ਪੰਜਾਬ ਤੇ ਹਰਿਆਣਾ ਵਿੱਚ ਕਿਹੜੇ-ਕਿਹੜੇ ਖਿਡਾਰੀ ਬਣੇ ਸਿਆਸਤਦਾਨ, ਪਾਰਟੀਆਂ ਟਿਕਟ ਦੇਣ ਲਈ ਕਿਉਂ ਰਹਿੰਦੀਆਂ ਪੱਬਾਂ ਭਾਰ

ਤਸਵੀਰ ਸਰੋਤ, Getty Images
- ਲੇਖਕ, ਸੌਰਭ ਦੁੱਗਲ
- ਰੋਲ, ਖੇਡ ਪੱਤਰਕਾਰ
ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਵਿੱਚ ਕੁਸ਼ਤੀ ਅਤੇ ਕਬੱਡੀ ਖੇਡਾਂ ਪੇਂਡੂ ਜੀਵਨ ਦਾ ਹਿੱਸਾ ਰਹੀਆਂ ਹਨ।
ਦੋਵਾਂ ਖੇਡਾਂ ਦੇ ਮੁਕਾਬਲੇ ਦੇਖਣ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ ਅਤੇ ਖਿਡਾਰੀਆਂ ਨੂੰ ਫਿਲਮੀ ਸਿਤਾਰਿਆਂ ਵਰਗਾ ਹੀ ਸਮਝਿਆ ਜਾਂਦਾ ਹੈ।
ਹਾਕੀ ਖੇਡ ਵੀ ਪੰਜਾਬ ਦੇ ਪੇਂਡੂ ਸਭਿਆਚਾਰ ਨਾਲ ਜੁੜੀ ਹੋਈ ਹੈ।
2024 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਸ਼ਤੀ, ਕਬੱਡੀ, ਅਤੇ ਹਾਕੀ ਖੇਡ ਦਾ ਕੋਈ ਵੀ ਖਿਡਾਰੀ ਚੋਣ ਮੈਦਾਨ ਵਿੱਚ ਨਹੀਂ ਹੈ।
ਪਰ ਕੌਮਾਂਤਰੀ ਪੱਧਰ ਉੱਤੇ ਸ਼ੂਟਿੰਗ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਖਿਡਾਰੀ ਚੋਣ ਮੈਦਾਨ ਵਿੱਚ ਹਨ।
ਇਹ ਸਾਬਕਾ ਖਿਡਾਰੀ ਹਨ - ਰਾਓ ਇੰਦਰਜੀਤ ਸਿੰਘ, ਨਵੀਨ ਜਿੰਦਲ, ਰਾਣਾ ਗੁਰਮੀਤ ਸਿੰਘ ਸੋਢੀ, ਅਤੇ ਨਵੀਨ ਜਿੰਦਲ।
ਜਿੱਥੇ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਮੰਤਰੀ ਰਹਿ ਚੁੱਕੇ ਹਨ, ਉੱਥੇ ਹੀ ਨਵੀਨ ਜਿੰਦਲ ਸਭ ਤੋਂ ਅਮੀਰ ਉਮੀਦਵਾਰ ਹਨ, ਉਹ ਵੱਡੇ ਉਦਯੋਗਪਤੀ ਹਨ, ਗੁਰੂਗ੍ਰਾਮ ਤੋਂ ਚੋਣ ਲੜ ਰਹੇ ਰਾਓ ਇੰਦਰਜੀਤ ਚਾਰ ਵਾਰ ਐੱਮਪੀ ਰਹਿ ਚੁੱਕੇ ਹਨ।
ਕੈਪਟਨ ਦੇ ਕਰੀਬੀ ਰਾਣਾ ਗੁਰਮੀਤ ਸਿੰਘ ਸੋਢੀ

ਤਸਵੀਰ ਸਰੋਤ, Getty Images
ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਉੱਤੇ ਚੋਣ ਲੜ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਵੀ ਸ਼ੂਟਿੰਗ ਦੇ ਖਿਡਾਰੀ ਰਹੇ ਹਨ। ਉੇਹ 1978 ਦੀਆਂ ਏਸ਼ੀਆਈ ਖੇਡਾਂ ਵਿੱਚ ਟ੍ਰੈਪ ਸ਼ੂਟਿੰਗ ਟੀਮ ਦਾ ਹਿੱਸਾ ਸਨ।
70 ਸਾਲਾ ਰਾਣਾ ਗੁਰਮੀਤ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚਾਰ ਵਾਰੀ (2002-2022) ਵਿਧਾਇਕ ਰਹਿ ਚੁੱਕੇ ਹਨ।
ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਦੇ ਖੇਡ ਮੰਤਰੀ ਵੀ ਰਹੇ ਸਨ।

ਤਸਵੀਰ ਸਰੋਤ, Facebook/Gurmeet Singh Sodhi
ਉਨ੍ਹਾਂ ਨੂੰ ਪੰਜਾਬ ਦਾ ਸਭ ਤੋਂ ਵੱਡਾ ਖੇਡ ਐਵਾਰਡ ਮਹਾਰਾਜਾ ਰਣਜੀਤ ਸਿੰਘ ਐਵਾਰਡ ਵੀ ਮਿਲਿਆ ਸੀ। ਸੋਢੀ ਸੌਫਟਬਾਲ ਐਸੋਸੀਏਸ਼ਨ ਆਫ ਇੰਡੀਆ ਅਤੇ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹਨ।
ਰਾਣਾ ਗੁਰਮੀਤ ਸਿੰਘ ਸੋਢੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਛੱਡਣ ਤੋਂ ਬਾਅਦ ਉਹ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।
ਪੰਜ ਵਾਰੀ ਐੱਮਪੀ ਬਣਨ ਵਾਲੇ ਰਾਓ ਇੰਦਰਜੀਤ ਸਿੰਘ

ਤਸਵੀਰ ਸਰੋਤ, Getty Images
ਰਾਓ ਇੰਦਰਜੀਤ ਸਿੰਘ ਚਾਰ ਵਾਰੀ ਹਰਿਆਣਾ ਵਿਧਾਨ ਸਭਾ ਦੇ ਮੈਂਬਰ ਰਹਿਣ ਦੇ ਨਾਲ-ਨਾਲ ਪੰਜ ਵਾਰੀ ਪਾਰਲੀਮੈਂਟ ਮੈਂਬਰ ਵੀ ਚੁਣੇ ਜਾ ਚੁੱਕੇ ਹਨ।
ਉਹ ਪਿਛਲੀਆਂ ਚਾਰ ਲੋਕ ਸਭਾ ਚੋਣਾਂ ਲਗਾਤਾਰ ਜਿੱਤ ਚੁੱਕੇ ਹਨ।
ਉਹ ਕਾਮਨਵੈਲ਼ਥ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਮੈਡਲ ਜਿੱਤ ਚੁੱਕੇ ਹਨ।
ਰਾਓ ਇੰਦਰਜੀਤ ਸਿੰਘ ਗੁਰੂਗ੍ਰਾਮ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਉੱਤੇ ਚੋਣ ਲੜ ਰਹੇ ਹਨ।
74 ਸਾਲਾ ਰਾਓ ਇੰਦਰਜੀਤ ਸਿੰਘ ਸਾਲ 1990 ਤੋਂ ਲੈ ਕੇ ਸਾਲ 2003 ਤੱਕ ਭਾਰਤੀ ਟੀਮ ਦਾ ਹਿੱਸਾ ਰਹੇ ਹਨ।
ਉਹ ਕੇਂਦਰ ਸਰਕਾਰ ਵਿੱਚ ਰਾਜ ਮੰਤਰੀ ਹਨ।

ਤਸਵੀਰ ਸਰੋਤ, Sourabh Duggal
ਰਾਓ ਇੰਦਰਜੀਤ ਸਿੰਘ ਨੇ ਕਾਮਨਵੈਲਥ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਇੱਕ ਕਾਂਸੇ ਦਾ ਤਮਗਾ ਜਿੱਤਿਆ ਸੀ, ਉਹ ਸਾਊਥ ਏਸ਼ੀਆ ਫੈਡਰੇਸ਼ਨ ਗੇਮਜ਼ ਵਿੱਚ ਵੀ ਤਿੰਨ ਸੋਨੇ ਦੇ ਤਮਗੇ ਜਿੱਤ ਚੁੱਕੇ ਹਨ।
ਉਹ ਪੈਰਾਓਲੰਪਿਕਸ ਕਮੇਟੀ ਆਫ ਇੰਡੀਆ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਰਾਓ ਇੰਦਰਜੀਤ ਸਿੰਘ ਦੀ ਧੀ ਆਰਤੀ ਸਿੰਘ ਰਾਓ ਇੱਕ ਸ਼ੂਟਿੰਗ ਦੇ ਕੌਮਾਂਤਰੀ ਖਿਡਾਰਨ ਹਨ। ਉਹ ਕਈ ਵਾਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਮੈਡਲ ਵੀ ਜਿੱਤ ਚੁੱਕੇ ਹਨ।
ਆਰਤੀ ਸਿੰਘ ਰਾਓ ਵੀ ਆਪਣੇ ਪਿਤਾ ਦੇ ਲਈ ਚੋਣ ਪ੍ਰਚਾਰ ਕਰ ਰਹੇ ਹਨ।
ਆਰਤੀ ਭਾਜਪਾ ਦੇ ਹਰਿਆਣਾ ਯੂਨਿਟ ਦੇ ਕਾਰਜਕਾਰਨੀ ਮੈਂਬਰ ਵੀ ਹੈ।
ਹਰਿਆਣਾ ਦੇ ਸਭ ਤੋਂ ਅਮੀਰ ਉਮੀਦਵਾਰ – ਨਵੀਨ ਜਿੰਦਲ

ਤਸਵੀਰ ਸਰੋਤ, Getty Images
ਕੁਰੂਕਸ਼ੇਤਰ ਸੀਟ ਤੋਂ ਭਾਜਪਾ ਵੱਲੋਂ ਚੋਣ ਲੜ ਰਹੇ ਨਵੀਨ ਜਿੰਦਲ ਸਾਲ 2002 ਵਿੱਚ ਏਸ਼ੀਅਨ ਗੇਮਜ਼ ਦੇ ਸ਼ੂਟਿੰਗ ਸਕੁਐਡ ਦਾ ਹਿੱੱਸਾ ਸਨ।
ਉਨ੍ਹਾਂ ਨੇ ਸਾਲ 2004, ਅਤੇ 2009 ਦੀ ਚੋਣ ਕਾਂਗਰਸ ਦੀ ਟਿਕਟ ਉੱਤੇ ਜਿੱਤੀ ਸੀ, ਉਹ ਸਾਲ 2014 ਦੀਆਂ ਚੋਣਾਂ ਵਿੱਚ ਹਾਰ ਗਏ ਸਨ।
ਨਵੀਨ ਜਿੰਦਲ ਨੇ ਸਾਲ 2019 ਵਿੱਚ ਚੋਣਾਂ ਨਹੀਂ ਲੜੀਆਂ ਸਨ।
ਨਵੀਨ ਜਿੰਦਲ ਸਟੀਲ ਪਾਵਰ ਲਿਮਿਟਿਡ ਦੇ ਚੇਅਰਮੈਨ ਹਨ, ਉਹ ਹਰਿਆਣਾ ਦੇ ਸਭ ਤੋਂ ਅਮੀਰ ਉਮੀਦਵਾਰ ਹਨ।
ਜਿੰਦਲ ਨੇ ਪਾਕਿਸਤਾਨ ਵਿੱਚ ਸਾਲ 2004 ਵਿੱਚ ਹੋਈਆਂ ਸਾਊਥ ਏਸ਼ੀਅਨ ਫੈਡਰੇਸ਼ਨ ਗੇਮਜ਼ ਵਿੱਚ ਚਾਂਦੀ ਦਾ ਤਮਗਾ ਜਿੱਤਿਆ ਸੀ।
ਉਨ੍ਹਾਂ ਦੇ ਨਾਮ ਸਕੀਟ ਖੇਡ ਵਿੱਚ ਵੀ ਰਾਸ਼ਟਰੀ ਰਿਕਾਰਡ ਸੀ। ਉਹ ਹਰਿਆਣਾ ਓਲੰਪਿਕਸ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਜਿੰਦਲ ਨੇ ਆਪਣੇ ਪ੍ਰਚਾਰ ਦੌਰਾਨ ਫੇਸਬੁੱਕ ਉੱਤੇ ਪਾਈ ਵੀਡੀਓ ਵਿੱਚ ਕਿਹਾ, “ਮੈਂ ਹਮੇਸ਼ਾ ਤੋਂ ਹੀ ਕੁਰੂਕਸ਼ੇਤਰ ਲੋਕ ਸਭਾ ਹਲਕੇ ਅਧੀਨ ਪੈਂਦੇ ਇਲਾਕਿਆਂ ਵਿੱਚ ਖੇਡਾਂ ਨੂੰ ਹੱਲਾਸ਼ੇਰੀ ਦੇਣੀ ਚਾਹੁੰਦਾ ਸੀ। ਮੈਂ ਕੁਰੂਕਸ਼ੇਤਰ ਵਿੱਚ ਕੌਮਾਂਤਰੀ ਪੱਧਰ ਦਾ ਖੇਡਾਂ ਦਾ ਸਟੇਡੀਅਮ ਬਣਾਉਣਾ ਚਾਹੁੰਦਾ ਹਾਂ।”
ਉਨ੍ਹਾਂ ਨੇ ਕਿਹਾ ਸੀ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਗੀਆਂ।
ਹੋਰ ਕਿਹੜੇ-ਕਿਹੜੇ ਖਿਡਾਰੀ ਸਿਆਸਤ ਵਿੱਚ ਆ ਚੁੱਕੇ ਹਨ

ਤਸਵੀਰ ਸਰੋਤ, Getty Images
ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਪਹਿਲੇ ਓਲੰਪਿਕ ਖਿਡਾਰੀ ਸਨ ਜੋ ਵਿਧਾਇਕ ਵਜੋਂ ਚੁਣੇ ਗਏ। ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ 2017 ਵਿੱਚ ਜਲੰਧਰ ਕੈਂਟ ਹਲਕੇ ਤੋਂ ਜੇਤੂ ਰਹੇ ਸਨ। 2017 ਦੀਆਂ ਚੋਣਾਂ ਵਿੱਚ ਉਹ ਕਾਂਗਰਸ ਵੱਲੋਂ ਚੋਣ ਲੜੇ ਅਤੇ ਜੇਤੂ ਰਹੇ।
ਉਹ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਬਣੇ ਸਨ। ਸਾਲ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਜਲੰਧਰ ਕੈਂਟ ਹਲਕੇ ਤੋਂ ਤੀਜੀ ਵਾਰੀ ਚੋਣ ਜਿੱਤੇ ਸਨ।
ਮਸ਼ਹੂਰ ਕਬੱਡੀ ਖਿਡਾਰੀ ਗੁਰਲਾਲ ਘਨੌਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਟਿਆਲਾ ਦੇ ਘਨੌਰ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਬਣੇ ਹਨ।

ਤਸਵੀਰ ਸਰੋਤ, Facebook/Gurlal Ghanaur
ਕ੍ਰਿਕਟ ਖਿਡਾਰੀ ਰਹੇ ਨਵਜੋਤ ਸਿੰਘ ਸਿੱਧੂ ਤਿੰਨ ਵਾਰੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ। ਉਹ ਇਹ ਚੋਣਾਂ ਅੰਮ੍ਰਿਤਸਰ ਹਲਕੇ ਤੋਂ ਭਾਜਪਾ ਦੀ ਟਿਕਟ ਉੱਤੇ ਜਿੱਤੇ ਸਨ।
ਉਹ ਸਾਲ 2019 ਵਿੱਚ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ ਸਨ, ਇੱਥੋਂ ਉਨ੍ਹਾਂ ਦੀ ਪਤਨੀ ਵੀ ਵਿਧਾਇਕ ਰਹੇ ਹਨ। ਉਹ ਇਹ ਚੋਣ ਕਾਂਗਰਸ ਦੀ ਟਿਕਟ ਉੱਤੇ ਜਿੱਤੇ ਸਨ।
ਉਹ ਪਿਛਲੀ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹੇ ਹਨ।
ਸਾਲ 2022 ਵਿੱਚ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦੇਖਣੀ ਪਈ ਸੀ।
ਸਾਬਕਾ ਹਾਕੀ ਖਿਡਾਰੀ ਸੰਦੀਪ ਸਿੰਘ ਹਰਿਆਣਾ ਵਿਧਾਨ ਸਭਾ ਵਿੱਚ ਜਾਣ ਵਾਲੇ ਪਹਿਲੇ ਓਲੰਪਿਕ ਖਿਡਾਰੀ ਹਨ। ਉਹ ਸਾਲ 2019 ਵਿੱਚ ਹੋਈਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਪਿਹੋਵਾ ਹਲਕੇ ਤੋਂ ਜਿੱਤੇ ਸਨ।
ਕ੍ਰਿਸ਼ਨਾ ਪੂਨੀਆ ਰਾਜਸਥਾਨ ਵਿਧਾਨ ਸਭਾ ਵਿੱਚ ਪਹੁੰਚਣ ਵਾਲੇ ਪਹਿਲੇ ਓਲੰਪਿਕ ਖਿਡਾਰੀ ਹਨ। ਉਹ ਸਾਲ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਾਦੁਲਪੁਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਬਣੇ ਸਨ। ਉਨ੍ਹਾਂ ਨੂੰ 2023 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਝੱਲਣੀ ਪਈ ਸੀ।
ਪਾਰਟੀਆਂ ਟਿਕਟ ਦੇਣ ਲਈ ਕਿਉਂ ਰਹਿੰਦੀਆਂ ਪੱਬਾਂ ਭਾਰ
ਡਾ. ਰਾਜੇਸ਼ ਅਗਰਵਾਲ ਨੇ ਪੰਜਾਬ ਅਤੇ ਹਰਿਆਣਾ ਦੇ ਪੇਂਡੂ ਇਲਾਕਿਆਂ ਵਿੱਚ ਸਿਹਤ, ਆਰਥਿਕਤਾ ਅਤੇ ਸਮਾਜਿਕ ਖੇਤਰ ਬਾਰੇ ਕੰਮ ਕੀਤਾ ਹੈ।
ਪਾਪੂਲੇਸ਼ਨ ਰਿਸਰਚ ਸੈਂਟਰ ਸੀਆਰਆਈਡੀਡੀ ਚੰਡੀਗੜ੍ਹ ਵਿੱਚ ਐਸੋਸੀਏਟ ਪ੍ਰੋਫ਼ੈਸਰ ਡਾ ਰਾਜੇਸ਼ ਅਗਰਵਾਲ ਦੱਸਦੇ ਹਨ, “ਪੰਜਾਬ ਅਤੇ ਹਰਿਆਣਾ ਵਿੱਚ ਪੇਂਡੂ ਇਲਾਕਿਆਂ ਵਿੱਚ ਖਿਡਾਰੀ ਕਾਫੀ ਮਸ਼ਹੂਰ ਹਨ।”
ਉਹ ਕਹਿੰਦੇ ਹਨ, “ਬਹੁਤੇ ਖਿਡਾਰੀ ਆਮ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਪੇਂਡੂ ਇਲਾਕਿਆਂ ਦੇ ਖੁਦ ਨੂੰ ਉਨ੍ਹਾਂ ਨਾਲ ਜੁੜਿਆਂ ਮਹਿਸੂਸ ਕਰਦੇ ਹਨ।”
ਰਾਜੇਸ਼ ਦੱਸਦੇ ਹਨ ਕਿ ਲੋਕਾਂ ਨੂੰ ਇਹ ਵੀ ਲੱਗਦਾ ਹੈ ਕਿ ਇਹ ਲੋਕ ਉਨ੍ਹਾਂ ਦੀਆਂ ਲੋੜਾਂ ਨੂੰ ਵੱਧ ਚੰਗੇ ਤਰੀਕੇ ਸਮਝ ਸਕਦੇ ਹਨ। ਇਸੇ ਕਰਕੇ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਸਿਆਸੀ ਧਿਰਾਂ ਖਿਡਾਰੀਆਂ ਨੂੰ ਆਪਣੇ ਚੋਣ ਨਿਸ਼ਾਨ ਹੇਠਾਂ ਚੋਣਾਂ ਲੜਵਾਉਣਾ ਚਾਹੁੰਦੀਆਂ ਹਨ।
ਉਹ ਅੱਗੇ ਕਹਿੰਦੇ ਹਨ ਕਿ ਇੱਕ ਵਾਰੀ ਜਿੱਤ ਹਾਸਲ ਕਰਨ ਤੋਂ ਬਾਅਦ ਚੁਣੇ ਗਏ ਲੋਕਾਂ ਦੀ ਕਾਰਗੁਜ਼ਾਰੀ ਅਤੇ ਲੋਕਾਂ ਨਾਲ ਉਨ੍ਹਾਂ ਦਾ ਕਿਹੋ ਜਿਹਾ ਸੰਪਰਕ ਰਹਿੰਦਾ ਹੈ ਵੱਧ ਮਹੱਤਵ ਰੱਖਦਾ ਹੈ।
ਕਿਹੜੇ-ਕਿਹੜੇ ਖਿਡਾਰੀਆਂ ਨੂੰ ਹਾਰ ਵੇਖਣੀ ਪਈ

ਤਸਵੀਰ ਸਰੋਤ, Getty Images
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਓਲੰਪਿਕ ਖੇਡ ਚੁੱਕੇ ਸਾਬਕਾ ਕੁਸ਼ਤੀ ਖਿਡਾਰੀ ਕਰਤਾਰ ਸਿੰਘ ਅਤੇ ਭਾਰਤੀ ਬਾਸਕਟਬਾਲ ਟੀਮ ਵਿੱਚ ਰਹੇ ਸੱਜਣ ਸਿੰਘ ਚੀਮਾ ਚੋਣਾਂ ਹਾਰ ਗਏ ਸਨ।
ਕਰਤਾਰ ਸਿੰਘ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਤਰਨ ਤਾਰਨ ਤੋਂ ਚੋਣ ਲੜ ਰਹੇ ਸਨ ਜਦਕਿ ਸੱਜਣ ਸਿੰਘ ਸੁਲਤਾਨਪੁਰ ਲੋਧੀ ਤੋਂ ਚੋਣ ਲੜ ਰਹੇ ਸਨ।
ਦੋਵਾਂ ਖਿਡਾਰੀਆਂ ਨੂੰ ਅਰਜੁਨ ਐਵਾਰਡ ਮਿਲ ਚੁੱਕਿਆ ਹੈ।
2022 ਦੀਆਂ ਚੋਣਾਂ ਵਿੱਚ 1980 ਦੀਆਂ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੇ ਸੁਰਿੰਦਰ ਸਿੰਘ ਸੋਢੀ ਆਪ ਦੀ ਟਿਕਟ ਉੱਤੇ ਜਲੰਧਰ ਕੈਂਟ ਹਲਕੇ ਤੋਂ ਚੋਣ ਲੜੇ ਸਨ। ਉਹ ਪਰਗਟ ਸਿੰਘ ਤੋਂ ਹਾਰ ਗਏ ਸਨ।
ਕੌਮਾਂਤਰੀ ਪੱਧਰ ਉੱਤੇ ਸ਼ੂਟਿੰਗ ਖੇਡ ਚੁੱਕੇ ਸਮਿਤ ਸਿੰਘ ਅਮਰਗੜ੍ਹ ਵਿਧਾਨ ਸਭਾ ਹਲਕੇ ਤੋਂ ਚੋਣ ਹਾਰ ਗਏ ਸਨ।
ਸਾਲ 2019 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਯੋਗੇਸ਼ਵਰ ਦੱਤ ਅਤੇ ਕਾਮਨਵੈਲਥ ਖੇਡਾਂ ਵਿੱਚ ਤਮਗਾ ਜਿੱਤਣ ਵਾਲੇ ਅਤੇ ਓਲੰਪਿਕ ਖੇਡ ਚੁੱਕੇ ਬਬੀਤਾ ਫੋਗਟ ਵੀ ਚੋਣਾਂ ਵਿੱਚ ਹਾਰ ਗਏ ਸਨ।
ਦੋਵਾਂ ਨੂੰ ਭਾਜਪਾ ਵੱਲੋਂ ਟਿਕਟ ਦਿੱਤੀ ਗਈ ਸੀ, ਦੋਵੇਂ ਹਾਲੇ ਵੀ ਐਕਟਿਵ ਹਨ।
ਯੋਗੇਸ਼ਵਰ ਬਰੋਡਾ ਵਿੱਚ ਸਾਲ 2020 ਵਿੱਚ ਹੋਈਆਂ ਜ਼ਿਮਨੀ ਚੋਣਾਂ ਵੀ ਹਾਰ ਗਏ ਸਨ।
ਓਲੰਪਿਕ ਤਮਗਾ ਜਿੱਤਣ ਵਾਲੇ ਵਿਜੇਂਦਰ ਸਿੰਘ ਸਾਲ 2019 ਵਿੱਚ ਪੱਛਮੀ ਦਿੱਲੀ ਤੋਂ ਲੋਕ ਸਭਾ ਚੋਣ ਹਾਰ ਗਏ ਸਨ। ਉਹ ਹਾਲ ਹੀ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।












