ਲੋਕ ਸਭਾ ਚੋਣਾਂ 2024: ਅਗਨੀਪਥ ਤੇ ਬੇਰੁਜ਼ਗਾਰੀ ਸਣੇ ਹਰਿਆਣਾ ਵਿੱਚ ਕਿਹੜੇ ਮੁੱਦੇ ਭਾਰੂ ਹਨ

ਹਰਿਆਣਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2019 ਵਿੱਚ ਭਾਜਪਾ ਨੇ ਹਰਿਆਣਾ ਦੀਆਂ ਸਾਰੀਆਂ ਦਸ ਲੋਕ ਸਭਾ ਸੀਟਾਂ ਜਿੱਤੀਆਂ ਸਨ
    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੱਤਰਕਾਰ

25 ਮਈ ਨੂੰ ਹਰਿਆਣਾ ਦੇ 2 ਕਰੋੜ ਤੋਂ ਵੱਧ ਵੋਟਰ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ, ਵਿਰੋਧੀ ਪਾਰਟੀ ਕਾਂਗਰਸ ਅਤੇ ਹੋਰ ਖੇਤਰੀ ਪਾਰਟੀਆਂ ਦੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।

ਹਰਿਆਣਾ ਵਿੱਚ ਇਸ ਸਾਲ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੋਵੇਂ ਹੋਣਗੀਆਂ, ਜਿਸ ਨਾਲ ਵੋਟਰ ਲੋਕ ਸਭਾ ਚੋਣਾਂ ਦੌਰਾਨ ਸਥਾਨਕ ਅਤੇ ਰਾਸ਼ਟਰੀ ਮੁੱਦਿਆਂ 'ਤੇ ਚਰਚਾ ਕਰ ਰਹੇ ਹਨ।

ਸੂਬੇ ਵਿੱਚ ਇਸ ਸਾਲ ਅਕਤੂਬਰ ਤੱਕ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

2019 ਵਿੱਚ ਭਾਜਪਾ ਨੇ ਹਰਿਆਣਾ ਦੀਆਂ ਸਾਰੀਆਂ ਦਸ ਲੋਕ ਸਭਾ ਸੀਟਾਂ ਜਿੱਤੀਆਂ ਸਨ, ਜਿਸ ਵਿੱਚ ਸੋਨੀਪਤ ਅਤੇ ਰੋਹਤਕ ਹਲਕਿਆਂ ਦੀਆਂ ਮਹੱਤਵਪੂਰਨ ਸੀਟਾਂ ਵੀ ਸ਼ਾਮਲ ਹਨ, ਜਿੱਥੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਉਨ੍ਹਾਂ ਦੇ ਪੁੱਤਰ ਦੀਪੇਂਦਰ ਸਿੰਘ ਹੁੱਡਾ ਚੋਣ ਲੜ ਰਹੇ ਸਨ।

ਉਨ੍ਹਾਂ ਦੀ ਹਾਰ ਕਾਂਗਰਸ ਲਈ ਇੱਕ ਵੱਡਾ ਝਟਕਾ ਸੀ, ਜਿਸ ਨੇ 2004 ਤੋਂ 2014 ਤੱਕ ਸੂਬੇ ’ਤੇ ਸ਼ਾਸਨ ਕੀਤਾ ਸੀ।

ਹਾਲਾਂਕਿ, ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ 90 ਮੈਂਬਰੀ ਸਦਨ ’ਚ 30 ਸੀਟਾਂ ਜਿੱਤ ਕੇ ਕਈਆਂ ਨੂੰ ਹੈਰਾਨ ਕਰ ਦਿੱਤਾ, ਜਦਕਿ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਭਾਜਪਾ ਬਹੁਮਤ ਤੋਂ ਪਿੱਛੇ ਰਹਿ ਗਈ।

ਭਾਜਪਾ ਨੇ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਾਲੀ ਨਵੀਂ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨਾਲ ਗੱਠਜੋੜ ਕੀਤਾ, ਪਰ ਹਾਲ ਹੀ ਵਿੱਚ ਲੋਕ ਸਭਾ ਸੀਟਾਂ ਦੀ ਵੰਡ ਦੇ ਮੁੱਦੇ ’ਤੇ ਇਹ ਗੱਠਜੋੜ ਟੁੱਟ ਗਿਆ।

ਸਾਬਕਾ ਮੁੱਖ ਮੰਤਰੀ ਓਪੀ ਚੌਟਾਲਾ ਦੇ ਛੋਟੇ ਪੁੱਤਰ ਅਜੈ ਚੌਟਾਲਾ ਦੀ ਅਗਵਾਈ ਵਾਲੀ ਜੇਜੇਪੀ 2019 ਵਿੱਚ ਪਰਿਵਾਰਕ ਦਬਦਬੇ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਆਪਣੀ ਮੂਲ ਪਾਰਟੀ ਇਨੈਲੋ ਤੋਂ ਅਲੱਗ ਹੋ ਗਈ ਸੀ।

ਹਰਿਆਣਾ ਦੇ ਮੁੱਖ ਚੋਣ ਹਲਕੇ

ਰੋਹਤਕ: ਭੁਪਿੰਦਰ ਸਿੰਘ ਹੁੱਡਾ ਦਾ ਗੜ੍ਹ ਮੰਨੀ ਜਾਂਦੀ ਇਹ ਜਾਟ ਬਹੁਗਿਣਤੀ ਵਾਲੀ ਸੀਟ 2019 ਵਿੱਚ ਭਾਜਪਾ ਦੇ ਅਰਵਿੰਦ ਸ਼ਰਮਾ ਨੇ ਤਿੰਨ ਵਾਰ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੂੰ 7,503 ਵੋਟਾਂ ਨਾਲ ਹਰਾ ਕੇ ਜਿੱਤੀ ਸੀ।

ਇਹ ਹਲਕਾ ਹਰਿਆਣਾ ਦੇ ਦਿੱਗਜ ਨੇਤਾ ਦੇਵੀ ਲਾਲ ’ਤੇ ਭੁਪਿੰਦਰ ਸਿੰਘ ਹੁੱਡਾ ਦੀ ਪਿਛਲੀ ਜਿੱਤ ਲਈ ਅਹਿਮ ਸਥਾਨ ਰੱਖਦਾ ਹੈ।

ਚੌਥੀ ਵਾਰ ਚੋਣ ਲੜ ਰਹੇ ਦੀਪੇਂਦਰ ਸਿੰਘ ਹੁੱਡਾ ਜਾਟ ਵੋਟਰਾਂ ਦੇ ਸਮਰਥਨ ’ਤੇ ਨਿਰਭਰ ਹਨ ਅਤੇ ਭਾਜਪਾ ਨੂੰ ਚੁਣੌਤੀ ਦੇਣ ਲਈ ਬੇਰੁਜ਼ਗਾਰੀ ਅਤੇ ਅਗਨੀਪਥ ਯੋਜਨਾ ਵਰਗੇ ਮੁੱਦਿਆਂ ਦਾ ਲਾਭ ਉਠਾ ਰਹੇ ਹਨ।

 ਭੁਪਿੰਦਰ ਸਿੰਘ ਹੁੱਡਾ

ਤਸਵੀਰ ਸਰੋਤ, Getty Images

ਕਰਨਾਲ: ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੋ ਵਾਰੀ ਲੋਕ ਸਭਾ ਲਈ ਚੁਣੇ ਜਾ ਚੁੱਕੇ ਹਨ, ਉਹ ਕਰਨਾਲ ਤੋਂ ਪਹਿਲੀ ਵਾਰ ਆਪਣੀ ਲੋਕ ਸਭਾ ਚੋਣ ਲੜ ਰਹੇ ਹਨ।

ਉਨ੍ਹਾਂ ਨੂੰ ਸ਼ਹਿਰੀ ਵੋਟਰਾਂ ਦਾ ਭਾਰੀ ਸਮਰਥਨ ਪ੍ਰਾਪਤ ਹੈ, ਪਰ ਜੀਟੀ ਰੋਡ ’ਤੇ ਸਥਿਤ ਜ਼ਿਲ੍ਹਿਆਂ ਵਿੱਚ ਕਿਸਾਨ ਅੰਦੋਲਨ ਵਰਗੇ ਮੁੱਦਿਆਂ ਕਾਰਨ ਉਨ੍ਹਾਂ ਨੂੰ ਪਿੰਡਾਂ ਦੇ ਵੋਟਰਾਂ ਤੋਂ ਖਾਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਾਂਗਰਸ ਨੇ ਖੱਟਰ ਦੇ ਖਿਲਾਫ਼ 31 ਸਾਲਾ ਯੂਥ ਕਾਂਗਰਸ ਪ੍ਰਧਾਨ ਦਿਵਯਾਂਸ਼ੂ ਬੁੱਧੀਰਾਜਾ ਨੂੰ ਮੈਦਾਨ ’ਚ ਉਤਾਰਿਆ ਹੈ।

ਬੁੱਧੀਰਾਜਾ ਨੂੰ ਸ਼ਹਿਰੀ ਖੇਤਰਾਂ ਵਿੱਚ ਪੰਜਾਬੀ ਭਾਈਚਾਰੇ ਤੋਂ ਵੋਟਾਂ ਮਿਲਣ ਦੀ ਉਮੀਦ ਹੈ, ਜੋ ਪਹਿਲਾਂ ਖੱਟਰ ਦਾ ਸਮਰਥਨ ਕਰਦੇ ਸਨ। ਪਿੰਡਾਂ ਦੇ ਵੋਟਰਾਂ ਦੀ ਅਸੰਤੁਸ਼ਟੀ ਚੋਣਾਂ ਨੂੰ ਕਾਂਗਰਸ ਦੇ ਹੱਕ ਵਿੱਚ ਬਦਲ ਸਕਦੀ ਹੈ।

ਨੈਨਾ ਚੌਟਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਜੇਪੀ ਨੇ ਅਜੇ ਚੌਟਾਲਾ ਦੀ ਪਤਨੀ ਨੈਨਾ ਚੌਟਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ

ਹਿਸਾਰ: ਦੇਵੀ ਲਾਲ ਪਰਿਵਾਰ ਦੇ ਤਿੰਨ ਮੈਂਬਰ ਵੱਖ-ਵੱਖ ਸਿਆਸੀ ਪਾਰਟੀਆਂ ਤੋਂ ਹਿਸਾਰ ਤੋਂ ਚੋਣ ਲੜ ਰਹੇ ਹਨ।

ਭਾਜਪਾ ਦਾ ਉਮੀਦਵਾਰ ਦੇਵੀ ਲਾਲ ਦਾ ਪੁੱਤਰ ਚੌਧਰੀ ਰਣਜੀਤ ਸਿੰਘ ਹੈ ਜੋ 2019 ਵਿੱਚ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਸੀਟ ਜਿੱਤਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਇਆ ਸੀ।

ਜੇਜੇਪੀ ਨੇ ਅਜੇ ਚੌਟਾਲਾ ਦੀ ਪਤਨੀ ਨੈਨਾ ਚੌਟਾਲਾ ਨੂੰ ਮੈਦਾਨ ਵਿੱਚ ਉਤਾਰਿਆ ਹੈ ਜਦਕਿ ਆਈਐੱਨਐੱਲਡੀ ਨੇ ਰਵੀ ਚੌਟਾਲਾ ਦੀ ਪਤਨੀ ਸੁਨੈਨਾ ਚੌਟਾਲਾ ਨੂੰ ਉਮੀਦਵਾਰ ਬਣਾਇਆ ਹੈ।

ਜਾਟਾਂ ਦੇ ਦਬਦਬੇ ਵਾਲੇ ਇਸ ਚੋਣ ਹਲਕੇ ਦੀ ਪ੍ਰਤੀਨਿਧਤਾ ਇਤਿਹਾਸਕ ਤੌਰ 'ਤੇ ਇੱਕ ਹੋਰ ਪ੍ਰਮੁੱਖ ਨੇਤਾ ਭਜਨ ਲਾਲ ਅਤੇ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਕੁਲਦੀਪ ਬਿਸ਼ਨੋਈ ਨੇ ਕੀਤੀ ਹੈ।

ਸਟਾਰ ਪ੍ਰਚਾਰਕ

ਵੋਟਾਂ ਤੋਂ ਪਹਿਲਾਂ ਆਖ਼ਰੀ ਹਫ਼ਤੇ ਵਿੱਚ ਸਟਾਰ ਪ੍ਰਚਾਰਕ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 18 ਮਈ ਨੂੰ ਅੰਬਾਲਾ ਅਤੇ ਗੋਹਾਨਾ ਵਿੱਚ ਰੈਲੀਆਂ ਨੂੰ ਸੰਬੋਧਨ ਕੀਤਾ।

ਇਸ ਵਿੱਚ ਰਾਸ਼ਟਰੀ ਸੁਰੱਖਿਆ ਵਰਗੇ ਭਾਵਨਾਤਮਕ ਮੁੱਦਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਅਤੇ ਕਾਂਗਰਸ ਦੀ ਆਲੋਚਨਾ ਕੀਤੀ ਗਈ।

ਕੇਂਦਰੀ ਮੰਤਰੀ ਅਮਿਤ ਸ਼ਾਹ ਝੱਜਰ ਦਾ ਦੌਰਾ ਕਰਨਗੇ, ਜਦੋਂ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਨਿਤਿਨ ਗਡਕਰੀ 22 ਮਈ ਨੂੰ ਹਰਿਆਣਾ ਵਿੱਚ ਚੋਣ ਪ੍ਰਚਾਰ ਕਰਨਗੇ।

ਕਾਂਗਰਸ ਵੱਲੋਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੱਖ-ਵੱਖ ਹਲਕਿਆਂ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ।

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਹੁਲ ਗਾਂਧੀ

2019 ਦੀਆਂ ਚੋਣਾਂ ਤੋਂ ਬਾਅਦ ਭਾਜਪਾ ਦੇ ਬਹੁਮਤ ਤੋਂ ਦੂਰ ਰਹਿ ਜਾਣ ਕਾਰਨ ਬਣੇ ਭਾਜਪਾ-ਜੇਜੇਪੀ ਗੱਠਜੋੜ ਦੇ ਟੁੱਟਣ ਨਾਲ ਭਾਜਪਾ ਅਨਿਸ਼ਤਿਤ ਸਥਿਤੀ ਵਿੱਚ ਆ ਗਈ ਹੈ।

ਟੋਹਾਣਾ ਤੋਂ ਜੇਜੇਪੀ ਵਿਧਾਇਕ ਅਤੇ ਗੱਠਜੋੜ ਸਰਕਾਰ ਵਿੱਚ ਮੰਤਰੀ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਜੇਜੇਪੀ ਦੇ ਕਈ ਨੇਤਾ ਹਾਲ ਹੀ ਵਿੱਚ ਦੁਸ਼ਯੰਤ ਚੌਟਾਲਾ ਦੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ।

ਮਨੋਹਰ ਲਾਲ ਖੱਟਰ ਅਤੇ ਰਣਜੀਤ ਚੌਟਾਲਾ, ਜੋ ਹੁਣ ਹਿਸਾਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਹਨ, ਦੇ ਅਸਤੀਫ਼ਿਆਂ ਦੇ ਨਾਲ ਹਰਿਆਣਾ ਵਿੱਚ ਭਾਜਪਾ ਸੱਤ ਆਜ਼ਾਦ ਉਮੀਦਵਾਰਾਂ ਦੇ ਸਮਰਥਨ 'ਤੇ ਨਿਰਭਰ ਹੈ।

ਹਾਲ ਹੀ ਵਿੱਚ, ਇਨ੍ਹਾਂ ਵਿੱਚੋਂ ਤਿੰਨ ਆਜ਼ਾਦ ਵਿਧਾਇਕਾਂ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਅਤੇ ਕਾਂਗਰਸ ਨਾਲ ਚਲੇ ਗਏ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਾਸ਼ਟਰਪਤੀ ਸ਼ਾਸਨ ਦੀ ਮੰਗ ਕਰਦੇ ਹੋਏ ਕਿਹਾ ਕਿ ਭਾਜਪਾ ਕੋਲ ਸਰਕਾਰ ਚਲਾਉਣ ਲਈ ਬਹੁਮਤ ਨਹੀਂ ਹੈ।

 ਦੁਸ਼ਯੰਤ ਚੌਟਾਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੇਜੇਪੀ ਦੇ ਕਈ ਨੇਤਾ ਹਾਲ ਹੀ ਵਿੱਚ ਦੁਸ਼ਯੰਤ ਚੌਟਾਲਾ ਦੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਹਨ।

ਚੋਣ ਮਾਹੌਲ ਦੇ 3 ਮੁੱਖ ਮੁੱਦੇ

ਬੇਰੁਜ਼ਗਾਰੀ

ਜੇਕਰ ਇੱਕ ਗੱਲ ਜੋ ਇਸ ਚੋਣ ਵਿੱਚ 2019 ਦੀਆਂ ਸੰਸਦੀ ਚੋਣਾਂ ਤੋਂ ਅਲੱਗ ਹੋ ਸਕਦੀ ਹੈ ਤਾਂ ਉਹ ਹੈ ਬੇਰੁਜ਼ਗਾਰੀ ਦਾ ਮੁੱਦਾ। ਇਸ ਨੇ ਨੌਜਵਾਨਾਂ ਨੂੰ ਭਾਜਪਾ ਤੋਂ ਦੂਰ ਕਰ ਦਿੱਤਾ ਹੈ।

ਵਿਰੋਧੀ ਧਿਰ ਕਾਂਗਰਸ ਨੌਜਵਾਨਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਕਰਨ ਲਈ ਹਰ ਸੰਭਵ ਮੰਚ ਦੀ ਵਰਤੋਂ ਕਰ ਰਹੀ ਹੈ।

ਰੋਹਤਕ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਸ਼ਰਮਾ ਨੇ ਬੀਬੀਸੀ ਨੂੰ ਦੱਸਿਆ ਕਿ ਸੂਬੇ ਦੇ ਨਾਲ-ਨਾਲ ਕੇਂਦਰ ਵਿੱਚ ਵੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਪਰ ਕਾਂਗਰਸ ਸਿਆਸੀ ਕਾਰਨਾਂ ਕਰਕੇ ਇਸ ਮੁੱਦੇ ਨੂੰ ਉਛਾਲ ਰਹੀ ਹੈ। ਉਹ ਨੌਜਵਾਨਾਂ ਦੇ ਮੁੱਦਿਆਂ ਪ੍ਰਤੀ ਗੰਭੀਰ ਨਹੀਂ ਹੈ।

ਰੋਹਤਕ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਦੀਪੇਂਦਰ ਸਿੰਘ ਹੁੱਡਾ ਨੇ ਕਿਹਾ ਕਿ ਕਾਂਗਰਸ ਚੋਣ ਜਿੱਤਣ ਤੋਂ ਬਾਅਦ ਨੌਜਵਾਨਾਂ ਲਈ ਪੱਕੀਆਂ ਨੌਕਰੀਆਂ ਯਕੀਨੀ ਬਣਾਏਗੀ।

ਦੀਪੇਂਦਰ ਨੇ ਦਾਅਵਾ ਕੀਤਾ, ‘‘ਹਰਿਆਣਾ ਵਿੱਚ ਬੇਰੁਜ਼ਗਾਰੀ ਕਾਰਨ ਨੌਕਰੀਆਂ ਦੀ ਤਲਾਸ਼ ਵਿੱਚ 45% ਨੌਜਵਾਨ ਵਿਦੇਸ਼ ਚਲੇ ਗਏ ਹਨ।’’

ਉਨ੍ਹਾਂ ਨੇ ਕਿਹਾ ਕਿ ਸੀਐੱਮਆਈਈ ਦੇ ਅੰਕੜਿਆਂ ਅਨੁਸਾਰ ਇਹ ਰਾਜ ਪੂਰੇ ਦੇਸ਼ ਵਿੱਚ ਬੇਰੁਜ਼ਗਾਰੀ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਹੈ।

ਅਗਨੀਪਥ ਸਕੀਮ

ਅਗਨੀਪਥ

ਤਸਵੀਰ ਸਰੋਤ, Getty Images

ਉਹ ਸਟੇਡੀਅਮ ਜਾਂ ਖੇਡ ਮੈਦਾਨ ਜੋ ਸਵੇਰ ਅਤੇ ਸ਼ਾਮ ਨੂੰ ਫ਼ੌਜ, ਵਾਯੂ ਸੈਨਾ ਵਿੱਚ ਭਾਰਤੀ ਹੋਣ ਦੇ ਚਾਹਵਾਨਾਂ ਨਾਲ ਭਰੇ ਰਹਿੰਦੇ ਸਨ, ਹੁਣ ਅਗਨੀਪਥ ਯੋਜਨਾ ਲਾਗੂ ਹੋਣ ਦੇ ਬਾਅਦ ਸੁੰਨਸਾਨ ਨਜ਼ਰ ਆਉਂਦੇ ਹਨ।

ਏਐੱਮਐੱਸ ਡਿਫੈਂਸ ਅਕੈਡਮੀ ਚਲਾਉਣ ਵਾਲੇ ਮਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਸੈਨਾ ਵਿੱਚ ਭਰਤੀ ਹੋਣ ਦੇ ਚਾਹਵਾਨ ਸੈਂਕੜੇ ਉਮੀਦਵਾਰ ਆਏ ਸਨ, ਪਰ ਅਗਨੀਪਥ ਸਕੀਮ ਵਿੱਚ ਚਾਰ ਸਾਲਾਂ ਦੇ ਸੇਵਾ ਨਿਯਮ ਕਾਰਨ ਉਹ ਜਾਂ ਤਾਂ ਵਿਦੇਸ਼ ਚਲੇ ਗਏ ਹਨ ਜਾਂ ਹੋਰ ਸਰਕਾਰੀ ਨੌਕਰੀਆਂ ਵਿੱਚ ਚਲੇ ਗਏ ਹਨ।

ਉਨ੍ਹਾਂ ਨੇ ਦਾਅਵਾ ਕੀਤਾ, ‘‘ਰੱਖਿਆਂ ਸੇਵਾਵਾਂ ਦੇ ਚਾਹਵਾਨਾਂ ਦੇ ਹੋਰ ਖੇਤਰਾਂ ਵਿੱਚ ਚਲੇ ਜਾਣ ਕਾਰਨ ਮੇਰੇ ਕੋਚਿੰਗ ਸੈਂਟਰ ਨੂੰ 40 ਲੱਖ ਰੁਪਏ ਦਾ ਨੁਕਸਾਨ ਹੋਇਆ।’’

ਵਿਧਾਨ ਸਭਾ ਚੋਣਾਂ ਦੇ ਸਿੱਟੇ

ਪ੍ਰਧਾਨ ਮੰਤਰੀ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਰੀਆਂ 10 ਲੋਕ ਸਭਾ ਸੀਟਾਂ ਵਿੱਚ ਭਾਜਪਾ ਉਮੀਦਵਾਰ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਅਤੇ ਪੋਸਟਰਾਂ ਦੀ ਵਰਤੋਂ ਕਰ ਰਹੇ ਹਨ

ਭਾਵੇਂ ਦਿੱਲੀ ਅਤੇ ਹਰਿਆਣਾ ਵਿੱਚ ਭਾਜਪਾ ਦੇ 10 ਸਾਲਾਂ ਦੇ ਸ਼ਾਸਨ ਪ੍ਰਤੀ ਸਪੱਸ਼ਟ ਰੂਪ ਨਾਲ ਸੱਤਾ ਵਿਰੋਧੀ ਲਹਿਰ ਹੈ, ਪਰ ਭਾਜਪਾ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਿਨਾਂ ਕੋਈ ਪੈਸੇ ਦੇ ਦਿੱਤੀਆਂ ਗਈਆਂ ਨੌਕਰੀਆਂ- (ਰਾਜ ਪੱਧਰੀ ਨੌਕਰੀਆਂ ਵਿੱਚ ਭ੍ਰਿਸ਼ਟਾਚਾਰ ਆਮ ਗੱਲ ਹੈ) ਵੋਟਰਾਂ ’ਤੇ ਪ੍ਰਭਾਵ ਪਾਉਂਦਾ ਹੈ।

ਇੱਥੋਂ ਤੱਕ ਕਿ ਕੁਝ ਕਾਂਗਰਸ ਪਾਰਟੀ ਦੇ ਸਮਰਥਕ ਵੀ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦੇਣ ਲਈ ਭਾਜਪਾ ਸਰਕਾਰ ਦੀ ਪਿੱਠ ਥਪਥਪਾਉਂਦੇ ਹਨ ਅਤੇ ਹੋਰ ਸਿਆਸੀ ਦਲਾਂ ’ਤੇ ਭ੍ਰਿਸ਼ਟਾਚਾਰ ਦੇ ਬਦਲੇ ਨੌਕਰੀਆਂ ਦੇਣ ਦਾ ਦੋਸ਼ ਲਗਾ ਰਹੇ ਹਨ।

ਹਾਲਾਂਕਿ, ਕਾਂਗਰਸ ਪਾਰਟੀ ਨੇ ਭਾਜਪਾ ਸਰਕਾਰ ’ਤੇ ਹਰਿਆਣਾ ਵਿੱਚ ਬਾਹਰੀ ਲੋਕਾਂ ਨੂੰ ਨੌਕਰੀਆਂ ਦੇਣ ਅਤੇ ਬਾਹਰੀ ਲੋਕਾਂ ਦੀ ਵਜ੍ਹਾ ਨਾਲ ਸਥਾਨਕ ਨੌਜਵਾਨਾਂ ਨੂੰ ਦਰਕਿਨਾਰ ਕਰਨ ਦਾ ਦੋਸ਼ ਲਗਾਇਆ ਹੈ।

ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ: ਸਾਰੀਆਂ 10 ਲੋਕ ਸਭਾ ਸੀਟਾਂ ਵਿੱਚ ਭਾਜਪਾ ਉਮੀਦਵਾਰ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਅਤੇ ਪੋਸਟਰਾਂ ਦੀ ਵਰਤੋਂ ਕਰ ਰਹੇ ਹਨ। ਉਹ ਉੱਥੇ ਪਿਛਲੇ ਪੰਜ ਸਾਲਾਂ ਦਾ ਆਪਣਾ ਰਿਪੋਰਟ ਕਾਰਡ ਨਹੀਂ ਦਿਖਾ ਰਹੇ।

‘‘ਭਾਜਪਾ ਕੋਲ ਮੋਦੀ ਵਰਗੇ ਪ੍ਰਧਾਨ ਮੰਤਰੀ ਦਾ ਚਿਹਰਾ ਹੈ, ਪਰ ਇੰਡੀਆ ਗੱਠਜੋੜ ਕੋਲ ਅਜਿਹਾ ਕਿਹੜਾ ਚਿਹਰਾ ਹੈ?’’ ਇਹ ਕਥਨ ਭਾਜਪਾ ਦੇ ਉਮੀਦਵਾਰਾਂ ਦੁਆਰਾ ਆਪਣੇ ਭਾਸ਼ਣ ਵਿੱਚ ਆਮ ਵਰਤਿਆ ਜਾਂਦਾ ਹੈ।

ਹਾਲਾਂਕਿ, ਕਾਂਗਰਸ ਪਾਰਟੀ ਦੇ ਉਮੀਦਵਾਰ ਲੋਕ ਸਭਾ ਚੋਣਾਂ ਵਿੱਚ ਵੀ ਵੋਟ ਪਾਉਣ ਲਈ ਮੁੱਖ ਤੌਰ 'ਤੇ ਸੂਬੇ ਵਿੱਚ ਅਗਲੀ ਸਰਕਾਰ ਬਣਾਉਣ ਲਈ ਜ਼ੋਰ ਪਾ ਰਹੇ ਹਨ।

ਨੌਜਵਾਨ ਵੋਟਰ ਕੁਲਦੀਪ ਕੁਮਾਰ ਨੇ ਕਿਹਾ ਕਿ ਉਹ ਉਮੀਦਵਾਰ ਦਾ ਅਕਸ ਦੇਖ ਕੇ ਵੋਟ ਪਾਉਣਾ ਚਾਹੁੰਦੇ ਹਨ, ਪਰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੇਸ਼ ਦੀ ਅਗਵਾਈ ਕੌਣ ਕਰੇਗਾ ਅਤੇ ਵਿਰੋਧੀ ਅਜੇ ਵੀ ਇਸ ਮੁੱਦੇ 'ਤੇ ਕਿਸੇ ਇੱਕ ਵਿਅਕਤੀ ਦਾ ਨਾਂ ਲੈਣ ਤੋਂ ਕਤਰਾ ਰਹੇ ਹਨ।

10 ਸਾਲਾਂ ਦੀ ਸੱਤਾ ਵਿਰੋਧੀ ਲਹਿਰ

ਮਨੋਹਰ ਲਾਲ ਖੱਟਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਨੋਹਰ ਲਾਲ ਖੱਟਰ

ਸਾਢੇ ਨੌਂ ਸਾਲ ਤੱਕ ਮੁੱਖ ਮੰਤਰੀ ਰਹਿਣ ਤੋਂ ਬਾਅਦ ਮਨੋਹਰ ਲਾਲ ਖੱਟਰ ਨੂੰ ਬਦਲਣ ਕਾਰਨ ਹਰਿਆਣਾ ਦੀ ਭਾਜਪਾ ਨੂੰ ‘ਜ਼ਿਆਦਾ ਵਧੀਆ’ ਸਥਿਤੀ ਨਹੀਂ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਭਾਜਪਾ ਦੇ ਪਿਛਲੇ ਦੋ ਕਾਰਜਕਾਲਾਂ ਵਿੱਚ ਮੁੱਖ ਮੰਤਰੀ ਰਹੇ ਖੱਟਰ ਨੂੰ ਕਿਸਾਨ ਵਿਰੋਧੀ ਮੁੱਖ ਮੰਤਰੀ ਅਤੇ ਜਾਟ ਰਾਖਵੇਂਕਰਨ ਦੌਰਾਨ ਜਾਟ ਭਾਈਚਾਰੇ ਵਿਰੋਧੀ ਮੁੱਖ ਮੰਤਰੀ ਵਜੋਂ ਦੇਖਿਆ ਗਿਆ। ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਵੱਲੋਂ ਉਨ੍ਹਾਂ ਨੂੰ ਬਦਲਣ ਦੀ ਵੋਟਰਾਂ ਵਿੱਚ ਵਿਆਪਕ ਚਰਚਾ ਹੋ ਰਹੀ ਹੈ।

ਰੋਹਤਕ ਦੇ ਇੱਕ 80 ਸਾਲਾ ਵੋਟਰ ਰਾਮ ਫੂਲ ਨੇ ਕਿਹਾ, ‘‘ਭਾਜਪਾ ਜਾਣਦੀ ਸੀ ਕਿ ਉਹ ਖੱਟਰ ਦੇ ਮੁੱਖ ਮੰਤਰੀ ਰਹਿੰਦੇ ਹੋਏ ਵੋਟਰਾਂ ਦਾ ਸਾਹਮਣਾ ਨਹੀਂ ਕਰ ਸਕਦੀ, ਇਸ ਲਈ ਉਨ੍ਹਾਂ ਨੂੰ ਮੁੱਖ ਤੌਰ 'ਤੇ ਕਿਸਾਨਾਂ ਅਤੇ ਜਾਟ ਭਾਈਚਾਰੇ ਦੇ ਦਬਾਅ ਹੇਠ ਖੱਟਰ ਨੂੰ ਬਦਲਣਾ ਪਿਆ।’’

ਦੂਜੇ ਪਾਸੇ ਦੋ ਕਾਰਜਕਾਲ ਸੱਤਾ ਤੋਂ ਬਾਹਰ ਹੋਣ ਕਾਰਨ ਕਾਂਗਰਸ, ਜੋ ਆਪਣੇ ਨੇਤਾਵਾਂ ਦੇ ਆਪਸੀ ਕਲੇਸ਼ ਨਾਲ ਜੂਝ ਰਹੀ ਹੈ, ਨੂੰ ਸੂਬੇ ਦੀ ਅਗਲੀ ਸਰਕਾਰ ਵਜੋਂ ਦੇਖਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)