ਲੋਕ ਸਭਾ ਚੋਣਾਂ 2024: ਭਾਜਪਾ ਵੱਟਸਐੱਪ ਜ਼ਰੀਏ ਲੱਖਾਂ ਲੋਕਾਂ ਤੱਕ ਕਿਵੇਂ ਪਹੁੰਚ ਰਹੀ ਹੈ, ਪੂਰਾ ਨੈੱਟਵਰਕ ਇੰਝ ਕੰਮ ਕਰਦਾ ਹੈ

- ਲੇਖਕ, ਯੋਗਿਤਾ ਲਿਮਾਏ, ਸ਼ਰੂਤੀ ਮੇਨਨ ਅਤੇ ਜੈਕ ਗੁੱਡਮੈਨ
- ਰੋਲ, ਬੀਬੀਸੀ ਪੱਤਰਕਾਰ
ਭਾਜਪਾ ਵਰਕਰ ਅੰਕੁਰ ਰਾਣਾ ਆਪਣੇ ਫ਼ੋਨ 'ਤੇ ਤੇਜ਼ੀ ਨਾਲ ਟਾਈਪ ਕਰ ਰਹੇ ਹਨ। ਅੰਕੁਰ ਉਨ੍ਹਾਂ ਸੈਂਕੜੇ ਵੱਟਸਐਪ ਗਰੁੱਪਾਂ ਨੂੰ ਮੈਸੇਜ ਭੇਜ ਰਹੇ ਹਨ ਜਿਨ੍ਹਾਂ ਦੇ ਉਹ ਐਡਮਿਨ ਹਨ।
ਪੱਛਮੀ ਉੱਤਰ ਪ੍ਰਦੇਸ਼ ਦੇ ਮੇਰਠ ਲੋਕ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਨੇ ਪਿਛਲੇ ਮਹੀਨੇ ਵੋਟਿੰਗ ਤੋਂ ਪਹਿਲਾਂ ਕਿਹਾ ਸੀ, “ਮੇਰੇ ਕੋਲ 400 ਤੋਂ 450 ਵੱਟਸਐਪ ਗਰੁੱਪ ਹਨ, ਹਰ ਇੱਕ ਵਿੱਚ ਤਕਰੀਬਨ 200-300 ਮੈਂਬਰ ਹਨ।”
“ਇਸ ਤੋਂ ਇਲਾਵਾ ਮੇਰਾ ਕਰੀਬ 5000 ਲੋਕਾਂ ਨਾਲ ਸਿੱਧਾ ਸੰਪਰਕ ਹੈ। ਇਸ ਤਰ੍ਹਾਂ ਮੈਂ ਨਿੱਜੀ ਤੌਰ 'ਤੇ ਹਰ ਰੋਜ਼ 10-15 ਹਜ਼ਾਰ ਲੋਕਾਂ ਤੱਕ ਪਹੁੰਚ ਕਰਦਾ ਹਾਂ।”
ਉਹ ਇੱਕ ਸਿੱਖਿਆ ਯਾਫ਼ਤਾ ਟੀਮ ਦਾ ਹਿੱਸਾ ਸੀ ਜੋ ਕਰੋੜਾਂ ਵੋਟਰਾਂ ਅਤੇ ਸਮੂਹਾਂ ਤੱਕ ਭਾਜਪਾ ਦਾ ਸੰਦੇਸ਼ ਪਹੁੰਚਾਉਣ ਲਈ ਬਣਾਈ ਗਈ ਸੀ।
ਬਾਅਦ ਵਿੱਚ ਯੂਪੀ ਦੀਆਂ ਕਈ ਦਰਜਨ ਹੋਰ ਲੋਕ ਸਭਾ ਸੀਟਾਂ ਉੱਤੇ ਵੀ ਅਜਿਹੀਆਂ ਟੀਮਾਂ ਬਣਾਈਆਂ ਗਈਆਂ।
ਇਸ ਮੁਹਿੰਮ ਦਾ ਪੈਮਾਨਾ ਹੈਰਾਨ ਕਰਨ ਵਾਲਾ ਹੈ।

ਤਸਵੀਰ ਸਰੋਤ, Getty Images
ਭਾਜਪਾ ਨੇ ਇਸ ਸਾਲ 370 ਸੀਟਾਂ ਦੇ ਟੀਚੇ 'ਤੇ ਪਹੁੰਚਣ ਲਈ ਕਈ ਮੈਸੇਜਿੰਗ ਐਪਸ ਅਤੇ ਸੋਸ਼ਲ ਮੀਡੀਆ ਦੇ ਨਾਲ-ਨਾਲ ਵੱਟਸਐਪ ਨੂੰ ਚੁਣਿਆ ਹੈ।
ਇਸ ਦਾ ਮੁੱਖ ਕਾਰਨ ਇਹ ਹੈ ਕਿ ਭਾਰਤ ਵਿਸ਼ਵ ਪੱਧਰ 'ਤੇ ਵੱਟਸਐਪ ਦਾ ਸਭ ਤੋਂ ਵੱਡਾ ਬਾਜ਼ਾਰ ਹੈ।
ਇਸ ਮੈਸੇਜਿੰਗ ਪਲੇਟਫਾਰਮ 'ਤੇ 50 ਕਰੋੜ ਤੋਂ ਵੱਧ ਲੋਕ ਹਰ ਰੋਜ਼ ਕਈ ਘੰਟੇ ਬਿਤਾਉਂਦੇ ਹਨ।
ਭਾਰਤੀ ਹਰ ਰੋਜ਼ ਵੱਟਸਐਪ 'ਤੇ ਗੁੱਡ ਮਾਰਨਿੰਗ ਤੋਂ ਲੈ ਕੇ ਮੀਮਜ਼ ਤੱਕ ਸਭ ਕੁਝ ਸਾਂਝਾ ਕਰਦੇ ਹਨ ਅਤੇ ਕਈ ਭਾਸ਼ਾਵਾਂ ਵਿੱਚ ਸਿਆਸੀ ਟਿੱਪਣੀਆਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ।
ਅੰਕੁਰ ਵਰਗੇ ਵਰਕਰ ਚੋਣ ਮਸ਼ੀਨਰੀ ਦਾ ਅਹਿਮ ਹਿੱਸਾ ਹਨ ਜੋ ਇਹ ਯਕੀਨੀ ਬਣਾਉਂਦੇ ਹਨ ਕਿ ਭਾਜਪਾ ਦਾ ਸੰਦੇਸ਼ ਲੋਕਾਂ ਤੱਕ ਪਹੁੰਚਦਾ ਰਹੇ।
ਬੀਬੀਸੀ ਨੇ ਉੱਤਰ ਪ੍ਰਦੇਸ਼ ਵਿੱਚ ਚੋਣ ਖੇਤਰ ਦੇ ਸੋਸ਼ਲ ਮੀਡੀਆ ਕੋਆਰਡੀਨੇਟਰ ਵਜੋਂ ਕੰਮ ਕਰ ਰਹੇ ਕਰੀਬ 10 ਭਾਜਪਾ ਵਰਕਰਾਂ ਨਾਲ ਗੱਲ ਕੀਤੀ।
ਇਨ੍ਹਾਂ ਸਾਰਿਆਂ ਨੇ ਦੱਸਿਆ ਕਿ ਉਹ ਸੈਂਕੜੇ ਵੱਟਸਐਪ ਗਰੁੱਪ ਚਲਾਉਂਦੇ ਹਨ ਅਤੇ ਹਰੇਕ ਗਰੁੱਪ ਵਿੱਚ 200 ਤੋਂ 2000 ਮੈਂਬਰ ਹੁੰਦੇ ਹਨ।
ਇਹ ਇੱਕ ਬਹੁਤ ਹੀ ਨਿਯੰਤਰਿਤ ਮੁਹਿੰਮ ਹੈ।
ਮੇਰਠ ਦੇ ਇੱਕ ਭਾਜਪਾ ਵਰਕਰ ਨੇ ਦੱਸਿਆ ਕਿ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਤੋਂ ਰੋਜ਼ਾਨਾ ਸਿਆਸੀ ਸੰਦੇਸ਼ ਅਤੇ ਹੈਸ਼ਟੈਗ ਭੇਜੇ ਜਾਂਦੇ ਹਨ। ਇਨ੍ਹਾਂ ਵਿੱਚ ਪ੍ਰਧਾਨ ਮੰਤਰੀ ਅਤੇ ਪਾਰਟੀ ਦੀ ਤਾਰੀਫ਼ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੀ ਆਲੋਚਨਾ ਨਾਲ ਸਬੰਧਤ ਸਮੱਗਰੀ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਇਨ੍ਹਾਂ ਨੂੰ ਸੂਬਾ ਪੱਧਰ 'ਤੇ ਸਥਾਪਿਤ ਹੈੱਡਕੁਆਰਟਰ 'ਤੇ ਸਿਖਲਾਈ ਦਿੱਤੀ ਜਾਦੀ ਹੈ।
ਇੱਥੋਂ ਮੇਰਠ ਲੋਕ ਸਭਾ ਹਲਕੇ ਦੇ ਅੰਕੁਰ ਸਮੇਤ 180 ਵਰਕਰਾਂ ਨੂੰ ਮੈਸੇਜ ਭੇਜਿਆ ਜਾਂਦਾ ਹੈ।
ਇਹ ਲੋਕ ਭੇਜੇ ਗਏ ਮੈਸੇਜ ਨੂੰ ਅੱਗੇ ਵਧਾਉਂਦੇ ਹਨ ਅਤੇ ਆਖਰਕਾਰ ਇਹ ਸੰਦੇਸ਼ ਭਾਜਪਾ ਦੇ ਬੂਥ ਪੱਧਰ ਦੇ ਵਰਕਰਾਂ ਤੱਕ ਪਹੁੰਚ ਜਾਂਦੇ ਹਨ।

ਹਰ ਰੋਜ਼ ਇੱਕ ਤੋਂ ਡੇਢ ਲੱਖ ਲੋਕਾਂ ਤੱਕ ਪਹੁੰਚਣ ਦਾ ਟੀਚਾ ਹੈ
ਅੰਕੁਰ ਬਿਨਾਂ ਕਿਸੇ ਤਨਖਾਹ ਦੇ ਭਾਜਪਾ ਲਈ ਕੰਮ ਕਰਦਾ ਹੈ।
ਜਦੋਂ ਉਹ ਭਾਜਪਾ ਲਈ ਕੰਮ ਨਹੀਂ ਕਰ ਰਹੇ ਹੁੰਦੇ ਤਾਂ ਉਸ ਸਮੇਂ ਉਹ ਮੁੰਬਈ ਵਿੱਚ ਇੱਕ ਡਿਜੀਟਲ ਮਾਰਕੀਟਿੰਗ ਕੰਪਨੀ ਵੀ ਚਲਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਵੱਟਸਐਪ ਨੌਜਵਾਨਾਂ ਤੱਕ ਪਹੁੰਚਣ ਲਈ ਖ਼ਾਸ ਤੌਰ 'ਤੇ ਇੱਕ ਅਹਿਮ ਜ਼ਰੀਆ ਹੈ।
ਅੰਕੁਰ ਦਾ ਕਹਿਣਾ ਹੈ ਕਿ 40 ਸਾਲ ਤੋਂ ਵੱਧ ਉਮਰ ਦੇ ਲੋਕ ਫੇਸਬੁੱਕ 'ਤੇ ਜ਼ਿਆਦਾ ਸਰਗਰਮ ਰਹਿੰਦੇ ਹਨ।
ਉਹ ਕਹਿੰਦੇ ਹਨ, "ਸਾਡਾ ਟੀਚਾ ਹਰ ਰੋਜ਼ ਔਸਤਨ 100,000-150,000 ਨਵੇਂ ਲੋਕਾਂ ਤੱਕ ਪਹੁੰਚਣ ਦਾ ਹੈ।"
ਮਾਹਰਾਂ ਦਾ ਮੰਨਣਾ ਹੈ ਕਿ ਸੋਸ਼ਲ ਮੀਡੀਆ ਮੁਹਿੰਮ ਵਿੱਚ ਭਾਜਪਾ ਆਪਣੇ ਵਿਰੋਧੀਆਂ ਤੋਂ ਕਾਫ਼ੀ ਅੱਗੇ ਹੈ।
ਪਰ ਪਾਰਟੀ ਵਰਕਰਾਂ ਦਾ ਕਹਿਣਾ ਹੈ ਕਿ ਇਹ ਸਭ ਕੁਝ ਨਿੱਜੀ ਸੰਪਰਕ ਤੋਂ ਬਿਨਾਂ ਸੰਭਵ ਨਹੀਂ ਹੈ, ਖ਼ਾਸ ਕਰਕੇ ਜਦੋਂ ਉਨ੍ਹਾਂ ਨੂੰ ਪਹਿਲਾਂ ਲੋਕਾਂ ਦੇ ਫ਼ੋਨ ਨੰਬਰ ਲੈਣੇ ਪੈਂਦੇ ਹਨ।
ਮੇਰਠ ਵਿੱਚ ਇੱਕ ਬੂਥ ਦੇ ਭਾਜਪਾ ਦੇ ਪ੍ਰਚਾਰ ਇੰਚਾਰਜ ਵਿਪਿਨ ਵਿਪਲਾ ਨੇ ਕਿਹਾ, "ਪਾਰਟੀ ਦੇ ਹਰ ਮੈਂਬਰ, ਭਾਵੇਂ ਉਹ ਹੇਠਲੇ ਪੱਧਰ ਦਾ ਹੋਵੇ ਜਾਂ ਪਾਰਟੀ ਪ੍ਰਧਾਨ ਨੂੰ 60 ਵੋਟਰਾਂ ਤੱਕ ਪਹੁੰਚਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।"
“ਜਿਨ੍ਹਾਂ 60 ਵੋਟਰਾਂ ਲਈ ਸਾਨੂੰ ਜਿੰਮੇਵਾਰੀ ਸੌਂਪੀ ਗਈ ਹੈ, ਸਾਨੂੰ ਉਨ੍ਹਾਂ ਨਾਲ ਲਗਾਤਾਰ ਸੰਪਰਕ ਰੱਖਣਾ ਪੈਂਦਾ ਹੈ, ਉਨ੍ਹਾਂ ਨੂੰ ਮਿਲਦੇ ਰਹਿਣਾ ਹੈ ਤਾਂ ਜੋ ਉਨ੍ਹਾਂ ਨੂੰ ਭਾਜਪਾ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ ਜਾ ਸਕੇ।”
“ਉਨ੍ਹਾਂ ਦੇ ਫ਼ੋਨ ਨੰਬਰ ਪ੍ਰਾਪਤ ਕਰਨਾ ਅਤੇ ਉਨ੍ਹਾਂ ਨੂੰ ਸਾਡੇ ਵੱਟਸਐਪ ਗਰੁੱਪ ਵਿੱਚ ਸ਼ਾਮਲ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ।”
ਵਿਪਿਨ ਨੇ ਇਨ੍ਹਾਂ ਵੋਟਰਾਂ ਲਈ ਇੱਕ ਵੱਟਸਐਪ ਗਰੁੱਪ ਬਣਾਇਆ ਹੈ, ਜਿਸ ਦਾ ਨਾਂ 'ਹਿਊਮੈਨਿਟੀ ਇਜ਼ ਲਾਈਫ' ਹੈ।
ਇਸ ਤੋਂ ਪਤਾ ਲੱਗਦਾ ਹੈ ਕਿ ਗਰੁੱਪ ਨੂੰ ਜ਼ਿਆਦਾ ਸਿਆਸੀ ਨਾ ਬਣਾਉਣਾ ਵੀ ਇਸ ਮੁਹਿੰਮ ਦਾ ਹਿੱਸਾ ਹੈ।
ਪਰ ਜਿਵੇਂ ਕਿ ਹਰ ਕੋਈ ਜਾਣਦਾ ਹੈ, ਇੰਟਰਨੈਟ ’ਤੇ ਕਿਸੇ ਵੀ ਬਿਰਤਾਂਤ ਨੂੰ ਪੂਰੀ ਤਰ੍ਹਾਂ ਨਿਯੰਤਰਿਤ ਕਰਨਾ ਅਸੰਭਵ ਹੈ ਅਤੇ ਜਦੋਂ ਇਹ ਬਿਰਤਾਂਤ ਨਿੱਜੀ ਵੱਟਸਐਪ ਖਾਤਿਆਂ ਅਤੇ ਸਮੂਹਾਂ 'ਤੇ ਸਾਂਝਾ ਕੀਤਾ ਜਾ ਰਿਹਾ ਹੈ, ਤਾਂ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੇ ਸੰਦੇਸ਼ ਸਾਂਝੇ ਕੀਤੇ ਜਾ ਰਹੇ ਹਨ ਅਤੇ ਉਹ ਸੰਦੇਸ਼ ਕਿੱਥੋਂ ਆਏ ਹਨ।

ਕਿਸ ਕਿਸਮ ਦੇ ਮੈਸੇਜ ਭੇਜੇ ਜਾਂਦੇ ਹਨ
ਇੱਕ ਵਾਇਰਲ ਮੈਸੇਜ, ਜੋ ਕਿ ਵੱਖ-ਵੱਖ ਸਮੂਹਾਂ ਵਿੱਚ ਕਈ ਵਾਰ ਫਾਰਵਰਡ ਕੀਤਾ ਗਿਆ ਅਤੇ ਬੀਬੀਸੀ ਨੇ ਵੀ ਦੇਖਿਆ, ਉਸ ਵਿੱਚ ਕਾਂਗਰਸ ਪਾਰਟੀ 'ਤੇ ਮੁਸਲਿਮ ਘੱਟ ਗਿਣਤੀਆਂ ਨੂੰ ਖੁਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ।
ਮੈਸੇਜ ਵਿੱਚ ਲਿਖਿਆ ਗਿਆ ਸੀ, "ਕਾਂਗਰਸ ਨੇ ਪਹਿਲਾਂ ਹੀ ਭਾਰਤ ਨੂੰ ਇੱਕ ਇਸਲਾਮੀ ਦੇਸ਼ ਬਣਾ ਦਿੱਤਾ ਸੀ, ਬਸ ਉਨ੍ਹਾਂ ਨੇ ਅਧਿਕਾਰਤ ਤੌਰ 'ਤੇ ਇਸ ਦਾ ਐਲਾਨ ਕਦੇ ਨਹੀਂ ਕੀਤਾ।"
ਮੈਸੇਜ ਵਿੱਚ 18 ਅਜਿਹੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਕਾਂਗਰਸ ਮੁਸਲਿਮ ਭਾਈਚਾਰੇ ਦਾ ਪੱਖ ਪੂਰਦੀ ਹੈ।
ਇਹ ਪਤਾ ਲਗਾਉਣਾ ਅਸੰਭਵ ਹੈ ਕਿ ਇਹ ਸੰਦੇਸ਼ ਪਹਿਲਾਂ ਕਿੱਥੋਂ ਆਇਆ ਸੀ, ਪਰ ਇਹ ਹਾਲ ਹੀ ਦੇ ਹਫ਼ਤਿਆਂ ਵਿੱਚ ਚੋਣ ਰੈਲੀਆਂ ਦੌਰਾਨ ਭਾਜਪਾ ਲੀਡਰਸ਼ਿਪ ਵੱਲੋਂ ਕੀਤੀਆਂ ਜਾਂਦੀਆਂ ਟਿੱਪਣੀਆਂ ਵਿੱਚ ਗੂੰਜਦਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪ੍ਰੈਲ ਵਿੱਚ ਚੋਣ ਰੈਲੀਆਂ 'ਚ ਦਾਅਵਾ ਕੀਤਾ ਸੀ ਕਿ ਜੇਕਰ ਵਿਰੋਧੀ ਧਿਰ ਸੱਤਾ 'ਚ ਆਈ ਤਾਂ ਉਹ ਲੋਕਾਂ ਦੀਆਂ ਜਾਇਦਾਦਾਂ 'ਘੁਸਪੈਠੀਆਂ' 'ਚ ਵੰਡ ਦੇਵੇਗੀ।
ਪ੍ਰਧਾਨ ਮੰਤਰੀ ਦੀ ਇਸ ਟਿੱਪਣੀ ਨੂੰ ਮੁਸਲਮਾਨਾਂ ਦੇ ਸੰਦਰਭ ਵਿੱਚ ਦੇਖਿਆ ਗਿਆ ਸੀ।
ਇਸ ਤੋਂ ਬਾਅਦ ਨਰਿੰਦਰ ਮੋਦੀ 'ਤੇ ਇਸਲਾਮੋਫ਼ੋਬੀਆ ਫੈਲਾਉਣ ਦੇ ਇਲਜ਼ਾਮ ਲੱਗੇ ਸਨ।
ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਇਸ ਗੱਲ ਨੂੰ ਦੁਹਰਾਉਂਦੇ ਹੋਏ ਐਨੀਮੇਟਿਡ ਵੀਡੀਓਜ਼ ਸ਼ੇਅਰ ਕੀਤੇ ਹਨ, ਨਾਲ ਹੀ, ਭਾਜਪਾ ਆਗੂਆਂ ਨੇ ਝੂਠੇ ਦਾਅਵੇ ਕੀਤੇ ਹਨ ਕਿ ਇਹ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਲਿਖਿਆ ਹੈ।
ਹਾਲਾਂਕਿ ਤੱਥ ਇਹ ਹੈ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਦੌਲਤ ਦੀ ਮੁੜ ਵੰਡ ਜਾਂ ਮੁਸਲਮਾਨਾਂ ਵਰਗੇ ਸ਼ਬਦਾਂ ਦਾ ਕੋਈ ਜ਼ਿਕਰ ਨਹੀਂ ਹੈ।
ਭਾਰਤ ਵਿੱਚ ਵੱਟਸਐਪ ਦੀ ਵਰਤੋਂ ਬਾਰੇ ਰਿਸਰਚ ਕਰ ਰਹੀ ਰਟਗਰਜ਼ ਯੂਨੀਵਰਸਿਟੀ ਦੀ ਸਹਾਇਕ ਪ੍ਰੋਫੈਸਰ ਕਿਰਨ ਗਰਿਮੇਲਾ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਦੀ ਅਧਿਕਾਰਤ ਵਿਚਾਰਧਾਰਾ ਅਕਸਰ ਨਿੱਜੀ ਸਮੂਹਾਂ 'ਤੇ ਵੀ ਝਲਕਦੀ ਹੈ -
ਪਰ ਫਿਰ, ਇਹ ਪਤਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਕੀ ਅਧਿਕਾਰਤ ਹੈ ਅਤੇ ਕੀ ਗ਼ੈਰ-ਅਧਿਕਾਰਿਤ ਹੈ।
ਕਿਰਨ ਕਹਿੰਦੇ ਹੈ, “ਇਸਦੇ ਲਈ ਉੱਪਰ ਤੋਂ ਹੇਠਾਂ ਤੱਕ ਜ਼ੋਰ ਦਿੱਤਾ ਜਾ ਰਿਹਾ ਹੈ, ਆਈਟੀ ਸੈੱਲ (ਭਾਜਪਾ ਦੀ ਸੋਸ਼ਲ ਮੀਡੀਆ ਟੀਮ) ਦਾ ਆਪਰੇਸ਼ਨ ਚੱਲ ਰਿਹਾ ਹੈ ਅਤੇ ਫਿਰ ਇਸ ਦੇ ਆਲੇ-ਦੁਆਲੇ ਸਮੱਗਰੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਲਗਾਤਾਰ ਫ਼ੈਲਾਇਆ ਜਾ ਰਿਹਾ ਹੈ।”
“ਪਰ ਇਸ ਵਿੱਚ ਹੋ ਰਿਹਾ ਮੁੱਖ ਪ੍ਰਯੋਗ ਇਹ ਹੈ ਕਿ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਫ਼ੈਲਾਉਣ ਵਿੱਚ ਆਮ ਲੋਕ ਵੀ ਭੂਮਿਕਾ ਨਿਭਾ ਰਹੇ ਹਨ।”
ਉਹ ਕਹਿੰਦੇ ਹਨ, "ਵੱਟਸਐਪ ਦੀ ਪ੍ਰਕਿਰਤੀ ਨੂੰ ਦੇਖਦੇ ਹੋਏ, ਇਹ ਸਮਝਣਾ ਮੁਸ਼ਕਲ ਹੈ ਕਿ ਕਿਹੜੀ ਸਮੱਗਰੀ ਆਈਟੀ ਸੈੱਲ ਦੀ ਹੈ ਅਤੇ ਕਿਹੜੀ ਪਾਰਟੀ ਸਮਰਥਕਾਂ ਦੀ ਹੈ।"
ਭਾਵੇਂ ਸੰਦੇਸ਼ ਇੱਕ ਪਲੇਟਫਾਰਮ ਤੋਂ ਸ਼ੁਰੂ ਹੁੰਦੇ ਹਨ ਪਰ ਉਹ ਥੋੜ੍ਹੇ ਸਮੇਂ ਵਿੱਚ ਹੀ ਦੂਜੇ ਮੀਡੀਆ 'ਤੇ ਵੀ ਘੁੰਮਣਾ ਸ਼ੁਰੂ ਕਰਦੇ ਹਨ, ਜਿਸ ਕਾਰਨ ਲੋਕਾਂ ਨੂੰ ਯਕੀਨ ਹੋ ਜਾਂਦਾ ਹੈ ਕਿ ਉਹ ਜੋ ਦੇਖ ਰਹੇ ਹਨ ਉਹ ਸੱਚ ਹੈ।

ਤਸਵੀਰ ਸਰੋਤ, BHARATIYA JANATA PARTY
ਭਾਜਪਾ ਦਾ ਇਸ਼ਤਿਹਾਰ
ਭਾਜਪਾ ਦੇ ਨਵੇਂ ਪ੍ਰਚਾਰ ਇਸ਼ਤਿਹਾਰ ਵਿੱਚ ਦਿਖਾਇਆ ਗਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਵਿੱਚ ਫ਼ਸੇ ਵਿਦਿਆਰਥੀਆਂ ਨੂੰ ਕੱਢਣ ਲਈ ਰੂਸ-ਯੂਕਰੇਨ ਜੰਗ ਨੂੰ ਰੁਕਵਾ ਦਿੱਤਾ ਸੀ।
ਇਹ ਦਾਅਵਾ ਪਹਿਲੀ ਵਾਰ ਐੱਕਸ 'ਤੇ ਕਈ ਉਪਭੋਗਤਾਵਾਂ ਨੇ ਮਾਰਚ 2022 ਵਿੱਚ, ਜੰਗ ਸ਼ੁਰੂ ਹੋਣ ਤੋਂ ਫੌਰਨ ਬਾਅਦ ਕੀਤਾ ਗਿਆ ਸੀ ਅਤੇ ਕੁਝ ਨਿਊਜ਼ ਚੈਨਲਾਂ ਵੱਲੋਂ ਵੀ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਸੀ।
ਉਸ ਸਮੇਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਸੀ।
ਇੱਕ ਬੁਲਾਰੇ ਨੇ ਕਿਹਾ, "ਇਹ ਕਹਿਣਾ ਕਿ ਕਿਸੇ ਨੇ ਬੰਬ ਧਮਾਕੇ ਰੁਕਵਾ ਦਿੱਤੇ ਸਨ ਜਾਂ ਤੁਸੀਂ ਜਾਣਦੇ ਹੋ, ਕਿ ਅਸੀਂ ਇਸਦਾ ਤਾਲਮੇਲ ਕੀਤਾ ਹਾਂ, ਮੈਂ ਇਹ ਮੰਨਦਾ ਹਾਂ ਕਿ ਇਹ ਪੂਰੀ ਤਰ੍ਹਾਂ ਗ਼ਲਤ ਹੈ।”
ਹੁਣ ਦੋ ਸਾਲ ਬਾਅਦ ਭਾਜਪਾ ਦੇ ਚੋਟੀ ਦੇ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਇਸ ਦਾ ਜ਼ਿਕਰ ਕੀਤਾ ਹੈ ਅਤੇ ਇਸ਼ਤਿਹਾਰ ਸੋਸ਼ਲ ਮੀਡੀਆ 'ਤੇ ਕਾਫ਼ੀ ਦੇਖਿਆ ਗਿਆ ਹੈ।
ਭਾਜਪਾ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਉਹ ਇਹ ਦਾਅਵਾ ਕਿਉਂ ਦੁਹਰਾ ਰਹੇ ਹਨ।
ਮੇਰਠ ਯੂਨੀਵਰਸਿਟੀ ਦੇ ਬਾਹਰ ਅਸੀਂ 20 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ ਨੂੰ ਮਿਲੇ ਜੋ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਸਨ।
ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਇਹ ਦਾਅਵਾ ਸੁਣਿਆ ਹੈ ਅਤੇ ਕੀ ਉਹ ਇਸ 'ਤੇ ਵਿਸ਼ਵਾਸ ਕਰਦੇ ਹਨ।
ਜ਼ਿਆਦਾਤਰ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਵੀਡੀਓ 'ਐਕਸ' 'ਤੇ ਦੇਖੀ ਹੈ।

ਸੋਸ਼ਲ ਮੀਡੀਆ ਦਾ ਪ੍ਰਭਾਵ
ਆਪਣੇ ਦੋਸਤਾਂ ਨਾਲ ਸਹਿਮਤ ਹੁੰਦਿਆਂ ਵਿਸ਼ਾਲ ਵਰਮਾ ਨੇ ਕਿਹਾ, "ਹਾਂ, ਬੇਸ਼ੱਕ ਸਾਡਾ ਮੰਨਣਾ ਹੈ ਕਿ ਭਾਰਤ ਦੀ ਬੇਨਤੀ ਕਾਰਨ ਜੰਗ ਰੋਕੀ ਗਈ ਸੀ।"
ਆਲੇ-ਦੁਆਲੇ ਇਕੱਠੇ ਹੋਏ ਹੋਰ ਲੋਕਾਂ ਨੇ ਵੀ ਹਾਮੀ ਭਰ ਦਿੱਤੀ। ਸਿਰਫ਼ ਕੁਝ ਵਿਦਿਆਰਥੀ ਇਸ ਨਾਲ ਅਸਹਿਮਤ ਸਨ।
ਕਬੀਰ ਨੇ ਕਿਹਾ, “ਇਹ ਸੱਚ ਨਹੀਂ ਹੈ।
ਮੈਂ ਖ਼ੁਦ ਵਿਦਿਆਰਥੀਆਂ ਵੱਲੋਂ ਬਣਾਏ ਵੀਡੀਓ ਦੇਖੇ ਹਨ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਹੈ।"
ਅਸੀਂ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਵੀ ਇਹੀ ਸਵਾਲ ਪੁੱਛਿਆ, ਜਿਨ੍ਹਾਂ ਵਿੱਚੋਂ ਕਈਆਂ ਨੇ ਇਹ ਦਾਅਵਾ ਟੀਵੀ ਖ਼ਬਰਾਂ ਵਿੱਚ ਦੇਖਿਆ ਸੀ।
41 ਸਾਲਾ ਕਿਸਾਨ ਸੰਜੀਵ ਕਸ਼ਯਪ ਨੇ ਕਿਹਾ, ''ਹਾਂ, ਜੰਗ ਨੂੰ ਰੋਕ ਦਿੱਤਾ ਗਿਆ ਸੀ ਕਿਉਂਕਿ ਮੋਦੀ ਦਾ ਕੌਮਾਂਤਰੀ ਪੱਧਰ 'ਤੇ ਸਨਮਾਨ ਕੀਤਾ ਜਾਂਦਾ ਹੈ।”
75 ਸਾਲਾ ਜਗਦੀਸ਼ ਚੌਧਰੀ ਨੇ ਕਿਹਾ, ''ਦੇਖੋ, ਅਸੀਂ ਸੁਣਿਆ ਹੈ ਕਿ ਜੰਗ ਰੁਕ ਗਈ ਸੀ, ਅਸੀਂ ਖੁਦ ਉੱਥੇ ਜਾ ਕੇ ਨਹੀਂ ਦੇਖਿਆ। ਪਰ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਕੁਝ ਸੱਚਾਈ ਹੋ ਸਕਦੀ ਹੈ।”
ਚਾਰ ਹੋਰ ਪਿੰਡ ਵਾਲੇ ਵੀ ਉਸ ਨਾਲ ਸਹਿਮਤ ਸਨ।
ਲੋਕਾਂ ਦੇ ਵਿਸ਼ਵਾਸ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੋਣਾ ਇੱਕ ਅਹਿਮ ਤਾਕਤ ਹੈ।
ਆਖਰਕਾਰ ਲੋਕ ਕਿਸ ਨੂੰ ਵੋਟ ਪਾਉਂਦੇ ਹਨ ਇਸ ਗੱਲ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ।
(ਜੈਕੀ ਵੇਕਫੀਲਡ ਨੇ ਇਸ ਰਿਪੋਰਟ ਵਿੱਚ ਸਹਿਯੋਗ ਦਿੱਤਾ ਹੈ)












