ਵਟਸਐਪ: ਮੈਟਾ ਦੀ ਕਿਸ ਖ਼ਾਮੀ ਕਾਰਨ ਤੁਹਾਡਾ ਡਾਟਾ ਲੀਕ ਹੋ ਸਕਦਾ ਹੈ ਤੇ ਇਸ ਤੋਂ ਕਿਵੇਂ ਬਚਿਆ ਜਾਵੇ

ਵਟਸਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਸਰਚ ਰਿਪੋਰਟ ਦੇ ਮੁਤਾਬਕ, ਵਟਸਐਪ ਇਸਤੇਮਾਲ ਕਰਨ ਵਾਲੇ ਦੁਨੀਆਂ ਭਰ ਦੇ ਕਰੀਬ 3.5 ਅਰਬ ਯੂਜ਼ਰਸ ਦਾ ਡਾਟਾ ਲੀਕ ਹੋ ਸਕਦਾ ਹੈ
    • ਲੇਖਕ, ਤਨੀਸ਼ਾ ਚੌਹਾਨ
    • ਰੋਲ, ਬੀਬੀਸੀ ਪੱਤਰਕਾਰ

ਮੈਡਮ, ਕੀ ਤੁਸੀਂ ਕੋਈ ਪ੍ਰਾਪਰਟੀ ਸਰਚ ਕਰ ਰਹੇ ਹੋ?

ਸਰ, ਕੀ ਤੁਹਾਨੂੰ ਲੋਨ ਚਾਹੀਦਾ ਹੈ, ਸਾਡੇ ਕੋਲ ਤੁਹਾਡੇ ਲਈ ਕਈ ਆਫਰਜ਼ ਹਨ?

ਮੈਡਮ, ਤੁਸੀਂ ਕਾਰ ਖਰੀਦਣ ਦਾ ਪਲਾਨ ਕਰ ਰਹੇ ਹੋ?

ਅਜਿਹੇ ਕਿੰਨੇ ਹੀ ਕਾਲ ਤੁਹਾਨੂੰ ਦਿਨ ਵਿੱਚ ਕਈ ਵਾਰ ਆਉਂਦੇ ਹੋਣਗੇ। ਅਜਿਹੇ ਫੋਨ ਕਾਲਾਂ ਤੋਂ ਤੁਸੀਂ ਪਰੇਸ਼ਾਨ ਵੀ ਹੁੰਦੇ ਹੋਵੋਗੇ ਅਤੇ ਸੋਚਦੇ ਹੋਵੋਗੇ ਕਿ ਭਲਾ ਤੁਹਾਡਾ ਨੰਬਰ ਇਨ੍ਹਾਂ ਕੋਲ ਕਿਵੇਂ ਆਉਂਦਾ ਹੈ।

ਤੁਸੀਂ ਡੀਐੱਨਡੀ ਯਾਨਿ ਡੂ ਨੋਟ ਡਿਸਟਰਬ ਦੀ ਆਪਸ਼ਨ ਨੂੰ ਵੀ ਐਕਟਿਵ ਕਰਵਾਇਆ ਹੁੰਦਾ ਹੈ ਪਰ ਅਜਿਹੇ ਕਾਲਸ ਆਉਣ ਦਾ ਸਿਲਸਿਲਾ ਨਹੀਂ ਰੁਕਦਾ।

ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਤੁਹਾਡੇ ਫੋਨ ਉੱਤੇ ਅਣਜਾਣ ਮੈਸੇਜ ਵੀ ਆਉਂਦੇ ਹਨ, ਕੋਈ ਵਿਦੇਸ਼ਾਂ ਵਿੱਚ ਨੌਕਰੀ ਦੀ ਆਫਰ ਦੇ ਰਿਹਾ ਹੁੰਦਾ ਹੈ, ਕੋਈ ਕੁਝ ਮਿੰਟਾਂ ਵਿੱਚ ਲੋਨ ਦੇਣ ਦੇ ਦਾਅਵੇ ਕਰ ਰਿਹਾ ਹੁੰਦਾ ਹੈ ਅਤੇ ਕੋਈ ਬਰੈਂਡ ਆਪਣੇ ਪ੍ਰੋਡਕਟਸ ਦੀ ਮਸ਼ਹੂਰੀ ਕਰ ਰਿਹਾ ਹੁੰਦਾ ਹੈ।

ਇੱਕ ਹੋਰ ਸਵਾਲ, ਤੁਸੀਂ ਕੁਝ ਖਰੀਦਦੇ ਹੋ ਜਾਂ ਕਿਧਰੇ ਰੈਸਟੋਰੈਂਟ ਵਗੈਰਾ ਜਾਂਦੇ ਹੋ, ਆਪਣਾ ਫੋਨ ਨੰਬਰ ਤਾਂ ਦਿੰਦੇ ਹੀ ਹੋ ਨਾ?

ਕਈ ਵਾਰ ਕੁਝ ਏਜੰਟਸ ਪਰਚੀਆਂ ਲੈ ਕੇ ਖੜ੍ਹੇ ਹੁੰਦੇ ਹਨ ਕਿ ਮੈਡਮ, ਆਪਣੀ ਡੀਟੇਲਸ ਇਨ੍ਹਾਂ ਪਰਚੀਆਂ ਵਿੱਚ ਭਰ ਦੋ, ਤੁਹਾਡੇ ਗਿਫਟਸ ਨਿਕਲ ਸਕਦੇ ਹਨ, ਤੁਸੀਂ ਉੱਥੇ ਵੀ ਕਈ ਵਾਰ ਆਪਣਾ ਨੰਬਰ ਦਿੱਤਾ ਹੋਵੇਗਾ ਜਾਂ ਦੂਜਿਆਂ ਨੂੰ ਦਿੰਦੇ ਦੇਖਿਆ ਹੋਵੇਗਾ। ਸੋਚਦੇ ਹੋਵੋਗੇ ਕਿ ਫੋਨ ਨੰਬਰ ਨਾਲ ਕੋਈ ਕੀ ਕਰ ਸਕਦਾ ਹੈ।

ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਫੋਨ ਨੰਬਰ ਨਾਲ ਹੀ ਬਹੁਤ ਕੁਝ ਹੋ ਸਕਦਾ ਹੈ। ਤੁਹਾਡੀ ਹੀ ਨਹੀਂ, ਤੁਹਾਡੇ ਫੋਨ ਵਿੱਚ ਮੌਜੂਦ ਹੋਰ ਲੋਕਾਂ ਦੀ ਜਾਣਕਾਰੀ ਵੀ ਬਿਨ੍ਹਾਂ ਤੁਹਾਡੀ ਇਜਾਜ਼ਤ ਦੇ ਕਈਆਂ ਕੋਲ ਪਹੁੰਚ ਸਕਦੀ ਹੈ।

ਦਰਅਸਲ ਇਨ੍ਹਾਂ ਫੋਨ ਨੰਬਰਾਂ ਨਾਲ ਹੀ ਸਾਈਬਰ ਅਪਰਾਧੀ ਤੁਹਾਡੀ ਬਹੁਤ ਜਾਣਕਾਰੀ ਇਕੱਠੀ ਕਰ ਸਕਦੇ ਹਨ ਅਤੇ ਇਸ ਦਾ ਖੁਲਾਸਾ ਯੂਨੀਵਰਸਿਟੀ ਆਫ਼ ਵਿਅਨਾ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ।

ਯੂਨੀਵਰਿਸਟੀ ਆਫ਼ ਵਿਅਨਾ ਦੀ ਹਾਲ ਹੀ ਵਿੱਚ ਸਾਹਮਣੇ ਆਈ ਰਿਸਰਚ ਰਿਪੋਰਟ ਦੇ ਮੁਤਾਬਕ, ਵਟਸਐਪ ਇਸਤੇਮਾਲ ਕਰਨ ਵਾਲੇ ਦੁਨੀਆਂ ਭਰ ਦੇ ਕਰੀਬ 3.5 ਅਰਬ ਯੂਜ਼ਰਸ ਦਾ ਡਾਟਾ ਲੀਕ ਹੋ ਸਕਦਾ ਹੈ। ਇਸ ਸਭ ਦਾ ਕਾਰਨ ਹੈ ਮੈਟਾ ਦੇ ਸਿਕਿਉਰਿਟੀ ਫੀਚਰ ਵਿੱਚ ਖ਼ਾਮੀ।

ਇਸ ਖ਼ਾਮੀ ਦੇ ਕਾਰਨ ਇਨ੍ਹਾਂ ਯੂਜ਼ਰਸ ਦੀ ਪ੍ਰੋਫਾਈਲ ਪਿਕਚਰ, ਸਟੇਟਸ, ਅਬਾਊਟ ਸੈਕਸ਼ਨ ਦੀ ਡੀਟੇਲਸ ਬੜੀ ਆਸਾਨੀ ਨਾਲ ਲੀਕ ਹੋ ਸਕਦੀ ਹੈ। ਕਿਸੇ ਵੀ ਨੰਬਰ ਨੂੰ ਚੈੱਕ ਕਰਕੇ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਇਹ ਵਟਸਐਪ ਅਕਾਊਂਟ ਐਕਟਿਵ ਹੈ ਜਾਂ ਨਹੀਂ।

ਇਹ ਨੰਬਰ ਕਿਸ ਦਾ ਹੈ, ਉਸ ਦੀ ਤਸਵੀਰ ਅਤੇ ਸਟੇਟਸ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ ਜਿਸਦਾ ਗ਼ਲਤ ਇਸਤੇਮਾਲ ਹੋ ਸਕਦਾ ਹੈ।

ਯੂਨੀਵਰਸਿਟੀ ਆਫ਼ ਵਿਅਨਾ ਦੇ ਖੋਜਕਾਰਾਂ ਨੇ ਇਸ ਕਮਜ਼ੋਰੀ ਦੇ ਕਾਰਨ ਮਹਿਜ਼ ਇੱਕ ਘੰਟੇ ਵਿੱਚ ਸਾਢੇ ਤਿੰਨ ਕਰੋੜ ਤੋਂ ਜ਼ਿਆਦਾ ਲੋਕਾਂ ਦੇ ਨੰਬਰ ਹਾਸਲ ਕਰ ਲਏ।

ਵਟਸਐਪ

ਇਹ ਸਭ ਹੋਇਆ ਹੈ ਵਟਸਐਪ ਦੇ 'ਕਾਨਟੈਕਟ ਡਿਸਕਵਰ ਮਕੈਨਿਜ਼ਮ' ਦੀ ਖਾਮੀ ਕਾਰਨ। ਅਸਲ ਵਿੱਚ ਇਸ ਮਕੈਨਿਜ਼ਮ ਰਾਹੀਂ ਇੱਕ ਵਟਸਐਪ ਯੂਜ਼ਰ ਦੀ ਅਡਰੈਸਬੁਕ ਤੋਂ ਬਾਕੀ ਯੂਜ਼ਰਸ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

ਰਿਸਰਚਰਜ਼ ਵੱਲੋਂ ਇਸੇ ਮਕੈਨਿਜ਼ਮ ਦਾ ਇਸਤੇਮਾਲ ਕਰਕੇ ਇਹ ਪ੍ਰਦਰਸ਼ਿਤ ਕੀਤਾ ਕਿ ਹਰ ਘੰਟੇ ਕਰੀਬ 100 ਮਿਲੀਅਨ ਯੂਜ਼ਰਸ ਦਾ ਡੇਟਾ ਵਟਸਐਪ ਨੇ ਸਾਫਟਵੇਅਰ ਦੇ ਢਾਂਚੇ ਤੋਂ ਹਾਸਲ ਕੀਤਾ ਜਾ ਸਕਦਾ ਹੈ।

ਰਿਸਰਚਜ਼ ਇਹ ਵੀ ਪਤਾ ਕਰ ਸਕੇ ਕਿ 245 ਦੇਸ਼ਾਂ ਵਿੱਚ ਸਾਢੇ ਤਿੰਨ ਬਿਲੀਅਨ ਵਟਸਐਪ ਅਕਾਊਂਟ ਐਕਟਿਵ ਹਨ।

ਯੂਨੀਵਰਸਿਟੀ ਆਫ਼ ਵਿਅਨਾ ਦੇ ਮੁੱਖ ਲੇਖਕ ਗੈਬਰੀਆਲ ਗੈਗਨਹੁਬਰ ਨੇ ਕਿਹਾ, "ਆਮ ਤੌਰ ਉੱਤੇ ਕਿਸੇ ਵੀ ਸਿਸਟਮ ਨੂੰ ਇੰਨੇ ਘੱਟ ਸਮੇਂ ਵਿੱਚ ਇੰਨੀ ਜ਼ਿਆਦਾ ਜਾਣਕਾਰੀ ਕਿਸੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ, ਖ਼ਾਸ ਤੌਰ ਉੱਤੇ ਜਦੋਂ ਇਹ ਜਾਣਕਾਰੀ ਇੱਕ ਹੀ ਸੋਰਸ ਵੱਲੋਂ ਮੰਗੀ ਗਈ ਹੋਵੇ। ਇਸ ਤੋਂ ਪਤਾ ਲੱਗਾ ਹੈ ਕਿ ਸਿਸਟਮ ਦੀ ਸਿਕਿਉਰਿਟੀ ਕਿੰਨੀ ਜ਼ਿਆਦਾ ਕਮਜ਼ੋਰ ਹੈ।"

ਉਨ੍ਹਾਂ ਮੁਤਾਬਕ, "ਉਹ ਫੋਨ ਨੰਬਰ, ਪ੍ਰੋਫਾਈਲ ਪਿਕਚਰ, ਸਟੇਟਸ ਨੇ ਨਾਲ-ਨਾਲ ਇਹ ਜਾਣਕਾਰੀ ਵੀ ਬਹੁਤ ਆਸਾਨੀ ਨਾਲ ਹਾਸਲ ਕਰ ਸਕੇ ਕਿ ਅਕਾਊਂਟ ਹੋਲਡਰ ਦੀ ਉਮਰ ਕਿੰਨੀ ਹੈ ਅਤੇ ਕਿਹੜੀਆਂ ਡਿਵਾਇਸਾਂ ਦੇ ਨਾਲ ਉਨ੍ਹਾਂ ਦਾ ਨੰਬਰ ਲਿੰਕ ਹੈ।"

ਉਨ੍ਹਾਂ ਦਾ ਕਹਿਣਾ ਹੈ ਕਿ ਮਹਿਜ਼ ਇੰਨੀ ਜਾਣਕਾਰੀ ਦੇ ਨਾਲ ਯੂਜ਼ਰ ਬਾਰੇ ਕਾਫੀ ਕੁਝ ਪਤਾ ਲਗਾਇਆ ਜਾ ਸਕਦਾ ਹੈ ਜੋ ਕਾਫੀ ਖ਼ਤਰਨਾਕ ਹੈ।

ਇਹ ਵੀ ਪੜ੍ਹੋ-

ਰਿਸਰਚ ਵਿੱਚ ਹੋਰ ਕੀ ਸਾਹਮਣੇ ਆਇਆ

ਚੀਨ, ਇਰਾਨ, ਮਿਆਂਮਾਰ ਵਰਗੇ ਦੇਸ਼ ਜਿੱਥੇ ਵਟਸਐਪ ਪਲੈਟਫਾਰਮ ਕਾਨੂੰਨੀ ਤੌਰ ਉੱਤੇ ਬੈਨ ਹੈ, ਉੱਥੇ ਵੀ ਵੱਡੀ ਗਿਣਤੀ ਵਿੱਚ ਐਕਟਿਵ ਯੂਜ਼ਰ ਉਪਲਬਧ ਹਨ।

ਕਿਸ ਉਮਰ ਦੇ ਕਿੰਨੇ ਲੋਕ ਯੂਜ਼ਰ ਹਨ, ਕੌਣ ਐਂਡਰੋਇਡ ਦੀ ਵਰਤੋਂ ਕਰ ਰਿਹਾ ਹੈ ਅਤੇ ਕੌਣ ਆਈਓਐੱਸ ਦੀ ਵਰਤੋਂ ਕਰਦਾ ਹੈ, ਕੌਣ ਕਿਸ ਜਗ੍ਹਾਂ ਤੋਂ ਹੈ, ਅਬਾਊਟ ਸੈਕਸ਼ਨ ਵਿੱਚ ਕਿਸ ਨੇ ਕੀ ਲਿਖਿਆ ਹੈ, ਪ੍ਰੋਫਾਈਲ ਪਿਕਚਰ ਕਿਹੜੀ ਹੈ, ਇਹ ਸਭ ਜਾਣਕਾਰੀ ਹਾਸਲ ਕਰਨਾ ਆਸਾਨ ਹੈ।

ਕੁਝ ਮਾਮਲਿਆਂ ਵਿੱਚ ਇਹ ਵੀ ਸਾਹਮਣੇ ਆਇਆ ਕਿ ਕ੍ਰਿਪਟੋਗ੍ਰਾਫਿਕ ਕੀਜ਼ ਦੀ ਮੁੜ ਵਰਤੋਂ ਕੀਤੀ ਗਈ ਹੈ। ਕ੍ਰਿਪਟੋਗ੍ਰਾਫਿਕ ਕੀਜ਼ ਦਾ ਮਤਲਬ ਹੁੰਦਾ ਹੈ- ਦਰਅਸਲ ਕ੍ਰਿਪਟੋਗ੍ਰਾਫੀ ਜਾਣਕਾਰੀ ਨੂੰ ਲੁਕਾਉਣ ਅਤੇ ਕੋਡ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਤਾਂ ਜੋ ਮਹਿਜ਼ ਉਹ ਵਿਅਕਤੀ ਹੀ ਉਸ ਨੂੰ ਪੜ੍ਹ ਸਕੇ ਜਿਸ ਲਈ ਸੰਦੇਸ਼ ਭੇਜਿਆ ਗਿਆ ਹੈ।

2021 ਦੇ ਫੇਸਬੁੱਕ ਡਾਟਾ ਲੀਕ ਦੌਰਾਨ ਸਾਹਮਣੇ ਆਏ ਕਰੀਬ 500 ਮਿਲੀਅਨ ਫੋਨ ਨੰਬਰਾਂ ਵਿੱਚੋਂ ਕਰੀਬ ਅੱਧੇ ਨੰਬਰ ਹਾਲੇ ਵੀ ਐਕਟਿਵ ਹਨ।

ਹਾਲਾਂਕਿ ਸਟਡੀ ਇਸ ਗੱਲ ਬਾਰੇ ਬਿਲਕੁਲ ਸਾਫ ਕਰਦੀ ਹੈ ਕਿ ਇਸ ਰਿਸਰਚ ਵਿੱਚ ਵਟਸਐਪ ਮੈਸੇਜੇਸ ਦੇ ਕੰਟੈਟ ਨੂੰ ਹਾਸਲ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਪਰਸਨਲ ਡਾਟਾ ਪਬਲਿਸ਼ ਜਾਂ ਸਾਂਝਾ ਕੀਤਾ ਹੈ। ਇਹ ਵੀ ਦਾਅਵਾ ਕੀਤਾ ਗਿਆ ਕਿ ਸਾਰਾ ਡੇਟਾ ਰਿਸਰਚਰਸ ਵੱਲੋਂ ਡਿਲੀਟ ਕਰ ਦਿੱਤਾ ਗਿਆ ਹੈ।

ਵਟਸਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਸਰਚ ਮੁਤਾਬਕ ਐਂਡ-ਟੂ-ਐਂਡ ਇਨਕ੍ਰਿਪਟਿਡ ਡੇਟਾ ਨਾਲ ਕੋਈ ਛੇੜਛਾੜ ਨਹੀਂ ਹੋਈ

ਰਿਸਰਚ ਮੁਤਾਬਕ ਐਂਡ-ਟੂ-ਐਂਡ ਇਨਕ੍ਰਿਪਟਿਡ ਡੇਟਾ ਨਾਲ ਕੋਈ ਛੇੜਛਾੜ ਨਹੀਂ ਹੋਈ।

ਯੂਨੀਵਰਿਸਟੀ ਆਫ਼ ਵਿਅਨਾ ਦੇ ਖੋਜਕਰਤਾ ਅਲਜੋਸ਼ਾ ਜੁਡਮਾਇਰ ਦਾ ਕਹਿਣਾ ਹੈ, "ਰਿਸਰਚ ਤੋਂ ਪਤਾ ਲੱਗਦਾ ਹੈ ਕਿ ਐਂਡ-ਟੂ-ਐਂਡ ਇਨਕ੍ਰਿਪਸ਼ਨ ਫੀਚਰ ਮੈਸੇਜ ਨੂੰ ਮਹਿਫੂਜ਼ ਜ਼ਰੂਰ ਰੱਖਦਾ ਹੈ ਪਰ ਉਸ ਨਾਲ ਸਬੰਧਤ ਮੈਟਾਡੇਟਾ ਨੂੰ ਨਹੀਂ।"

ਗੈਬਰੀਆਲ ਗੈਗਨਹੁਬਰ ਕਹਿੰਦੇ ਹਨ ਕਿ ਇਸ ਰਿਸਰਚ ਤੋਂ ਪਤਾ ਲੱਗਦਾ ਹੈ ਕਿ ਅਜਿਹੇ ਭਰੋਸੇਯੋਗ ਪਲੈਟਫਾਰਮ ਵੀ ਆਪਣੇ ਸਿਕਿਊਰਿਟੀ ਫੀਚਰ ਵਿੱਚ ਅਜਿਹੀਆਂ ਖਾਮੀਆਂ ਛੱਡ ਸਕਦੇ ਹਨ ਜਿਸ ਦਾ ਖ਼ਾਮਿਆਜ਼ਾ ਕਰੋੜਾਂ ਲੋਕਾਂ ਨੂੰ ਚੁਕਾਉਣਾ ਪੈ ਸਕਦਾ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਸਿਕਿਉਰਿਟੀ ਅਤੇ ਪ੍ਰਾਇਵੇਸੀ ਸਿਰਫ਼ ਇੱਕ ਵਾਰ ਹਾਸਲ ਕਰਨ ਵਾਲੀ ਪ੍ਰਾਪਤੀ ਨਹੀਂ ਹੈ, ਇਸ ਉੱਤੇ ਲਗਾਤਾਰ ਕੰਮ ਕਰਨਾ ਪੈਂਦਾ ਹੈ।

ਯੂਨੀਵਰਸਿਟੀ ਮੁਤਾਬਕ ਇਨ੍ਹਾਂ ਖਾਮੀਆਂ ਬਾਰੇ ਫੌਰਨ ਮੈਟਾ ਨੂੰ ਵੀ ਦੱਸਿਆ ਗਿਆ ਹੈ ਤਾਂ ਕਿ ਉਸ ਉੱਤੇ ਮਜ਼ਬੂਤੀ ਨਾਲ ਕੰਮ ਕੀਤਾ ਜਾ ਸਕੇ।

ਵਟਸਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਸਰਚ ਮੁਤਾਬਕ, 245 ਦੇਸ਼ਾਂ ਵਿੱਚ 3.5 ਬਿਲੀਅਨ ਐਕਟਿਵ ਵਟਸਐਪ ਅਕਾਊਂਟ ਮਿਲੇ

ਭਾਰਤ ਦੇ ਕਿੰਨੇ ਅਕਾਊਂਟ ਖਤਰੇ ਵਿੱਚ

ਰਿਸਰਚ ਵਿੱਚ ਕਰੀਬ 63 ਬਿਲੀਅਨ ਨੰਬਰਾਂ ਦਾ ਵੇਰਵਾ ਲਿਆ ਗਿਆ। ਇੱਕ ਘੰਟੇ ਵਿੱਚ 100 ਮਿਲੀਅਨ ਲੋਕਾਂ ਦੇ ਨੰਬਰ ਚੱਕ ਕੀਤੇ ਗਏ।

245 ਦੇਸ਼ਾਂ ਵਿੱਚ 3.5 ਬਿਲੀਅਨ ਐਕਟਿਵ ਵਟਸਐਪ ਅਕਾਊਂਟ ਮਿਲੇ।

56.7 ਫ਼ੀਸਦ ਯੂਜ਼ਰਜ਼ ਦੀ ਪ੍ਰੋਫਾਈਲ ਪਿਕਚਰ ਅਤੇ 29.3 ਫ਼ੀਸਦ ਯੂਜ਼ਰਜ ਦਾ ਅਬਾਊਟ ਟੈਕਸਟ ਆਸਾਨੀ ਨਾਲ ਦੇਖਿਆ ਗਿਆ।

ਇਨ੍ਹਾਂ 3.5 ਅਰਬ ਯੂਜ਼ਰਸ ਵਿੱਚ ਸਭ ਤੋਂ ਜ਼ਿਆਦਾ ਯੂਜ਼ਰ ਭਾਰਤ ਵਿੱਚ ਪਾਏ ਗਏ। ਇਹ ਗਿਣਤੀ 74.9 ਕਰੋੜ ਹੈ ਜੋ ਕਿ ਕੁੱਲ ਅਕਾਊਂਟਸ ਦਾ 21.67 ਫੀਸਦ ਹੈ।

ਇੰਡੋਨੇਸ਼ੀਆ ਵਿੱਚ 23.5 ਕਰੋੜ (6.81 ਫ਼ੀਸਦ), ਬ੍ਰਾਜ਼ੀਲ ਵਿੱਚ 20.7 ਕਰੋੜ (5.99 ਫ਼ੀਸਦ), ਅਮਰੀਕਾ ਵਿੱਚ 13.8 ਕਰੋੜ (3.99 ਫ਼ੀਸਦ) ਅਤੇ ਰੂਸ ਵਿੱਚ 13.3 ਕਰੋੜ (3.84 ਫ਼ੀਸਦ) ਅਕਾਊਂਟਸ ਸ਼ਾਮਲ ਸੀ।

ਇਨ੍ਹਾਂ ਵਿੱਚ 81 ਫ਼ੀਸਰ ਐਂਡਰੋਇਡ, 19 ਫ਼ੀਸਦ ਆਈਓਐੱਸ ਯੂਜ਼ਰਸ ਸ਼ਾਮਲ ਹਨ। ਇਸ ਤੋਂ ਇਲਾਵਾ 9 ਫ਼ੀਸਦ ਬਿਜ਼ਨਸ ਅਕਾਊਂਟ ਹਨ।

ਵਟਸਐਪ

ਵਟਸਐਪ ਦਾ ਕੀ ਕਹਿਣਾ ਹੈ

ਬੀਬੀਸੀ ਪੰਜਾਬੀ ਨੇ ਇਸ ਬਾਰੇ ਵਟਸਐਪ ਦਾ ਪੱਖ ਜਾਣਨ ਦੀ ਕੋਸ਼ਿਸ਼ ਵੀ ਕੀਤੀ।

ਈਮੇਲ ਦਾ ਜਵਾਬ ਦਿੰਦਿਆਂ ਵਟਸਐਪ ਵਿੱਚ ਇੰਜੀਨਿਅਰਿੰਗ ਦੇ ਵੀਪੀ ਨੀਤਿਨ ਗੁਪਤਾ ਦਾ ਕਹਿਣਾ ਹੈ, "ਅਸੀਂ ਪਹਿਲਾਂ ਹੀ ਐਂਟੀ-ਸਕ੍ਰੈਪਿੰਗ ਸਿਸਟਮ (ਅਜਿਹਾ ਡਿਫੈਂਸ ਸਿਸਟਮ ਜਿਸਦੀ ਵਰਤੋਂ ਵੈੱਬਸਾਈਟਾਂ ਆਟੋਮੇਟਿਡ ਬੋਟਾਂ ਤੋਂ ਡੇਟਾ ਕੱਢਣ ਅਤੇ ਬਲਾਕ ਕਰਨ ਲਈ ਕਰਦੀਆਂ ਹਨ) 'ਤੇ ਕੰਮ ਕਰ ਰਹੇ ਸੀ ਅਤੇ ਇਹ ਅਧਿਐਨ ਡਿਫੈਂਸ ਸਿਸਟਮ ਦੀ ਪ੍ਰਭਾਵਸ਼ੀਲਤਾ ਦੀ ਪੁਸ਼ਟੀ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ।"

"ਮਹੱਤਵਪੂਰਨ ਗੱਲ ਇਹ ਹੈ ਕਿ ਖੋਜਕਰਤਾਵਾਂ ਨੇ ਅਧਿਐਨ ਦੇ ਹਿੱਸੇ ਵਜੋਂ ਇਕੱਠੇ ਕੀਤੇ ਡੇਟਾ ਨੂੰ ਸੁਰੱਖਿਅਤ ਢੰਗ ਨਾਲ ਮਿਟਾ ਦਿੱਤਾ ਹੈ ਅਤੇ ਸਾਨੂੰ ਇਸਦੀ ਦੁਰਵਰਤੋਂ ਕਰਨ ਵਾਲੀ ਖ਼ਤਰਨਾਕ ਗਤੀਵਿਧੀਆਂ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਗੌਰਤਲਬ ਹੈ ਕਿ ਵਟਸਐਪ ਦੇ ਡਿਫਾਲਟ ਐਂਡ-ਟੂ-ਐਂਡ ਇਨਕ੍ਰਿਪਸ਼ਨ ਦੇ ਕਾਰਨ ਉਪਭੋਗਤਾਵਾਂ ਦੇ ਮੈਸੇਜ ਨਿੱਜੀ ਅਤੇ ਸੁਰੱਖਿਅਤ ਰਹੇ ਅਤੇ ਖੋਜਕਰਤਾ ਵੀ ਇਸ ਡਾਟਾ ਨੂੰ ਹਾਸਲ ਨਹੀਂ ਕਰ ਸਕੇ।"

ਵਟਸਐਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2021 ਦੇ ਫੇਸਬੁੱਕ ਡਾਟਾ ਲੀਕ ਦੌਰਾਨ ਸਾਹਮਣੇ ਆਏ ਕਰੀਬ 500 ਮਿਲੀਅਨ ਫੋਨ ਨੰਬਰਾਂ ਵਿੱਚੋਂ ਕਰੀਬ ਅੱਧੇ ਨੰਬਰ ਹਾਲੇ ਵੀ ਐਕਟਿਵ ਹਨ

'ਆਪਣੇ ਡਾਟਾ ਨੂੰ ਖ਼ੁਦ ਬਚਾਓ'

ਸਾਈਬਰ ਸਿਕਿਉਰਿਟੀ ਮਾਹਰ ਪੀ. ਮੁਹੰਮਦ ਕਹਿੰਦੇ ਹਨ ਕਿ ਜੋ ਵੀ ਡਾਟਾ ਇੱਕ ਵਾਰ ਸੋਸ਼ਲ ਪਲੈਟਫਾਰਮ ਉੱਤੇ ਆ ਜਾਂਦਾ ਹੈ, ਉਸ ਦਾ ਸੁਰੱਖਿਅਤ ਰਹਿਣਾ ਬਹੁਤ ਮੁਸ਼ਕਲ ਹੈ। ਫੇਸਬੁੱਕ ਅਤੇ ਵਟਸਐਪ ਯੂਜ਼ਰਸ ਦੇ ਡਾਟਾ ਦਾ ਇਸਤੇਮਾਲ ਕਰ ਰਹੇ ਹਨ ਜੋ ਕਿ ਕਈ ਵਾਰ ਉਜਾਗਰ ਹੋ ਚੁੱਕਿਆ ਹੈ। ਕੰਪਨੀਆਂ ਨੂੰ ਡਾਟਾ ਵੇਚਿਆ ਜਾ ਰਿਹਾ ਹੈ।

ਭਾਰਤੀ ਕਾਨੂੰਨ ਵਿੱਚ ਡਾਟਾ ਲੋਕਲਾਈਜ਼ੇਸ਼ਨ ਪਾਲਿਸੀ ਵੀ ਨਹੀਂ ਹੈ। ਇਸ ਕਾਰਨ ਡਾਟਾ ਭਾਰਤ ਤੋਂ ਬਾਹਰ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਬਲਕਿ ਭਾਰਤ ਡਾਟਾ ਲਈ ਸਭ ਤੋਂ ਵੱਡਾ ਹੱਬ ਬਣਦਾ ਜਾ ਰਿਹਾ ਹੈ। ਡਿਜੀਟਲ ਫਰੌਡ ਦੇ ਕਈ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ।

ਉਹ ਕਹਿੰਦੇ ਹਨ, "ਆਪਣਾ ਡਾਟਾ ਸਾਨੂੰ ਖ਼ੁਦ ਬਚਾਉਣਾ ਪਵੇਗਾ। ਪ੍ਰਾਈਵੇਸੀ ਪਾਲਿਸੀ ਨੂੰ ਮੰਨਣ ਤੋਂ ਪਹਿਲਾਂ ਧਿਆਨ ਨਾਲ ਪੜ੍ਹੋ, ਆਪਣਾ ਡਾਟਾ ਸਾਂਝਾ ਕਰਨ ਦੀ ਇਜਾਜ਼ਤ ਨਾ ਦਿਓ।"

"ਪਾਸਵਰਡ ਵਾਰ-ਵਾਰ ਬਦਲਦੇ ਰਹੋ। ਲੰਬੇ ਅਤੇ ਜਟਿਲ ਪਾਸਵਰਡ ਰੱਖੋ। ਸੋਸ਼ਲ ਮੀਡੀਆ ਉੱਤੇ ਆਪਣਾ ਡਾਟਾ ਸਾਂਝਾ ਨਾ ਕਰੋ। ਜਿੰਨਾ ਹੋ ਸਕੇ, ਇਸ ਤੋਂ ਦੂਰੀ ਬਣਾ ਕੇ ਰੱਖੋ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)