ਪੰਜਾਬ ਨਾਲ ਸੋਨ ਪਾਪੜੀ ਦਾ ਇਤਿਹਾਸ ਕਿਵੇਂ ਜੁੜਦਾ ਹੈ, ਇਸ ਮਠਿਆਈ ਬਾਰੇ ਦਿਲਚਸਪ ਗੱਲਾਂ ਜਾਣੋ

ਤਸਵੀਰ ਸਰੋਤ, Getty Images
- ਲੇਖਕ, ਸ਼ੁਭ ਰਾਣਾ
- ਰੋਲ, ਬੀਬੀਸੀ ਪੱਤਰਕਾਰ
ਦੀਵਾਲੀ ਆਉਂਦਿਆਂ ਹੀ, ਆਪਣੇ ਨਾਲ ਸੋਨ ਪਾਪੜੀ ਵੀ ਲੈ ਕੇ ਆਉਂਦੀ ਹੈ। ਇਹ ਲਾਈਨ ਅਕਸਰ ਸੋਸ਼ਲ ਮੀਡੀਆ 'ਤੇ ਜਾਂ ਗੱਲਬਾਤ ਵਿੱਚ ਵਿਅੰਗਮਈ ਢੰਗ ਨਾਲ ਵਰਤੀ ਜਾਂਦੀ ਹੈ।
ਥੋੜ੍ਹਾ ਹੋਰ ਅੱਗੇ ਜਾ ਕੇ, ਲੋਕ ਮਜ਼ਾਕ ਵਿੱਚ ਇਹ ਵੀ ਕਹਿੰਦੇ ਹਨ ਕਿ ਕਈ ਵਾਰ ਇੱਕੋ ਡੱਬਾ ਵੱਖ-ਵੱਖ ਘਰਾਂ ਵਿੱਚ ਘੁੰਮਦਾ ਰਹਿੰਦਾ ਹੈ।
ਇਸਦਾ ਮਤਲਬ ਹੈ ਕਿ ਲੋਕ ਤੋਹਫ਼ੇ ਵਜੋਂ ਮਿਲੇ ਸੋਨ ਪਾਪੜੀ ਦੇ ਪੈਕੇਟ ਨੂੰ ਆਪਣੇ ਨਜ਼ਦੀਕੀ ਦੋਸਤਾਂ, ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਖੋਲ੍ਹੇ ਬਿਨ੍ਹਾਂ ਹੀ ਅੱਗੇ ਦੇ ਦਿੰਦੇ ਹਨ।
ਸੋਨ ਪਾਪੜੀ ਦੇਖ ਕੇ ਕੁਝ ਲੋਕਾਂ ਦੇ ਮੂੰਹ ਵਿੱਚ ਪਾਣੀ ਆ ਜਾਂਦਾ ਹੈ, ਜਦੋਂ ਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੇ ਚਿਹਰੇ ਖੱਟੇ ਹੋ ਜਾਂਦੇ ਹਨ।
ਪਰ ਸੱਚ ਇਹ ਹੈ ਕਿ ਤੁਹਾਨੂੰ ਸੋਨ ਪਾਪੜੀ ਪਸੰਦ ਹੋਵੇ ਜਾਂ ਨਾ, ਤੁਸੀਂ ਦੀਵਾਲੀ ਦੇ ਆਲੇ-ਦੁਆਲੇ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਸੋਨ ਪਾਪੜੀ, ਜਿਸ ਨੂੰ ਸੋਹਨ ਪਾਪੜੀ, ਪਤੀਸਾ, ਸ਼ੋਨ ਪਾਪੜੀ ਜਾਂ ਸ਼ੋਂਪਾਪੜੀ ਵੀ ਕਿਹਾ ਜਾਂਦਾ ਹੈ, ਬੇਸਨ, ਘਿਓ ਅਤੇ ਖੰਡ ਤੋਂ ਬਣਾਇਆ ਜਾਂਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮੂੰਹ ਵਿੱਚ ਪਿਘਲਣ ਵਾਲੀ ਮਠਿਆਈ ਕਿੱਥੋਂ ਆਈ?
ਇਸ ਸਵਾਲ ਦੇ ਜਵਾਬ ਲੱਭਣ ਲਈ, ਬੀਬੀਸੀ ਨੇ ਭਾਰਤੀ ਪਕਵਾਨਾਂ ਦੇ ਮਾਹਰ ਪੁਸ਼ਪੇਸ਼ ਪੰਤ ਅਤੇ ਭੋਜਨ ਸੱਭਿਆਚਾਰ ਦੇ ਇਤਿਹਾਸ ਦੀ ਖੋਜ ਕਰਨ ਵਾਲੇ ਚਿਨਮੇਯ ਦਾਮਲੇ ਨਾਲ ਗੱਲ ਕੀਤੀ।
'ਇਹ ਸਿਰਫ਼ ਦੀਵਾਲੀ ਦੀ ਮਿਠਾਈ ਨਹੀਂ ਹੈ'

ਤਸਵੀਰ ਸਰੋਤ, Getty Images
ਕੀ ਤੁਹਾਨੂੰ ਲੱਗਦਾ ਹੈ ਕਿ ਸੋਨ ਪਾਪੜੀ ਸਿਰਫ਼ ਦੀਵਾਲੀ ਦੇ ਦਿਨਾਂ ਦੀ ਮਠਿਆਈ ਹੈ?
ਭਾਰਤੀ ਪਕਵਾਨਾਂ ਦੀ ਡੂੰਘੀ ਸਮਝ ਰੱਖਣ ਵਾਲੇ ਜੇਐੱਨਯੂ ਦੇ ਸਾਬਕਾ ਪ੍ਰੋਫੈਸਰ ਪੁਸ਼ਪੇਸ਼ ਪੰਤ ਕਹਿੰਦੇ ਹਨ, "ਇਹ ਇੱਕ ਵੱਡੀ ਗ਼ਲਤ ਧਾਰਨਾ ਹੈ ਕਿ ਸੋਨ ਪਾਪੜੀ ਸਿਰਫ਼ ਦੀਵਾਲੀ ਦੀ ਮਠਿਆਈ ਹੈ। ਇਹ ਮਿਠਾਈ ਸਾਲ ਭਰ ਹਰ ਥਾਂ ਉਪਲਬਧ ਹੁੰਦੀ ਹੈ। ਤੁਹਾਨੂੰ ਆਂਢ-ਗੁਆਂਢ ਦੀਆਂ ਦੁਕਾਨਾਂ ਤੋਂ ਲੈ ਕੇ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੱਕ ਸੋਨ ਪਾਪੜੀ ਦੇ ਪੈਕੇਟ ਸੌਖਿਆਂ ਹੀ ਮਿਲ ਜਾਣਗੇ।"
ਪ੍ਰੋਫੈਸਰ ਪੰਤ ਕਹਿੰਦੇ ਹਨ, "ਸੋਨ ਪਾਪੜੀ ਵਿੱਚ ਦੁੱਧ ਨਹੀਂ ਹੁੰਦਾ। ਇਹ ਬੇਸਨ ਅਤੇ ਖੰਡ ਤੋਂ ਬਣਨ ਵਾਲੀ ਮਠਿਆਈ ਹੈ, ਜੋ ਇਸ ਨੂੰ ਛੇ ਮਹੀਨਿਆਂ ਤੱਕ ਖ਼ਰਾਬ ਨਹੀਂ ਹੋਣ ਦਿੰਦੀ। ਇਹੀ ਕਾਰਨ ਹੈ ਕਿ ਬਹੁਤ ਸਾਰੇ ਵੱਡੇ ਬ੍ਰਾਂਡ ਇਸ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਵੱਡੀ ਮਾਤਰਾ ਵਿੱਚ ਬਰਾਮਦ ਕਰਦੇ ਹਨ। ਮੋਤੀਚੂਰ ਦੇ ਲੱਡੂ ਜਾਂ ਕਾਜੂ ਕਤਲੀ ਵਾਂਗ, ਇਹ ਹਰ ਮੌਕੇ ਦੀ ਮਠਿਆਈ ਹੈ।"
ਭੋਜਨ ਰਵਾਇਤਾਂ ਦੀ ਖੋਜ ਕਰਨ ਵਾਲੇ ਚਿਨਮੇਯ ਦਾਮਲੇ ਦਾ ਕਹਿਣਾ ਹੈ ਕਿ ਇਸਦੀ ਸਸਤੀ ਕੀਮਤ ਅਤੇ ਵੱਡੇ ਪੱਧਰ 'ਤੇ ਉਤਪਾਦਨ ਇਸ ਨੂੰ ਦੀਵਾਲੀ ਦੌਰਾਨ ਸਭ ਤੋਂ ਵੱਧ ਵੰਡੀ ਜਾਣ ਵਾਲੀ ਮਠਿਆਈ ਬਣਾਉਂਦਾ ਹੈ, ਇਸੇ ਕਰਕੇ ਲੋਕ ਇਸ ਨੂੰ 'ਹਰ ਘਰ ਦੀ ਮਿਠਾਈ' ਕਹਿ ਕੇ ਇਸਦਾ ਮਜ਼ਾਕ ਵੀ ਉਡਾਉਂਦੇ ਹਨ।

ਪੁਸ਼ਪੇਸ਼ ਪੰਤ ਕਹਿੰਦੇ ਹਨ ਕਿ ਇਸ ਮਠਿਆਈ ਦੀਆਂ ਜੜ੍ਹਾਂ ਪੰਜਾਬ ਵਿੱਚ ਹਨ ਅਤੇ ਉਹ ਇਸ ਨੂੰ ਪਤੀਸੇ ਨਾਲ ਜੋੜਦੇ ਹਨ।
ਪ੍ਰੋਫੈਸਰ ਪੰਤ ਕਹਿੰਦੇ ਹਨ, "ਪਤੀਸਾ ਬਣਾਉਣਾ ਕੋਈ ਸੌਖਾ ਕੰਮ ਨਹੀਂ ਸੀ। ਪੰਜਾਬ ਦੇ ਪੁਰਾਣੇ ਪਰਿਵਾਰਾਂ ਨੂੰ ਯਾਦ ਹੋਵੇਗਾ ਕਿ ਖੰਡ ਦੀ ਚਾਸ਼ਨੀ ਨੂੰ ਵਾਰ-ਵਾਰ ਕੁੱਟਿਆ ਅਤੇ ਖਿੱਚਿਆ ਜਾਂਦਾ ਸੀ ਤਾਂ ਜੋ ਬਾਰੀਕ ਰੇਸ਼ੇ ਬਣਾਏ ਜਾ ਸਕਣ। ਇਹ ਰੇਸ਼ੇਦਾਰ ਬਣਤਰ ਹੀ ਸੋਨ ਪਾਪੜੀ ਨੂੰ ਖਾਸ ਬਣਾਉਂਦੀ ਹੈ।"
"ਕੀ ਤੁਹਾਨੂੰ ਯਾਦ ਹੈ 'ਬੁੱਢੀ ਮਾਈ ਦੇ ਬਾਲ' ਜਾਂ ਗਜਕ ਜੋ ਤੁਸੀਂ ਬਚਪਨ ਵਿੱਚ ਖਾਂਦੇ ਸੀ? ਇਹ ਬਿਲਕੁਲ ਉਹੀ ਤਕਨੀਕ ਸੀ। ਪਹਿਲਾਂ, ਇਹ ਸਭ ਹੱਥ ਨਾਲ ਬਣਾਇਆ ਜਾਂਦਾ ਸੀ, ਪਰ ਹੁਣ ਮਸ਼ੀਨਾਂ ਨੇ ਕੰਮ ਨੂੰ ਥੋੜ੍ਹਾ ਸੌਖਾ ਬਣਾ ਦਿੱਤਾ ਹੈ।"
ਪੁਸ਼ਪੇਸ਼ ਪੰਤ ਕਹਿੰਦੇ ਹਨ, "ਪੰਜਾਬ ਵਿੱਚ, ਪਤੀਸਾ ਬੇਸਨ ਦੇ ਲੱਡੂ ਦੇ ਨਾਲ ਬਣਾਇਆ ਜਾਂਦਾ ਸੀ, ਜੋ ਹੌਲੀ-ਹੌਲੀ ਸੋਨ ਪਾਪੜੀ ਵਿੱਚ ਬਦਲ ਗਿਆ। ਦੋਵਾਂ ਵਿੱਚ ਇੱਕ ਚੀਜ਼ ਸਾਂਝੀ ਹੈ, ਰੇਸ਼ੇਦਾਰ ਬਣਤਰ ਅਤੇ ਖੰਡ ਦੀ ਮਿਠਾਸ।"
ਪ੍ਰੋਫੈਸਰ ਪੰਤ ਮੁਤਾਬਕ, "ਭਾਰਤ ਵਿੱਚ ਸਭ ਕੁਝ ਬਾਹਰੋਂ ਨਹੀਂ ਆਇਆ। ਅਣਵੰਡੇ ਭਾਰਤ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਹਿਲਾਂ ਹੀ ਮੌਜੂਦ ਸਨ।"
ਕੀ ਸੋਨ ਪਾਪੜੀ ਸਿਰਫ਼ ਭਾਰਤ ਨਾਲ ਸਬੰਧਤ ਹੈ?

ਤਸਵੀਰ ਸਰੋਤ, Getty Images
ਇਸ ਬਾਰੇ, ਚਿਨਮੇਯ ਦਾਮਲੇ ਕਹਿੰਦੇ ਹਨ, "ਸੋਨ ਪਾਪੜੀ ਦਾ ਮੂਲ ਫ਼ਾਰਸ ਦੀ ਪਸ਼ਮਕ ਮਠਿਆਈ ਨਾਲ ਜੁੜਿਆ ਹੋਇਆ ਹੈ। ਪਸ਼ਮਕ ਦਾ ਅਰਥ ਹੈ 'ਉੱਨ ਵਰਗਾ', ਜੋ ਇਸਦੀ ਰੇਸ਼ੇਦਾਰ ਬਣਤਰ ਨੂੰ ਦਰਸਾਉਂਦਾ ਹੈ।"
"19ਵੀਂ ਸਦੀ ਵਿੱਚ, ਫਾਰਸੀ ਵਪਾਰੀ ਮੁੰਬਈ ਦੀਆਂ ਗਲੀਆਂ ਵਿੱਚ ਪਸ਼ਮਕ ਵੇਚਦੇ ਸਨ। ਇਸਦਾ ਜ਼ਿਕਰ ਐੱਸਐੱਮ ਐਡਵਰਡਸ ਦੀ ਕਿਤਾਬ 'ਬਾਈ-ਵੇਜ਼ ਆਫ਼ ਬੰਬੇ' ਵਿੱਚ ਹੈ। ਪਸ਼ਮਕ ਵਿੱਚ ਖੰਡ, ਸੁੱਕੇ ਮੇਵੇ, ਪਿਸਤਾ ਅਤੇ ਇਲਾਇਚੀ ਦੀ ਖੁਸ਼ਬੂ ਹੁੰਦੀ ਸੀ।"
ਦਾਮਲੇ 'ਸੋਨ' ਸ਼ਬਦ ਨੂੰ ਸੰਸਕ੍ਰਿਤ ਸ਼ਬਦ 'ਸ਼ੋਭਨ' (ਸੁੰਦਰ) ਨਾਲ ਜੋੜਦੇ ਹਨ।
ਉਹ ਦੱਸਦੇ ਹਨ, "'ਸੋਹਨ' ਸ਼ਬਦ ਦਾ ਜ਼ਿਕਰ ਮਿਰਜ਼ਾ ਗਾਲਿਬ ਦੇ ਇੱਕ ਪੱਤਰ ਵਿੱਚ ਕੀਤਾ ਗਿਆ ਹੈ, ਜਿਸ ਵਿੱਚ ਉਹ ਬਾਜਰੇ ਦੇ ਹਲਵੇ ਬਾਰੇ ਗੱਲ ਕਰਦੇ ਹਨ।"
ਚਿਨਮੇਯ ਦਾਮਲੇ ਸੋਨ ਪਾਪੜੀ ਦਾ ਫ਼ਾਰਸੀ ਸੋਨ ਹਲਵੇ ਨਾਲ ਸੰਭਾਵਿਤ ਸਬੰਧ ਹੋਣ ਦੀ ਗੱਲ ਕਰਦੇ ਹਨ, ਜਿਸ ਬਾਰੇ ਉਹ ਦਾਅਵਾ ਕਰਦੇ ਹਨ ਕਿ ਇਹ ਫ਼ਾਰਸ ਅਤੇ ਤੁਰਕਿਸਤਾਨ ਰਾਹੀਂ ਭਾਰਤ ਆਇਆ ਸੀ।
ਸੋਹਨ ਹਲਵੇ ਅਤੇ ਸੋਨ ਪਾਪੜੀ ਵਿੱਚ ਕੀ ਫ਼ਰਕ ਹੈ?
ਦਾਮਲੇ ਦੱਸਦੇ ਹਨ,"ਸੋਹਨ ਹਲਵਾ ਕਣਕ ਤੋਂ ਬਣਿਆ ਹੁੰਦਾ ਹੈ ਅਤੇ ਮੋਟਾ ਹੁੰਦਾ ਹੈ, ਜਦਕਿ ਕਿ ਸੋਨ ਪਾਪੜੀ ਛੋਲਿਆਂ ਦੇ ਆਟੇ ਤੋਂ ਬਣੀ ਹੁੰਦੀ ਹੈ ਅਤੇ ਰੇਸ਼ੇਦਾਰ ਹੁੰਦੀ ਹੈ।"
"ਸੋਨ ਪਾਪੜੀ 18ਵੀਂ ਸਦੀ ਵਿੱਚ ਅਵਧ ਵਿੱਚ ਬਣਨੀ ਸ਼ੁਰੂ ਹੋਈ ਸੀ ਅਤੇ ਇਸ ਨੂੰ ਚਾਰ ਕਿਸਮਾਂ ਦੀਆਂ 'ਸੋਹਨ' ਮਿਠਾਈਆਂ ਵਿੱਚ ਗਿਣਿਆ ਜਾਂਦਾ ਸੀ। 20ਵੀਂ ਸਦੀ ਤੱਕ, ਇਸਦੀਆਂ ਦੁਕਾਨਾਂ ਬਿਹਾਰ ਅਤੇ ਬੰਗਾਲ ਵਿੱਚ ਮਸ਼ਹੂਰ ਸਨ, ਖ਼ਾਸ ਕਰਕੇ ਬਕਸਰ ਵਿੱਚ।"
ਦਾਮਲੇ ਇੱਕ ਹੋਰ ਮਠਿਆਈ ਦਾ ਜ਼ਿਕਰ ਕਰਦੇ ਹਨ, ਸੌਂਧ ਹਲਵਾ, ਜੋ 18ਵੀਂ ਸਦੀ ਵਿੱਚ ਨਾਈਜੀਰੀਆ ਤੋਂ ਰਾਮਪੁਰ ਆਇਆ ਸੀ, ਪਰ ਇਹ ਸੋਨ ਪਾਪੜੀ ਤੋਂ ਵੱਖਰਾ ਸੀ।
ਦੀਵਾਲੀ, ਸੋਣ ਪਾਪੜੀ ਅਤੇ ਮਜ਼ਾਕ

ਤਸਵੀਰ ਸਰੋਤ, Getty Images
ਦੀਵਾਲੀ ਦੇ ਮੌਕੇ 'ਤੇ, ਸੋਨ ਪਾਪੜੀ ਚੁਟਕਲੇ ਅਤੇ ਮੀਮ ਸੱਭਿਆਚਾਰ ਦਾ ਹਿੱਸਾ ਬਣ ਜਾਂਦੀ ਹੈ।
ਦਾਮਲੇ ਦੱਸਦੇ ਹਨ, "ਇਹ ਵੱਡੇ ਪੱਧਰ 'ਤੇ ਪੈਦਾ ਹੁੰਦਾ ਹੈ। ਇਹ ਸਸਤਾ ਹੈ ਅਤੇ ਕਿਉਂਕਿ ਇਹ ਦੁੱਧ ਤੋਂ ਬਿਨ੍ਹਾਂ ਬਣਾਇਆ ਜਾਂਦਾ ਹੈ, ਇਹ ਲੰਬੇ ਸਮੇਂ ਤੱਕ ਖ਼ਰਾਬ ਨਹੀਂ ਹੁੰਦਾ।"
"ਇਸੇ ਲਈ ਲੋਕ ਇਸਨੂੰ ਦੀਵਾਲੀ ਦੌਰਾਨ ਖੁੱਲ੍ਹੇ ਦਿਲ ਨਾਲ ਵੰਡਦੇ ਹਨ। ਸੋਨ ਪਾਪੜੀ ਦਾ ਇੱਕ ਡੱਬਾ ਹਰ ਘਰ ਵਿੱਚ ਪਹੁੰਚਦਾ ਹੈ ਅਤੇ ਲੋਕ ਇਸਨੂੰ 'ਫ਼ਿਕਸਡ ਦੀਵਾਲੀ ਗਿਫ਼ਟ' ਕਹਿ ਕੇ ਮਜ਼ਾਕ ਕਰਦੇ ਹਨ।"
ਸੋਨ ਪਾਪੜੀ ਦੀ ਕਹਾਣੀ ਇਸ ਨੂੰ ਦੁਨੀਆ ਦੇ ਦੋ ਹਿੱਸਿਆਂ ਨਾਲ ਜੋੜਦੀ ਹੈ।
ਪੁਸ਼ਪੇਸ਼ ਪੰਤ ਇਸ ਨੂੰ ਭਾਰਤ ਵਿੱਚ ਪੰਜਾਬ ਦੇ ਪਤੀਸੇ ਨਾਲ ਜੋੜਦਾ ਹੈ, ਜਦਕਿ ਚਿਨਮੇਯ ਦਾਮਲੇ ਇਸਦਾ ਸਬੰਧ ਫਾਰਸ ਦੀ ਪਸ਼ਮਕ ਮਿਠਾਈ ਨਾਲ ਜੋੜਦਾ ਹੈ।
ਪਰ ਦੋਵੇਂ ਇਸ ਗੱਲ ਨਾਲ ਸਹਿਮਤ ਹਨ ਕਿ ਇਸਦੇ ਬਾਰੀਕ ਰੇਸ਼ੇ ਅਤੇ ਮੂੰਹ ਵਿੱਚ ਪਿਘਲਣ ਵਾਲਾ ਸੁਆਦ ਇਸ ਨੂੰ ਵਿਲੱਖਣ ਬਣਾਉਂਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












