ਪਟਾਕਿਆਂ ਦਾ ਇਤਿਹਾਸ ਕੀ ਹੈ, ਸਭ ਤੋਂ ਪਹਿਲਾਂ ਕਿੱਥੇ ਪਟਾਕੇ ਚਲਾਏ ਗਏ ਤੇ ਇਹ ਭਾਰਤ ਤੱਕ ਕਿਵੇਂ ਪਹੁੰਚੇ

ਫੁੱਲਝੜੀ ਚਲਾ ਰਹੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਸਣੇ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਪਟਾਕਿਆਂ ਨਾਲ ਜਸ਼ਨ ਮਨਾਇਆ ਜਾਂਦਾ ਹੈ।

ਕਈ ਖਾਸ ਮੌਕਿਆਂ 'ਤੇ ਆਤਿਸ਼ਬਾਜ਼ੀ (ਪਟਾਕਿਆਂ) ਦੀ ਵਰਤੋਂ ਖੁਸ਼ੀ ਅਤੇ ਜਸ਼ਨ ਮਨਾਉਣ ਲਈ ਕੀਤੀ ਜਾਂਦੀ ਹੈ। ਭਾਰਤ ਵਿੱਚ ਦੀਵਾਲੀ ਦੇ ਮੌਕੇ 'ਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਰਾਤ ਨੂੰ ਅਸਮਾਨ ਪਟਾਕਿਆਂ ਦੀ ਰੋਸ਼ਨੀ ਨਾਲ ਜਗਮਗਾ ਉੱਠਦਾ ਹੈ।

ਪਰ ਆਤਿਸ਼ਬਾਜ਼ੀ ਦੀ ਇਹ ਰਵਾਇਤ ਸਿਰਫ਼ ਭਾਰਤ ਤੱਕ ਹੀ ਸੀਮਤ ਨਹੀਂ ਹੈ, ਬਲਕਿ ਦੁਨੀਆਂ ਭਰ ਦੇ ਕਈ ਅਜਿਹੇ ਦੇਸ਼ ਹਨ ਜਿੱਥੇ ਲੋਕ ਪਟਾਕੇ ਚਲਾ ਕੇ ਜਸ਼ਨ ਮਨਾਉਂਦੇ ਹਨ।

ਅਮਰੀਕਾ ਵਿੱਚ 4 ਜੁਲਾਈ ਨੂੰ ਆਜ਼ਾਦੀ ਦਿਵਸ ਮੌਕੇ ਦੇਸ਼ ਭਰ ਵਿੱਚ ਆਤਿਸ਼ਬਾਜ਼ੀ ਹੁੰਦੀ ਹੈ। ਕੈਨੇਡਾ ਵਿੱਚ 1 ਜੁਲਾਈ ਨੂੰ 'ਕੈਨੇਡਾ ਡੇਅ' ਮੌਕੇ ਆਤਿਸ਼ਬਾਜ਼ੀ ਹੁੰਦੀ ਹੈ, ਉੱਥੇ ਫਰਾਂਸ ਵਿੱਚ 14 ਜੁਲਾਈ ਨੂੰ 'ਬੈਸਟੀਲ ਡੇਅ' ਤੇ ਪਰੇਡ ਤੋਂ ਬਾਅਦ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ।

ਚੀਨ ਅਤੇ ਕਈ ਏਸ਼ੀਆਈ ਦੇਸ਼ਾਂ ਵਿੱਚ ਲੂਨਰ ਨਿਊ ਈਅਰ ਦੌਰਾਨ ਵਿਸ਼ੇਸ਼ ਸਮਾਗਮ ਕੀਤੇ ਜਾਂਦੇ ਹਨ ਅਤੇ ਲੱਖਾਂ ਪਟਾਕੇ ਚਲਾਏ ਜਾਂਦੇ ਹਨ। ਉੱਥੇ ਹੀ ਮੇਕਸਿਕੋ ਵਿੱਚ ਕ੍ਰਿਸਮਸ ਵੀ ਪਟਾਕਿਆਂ ਦੇ ਨਾਲ ਮਨਾਈ ਜਾਂਦੀ ਹੈ।

ਪਰ ਇਨ੍ਹਾਂ ਰੰਗੀਨ ਪਟਾਕਿਆਂ ਦੀ ਕਹਾਣੀ ਇੱਥੋਂ ਸ਼ੁਰੂ ਨਹੀਂ ਹੁੰਦੀ। ਇਨ੍ਹਾਂ ਦੀਆਂ ਜੜ੍ਹਾਂ ਚੀਨ ਵਿੱਚ ਹਨ, ਜਿੱਥੇ ਬਾਰੂਦ (ਗਨਪਾਊਡਰ) ਦੀ ਖੋਜ ਦੇ ਨਾਲ ਹੀ ਆਤਿਸ਼ਬਾਜ਼ੀ ਦਾ ਜਨਮ ਹੋਇਆ ਸੀ।

ਇਤਿਹਾਸ ਦੇ ਜਾਣਕਾਰ ਡਾਕਟਰ ਟੋਨੀਓ ਐਂਡਰਾਡੇ ਆਪਣੀ ਕਿਤਾਬ 'ਦਿ ਗਨਪਾਊਡਰ ਏਜ' ਵਿੱਚ ਲਿਖਦੇ ਹਨ, ਗਨਪਾਊਡਰ ਦੀ ਖੋਜ ਚੀਨ ਵਿੱਚ ਹੋਈ ਸੀ ਅਤੇ ਉਨ੍ਹਾਂ ਨੇ ਜਲਦ ਹੀ ਇਸ ਨੂੰ ਫੌਜ ਲਈ ਇੱਕ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ।

ਬਾਅਦ ਵਿੱਚ ਯਾਤਰਾ ਅਤੇ ਵਪਾਰ ਦੇ ਰਸਤੇ ਗਨਪਾਊਡਰ ਭਾਰਤ, ਯੂਰਪ ਅਤੇ ਦੁਨੀਆ ਦੇ ਹੋਰ ਦੇਸ਼ਾਂ ਤੱਕ ਪਹੁੰਚਿਆ ਅਤੇ ਇਸ ਦੀ ਵਰਤੋਂ ਖਾਸ ਮੌਕਿਆਂ ਅਤੇ ਤਿਉਹਾਰਾਂ 'ਤੇ ਹੋਣ ਲੱਗੀ।

ਜਾਣਦੇ ਹਾਂ ਪਟਾਕੇ ਅਤੇ ਆਤਿਸ਼ਬਾਜ਼ੀ ਦੇ ਇਤਿਹਾਸ ਅਤੇ ਵਰਤਮਾਨ ਨਾਲ ਜੁੜੀਆਂ ਪੰਜ ਵੱਡੀਆਂ ਗੱਲਾਂ।

ਪਟਾਕਿਆਂ ਦੀ ਸ਼ੁਰੂਆਤ ਕਿੱਥੋਂ ਹੋਈ?

ਫੁੱਲਝੜੀ ਚਲਾ ਰਹੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸ਼ਨ ਜਾਂ ਦੀਵਾਲੀ ਮੌਕੇ ਭਾਰਤ ਵਿੱਚ ਪਟਾਕੇ ਚਲਾਏ ਜਾਂਦੇ ਹਨ

ਮੰਨਿਆ ਜਾਂਦਾ ਹੈ ਕਿ ਦੂਜੀ ਸਦੀ ਈਸਾ ਪੂਰਵ ਵਿੱਚ ਚੀਨ ਵਿੱਚ ਲੋਕ ਬਾਂਸ ਦੇ ਟੁਕੜਿਆਂ ਨੂੰ ਅੱਗ ਵਿੱਚ ਸੁੱਟ ਦਿੰਦੇ ਸਨ। ਜਦੋਂ ਬਾਂਸ ਦੇ ਅੰਦਰ ਦੀ ਹਵਾ ਗਰਮ ਹੋ ਕੇ ਫੈਲਦੀ ਸੀ ਤਾਂ ਉਹ ਤੇਜ਼ ਆਵਾਜ਼ ਦੇ ਨਾਲ ਫਟ ਜਾਂਦਾ ਸੀ। ਲੋਕ ਮੰਨਦੇ ਸੀ ਕਿ ਇਸ ਤੇਜ਼ ਆਵਾਜ਼ ਨਾਲ ਬੁਰੀਆਂ ਆਤਮਾਵਾਂ ਭੱਜ ਜਾਂਦੀਆਂ ਹਨ।

ਇਸ ਦੇ ਕਈ 100 ਸਾਲ ਬਾਅਦ ਚੀਨ ਦੇ ਰਸਾਇਣ ਵਿਗਿਆਨੀਆਂ ਨੇ ਗਲਤੀ ਨਾਲ ਨਾਲ ਬਾਰੂਦ (ਗਨਪਾਊਡਰ) ਦੀ ਖੋਜ ਕੀਤੀ। ਜਦੋਂ ਇਸ ਬਾਰੂਦ ਨੂੰ ਬਾਂਸ ਜਾਂ ਕਾਗਜ਼ ਦੀਆਂ ਨਲੀਆਂ ਵਿੱਚ ਭਰਿਆ ਗਿਆ, ਤਾਂ ਪਹਿਲੀ ਵਾਰ ਇਸ ਨਾਲ ਧਮਾਕੇ ਅਤੇ ਰੋਸ਼ਨੀ ਦਿਖਾਈ ਦਿੱਤੀ। ਇੱਥੋਂ ਹੀ ਦੁਨੀਆਂ ਵਿੱਚ ਆਤਿਸ਼ਬਾਜ਼ੀ ਦੀ ਸ਼ੁਰੂਆਤ ਹੋਈ।

ਹੌਲੀ-ਹੌਲੀ ਇਹ ਕਲਾ ਚੀਨ ਤੋਂ ਯੂਰਪ ਤੱਕ ਪਹੁੰਚੀ। ਸਮੇਂ ਦੇ ਨਾਲ ਇਸ ਵਿੱਚ ਕਈ ਤਕਨੀਕਾਂ ਜੁੜਦੀਆਂ ਗਈਆਂ ਅਤੇ ਪਟਾਕੇ ਹੋਰ ਵੀ ਜ਼ਿਆਦਾ ਰੰਗੀਨ, ਉਚਾਈ ਤੱਕ ਪਹੁੰਚ ਸਕਣ ਵਾਲੇ ਅਤੇ ਤੇਜ਼ ਆਵਾਜ਼ ਵਾਲੇ ਬਣਦੇ ਗਏ।

ਅੱਜ ਪਟਾਕੇ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਹਨ, ਬਲਕਿ ਤਿਓਹਾਰਾਂ, ਵਿਆਹਾਂ ਅਤੇ ਹੋਰ ਸਮਾਗਮਾਂ ਦਾ ਅਹਿਮ ਹਿੱਸਾ ਬਣ ਗਏ ਹਨ।

ਇਸ ਦੇ ਨਾਲ ਹੀ ਹੁਣ ਵਾਤਾਵਰਣ ਅਤੇ ਸਿਹਤ ਦੇ ਲਿਹਾਜ਼ ਨਾਲ ਸੁਰੱਖਿਅਤ ਅਤੇ ਗ੍ਰੀਨ ਪਟਾਕਿਆਂ ਦਾ ਵਿਕਾਸ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਮਨੋਰੰਜਨ ਦੇ ਨਾਲ-ਨਾਲ ਸੁਰੱਖਿਆ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ।

ਪਟਾਕਿਆਂ ਦੇ ਰੰਗ ਕਿਵੇਂ ਬਣਦੇ ਹਨ?

ਪਟਾਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਅਜਿਹੇ ਪਟਾਕੇ ਹੁੰਦੇ ਹਨ, ਜਿਨ੍ਹਾਂ ਨੂੰ ਚਲਾਉਣ 'ਤੇ ਵੱਖ-ਵੱਖ ਰੰਗ ਨਿਕਲਦੇ ਹਨ

ਜਦੋਂ ਅਸੀਂ ਪਟਾਕੇ ਚਲਾਉਂਦੇ ਹਾਂ ਤਾਂ ਅਸਮਾਨ ਵਿੱਚ ਕਈ ਰੰਗ ਦਿਖਦੇ ਹਨ ਅਤੇ ਨਜ਼ਾਰਾ ਖੂਬਸੂਰਤ ਲੱਗਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਇਹ ਰੰਗ ਬਣਦੇ ਕਿਵੇਂ ਹਨ?

ਪਟਾਕਿਆਂ ਦੇ ਅੰਦਰ ਕੁਝ ਖ਼ਾਸ ਰਸਾਇਣ ਹੁੰਦੇ ਹਨ। ਜਦੋਂ ਪਟਾਕਾ ਬਲਦਾ ਹੈ ਤਾਂ ਇਹ ਰਸਾਇਣ ਗਰਮ ਹੋ ਕੇ ਵੱਖ-ਵੱਖ ਰੰਗਾਂ ਦੀ ਰੋਸ਼ਨੀ ਛੱਡਦੇ ਹਨ।

ਸ਼ੁਰੂਆਤੀ ਸਮੇਂ ਵਿੱਚ ਪਟਾਕਿਆਂ ਵਿੱਚ ਕੋਈ ਰੰਗ ਨਹੀਂ ਹੁੰਦਾ ਸੀ। ਬਾਰੂਦ ਬਲਣ 'ਤੇ ਸਿਰਫ਼ ਨਾਰੰਗੀ ਰੋਸ਼ਨੀ ਨਿਕਲਦੀ ਸੀ ਜੋ ਹਨੇਰੇ ਨੂੰ ਚਮਕਾ ਦਿੰਦੀ ਸੀ।

19ਵੀਂ ਸਦੀ ਵਿੱਚ ਯੂਰਪ ਦੇ ਵਿਗਿਆਨਿਕਾਂ ਨੇ ਇਹ ਖੋਜਿਆ ਕਿ ਜੇਕਰ ਵੱਖ-ਵੱਖ ਮੈਟਲ-ਅਧਾਰਿਤ ਕੰਮਪਾਊਂਡ ਪਟਾਕਿਆਂ ਨਾਲ ਮਿਲਾਏ ਜਾਣ ਤਾਂ ਉਨ੍ਹਾਂ ਵਿੱਚੋਂ ਰੰਗੀਨ ਰੋਸ਼ਨੀ ਪੈਦਾ ਕੀਤੀ ਜਾ ਸਕਦੀ ਹੈ।

ਉਦਾਹਰਣ ਵਜੋਂ ਲਾਲ ਰੰਗ ਸਟ੍ਰੋਂਸ਼ੀਅਮ ਤੋਂ, ਹਰਾ ਰੰਗ ਬੇਰੀਅਮ ਤੋਂ ਅਤੇ ਸਫ਼ੇਦ ਰੋਸ਼ਨੀ ਟਾਈਟੇਨੀਅਮ, ਜ਼ੀਰਕੋਨੀਅਮ ਅਤੇ ਮੈਗਨੀਸ਼ੀਅਮ ਨੂੰ ਮਿਲਾ ਕੇ ਬਣਦੀ ਹੈ।

ਨੀਲਾ ਰੰਗ ਸਭ ਤੋਂ ਮੁਸ਼ਕਲ ਮੰਨਿਆ ਜਾਂਦਾ ਹੈ। ਨੀਲਾ ਰੰਗ ਤਾਂਬੇ ਤੋਂ ਬਣਿਆ ਹੁੰਦਾ ਹੈ, ਪਰ ਜੇ ਤਾਪਮਾਨ ਜ਼ਿਆਦਾ ਵੱਧ ਜਾਵੇ ਤਾਂ ਰੰਗ ਗਾਇਬ ਹੋ ਜਾਂਦਾ ਹੈ ਅਤੇ ਜੇ ਇਹ ਘੱਟ ਰਹਿੰਦਾ ਹੈ ਤਾਂ ਰੰਗ ਬਣਦਾ ਹੀ ਨਹੀਂ ਹੈ।

ਇਹੀ ਕਾਰਨ ਹੈ ਕਿ ਆਤਿਸ਼ਬਾਜ਼ੀ ਬਣਾਉਣ ਵਾਲੇ ਮਾਹਰਾਂ ਲਈ 'ਪਰਫੈਕਟ ਬਲੂ' ਅੱਜ ਵੀ ਇੱਕ ਚੁਣੌਤੀ ਮੰਨੀ ਜਾਂਦੀ ਹੈ।

ਸਭ ਤੋਂ ਪਟਾਕੇ ਕੌਣ ਖਰੀਦਦਾ ਹੈ?

ਪਟਾਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਟਾਕਿਆਂ ਦਾ ਸਭ ਤੋਂ ਵੱਡਾ ਖਰੀਦਦਾਰ ਵਾਲਟ ਡਿਜ਼ਨੀ ਕੰਪਨੀ ਨੂੰ ਮੰਨਿਆ ਜਾਂਦਾ ਹੈ

ਦੁਨੀਆਂ ਵਿੱਚ ਪਟਾਕਿਆਂ ਦਾ ਸਭ ਤੋਂ ਵੱਡਾ ਖਰੀਦਦਾਰ ਵਾਲਟ ਡਿਜ਼ਨੀ ਕੰਪਨੀ ਨੂੰ ਮੰਨਿਆ ਜਾਂਦਾ ਹੈ।

ਜਾਣਕਾਰੀ ਮੁਤਾਬਕ ਡਿਜ਼ਨੀ ਹਰ ਸਾਲ ਕਰੀਬ 5 ਕਰੋੜ ਡਾਲਰ ਖਰਚਾ ਪਟਾਕਿਆਂ 'ਤੇ ਕਰਦਾ ਹੈ, ਤਾਂ ਕਿ ਦੁਨੀਆਂ ਭਰ ਵਿੱਚ ਉਸ ਦੇ ਥੀਮ ਪਾਰਕਾਂ ਵਿੱਚ ਹਰ ਰਾਤ ਹੋਣ ਵਾਲੇ ਆਤਿਸ਼ਬਾਜ਼ੀ ਵਾਲੇ ਸ਼ੋਅ ਜਾਰੀ ਰੱਖੇ ਜਾ ਸਕਣ।

ਗਿਨੀਜ਼ ਵਰਲਡ ਰਿਕਾਰਡ ਦੇ ਮੁਤਾਬਕ ਹੁਣ ਤੱਕ ਸਭ ਤੋਂ ਵੱਡੇ ਆਤਿਸ਼ਬਾਜ਼ੀ ਪ੍ਰਦਰਸ਼ਨ 2016 ਵਿੱਚ ਦੇ ਨਵੇਂ ਸਾਲ ਦੇ ਸਵਾਗਤ ਦੌਰਾਨ ਫਿਲੀਪੀਨਜ਼ ਦੇ ਚਰਚ ਆਫ਼ ਕਰਾਈਸਟ ਵਿੱਚ ਹੋਇਆ ਸੀ।

ਇਸ ਸ਼ੋਅ ਵਿੱਚ 1 ਘੰਟੇ ਤੋਂ ਥੋੜਾ ਜ਼ਿਆਦਾ ਸਮੇਂ ਵਿੱਚ ਕੁੱਲ 8,10,904 ਪਟਾਕੇ ਚਲਾਏ ਗਏ ਸੀ।

ਦਿਲਚਸਪ ਗੱਲ ਇਹ ਹੈ ਕਿ ਪੂਰੇ ਪ੍ਰਦਰਸ਼ਨ ਦੌਰਾਨ ਲਗਾਤਾਰ ਮੀਂਹ ਪੈਂਦਾ ਰਿਹਾ, ਪਰ ਆਤਿਸ਼ਬਾਜ਼ੀ ਰੁਕਣ ਦੀ ਥਾਂ ਹੋਰ ਵੀ ਸ਼ਾਨਦਾਰ ਨਜ਼ਰ ਆਈ।

ਇਹ ਵੀ ਪੜ੍ਹੋ-

ਭਾਰਤ ਵਿੱਚ ਕਿਵੇਂ ਸ਼ੁਰੂ ਹੋਇਆ ਪਟਾਕਿਆਂ ਦਾ ਦੌਰ?

ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਪਟਾਕਿਆਂ ਦਾ ਚਲਣ ਗਨਪਾਊਡਰ ਆਉਣ ਦੇ ਨਾਲ ਸ਼ੁਰੂ ਹੋਇਆ।

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਮੱਧਕਾਲੀ ਭਾਰਤ ਦਾ ਇਤਿਹਾਸ ਪੜ੍ਹਾਉਣ ਵਾਲੇ ਪ੍ਰੋਫੈਸਰ ਸਈਅਦ ਅਲੀ ਨਦੀਮ ਰੇਜ਼ਵੀ ਨੇ ਬੀਬੀਸੀ ਹਿੰਦੀ ਦੇ ਪੱਤਰਕਾਰ ਇਫ਼ਤੇਖ਼ਾਰ ਅਲੀ ਨਾਲ ਗੱਲਬਾਤ ਵਿੱਚ ਕਿਹਾ ਕਿ ਇਹ ਪੂਰਾ ਸਿਲਸਿਲਾ ਲਗਭਗ 15ਵੀਂ ਸਦੀ ਤੋਂ ਸ਼ੁਰੂ ਹੋਈ।

ਇਹ ਉਹ ਦੌਰ ਸੀ ਜਦੋਂ ਪੁਰਤਗਾਲੀ ਭਾਰਤ ਆਏ ਸਨ। ਉਨ੍ਹਾਂ ਦੇ ਦੌਰ ਵਿੱਚ ਹਥਿਆਰਾਂ ਦੇ ਰੂਪ 'ਚ ਗਨਪਾਊਡਰ ਦੀ ਵਰਤੋਂ ਵਧੀ।

ਪ੍ਰੋਫੈਸਰ ਰੇਜ਼ਵੀ ਦੇ ਮੁਤਾਬਕ, "ਸ਼ੁਰੂਆਤ ਵਿੱਚ ਗਨਪਾਊਡਰ ਦੀ ਵਰਤੋਂ ਕੇਵਲ ਫੌਜ ਵਿੱਚ ਹੀ ਕੀਤੀ ਜਾਂਦੀ ਸੀ। ਹੌਲੀ-ਹੌਲੀ ਭਾਰਤ ਨੇ ਫੁੱਲਝੜੀ ਬਣਾਉਣ ਦੀ ਤਕਨੀਕ ਚੀਨ ਤੋਂ ਸਿੱਖੀ ਅਤੇ ਇਨ੍ਹਾਂ ਦੋਵਾਂ ਦੇ ਮਿਸ਼ਰਣ ਨਾਲ ਇੱਥੇ ਪਟਾਕਿਆਂ ਦੀ ਬੁਨਿਆਦ ਰੱਖੀ ਗਈ।"

ਪ੍ਰੋਫੈਸਰ ਸਈਅਦ ਅਲੀ ਨਦੀਮ ਰੇਜ਼ਵੀ ਦਾ ਕਹਿਣਾ ਹੈ ਕਿ ਮੁਗ਼ਲ ਸਾਮਰਾਜ ਦੇ ਸੰਸਥਾਪਕ ਜ਼ਹੀਰ-ਉਦ-ਦੀਨ ਮੁਹੰਮਦ ਬਾਬਰ ਵੀ ਮੱਧ ਏਸ਼ੀਆ ਤੋਂ ਇਹ ਤਕਨੀਕ ਸਿੱਖ ਕੇ ਆਏ ਸਨ।

ਫੁੱਲਝੜੀ ਚਲਾ ਰਹੀ ਔਰਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਪਟਾਕਿਆਂ ਦੀ ਵਰਤੋਂ ਆਮ ਹੈ

ਬਾਬਰ ਨੇ ਹਥਿਆਰਾਂ ਵਿੱਚ ਇਸ ਦਾ ਕਾਫ਼ੀ ਇਸਤੇਮਾਲ ਕੀਤਾ। ਨਾਲ ਹੀ ਉਨ੍ਹਾਂ ਨੇ ਭਾਰਤ ਵਿੱਚ ਪਟਾਕਿਆਂ ਦਾ ਚਲਣ ਫੈਲਾਇਆ। ਬਾਅਦ ਵਿੱਚ ਮੁਗ਼ਲਾਂ ਦੇ ਦੌਰ ਵਿੱਚ ਤਿਓਹਾਰਾਂ ਅਤੇ ਜਸ਼ਨਾਂ ਵਿੱਚ ਪਟਾਕਿਆਂ ਦੀ ਵਰਤੋਂ ਆਮ ਹੋ ਗਈ।

ਪ੍ਰੋਫੈਸਰ ਰੇਜ਼ਵੀ ਪਹਿਲਾਂ ਅਤੇ ਅੱਜ ਦੇ ਪਟਾਕਿਆਂ ਵਿੱਚ ਫ਼ਰਕ ਵੀ ਦੱਸਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਪਟਾਕਿਆਂ ਵਿੱਚ ਸਿਰਫ਼ ਆਰਗੈਨਿਕ ਸਮਗਰੀ ਦੀ ਵਰਤੋਂ ਹੁੰਦੀ ਸੀ। ਅੱਜ ਬਾਜ਼ਾਰਾਂ ਵਿੱਚ ਮਿਲਣ ਵਾਲੇ ਪਟਾਕਿਆਂ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਸ਼ਾਮਲ ਹੁੰਦੇ ਹਨ, ਜਿਸ ਨਾਲ ਨੁਕਸਾਨ ਹੁੰਦਾ ਹੈ।

ਉਹ ਕਹਿੰਦੇ ਹਨ ਕਿ ਪੁਰਾਣੇ ਜ਼ਮਾਨੇ ਵਿੱਚ ਬਣੇ ਪਟਾਕਿਆਂ ਨਾਲ ਉਸ ਤਰ੍ਹਾਂ ਦੇ ਹਾਦਸੇ ਨਹੀਂ ਹੁੰਦੇ ਸਨ, ਜਿਵੇਂ ਅੱਜ ਹੁੰਦੇ ਹਨ। ਹਾਲਾਂਕਿ ਉਸ ਸਮੇਂ ਵੀ ਇਹ ਚੀਜ਼ਾਂ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਸਨ, ਪਰ ਉਨ੍ਹਾਂ ਵਿੱਚ ਰਸਾਇਣਿਕ ਤੱਤਾਂ ਦੀ ਵਰਤੋਂ ਸੀਮਤ ਸੀ।

ਦੀਵਾਲੀ ਜਾਂ ਕਿਸੇ ਵੀ ਤਿਓਹਾਰ ਅਤੇ ਜਸ਼ਨ ਦੇ ਮੌਕੇ 'ਤੇ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸਲਾਹ ਵਾਤਾਵਰਣ ਅਤੇ ਸਾਡੀ ਸਿਹਤ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੀ ਜਾਂਦੀ ਹੈ।

ਗ੍ਰੀਨ ਪਟਾਕੇ

ਪਟਾਕੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰੀਨ ਪਟਾਕਿਆਂ ਦੀ ਖੋਜ ਦਾ ਮਕਸਦ ਇਨ੍ਹਾਂ ਹਾਨੀਕਾਰਕ ਤੱਤਾਂ ਦੀ ਮਾਤਰਾ ਨੂੰ ਘੱਟ ਕਰਨਾ ਸੀ।

ਗ੍ਰੀਨ ਪਟਾਕੇ ਦਿੱਖ, ਬਲਣ ਅਤੇ ਆਵਾਜ਼ ਵਿੱਚ ਆਮ ਪਟਾਕਿਆਂ ਵਰਗੇ ਹੀ ਹੁੰਦੇ ਹਨ, ਪਰ ਇਹ ਘੱਟ ਪ੍ਰਦੂਸ਼ਣ ਪੈਦਾ ਕਰਦੇ ਹਨ।

ਸਾਧਾਰਨ ਪਟਾਕਿਆਂ ਦੇ ਮੁਕਾਬਲੇ ਇਹ ਸਾੜਨ 'ਤੇ 40 ਤੋਂ 50 ਫੀਸਦੀ ਘੱਟ ਹਾਨੀਕਾਰਕ ਗੈਸਾਂ ਪੈਦਾ ਕਰਦੇ ਹਨ।

ਨੈਸ਼ਨਲ ਐਨਵਾਇਰਮੈਂਟਲ ਇੰਜਨੀਅਰਿੰਗ ਰਿਸਰਚ ਇੰਸਟੀਚਿਊਟ (ਨੀਰੀ) ਦੀ ਮੁੱਖ ਵਿਗਿਆਨੀ ਡਾਕਟਰ ਸਾਧਨਾ ਰਾਇਲੂ ਦੱਸਦੇ ਹਨ ਕਿ, "ਗ੍ਰੀਨ ਪਟਾਕੇ ਵੀ ਹਾਨੀਕਾਰਕ ਗੈਸਾਂ ਛੱਡਦੇ ਹਨ, ਪਰ ਇਨ੍ਹਾਂ ਤੋਂ ਪ੍ਰਦੂਸ਼ਣ ਦਾ ਪੱਧਰ ਰਵਾਇਤੀ ਪਟਾਕਿਆਂ ਮੁਕਾਬਲੇ ਬਹੁਤ ਘੱਟ ਹੁੰਦਾ ਹੈ।"

ਉਨ੍ਹਾਂ ਦੇ ਅਨੁਸਾਰ ਆਮ ਪਟਾਕਿਆਂ ਨੂੰ ਸਾੜਨ ਨਾਲ ਵੱਡੀ ਮਾਤਰਾ ਵਿੱਚ ਨਾਈਟ੍ਰੋਜਨ ਅਤੇ ਸਲਫ਼ਰ ਵਰਗੀਆਂ ਗੈਸਾਂ ਨਿਕਲਦੀਆਂ ਹਨ। ਗ੍ਰੀਨ ਪਟਾਕਿਆਂ ਦੀ ਖੋਜ ਦਾ ਮਕਸਦ ਇਨ੍ਹਾਂ ਹਾਨੀਕਾਰਕ ਤੱਤਾਂ ਦੀ ਮਾਤਰਾ ਨੂੰ ਘੱਟ ਕਰਨਾ ਸੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)