾ ਗਿਆ ਹੈ, ਉਸ ਨੂੰ ਦੇਖਦੇ ਹੋਏ ਦੋਸ਼ੀ ਦੇ ਖਿਲਾਫ ਉਚਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਗਏ ਹਨ।"

ਸ਼ਾਮਲੀ ਪੁਲਿਸ ਨੇ ਸ਼ਨੀਵਾਰ ਨੂੰ ਜਾਵੇਦ ਨੂੰ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮ 'ਚ ਗ੍ਰਿਫਤਾਰ ਕੀਤਾ ਸੀ।

ਉਂਝ, ਨਾਹਨ ਦੇ ਬਾਡਾ ਚੌਕ ਵਿੱਚ ਜਗਨਨਾਥ ਮੰਦਿਰ ਦੇ ਕੋਲ ਇੱਕ ਛੋਟੀ ਜਿਹੀ ਦੁਕਾਨ ਚਲਾ ਰਹੇ ਇੱਕ ਬਜ਼ੁਰਗ ਹਿੰਦੂ ਨੇ ਨਾਮ ਨਾ ਛਾਪਣ ਦੀ ਸ਼ਰਤ ’ਤੇ ਕਿਹਾ, ‘‘ਉਸ ਦਿਨ ਜੋ ਵੀ ਹੋਇਆ, ਉਹ ਚੰਗਾ ਨਹੀਂ ਸੀ। ਮੈਂ ਜਾਵੇਦ ਨੂੰ ਜਾਣਦਾ ਹਾਂ, ਪਰ ਜਦੋਂ ਸੁਣਿਆ ਕਿ ਉਸ ਨੇ ਕੁਝ ਕੀਤਾ। ਇਸ ਤਰ੍ਹਾਂ ਹੁਣ ਲੋਕ ਕਹਿ ਰਹੇ ਹਨ ਕਿ ਇਹ ਗਾਂ ਨਹੀਂ ਸੀ, ਕੁਝ ਹੋਰ ਸੀ ਪਰ ਸਾਡੇ ਲੋਕਾਂ ਦਾ ਵਿਹਾਰ ਵੀ ਘੱਟ ਨਹੀਂ ਸੀ।''

ਉਨ੍ਹਾਂ ਨੇ ਇਹ ਵੀ ਕਿਹਾ, "ਕਿਸੇ ਨੂੰ ਪਤਾ ਨਹੀਂ ਸੀ ਕਿ ਜਾਵੇਦ ਨੇ ਇਹ ਹਰਕਤ ਕਿੱਥੇ ਕੀਤੀ ਹੈ? ਨਾ ਹੀ ਕਿਸੇ ਨੂੰ ਪਤਾ ਸੀ ਕਿ ਕਿਹੜਾ ਜਾਨਵਰ ਵੱਢ ਰਿਹਾ ਹੈ? ਇਕ ਗੱਲ ਤਾਂ ਪਤਾ ਲੱਗੀ ਕਿ ਗਾਂ ਵੱਢੀ ਗਈ ਸੀ ਤੇ ਸਾਰਿਆਂ ਨੇ ਰੌਲਾ ਪਾਇਆ ਸੀ।"

ਇਹ ਗੱਲ ਸਾਂਝੀ ਕਰਦੇ ਹੋਏ ਇਸ ਬਜ਼ੁਰਗ ਨੇ ਕਿਹਾ, 'ਮੇਰੀ ਪਛਾਣ ਗੁਪਤ ਰੱਖਣਾ, ਮੈਂ ਬੁੱਢਾ ਹਾਂ, ਇਸ ਉਮਰ 'ਚ ਕਿਸ ਨਾਲ ਲੜਾਂਗਾ।'

ਘਟਨਾ ਤੋਂ ਅਗਲੇ ਦਿਨ ਨਾਹਨ ਸ਼ਹਿਰ ਸ਼ਾਂਤ ਰਿਹਾ ਪਰ ਮੁਸਲਿਮ ਭਾਈਚਾਰੇ ਦੇ ਲੋਕਾਂ ਵਿੱਚ ਅਜੀਬ ਤਰ੍ਹਾਂ ਦਾ ਡਰ ਦੇਖਣ ਨੂੰ ਮਿਲਿਆ। ਇਨ੍ਹਾਂ 'ਚੋਂ ਕੁਝ ਲੋਕ ਜਾਵੇਦ ਤੋਂ ਨਾਖੁਸ਼ ਵੀ ਸਨ ਪਰ 'ਮੌਬ ਜਸਟਿਸ' ਦਾ ਡਰ ਸਾਫ਼ ਦੇਖਿਆ ਜਾ ਸਕਦਾ ਸੀ। ਘਟਨਾ ਤੋਂ ਬਾਅਦ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ।

ਮੁਸਲਮਾਨਾਂ ਵਿੱਚ ਡਰ

ਮੁਸਲਮਾਨ ਵਪਾਰੀ

ਤਸਵੀਰ ਸਰੋਤ, SAURABH CHAUHAN

ਤਸਵੀਰ ਕੈਪਸ਼ਨ, ਮੁਸਲਮਾਨ ਕਾਰੋਬਾਰੀਆਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ

ਇਸ ਸਾਰੀ ਘਟਨਾ ਬਾਰੇ ਜਾਵੇਦ ਦੇ ਚਚੇਰੇ ਭਰਾ ਸਾਬਿਜ਼ ਨਾਲ ਫ਼ੋਨ 'ਤੇ ਗੱਲਬਾਤ ਕੀਤੀ ਗਈ।

ਉਹ ਕਹਿੰਦੇ ਹਨ, "ਇਹ ਪੂਰੀ ਘਟਨਾ ਇੱਕ ਅਫਵਾਹ ਕਾਰਨ ਵਾਪਰੀ ਹੈ। ਹਰ ਕੋਈ ਕਹਿ ਰਿਹਾ ਹੈ ਕਿ ਗਊ ਹੱਤਿਆ ਹੋਈ ਸੀ ਪਰ ਇਹ ਸਾਹਮਣੇ ਕਿਵੇਂ ਆਇਆ? ਹੁਣ ਤਾਂ ਪੁਲਿਸ ਨੇ ਵੀ ਕਿਹਾ ਹੈ ਕਿ ਅਜਿਹਾ ਕੁਝ ਨਹੀਂ ਸੀ। ਇੱਕ ਫੋਟੋ ਦੇਖੀ ਅਤੇ ਆਰਐੱਸਐੱਸ ਨਾਲ ਜੁੜੇ ਲੋਕਾਂ ਨੇੇ ਇਸ ਨੂੰ ਗਊ ਹੱਤਿਆ ਕਿਹਾ, ਇਨ੍ਹਾਂ ਲੋਕਾਂ ਦਾ ਕੀ ਕਸੂਰ ਸੀ, ਮੈਂ ਆਪਣੇ ਪਰਿਵਾਰ ਸਮੇਤ ਨਾਹਨ ਤੋਂ ਬਚਿਆ ਹਾਂ।''

ਇਹ ਪੁੱਛੇ ਜਾਣ 'ਤੇ ਕਿ ਕੀ ਉਹ ਹੁਣ ਸ਼ਾਮਲੀ ਤੋਂ ਵਾਪਸ ਆਉਣਗੇ? ਸਾਬਿਜ਼ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ, "ਇਸ ਘਟਨਾ ਤੋਂ ਬਾਅਦ ਮਕਾਨ ਮਾਲਕ ਨੇ ਸਾਨੂੰ ਦੁਕਾਨ ਖਾਲੀ ਕਰਨ ਲਈ ਕਿਹਾ ਹੈ। ਕੁਝ ਲੋਕ ਸਾਨੂੰ ਹੁਣ ਉੱਥੇ (ਨਾਹਨ) ਵਿੱਚ ਰਹਿਣ ਨਹੀਂ ਦੇਣਾ ਚਾਹੁੰਦੇ। ਉਨ੍ਹਾਂ ਹੀ ਲੋਕਾਂ ਨੇ ਮਕਾਨ ਮਾਲਕ 'ਤੇ ਦਬਾਅ ਪਾਇਆ ਕਿ ਉਹ ਸਾਨੂੰ ਦੁਕਾਨ ਖਾਲੀ ਕਰਨ ਦੇਣ। ਇਸ ਨੂੰ ਨਾ ਹੋਣ ਦਿਓ ਸਾਡਾ ਮਾਲਕ ਇੱਕ ਚੰਗਾ ਆਦਮੀ ਹੈ ਪਰ ਉਹ ਜਨਤਾ ਦੇ ਦਬਾਅ ਕਾਰਨ ਬੇਵੱਸ ਹੈ।”

ਸਾਬਿਜ਼ ਅਤੇ ਕੁਝ ਹੋਰਾਂ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਗਊ ਹੱਤਿਆ ਨਹੀਂ ਹੋਈ ਸੀ। ਉੱਤਰ ਪ੍ਰਦੇਸ਼ ਪੁਲਿਸ ਦੀ ਰਿਪੋਰਟ ਆਉਣ ਤੋਂ ਬਾਅਦ ਸਿਰਮੌਰ ਪੁਲਿਸ ਦਾ ਇੰਤਜ਼ਾਰ ਵੀ ਖਤਮ ਹੋ ਗਿਆ ਕਿ ਕੀ ਸੀ ਪੂਰਾ ਮਾਮਲਾ।

ਹਾਲਾਂਕਿ ਵੀਰਵਾਰ ਨੂੰ ਕੋਈ ਹੋਰ ਵਿਰੋਧ ਪ੍ਰਦਰਸ਼ਨ ਹੋਣ ਦੇ ਡਰੋਂ ਕੁਝ ਮੁਸਲਿਮ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਜਾਵੇਦ ਦੀ ਦੁਕਾਨ ਨੇੜੇ ਕੱਪੜੇ ਦੀ ਦੁਕਾਨ ਕਰਨ ਵਾਲੇ ਇਮਰਾਨ ਨੇ ਉਸ ਦਿਨ ਤੋਂ ਆਪਣੀ ਦੁਕਾਨ ਬੰਦ ਕਰ ਦਿੱਤੀ ਸੀ।

ਉਸ ਨੇ ਸ਼ੁੱਕਰਵਾਰ (21 ਜੂਨ) ਨੂੰ ਦੁਕਾਨ ਲਗਾਈ। ਕੱਪੜਿਆਂ ਦਾ ਬੰਡਲ ਖੋਲ੍ਹਦੇ ਹੋਏ ਇਮਰਾਨ ਦੱਸਦੇ ਹਨ, "ਉਸ ਦਿਨ ਬਾਜ਼ਾਰ ਬੰਦ ਸੀ, ਨਹੀਂ ਤਾਂ ਭੀੜ ਦੇ ਗੁੱਸੇ ਨੂੰ ਦੇਖਦੇ ਹੋਏ, ਹੋਰ ਵੀ ਨੁਕਸਾਨ ਹੋ ਸਕਦਾ ਸੀ।"

ਜਿੱਥੇ ਇਹ ਹੰਗਾਮਾ ਹੋਇਆ ਉਸ ਦੇ ਨਾਲ ਲੱਗਦੀ ਗਾਰਗੀ ਗਲੀ ਦਾ ਰਹਿਣ ਵਾਲਾ ਪਲੰਬਰ ਇਰਫਾਨ ਅਹਿਮਦ ਕਿਸੇ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਹੁਣ ਸਥਿਤੀ ਆਮ ਵਾਂਗ ਹੈ।

ਇਰਫਾਨ ਦਾ ਕਹਿਣਾ ਹੈ, "ਮੈਂ ਦੋ ਦਿਨਾਂ ਤੋਂ ਕੰਮ 'ਤੇ ਨਹੀਂ ਗਿਆ। ਸਾਡੇ ਹੋਰ ਲੋਕ ਵੀ ਆਪਣੇ ਘਰਾਂ 'ਚ ਹੀ ਰਹੇ। ਬੁੱਧਵਾਰ ਨੂੰ ਪਤਾ ਲੱਗਾ ਕਿ ਜਾਵੇਦ, ਉਸ ਦੇ ਚਚੇਰੇ ਭਰਾ ਸਾਬਿਜ਼ ਅਤੇ ਦੋ ਹੋਰਾਂ ਦੀਆਂ ਦੁਕਾਨਾਂ ਦੀ ਭੰਨ-ਤੋੜ ਕੀਤੀ ਗਈ ਹੈ। ਅਸੀਂ ਇੱਥੇ ਆਏ ਹਾਂ।" ਜਦੋਂ ਤੋਂ ਮੇਰੇ ਦਾਦਾ ਜੀ ਇੱਥੇ ਰਹਿ ਰਹੇ ਹਨ, ਅਜਿਹਾ ਕਦੇ ਨਹੀਂ ਹੋਇਆ।"

ਵੀਰਵਾਰ ਦੇਰ ਸ਼ਾਮ ਸ਼ਹਿਰ ਦੇ ਵਿਚਕਾਰ ਸਥਿਤ ਦਰਗਾਹ 'ਤੇ ਅੰਜੁਮਨ ਇਸਲਾਮੀਆ ਸੰਸਥਾ ਦੇ ਬੌਬੀ ਅਹਿਮਦ ਆਪਣੇ ਸਾਥੀਆਂ ਨਾਲ ਦਿਨ ਵੇਲੇ ਹੋਈ ਸ਼ਾਂਤੀ ਕਮੇਟੀ ਦੀ ਮੀਟਿੰਗ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ।

ਬੌਬੀ

ਤਸਵੀਰ ਸਰੋਤ, SAURABH CHAUHAN

ਤਸਵੀਰ ਕੈਪਸ਼ਨ, ਕੁਝ ਲੋਕ ਸਾਂਤੀ ਕਮੇਟੀ ਨਾਲ ਵਿਚਾਰ ਵਟਾਂਦਰਾ ਵੀ ਕਰ ਰਹੇ ਸਨ

ਬੌਬੀ ਦਾ ਕਹਿਣਾ ਹੈ, "ਇਸ ਪੂਰੀ ਘਟਨਾ ਤੋਂ ਕਿਸੇ ਨੂੰ ਵੀ ਕੁਝ ਨਹੀਂ ਮਿਲਿਆ, ਸਿਰਫ ਗਰੀਬ ਲੋਕਾਂ ਦਾ ਹੀ ਨੁਕਸਾਨ ਹੋਇਆ ਹੈ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ। ਜੇਕਰ ਬਾਜ਼ਾਰ ਬੰਦ ਰਹੇ ਤਾਂ ਸਭ ਦਾ ਨੁਕਸਾਨ ਹੋਇਆ। ਜਿਸ ਤਰ੍ਹਾਂ ਦੀ ਭੰਨਤੋੜ ਹੋਈ ਅਤੇ ਜੋ ਕੁਝ ਹੋਇਆ। "ਸਮਾਜਿਕ ਤਾਣੇ-ਬਾਣੇ ਨੂੰ ਜੋ ਨੁਕਸਾਨ ਹੋਇਆ ਹੈ, ਉਸ ਦੀ ਭਰਪਾਈ ਕਰਨੀ ਬਹੁਤ ਮੁਸ਼ਕਲ ਹੈ।"

ਉਹ ਇਹ ਵੀ ਕਹਿੰਦੇ ਹਨ, "ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਉਸ ਨੂੰ ਇਸਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਜੇਕਰ ਗਊ ਹੱਤਿਆ ਹੋਈ ਹੈ ਤਾਂ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਸਜ਼ਾ ਦਾ ਫੈਸਲਾ ਕੌਣ ਕਰੇਗਾ? ਸਜ਼ਾ ਦੇਣ ਦਾ ਅਧਿਕਾਰ ਨਾ ਤਾਂ ਤੁਹਾਨੂੰ ਹੈ ਅਤੇ ਨਾ ਹੀ ਮੈਨੂੰ। ਇਸ ਤਰ੍ਹਾਂ ਇਹ ਇੱਕ ਗਲਤ ਅਭਿਆਸ ਸ਼ੁਰੂ ਕਰ ਦੇਵੇਗਾ ਜੋ ਕਿ ਬਹੁਤ ਗੰਭੀਰ ਹੈ, ਜੇਕਰ ਤੁਸੀਂ ਕੱਲ੍ਹ ਨੂੰ ਮੇਰੇ ਨਾਲ ਕੁਝ ਗਲਤ ਕਰਦੇ ਹੋ, ਤਾਂ ਕੀ ਮੈਂ ਤੁਹਾਡੇ ਘਰ ਆ ਕੇ ਭੰਨਤੋੜ ਕਰਾਂਗਾ?"

ਹਿਮਾਚਲ ਵਿੱਚ ਮੁਸਲਮਾਨ ਆਬਾਦੀ

2011 ਦੀ ਮਰਦਮਸ਼ੁਮਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਕੁੱਲ ਮੁਸਲਿਮ ਆਬਾਦੀ 1.50 ਲੱਖ ਹੈ, ਜੋ ਕਿ ਇੱਥੋਂ ਦੀ ਕੁੱਲ ਆਬਾਦੀ ਦਾ 2.18 ਪ੍ਰਤੀਸ਼ਤ ਹੈ। ਸਿਰਮੌਰ ਜ਼ਿਲ੍ਹੇ ਵਿੱਚ ਲਗਭਗ 30,000 ਮੁਸਲਮਾਨ ਰਹਿੰਦੇ ਹਨ।

ਨਾਹਨ ਦੇ ਵਸਨੀਕ ਰਫੀਕ ਦਾ ਕਹਿਣਾ ਹੈ, "ਵਾਅਦੇ ਕੀਤੇ ਜਾਂਦੇ ਹਨ ਕਿ ਕਾਰਵਾਈ ਕੀਤੀ ਜਾਵੇਗੀ, ਮੁਆਵਜ਼ਾ ਦਿੱਤਾ ਜਾਵੇਗਾ ਪਰ ਕਦੇ ਕੋਈ ਕਾਰਵਾਈ ਨਹੀਂ ਹੋਈ। ਇਸ ਮਾਮਲੇ ਵਿੱਚ ਵੀ ਕੀ ਕਾਰਵਾਈ ਹੋਵੇਗੀ? ਸਾਡਾ ਦੋ-ਤਿੰਨ ਦਿਨ ਦਾ ਰੁਜ਼ਗਾਰ ਖੁੱਸ ਗਿਆ। ਸਾਡੇ ਭਾਈਚਾਰੇ ਦੇ ਖਿਲਾਫ ਪੈਦਾ ਹੋਏ ਮਾਹੌਲ ਦਾ ਨੁਕਸਾਨ ਹੈ।'' ਸਾਡੇ ਵਰਗੇ ਗਰੀਬਾਂ ਨੂੰ ਵੀ ਇਸ ਦਾ ਬੋਝ ਝੱਲਣਾ ਪਵੇਗਾ। ਹੁਣ ਤੁਸੀਂ ਦੱਸੋ ਇਸ ਦੀ ਭਰਪਾਈ ਕੌਣ ਕਰੇਗਾ?

ਸ਼ੁੱਕਰਵਾਰ ਸਵੇਰੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਯੋਗ ਦਿਵਸ ਮਨਾਇਆ ਗਿਆ। ਲੋਕ ਆਪਣੇ ਨਿੱਤਨੇਮ ਵਿਚ ਇਸ ਤਰ੍ਹਾਂ ਰੁੱਝੇ ਹੋਏ ਸਨ, ਜਿਵੇਂ ਪਿਛਲੇ ਕੁਝ ਦਿਨਾਂ ਤੋਂ ਕੁਝ ਹੋਇਆ ਹੀ ਨਾ ਹੋਵੇ।

ਨਾਹਨ ਦੇ ਗੁੰਨੂ ਘਾਟ ਇਲਾਕੇ ਦੇ ਰਹਿਣ ਵਾਲੇ ਅਸ਼ਫਾਕ ਖਾਨ ਇਸ ਸਭ ਦੇ ਪਿੱਛੇ ਕੁਝ ਹੋਰ ਕਾਰਨਾਂ ਵੱਲ ਇਸ਼ਾਰਾ ਕਰਦੇ ਹਨ।

ਉਸ ਦਾ ਕਹਿਣਾ ਹੈ, ''ਜੇਕਰ ਕੋਈ ਅਜਿਹਾ ਕੁਝ ਦੇਖਦਾ ਹੈ ਤਾਂ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਜ਼ਰੂਰ ਪਹੁੰਚ ਸਕਦੀ ਹੈ, ਪਰ ਪੂਰੀ ਜਾਣਕਾਰੀ ਨਾ ਮਿਲਣ 'ਤੇ ਕਾਨੂੰਨ ਨੂੰ ਹੱਥ 'ਚ ਲੈਣ ਪਿੱਛੇ ਹੋਰ ਵੀ ਕਾਰਨ ਹਨ। ਜੋ ਲੋਕ ਇੱਥੇ ਸ਼ਾਮਲੀ, ਸਹਾਰਨਪੁਰ, ਮੁਰਾਦਾਬਾਦ ਅਤੇ ਉੱਤਰ ਦੇ ਹੋਰ ਜ਼ਿਲਿਆਂ 'ਚ ਹਨ। ਪ੍ਰਦੇਸ਼ ਪਿਛਲੇ ਕੁਝ ਸਾਲਾਂ ਤੋਂ ਕੰਮ ਕਰਨ ਲਈ ਆਏ ਸਥਾਨਕ ਕਾਰੋਬਾਰੀ ਉਨ੍ਹਾਂ ਤੋਂ ਖੁਸ਼ ਨਹੀਂ ਹਨ, ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਉਹ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਨ।

ਵੀਰਵਾਰ ਨੂੰ ਸਿਰਮੌਰ ਦੇ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨੇ "ਸ਼ਾਂਤੀ ਕਮੇਟੀ" ਦੀ ਮੀਟਿੰਗ ਬੁਲਾਈ ਸੀ, ਜਿਸ ਵਿੱਚ ਸਾਰਿਆਂ ਦੇ ਵਿਚਾਰ ਸੁਣੇ ਗਏ ਸਨ।

ਇੱਕ ਅਧਿਕਾਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਕੁਝ ਲੋਕਾਂ ਨੇ ਸਹਾਰਨਪੁਰ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਇੱਥੋਂ ਕੱਢਣ ਦੀ ਗੱਲ ਵੀ ਕੀਤੀ। ਜਿਸ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਹ ਕਾਨੂੰਨੀ ਨਹੀਂ ਹੈ ਅਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਜਾਂ ਸ਼ੱਕ ਹੈ ਤਾਂ ਉਸ ਵਿਅਕਤੀ ਨੂੰ ਕਿਰਾਏ 'ਤੇ ਮਕਾਨ ਨਾ ਦਿੱਤਾ ਜਾਵੇ।

'ਬਾਹਰਲੇ ਵਪਾਰੀ ਮੁਕਾਬਲਾ ਦੇ ਰਹੇ ਹਨ'

ਸਿਰਮੌਰ ਦੇ ਜ਼ਿਲ੍ਹਾ ਮੈਜਿਸਟਰੇਟ ਸੁਮਿਤ ਖਿਮਟਾ

ਤਸਵੀਰ ਸਰੋਤ, SAURABH CHAUHAN

ਤਸਵੀਰ ਕੈਪਸ਼ਨ, ਸਿਰਮੌਰ ਦੇ ਜ਼ਿਲ੍ਹਾ ਮੈਜਿਸਟਰੇਟ ਸੁਮਿਤ ਖਿਮਟਾ ਕਹਿੰਦੇ ਹਨ ਕਿ ਹੁਣ ਮਾਮਲਾ ਸ਼ਾਂਤ ਹੈ।

ਦੁਪਹਿਰ ਸਮੇਂ ਗੰਨੂ ਘਾਟ ਤੋਂ ਲੈ ਕੇ ਵੱਡਾ ਚੌਕ ਵੱਲ ਲੋਕ ਇਸ ਸਬੰਧੀ ਚਰਚਾ ਕਰ ਰਹੇ ਸਨ।

ਟੇਲਰ ਦਾ ਕੰਮ ਕਰਨ ਵਾਲੇ ਮੁਹੰਮਦ ਉਸਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਚੰਗਾ ਅਤੇ ਸਸਤਾ ਹੈ, ਜਿਸ ਕਾਰਨ ਕੁਝ ਸਥਾਨਕ ਲੋਕ ਨਾਖੁਸ਼ ਹਨ ਪਰ ਗਾਹਕ ਖੁਸ਼ ਹਨ। ਹੁਣ ਅਚਾਨਕ ਕੁਝ ਅਜਿਹਾ ਹੋ ਰਿਹਾ ਹੈ ਜੋ ਸਹੀ ਨਹੀਂ ਹੈ।

ਉਹ ਕਹਿੰਦੇ ਹਨ, "ਕਾਰੋਬਾਰ ਵਿੱਚ ਮੁਕਾਬਲਾ ਹੁੰਦਾ ਹੈ ਪਰ ਇਸ ਨੂੰ ਇਸ ਤਰ੍ਹਾਂ ਖਤਰਨਾਕ ਬਣਾਉਣਾ ਬਿਲਕੁੱਲ ਗਲਤ ਹੈ। ਤੁਸੀਂ ਹੀ ਦੱਸੋ, ਸਾਡੇ ਬੱਚਿਆਂ 'ਤੇ ਇਸ ਸਭ ਦਾ ਕੀ ਅਸਰ ਹੋਵੇਗਾ?"

ਗੁੰਨੂ ਘਾਟ ਇਲਾਕੇ ਦੀ ਰਹਿਣ ਵਾਲੀ ਅਮੀਨਾ ਕਹਿੰਦੀ ਹੈ, "ਜਿਸ ਦਿਨ ਤੋਂ ਇਹ ਹੰਗਾਮਾ ਹੋਇਆ ਹੈ, ਅਸੀਂ ਆਪਣੇ ਬੱਚਿਆਂ ਨੂੰ ਬਾਹਰ ਨਹੀਂ ਭੇਜਿਆ ਹੈ। ਕੋਈ ਕਿਸੇ ਵੀ ਧਰਮ ਦਾ ਹੋਵੇ, ਹਰ ਕੋਈ ਆਪਣੇ ਬੱਚਿਆਂ ਲਈ ਬਿਹਤਰ ਜ਼ਿੰਦਗੀ ਚਾਹੁੰਦਾ ਹੈ। ਇਹ ਦੋਵੇਂ ਘਟਨਾਵਾਂ ਸਹੀ ਨਹੀਂ ਹਨ।

"ਇਹਨਾਂ ਘਟਨਾਵਾਂ ਨੇ ਸਾਡੇ ਬੱਚਿਆਂ ਨੂੰ ਪ੍ਰਭਾਵਤ ਕੀਤਾ ਹੈ।"

ਅਜਿਹਾ ਨਹੀਂ ਹੈ ਕਿ ਬਹੁਗਿਣਤੀ ਸਮਾਜ ਦੇ ਸਾਰੇ ਲੋਕ ਹਿੰਸਕ ਪ੍ਰਦਰਸ਼ਨਕਾਰੀਆਂ ਨੂੰ ਸਹੀ ਸਮਝ ਰਹੇ ਹਨ।

ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਦੀਪਕ ਗੁਪਤਾ ਦਾ ਕਹਿਣਾ ਹੈ, "ਦੋਵੇਂ ਪਾਸਿਓਂ ਗਲਤੀਆਂ ਹੋਈਆਂ ਹਨ। ਜਾਵੇਦ ਨੂੰ ਅਜਿਹਾ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਇਸ ਨਾਲ ਕੀ ਨੁਕਸਾਨ ਹੋਵੇਗਾ। ਇਹ ਗਾਂ ਸੀ ਜਾਂ ਨਹੀਂ, ਪਰ ਤਸਵੀਰ ਪ੍ਰੇਸ਼ਾਨ ਕਰਨ ਵਾਲੀ ਸੀ। ਸਾਡਾ ਕਸੂਰ।” ਇਹ ਵੀ ਸਮਾਜ ਦੀ ਜਿੰਮੇਵਾਰੀ ਹੈ ਕਿ ਬਿਨਾਂ ਪੜਤਾਲ ਕੀਤੇ ਇਸ ਨੂੰ ਫਿਰਕੂ ਰੰਗਤ ਦੇ ਦਿੱਤੀ ਹੈ।ਇਸ ਨਾਲ ਹਿੰਦੂ-ਮੁਸਲਿਮ ਸਮਾਜ ਵਿੱਚ ਪਾੜਾ ਹੋਰ ਵਧ ਗਿਆ ਹੈ।

ਸਿਰਮੌਰ ਦੇ ਜ਼ਿਲ੍ਹਾ ਮੈਜਿਸਟਰੇਟ ਸੁਮਿਤ ਖਿਮਟਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "ਹੁਣ ਮਾਮਲਾ ਸ਼ਾਂਤ ਹੈ। ਵੀਰਵਾਰ ਨੂੰ ਨਾਹਨ ਵਿੱਚ ਸਾਰੇ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਸ਼ਾਂਤੀ

ਦੀ ਅਪੀਲ ਕੀਤੀ ਗਈ ਸੀ। ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਸਥਾਨਕ ਲੋਕ ਕਾਰਵਾਈ ਤੋਂ ਸੰਤੁਸ਼ਟ ਹਨ। "

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)