ਸੁਨੀਲ ਪਾਲ ਅਤੇ ਮੁਸ਼ਤਾਕ ਖ਼ਾਨ: ਮਸ਼ਹੂਰ ਕਾਮੇਡੀਅਨਾਂ ਦੇ 'ਅਗਵਾ' ਹੋਣ ਦੀ ਇੱਕੋ ਜਿਹੀ ਕਹਾਣੀ, ਹੁਣ ਤੱਕ ਕੀ-ਕੀ ਪਤਾ ਹੈ

ਤਸਵੀਰ ਸਰੋਤ, INSTAGRAM/MUSHTAQKHANACTOR, FACEBOOK/SUNILPALCOMEDIAN
ਅਗਵਾ ਹੋਣ ਦੀਆਂ ਫਿਲਮੀ ਕਹਾਣੀਆਂ ਤਾਂ ਤੁਸੀਂ ਕਈ ਵਾਰ ਵੇਖੀਆਂ ਜਾਂ ਸੁਣੀਆਂ ਹੋਣਗੀਆਂ ਪਰ ਇਨ੍ਹੀਂ ਦਿਨੀਂ ਦੋ ਫਿਲਮੀ ਸ਼ਖ਼ਸੀਅਤਾਂ ਦੇ 'ਅਗਵਾ' ਹੋਣ ਦੀ ਕਹਾਣੀ ਮੀਡੀਆ ਵਿੱਚ ਛਾਈ ਹੋਈ ਹੈ।
ਅਜਿਹੀ ਕਹਾਣੀ ਜਿਸ ਦੇ ਕਾਰਨ ਪੁਲਿਸ ਨੂੰ ਥਾਂ-ਥਾਂ 'ਤੇ ਧੱਕੇ ਖਾਣੇ ਪੈ ਰਹੇ ਹਨ। ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਅਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਮੁੰਬਈ ਤੱਕ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਦਾਕਾਰ ਮੁਸ਼ਤਾਕ ਖ਼ਾਨ ਅਤੇ ਕਾਮੇਡੀਅਨ ਸੁਨੀਲ ਪਾਲ ਇਸ ਕਹਾਣੀ ਦੇ ਕੇਂਦਰ 'ਚ ਹਨ। ਦੋਵਾਂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਵੱਖ-ਵੱਖ ਸਮੇਂ ਹੋਈ 'ਕਿਡਨੈਪਿੰਗ' ਦਾ ਅੰਦਾਜ਼ ਇਕੋ ਜਿਹਾ ਸੀ।
ਵੈਲਕਮ ਅਤੇ ਇਸਤਰੀ-2 ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰਨ ਵਾਲੇ ਅਦਾਕਾਰ ਮੁਸ਼ਤਾਕ ਖ਼ਾਨ ਦਾ ਦਾਅਵਾ ਹੈ ਕਿ ਰਾਤ ਭਰ ਬੰਧਕ ਬਣੇ ਰਹਿਣ ਤੋਂ ਬਾਅਦ ਉਹ ਭੱਜਣ 'ਚ ਸਫਲ ਹੋਏ ਸਨ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੀ ਹੈ।

ਕੁਝ ਦਿਨ ਪਹਿਲਾਂ ਕਾਮੇਡੀਅਨ ਸੁਨੀਲ ਪਾਲ ਦੇ ਕਥਿਤ ਅਗਵਾ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਸੀ, ਜਿਸ ਦੀ ਜਾਂਚ ਮੇਰਠ ਪੁਲਿਸ ਕਰ ਰਹੀ ਹੈ।
ਬਿਜਨੌਰ ਦੇ ਪੁਲਿਸ ਸੁਪਰਡੈਂਟ ਅਭਿਸ਼ੇਕ ਕੁਮਾਰ ਝਾਅ ਨੇ ਦੱਸਿਆ ਹੈ ਕਿ ਇਸ ਘਟਨਾ ਦੇ ਸਬੰਧ 'ਚ ਅਦਾਕਾਰ ਦੇ ਇਵੈਂਟ ਮੈਨੇਜਰ ਸ਼ਿਵਮ ਯਾਦਵ ਨੇ ਮੰਗਲਵਾਰ ਨੂੰ ਬਿਜਨੌਰ ਕੋਤਵਾਲੀ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।
ਇਸ ਮਾਮਲੇ 'ਤੇ ਮੁਸ਼ਤਾਕ ਖ਼ਾਨ ਨੇ ਬੀਬੀਸੀ ਨੂੰ ਕਿਹਾ ਹੈ ਕਿ ਉਹ ਐੱਫਆਈਆਰ ਦੀ ਕਾਪੀ ਮਿਲਣ ਤੋਂ ਬਾਅਦ ਹੀ ਇਸ 'ਤੇ ਕੁਝ ਕਹਿ ਸਕਣਗੇ।

ਅਖਿਲੇਸ਼ ਯਾਦਵ ਨੇ ਐਕਸ 'ਤੇ ਲਿਖਿਆ ਹੈ, "ਜਦੋਂ ਭਾਜਪਾ ਰਾਜ 'ਚ ਸਰਕਾਰ ਹੀ ਜਨਤਾ ਦੀਆਂ ਵੋਟਾਂ ਨੂੰ ਅਗਵਾ ਕਰਕੇ ਬਣਦੀ ਹੈ ਤਾਂ ਭਾਜਪਾ ਰਾਜ 'ਚ ਅਗਵਾ ਉਦਯੋਗ ਵਧੇ ਫੁਲੇਗਾ ਹੀ। ਉੱਤਰ ਪ੍ਰਦੇਸ਼ 'ਚ ਕਾਨੂੰਨ ਵਿਵਸਥਾ ਭੰਗ ਅਤੇ ਅਗਵਾਕਾਰਾ ਦੇ ਹੌਂਸਲੇ ਬੁਲੰਦ!"
ਕੀ ਹੈ ਪੂਰਾ ਮਾਮਲਾ?
ਬਿਜਨੌਰ ਦੇ ਥਾਣਾ ਕੋਤਵਾਲੀ 'ਚ ਦਰਜ ਸ਼ਿਕਾਇਤ ਦੇ ਮੁਤਾਬਕ, "15 ਅਕਤੂਬਰ ਨੂੰ ਮੇਰਠ ਤੋਂ ਰਾਹੁਲ ਸੈਣੀ ਨਾਮਕ ਇੱਕ ਵਿਅਕਤੀ ਦਾ ਫੋਨ ਮੁਸ਼ਤਾਕ ਖ਼ਾਨ ਨੂੰ ਆਇਆ। ਰਾਹੁਲ ਵੱਲੋਂ ਦੱਸਿਆ ਗਿਆ ਕਿ ਉਹ ਕੁਝ ਸੀਨੀਅਰ ਲੋਕਾਂ ਨੂੰ ਸਨਮਾਨਿਤ ਕਰਨਾ ਚਾਹੁੰਦੇ ਹਨ ਅਤੇ ਇਸ ਸਬੰਧ 'ਚ ਉਹ ਪ੍ਰੋਗਰਾਮ 'ਚ ਸ਼ਿਰਕਤ ਕਰਨ ਲਈ ਮੁਸ਼ਤਾਕ ਖ਼ਾਨ ਨੂੰ ਸੱਦਾ ਦੇਣਾ ਚਾਹੁੰਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਫੀਸ ਦਿੱਤੀ ਜਾਵੇਗੀ।"
"4 ਨਵੰਬਰ ਨੂੰ ਰਾਹੁਲ ਸੈਣੀ ਨੇ ਮੁਸ਼ਤਾਕ ਨੂੰ 25 ਹਜ਼ਾਰ ਰੁਪਏ ਅਡਵਾਂਸ 'ਚ ਦਿੱਤੇ ਅਤੇ ਬਾਕੀ ਦੀ ਰਕਮ ਬਾਅਦ 'ਚ ਦੇਣ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਰਾਹੁਲ ਨੇ ਫਲਾਈਟ ਦੀ ਟਿਕਟ ਵੀ ਬੁੱਕ ਕਰਵਾਈ ਸੀ।"
ਸ਼ਿਕਾਇਤ 'ਚ ਲਿਖਿਆ ਹੈ, "20 ਨਵੰਬਰ ਦੀ ਸ਼ਾਮ ਨੂੰ ਮੁਸ਼ਤਾਕ ਮੁੰਬਈ ਤੋਂ ਦਿੱਲੀ ਪਹੁੰਚੇ। ਇੱਥੋਂ ਰਾਹੁਲ ਨੇ ਉਨ੍ਹਾਂ ਲਈ ਇੱਕ ਕੈਬ ਬੁੱਕ ਕੀਤੀ ਹੋਈ ਸੀ, ਜਿਸ 'ਚ ਡਰਾਈਵਰ ਤੋਂ ਇਲਾਵਾ ਇੱਕ ਹੋਰ ਵਿਅਕਤੀ ਕਾਰ 'ਚ ਬੈਠਾ ਹੋਇਆ ਸੀ। ਇਸ ਕੈਬ 'ਚ ਮੁਸ਼ਤਾਕ ਮੇਰਠ ਲਈ ਰਵਾਨਾ ਹੋਏ।"

ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਡਰਾਇਵਰ ਨੇ ਰਸਤੇ 'ਚ ਅੱਧ ਵਿਚਾਲੇ ਹੀ ਗੱਡੀ ਰੋਕੀ ਅਤੇ ਉੱਥੇ ਪਹਿਲਾਂ ਤੋਂ ਹੀ ਮੌਜੂਦ ਕਾਰ 'ਚ ਇਹ ਕਹਿ ਕੇ ਬਿਠਾ ਦਿੱਤਾ ਕਿ ਹੁਣ ਇਹ ਗੱਡੀ ਮੇਰਠ ਤੱਕ ਜਾਵੇਗੀ। ਉਸ ਚਿੱਟੇ ਰੰਗ ਦੀ ਕਾਰ 'ਚ ਪਹਿਲਾਂ ਤੋਂ ਹੀ 2 ਲੋਕ ਬੈਠੇ ਹੋਏ ਸਨ ਅਤੇ ਇਸ ਕਾਰ ਨੂੰ ਪਹਿਲੇ ਵਾਲਾ ਡਰਾਈਵਰ ਹੀ ਚਲਾ ਰਿਹਾ ਸੀ।
ਸ਼ਿਕਾਇਤ ਦੇ ਅਨੁਸਾਰ, "ਕੁਝ ਦੂਰ ਜਾਣ ਤੋਂ ਬਾਅਦ ਡਰਾਈਵਰ ਨੇ ਮੁੜ ਗੱਡੀ ਰੋਕੀ ਅਤੇ ਫਿਰ 2 ਹੋਰ ਲੋਕ ਉਸ ਕਾਰ 'ਚ ਬੈਠ ਗਏ। ਉਸ ਸਮੇਂ ਤੱਕ ਹਨੇਰਾ ਹੋ ਚੁੱਕਿਆ ਸੀ। ਇਸ ਤੋਂ ਬਾਅਦ ਉਹ ਲੋਕ ਮੁਸ਼ਤਾਕ ਨੂੰ ਅਗਵਾ ਕਰਕੇ ਇੱਕ ਘਰ 'ਚ ਲੈ ਗਏ।"
ਮੁਸ਼ਤਾਕ ਦਾ ਦਾਅਵਾ ਹੈ ਕਿ ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਦੇ ਬੇਟੇ ਦੇ ਖਾਤੇ ਦੀ ਜਾਣਕਾਰੀ ਮੰਗੀ ਅਤੇ ਉਸ 'ਚੋਂ ਤਕਰੀਬਨ 2 ਲੱਖ ਰੁਪਏ ਕੱਢ ਲਏ।
'ਕਿਡਨੈਪਿੰਗ ਜਾਂ ਫਿਰ ਪੀਆਰ ਸਟੰਟ'

ਤਸਵੀਰ ਸਰੋਤ, mushtaqkhanactor/instagram
ਕਾਮੇਡੀਅਨ ਸੁਨੀਲ ਪਾਲ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਉਨ੍ਹਾਂ ਦੀ ਪਤਨੀ ਨੇ ਮੁੰਬਈ ਪੁਲਿਸ ਕੋਲ ਸੁਨੀਲ ਪਾਲ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਮੁਸ਼ਤਾਕ ਦੀ ਤਰ੍ਹਾਂ ਹੀ ਸੁਨੀਲ ਪਾਲ ਨੂੰ ਵੀ 2 ਦਸੰਬਰ ਨੂੰ ਇੱਕ ਪ੍ਰੋਗਰਾਮ 'ਚ ਬੁਲਾਇਆ ਗਿਆ ਸੀ ਅਤੇ ਇਹ ਪ੍ਰੋਗਰਾਮ ਹਰਿਦੁਆਰ 'ਚ ਹੋਣਾ ਸੀ। ਸੁਨੀਲ ਦਿੱਲੀ ਤੋਂ ਹਰਿਦੁਆਰ ਸੜਕੀ ਮਾਰਗ ਰਾਹੀਂ ਜਾ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਮੇਰਠ-ਮੁਜ਼ੱਫਰਨਗਰ ਐਕਪ੍ਰੈਸਵੇਅ 'ਤੇ ਉਨ੍ਹਾਂ ਨੂੰ ਅਗਵਾ ਕਰ ਲਿਆ ਗਿਆ ਸੀ।
ਸੁਨੀਲ ਨੇ ਮੁੰਬਈ ਪੁਲਿਸ ਨੂੰ ਦੱਸਿਆ ਹੈ ਕਿ ਅਗਵਾਕਾਰਾਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ 2 ਬੈਂਕ ਖਾਤਿਆਂ 'ਚ 8 ਲੱਖ ਟਰਾਂਸਫਰ ਕਰਵਾਉਣ ਤੋਂ ਬਾਅਦ ਮੇਰਠ 'ਚ ਛੱਡ ਦਿੱਤਾ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।
ਸੁਨੀਲ ਪਾਲ ਦਾ ਕਹਿਣਾ ਹੈ ਕਿ ਅਗਵਾਕਾਰਾਂ ਨੇ ਉਨ੍ਹਾਂ ਨੂੰ ਮੁੰਬਈ ਪਰਤਣ ਲਈ 20 ਹਜ਼ਾਰ ਰੁਪਏ ਦਿੱਤੇ ਸਨ।
ਉੱਥੇ ਹੀ ਦੂਜੇ ਪਾਸੇ ਮੁਸ਼ਤਾਕ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੁੱਟਮਾਰ ਹੋਈ ਸੀ ਅਤੇ ਜਦੋਂ ਅਗਵਾਕਾਰ ਸ਼ਰਾਬ ਦੇ ਨਸ਼ੇ 'ਚ ਧੁੱਤ ਸਨ ਤਾਂ ਉਹ ਮੌਕਾ ਵੇਖ ਕੇ ਉੱਥੋਂ ਫਰਾਰ ਹੋ ਗਏ।

ਤਸਵੀਰ ਸਰੋਤ, mushtaqkhanactor/instagram
ਮੁਸ਼ਤਾਕ ਦਾ ਦਾਅਵਾ ਹੈ ਕਿ ਭੱਜਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਮਸਜਿਦ ਵਿਖਾਈ ਦਿੱਤੀ ਅਤੇ ਉੱਥੇ ਪਹੁੰਚ ਕੇ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਸਾਰੀ ਘਟਨਾ ਦਾ ਬਿਊਰਾ ਦਿੱਤਾ। ਫਿਰ ਇਨ੍ਹਾਂ ਲੋਕਾਂ ਦੀ ਮਦਦ ਨਾਲ ਹੀ ਉਨ੍ਹਾਂ ਨੇ ਆਪਣੇ ਘਰ ਸੰਪਰਕ ਕੀਤਾ। ਇਹ ਮਸਜਿਦ ਬਿਜਨੌਰ ਜ਼ਿਲ੍ਹੇ 'ਚ ਹੈ।
ਇਸ ਦੌਰਾਨ ਸੁਨੀਲ ਅਤੇ ਅਗਵਾਕਾਰ ਦਰਮਿਆਨ ਹੋਈ ਗੱਲਬਾਤ ਦੱਸ ਕੇ ਇੱਕ ਆਡੀਓ ਵੀ ਵਾਇਰਲ ਹੋ ਰਿਹਾ ਹੈ।
ਕਈ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਇਸ ਆਡੀਓ ਨੂੰ ਸੁਣ ਕੇ ਅਜਿਹਾ ਲੱਗਦਾ ਹੈ ਕਿ ਸੁਨੀਲ ਦਾ ਕਥਿਤ ਤੌਰ 'ਤੇ ਅਗਵਾ ਹੋਣਾ ਇੱਕ ਪਹਿਲਾਂ ਤੋਂ ਹੀ ਯੋਜਨਾਬੱਧ ਜਾਂ ਸਕ੍ਰਿਪਟਿਡ ਘਟਨਾ ਸੀ। ਹਾਲਾਂਕਿ ਬੀਬੀਸੀ ਇਸ ਕਥਿਤ ਆਡੀਓ ਦੇ ਸਹੀ ਜਾਂ ਗਲਤ ਹਣ ਦੀ ਕੋਈ ਪੁਸ਼ਟੀ ਨਹੀਂ ਕਰਦਾ ਹੈ।
ਮੇਰਠ ਦੇ ਸੀਨੀਅਨ ਪੁਲਿਸ ਸੁਪਰਡੈਂਟ ਵਿਪਿਨ ਤਾੜਾ ਨੇ ਕਿਹਾ ਹੈ, "ਸਾਡੇ ਕੋਲ ਇੱਕ ਆਡੀਓ ਕਲਿੱਪ ਹੈ, ਜਿਸ ਨੂੰ ਸੁਨੀਲ ਦੀ ਰਿਹਾਈ ਤੋਂ ਬਾਅਦ ਅਗਵਾਕਾਰਾਂ ਨੇ ਜਾਰੀ ਕੀਤਾ ਸੀ। ਆਡੀਓ ਕਲਿੱਪ ਤੋਂ ਪਤਾ ਲੱਗਦਾ ਹੈ ਕਿ ਸੁਨੀਲ ਪਾਲ ਅਗਵਾਕਾਰ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਅਤੇ ਆਡੀਓ 'ਚ ਉਹ ਉਨ੍ਹਾਂ ਨੂੰ ਵਾਰ-ਵਾਰ ਕੁਝ ਸਮੇਂ ਲਈ ਚੁੱਪ ਰਹਿਣ ਦਾ ਭਰੋਸਾ ਦੇ ਰਹੇ ਸਨ।"
ਘਟਨਾ ਦੇ ਸਕ੍ਰਿਪਟਿਡ ਹੋਣ ਅਤੇ ਕਥਿਤ ਆਡੀਓ ਦੇ ਸਵਾਲ 'ਤੇ ਸੁਨੀਲ ਪਾਲ ਦਾ ਕਹਿਣਾ ਹੈ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਅਗਵਾਕਾਰ ਦਾ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਡਰ ਦੇ ਕਾਰਨ ਹੀ ਇਸ ਗੱਲ ਨੂੰ ਪੁਲਿਸ ਤੋਂ ਲੁਕਾਇਆ ਸੀ।
ਕੀ ਕਹਿਣਾ ਹੈ ਪੁਲਿਸ ਦਾ?
4 ਦਸੰਬਰ ਨੂੰ ਸੁਨੀਲ ਪਾਲ ਵੱਲੋਂ ਮੁੰਬਈ ਦੇ ਸ਼ਾਂਤਾਕਰੂਜ਼ ਥਾਣੇ 'ਚ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਤੇ ਮੰਗਲਵਾਰ ਨੂੰ ਇਸ ਦੀ ਜਾਂਚ ਮੇਰਠ ਦੇ ਲਾਲਕੁਰਤੀ ਥਾਣੇ 'ਚ ਟਰਾਂਸਫਰ ਕੀਤੀ ਗਈ ਹੈ।
ਬੁੱਧਵਾਰ ਨੂੰ ਸੁਨੀਲ ਪਾਲ ਦੀ ਪਤਨੀ ਸੁਨੀਤਾ ਪਾਲ ਮੇਰਠ ਪਹੁੰਚੀ ਅਤੇ ਪੁਲਿਸ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਨੀਤਾ ਪਾਲ ਦਾ ਕਹਿਣਾ ਹੈ ਕਿ ਸੁਨੀਲ ਪਾਲ ਬੀਮਾਰ ਹਨ, ਇਸ ਲਈ ਉਹ ਮੁੰਬਈ 'ਚ ਆਰਾਮ ਕਰ ਰਹੇ ਹਨ।
ਸੁਨੀਤਾ ਪਾਲ ਨੇ ਕਿਹਾ, "ਵਾਇਰਲ ਆਡੀਓ ਨੂੰ ਐਡਿਟ ਕੀਤਾ ਗਿਆ ਹੈ ਅਤੇ ਇਸ ਕਾਲ ਦੇ ਬਾਕੀ ਹਿੱਸੇ ਹਟਾ ਦਿੱਤੇ ਗਏ ਹਨ। ਸਿਰਫ ਉਹੀ ਹਿੱਸਾ ਜਾਰੀ ਕੀਤਾ ਗਿਆ ਹੈ, ਜਿਸ ਤੋਂ ਇਹ ਲੱਗੇ ਕਿ ਮੇਰੇ ਪਤੀ ਸੁਨੀਲ ਪਾਲ ਅਤੇ ਅਗਵਾਕਾਰ ਆਪਸ 'ਚ ਮਿਲੇ ਹੋਏ ਹਨ। ਆਡੀਓ ਰਿਕਾਰਡ ਹੋਣ ਤੋਂ ਪਹਿਲਾਂ ਸੁਨੀਲ ਨੂੰ ਧਮਕਾਇਆ ਗਿਆ ਸੀ। ਜਾਂਚ ਤੋਂ ਬਾਅਦ ਸਾਰੀ ਸਥਿਤੀ ਸਪੱਸ਼ਟ ਹੋ ਜਾਵੇਗੀ।"

ਮੇਰਠ ਦੇ ਐੱਸਐੱਸਪੀ ਦਾ ਕਹਿਣਾ ਹੈ ਕਿ ਪੁਲਿਸ ਹੁਣ ਮੁਦਈ (ਸੁਨੀਲ ਪਾਲ) ਦੇ ਬਿਆਨ ਦਰਜ ਕਰਨ ਲਈ ਮੁੰਬਈ ਜਾਵੇਗੀ।
ਦੋਵਾਂ ਹੀ ਮਾਮਲਿਆਂ 'ਚ ਸਮਾਨਤਾ ਦੇ ਸਵਾਲ 'ਤੇ ਬਿਜਨੌਰ ਦੇ ਐੱਸਪੀ ਅੀਭਸ਼ੇਕ ਝਾਅ ਨੇ ਦੱਸਿਆ, "ਦੋਵੇਂ ਕਿਡਨੈਪਿੰਗ ਇੱਕੋ ਤਰੀਕੇ ਨਾਲ ਹੋਈਆਂ ਹਨ। ਦੋਵਾਂ ਨੂੰ ਬਿਜਨੌਰ ਦੇ ਇੱਕ ਹੀ ਗੈਸਟਹਾਊਸ 'ਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਮੁਸ਼ਤਾਕ ਖ਼ਾਨ ਨੂੰ 20 ਨਵੰਬਰ ਨੂੰ ਮੇਰਠ 'ਚ ਸੀਨੀਅਰ ਨਾਗਰਿਕਾਂ ਦੇ ਇੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ ਸੀ ਅਤੇ ਦਿੱਲੀ ਹਵਾਈ ਅੱਡੇ ਤੋਂ ਲੈਣ ਤੋਂ ਬਾਅਦ ਮੋਦੀ ਨਗਰ ਤੋਂ ਉਨ੍ਹਾਂ ਨੂੰ ਅਗਵਾ ਕੀਤਾ ਗਿਆ ਸੀ।"
"ਸੁਨੀਲ ਪਾਲ ਨੇ ਮੁੰਬਈ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ 2 ਦਸੰਬਰ ਨੂੰ ਮੇਰਠ-ਹਰਿਦੁਆਰ ਹਾਈਵੇਅ 'ਤੇ ਇੱਕ ਢਾਬੇ ਤੋਂ ਇੱਕ ਪ੍ਰਸ਼ੰਸਕ ਦੀ ਕਾਰ 'ਚ ਬੈਠਣ ਦਾ ਲਾਲਚ ਦੇ ਕੇ ਅਗਵਾ ਕੀਤਾ ਗਿਆ ਸੀ।"
ਮੇਰਠ ਦੇ ਐੱਸਪੀ ਆਯੂਸ਼ ਵਿਕਰਮ ਸਿੰਘ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇਸ ਮਾਮਲੇ 'ਚ 2 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਮੀਡੀਆ ਰਿਪੋਰਟਾਂ 'ਚ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਮ ਲਵੀ ਪਾਲ ਉਰਫ਼ ਲਵੀ ਚੌਧਰੀ ਅਤੇ ਅਰਜੁਨ ਕਰਣਵਾਲ ਦੱਸੇ ਜਾ ਰਹੇ ਹਨ।
ਹਾਲਾਂਕਿ ਇਸ ਮਾਮਲੇ 'ਚ ਮੇਰਠ ਅਤੇ ਬਿਜਨੌਰ ਪੁਲਿਸ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਮੁਲਜ਼ਮਾਂ ਦੀ ਗ੍ਰਿਫਤਾਰੀ ਸਬੰਧੀ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਹੈ। ਦੋਵਾਂ ਜ਼ਿਲ੍ਹਿਆਂ ਦੀ ਪੁਲਿਸ ਨੇ ਕਿਹਾ ਹੈ ਕਿ ਅਜੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












