ਤਾਰਕ ਮਹਿਤਾ ਦੇ 'ਸੋਢੀ' ਵਾਪਸ ਆਏ, ਪੁਲਿਸ ਨੂੰ ਦੱਸਿਆ ਇੰਨੇ ਦਿਨ ਕਿੱਥੇ ਰਹੇ

ਤਸਵੀਰ ਸਰੋਤ, Delhi Police
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਰੌਸ਼ਨ ਸਿੰਘ ਸੋਢੀ ਲਗਭਗ ਇੱਕ ਮਹੀਨਾ ਲਾਪਤਾ ਰਹਿਣ ਤੋਂ ਬਾਅਦ ਵੀਰਵਾਰ ਨੂੰ ਵਾਪਸ ਆ ਗਏ ਹਨ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਉਨ੍ਹਾਂ ਨੇ ਵਾਪਸ ਆ ਕੇ ਪੁਲਿਸ ਨੂੰ ਦੱਸਿਆ ਕਿ ਉਹ "ਘਰੋਂ ਅਧਿਆਤਮਿਕ ਯਾਤਰਾ" ਲਈ ਨਿਕਲੇ ਸਨ।
ਉਹ ਪਿਛਲੇ ਮਹੀਨੇ ਦੀ 22 ਅਪ੍ਰੈਲ ਤੋਂ ਲਾਪਤਾ ਸਨ ਅਤੇ ਪੁਲਿਸ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।
ਇਸ ਦੌਰਾਨ ਇਸ ਮਾਮਲੇ ਵਿੱਚ ਲੋਕਾਂ ਦੀ ਦਿਲਚਸਪੀ ਲਗਾਤਾਰ ਬਣੀ ਰਹੇ ਅਤੇ ਕਈ ਮੋੜ ਆਏ।
ਖਬਰ ਏਜੰਸੀ ਏਐੱਨਆਈ ਮੁਤਾਬਕ ਗੁਰੂਚਰਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਧਾਰਮਿਕ ਸਫ਼ਰ ਲਈ ਸੰਸਾਰਿਕ ਦੁਨੀਆਂ ਨੂੰ ਤਿਆਗ ਦਿੱਤਾ ਸੀ।
ਗੁਰੂਚਰਨ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਅਦਾਕਾਰ ਅੰਮ੍ਰਿਤਸਰ ਸਾਹਿਬ ਅਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਰਹੇ। ਅਦਾਕਾਰ ਨੇ ਕਿਹਾ ਕਿ ਹਾਲਾਂਕਿ ਬਾਅਦ ਵਿੱਚ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਘਰ ਵਾਪਸ ਮੁੜ ਜਾਣਾ ਚਾਹੀਦਾ ਹੈ।
ਪੁਲਿਸ ਨੇ ਗੁਰੂਚਰਨ ਦਾ ਇਹ ਬਿਆਨ ਕੋਰਟ ਵਿੱਚ ਦਰਜ ਕਰਵਾਇਆ ਹੈ।
ਆਪਣੀ ਜਾਂਚ ਦੌਰਾਨ ਪੁਲਿਸ ਨੇ ਦੇਖਿਆ ਕਿ ਗੁਰੂਚਰਨ ਸਿੰਘ ਇੱਕ ਸੰਪਰਦਾਇ ਦੇ ਮੈਂਬਰ ਹਨ ਜੋ ਧਿਆਨ ਸਾਧਨਾ ਕਰਦਾ ਹੈ। ਉਨ੍ਹਾਂ ਨੇ ਇੱਕ ਵਾਰ ਸੰਨਿਆਸ ਲੈਣ ਦੀ ਇੱਛਾ ਵੀ ਜ਼ਾਹਰ ਕੀਤੀ ਸੀ।
ਆਪਣੀ ਜਾਂਚ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਸੀ ਕਿ ਗੁਰੂਚਰਨ ਸਿੰਘ ਆਪਣੀ ਮਾੜੀ ਆਰਥਿਕ ਸਥਿਤੀ ਕਾਰਨ ਆਪਣੀ ਈਮੇਲ ਆਈਡੀ ਅਕਸਰ ਬਦਲਦੇ ਰਹਿੰਦੇ ਸਨ।
ਉਨ੍ਹਾਂ ਦੇ ਦਸ ਬੈਂਕ ਖਾਤੇ ਸਨ ਅਤੇ ਉਨ੍ਹਾਂ ਦੀ ਕਰੈਡਿਟ ਕਾਰਡਾਂ ਉੱਤੇ ਨਿਰਭਰਤਾ ਬਹੁਤ ਜ਼ਿਆਦਾ ਸੀ।
ਅਜਿਹੀਆਂ ਵੀ ਖ਼ਬਰਾਂ ਆਈਆਂ ਸਨ ਕਿ ਉਨ੍ਹਾਂ ਨੇ ਲਾਪਤਾ ਹੋਣ ਤੋਂ ਪਹਿਲਾਂ ਇੱਕ ਏਟੀਐੱਮ ਤੋਂ ਦਸ ਹਜ਼ਾਰ ਰੁਪਏ ਕਢਵਾਏ ਸਨ।
ਕਿਵੇਂ ਹੋਏ ਸੀ ਗਾਇਬ
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੋਢੀ ਜਿਨ੍ਹਾਂ ਦਾ ਅਸਲ ਨਾਮ ਗੁਰੂਚਰਨ ਸਿੰਘ ਹੈ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ।
ਰਿਪੋਰਟ ਮੁਤਾਬਕ ਉਹ 22 ਅਪ੍ਰੈਲ ਤੋਂ ਲਾਪਤਾ ਹੋਏ ਸਨ।
ਰਿਪੋਰਟ ਮੁਤਾਬਕ ਗੁਰੂਚਰਨ ਸਿੰਘ ਸੋਮਵਾਰ ਨੂੰ ਦਿੱਲੀ ਆਪਣੇ ਘਰ ਤੋਂ ਮੁੰਬਈ ਲਈ ਰਵਾਨਾ ਹੋਏ ਸਨ ਅਤੇ ਉਦੋਂ ਤੋਂ ਹੀ ਲਾਪਤਾ ਹਨ।
ਉਨ੍ਹਾਂ ਨੇ ਮੁੰਬਈ ਉੱਤਰਨਾ ਸੀ ਪਰ ਪਹੁੰਚੇ ਨਹੀਂ ਅਤੇ ਘਰ ਵਾਪਸ ਵੀ ਨਹੀਂ ਆਏ। ਉਨ੍ਹਾਂ ਦਾ ਫੋਨ ਵੀ ਨਹੀਂ ਮਿਲ ਰਿਹਾ ਸੀ ਜਿਸ ਕਾਰਨ ਉਨ੍ਹਾਂ ਦੇ ਪਰਿਵਾਰ ਨੂੰ ਫਿਕਰ ਹੋਈ ਅਤੇ ਉਨ੍ਹਾਂ ਨੇ ਪੁਲਿਸ ਕੋਲ ਪਹੁੰਚ ਕੀਤੀ।

ਤਸਵੀਰ ਸਰੋਤ, Gurcharan Singh/ Instagram
ਦੱਖਣ-ਪੱਛਮੀ ਦਿੱਲੀ ਦੇ ਡੀਸੀਪੀ ਰੋਹਿਤ ਮੀਣਾ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, "ਗੁਰੂਚਰਨ ਸਿੰਘ ਦੇ ਪਰਿਵਾਰ ਨੇ ਸਾਡੇ ਕੋਲ ਸ਼ਿਕਾਇਤ ਦਰਜ ਕਰਵਾਈ ਲਈ ਹੈ ਕਿ ਉਹ 22 ਅਪ੍ਰੈਲ ਨੂੰ ਮੁੰਬਈ ਲਈ ਰਵਾਨਾ ਹੋਏ ਸਨ। ਉਹ ਉਦੋਂ ਤੋਂ ਹੀ ਲਾਪਤਾ ਹਨ।"
ਉਨ੍ਹਾਂ ਨੇ ਅੱਗੇ ਦੱਸਿਆ, "ਅਸੀਂ ਮਾਮਲਾ ਦਰਜ ਕਰ ਲਿਆ ਅਤੇ ਕਈ ਨੁਕਤਿਆਂ ਤੋਂ ਜਾਂਚ ਕਰ ਰਹੇ ਹਾਂ। ਅਸੀਂ ਫੁਟੇਜ ਦੀ ਭਾਲ ਕਰ ਰਹੇ ਹਾਂ। ਸਾਨੂੰ ਕਈ ਅਹਿਮ ਸੁਰਾਗ ਮਿਲੇ ਹਨ। ਅਸੀਂ ਆਈਪੀਸੀ ਦੀ ਧਾਰਾ 365 ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁੱਢਲੀ ਤਕਨੀਕੀ ਸਬੂਤਾਂ ਦੀ ਜਾਂਚ ਕਰ ਰਹੇ ਹਾਂ, ਉਨ੍ਹਾਂ ਨੂੰ ਇੱਕ ਪਿੱਠੂ ਬੈਗ ਨਾਲ ਜਾਂਦੇ ਦੇਖਿਆ ਗਿਆ ਹੈ।”

ਤਸਵੀਰ ਸਰੋਤ, Gurcharan Singh/ Instagram
ਕਰਜ਼ੇ ਕਾਰਨ ਛੱਡਿਆ ਸੀ ਘਰ
ਲਲਨਟੌਪ ਦੀ ਖ਼ਬਰ ਮੁਤਾਬਕ ਗੁਰੂਚਰਨ ਸਿੰਘ ਨੇ ਕਰਜ਼ੇ ਦੀ ਹਾਲਤ ਵਿੱਚ ਘਰ ਛੱਡ ਦਿੱਤਾ ਸੀ ਅਤੇ ਮੁੰਬਈ ਚਲੇ ਗਏ ਸਨ।
ਉੱਥੇ ਉਨ੍ਹਾਂ ਨੂੰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਕੰਮ ਮਿਲਿਆ ਅਤੇ ਉਹ ਉਸ ਲੜੀਵਾਰ ਨਾਲ ਸੱਤ ਸਾਲ ਤੱਕ ਜੁੜੇ ਰਹੇ।
ਗੁਰੂਚਰਨ ਸਿੰਘ ਨੇ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲੜੀਵਾਰ ਵਿੱਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਇਆ ਸੀ ਜੋ ਕਾਫੀ ਮਕਬੂਲ ਵੀ ਹੋਇਆ ਸੀ।
ਸਾਲ 2021 ਦੇ ਅਕਤੂਬਰ ਮਹੀਨੇ ਵਿੱਚ ਈ ਟੀਵੀ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਆਪਣੇ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ।
ਉਸ ਇੰਟਰਵਿਊ ਵਿੱਚ ਦੱਸਿਆ ਕਿ ਰੌਸ਼ਨ ਸਿੰਘ ਸੋਢੀ ਅਤੇ “ਉਨ੍ਹਾਂ ਵਿੱਚ ਇਹੀ ਫਰਕ ਹੈ ਕਿ ਉਸ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਹੈ। ਦੂਜੇ ਸੋਢੀ ਦਾਰੂ ਪੀਂਦਾ ਹੈ ਜਦਕਿ ਉਹ ਖ਼ੁਦ ਦਾਰੂ ਨਹੀਂ ਪੀਂਦੇ ਹਨ।”
ਆਪਣੇ ਵਿਆਹ ਬਾਰੇ ਉਨ੍ਹਾਂ ਨੇ ਕਿਹਾ ਕਿ ਜਦੋਂ “ਰੱਬ ਦਾ ਹੁਕਮ ਹੋਇਆ ਤਾਂ ਹੋ ਜਾਵੇਗਾ। ਅਜੇ ਤਾਂ ਮਾਂ ਬਾਪ ਨੂੰ ਦੇਖਣਾ ਹੈ।”
ਉਨ੍ਹਾਂ ਨੇ ਦੱਸਿਆ ਕਿ ਲੋਕ ਉਨ੍ਹਾਂ ਨੂੰ ਸੋਢੀ ਦੇ ਕਿਰਦਾਰ ਕਾਰਨ ਬਹੁਤ ਪਿਆਰ ਦਿੰਦੇ ਸਨ ਅਤੇ ਆਪਣਾ ਸਮਝ ਕੇ ਗੱਲ ਕਰਦੇ ਸਨ।
ਕੋਰੋਨਾ ਤੋਂ ਬਾਅਦ ਅਗਸਤ ਵਿੱਚ ਜਦੋਂ ਦੋਬਾਰਾ ਸ਼ੂਟਿੰਗ ਸ਼ੁਰੂ ਹੋਈ ਤਾਂ ਗੁਰੂਚਰਨ ਸਿੰਘ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਛੱਡ ਦਿੱਤਾ ਸੀ। ਉਨ੍ਹਾਂ ਨੇ ਦੱਸਿਆ ਕਿ ਕੋਰੋਨਾ ਤਾਂ ਬਾਅਦ ਉਨ੍ਹਾਂ ਦੇ ਪਿਤਾ ਦਾ ਅਪਰੇਸ਼ਨ ਹੋਇਆ ਸੀ। ਜਦਕਿ ਕੋਰੋਨਾ ਤੋਂ ਬਾਅਦ ਜ਼ਿੰਦਗੀ ਬਹੁਤ ਬਦਲ ਗਈ ਸੀ। ਹੱਥ ਸੈਨੀਟਾਈਜ਼ ਕਰਨਾ ਵਗੈਰਾ ਅਤੇ ਹੋਰ ਵੀ ਕਈ ਕਾਰਨ ਸਨ ਜਿਨ੍ਹਾਂ ਕਾਰਨ ਉਨ੍ਹਾਂ ਨੇ ਸ਼ੋਅ ਛੱਡ ਦਿੱਤਾ।

ਤਸਵੀਰ ਸਰੋਤ, Gurcharan Singh/ Instagram
ਪਿੰਕਵਿਲਾ ਵੈਬਸਾਈਟ ਦੀ ਜਾਣਕਾਰੀ ਮੁਤਾਬਕ ਗੁਰੂਚਰਨ ਸਿੰਘ ਦਾ ਜਨਮ ਪਹਿਲੀ ਜਨਵਰੀ 1970 ਨੂੰ ਹੋਇਆ।
ਉਨ੍ਹਾਂ ਦੀ ਪੜ੍ਹਾਈ-ਲਿਖਾਈ ਦਿੱਲੀ ਵਿੱਚ ਹੀ ਮੁਕੰਮਲ ਹੋਈ।
ਗੁਰੂਚਰਨ ਸਿੰਘ ਨੇ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਕਈ ਪ੍ਰਿੰਟ ਮਸ਼ਹੂਰੀਆਂ ਲਈ ਕੰਮ ਕੀਤਾ।
ਸਾਲ 2008 ਵਿੱਚ ਉਨ੍ਹਾਂ ਨੇ ਆਪਣੇ ਟੈਲੀਵਿਜ਼ਨ ਸਫ਼ਰ ਦੀ ਸ਼ੁਰੂਆਤ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਲੜੀਵਾਰ ਤੋਂ ਕੀਤੀ। ਜਦੋਂ ਸਾਲ 2020 ਵਿੱਚ ਉਨ੍ਹਾਂ ਨੇ ਲੜੀਵਾਰ ਛੱਡਿਆ ਤੋਂ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬਹੁਤ ਹੈਰਾਨਗੀ ਹੋਈ ਸੀ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਸੀਆਈਡੀ ਅਤੇ ਲੈਫ਼ਟ ਰਾਈਟ ਵਿੱਚ ਵੀ ਦੇਖਿਆ ਗਿਆ ਹੈ।
ਇੰਸਟਾਗ੍ਰਾਮ ਉੱਤੇ ਗੁਰੂਚਰਨ ਦੇ 10 ਲੱਖ ਫੌਲੋਵਰ ਹਨ।
ਕਰਜ਼ੇ ਅਤੇ ਸੰਘਰਸ਼ ਦੇ ਦਿਨ
ਕਰਜ਼ੇ ਦੇ ਦਿਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਇੱਕ ਯੂਟਿਊਬ ਚੈਨਲ ਨੂੰ ਦੱਸਿਆ ਕਿ ਉਹ ਬੜੇ ਮੁਸ਼ਕਿਲ ਦਿਨ ਸਨ। ਉਹ ਕਰਜ਼ਾ ਮੋੜਨਾ ਚਾਹੁੰਦੇ ਸਨ ਪਰ ਪੈਸੇ ਨਹੀਂ ਸਨ। ਜਿਨ੍ਹਾਂ ਨੇ ਪੈਸੇ ਲੈਣੇ ਹਨ ਉਹ ਵੀ ਆਪਣੀ ਥਾਂ ਠੀਕ ਹਨ।
ਉਨ੍ਹਾਂ ਨੇ ਕਿਹਾ ਕਿ ਕਰਜ਼ਾ ਲਾਹੁਣ ਲਈ ਪਰਿਵਾਰ ਪਲਾਟ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਜੋ ਵਿਕ ਨਹੀਂ ਰਿਹਾ ਸੀ।
ਉਸ ਇੰਟਰਵਿਊ ਵਿੱਚ ਗੁਰੂਚਰਨ ਦੱਸਦੇ ਹਨ, “ਉਸ ਸਥਿਤੀ ਵਿੱਚ ਸੜਕ ਉੱਤੇ ਖੜ੍ਹੇ ਹੋ ਕੇ ਮੈਂ ਪ੍ਰਮਾਤਮਾਂ ਨੂੰ ਸਿੱਧੇ ਕਿਹਾ, ਕਰਜ਼ਦਾਰਾਂ ਨੂੰ ਵਾਰ-ਵਾਰ ਸੁਣਨਾ ਪੈ ਰਿਹਾ ਸੀ... ਮੈਂ ਜ਼ਿੰਦਗੀ ਵਿੱਚ ਇੱਕ ਹੀ ਚੀਜ਼ ਕਹੀ ਕਿ ਗੁਰੂ ਖੁਦਕੁਸ਼ੀ ਨਹੀਂ ਕਰਾਂਗਾ, ਕੁਝ ਵੀ ਹੋ ਜਾਵੇ। ਤੂੰ ਜੇ ਇਹ ਜਾਨ ਦਿੱਤੀ ਹੈ ਤਾਂ ਤੂੰ ਬਦਲ ਵੀ ਸਕਦਾ ਹੈਂ।”
“ਸੜਕ ਦੇ ਕਿਨਾਰੇ ਖੜ੍ਹੇ ਹੋਕੇ ਮੈਂ ਕਿਹਾ ਕਿ ਜੇ ਤੈਨੂੰ ਨਹੀਂ ਲਗਦਾ ਕਿ ਅਸੀਂ ਉਨ੍ਹਾਂ ਦੇ ਪੈਸੇ ਨਹੀਂ ਮੋੜ ਸਕਦੇ ਤਾਂ ਤੂੰ ਮਾਰ ਦੇ ਮੈਨੂੰ ਪਰ ਖੁਦਕੁਸ਼ੀ ਤਾਂ ਮੈਂ ਬਿਲਕੁਲ ਵੀ ਨਹੀਂ ਕਰਾਂਗਾ।”
ਫਿਰ ਗੁਰੂਚਰਨ ਸਿੰਘ ਹੁਰਾਂ ਦਾ ਉਹ ਪਲਾਟ ਵਿਕਿਆ ਅਤੇ ਗੁਰਦੁਆਰਾ ਰਕਾਬਗੰਜ ਵਿੱਚ ਬੁਲਾ ਕੇ ਉਨ੍ਹਾਂ ਨੇ ਕਰਜ਼ ਦੇ ਪੈਸੇ ਵਾਪਸ ਕੀਤੇ।
ਉਨ੍ਹਾਂ ਨੇ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ “ਅਸੀਂ ਪੈਸੇ ਉਨ੍ਹਾਂ ਨੂੰ ਮੋੜੇ ਤਾਂ ਉਹ ਵੀ ਰੋ ਰਹੇ ਸਨ ਅਤੇ ਅਸੀਂ ਵੀ। ਉਨ੍ਹਾਂ ਦਾ ਕਹਿਣਾ ਸੀ ਕੀ ਸਾਨੂੰ ਅੱਜ ਵੀ ਲੱਗ ਰਿਹਾ ਸੀ ਤੁਸੀਂ ਸਾਡੇ ਪੈਸੇ ਵਾਪਸ ਨਹੀਂ ਕਰੋਗੇ। ਅਸੀਂ ਕਿਹਾ ਕਿ ਨਹੀਂ ਜਦੋਂ ਸਾਡੇ ਕੋਲ ਪੈਸੇ ਆਏ ਅਸੀਂ ਵਾਪਸ ਕਰਾਂਗੇ ਅਤੇ ਅੱਜ ਗੁਰਦੁਆਰੇ ਖੜ੍ਹੇ ਹੋਕੇ ਤੁਹਾਡੇ ਪੈਸੇ ਦੇ ਰਹੇ ਹਾਂ।”
ਤਾਰਕ ਮਹਿਤਾ ਮਿਲਣ ਦੀ ਕਹਾਣੀ

ਤਸਵੀਰ ਸਰੋਤ, MANISH SHUKLA
ਉਨ੍ਹਾਂ ਨੇ ਕਿਹਾ, “ਦਿੱਲੀ ਤੋਂ ਮੁੰਬਈ ਜਾਣ ਵਿੱਚ ਮੈਨੂੰ ਮਿਹਨਤ ਕਰਨੀ ਪਈ ਪਰ ਉੱਥੇ ਜਾ ਕੇ ਉਨ੍ਹਾਂ ਨੂੰ ਕੋਈ ਮਿਹਨਤ ਨਹੀਂ ਕਰਨੀ ਪਈ।”
ਕਾਂਦੀਵਲੀ ਵਿੱਚ ਆਡੀਸ਼ਨ ਸੀ। ਮੈਂ ਆਪਣੇ ਦੋਸਤਾਂ ਨੂੰ ਪੁੱਛਿਆ, ਉਹ ਕਹਿੰਦੇ ਕਿ ਬਈ ਉਹ ਕੋਈ ਨਕਲੀ ਟਿਕਾਣਾ ਹੋਵੇਗਾ। ਉਨ੍ਹਾਂ ਨੇ ਕਿਹੜਾ ਆਪਾਂ ਨੂੰ ਰੋਲ ਦੇਣਾ ਅਤੇ ਪੈਸੇ ਦੇਣੇ ਨੇ ਸਗੋਂ ਉਹ ਆਪਣੇ ਤੋਂ ਪੈਸੇ ਲੈਣਗੇ।
ਉਨ੍ਹਾਂ ਨੇ ਮੈਨੂੰ ਨੈਗਟਿਵ ਕਰ ਦਿੱਤਾ। ਫਿਰ ਮੇਰੇ ਮਨ ਵਿੱਚ ਆਇਆ ਕਿ ਜੇ ਉਹ ਪੈਸੇ ਮੰਗਣਗੇ ਤਾਂ ਦੇਣੇ ਤਾਂ ਮੇਰੇ ਹੱਥ ਵਿੱਚ ਨੇ। ਮੈਨੂੰ ਤਾਂ ਕੈਮਰੇ ਦੇ ਸਾਹਮਣੇ ਕੰਮ ਕਰਨਾ ਪਸੰਦ ਹੈ। ਕੰਮ ਕਰਾਂਗਾ ਜਦੋਂ ਪੈਸੇ ਮੰਗਣਗੇ ਮਨ੍ਹਾਂ ਕਰ ਦਿਆਂਗਾ। ਜੋ ਪਸੰਦ ਹੈ ਉਹ ਤਾਂ ਕਰ ਕੇ ਆ ਜਾਵਾਂ।
ਜਦੋਂ ਸਕਿਰਪਿਟ ਮਿਲੀ ਤਾਂ ਸਰਸਰੀ ਜਿਹੀ ਦੇਖੀ ਅਤੇ ਕਹਿ ਦਿੱਤਾ ਕਿ ਤਿਆਰ ਹੈ ਕਿਉਂਕਿ “ਪਿੱਛੇ ਦਿਮਾਗ ਵਿੱਚ ਤਾਂ ਇਹ ਚੱਲ ਰਿਹਾ ਸੀ ਇਹ ਤਾਂ ਪੈਸੇ ਮੰਗੇਗਾ। ਮੈਂ ਤਾਂ ਅਨੰਦ ਲੈਣ ਗਿਆ ਸੀ।”
ਉਹ ਆਡੀਸ਼ਨ ਦੇ ਕੇ ਵਾਪਸ ਆ ਗਏ, ਫਿਰ ਫੋਨ ਆਇਆ ਸਰ ਤੁਹਾਡਾ ਇੱਕ ਹੋਰ ਆਡੀਸ਼ਨ ਲੈਣਾ ਹੈ। ਮੈਂ ਕਿਹਾ ਹੁਣ ਇਹ ਪੈਸੇ ਮੰਗੇਗਾ। ਉੱਥੇ ਬਹੁਤ ਸਾਰੇ ਲੋਕ ਸਨ, ਮੈਨੂੰ ਲੱਗਿਆ ਕਿ ਇੰਨੇ ਸਾਰੇ ਰਲ ਕੇ ਮੈਨੂੰ ਮਾਰਨਗੇ।
ਉੱਥੇ ਉਨ੍ਹਾਂ ਦੀ ਮੁਲਾਕਾਤ ਦਇਆ ਸ਼ੰਕਰ ਪਾਂਡੇ ਨਾਲ ਹੋਈ, ਜਿਨ੍ਹਾਂ ਦੀ ਉਦੋਂ ਗੰਗਾ ਜਲ ਫਿਲਮ ਆਈ ਸੀ। ਉਨ੍ਹਾਂ ਨਾਲ ਗੱਲਬਾਤ ਕਰਕੇ “ਮੈਨੂੰ ਲੱਗਿਆ ਕਿ ਇਹ ਤਾਂ ਅਜਿਹਾ ਕੁਝ ਗਲਤ ਨਹੀਂ ਕਰਨਗੇ।”
ਜੈਨੀਫਰ ਜੋ ਰੌਸ਼ਨ ਦੀ ਪਤਨੀ ਦਾ ਕਿਰਦਾਰ ਨਿਭਾਅ ਰਹੇ ਸਨ ਕੁਝ ਘਬਰਾਏ ਹੋਏ ਸਨ। ਪਰ “ਜਦੋਂ ਮੈਂ ਊਰਜਾ ਨਾਲ ਸ਼ੁਰੂ ਕੀਤਾ ਤਾਂ ਉਨ੍ਹਾਂ ਵਿੱਚ ਵੀ ਜੋਸ਼ ਆ ਗਿਆ। ਜਦੋਂ ਡਾਇਰੈਕਟਰ ਨੇ ਕੱਟ ਕਿਹਾ ਤਾਂ ਅਸੀਂ ਰੁਕ ਹੀ ਨਹੀਂ ਰਹੇ ਸੀ।”
ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਵਿਵਾਦ ਅਤੇ ਪ੍ਰਸਿੱਧੀ

ਤਸਵੀਰ ਸਰੋਤ, NEELA FILM PRODUCTION
ਬੀਬੀਸੀ ਸਹਿਯੋਗੀ ਸੁਪ੍ਰੀਆ ਸੋਗਲੇ ਦੀ ਰਿਪੋਰਟ ਮੁਤਾਬਕ, 'ਤਾਰਕ ਮਹਿਤਾ ਕਾ ਉਲਟ ਚਸ਼ਮਾ' ਦਾ ਪ੍ਰੀਮੀਅਰ ਜੁਲਾਈ 2008 'ਚ 'ਸਬ ਟੀਵੀ' 'ਤੇ ਹੋਇਆ ਸੀ।
ਇਹ ਕਾਮੇਡੀ ਸੀਰੀਅਲ ਮਸ਼ਹੂਰ ਗੁਜਰਾਤੀ ਲੇਖਕ ਤਾਰਕ ਮਹਿਤਾ ਦੇ ਗੁਜਰਾਤੀ ਖੇਤਰੀ ਮੈਗਜ਼ੀਨ ਦੇ ਹਫ਼ਤਾਵਾਰੀ ਕਾਲਮ ‘ਦੁਨੀਆਂ ਨੇ ਉੜਾ ਚਸ਼ਮਾ’ ਤੋਂ ਪ੍ਰੇਰਿਤ ਇੱਕ ਕਾਮੇਡੀ ਸ਼ੋਅ ਹੈ।
ਨਿਰਮਾਤਾਵਾਂ ਨੇ 2001 ਵਿੱਚ ਮੈਗਜ਼ੀਨ ਤੋਂ ਅਧਿਕਾਰ ਖ਼ਰੀਦੇ ਸਨ, ਪਰ ਵੱਡੇ ਟੀਵੀ ਚੈਨਲਾਂ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਸ ਦੌਰ ਵਿੱਚ ਸਾਸ-ਬਹੂ ਸੀਰੀਅਲਾਂ ਦਾ ਦਬਦਬਾ ਸੀ।
ਨਿਰਮਾਤਾਵਾਂ ਨੂੰ ਕਰੀਬ 8 ਸਾਲ ਤੱਕ ਉਡੀਕਣਾ ਪਿਆ, ਪਰ ਉਨ੍ਹਾਂ ਨੂੰ ਇਸ ਉਡੀਕ ਦਾ ਸ਼ਾਨਦਾਰ ਫ਼ਲ ਮਿਲਿਆ।
ਸੀਰੀਅਲ ਦੇ ਕੇਂਦਰ ਵਿੱਚ ਗੋਕੁਲਧਾਮ ਸੋਸਾਇਟੀ ਅਤੇ ਇਸ ਵਿੱਚ ਰਹਿਣ ਵਾਲੇ ਵੱਖ-ਵੱਖ ਪਿਛੋਕੜ ਵਾਲੇ ਲੋਕਾਂ ਦੀ ਜ਼ਿੰਦਗੀ ਹੈ।

ਸੋਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਨੇ ਹੌਲੀ-ਹੌਲੀ ਭਾਰਤ ਦੇ ਘਰਾਂ ਵਿੱਚ ਆਪਣੀ ਥਾਂ ਬਣਾ ਲਈ। ਇਸ ਸੀਰੀਅਲ ਨੂੰ ਲੋਕਾਂ ਨੇ ਖ਼ੂਬ ਪਿਆਰ ਦਿੱਤਾ।
ਸਾਧਾਰਨ ਲੋਕ ਅਤੇ ਉਨ੍ਹਾਂ ਦੀ ਸਾਧਾਰਨ ਜ਼ਿੰਦਗੀ, ਹਰ ਰੋਜ਼ ਕੋਈ ਨਾ ਕੋਈ ਨਵੀਂ ਘਟਨਾ ਅਤੇ ਘਟਨਾ ਦੁਆਲੇ ਬੁਣੀਆਂ ਕਹਾਣੀਆਂ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ।
ਸੀਰੀਅਲ ਦੇ ਮੁੱਖ ਕਿਰਦਾਰ ਜੇਠਾਲਾਲ ਗੜਾ ਅਤੇ ਉਨ੍ਹਾਂ ਦੀ ਪਤਨੀ ਦਿਯਾ ਬੇਨ ਦੇ ਕਿਰਦਾਰ ਨੂੰ ਲੋਕਾਂ ਨੇ ਇੰਨਾਂ ਪਸੰਦ ਕੀਤਾ ਕਿ ਕਈ ਵਾਰ ਇਨ੍ਹਾਂ ਕਲਾਕਾਰਾਂ ਨੂੰ ਜਨਤਕ ਥਾਵਾਂ 'ਤੇ ਉਨ੍ਹਾਂ ਦੇ ਅਸਲੀ ਨਾਂ ਨਾਲ ਨਹੀਂ ਸਗੋਂ ਸੀਰੀਅਲ ਦੇ ਕਿਰਦਾਰਾਂ ਵਜੋਂ ਬੁਲਾਇਆ ਗਿਆ।
ਸੀਰੀਅਲ ਦੇ ਬਾਕੀ ਕਲਾਕਾਰਾਂ ਦਾ ਵੀ ਇਹੀ ਹਾਲ ਸੀ।
ਸ਼ੁਰੂ ਵਿੱਚ ਇਹ ਲੜੀਵਾਰ ਸਿਰਫ਼ ਦੋ ਸਾਲਾਂ ਲਈ ਹੀ ਬਣਿਆ ਸੀ ਪਰ ਇਸ ਦੀ ਸਫ਼ਲਤਾ ਨੇ ਨਿਰਮਾਤਾ-ਨਿਰਦੇਸ਼ਕ ਦਾ ਹੌਸਲਾ ਵਧਾ ਦਿੱਤਾ।
15 ਸਾਲ ਪੂਰੇ ਕਰ ਚੁੱਕੇ ਲੜੀਵਾਰ ਦੇ 3600 ਤੋਂ ਵੱਧ ਐਪੀਸੋਡ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।
ਇਸ ਸ਼ੋਅ ਦੀ ਲੋਕਪ੍ਰਿਅਤਾ ਇੰਨੀ ਸੀ ਕਿ ਇਸ ਨੂੰ ਤੇਲਗੂ ਅਤੇ ਮਰਾਠੀ ਭਾਸ਼ਾਵਾਂ ਵਿੱਚ ਵੀ ਡੱਬ ਕੀਤਾ ਗਿਆ।
ਲੜੀਵਾਰ ਕਈ ਵਿਵਾਦਾਂ ਵਿੱਚ ਵੀ ਘਿਰਿਆ ਰਿਹਾ ਹੈ।
ਇਹ ਸੀਰੀਅਲ ਅਜੇ ਵੀ ਚੱਲ ਰਿਹਾ ਹੈ ਪਰ ਇਸ ਦੇ ਕਈ ਮਸ਼ਹੂਰ ਕਲਾਕਾਰ ਇਸ ਸੀਰੀਅਲ ਤੋਂ ਅਲੱਗ ਹੋ ਗਏ ਹਨ ਤੇ ਕੁਝ ਹੁਣ ਇਸ ਦੁਨੀਆ 'ਚ ਨਹੀਂ ਰਹੇ।















