ਯੂਕੇ ’ਚ ਗੁਰਦੁਆਰੇ ਨੇ ਜਾਅਲੀ ਸਪੌਂਸਰਸ਼ਿਪ ਰਾਹੀਂ ਕੌਮਾਂਤਰੀ ਵਿਦਿਆਰਥੀਆਂ ਨਾਲ ਸ਼ੋਸ਼ਣ ਕਰਨ ਵਾਲੇ ‘ਏਜੰਟ’ ਨੂੰ ਕਿਵੇਂ ਨੱਥ ਪਾਈ

ਨਾਦੀਆ
ਤਸਵੀਰ ਕੈਪਸ਼ਨ, ਨਾਦੀਆ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਾਅਲੀ ਦਸਤਾਵੇਜ਼ਾਂ ਲਈ ਇੱਕ ਏਜੰਟ ਨੂੰ 10,000 ਪੌਂਡ ਦਿੱਤੇ
    • ਲੇਖਕ, ਐਮੀ ਜੋਹਨਸਟੋਨ
    • ਰੋਲ, ਬੀਬੀਸੀ ਮਿਡਲੈਂਡਜ਼ ਪੜਤਾਲ

ਸੰਸਾਰ ਪੱਧਰ ’ਤੇ ਫੈਲੇ ਲੋਕਾਂ ਦੇ ਸੰਗਠਨ ਨੇ ਵਿਦਿਆਰਥੀਆਂ ਨਾਲ ਹਜ਼ਾਰਾਂ ਪੌਂਡਾਂ ਦੀ ਠੱਗੀ ਮਾਰੀ ਹੈ।

ਉਨ੍ਹਾਂ ਨੂੰ ਯੂਕੇ ਵਿੱਚ ਕੰਮ ਕਰਨ ਦੇ ਅਧਿਕਾਰ ਨਾਲ ਸਬੰਧਤ ਜਾਅਲੀ ਦਸਤਾਵੇਜ਼ ਦਿੱਤੇ ਗਏ।

ਬੀਬੀਸੀ ਦੀ ਪੜਤਾਲ ਵਿੱਚ ਸਾਹਮਣੇ ਆਇਆ ਕਿ ਦਲਾਲਾਂ ਵਜੋਂ ਕੰਮ ਕਰਦੇ ਏਜੰਟਾਂ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ ਨੂੰ ‘ਕੇਅਰ ਇੰਡਸਟ੍ਰੀ’(ਦੇਖਭਾਲ ਖੇਤਰ) ਵਿੱਚ ਨੌਕਰੀਆਂ ਦੀ ਲੋੜ ਸੀ।

ਵਿਦਿਆਰਥੀਆਂ ਨੇ ਸਪੌਂਸਰਸ਼ਿਪ ਸਰਟੀਫਿਕੇਟਾਂ ਲਈ 17,000 ਪੌਂਡ ਦਿੱਤੇ, ਜੋ ਉਵੇਂ ਮੁਫ਼ਤ ਹੋਣੇ ਸਨ।

ਜਦੋਂ ਉਨ੍ਹਾਂ ਨੇ ਸਕਿੱਲਡ ਵਰਕਰ ਵੀਜ਼ਾਂ ਲਈ ਅਪਲਾਈ ਕੀਤਾ ਤਾਂ ਉਨ੍ਹਾਂ ਦੇ ਦਸਤਾਵੇਜ਼ ਗ੍ਰਹਿ ਮੰਤਰਾਲੇ ਵਲੋਂ ਪ੍ਰਵਾਨ ਨਹੀ ਕੀਤੇ ਗਏ।

ਸਾਡੇ ਕੋਲ ਅਜਿਹੇ ਦਸਤਾਵੇਜ਼ ਹਨ ਜੋ ਦਿਖਾਉਂਦੇ ਹਨਕਿ ਤੈਮੂਰ ਰਜ਼ਾ ਨੇ 141 ਵੀਜ਼ਾ ਦਸਤਾਵੇਜ਼ 1.2 ਮਿਲੀਅਨ ਪੌਂਡ ਵਿੱਚ ਵੇਚੇ। ਇਨ੍ਹਾਂ ਵਿੱਚੋਂ ਬਹੁਤੇ ਦਸਤਾਵੇਜ਼ਾਂ ਦਾ ਕੋਈ ਮੁੱਲ ਨਹੀਂ ਸੀ।

ਤੈਮੂਰ ਰਜ਼ਾ

ਤਸਵੀਰ ਸਰੋਤ, Other

ਤਸਵੀਰ ਕੈਪਸ਼ਨ, ਬੀਬੀਸੀ ਦੇ ਸਾਹਮਣੇ ਆਇਆ ਤੈਮੂਰ ਰਜ਼ਾ ਨੇ ਦਰਜਨਾਂ ਜਾਅਲੀ ਦਸਤਾਵੇਜ਼ ਵਿਦਿਆਰਥੀਆਂ ਨੂੰ ਵੇਚੇ

ਰਜ਼ਾ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਨੇ ਕੋਈ ਵੀ ਗ਼ਲਤ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਕੁਝ ਪੈਸੇ ਵਿਦਿਆਰਥੀਆਂ ਨੂੰ ਵਾਪਸ ਮੋੜੇ ਹਨ।

ਰਜ਼ਾ ਨੇ ਵੈੱਸਟ ਮਿਡਲੈਂਡਜ਼ ਵਿੱਚ ਦਫ਼ਤਰ ਕਿਰਾਏ ਉੱਤੇ ਲਿਆ ਅਤੇ ਸਟਾਫ਼ ਰੱਖਿਆ ਅਤੇ ਦਰਜਨਾਂ ਵਿਦਿਆਰਥੀਆਂ ਨਾਲ ਇਹ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਦੇਖਭਾਲ ਘਰਾਂ ਵਿੱਚ ਕੰਮ ਮਿਲੇਗਾ ਤੇ ਉਨ੍ਹਾਂ ਨੂੰ ਰੁਜ਼ਗਾਰ ਲਈ ਸਪੌਂਸਰਸ਼ਿਪ ਵੀ ਦਿੱਤੀ ਗਈ।

ਸਾਨੂੰ ਇਹ ਦੱਸਿਆ ਗਿਆ ਹੈ ਕਿ ਉਨ੍ਹਾਂ ਨੇ ਕਾਨੂੰਨੀ ਤੌਰ ਉੱਤੇ ਸਹੀ ਦਸਤਾਵੇਜ਼ ਵੇਚਣੇ ਸ਼ੁਰੂ ਕਰ ਦਿੱਤੇ ਹਨ ਅਤੇ ਕੁਝ ਕੁ ਵਿਦਿਆਰਥੀਆਂ ਨੂੰ ਵੀਜ਼ਾ ਅਤੇ ਸਹੀ ਨੌਕਰੀਆਂ ਮਿਲੀਆਂ।

ਪਰ ਕਈ ਲੋਕਾਂ ਦੀ ਸਾਰੀ ਬਚਤ ਜਾਅਲੀ ਦਸਤਾਵੇਜ਼ਾਂ ਵਿੱਚ ਚਲੀ ਗਈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

‘ਮੈਂ ਇੱਥੇ ਫਸੀ ਹੋਈ ਹਾਂ'

ਬੀਬੀਸੀ ਨੇ 17 ਔਰਤਾਂ ਅਤੇ ਮਰਦਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਹਜ਼ਾਰਾਂ ਪੌਂਡ ਵਰਕ ਵੀਜ਼ਾ ਹਾਸਲ ਕਰਦਿਆਂ ਗੁਆ ਦਿੱਤੇ।

ਇਨ੍ਹਾਂ ਵਿੱਚ 3 ਮਹਿਲਾ ਵਿਦਿਆਰਥੀਆਂ ਨੇ ਕੁੱਲ 38000 ਪੌਂਡ ਵੱਖ-ਵੱਖ ਏਜੰਟਾਂ ਨੂੰ ਦਿੱਤੇ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਭਾਰਤ ਵਿੱਚ ਇਹ ਸੁਪਨਾ ਵੇਚਿਆ ਗਿਆ ਸੀ ਕਿ ਉਹ ਇੰਗਲੈਂਡ ਆਕੇ ਚੰਗੀ ਜ਼ਿੰਦਗੀ ਬਤੀਤ ਕਰਨਗੇ।

ਇਸ ਦੀ ਥਾਂ ਉਨ੍ਹਾਂ ਦੇ ਸਾਰੇ ਪਾਸੇ ਚਲੇ ਗਏ ਅਤੇ ਉਹ ਆਪਣੇ ਪਰਿਵਾਰਾਂ ਨੂੰ ਇਹ ਸੱਚ ਦੱਸਣ ਤੋਂ ਡਰਦੇ ਹਨ।

ਨਿਲਾ(ਬਦਲਿਆ ਹੋਇਆ ਨਾਮ) ਨੇ ਬੀਬੀਸੀ ਨੂੰ ਦੱਸਿਆ, “ਮੈਂ ਇੱਥੇ ਫਸੀ ਹੋਈ ਹਾਂ।”

ਉਨ੍ਹਾਂ ਕਿਹਾ, “ਜੇਕਰ ਮੈਂ ਵਾਪਸ ਜਾਂਦੀ ਹਾਂ ਤਾਂ ਮੇਰੇ ਪਰਿਵਾਰ ਦੇ ਸਾਰੇ ਪੈਸੇ ਵਿਅਰਥ ਹੋ ਜਾਣਗੇ।”

ਯੂਕੇ ਦੇ ਦੇਖਭਾਲ ਖੇਤਰ ਵਿੱਚ ਕੇਅਰ ਹੋਮਜ਼ ਅਤੇ ਏਜੰਸੀਆਂ ਸ਼ਾਮਲ ਹਨ। ਇਸ ਖੇਤਰ ਵਿੱਚ 2022 ਵਿੱਚ 165,000 ਨੌਕਰੀਆਂ ਖਾਲੀ ਸਨ।

ਸਰਕਾਰ ਨੇ ਭਰਤੀਆਂ ਵਧਾਉਣ ਲਈ ਕੌਮਾਂਤਰੀ ਅਰਜ਼ੀਆਂ ਖੋਲ੍ਹ ਦਿੱਤੀਆ। ਇਸ ਮਗਰੋਂ ਭਾਰਤ, ਨਾਇਜੀਰੀਆ ਤੇ ਫ਼ਿਲੀਪੀਨਜ਼ ਤੋਂ ਕਈ ਲੋਕਾਂ ਨੇ ਅਰਜ਼ੀਆਂ ਦਿੱਤੀਆਂ।

ਅਰਜ਼ੀਕਾਰ ਕੋਲ ਇਹ ਯੋਗ ਸਪੌਂਸਰ ਹੋਣਾ ਜ਼ਰੂਰੀ ਹੈ। ਇਹ ਸਪੌਂਸਰ ਇੱਕ ਰਜਿਸਟਰਡ ਕੇਅਰ ਹੋਮ ਅਤੇ ਏਜੰਸੀ ਹੋ ਸਕਦੀ ਹੈ।

ਇਸ ਅਰਜ਼ੀ ਦੇਣ ਵਾਲੇ ਨੇ ਸਪੌਂਸਰਸ਼ਿਪ ਜਾਂ ਵੀਜ਼ਾ ਲੈਣ ਲਈ ਕੋਈ ਪੈਸਾ ਨਹੀਂ ਦੇਣਾ ਹੁੰਦਾ।

ਇਹ ਰਾਹ ਦੇ ਅਚਾਨਕ ਖੁੱਲ੍ਹਣ ਦਾ ਦਲਾਲਾਂ ਵੱਲੋਂ ਗ਼ਲਤ ਫਾਇਦਾ ਚੁੱਕਿਆ ਗਿਆ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਫਸਾਇਆ ਗਿਆ ਜੋ ਕੰਮ ਕਰਨਾ ਚਾਹੁੰਦੇ ਸਨ।

ਹਾਲਾਂਕਿ ਅਸੀਂ ਜਿਨ੍ਹਾਂ ਵਿਦਿਆਰਥੀਆਂ ਨਾਲ ਗੱਲ ਕੀਤੀ ਉਨ੍ਹਾਂ ਨੇ ਯੂਕੇ ਵਿੱਚ ਕਾਨੂੰਨੀ ਤੌਰ ਉੱਤੇ ਰਹਿਣ ਦੀਆਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ।

ਹੁਣ ਉਨ੍ਹਾਂ ਉੱਤੇ ਉਨ੍ਹਾਂ ਨੂੰ ਆਪਣੇ ਦੇਸ ਵਾਪਸ ਭੇਜੇ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ।

ਕਈ ਔਰਤਾਂ ਵੀ ਇਸ ਧੋਖ਼ਾਧੜ੍ਹੀ ਦੀਆਂ ਸ਼ਿਕਾਰ ਹੋਈਆਂ
ਤਸਵੀਰ ਕੈਪਸ਼ਨ, ਕਈ ਔਰਤਾਂ ਵੀ ਇਸ ਧੋਖ਼ਾਧੜ੍ਹੀ ਦੀਆਂ ਸ਼ਿਕਾਰ ਹੋਈਆਂ

ਪੀੜ੍ਹਤਾਂ ਦੇ ਨੰਬਰ ਬਲਾਕ ਕੀਤੇ

ਨਾਦੀਆ(ਬਦਲਿਆ ਹੋਇਆ ਨਾਲ) ਭਾਰਤ ਦੀ ਰਹਿਣ ਵਾਲੀ ਹੈ।

ਉਹ ਯੂਕੇ ਵਿੱਚ ਸਾਲ 2021 ਵਿੱਚ ਸਟੱਡੀ ਵੀਜ਼ਾ ਉੱਤੇ ਕੰਪਿਊਟਰ ਸਾਈੰਸ ਵਿਸ਼ੇ ਵਿੱਚ ਬੀਏ ਦੀ ਪੜ੍ਹਾਈ ਕਰਨ ਲਈ ਆਈ।

ਇੱਕ ਸਾਲ ਬਾਅਦ ਉਨ੍ਹਾਂ ਨੇ ਇੱਕ ਸਾਲ ਦੀ 22,000 ਪੌਂਡ ਫ਼ੀਸ ਦੇਣ ਦੀ ਥਾਂ ਨੌਕਰੀ ਲੱਭਣ ਬਾਰੇ ਸੋਚਿਆ।

ਇੱਕ ਦੋਸਤ ਨੇ ਉਨ੍ਹਾਂ ਨੂੰ ਇੱਕ ਏਜੰਟ ਦਾ ਨੰਬਰ ਦਿੱਤਾ ਜਿਸ ਨੇ ਨਾਦੀਆ ਨੂੰ ਕਿਹਾ ਕਿ ਉਹ ਉਸ ਨੂੰ ‘ਕੇਅਰ ਵਰਕਰ’ ਵਜੋਂ ਕੰਮ ਕਰਨ ਲਈ ਲੋੜੀਂਦੇ ਸਹੀ ਦਸਤਾਵੇਜ਼ 10,000 ਪੌਂਡ ਵਿੱਚ ਦੇ ਸਕਦਾ ਹੈ।

ਨਾਦੀਆ ਨੇ ਦੱਸਿਆ ਕਿ ਏਜੰਟ ਨੇ ਉਸ ਨਾਲ ਚੰਗਾ ਵਿਹਾਰ ਕੀਤਾ ਅਤੇ ਨਾਦੀਆ ਨੂੰ ਕਿਹਾ ਉਹ ਉਸ ਨੂੰ ਆਪਣੇ ਰਿਸ਼ਤੇਦਾਰਾਂ ਦੀ ਯਾਦ ਦਵਾਉਂਦੀ ਹੈ।

ਵੁਲਵਰਹੈਂਪਟਨ ’ਚ ਰਹਿੰਦੀ ਨਾਦੀਆ ਦੱਸਦੇ ਹਨ, “ਉਸ ਨੇ ਮੈਨੂੰ ਕਿਹਾ ਕਿ ‘ਮੈਂ ਤੇਰੇ ਕੋਲੋਂ ਜ਼ਿਆਦਾ ਪੈਸੇ ਨਹੀਂ ਲਵਾਂਗਾ ਕਿਉਂਕਿ ਤੁੰ ਮੇਰੀਆਂ ਭੈਣਾਂ ਜਿਹੀ ਲੱਗਦੀ ਹੈਂ।”

ਨਾਦੀਆਂ ਨੇ ਉਸ ਨੂੰ 8,000 ਪੌਂਡ ਪਹਿਲਾਂ ਦਿੱਤੇ ਅਤੇ 6 ਮਹੀਨਿਆਂ ਤੱਕ ਇੱਕ ਦਸਤਾਵੇਜ਼ ਦੀ ਉਡੀਕ ਕੀਤੀ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਕੋਲ ਵਾਲਸੈਲ ਵਿਚਲੇ ਇੱਕ ‘ਕੇਅਰ ਹੋਮ’ ਵਿੱਚ ਕੰਮ ਹੈ।

ਨਾਦੀਆ ਨੇ ਕਿਹਾ, “ਮੈਂ ‘ਕੇਅਰ ਹੋਮ’ ਵਿੱਚ ਫੋਨ ਕਰਕੇ ਆਪਣੇ ਵੀਜ਼ਾ ਬਾਰੇ ਪੁੱਛਿਆ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਪੌਂਸਰਸ਼ਿਪ ਦੇ ਕੋਈ ਸਰਟੀਫਿਕੇਟ ਨਹੀਂ ਦਿੱਤੇ ਕਿਉਂਕਿ ਉਨ੍ਹਾਂ ਕੋਲ ਪਹਿਲਾਂ ਹੀ ਪੂਰਾ ਸਟਾਫ਼ ਹੈ।”

ਏਜੰਟ ਨੇ ਨਾਦੀਆ ਦਾ ਨੰਬਰ ਬਲੌਕ ਕਰ ਦਿੱਤਾ। ਨਾਦੀਆ ਨੂੰ ਸਲਾਹ ਦਿੱਤੀ ਗਈ ਸੀ ਕਿ ਉਹ ਪੁਲਿਸ ਕੋਲ ਜਾਣ ਪਰ ਨਾਦੀਆ ਨੇ ਕਿਹਾ ਕਿ ਉਹ ਬਹੁਤ ਡਰੀ ਹੋਈ ਸੀ।

ਇਹ ਵੀ ਪੜ੍ਹੋ-

ਡਰ ਅਤੇ ਪਰਿਵਾਰ ਦੀਆਂ ਉਮੀਦਾਂ

ਬਰਮਿੰਘਮ ਵਿੱਚ ਰਹਿੰਦੇ ਨਿਲਾ ਦੱਸਦੇ ਹਨ ਕਿ ਉਨ੍ਹਾਂ ਦੇ ਪਰਿਵਾਰ ਨੂੰ ਯਕੀਨ ਸੀ ਕਿ ਯੂਕੇ ਵਿੱਚ ਜਾਣ ਲਈ ਪੈਸੇ ਖਰਚਣ ਨਾਲ ਉਹ ਨਵੇਂ ਹੁਨਰ ਸਿੱਖ ਸਕੇਗੀ, ਜੋ ਭਾਰਤ ਰਹਿੰਦਿਆਂ ਨਹੀਂ ਹੋਵੇਗਾ।

ਉਨ੍ਹਾਂ ਦੱਸਿਆ, “ਮੇਰੇ ਪਤੀ ਦੇ ਪਿਤਾ ਫੌਜ ਵਿੱਚ ਸਨ, ਉਨ੍ਹਾਂ ਨੇ ਆਪਣੀ ਸਾਰੀ ਬੱਚਤ ਇਸ ਲਈ ਲਗਾ ਦਿੱਤੀ।”

ਨਿਲਾ ਵੁਲਵਰਹੈਂਪਟਨ ਵਿੱਚ ਇੱਕ ਸਿਖਲਾਈ ਏਜੰਸੀ ਕੋਲ ਗਈ ਤਾਂ ਜੋ ਉਹ ਆਪਣਾ ਸਟੂਡੈਂਟ ਵੀਜ਼ਾ ‘ਕੇਅਰ ਵਰਕਰ ਵੀਜ਼ਾ’ ਵਿੱਚ ਤਬਦੀਲ ਕਰਵਾ ਸਕੇ।

ਨਿਲਾ ਨੇ ਦੱਸਿਆ ਕਿ ਏਜੰਟ ਚੰਗੇ ਤਰੀਕੇ ਨਾਲ ਗੱਲ ਕਰ ਰਹੇ ਸਨ ਅਤੇ ਉਨ੍ਹਾਂ ਨੇ ਈਮੇਲ, ਚਿੱਠੀਆਂ ਅਤੇ ਵੀਜ਼ਾ ਦੀਆਂ ਕਾਪੀਆਂ ਦਿਖਾਈਆਂ ਤਾਂ ਜੋ ਖ਼ੁਦ ਨੂੰ ਕਾਨੂੰਨੀ ਤੌਰ ਉੱਤੇ ਸਹੀ ਦਿਖਾ ਸਕਣ।

ਨਿਲਾ ਅਤੇ ਹੋਰ ਵਿਦਿਆਰਥੀਆਂ ਨੂੰ ਪੂਰਾ ਯਕੀਨ ਸੀ ਕਿ ਇਹ ਲੋਕ ਉਨ੍ਹਾਂ ਦੀ ਜ਼ਿੰਦਗੀ ਬਦਲ ਦੇਣਗੇ।

ਉਨ੍ਹਾਂ ਦੱਸਿਆ, “ਜਿਸ ਤਰੀਕੇ ਨਾਲ ਉਹ ਪਹਿਲੀ ਵਾਰੀ ਮਿਲਦੇ ਹਨ ਅਜਿਹਾ ਲੱਗਦਾ ਹੈ ਕਿ ਇਹ ਰੱਬ ਵਾਂਗ ਹਨ, ਉਹ ਸਾਡਾ ਇੰਨਾ ਯਕੀਨ ਜਿੱਤ ਲੈਂਦੇ ਹਨ।

ਨਿਲਾ ਕਹਿੰਦੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ।

ਉਹ ਕਹਿੰਦੇ ਹਨ, “ਧੋਖਾਧੜ੍ਹੀ ਕਰਨ ਵਾਲੇ ਲੋਕ ਹਾਲੇ ਵੀ ਆਜ਼ਾਦ ਘੁੰਮ ਰਹੇ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ ਹੈ।”

86 ਵਿਦਿਆਰਥੀਆਂ ਨੇ ਹਜ਼ਾਰਾਂ ਪੌਂਡ ਗਵਾਏ

ਬੀਬੀਸੀ ਨੂੰ ਇਹ ਪਤਾ ਲੱਗਾ ਕਿ ਵੁਲਵਰਹੈਂਪਟਨ ਵਿੱਚ ਰਹਿੰਦੇ ਅਤੇ ਬਰਮਿੰਘਮ ਵਿੱਚ ਕੰਮ ਕਰਦੇ ਪਾਕਿਸਤਾਨੀ ਨਾਗਰਿਕ ਤੈਮੂਰ ਰਜ਼ਾ ਇੱਕ ਅਜਿਹੇ ‘ਵੀਜ਼ਾ ਨੈੱਟਵਰਕ’ ਵਿੱਚ ਸਭ ਤੋਂ ਉੱਤੇ ਹਨ।

ਉਨ੍ਹਾਂ ਨੇ ਵੈੱਸਟ ਮਿਡਲੈਂਡਜ਼ ਵਿੱਚ ਭਰਤੀ ਕਰਨ ਵਾਲੀਆਂ ਏਜੰਸੀਆਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ‘ਕੇਅਰ ਹੋਮਜ਼’ ਵਿੱਚ ਕੰਮ ਲੱਭ ਸਕਦੇ ਹਨ ਅਤੇ ਆਪਣੇ ਗਾਹਕਾਂ ਲਈ ਵੀਜ਼ਾ ਅਰਜ਼ੀਆਂ ਦਾ ਪ੍ਰਬੰਧ ਕਰ ਸਕਦੇ ਹਨ।

ਬੀਬੀਸੀ ਨੇ ਅਜਿਹੇ ਸਪੌਂਸਰਸ਼ਿਪ ਦਸਤਾਵੇਜ਼ਾਂ ਨਾਲ ਭਰੀ ਫਾਈਲ ਦੇਖੀ ਹੈ ਜਿਹੜੀ ਰਜ਼ਾ ਨੇ 141 ਅਰਜ਼ੀਕਾਰਾਂ ਲਈ ਇੱਕ ਏਜੰਸੀ ਨੂੰ ਦਿੱਤੀ।

ਹਰੇਕ ਵਿਅਕਤੀ ਨੇ 10,000 ਪੌਂਡ ਅਤੇ 20,000 ਪੌਂਡ ਦਿੱਤੇ ਜਿਨ੍ਹਾਂ ਦਾ ਜੋੜ 1.2 ਮਿਲੀਅਨ ਪੌਂਡ ਬਣਦਾ ਹੈ ।

ਅਸੀਂ ਇਸ ਗੱਲ ਦੀ ਤਸਦੀਕ ਕੀਤੀ ਕਿ ਰਜ਼ਾ ਇਹ ਸਪੌਂਸਰਸ਼ਿਪ ਦਸਤਾਵੇਜ਼ਾਂ ਦੇ ਪੀਡੀਐੱਫ ਵਟਸਐਪ ਉੱਤੇ ਭੇਜ ਰਿਹਾ ਸੀ।

ਇਨ੍ਹਾਂ ਵਿਚੋਂ 86 ਲੋਕਾਂ ਨੂੰ ਜਾਅਲੀ ਦਸਤਾਵੇਜ਼ ਮਿਲੇ ਜਿਨ੍ਹਾਂ ਨੂੰ ਗ੍ਰਹਿ ਮੰਤਰਾਲੇ ਨੇ ਪ੍ਰਵਾਨ ਨਹੀਂ ਕੀਤਾ।

ਇਨ੍ਹਾਂ ਵਿੱਚ 55 ਜਣਿਆਂ ਨੂੰ ਵੀਜ਼ਾ ਮਿਲ ਗਿਆ ਪਰ ਜਿਨ੍ਹਾਂ ਦੇਖਭਾਲ ਘਰਾਂ ਵਿੱਚ ਉਨ੍ਹਾਂ ਨੂੰ ਕੰਮ ਦਿੱਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਕੋਈ ਦਸਤਾਵੇਜ਼ ਨਹੀਂ ਹਨ।

ਬੀਬੀਸੀ ਨੇ ਦਸੰਬਰ 2023 ਤੋਂ ਪਾਕਿਸਤਾਨ ਵਿੱਚ ਰਹਿ ਰਹੇ ਤੈਮੂਰ ਰਜ਼ਾ ਨਾਲ ਸੰਪਰਕ ਕੀਤਾ ਅਤੇ ਇਨ੍ਹਾਂ ਇਲਜ਼ਾਮਾਂ ਬਾਰੇ ਦੱਸਿਆ।

ਉਨ੍ਹਾਂ ਨੇ ਜਵਾਬ ਦਿੱਤਾ ਕਿ ਵਿਦਿਆਰਥੀਆਂ ਦੇ ਦਾਅਵੇ ‘ਝੂਠੇ’ ਤੇ ‘ਇੱਕਪਾਸੜ’ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਕੀਲਾਂ ਨਾਲ ਸੰਪਰਕ ਕੀਤਾ ਹੈ।

ਉਨ੍ਹਾਂ ਨੇ ਇੰਟਰਵਿਊ ਲਈ ਸਾਡੀ ਬੇਨਤੀ ਦਾ ਜਵਾਬ ਨਹੀਂ ਦਿੱਤਾ।

ਏਜੰਟ ਕੋਲ ਕੰਮ ਕਰਦੇ ਅਜੇ ਨੂੰ ਕਦੋਂ ਸ਼ੱਕ ਹੋਇਆ

ਅਜੇ ਥਿੰਦ
ਤਸਵੀਰ ਕੈਪਸ਼ਨ, ਅਜੇ ਥਿੰਦ ਤੈਮੂਰ ਰਜ਼ਾ ਲਈ ਕੰਮ ਕਰਦੇ ਰਹੇ ਹਨ

ਵਿਦਿਆਰਥੀ ਵਜੋਂ ਆਏ ਅਜੇ ਥਿੰਦ ਨੇ ਕਿਹਾ ਕਿ ਉਨ੍ਹਾਂ ਨੂੰ ਰਜ਼ਾ ਵੱਲੋਂ ਕੰਮ ਉੱਤੇ ਰੱਖਿਆ ਗਿਆ ਸੀ ਜਦੋਂ ਉਨ੍ਹਾਂ ਨੇ ‘ਕੇਅਰ ਵਰਕਰ ਵੀਜ਼ਾ’ ਲਈ ਉਨ੍ਹਾਂ ਨੂੰ 16,000 ਪੌਂਡ ਦਿੱਤੇ।

ਅਜੇ ਉਨ੍ਹਾਂ ਛੇ ਜਣਿਆਂ ਵਿੱਚੋਂ ਸਨ ਜਿਨ੍ਹਾਂ ਨੂੰ ਦਸਤਾਵੇਜ਼ ਇਕੱਠੇ ਕਰਨ ਅਤੇ ਅਰਜ਼ੀਆਂ ਭਰਨ ਦੇ ਹਫ਼ਤੇ ਦੇ 500 ਤੋਂ 700 ਪੌਂਡ ਮਿਲਦੇ ਸਨ।

ਥਿੰਦ ਨੇ ਕਿਹਾ ਕਿ ਰਜ਼ਾ ਨੇ ਦਫ਼ਤਰ ਕਿਰਾਏ ਉੱਤੇ ਲਿਆ ਅਤੇ ਇੱਥੋਂ ਤੱਕ ਕਿ ਆਪਣੀ ਟੀਮ ਨੂੰ ਘੁਮਾਉਣ ਲਈ ਦੁਬਈ ਲੈ ਕੇ ਗਿਆ।

ਅਜੇ ਦਾ ਸ਼ੱਕ ਉਸ ਵੇਲੇ ਵਧਿਆ ਜਦੋਂ ਅਪ੍ਰੈਲ 2023 ਵਿੱਚ ਉਸ ਨੇ ਦੇਖਿਆ ਕਿ ਗ੍ਰਹਿ ਮੰਤਰਾਲੇ ਵੱਲੋਂ ਅਰਜ਼ੀਆਂ ਰੱਦ ਕੀਤੀਆਂ ਜਾਣ ਲੱਗੀਆਂ।

 ਤੈਮੂਰ ਰਜ਼ਾ

ਤਸਵੀਰ ਸਰੋਤ, Other

ਤਸਵੀਰ ਕੈਪਸ਼ਨ, ਅਜੇ ਦੱਸਦੇ ਹਨ ਕਿ ਤੈਮੂਰ ਰਜ਼ਾ ਛੇ ਜਣਿਆਂ ਨੂੰ ਦੁਬਈ ਘੁਮਾਉਣ ਲਈ ਲੈ ਕੇ ਗਏ

ਇਨ੍ਹਾਂ ਵਿੱਚ ਉਸ ਦੇ ਦੋਸਤ ਵੀ ਸ਼ਾਮਲ ਸਨ ਜਿਨ੍ਹਾਂ ਨੇ ਕੁਲ 40,000 ਪੌਂਡ ਦਿੱਤੇ ਸਨ।

ਅਜੈ ਦੱਸਦੇ ਹਨ, “ਮੈਂ ਰਜ਼ਾ ਨੂੰ ਦੱਸਿਆ ਤਾਂ ਉਨ੍ਹਾਂ ਨੇ ਕਿਹਾ, ‘ਤੇਰਾ ਦਿਮਾਗ਼ ਫ਼ਿਕਰ ਕਰਨ ਲਈ ਨਹੀਂ ਬਣਿਆ ਹੈ, ਫ਼ਿਕਰ ਨਾਲ ਮੈਨੂੰ ਨਜਿੱਠਣ ਦੇ’।

ਅਜੇ ਦੱਸਦੇ ਹਨ, “ਮੈਂ ਉੱਥੋਂ ਨੀਂ ਗਿਆ ਕਿਉਂਕਿ ਮੈਨੂੰ ਪੈਸਿਆਂ ਦੀ ਲੋੜ ਸੀ, ਮੈਂ ਮੁਸ਼ਕਲ ਵਾਲੀ ਸਥਿਤੀ ਵਿੱਚ ਫਸ ਗਿਆ ਸੀ।”

ਥਿੰਦ ਨੇ ਦੱਸਿਆ ਕਿ ਰਜ਼ਾ ਕਈ ਏਜੰਸੀਆਂ ਨਾਲ ਕੰਮ ਕਰ ਰਹੇ ਸਨ ਅਤੇ ਇਹ ਅੰਕੜਾ 1.2 ਮੀਲੀਅਨ ਹੋਰ ਵੱਧ ਵੀ ਹੋ ਸਕਦਾ ਹੈ।

ਬਹੁਤੇ ਪੀੜਤਾਂ ਨੇ ਪੁਲਿਸ ਨਾਲ ਸੰਪਰਕ ਨਹੀਂ ਕੀਤਾ।

ਵਰਕ ਰਾਈਟਸ ਸੈਂਟਰ ਵਿੱਚ ‘ਇਮੀਗ੍ਰੇਸ਼ਨ ਹੈੱਡ’ ਵਜੋਂ ਕੰਮ ਕਰਦੇ ਲਿਊਕ ਪਾਈਪਰ ਦੱਸਦੇ ਹਨ, “ਬਹੁਤੇ ਲੋਕ ਪੁਲਿਸ ਕੋਲ ਇਸ ਲਈ ਨਹੀਂ ਜਾਂਦੇ ਕਿਉਂਕਿ ਉਹ ਗ੍ਰਹਿ ਮੰਤਰਾਲੇ ਨੂੰ ਦੱਸਣ ਤੋਂ ਬਾਅਦ ਹੋਣ ਵਾਲੀਆਂ ਚੀਜ਼ਾਂ ਤੋਂ ਡਰਦੇ ਹਨ।”

ਗੁਰਦੁਆਰਾ ਕਿਵੇਂ ਮਦਦ ਲਈ ਅੱਗੇ ਆਇਆ

ਗੁਰਦੁਆਰਾ ਸੰਗ ਸਿੰਘ ਜੀ
ਤਸਵੀਰ ਕੈਪਸ਼ਨ, ਸੈਂਕੜੇ ਪੀੜਤਾਂ ਨੇ ਗੁਰਦੁਆਰਾ ਸੰਗ ਸਿੰਘ ਜੀ ਤੋਂ ਮਦਦ ਲਈ

ਪੀੜਤਾਂ ਨੇ ਵੈਸਟ ਮਿਡਲੈਂਡਜ਼ ਦੇ ਸਮੈਦਿਕ ਵਿੱਚਲ ਗੁਰਦੁਆਰਾ ਬਾਬਾ ਸੰਗ ਜੀ ਤੋਂ ਮਦਦ ਲਈ।

ਇੱਥੋਂ ਦੇ ਮੈਂਬਰ ਅਜਿਹੇ ਏਜੰਟਾਂ ਵਿਰੁੱਧ ਲੜਾਈ ਦੀ ਅਗਵਾਈ ਕਰ ਰਹੇ ਹਨ ਜਿਹੜੇ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੇ। ਉਨ੍ਹਾਂ ਨੇ ਕਈ ਲੋਕਾਂ ਦੇ ਪੈਸੇ ਵੀ ਵਾਪਸ ਕਰਵਾਏ ਹਨ।

ਇੱਥੋਂ ਦੇ ਬਜ਼ੁਰਗ ਮੈਂਬਰ ਰਜ਼ਾ ਨੂੰ ਨਵੰਬਰ 2023 ਵਿੱਚ ਮੀਟਿੰਗ ਵਿੱਚ ਵਿੱਚ ਬੁਲਾਉਣ ਵਿੱਚ ਸਫ਼ਲ ਹੋਏ ਸਨ।

ਇਸ ਮੀਟਿੰਗ ਵਿੱਚ ਉਸ ਨੇ ਇਹ ਗੱਲ ਮੰਨੀ ਕਿ ਉਹ ਪੈਸੇ ਵਾਪਸ ਮੋੜੇ ਅਤੇ ਆਪਣਾ ਕੰਮ ਰੋਕ ਦੀ ਵੀ ਗੱਲ ਕਹੀ।

ਗੁਰਦੁਆਰੇ ਦੇ ਸਿੱਖ ਅਡਵਾਈਸ ਸੈਂਟਰ ਨੇ ਇੱਕ ਨੌਜਵਾਨ ਮਾਂ, ਹਰਮਨਪ੍ਰੀਤ ਦੇ ਪੈਸੇ ਵੀ ਵਾਪਸ ਕਰਵਾਏ। ਉਹ ਰਲ ਕੇ ਏਜੰਸੀ ਦੇ ਸਟਾਫ਼ ਮੈਂਬਰਾਂ ਕੋਲ ਗਏ।

ਗੁਰਦੁਆਰੇ ਵਿਚਲਾ ਇਹ ਕੇਂਦਰ ਕੋਵਿਡ ਮਹਾਂਮਾਰੀ ਵੇਲੇ ਲੋਕਾਂ ਦੀ ਮਦਦ ਲਈ ਬਣਾਇਆ ਗਿਆ ਸੀ।

ਰਜ਼ਾ

ਤਸਵੀਰ ਸਰੋਤ, Monty Singh

ਤਸਵੀਰ ਕੈਪਸ਼ਨ, ਰਜ਼ਾ ਨੇ ਇਹ ਤਸਵੀਰ ਮੌਂਟੀ ਸਿੰਘ ਨੂੰ ਭੇਜੀ, ਉਨ੍ਹਾਂ ਨੇ ਉਹ ਪੈਸੇ ਦਿਖਾਏ ਜਿਹੜੇ ਉਨ੍ਹਾਂ ਨੇ ਵਾਪਸ ਭੇਜਣ ਦਾ ਵਾਅਦਾ ਕੀਤਾ

ਹਰਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਦੇ ਹਾਲਾਤ ਉਨ੍ਹਾਂ ਨੂੰ ਖ਼ੁਦਕੁਸ਼ੀ ਦੇ ਨੇੜੇ ਲੈ ਗਏ ਸਨ।

ਉਨ੍ਹਾਂ ਕਿਹਾ, “ਮੈਂ ਆਪਣੀ ਜਾਨ ਲੈਣ ਬਾਰੇ ਸੋਚਿਆ, ਮੈਂ ਆਪਣੀ ਜ਼ਿੰਦਗੀ ਆਪਣੀ ਧੀ ਅਤੇ ‘ਸਿੱਖ ਅਡਵਾਈਸ ਕੇਂਦਰ’ ਕਰਕੇ ਮੁੜ ਸ਼ੁਰੂ ਕੀਤੀ।”

ਇਸ ਕੇਂਦਰ ਨਾਲ ਸਬੰਧ ਰੱਖਦੇ ਮੌਂਟੀ ਸਿੰਘ ਦੱਸਦੇ ਹਨ ਕਿ ਸੈਂਕੜੇ ਲੋਕਾਂ ਨੇ ਉਨ੍ਹਾਂ ਨਾਲ ਮਦਦ ਲਈ ਸੰਪਰਕ ਕੀਤਾ।

ਮੌਂਟੀ ਅਤੇ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਕੇਸਾਂ ਨਾਲ 2022 ਵਿੱਚ ਨਜਿੱਠਣਾ ਸ਼ੁਰੂ ਕੀਤਾ।

ਉਨ੍ਹਾਂ ਨੇ ਠੱਗੀ ਮਾਰਨ ਵਾਲੇ ਲੋਕਾਂ ਨੂੰ ਸੋਸ਼ਲ ਮੀਡੀਆ ਉੱਤੇ ਸ਼ਰਮਸਾਰ ਕਰਨਾ ਸ਼ੁਰੂ ਕੀਤਾ ਅਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਉਨ੍ਹਾਂ ਉੱਤੇ ਯਕੀਨ ਨਾ ਕਰਨ।

ਹੋਰ ਲੋਕ ਸਾਡੀਆਂ ਪੋਸਟਾਂ ਦੇਖ ਕੇ ਸਾਡੇ ਨਾਲ ਸੰਪਰਕ ਕਰਨ ਲੱਗੇ ਅਤੇ ਅਸੀਂ ਸੂਚੀ ਵਿੱਚ ਹੋਰ ਨਾਮ ਜੋੜ ਲਏ।

ਮੌਂਟੀ ਦੱਸਦੇ ਹਨ ਕਿ ਉਨ੍ਹਾਂ ਨੂੰ ਏਜੰਟਾਂ ਦੇ ਕੰਮ ਬਾਰੇ ਸਮਝ ਆਉਣ ਲੱਗੀ।

ਉਹ ਕਹਿੰਦੇ ਹਨ, “ਅਜਿਹੇ ਕਿੰਨੇ ਹੀ ਟੀਮ ਲੀਡਰ ਅਤੇ ਏਜੰਟ ਹੁੰਦੇ ਹਨ ਜਿਨ੍ਹਾਂ ਵਿੱਚੋਂ ਕਈਆਂ ਨੂੰ ਕਮਿਸ਼ਨ ਮਿਲਦੀ ਹੈ।”

ਕੁਝ ਛੋਟੇ ਏਜੰਟ ਹੇਅਰ ਡ੍ਰੈਸਰ ਅਤੇ ਬੱਸ ਡਰਾਈਵਰ ਸਨ ਜਿਨ੍ਹਾਂ ਨੇ ਇਹ ਕੰਮ ਪੈਸੇ ਕਮਾਉਣ ਲਈ ਸ਼ੁਰੂ ਕੀਤਾ।

ਵੀਜ਼ਾ ਅਰਜ਼ੀਆਂ ਵਿੱਚ ਵਾਧਾ

ਜੂਨ 2022 ਤੋਂ ਜੂਨ 2023 ਦੇ ਵਿਚਕਾਰ 26,000 ਤੋਂ ਵੱਧ ਦੇ ਅਰਜ਼ੀਆਂ ਨਾਲ ਯੂਕੇ ਵਰਕ ਵੀਜ਼ਾ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਦੀਆਂ ਅਰਜ਼ੀਆਂ ਵਿੱਚ ਛੇ ਗੁਣਾ ਵਾਧਾ ਹੋਇਆ ਹੈ।

ਇੱਕ ਸਾਲ ਪਹਿਲਾਂ ਇਨ੍ਹਾਂ ਦੀ ਗਿਣਤੀ 3,966 ਸੀ।

ਪਿਛਲੇ ਸਾਲ ਜੁਲਾਈ ਵਿੱਚ ਗ੍ਰਹਿ ਮੰਤਰਾਲੇ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਵਰਕ ਵੀਜ਼ਾ ਪ੍ਰਾਪਤ ਕਰਨ ਤੋਂ ਰੋਕਣ ਲਈ ਨਿਯਮਾਂ ਵਿੱਚ ਸੋਧ ਕੀਤੀ ਸੀ।

ਇਸ ਦੇ ਬਾਵਜੂਦ ਸਿੱਖ ਅਡਵਾਈਸ ਕੇਂਦਰ ਨੇ ਕਿਹਾ ਹੈ ਕਿ ਪੁਲਿਸ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੁਆਰਾ ਨਿਰਣਾਇਕ ਕਾਰਵਾਈ ਹੀ ਗੈਰ-ਕਾਨੂੰਨੀ ਵੀਜ਼ਾ ਵਪਾਰ ਨੂੰ ਰੋਕ ਸਕਦੀ ਹੈ।

ਮੌਂਟੀ ਸਿੰਘ
ਤਸਵੀਰ ਕੈਪਸ਼ਨ, ਮੌਂਟੀ ਸਿੰਘ ਦਾ ਕਹਿਣਾ ਹੈ ਕਿ ਉਹ ਇਹ ਕੇਸ ਨੈਸ਼ਨਲ ਕਰਾਈਮ ਏਜੰਸੀ ਨੂੰ ਦੇ ਰਹੇ ਸਨ

ਮੌਂਟੀ ਨਾਲ ਕੰਮ ਕਰਦੇ ਜੱਸ ਕੌਰ ਨੇ ਧਾਰਮਿਕ ਆਗੂਆਂ ਨਾਲ ਸਰਕਾਰੀ ਸ਼ਮੂਲੀਅਤ ਦੀ ਲੋੜ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ, "ਜੇ ਤੁਸੀਂ ਜ਼ਮੀਨ 'ਤੇ ਲੋਕਾਂ ਨਾਲ ਗੱਲ ਨਹੀਂ ਕਰ ਰਹੇ ਹੋ, ਤਾਂ ਤੁਹਾਨੂੰ ਨਹੀਂ ਪਤਾ ਕਿ ਅਸਲ ਵਿੱਚ ਕੀ ਹੋ ਰਿਹਾ ਹੈ।"

ਹੋਮ ਆਫਿਸ ਦੇ ਬੁਲਾਰੇ ਨੇ ਭਰੋਸਾ ਦਿਵਾਇਆ ਕਿ "ਫਰਜ਼ੀ ਵੀਜ਼ਾ ਅਰਜ਼ੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਰੋਕਣ ਲਈ ਸਖ਼ਤ ਪ੍ਰਣਾਲੀਆਂ ਹਨ।"

ਉਨ੍ਹਾਂ ਕਿਹਾ, "ਧੋਖੇਬਾਜ਼ਾਂ ਵੱਲੋਂ ਨਿਸ਼ਾਨਾ ਬਣਾਏ ਗਏ ਕਿਸੇ ਵੀ ਵਿਅਕਤੀ ਨੂੰ ਇਹ ਸੁਚੇਤ ਹੋਣਾ ਚਾਹੀਦਾ ਹੈ ਕਿ ਜੇ ਉਨ੍ਹਾਂ ਦਾ ਸਪੌਂਸਰਸ਼ਿਪ ਸਰਟੀਫਿਕੇਟ ਸਹੀ ਨਹੀਂ ਹੈ, ਤਾਂ ਇਹ ਸਫਲ ਨਹੀਂ ਹੋਵੇਗਾ।"

ਉਨ੍ਹਾਂ ਅੱਗੇ ਕਿਹਾ, "ਬੇਈਮਾਨ ਕੰਪਨੀਆਂ ਅਤੇ ਏਜੰਟ ਜੋ ਵਿਦੇਸ਼ੀ ਕਾਮਿਆਂ ਨਾਲ ਦੁਰਵਿਵਹਾਰ, ਸ਼ੋਸ਼ਣ ਜਾਂ ਧੋਖਾਧੜੀ ਕਰਨਾ ਚਾਹੁੰਦੇ ਹਨ ਦੇ ਵਿਰੁੱਧ ਲਗਾਤਾਰ ਕਾਰਵਾਈ ਕੀਤੀ ਜਾਵੇਗੀ।"

ਵਰਕ ਰਾਈਟਸ ਸੈਂਟਰ ਤੋਂ ਮਿਸਟਰ ਪਾਈਪਰ ਨੇ ਕਿਹਾ, "ਪੀੜਤਾਂ ਦੀ ਸਹਾਇਤਾ ਕਰਨ ਅਤੇ ਆਪਣੇ ਮਾਲਕ ਦੀ ਰਿਪੋਰਟ ਕਰਨ ਲਈ ਗ੍ਰੀਹ ਮੰਤਰਾਲੇ ਤੋਂ ਕਾਰਵਾਈ ਦੇ ਡਰ ਤੋਂ ਬਿਨਾਂ ਸੁਰੱਖਿਅਤ ਰਿਪੋਰਟਿੰਗ ਲਈ ਇੱਕ ਪ੍ਰਕਿਰਿਆ ਸਥਾਪਤ ਕਰਨ ਦੀ ਲੋੜ ਹੈ।"

ਬ੍ਰਿਟਿਸ਼ ਡਰੀਮ

ਇਸ ਬਾਰੇ ਅਧਿਕਾਰਤ ਅੰਕੜੇ ਨਹੀ ਹਨ ਕਿ ਕਿੰਨੇ ਲੋਕਾਂ ਨੇ ਜਾਅਲੀ ਦਸਤਾਵੇਜ਼ਾਂ ਲਈ ਏਜੰਟਾਂ ਕੋਲ ਪੈਸੇ ਗੁਆਏ।

ਪਾਈਪਰ ਦੱਸਦੇ ਹਨ, "ਜੋ ਸਪੱਸ਼ਟ ਹੈ ਕਿ ਇਹ ਮੁੱਦਾ ਇੱਕ ਵੱਡੇ ਪੱਧਰ 'ਤੇ ਵਾਪਰ ਰਿਹਾ ਹੈ, ਕਿਉਂਕਿ ਅਸੀਂ ਦੇਸ਼ ਭਰ ਦੇ ਵਿਅਕਤੀਆਂ ਤੋਂ ਸੁਣ ਰਹੇ ਹਾਂ।"

ਸਮੈਦਵਿਕ ਵਿੱਚਲੇ ਕੇਂਦਰ ਦਾ ਉਦੇਸ਼ ਹੋਰ ਗੁਰਦੁਆਰਿਆਂ ਵਿੱਚ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਵਿੱਚ ਲੋਕਾਂ ਨੂੰ ਪੜ੍ਹਾਈ ਜਾਂ ਕੰਮ ਲਈ ਆਪਣਾ ਦੇਸ਼ ਛੱਡਣ ਨਾਲ ਹੋਣ ਵਾਲੇ ਜੋਖਮਾਂ ਬਾਰੇ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਹੈ।

ਮੌਂਟੀ ਕਹਿੰਦੇ ਹਨ, "ਲੋਕਾਂ ਨੂੰ ਸਿੱਖਿਅਤ ਕਰਨ ਵਿੱਚ ਇਹ ਸੱਚਾਈ ਸ਼ਾਮਲ ਹੁੰਦੀ ਹੈ ਕਿ ਕੁਝ ਕੁ ਲੋਕਾਂ ਦੀ ਸਫਲਤਾ ਦੀਆਂ ਕਹਾਣੀਆਂ ਦਾ ਮਤਲਬ ਇਹ ਨਹੀਂ ਹੈ ਕਿ ਇਹ ਹਰ ਕਿਸੇ ਲਈ ਹੋਵੇਗਾ, ਇਹ ਇਸ ਵਿਸ਼ਵਾਸ ਨੂੰ ਵੀ ਬਦਲ ਰਿਹਾ ਹੈ ਕਿ ਬ੍ਰਿਟਿਸ਼ ਜਾਂ ਅਮਰੀਕੀ ਸੁਪਨੇ ਦਾ ਪਾਲਣ ਕਰਕੇ ਹੀ ਉਹ ਬਿਹਤਰ ਜ਼ਿੰਦਗੀ ਹਾਸਿਲ ਕਰ ਸਕਦੇ ਹਨ।"

*ਕੁਝ ਨਾਂ ਬਦਲੇ ਗਏ ਹਨ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)