ਸਵਾਤੀ ਮਾਲੀਵਾਲ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਕੇਜਰੀਵਾਲ ਦੇ ਕਰੀਬੀ ਸਹਿਯੋਗੀ ਨੂੰ ਹਿਰਾਸਤ 'ਚ ਲਏ ਜਾਣ 'ਤੇ 'ਆਪ' ਨੇ ਕੀ ਕਿਹਾ

ਸਵਾਤੀ ਮਾਲੀਵਾਲ

ਤਸਵੀਰ ਸਰੋਤ, Getty Images

ਦਿੱਲੀ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰੀਬੀ ਸਹਿਯੋਗੀ ਬਿਭਵ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਬਿਭਵ ਕੁਮਾਰ ਉੱਤੇ ਇਹ ਇਲਜ਼ਾਮ ਹਨ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੇ ਨਾਲ ਕੁੱਟਮਾਰ ਕੀਤੀ ਸੀ।

ਮੀਡੀਆ ਰਿਪੋਰਟਾਂ ਦੇ ਮੁਤਾਬਕ, ਵਿਭਵ ਕੁਮਾਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਇਸ ਮਗਰੋਂ 'ਆਪ' ਦੇ ਲੀਗਲ ਸੈੱਲ ਦੇ ਮੁਖੀ ਸੰਜੀਵ ਨਾਸਿਅਰ ਨੇ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਏਐੱਨਆਈ ਖ਼ਬਰ ਏਜੰਸੀ ਨੂੰ ਕਿਹਾ, "ਬਿਭਵ ਕੁਮਾਰ ਨੂੰ ਪੁਲਿਸ ਲੈ ਕੇ ਗਈ ਹੈ। ਉਸ ਤੋਂ ਪਹਿਲਾਂ ਅਦਾਲਤ ਵਿੱਚ ਅਸੀਂ ਅਰਜ਼ੀ ਦਿੱਤੀ ਹੈ, ਜਿਹੜੀ ਐੱਫਆਈਆਰ ਪੂਰੇ ਦੇਸ਼ ਵਿੱਚ ਸਰਕੂਲੇਟ ਹੋ ਰਹੀ ਹੈ, ਹਾਲੇ ਤੱਕ ਬਿਭਵ ਕੁਮਾਰ ਅਤੇ ਉਨ੍ਹਾਂ ਦੇ ਵਕੀਲ ਨੂੰ ਨਹੀਂ ਮਿਲੀ ਹੈ।"

ਉਨ੍ਹਾਂ ਨੇ ਕਿਹਾ, "ਸਾਨੂੰ ਬਿਭਵ ਕੁਮਾਰ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਜੋ ਕਾਨੂੰਨੀ ਤੌਰ ਉੱਤੇ ਗ਼ਲਤ ਹੈ।"

'ਆਪ' ਦੇ ਲੀਗਲ ਸੈੱਲ ਦੇ ਮੁਖੀ ਸੰਜੀਵ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, 'ਆਪ' ਦੇ ਲੀਗਲ ਸੈੱਲ ਦੇ ਮੁਖੀ ਸੰਜੀਵ

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਆਗੂ ਅਤੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਨੇ ਸਵਾਤੀ ਮਾਲੀਵਾਲ ਦੇ ਕਥਿਤ ਕੁੱਟਮਾਰ ਦੇ ਇਲਜ਼ਾਮਾਂ ਨੂੰ ਰੱਦ ਕਰਦਿਆਂ ਕਿਹਾ ਕਿ “ਉਹ ਭਾਜਪਾ ਦੀ ਸਾਜਿਸ਼ ਦਾ ਚਿਹਰਾ” ਹਨ।

ਆਤਿਸ਼ੀ ਨੇ ਇਹ ਵੀ ਕਿਹਾ ਸੀ ਕਿ ਬਿਭਵ ਕੁਮਾਰ ਨੇ ਵੀ ਮਾਲੀਵਾਲ ਦੇ ਖਿਲਾਫ਼ ਐੱਫਆਈਆਰ ਦਰਜ ਕਰਵਾਈ ਹੈ।

ਸੋਸ਼ਲ ਮੀਡੀਆ ਉੱਤੇ ਇੱਕ ਕਥਿਤ ਵੀਡੀਓ ਘਟਨਾ ਵਾਲੇ ਦਿਨ ਦੀ ਵੀਡੀਓ ਵਾਇਰਲ ਹੋ ਰਹੀ ਹੈ।

ਇਸੇ ਕਥਿਤ ਵੀਡੀਓ ਦਾ ਹਵਾਲਾ ਦਿੰਦਿਆਂ ਆਤਿਸ਼ੀ ਨੇ ਕਿਹਾ ਸੀ ਕਿ ਇਹ ਸਾਰਾ ਘਟਨਾ ਭਾਜਪਾ ਦੀ ਸਾਜਿਸ਼ ਸੀ, ਸੀਐੱਮ ਕੇਜਰੀਵਾਲ ਨੂੰ ਫਸਾਉਣ ਲਈ ਮਾਲੀਵਾਲ ਨੂੰ ਇਸਦਾ ਚਿਹਰਾ ਬਣਾਇਆ ਗਿਆ।”

ਜ਼ਿਕਰਯੋਗ ਹੈ ਕਿ ਆਤਿਸ਼ੀ ਦਾ ਬਿਆਨ ਪਾਰਟੀ ਦੇ ਪਿਛਲੇ ਸਟੈਂਡ ਅਤੇ ਬਿਆਨ ਤੋਂ ਉਲਟਾ ਹੈ। ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਸੀ ਕਿ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਹੋਈ ਹੈ ਤੇ ਮੁੱਖ ਮੰਤਰੀ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਵਾਤੀ ਮਾਲੀਵਾਲ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਸੀ, “ਸਿਆਸੀ ਹਿੱਟਮੈਨ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ” ਸ਼ੁਰੂ ਕਰ ਦਿੱਤੀਆਂ ਹਨ। ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਲਿਖਿਆ ਕਿ “ਕੋਈ ਕੁੱਟਮਾਰ ਕਰਨ ਦੀ ਵੀ ਵੀਡੀਓ ਬਣਾਉਂਦਾ ਹੈ?”

ਐਨਡੀਟੀਵੀ ਦੀ ਖ਼ਬਰ ਮੁਤਾਬਕ ਬਿਭਵ ਕੁਮਾਰ ਨੇ ਸਵਾਤੀ ਖਿਲਾਫ਼ ਰਿਪੋਰਟ ਦਰਜ ਕਰਵਾਈ ਹੈ।

ਐੱਸਐੱਚਓ ਸਿਵਲ ਲਾਈਨ ਥਾਣੇ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਅਧਿਕਾਰੀਆਂ ਨੂੰ ਸਵਾਤੀ ਮਾਲੀਵਾਲ ਖਿਲਾਫ਼ ਢੁਕਵੀਂ ਕਾਰਵਾਈ ਅਤੇ ਉਨ੍ਹਾਂ ਦੇ ਭਾਜਪਾ ਆਗੂਆਂ ਨਾਲ ਰਿਸ਼ਤਿਆਂ ਦੀ ਜਾਂਚ ਕਰਨ ਦੀ ਅਪੀਲ ਕੀਤੀ ਗਈ ਹੈ। ਰਿਪੋਰਟ ਵਿੱਚ ਘਟਨਾਕ੍ਰਮ ਪਿੱਛੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਿਆਸੀ ਮਨਸੂਬੇ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ।

ਇਸੇ ਦੌਰਾਨ ਸ਼ੁੱਕਰਵਾਰ ਨੂੰ ਦਿੱਲੀ ਪੁਲਿਸ ਦੀ ਇੱਕ ਟੀਮ ਵਧੀਕ ਡੀਸੀਪੀ ਉੱਤਰੀ ਦਿੱਲੀ, ਸਿਵਲ ਲਾਈਨ ਥਾਣੇ ਦੇ ਐੱਸਐੱਚਓ ਦੀ ਅਗਵਾਈ ਮੁੱਖ ਮੰਤਰੀ ਨਿਵਾਸ ਉੱਤੇ ਫੌਰੈਂਸਿਕ ਟੀਮ ਦੇ ਨਾਲ ਪਹੁੰਚੀ।

ਪੁਲਿਸ ਪਾਰਟੀ ਨੇ ਮੁੱਖ ਮੰਤਰੀ ਨਿਵਾਸ ਕਥਿਤ ਘਟਨਾ ਦਾ ਨਾਟਕੀਰੁਪਾਂਤਰਣ ਕੀਤਾ ਅਤੇ ਵੀਡੀਓਗ੍ਰਾਫ਼ੀ ਕੀਤੀ।

ਕੀ ਹੈ ਪੂਰਾ ਮਾਮਲਾ?

ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਨਿਵਾਸ ਉੱਤੇ ਆਪਣੇ ਨਾਲ ਹੋਈ ਕਥਿਤ ਕੁੱਟਮਾਰ ਬਾਰੇ ਦਿੱਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ 14 ਮਈ ਨੂੰ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਵਾਪਰੀ 'ਘਟਨਾ' ਬਾਰੇ ਕਿਹਾ ਹੈ ਕਿ "ਉਨ੍ਹਾਂ ਨੇ ਪੁਲਿਸ ਨੂੰ ਆਪਣਾ ਬਿਆਨ ਦੇ ਦਿੱਤਾ ਹੈ।"

ਵੀਰਵਾਰ ਨੂੰ, ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ, "ਮੇਰੇ ਨਾਲ ਜੋ ਹੋਇਆ ਉਹ ਬਹੁਤ ਬੁਰਾ ਸੀ। ਮੇਰੇ ਨਾਲ ਹੋਈ ਘਟਨਾ ਬਾਰੇ ਮੈਂ ਪੁਲਿਸ ਨੂੰ ਆਪਣਾ ਬਿਆਨ ਦਿੱਤਾ ਹੈ।ਮੈਨੂੰ ਉਮੀਦ ਹੈ ਕਿ ਢੁਕਵੀਂ ਕਾਰਵਾਈ ਹੋਵੇਗੀ।"

ਉਨ੍ਹਾਂ ਨੇ ਲਿਖਿਆ,"ਪਿਛਲੇ ਦਿਨ ਮੇਰੇ ਲਈ ਬਹੁਤ ਔਖੇ ਰਹੇ ਹਨ। ਜਿਨ੍ਹਾਂ ਲੋਕਾਂ ਨੇ ਅਰਦਾਸ ਕੀਤੀ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ। ਜਿਨ੍ਹਾਂ ਨੇ ਮੇਰੀ ਕਿਰਦਾਰ ਕੁਸ਼ੀ ਕੋਸ਼ਿਸ਼ ਕੀਤੀ, ਇਹ ਕਿਹਾ ਕਿ ਇਹ ਦੂਜੀ ਧਿਰ ਦੇ ਇਸ਼ਾਰੇ 'ਤੇ ਕਰ ਰਹੀ ਹੈ, ਰੱਬ ਉਨ੍ਹਾਂ ਨੂੰ ਵੀ ਖ਼ੁਸ਼ ਰੱਖੇ। ਦੇਸ 'ਚ ਅਹਿਮ ਚੋਣਾਂ ਹੋ ਰਹੀਆਂ ਹਨ, ਸਵਾਤੀ ਮਾਲੀਵਾਲ ਅਹਿਮ ਨਹੀਂ, ਦੇਸ ਦੇ ਮੁੱਦੇ ਜ਼ਰੂਰੀ ਹਨ।''

ਭਾਰਤੀ ਜਨਤਾ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਉਨ੍ਹਾਂ ਨੇ ਕਿਹਾ, "ਮੇਰੀ ਭਾਜਪਾ ਵਾਲਿਆਂ ਨੂੰ ਖਾਸ ਬੇਨਤੀ ਹੈ ਕਿ ਉਹ ਇਸ ਘਟਨਾ 'ਤੇ ਸਿਆਸਤ ਨਾ ਕਰਨ।"

ਸਵਾਤੀ ਮਾਲੀਵਾਲ ਦਾ ਟਵੀਟ

ਤਸਵੀਰ ਸਰੋਤ, X@SWATIJAIHIND

ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਹੋਏ ਕਥਿਤ ਹਮਲੇ ਦੇ ਸਬੰਧ 'ਚ ਦਿੱਲੀ ਪੁਲਿਸ ਨੇ 13 ਮਈ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਇਸ ਸਬੰਧ 'ਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ।

ਉੱਤਰੀ ਦਿੱਲੀ ਦੇ ਡੀਸੀਪੀ ਮੁਕੇਸ਼ ਕੁਮਾਰ ਮੀਣਾ ਨੇ ਮੀਡੀਆ ਨੂੰ ਦੱਸਿਆ ਕਿ ਸਵਾਤੀ ਮਾਲੀਵਾਲ ਸਿਵਲ ਲਾਈਨ ਥਾਣੇ ਪਹੁੰਚ ਗਏ ਸੀ ਪਰ ਉਹ ਬਾਅਦ ਵਿੱਚ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਕਹਿ ਕੇ ਉੱਥੋਂ ਚਲੇ ਗਏ।

ਪੁਲਿਸ ਅਨੁਸਾਰ ਸਵੇਰੇ 9.34 ਵਜੇ ਇੱਕ ਮਹਿਲਾ ਕਾਲਰ ਨੇ ਪੀਸੀਆਰ ਕਾਲ ਕਰਕੇ ਸੂਚਨਾ ਦਿੱਤੀ ਸੀ ਕਿ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਉਸ 'ਤੇ ਹਮਲਾ ਹੋ ਰਿਹਾ ਹੈ। ਇਸ ਕਾਲ ਤੋਂ ਥੋੜ੍ਹੀ ਦੇਰ ਬਾਅਦ ਸਵਾਤੀ ਮਾਲੀਵਾਲ ਥਾਣੇ ਪਹੁੰਚ ਗਏ ਸਨ।

ਪੁਲਿਸ ਡਾਇਰੀ ਵਿੱਚ ਪੀਸੀਆਰ ਕਾਲ ਦੇ ਨਾਲ ਦਰਜ ਨੰਬਰ ਸਵਾਤੀ ਮਾਲੀਵਾਲ ਦਾ ਨੰਬਰ ਹੈ।

ਫੋਨ ਕਰਨ ਵਾਲੇ ਦੇ ਹਵਾਲੇ ਨਾਲ, ਪੀਸੀਆਰ ਕਾਲ ਐਂਟਰੀ ਵਿੱਚ ਦਰਜ ਹੈ, "ਮਹਿਲਾ ਕਾਲਰ ਕਹਿ ਰਹੀ ਹੈ ਕਿ ਮੈਂ ਇਸ ਸਮੇਂ ਸੀਐੱਮ ਦੇ ਘਰ ਹਾਂ, ਉਨ੍ਹਾਂ ਨੇ ਆਪਣੇ ਪੀਏ ਵਿਭਵ ਕੁਮਾਰ ਤੋਂ ਮੈਨੂੰ ਬੁਰੀ ਤਰ੍ਹਾਂ ਕੁੱਟਵਾਇਆ ਹੈ।"

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ

ਸਵਾਤੀ ਮਾਲੀਵਾਲ ਦੇ ਮਾਮਲੇ ਦਾ ਆਪਣੇ-ਆਪ ਨੋਟਿਸ ਲੈਂਦਿਆਂ ਕੌਮੀ ਮਹਿਲਾ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਵਿਭਵ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਹੈ।

ਕੌਮੀ ਮਹਿਲਾ ਕਮਿਸ਼ਨ ਨੇ ਵਿਭਵ ਕੁਮਾਰ ਨੂੰ ਸ਼ੁੱਕਰਵਾਰ 17 ਮਈ ਨੂੰ ਸਵੇਰੇ 11 ਵਜੇ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ।

ਸੰਜੇ ਸਿੰਘ ਦਾ ਪਹਿਲਾ ਬਿਆਨ ਕੀ ਆਇਆ ਸੀ

ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਮੀਡੀਆ ਨਾਲ ਗੱਲਬਾਤ ਕਰਦੇ ਹੋਏ

ਤਸਵੀਰ ਸਰੋਤ, ANI

ਆਮ ਆਦਮੀ ਪਾਰਟੀ ਆਗੂ ਸੰਜੇ ਸਿੰਘ ਨੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਏ ਦੁਰਵਿਵਹਾਰ ਨੂੰ ਲੈ ਕੇ ਮੀਡੀਆ ਨਾਲ ਗੱਲਬਾਤ ਕੀਤੀ ਸੀ।

ਸੰਜੇ ਸਿੰਘ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਸੀ, "ਕੱਲ੍ਹ ਬਹੁਤ ਹੀ ਨਿੰਦਣਯੋਗ ਘਟਨਾ ਵਾਪਰੀ। ਜਿਸ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ।"

ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ, "ਕੱਲ੍ਹ ਸਵੇਰੇ ਸਵਾਤੀ ਮਾਲੀਵਾਲ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚੇ ਸੀ। ਉਹ ਡਰਾਇੰਗ ਰੂਮ ਵਿੱਚ ਕੇਜਰੀਵਾਲ ਦਾ ਇੰਤਜ਼ਾਰ ਕਰ ਰਹੇ ਸੀ। ਇਸੇ ਦੌਰਾਨ ਵਿਭਵ ਕੁਮਾਰ ਉੱਥੇ ਪਹੁੰਚੇ ਅਤੇ ਉਨ੍ਹਾਂ ਨਾਲ ਬਦਸਲੂਕੀ ਅਤੇ ਬਦਤਮੀਜ਼ੀ ਕੀਤੀ।"

ਵਿਭਵ ਕੁਮਾਰ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਹਨ।

ਸੰਜੇ ਸਿੰਘ ਨੇ ਕਿਹਾ, "ਦਿੱਲੀ ਦੇ ਸੀਐੱਮ ਨੇ ਇਸ ਪੂਰੀ ਘਟਨਾ ਦਾ ਸੰਗਿਆਨ ਲਿਆ ਹੈ। ਉਹ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨਗੇ। ਜਿੱਥੋਂ ਤੱਕ ਸਵਾਤੀ ਮਾਲੀਵਾਲ ਜੀ ਦਾ ਸਬੰਧ ਹੈ, ਉਨ੍ਹਾਂ ਨੇ ਦੇਸ ਅਤੇ ਸਮਾਜ ਲਈ ਬਹੁਤ ਕੰਮ ਕੀਤੇ ਹਨ। ਉਹ ਇੱਕ ਸੀਨੀਅਰ ਅਤੇ ਪੁਰਾਣੇ ਨੇਤਾਵਾਂ ਵਿੱਚੋਂ ਇੱਕ ਹਨ। ਅਸੀਂ ਉਨ੍ਹਾਂ ਦੇ ਨਾਲ ਹਾਂ।"

ਸਿਆਸੀ ਪ੍ਰਤੀਕਰਮ

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ

ਤਸਵੀਰ ਸਰੋਤ, ANI

ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੀ ਕਥਿਤ ਕੁੱਟਮਾਰ 'ਤੇ ਟਿੱਪਣੀ ਕੀਤੀ।

ਜਦੋਂ ਪ੍ਰਿਅੰਕਾ ਗਾਂਧੀ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, "ਜੇਕਰ ਔਰਤਾਂ ਨਾਲ ਕੁਝ ਗਲਤ ਹੋ ਰਿਹਾ ਹੈ ਜਾਂ ਅੱਤਿਆਚਾਰ ਹੋ ਰਿਹਾ ਹੈ, ਤਾਂ ਮੈਂ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹਾਂ, ਚਾਹੇ ਉਹ ਕਿਸੇ ਵੀ ਪਾਰਟੀ ਦੀਆਂ ਹੋਣ।"

ਪ੍ਰਿਅੰਕਾ ਨੇ ਸਵਾਲ ਪੁੱਛਣ ਵਾਲੇ ਪੱਤਰਕਾਰ ਨੂੰ ਕਿਹਾ, "ਤੁਸੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਆਪਸ ਵਿੱਚ ਚਰਚਾ ਕਰੇਗੀ। ਉਹ ਉਨ੍ਹਾਂ ਦੇ ਨੇਤਾ ਹਨ। ਇਸ ਲਈ ਉਹ ਆਪਸ ਵਿੱਚ ਫੈਸਲਾ ਲੈਣਗੇ, ਇਹ ਉਨ੍ਹਾਂ ਦਾ ਮਨ ਹੈ।"

ਆਮ ਆਦਮੀ ਪਾਰਟੀ ਤੇ ਭਾਜਪਾ ਆਹਮੋ-ਸਾਹਮਣੇ

ਸਵਾਤੀ ਮਾਲੀਵਾਲ

ਤਸਵੀਰ ਸਰੋਤ, ANI

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਕਥਿਤ ਬਦਸਲੂਕੀ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਆਹਮੋ-ਸਾਹਮਣੇ ਹਨ।

ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਅਤੇ ਸੰਜੇ ਸਿੰਘ ਵੀਰਵਾਰ ਨੂੰ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਕਰਨ ਲਈ ਲਖਨਊ ਪਹੁੰਚੇ ਸਨ।

ਪ੍ਰੈੱਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ ਦੇ ਆਗੂਆਂ ਤੋਂ ਸਵਾਤੀ ਮਾਲੀਵਾਲ ਦੇ ਮਾਮਲੇ 'ਤੇ ਸਵਾਲ ਪੁੱਛੇ ਗਏ।

ਇਸ 'ਤੇ ਸੰਜੇ ਸਿੰਘ ਨੇ ਕਿਹਾ, "ਭਾਜਪਾ ਨੂੰ ਸਵਾਤੀ ਮਾਲੀਵਾਲ ਦੇ ਮਾਮਲੇ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਕਾਰਗਿਲ ਯੋਧੇ ਦੀ ਪਤਨੀ ਦੀ ਮਣੀਪੁਰ ਦੇ ਅੰਦਰ ਨਗਨ ਪਰੇਡ ਕੀਤੀ ਗਈ, ਸੈਂਕੜੇ ਔਰਤਾਂ 'ਤੇ ਤਸ਼ੱਦਦ ਕੀਤਾ ਗਿਆ, ਪਰ ਪੀਐਮ ਮੋਦੀ ਚੁੱਪ ਰਹੇ।"

"ਪ੍ਰਜਵਲ ਰੇਵੰਨਾ ਨੇ ਹਜ਼ਾਰਾਂ ਔਰਤਾਂ ਨਾਲ ਬਲਾਤਕਾਰ ਕੀਤਾ। ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਉਹ (ਪ੍ਰਜਵਲ ਰੇਵੰਨਾ) ਭਾਰਤ ਨੂੰ ਮਜ਼ਬੂਤ ​​ਕਰਨਗੇ, ਸਿਰਫ ਉਸੇ ਨੂੰ ਵੋਟ ਦਿਓ। ਉਸ ਨੂੰ ਭਜਾ ਦਿੱਤਾ ਜਾਂਦਾ ਹੈ।"

ਸੰਜੇ ਸਿੰਘ ਨੇ ਕਿਹਾ, "ਜਦੋਂ ਪਹਿਲਵਾਨ ਜੰਤਰ-ਮੰਤਰ 'ਤੇ ਇਨਸਾਫ਼ ਦੀ ਮੰਗਣ ਲਈ ਲੜ ਰਹੀਆਂ ਸਨ ਤਾਂ ਇਹੀ ਸਵਾਤੀ ਮਾਲੀਵਾਲ ਉਨ੍ਹਾਂ ਦੀ ਹਮਾਇਤ ਵਿੱਚ ਗਏ ਸਨ, ਅਤੇ ਪੁਲਿਸ ਨੇ ਉਸ ਨੂੰ ਘੜੀਸ ਕੇ ਮਾਰਿਆ ਸੀ।"

"ਪਾਰਟੀ ਨੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਹੈ। ਜਿਹੜੇ ਵਿਸ਼ੇ ਚੁੱਕੇ ਗਏ ਹਨ ਭਾਜਪਾ ਨੂੰ ਉਨ੍ਹਾਂ ਦਾ ਜਵਾਬ ਦੇਣਾ ਚਾਹੀਦਾ ਹੈ।"

ਬੀਜੇਪੀ ਨੇ ਕੀ ਇਲਜ਼ਾਮ ਲਾਏ ?

ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਬੰਸੁਰੀ ਸਵਰਾਜ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਬੰਸੁਰੀ ਸਵਰਾਜ ਨੇ ਸਵਾਤੀ ਮਾਲੀਵਾਲ ਦੇ ਮਾਮਲੇ 'ਚ ਕਿਹਾ ਹੈ ਕਿ "ਇਹ ਸਭ ਕੁਝ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ 'ਚ ਹੋਇਆ ਹੈ। ਇਹ ਸ਼ਰਮ ਕਰਨ ਵਾਲੀ ਗੱਲ ਹੈ"

ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਤੋਂ ਬਾਅਦ ਭਾਜਪਾ ਨੇ ਜਵਾਬੀ ਹਮਲਾ ਕੀਤਾ ਹੈ।

ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ, "ਔਰਤਾਂ ਦੇ ਸਨਮਾਨ ਦੇ ਮੁੱਦੇ 'ਤੇ ਭਾਜਪਾ ਹਮੇਸ਼ਾ ਗੱਲ ਕਰਦੀ ਹੈ ਅਤੇ ਮਹਿਲਾ ਸਸ਼ਕਤੀਕਰਨ 'ਤੇ ਕੰਮ ਕਰਦੀ ਹੈ।"

"ਆਪ ਐੱਮਪੀ ਸਵਾਤੀ ਮਾਲੀਵਾਲ ਨਾਲ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ। ਸੰਜੇ ਸਿੰਘ ਨੇ ਖੁਦ ਮੰਨਿਆ ਕਿ ਸਵਾਤੀ ਮਾਲੀਵਾਲ ਨਾਲ ਨਿੰਦਣਯੋਗ ਘਟਨਾ ਵਾਪਰੀ ਹੈ।"

ਗੌਰਵ ਭਾਟੀਆ ਨੇ ਕਿਹਾ, "ਇਸ ਘਟਨਾ ਨੂੰ ਤਿੰਨ ਦਿਨ ਹੋ ਗਏ ਹਨ। ਸਾਰਿਆਂ ਨੇ ਉਮੀਦ ਕੀਤੀ ਕਿ ਅਰਵਿੰਦ ਕੇਜਰੀਵਾਲ ਔਰਤਾਂ ਦੇ ਸਨਮਾਨ ਨਾਲ ਸਮਝੌਤਾ ਨਹੀਂ ਕਰਨਗੇ। ਉਹ ਵਿਭਵ ਕੁਮਾਰ ਦੇ ਖਿਲਾਫ ਕਾਰਵਾਈ ਕਰਨਗੇ।"

"ਲੇਕਿਨ ਅੱਜ ਜੋ ਸਾਹਮਣੇ ਆਇਆ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਅਰਵਿੰਦ ਕੇਜਰੀਵਾਲ ਨੂੰ ਕੋਈ ਪਛਤਾਵਾ ਨਹੀਂ ਸੀ। ਵਿਭਵ ਕੁਮਾਰ 'ਤੇ ਇਲਜ਼ਾਮ ਲੱਗੇ ਹਨ ਅਤੇ ਉਹ ਅਰਵਿੰਦ ਕੇਜਰੀਵਾਲ ਨਾਲ ਘੁੰਮ ਰਹੇ ਹਨ।"

'ਆਪ' ਆਗੂ ਸੰਜੇ ਸਿੰਘ ਨੇ ਦੋ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੀ ਘਟਨਾ ਨੂੰ ਲੈ ਕੇ ਵਿਭਵ ਕੁਮਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਨਵੀਂ ਦਿੱਲੀ ਤੋਂ ਭਾਜਪਾ ਉਮੀਦਵਾਰ ਬੰਸੁਰੀ ਸਵਰਾਜ ਨੇ ਕਿਹਾ ਸੀ, ''ਅਰਵਿੰਦ ਕੇਜਰੀਵਾਲ ਦੇ ਉਕਸਾਉਣ 'ਤੇ ਉਨ੍ਹਾਂ ਦੇ ਨਿੱਜੀ ਸਕੱਤਰ ਨੇ ਆਪਣੀ ਹੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਹੱਥ ਚੁੱਕ ਕੇ ਬਦਸਲੂਕੀ ਕੀਤੀ।ਇਹ ਸਭ ਕੁਝ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਹੋਇਆ। ਇਹ ਇੱਕ ਸ਼ਰਮਨਾਕ ਗੱਲ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)