ਲੋਕ ਸਭਾ ਚੋਣਾਂ: ਪੰਜਾਬ ਦੇ ਨਤੀਜਿਆਂ ਤੋਂ ਪਹਿਲਾਂ ਸਮਝੋ ਕਿਸ ਪਾਰਟੀ ਦਾ ਕੀ ਲੱਗਿਆ ਹੈ ਦਾਅ ਉੱਤੇ

ਪੰਜਾਬ ਦੀਆਂ ਸਿਆਸੀ ਧਿਰਾਂ

ਤਸਵੀਰ ਸਰੋਤ, FACEBOOK

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੀ ਸਿਆਸਤ ਬਾਰੇ ਕਿਹਾ ਜਾਂਦਾ ਸੀ ਕਿ ਇੱਥੇ ਚੋਣ ਮੁਕਾਬਲਾ ਹਮੇਸ਼ਾ ਦੋ ਧਿਰੀ ਹੀ ਹੁੰਦਾ ਹੈ। ਇੱਥੇ ਤੀਜੀ ਧਿਰ ਲਈ ਕੋਈ ਥਾਂ ਨਹੀਂ ਹੈ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤੀਜੀ ਧਿਰ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਬਣ ਕੇ ਇਹ ਧਾਰਨਾ ਬਦਲ ਦਿੱਤੀ।

ਇਸ ਹਵਾਲੇ ਨਾਲ ਲੋਕ ਸਭਾ ਚੋਣਾਂ 2024 ਨੇ ਕਹਾਣੀ ਅੱਗੇ ਤੋਰ ਦਿੱਤੀ ਹੈ ਅਤੇ ਇਸ ਵਾਰ ਪੰਜਾਬ ਵਿੱਚ ਚੋਣ ਲੜਾਈ ਤਿੰਨ ਤੋਂ ਵੀ ਚਾਰ ਧਿਰੀ ਬਣ ਗਈ ਹੈ।

ਸੂਬੇ ਤੇ ਕੇਂਦਰ ਦੀਆਂ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ, ਦੋਵਾਂ ਥਾਵਾਂ ਉੱਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਰਹੀ ਕਾਂਗਰਸ ਅਤੇ ਪੰਜਾਬ ਵਿੱਚ ਸੱਤਾ ਤੇ ਵਿਰੋਧੀ ਧਿਰ ਵਿੱਚ ਰਹਿ ਕੇ ਹਾਸ਼ੀਏ ਉੱਤੇ ਚਲਾ ਗਿਆ ਸ਼੍ਰੋਮਣੀ ਅਕਾਲੀ ਦਲ ਪੂਰੀ ਤਾਕਤ ਨਾਲ ਇੱਕ ਦੂਜੇ ਨੂੰ ਖੁੱਡੇ ਲਾਉਣ ਲਈ ਜ਼ੋਰ ਅਜ਼ਮਾਇਸ਼ ਕਰ ਰਹੇ ਹਨ।

ਡਾਕਟਰ ਸਤਨਾਮ ਸਿੰਘ ਦਿਓਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਅਤੇ ਪੰਜਾਬ ਦੀ ਸਿਆਸਤ ਦੇ ਮਾਹਰ ਹਨ।

ਬੀਬੀਸੀ ਨਿਊਜ਼ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਵਿਚਾਲੇ ਚਾਰ ਧਿਰੀ ਮੁਕਾਬਲਾ ਹੋਣ ਬਾਰੇ ਕਿਹਾ, ‘‘ਮੁਕਾਬਲਾ ਚਾਰ ਧਿਰੀ ਹੈ, ਜਿਹੜੀ ਵੀ ਧਿਰ ਜਾਂ ਪਾਰਟੀ ਜਿੰਨੀਆਂ ਵੀ ਧਿਰਾਂ ਜਾਂ ਸੀਟਾਂ ਜਿੱਤੇਗੀ, ਉਹ ਦੂਜੀਆਂ ਧਿਰਾਂ ਨਾਲੋਂ ਉਸ ਪ੍ਰਤੀ ਨਿਰਾਸ਼ਾ ਘੱਟ ਹੋਣ ਜਾਂ ਫੇਰ ਨਿੱਜੀ ਲੀਡਰਸ਼ਿਪ ਦੇ ਪ੍ਰਭਾਵ ਕਾਰਨ ਜਿੱਤੇਗੀ।’’

ਪੰਜਾਬ ਦੇ ਪੰਥਕ ਤੇ ਸਿਆਸੀ ਮੁੱਦਿਆਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਕਵਰ ਕਰਨ ਵਾਲੇ ਪੰਜਾਬੀ ਜਾਗਰਣ ਦੇ ਸੰਪਾਦਕ ਵਰਿੰਦਰ ਵਾਲੀਆ ਸੂਬੇ ਦੇ ਖਡੂਰ ਸਾਹਿਬ, ਸੰਗਰੂਰ ਅਤੇ ਬਠਿੰਡਾ ਹਲਕਿਆਂ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, ‘‘ਕਈ ਥਾਈਂ ਮੁਕਾਬਲਾ ਪੰਜ ਧਿਰੀ ਵੀ ਬਣ ਸਕਦਾ ਹੈ।’’

ਪੰਜਾਬ ਦੀ ਸਿਆਸਤ ਦੇ ਅਜਿਹੇ ਬਹੁਕੌਣੀ ਸਮੀਕਰਨਾਂ ਨੂੰ ਦੇਖਦਿਆਂ, ਇਸ ਰਿਪੋਰਟ ਰਾਹੀਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਵਿੱਚ ਕਿਸ ਧਿਰ ਦਾ ਕੀ ਦਾਅ ਉੱਤੇ ਹੈ ਅਤੇ ਕਿਸ ਨੂੰ ਕੀ ਸਾਬਤ ਕਰਨਾ ਪਵੇਗਾ।

ਆਮ ਆਦਮੀ ਪਾਰਟੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਵੱਲੋਂ 10 ਗਾਰੰਟੀਆਂ ਦਿੱਤੀਆਂ ਗਈਆਂ ਹਨ

ਆਮ ਆਦਮੀ ਪਾਰਟੀ ਦਾ ਸਿਖ਼ਰਲਾ ਰੁਤਬਾ

ਪੰਜਾਬ ਦੇ ਸਿਆਸੀ ਕੈਨਵਸ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ 2014 ਦੀਆਂ ਲੋਕ ਸਭਾ ਚੋਣਾਂ ਵੇਲੇ ਹੁੰਦੀ ਹੈ। ਚਾਰ ਲੋਕ ਸਭਾ ਸੀਟਾਂ ਜਿੱਤ ਕੇ ਪਾਰਟੀ ਇੱਕ ਨਵੀਂ ਉਮੀਦ ਲੈ ਕੇ ਆਉਂਦੀ ਹੈ, ਪਰ 2017 ਦੀਆਂ ਸੂਬਾਈ ਵਿਧਾਨ ਸਭਾ ਚੋਣਾਂ ਦੌਰਾਨ ਸਿਰਫ਼ 18 ਸੀਟਾਂ ਉੱਤੇ ਸਿਮਟ ਜਾਂਦੀ ਹੈ।

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਉੱਤੇ ਜਿੱਤ ਹਾਸਲ ਕਰਦੀ ਹੈ।

ਸਿਆਸੀ ਮਾਹਰ ਮੰਨਦੇ ਹਨ ਕਿ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮਕਬੂਲੀਅਤ ਦਾਅ ਉੱਤੇ ਹੈ।

ਵਰਿੰਦਰ ਵਾਲੀਆਂ ਸਵਾਲ ਕਰਦੇ ਹਨ, ‘‘ਕੀ ਆਮ ਆਦਮੀ ਪਾਰਟੀ 92 ਸੀਟਾਂ ਦੇ ਫਤਵੇ ਵਾਲਾ ਸਿਖ਼ਰ ਬਰਕਰਾਰ ਰੱਖ਼ ਸਕੇਗੀ ਜਾਂ ਨਹੀਂ। ਇਹ ਭਗਵੰਤ ਮਾਨ ਸਰਕਾਰ ਦੇ ਕੀਤੇ ਕੰਮਾਂ ਅਤੇ ਪਾਰਟੀ ਦੇ ਵਾਅਦਿਆਂ ਦਾ ਵੀ ਟੈਸਟ ਹੋਵੇਗਾ।’’

ਆਮ ਆਦਮੀ ਪਾਰਟੀ ਦੂਜੀਆਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਨਵੀਂ ਹੈ, ਇਨ੍ਹਾਂ ਚੋਣਾਂ ਵਿੱਚ ਉਸ ਨੂੰ ਸਾਬਤ ਕਰਨਾ ਪਵੇਗਾ ਕਿ ਉਸ ਨੇ ਵਿੱਚ ਪੱਕਾ ਕਾਡਰ ਬੇਸ ਬਣਾ ਲਿਆ ਹੈ ਜਾਂ ਨਹੀਂ, ਅਤੇ ਇਹ ਕਿੰਨਾ ਵੱਡਾ ਹੈ।

ਦਸ ਸਾਲ ਪਹਿਲਾਂ ਬਣੀ ਤੇ ਹੁਣ ਕੌਮੀ ਪਾਰਟੀ ਬਣ ਚੁੱਕੀ ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਵੇਲੇ ਦੋ ਤਰ੍ਹਾਂ ਦੇ ਵਾਅਦੇ ਕੀਤਾ ਸਨ।

ਪਹਿਲਾ 300 ਯੂਨਿਟ ਬਿਜਲੀ ਮਾਫ਼, ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਅਤੇ ਸਰਕਾਰੀ ਸਿੱਖਿਆ ਵਿੱਚ ਸੁਧਾਰ।

ਦੂਜਾ ਪੰਜਾਬ ਨੂੰ ਰਵਾਇਤੀ ਸਿਆਸੀ ਕਲਚਰ ਤੋਂ ਛੁਟਕਾਰਾ ਦੁਆਉਣ, ਆਰਥਿਕ ਸੁਧਾਰਾਂ ਨਾਲ ਸੂਬੇ ਨੂੰ ਅਮੀਰ ਬਣਾਉਣ, ਮਾਫ਼ੀਆ ਤੇ ਗੈਂਗਸਟਰਵਾਦ ਤੋਂ ਛੁਟਕਾਰਾ ਦੁਆ ਕੇ ਰੰਗਲਾ ਪੰਜਾਬ ਬਣਾਉਣਾ।

ਡਾਕਟਰ ਸਤਨਾਮ ਸਿੰਘ ਦਿਓਲ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਸੁਭਾਅ ਮੁਫ਼ਤ ਦੀਆਂ ਚੀਜਾਂ ਲੈ ਕੇ ਵੋਟਾਂ ਪਾਉਣ ਵਾਲਾ ਨਹੀਂ ਹੈ। ਪੰਜਾਬ ਦੇ ਲੋਕਾਂ ਨੇ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ‘‘ਰੰਗਲੇ ਪੰਜਾਬ’’ ਲਈ ਕੀਤੇ ਵਾਅਦਿਆਂ ਦੇ ਨਾਂ ਉੱਤੇ ਹੂੰਝਾ ਫੇਰ ਫਤਵਾ ਦਿੱਤਾ ਸੀ।''

'' ‘ਆਪ’ ਦੀ ਭਗਵੰਤ ਮਾਨ ਲੀਡਰਸ਼ਿਪ ਦੇ ਲਈ ਇਹ ਵੱਕਾਰ ਦਾ ਸਵਾਲ ਹੋਵੇਗਾ ਕਿ ਉਨ੍ਹਾਂ ਨੂੰ ਵੋਟਾਂ ‘ਦਿੱਲੀ ਮਾਡਲ’ ਦੇ ਨਾਂ ਹੇਠ ਮੁਫ਼ਤ ਬਿਜਲੀ ਪਾਣੀ ਵਰਗੇ ਵਾਅਦੇ ਪੂਰੇ ਹੋਣ ਲਈ ਪੈਂਦੀਆਂ ਹਨ ਜਾਂ ‘ਰੰਗਲੇ ਪੰਜਾਬ’ ਲਈ ਆਰਥਿਕ ਸੁਧਾਰ ਕਰਨ, ਰੇਤ-ਸ਼ਰਾਬ ਮਾਫ਼ੀਆ ਬਾਰੇ ਗਾਰੰਟੀਆਂ ਪੂਰੀਆਂ ਨਾ ਹੋਣ, ਗੈਂਗਸਟਰਵਾਦ ਉੱਤੇ ਠੱਲ ਨਾ ਪੈਣ ਅਤੇ ਬੇਅਦਬੀ ਲਈ ਨਿਆਂ ਨਾ ਹੋਣ ਦੇ ਖ਼ਿਲਾਫ਼ ਪੈਂਦੀਆਂ ਹਨ।’’

ਕੁੱਲ ਮਿਲਾ ਕਿਹਾ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੀ ਮਕਬੂਲੀਅਤ, ਭਗਵੰਤ ਮਾਨ ਦੀ ਲੀਡਰਸ਼ਿਪ, ਪੰਜਾਬ ਸਰਕਾਰ ਦੇ ਕਾਰਜਸ਼ੈਲੀ ਇਨ੍ਹਾਂ ਚੋਣਾਂ ਵਿੱਚ ਦਾਅ ਉੱਤੇ ਲੱਗੀ ਹੋਈ ਹੈ।

ਕਾਂਗਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਦੇ ਦਰਜਨਾਂ ਸਿਰਕੱਢ ਆਗੂ ਪਾਰਟੀ ਛੱਡ ਚੁੱਕੇ ਹਨ

ਕਾਂਗਰਸ ਪਾਰਟੀ ਦੀ ਲੀਡਰਸ਼ਿਪ

ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪਾਰਟੀ ਦੇ ਦਰਜਨਾਂ ਸਿਰਕੱਢ ਆਗੂ ਪਾਰਟੀ ਛੱਡ ਚੁੱਕੇ ਹਨ ਅਤੇ ਲਗਾਤਾਰ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

ਜੇਕਰ ਕਿਹਾ ਜਾਵੇ ਕਿ ਪੰਜਾਬ ਵਿੱਚ ‘‘ਭਾਰਤੀ ਜਨਤਾ ਪਾਰਟੀ ਨਵੀਂ ਕਾਂਗਰਸ ਪਾਰਟੀ’’ ਹੈ ਤਾਂ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ।

ਕਾਂਗਰਸ ਦੇ ਹਵਾਲੇ ਨਾਲ ਸਵਾਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖ਼ੜ, ਮਨਪ੍ਰੀਤ ਸਿੰਘ ਬਾਦਲ, ਰਵਨੀਤ ਸਿੰਘ ਬਿੱਟੂ, ਮਰਹੂਮ ਸੰਤੋਖ਼ ਚੌਧਰੀ ਦਾ ਪਰਿਵਾਰ ਅਤੇ ਸ਼ਾਮ ਸੁੰਦਰ ਅਰੋੜਾ ਵਰਗੇ ਵੱਡੇ ਆਗੂਆਂ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਆਪਣੀ ਹੋਂਦ ਬਚਾ ਸਕੇਗੀ ਜਾਂ ਨਹੀਂ।

ਭਾਵੇਂ ਕਿ ਇਸ ਮਸਲੇ ਉੱਤੇ ਸਤਨਾਮ ਸਿੰਘ ਦਿਓਲ ਸਵਾਲ ਕਰਦੇ ਹਨ ਕਿ ਰਵਨੀਤ ਬਿੱਟੂ ਨੂੰ ਛੱਡ ਕੇ ਚੋਣਾਂ ਵਿੱਚ ਹਾਰ ਕੇ ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਇਹ ਆਗੂ ਕਾਂਗਰਸ ਦਾ ਕਿੰਨਾ ਕੂ ਕਾਡਰ ਤੋੜ ਸਕਣਗੇ ਇਹ ਵੀ ਇੱਕ ਬਹਿਸ ਦਾ ਮੁੱਦਾ ਹੈ।

ਪਰ ਸਾਬਕਾ ਸੂਬਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਦੇ ਅਕਾਲੀ ਦਲ, ਮੌਜੂਦਾ ਵਿਧਾਇਕ ਰਾਜ ਕੁਮਾਰ ਚੱਬੇਵਾਲ ਅਤੇ ਸਾਬਕਾ ਵਿਧਾਇਕ ਦਲਵੀਰ ਗੋਲਡੀ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਨਾਲ ਇਹ ਸਿਲਸਿਲਾ ਹੋ ਅੱਗੇ ਵਧਿਆ।

ਵਰਿੰਦਰ ਵਾਲੀਆ ਕਹਿੰਦੇ ਹਨ, ਕਾਂਗਰਸ ਦਾ ਵੰਡਿਆ ਹੋਇਆ ਖੇਮਾ ਪਾਰਟੀ ਲਈ ਚਿੰਤਾਜਨਕ ਹੈ ਹੀ। ਇਹ ਸੂਬੇ ਦੀ ਮੌਜੂਦਾ ਲੀਡਰਸ਼ਿਪ ਦੀ ਸਥਾਪਤੀ ਲਈ ਵੀ ਵੱਡਾ ਸਵਾਲ ਹੈ।

ਕੁਝ ਲੋਕ ਇਸ ਨੂੰ ਪੰਜਾਬ ਕਾਂਗਰਸ ਦੀ ਹੋਂਦ ਦੀ ਲੜਾਈ ਵੀ ਮੰਨਦੇ ਹਨ। ਇਹ ਚੋਣਾਂ ਤੈਅ ਕਰਨਗੀਆਂ ਕਿ ਅਸਲ ਕਾਂਗਰਸ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਵਾਲੀ ਹੈ, ਜਾਂ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਵਿੱਚ ਜਾਣ ਵਾਲੇ ਦਲਬਦਲੂਆਂ ਦੀ।

ਜੇਕਰ ਮੌਜੂਦਾ ਚੋਣਾਂ ਵਿੱਚ ਕਾਂਗਰਸ ਆਸ ਮੁਤਾਬਕ ਸੀਟਾਂ ਜਿੱਤ ਲੈਂਦੀ ਹੈ ਤਾਂ ਇਹ ਪਾਰਟੀ ਦੀ ਨਵੀਂ ਸੂਬਾਈ ਲੀਡਰਸ਼ਿਪ ਦੀ ਸਥਾਪਤੀ ਹੋਵੇਗੀ ਅਤੇ ਪਾਰਟੀ ਲਈ ਭਵਿੱਖ ਵਿੱਚ ਹੋਰ ਚੰਗੇ ਮੌਕੇ ਮੁਹੱਈਆ ਕਰਵਾਏਗੀ। ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਕਾਂਗਰਸ ਨੂੰ ਮੁੜ ਤੋਂ ਆਪਣੀ ਸੂਬਾਈ ਲੀਡਰਸ਼ਿਪ ਅਤੇ ਰਣਨੀਤੀ ਬਾਰੇ ਮੁੱਢ ਤੋਂ ਵਿਚਾਰ ਕਰਨਾ ਪਵੇਗਾ।

ਸ਼੍ਰੋਮਣੀ ਅਕਾਲੀ ਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2017 ਵਿੱਚ ਕਾਂਗਰਸ ਨੂੰ ਸੱਤਾ ਗੁਆਉਣ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਉੱਤੇ ਲਗਾਤਾਰ 10 ਸਾਲ ਰਾਜ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਦਾ ਸਵਾਲ

ਸ਼੍ਰੋਮਣੀ ਅਕਾਲੀ ਦਲ 100 ਸਾਲ ਤੋਂ ਵੱਧ ਪੁਰਾਣਾ ਪੰਜਾਬ ਦਾ ਖੇਤਰੀ ਦਲ ਹੈ। ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਕਰਕੇ ਕਈ ਵਾਰ ਸੱਤਾ ਦਾ ਸੁੱਖ ਮਾਣਦਾ ਰਿਹਾ ਅਕਾਲੀ ਦਲ, ਇਸ ਵੇਲੇ ਆਪਣੇ ਇੱਕ ਸਦੀ ਦੇ ਇਤਿਹਾਸ ਵਿੱਚ ਸਭ ਤੋਂ ਹਾਸ਼ੀਏ ਉੱਤੇ ਖੜ੍ਹਾ ਹੈ।

2017 ਵਿੱਚ ਕਾਂਗਰਸ ਨੂੰ ਸੱਤਾ ਗੁਆਉਣ ਤੋਂ ਪਹਿਲਾਂ ਇਸ ਨੇ ਪੰਜਾਬ ਉੱਤੇ ਲਗਾਤਾਰ 10 ਸਾਲ ਰਾਜ ਕੀਤਾ। ਉਸ ਤੋਂ ਬਾਅਦ ਇਹ ਲੋਕ ਸਭਾ ਵਿੱਚ ਦੋ ਅਤੇ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਸੀਟਾਂ ਤੱਕ ਸਿਮਟ ਗਿਆ।

ਲੋਕ ਸਭਾ ਦੀਆਂ 2 ਸੀਟਾਂ ਵੀ ਬਾਦਲ ਪਰਿਵਾਰ, ਬਠਿੰਡਾ ਹਰਸਿਮਰਤ ਅਤੇ ਫਿਰੋਜ਼ਪੁਰ ਸੁਖਬੀਰ ਬਾਦਲ ਨੇ ਜਿੱਤੀਆਂ ਸਨ।

ਇਸ ਵਾਰ ਸੁਖਬੀਰ ਬਾਦਲ ਆਪ ਚੋਣ ਨਹੀਂ ਲੜ ਰਹੇ। ਸਿਰਫ਼ ਹਰਸਿਮਰਤ ਬਾਦਲ ਦੀ ਬਠਿੰਡਾ ਹਲਕੇ ਤੋਂ ਚੋਣ ਮੈਦਾਨ ਵਿੱਚ ਹਨ।

ਕਈ ਸਿਆਸੀ ਮਾਹਰ ਕਹਿੰਦੇ ਹਨ ਕਿ ਅਕਾਲੀ ਦਲ ਦੀ ਸਿਆਸੀ ਪਾਰਟੀ ਵਜੋਂ ਹੋਂਦ ਅਤੇ ਇਸ ਦੇ ਅਗਵਾਈਕਰਤਾ ਬਾਦਲ ਪਰਿਵਾਰ ਦੀ ਲੀਡਰਸ਼ਿਪ ਸਭ ਕੁਝ ਦਾਅ ਉੱਤੇ ਹੀ ਲੱਗਿਆ ਹੋਇਆ ਹੈ।

ਪਰ ਡਾਕਟਰ ਸਤਨਾਮ ਸਿੰਘ ਦਿਓਲ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ, ਇਸ ਦੀ ਪੰਜਾਬ ਵਿੱਚ ਇੱਕ ਖਾਸ ਥਾਂ ਹੈ, ਜੋ ਕਦੇ ਖ਼ਤਮ ਨਹੀਂ ਹੋ ਸਕਦੀ, ਅਸਲ ਸੰਕਟ ਪਾਰਟੀ ਦਾ ਨਹੀਂ, ਲੀਡਰਸ਼ਿਪ ਦਾ ਹੈ।

ਉਹ ਕਹਿੰਦੇ ਹਨ, ‘‘ਸੁਖਬੀਰ ਬਾਦਲ, ਬਿਕਰਮ ਮਜੀਠੀਆ ਆਪੋ-ਆਪਣੇ ਹਲ਼ਕੇ ਤਾਂ ਜਿਤਾ ਸਕਦੇ ਹਨ, ਪਰ ਉਹ ਪ੍ਰਕਾਸ਼ ਸਿੰਘ ਬਾਦਲ ਵਰਗੀ ਲੀਡਰਸ਼ਿਪ ਨਹੀਂ ਦੇ ਸਕੇ। ਜੇਕਰ ਅਕਾਲੀ ਦਲ ਮੌਜੂਦਾ ਚੋਣਾਂ ਵਿੱਚੋਂ ਸੀਟਾਂ ਨਹੀਂ ਜਿੱਤਦਾ ਤਾਂ ਇਹ ਪਾਰਟੀ ਲੀਡਰਸ਼ਿਪ ਉੱਤੇ ਸਵਾਲ ਖੜ੍ਹਾ ਕਰ ਦੇਵੇਗਾ।’’

ਸਤਨਾਮ ਸਿੰਘ ਦਿਓਲ ਕਹਿੰਦੇ ਹਨ, ‘‘ਅਕਾਲੀ ਦਲ ਉੱਤੇ ਪਹਿਲਾ ਇਲਜ਼ਾਮ ਲੱਗਦਾ ਸੀ ਕਿ ਇਹ ਸੱਤਾ ਤੋਂ ਬਾਹਰ ਰਹਿ ਕੇ ਹੀ ਪੰਥਕ ਮੁੱਦਿਆਂ ਦੀ ਗੱਲ ਕਰਦਾ ਹੈ, ਸੱਤਾ ਵਿੱਚ ਰਹਿੰਦਿਆਂ ਇਸ ਲਈ ਕੁਝ ਨਹੀਂ ਕਰਦਾ।’’

ਦਿਓਲ ਕਹਿੰਦੇ ਹਨ, ''ਅਕਾਲੀ ਦਲ ਅੰਦੋਲਨਾਂ ਤੇ ਮੋਰਚਿਆਂ ਵਿੱਚੋਂ ਨਿਕਲੀ ਪੰਥਕ ਪਾਰਟੀ ਹੈ। ਪਰ ਅਸੀਂ ਦੇਖਦੇ ਹਾਂ ਕਿ ਪਿਛਲੇ ਸੱਤ ਸਾਲ ਸੱਤਾ ਤੋਂ ਬਾਹਰ ਰਹਿੰਦਿਆਂ ਵੀ ਇਹ ਨਾ ਕੋਈ ਮੋਰਚਾ ਲਾ ਸਕੀ ਅਤੇ ਨਾ ਹੀ ਸਰਕਾਰ ਖਿਲਾਫ਼ ਕੋਈ ਸੰਘਰਸ਼ ਖੜਾ ਕਰ ਸਕੀ। ਇਸ ਪਾਰਟੀ ਲੀਡਰਸ਼ਿਪ ਦੇ ਸੰਕਟ ਨੂੰ ਦਰਸਾਉਂਦਾ ਹੈ।''

ਭਾਵੇਂ ਬੰਦੀ ਸਿੰਘਾਂ ਦਾ ਮੁੱਦਾ ਹੋਵੇ, ਬੇਅਦਬੀ ਨਾਲ ਜੁੜੇ ਮਸਲੇ ਅਤੇ ਕਿਸਾਨੀ ਮਸਲੇ। ਅਕਾਲੀ ਦਲ ਇਨ੍ਹਾਂ ਕਾਰਨ ਹੀ ਸੱਤਾ ਤੋਂ ਬਾਹਰ ਹੋਇਆ ਸੀ ਅਤੇ ਇਨ੍ਹਾਂ ਤੋਂ ਉੱਤੇ ਹੀ ਲੋਕਾਂ ਨੂੰ ਸੰਤੁਸ਼ਟੀਜਨਕ ਭਰੋਸਾ ਦੇਣਾ ਪਾਰਟੀ ਲਈ ਵੱਡੀ ਚੂਣੌਤੀ ਹੈ।

ਇਸ ਤੋਂ ਇਲਾਵਾ ਪਾਰਟੀ ਤੋਂ ਦੂਰ ਗਏ ਟਕਸਾਲੀ ਪੰਥਕ ਆਗੂਆਂ ਅਤੇ ਭਾਰਤੀ ਜਨਤਾ ਪਾਰਟੀ ਨਾਲੋਂ ਤੋੜ ਵਿਛੋੜੇ ਤੋਂ ਬਾਅਦ ਅਕਾਲੀ ਦਲ ਮੁੜ ਖੜ੍ਹਾ ਹੋ ਸਕੇਗਾ ਜਾਂ ਨਹੀਂ। ਇਹੀ ਪਾਰਟੀ ਅਤੇ ਲੀਡਰਸ਼ਿਪ ਦਾ ਅਸਲੀ ਇਮਤਿਹਾਨ ਹੈ।

ਇਹ ਵੀ ਪੜ੍ਹੋ-
ਭਾਜਪਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਕਾਲੀ ਦਲ ਦਾ ਸਾਥ ਛੱਡਣ ਤੋਂ ਬਾਅਦ ਭਾਜਪਾ ਨੇ ਇਸ ਵਾਰ ਇਕੱਲੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ

ਭਾਰਤੀ ਜਨਤਾ ਪਾਰਟੀ ਦਾ ਨਵਾਂ ਚਿਹਰਾ ਮੋਹਰਾ

2020-21 ਦੇ ਕਿਸਾਨ ਅੰਦੋਲਨ ਦੌਰਾਨ ਅਕਾਲੀ-ਭਾਜਪਾ ਦਾ ਤੋੜ ਵਿਛੋੜਾ ਸਿਰਫ਼ ਅਕਾਲੀ ਦਲ ਹੀ ਨਹੀਂ ਭਾਜਪਾ ਨੂੰ ਵੀ ਸਿਆਸੀ ਤੌਰ ਉੱਤੇ ਨੁਕਸਾਨਦਾਇਕ ਸਾਬਤ ਹੋਇਆ।

ਅਕਾਲੀਆਂ ਦਾ ਸਾਥ ਛੱਡਣ ਤੋਂ ਬਾਅਦ ਭਾਜਪਾ ਨੇ ਇਕੱਲੇ ਚੱਲਣ ਦਾ ਮਨ ਬਣਾਇਆ ਅਤੇ ਆਪਣਾ ਨਵਾਂ ਚਿਹਰਾ ਮੋਹਰਾ ਸਿਰਜਣ ਦੀ ਕੋਸ਼ਿਸ਼ ਕੀਤੀ।

ਇਸ ਤਹਿਤ ਦੂਜੀਆਂ ਸਿਆਸੀ ਪਾਰਟੀਆਂ ਅਤੇ ਸਿੱਖ ਭਾਈਚਾਰੇ ਦੇ ਵੱਡੇ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਖ਼ਾਸਕਰ ਕਾਂਗਰਸ ਤੋਂ ਥੋਕ ਦੀ ਗਿਣਤੀ ਵਿੱਚ ਆਗੂ ਸ਼ਾਮਲ ਕੀਤੇ ਗਏ।

ਪੰਜਾਬ ਦੀ ਸਿਆਸਤ ਦੇ ਜਾਣਕਾਰ ਮੰਨਦੇ ਹਨ ਕਿ ਪਹਿਲਾਂ ਜਿਹੜੀ ਸ਼ਹਿਰੀ ਤੇ ਹਿੰਦੂ ਵੋਟ ਕਾਂਗਰਸ ਅਤੇ ਭਾਜਪਾ ਵਿਚਾਲੇ ਵੰਡੀ ਹੁੰਦੀ ਸੀ, ਉਸ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪ ਨੇ ਤਕੜੀ ਸੇਂਧਮਾਰੀ ਕੀਤੀ ਸੀ।

ਪਰ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਨੂੰ ਜਿਵੇਂ ਭਾਜਪਾ ਅਤੇ ਆਰਐੱਸਐੱਸ ਨੇ ਈਵੈਂਟ ਵਾਂਗ ਭੁਨਾਇਆ ਉਸ ਨੇ ਹਿੰਦੂ ਵੋਟਰਾਂ ਵਿੱਚ ਭਾਜਪਾ ਪ੍ਰਤੀ ਮੋਹ ਜਗਾ ਦਿੱਤਾ ਹੈ। ਪਰ ਦੂਜੇ ਪਾਸੇ ਕਿਸਾਨ ਅੰਦੋਲਨ ਨਾਲ ਭਾਜਪਾ ਪ੍ਰਤੀ ਪੈਦਾ ਹੋਈ ਕੁੜੱਤਣ ਪਾਰਟੀ ਲ਼ਈ ਵੱਡੀ ਚੁਣੌਤੀ ਬਣੀ ਹੋਈ ਹੈ।

ਭਾਜਪਾ ਆਗੂ ਰਵਨੀਤ ਬਿੱਟੂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਜਪਾ ਆਗੂ ਰਵਨੀਤ ਬਿੱਟੂ ਮੁਤਾਬਕ ਭਾਜਪਾ ਦਾ ਨਿਸ਼ਾਨਾਂ 2029 ਦੀਆਂ ਚੋਣਾਂ ਉੱਤੇ ਹੈ

ਭਾਰਤੀ ਜਨਤਾ ਪਾਰਟੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ, ਸਿੱਖਾਂ ਦੀ ਕਾਲ਼ੀ ਸੂਚੀ ਖ਼ਤਮ ਕਰਵਾਉਣ ਅਤੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ਼ ਦਿਵਸ ਵਜੋਂ ਮਨਾਉਣ ਵਰਗੇ ਮੋਦੀ ਸਰਕਾਰ ਦੇ ਫੈਸਲਿਆਂ ਦਾ ਕੌਮੀ ਤੇ ਕੌਮਾਂਤਰੀ ਪੱਧਰ ਉੱਤੇ ਪ੍ਰਚਾਰ ਕਰ ਰਹੀ ਹੈ।

ਸ਼ਾਇਦ ਇਨ੍ਹਾਂ ਚੋਣਾਂ ਵਿੱਚ ਕਿਸਾਨਾਂ ਦਾ ਵਿਰੋਧ ਘਟ ਵੀ ਜਾਂਦਾ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਬੀਕੇਯੂ (ਸਿੱਧੂਪੁਰ) ਦੀ ਅਗਵਾਈ ਵਿੱਚ ਦਿੱਲੀ ਜਾ ਰਹੇ ਕਿਸਾਨਾਂ ਨਾਲ ਜਿਵੇਂ ਹਰਿਆਣਾ ਪੁਲਿਸ ਨੇ ਸਿੱਝਿਆ, ਅਤੇ ਇੱਕ ਕਿਸਾਨ ਦੀ ਮੌਤ ਹੋਈ। ਉਸ ਨਾਲ ਪੰਜਾਬ ਦੀ ਕਿਸਾਨੀਂ ਵਿੱਚ ਮੁੜ ਤੋਂ ਰੋਹ ਜਾਗ ਪਿਆ ਅਤੇ ਪਾਰਟੀ ਦੇ ਉਮੀਦਵਾਰਾਂ ਦਾ ਪੰਜਾਬ ਵਿੱਚ ਥਾਂ-ਥਾਂ ਵਿਰੋਧ ਹੋ ਰਿਹਾ ਹੈ।

ਭਾਵੇਂ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਬਿੱਟੂ ਵਰਗੇ ਆਗੂ ਸਪੱਸ਼ਟ ਤੌਰ ਉੱਤੇ ਕਹਿ ਰਹੇ ਹਨ ਕਿ ਭਾਜਪਾ ਦਾ ਨਿਸ਼ਾਨਾ 2024 ਦੀਆਂ ਲੋਕ ਸਭਾ ਚੋਣਾਂ ਨਾਲੋਂ 2027 ਦੀਆਂ ਆਮ ਵਿਧਾਨ ਸਭਾ ਚੋਣਾਂ ਹਨ, ਪਰ ਪਾਰਟੀ ਨੇ ਆਪਣੀਆਂ ਰਵਾਇਤੀ ਸੀਟਾਂ ਜਿੱਤਣ ਅਤੇ ਪੰਜਾਬ ਵਿੱਚ ਅਕਾਲੀ ਦਲ ਨਾਲੋਂ ਵੱਡੀ ਧਿਰ ਸਾਬਿਤ ਕਰਨ ਲਈ ਤਾਣ ਲਾਇਆ ਹੋਇਆ ਹੈ।

ਡਾ.ਸਤਨਾਮ ਸਿੰਘ ਦਿਓਲ ਕਹਿੰਦੇ ਹਨ ਕਿ ਲੋਕ ਸਭਾ ਚੋਣਾਂ ਵਿੱਚ ਸ਼ਹਿਰੀ ਤੇ ਹਿੰਦੂਆਂ ਦੀ ਪਾਰਟੀ ਦੇ ਠੱਪੇ ਨੂੰ ਸਾਫ਼ ਕਰਕੇ ਸਮੁੱਚੇ ਪੰਜਾਬ ਦੀ ਪਾਰਟੀ ਸਾਬਿਤ ਕਰਨਾ ਭਾਜਪਾ ਲਈ ਚੁਣੌਤੀ ਹੋਵੇਗੀ।

ਉਸ ਨੇ ਇਹ ਸਾਬਿਤ ਕਰਨਾ ਹੈ ਕਿ ਉਹ ਪੰਜਾਬ ਵਿੱਚ ਇੱਕ ਸਮੁੱਚੇ ਵਰਗਾਂ ਦੀ ਸਾਂਝੀ ਸਿਆਸੀ ਧਿਰ ਬਣ ਸਕਦੀ ਹੈ, ਜਾਂ ਸਿਰਫ਼ ਅਕਾਲੀ ਦਲ ਦੀਆਂ ਫੌੜੀਆਂ ਤੋਂ ਬਿਨਾਂ ਚੋਣ ਸਿਆਸਤ ਉੱਤੇ ਪ੍ਰਭਾਵ ਛੱਡ ਸਕਦੀ ਹੈ।

ਕੁਝ ਹੋਰ ਧਿਰਾਂ ਦੀ ਦਿਸ਼ਾ ਤੇ ਦਸ਼ਾ

ਉਕਤ ਮੁੱਖ ਪਾਰਟੀਆਂ ਦੇ ਨਾਲ-ਨਾਲ ਬਹੁਜਨ ਸਮਾਜ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਖੱਬੇਪੱਖ਼ੀ ਪਾਰਟੀਆਂ ਅਤੇ ਗਰਮ-ਦਲੀਏ ਸਿੱਖ ਸੰਗਠਨਾਂ ਆਪਣੇ ਉਮੀਦਵਾਰਾਂ ਨੂੰ ਪੈਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਆਪਣੀ ਹਾਜ਼ਰੀ ਦਰਜ ਕਰਵਾਉਣਗੇ।

ਕੁਝ ਜਾਣਕਾਰਾਂ ਦਾ ਮੰਨਣਾ ਹੈ ਕਿ ਖ਼ਡੂਰ ਸਾਹਿਬ ਤੋਂ ਅਮ੍ਰਿਤਪਾਲ ਸਿੰਘ , ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਅਤੇ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨਤੀਜਿਆਂ ਨੂੰ ਪੰਜ ਕੋਣਾ ਬਣਾ ਰਹੇ ਹਨ।

ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਜਲੰਧਰ ਅਤੇ ਅਨੰਦਪੁਰ ਸਾਹਿਬ ਸੀਟ ਉੱਤੇ ਨਤੀਜਿਆਂ ਦੀ ਦਿਸ਼ਾ ਬਦਲਣ ਦਾ ਦਮ ਰੱਖਦੀ ਹੈ।

ਇਨ੍ਹਾਂ ਪਾਰਟੀਆਂ ਅਤੇ ਧਿਰਾਂ ਨੂੰ ਪੈਣ ਵਾਲੀਆਂ ਵੋਟਾਂ ਸੂਬੇ ਦੀ ਸਿਆਸਤ ਦੀ ਦਸ਼ਾ ਤੇ ਦਿਸ਼ਾ ਨੂੰ ਮੋੜਾ ਦੇਣ ਵਿੱਚ ਆਪਣਾ ਰੋਲ ਅਦਾ ਕਰ ਸਕਦੀਆਂ ਹਨ। ਪਰ ਨਾਲ ਹੀ ਉਨ੍ਹਾਂ ਦੀ ਹੋਂਦ ਦੇ ਸਵਾਲ ਦਾ ਵੀ ਜਵਾਬ ਦੇਣਗੀਆਂ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)