'ਗੋਲਡਨ ਬਲੱਡ': ਦੁਨੀਆਂ ਦੇ ਸਭ ਤੋਂ ਦੁਰਲੱਭ ਬਲੱਡ ਗਰੁੱਪ ਨੂੰ ਮੁੜ ਬਣਾਉਣ ਦੀ ਕੋਸ਼ਿਸ਼ ਕਿਵੇਂ ਅਤੇ ਕਿਉਂ ਕਰ ਰਹੇ ਵਿਗਿਆਨੀ

ਤਸਵੀਰ ਸਰੋਤ, Getty Images
- ਲੇਖਕ, ਜੈਸਮੀਨ ਫੌਕਸ-ਸਕੈਲੀ
- ਰੋਲ, ਬੀਬੀਸੀ ਫਿਊਚਰ
6 ਮਿਲੀਅਨ ਯਾਨਿ 60 ਲੱਖ ਲੋਕਾਂ ਵਿੱਚੋਂ ਸਿਰਫ਼ ਇੱਕ ਵਿਅਕਤੀ ਵਿੱਚ (ਆਰਐਚ-ਨਲ) Rh-null ਬਲੱਡ ਗਰੁੱਪ ਹੈ। ਹੁਣ, ਖੋਜਕਰਤਾ ਇਸ ਨੂੰ ਪ੍ਰਯੋਗਸ਼ਾਲਾ ਵਿੱਚ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਸ ਉਮੀਦ ਵਿੱਚ ਕਿ ਇਹ ਬਹੁਤ ਸਾਰੀਆਂ ਜਾਨਾਂ ਬਚਾ ਸਕਦਾ ਹੈ।
ਖੂਨ ਚੜ੍ਹਾਉਣ ਨੇ ਆਧੁਨਿਕ ਚਿਕਿਤਸਾ ਨੂੰ ਬਦਲ ਦਿੱਤਾ ਹੈ। ਬਦਕਿਸਮਤੀ ਨਾਲ ਜੇਕਰ ਅਸੀਂ ਜ਼ਖਮੀ ਹੋ ਜਾਂਦੇ ਹਾਂ ਜਾਂ ਗੰਭੀਰ ਸਰਜਰੀ ਦੀ ਲੋੜ ਹੁੰਦੀ ਹੈ, ਤਾਂ ਦੂਜਿਆਂ ਵੱਲੋਂ ਦਾਨ ਕੀਤਾ ਗਿਆ ਖੂਨ ਜੀਵਨ ਬਚਾਉ ਸਾਬਤ ਹੋ ਸਕਦਾ ਹੈ।
ਪਰ ਹਰ ਕਿਸੇ ਲਈ ਇਹ ਇੰਨਾ ਸੌਖਾ ਨਹੀਂ ਹੋ ਸਕਦਾ। ਦੁਰਲੱਭ ਬਲੱਡ ਗਰੁੱਪ ਵਾਲੇ ਲੋਕਾਂ ਲਈ ਉਨ੍ਹਾਂ ਦੇ ਖੂਨ ਨਾਲ ਮੇਲ ਖਾਂਦਾ ਖੂਨ ਮਿਲਣ ਵਿੱਚ ਬਹੁਤ ਦਿੱਕਤ ਹੁੰਦੀ ਹੈ।
ਅਜਿਹੇ ਹੀ ਸਭ ਤੋਂ ਦੁਰਲੱਭ ਬਲੱਡ ਗਰੁੱਪਾਂ ਵਿੱਚੋਂ ਇੱਕ - Rh-null ਬਲੱਡ ਗਰੁੱਪ - ਜੋ ਦੁਨੀਆਂ ਦੇ ਸਿਰਫ 50 ਲੋਕਾਂ ਵਿੱਚ ਪਛਾਣਿਆ ਗਿਆ ਹੈ। ਜੇਕਰ ਉਨ੍ਹਾਂ ਲੋਕਾਂ ਨੂੰ ਕਦੇ ਵੀ ਖੂਨ ਚੜ੍ਹਾਉਣ ਦੀ ਲੋੜ ਪੈਂਦੀ ਹੈ ਤਾਂ ਉਨ੍ਹਾਂ ਲਈ ਖੂਨ ਪ੍ਰਾਪਤ ਕਰਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।
Rh-null ਬਲੱਡ ਗਰੁੱਪ ਵਾਲੇ ਲੋਕਾਂ ਨੂੰ ਲੰਬੇ ਸਮੇਂ ਲਈ ਆਪਣੇ ਖੂਨ ਨੂੰ ਫ੍ਰੀਜ਼ ਕਰਕੇ ਸਟੋਰ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।
ਪਰ, ਇਸ ਦੀ ਦੁਰਲੱਭਤਾ ਦੇ ਬਾਵਜੂਦ ਇਸ ਬਲੱਡ ਗਰੁੱਪ ਨੂੰ ਹੋਰ ਕਾਰਨਾਂ ਕਰਕੇ ਵੀ ਬਹੁਤ ਮਹੱਤਵ ਦਿੱਤਾ ਜਾਂਦਾ ਹੈ।
ਜਿਸ ਤਰ੍ਹਾਂ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਸ ਕਾਰਨ ਡਾਕਟਰੀ ਅਤੇ ਖੋਜ ਭਾਈਚਾਰੇ ਵਿੱਚ ਇਸ ਨੂੰ ਕਈ ਵਾਰ "ਗੋਲਡਨ ਬਲੱਡ" ਕਿਹਾ ਜਾਂਦਾ ਹੈ।
ਇਹ ਯੂਨੀਵਰਸਲ ਬਲੱਡ ਟ੍ਰਾਂਸਫਿਊਜ਼ਨ ਨੂੰ ਸੰਭਵ ਬਣਾਉਣ ਵਿੱਚ ਵੀ ਮਦਦ ਕਰ ਸਕਦਾ ਹੈ ਕਿਉਂਕਿ ਵਿਗਿਆਨੀ ਉਨ੍ਹਾਂ ਇਮਿਊਨਿਟੀ ਸਮੱਸਿਆਵਾਂ ਨੂੰ ਦੂਰ ਕਰਨ ਦੇ ਤਰੀਕੇ ਲੱਭ ਰਹੇ ਹਨ ਜੋ ਵਰਤਮਾਨ ਵਿੱਚ ਦਾਨ ਕੀਤੇ ਖੂਨ ਦੀ ਵਰਤੋਂ ਨੂੰ ਸੀਮਤ ਕਰਦੀਆਂ ਹਨ।
ਖੂਨ ਦੀਆਂ ਕਿਸਮਾਂ ਨੂੰ ਕਿਵੇਂ ਵਰਗੀਕ੍ਰਿਤ ਕੀਤਾ ਜਾਂਦਾ ਹੈ

ਤਸਵੀਰ ਸਰੋਤ, Getty Images
ਤੁਹਾਡੇ ਸਰੀਰ ਵਿੱਚ ਘੁੰਮ ਰਹੇ ਖੂਨ ਦੀਆਂ ਕਿਸਮਾਂ ਨੂੰ ਲਾਲ ਖੂਨ ਦੇ ਸੈੱਲਾਂ ਦੀ ਸਤ੍ਹਾ 'ਤੇ ਖਾਸ ਮਾਰਕਰਾਂ ਦੀ ਮੌਜੂਦਗੀ ਜਾਂ ਗੈਰਹਾਜ਼ਰੀ ਦੇ ਅਧਾਰ 'ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ।
ਇਹ ਮਾਰਕਰ, ਜਿਨ੍ਹਾਂ ਨੂੰ ਐਂਟੀਜੇਨ ਕਿਹਾ ਜਾਂਦਾ ਹੈ, ਪ੍ਰੋਟੀਨ ਜਾਂ ਸ਼ੱਕਰ ਤੋਂ ਬਣੇ ਹੁੰਦੇ ਹਨ, ਜੋ ਸੈੱਲ ਸਤ੍ਹਾ ਤੋਂ ਬਾਹਰ ਨਿਕਲਦੇ ਹਨ ਅਤੇ ਸਰੀਰ ਦੀ ਇਮਿਊਨ ਸਿਸਟਮ ਦੁਆਰਾ ਪਛਾਣੇ ਜਾ ਸਕਦੇ ਹਨ।
ਬ੍ਰਿਸਟਲ ਯੂਨੀਵਰਸਿਟੀ ਦੇ ਸੈੱਲ ਬਾਇਓਲੋਜੀ ਦੇ ਪ੍ਰੋਫੈਸਰ ਐਸ਼ ਟੌਏ ਕਹਿੰਦੇ ਹਨ ਕਿ ''ਜੇਕਰ ਤੁਸੀਂ ਕਿਸੇ ਦਾਨੀ ਤੋਂ ਟ੍ਰਾਂਸਫਿਊਜ਼ਨ ਪ੍ਰਾਪਤ ਕਰਦੇ ਹੋ, ਜਿਸ ਵਿੱਚ ਤੁਹਾਡੇ ਆਪਣੇ ਤੋਂ ਵੱਖਰੇ ਐਂਟੀਜੇਨ ਹੁੰਦੇ ਹਨ, ਤਾਂ ਤੁਸੀਂ ਉਸ ਖੂਨ ਲਈ ਐਂਟੀਬਾਡੀਜ਼ ਬਣਾਓਗੇ ਅਤੇ ਜੋ ਇਸ 'ਤੇ ਹਮਲਾ ਕਰਨਗੇ।''
"ਜੇਕਰ ਤੁਹਾਨੂੰ ਦੁਬਾਰਾ ਉਸ ਖੂਨ ਦਾ ਟ੍ਰਾਂਸਫਿਊਜ਼ਨ ਮਿਲਦਾ ਹੈ, ਤਾਂ ਇਹ ਘਾਤਕ ਹੋ ਸਕਦਾ ਹੈ।"
ਦੋ ਬਲੱਡ ਗਰੁੱਪ ਸਿਸਟਮ ਜੋ ਸਭ ਤੋਂ ਵੱਧ ਇਮਿਊਨ ਪ੍ਰਤੀਕਿਰਿਆ ਪੈਦਾ ਕਰਦੇ ਹਨ, ਉਹ ABO (ਏਬੀਓ) ਅਤੇ Rhs (ਆਰਐਚ) ਹਨ। ਏ ਟਾਈਪ ਦੇ ਖੂਨ ਵਾਲੇ ਵਿਅਕਤੀ ਦੇ ਲਾਲ ਖੂਨ ਦੇ ਸੈੱਲਾਂ ਦੀ ਸਤ੍ਹਾ 'ਤੇ ਏ ਐਂਟੀਜੇਨ ਹੁੰਦੇ ਹਨ, ਜਦੋਂ ਕਿ ਬੀ ਟਾਈਪ ਦੇ ਖੂਨ ਵਾਲੇ ਵਿਅਕਤੀ ਦੇ ਬੀ ਐਂਟੀਜੇਨ ਹੁੰਦੇ ਹਨ। ਟਾਈਪ ਏਬੀ ਬਲੱਡ ਵਿੱਚ ਏ ਅਤੇ ਬੀ ਦੋਵੇਂ ਐਂਟੀਜੇਨ ਹੁੰਦੇ ਹਨ, ਜਦਕਿ ਓ ਟਾਈਪ ਦੇ ਖੂਨ ਵਿੱਚ ਕੋਈ ਵੀ ਨਹੀਂ ਹੁੰਦਾ। ਹਰ ਗਰੁੱਪ ਆਰਐਚ ਪਾਜ਼ੀਟਿਵ ਜਾਂ ਆਰਐਚ ਨੈਗੇਟਿਵ ਹੋ ਸਕਦਾ ਹੈ।
ਓ ਨੈਗੇਟਿਵ ਖੂਨ ਵਾਲੇ ਲੋਕਾਂ ਨੂੰ ਅਕਸਰ ਯੂਨੀਵਰਸਲ ਡੋਨਰ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਖੂਨ ਵਿੱਚ ਏ, ਬੀ, ਜਾਂ Rh ਐਂਟੀਜੇਨ ਨਹੀਂ ਹੁੰਦੇ। ਹਾਲਾਂਕਿ, ਇਹ ਬਹੁਤ ਜ਼ਿਆਦਾ ਸਰਲੀਕਰਨ ਹੈ।
ਪਹਿਲੀ ਗੱਲ - ਅਕਤੂਬਰ 2024 ਤੱਕ, ਵਰਤਮਾਨ ਵਿੱਚ 47 ਬਲੱਡ ਗਰੁੱਪ ਹਨ ਜਿਨ੍ਹਾਂ ਦੀ ਹੁਣ ਤੱਕ ਪਛਾਣ ਹੋ ਚੁੱਕੀ ਹੈ ਅਤੇ 366 ਵੱਖ-ਵੱਖ ਐਂਟੀਜੇਨ ਹਨ।
ਇਸਦਾ ਮਤਲਬ ਹੈ ਕਿ ਓ ਨੈਗੇਟਿਵ ਖੂਨਦਾਨ ਪ੍ਰਾਪਤ ਕਰਨ ਵਾਲੇ ਵਿਅਕਤੀ ਵਿੱਚ ਅਜੇ ਵੀ ਮੌਜੂਦ ਕਿਸੇ ਵੀ ਹੋਰ ਐਂਟੀਜੇਨ ਪ੍ਰਤੀ ਇਮਿਊਨ ਪ੍ਰਤੀਕਿਰਿਆ ਹੋ ਸਕਦੀ ਹੈ - ਹਾਲਾਂਕਿ ਕੁਝ ਐਂਟੀਜੇਨ ਦੂਜਿਆਂ ਨਾਲੋਂ ਵਧੇਰੇ ਮਜ਼ਬੂਤ ਇਮਿਊਨ ਪ੍ਰਤੀਕਿਰਿਆ ਪੈਦਾ ਕਰਦੇ ਹਨ।

ਤਸਵੀਰ ਸਰੋਤ, Getty Images
ਦੂਜੀ ਗੱਲ - 50 ਤੋਂ ਵੱਧ Rh ਐਂਟੀਜੇਨ ਹਨ। ਜਦੋਂ ਲੋਕ Rh ਨੈਗੇਟਿਵ ਹੋਣ ਬਾਰੇ ਗੱਲ ਕਰਦੇ ਹਨ, ਤਾਂ ਉਹ Rh(D) ਐਂਟੀਜੇਨ ਦੀ ਗੱਲ ਕਰ ਰਹੇ ਹੁੰਦੇ ਹਨ, ਪਰ ਉਨ੍ਹਾਂ ਦੇ ਲਾਲ ਖੂਨ ਦੇ ਸੈੱਲਾਂ ਵਿੱਚ ਅਜੇ ਵੀ ਹੋਰ Rh ਪ੍ਰੋਟੀਨ ਹੁੰਦੇ ਹਨ।
ਦੁਨੀਆਂ ਭਰ ਵਿੱਚ Rh ਐਂਟੀਜੇਨ ਵਿੱਚ ਵੀ ਬਹੁਤ ਭਿੰਨਤਾ ਹੈ, ਜਿਸ ਨਾਲ ਸਹੀ ਡੋਨਰ ਮੈਚ ਲੱਭਣਾ ਚੁਣੌਤੀਪੂਰਨ ਹੋ ਜਾਂਦਾ ਹੈ, ਖਾਸ ਕਰਕੇ ਕਿਸੇ ਦੇਸ਼ ਵਿੱਚ ਕਿਸੇ ਵਿਸ਼ੇਸ਼ ਨਸਲ ਨਾਲ ਸਬੰਧਿਤ ਘੱਟ ਗਿਣਤੀ ਪਿਛੋਕੜ ਵਾਲੇ ਲੋਕਾਂ ਲਈ।
ਹਾਲਾਂਕਿ, Rh-null ਖੂਨ ਵਾਲੇ ਲੋਕਾਂ ਵਿੱਚ ਸਾਰੇ 50 Rh ਐਂਟੀਜੇਨ ਨਹੀਂ ਹੁੰਦੇ। ਇਹ ਲੋਕ ਕੋਈ ਹੋਰ ਬਲੱਡ ਗਰੁੱਪ ਨਹੀਂ ਲੈ ਸਕਦੇ, ਪਰ Rh-ਨਲ ਬਲੱਡ ਸਾਰੇ Rh ਬਲੱਡ ਗਰੁੱਪਾਂ ਦੇ ਅਨੁਕੂਲ ਹੈ।
ਇਹ ਗੱਲ ਓ-ਟਾਈਪ ਆਰਐਚ-ਨਲ ਬਲੱਡ ਨੂੰ ਬਹੁਤ ਖਾਸ ਬਣਾਉਂਦੀ ਹੈ, ਕਿਉਂਕਿ ਜ਼ਿਆਦਾਤਰ ਲੋਕ ਇਸਨੂੰ ਪ੍ਰਾਪਤ ਕਰ ਸਕਦੇ ਹਨ, ਜਿਨ੍ਹਾਂ ਵਿੱਚ ਸਾਰੇ ਏਬੀਓ ਬਲੱਡ ਗਰੁੱਪ ਵਾਲੇ ਲੋਕ ਵੀ ਸ਼ਾਮਲ ਹਨ।
ਐਮਰਜੈਂਸੀ ਵਿੱਚ ਜਦੋਂ ਮਰੀਜ਼ ਦਾ ਬਲੱਡ ਗਰੁੱਪ ਅਣਜਾਣ ਹੁੰਦਾ ਹੈ, ਓ-ਟਾਈਪ ਆਰਐਚ-ਨਲ ਬਲੱਡ ਚੜ੍ਹਾਇਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਐਲਰਜੀ ਪ੍ਰਤੀਕ੍ਰਿਆ ਦਾ ਜੋਖਮ ਘਟ ਜਾਂਦਾ ਹੈ। ਇਸ ਕਰਕੇ, ਦੁਨੀਆਂ ਭਰ ਦੇ ਵਿਗਿਆਨੀ ਇਸ "ਗੋਲਡਨ ਬਲੱਡ" ਦੀ ਨਕਲ ਬਣਾਉਣ ਦੇ ਤਰੀਕਿਆਂ ਦੀ ਖੋਜ ਕਰ ਰਹੇ ਹਨ।
ਪ੍ਰੋਫੈਸਰ ਟੋਏ ਕਹਿੰਦੇ ਹਨ, "ਆਰਐਚ [ਐਂਟੀਜੇਨ ਟ੍ਰਿਗਰ] ਇੱਕ ਵੱਡੀ ਇਮਿਊਨ ਪ੍ਰਤੀਕ੍ਰਿਆ ਨੂੰ ਚਾਲੂ ਕਰਦੇ ਹਨ, ਅਤੇ ਇਸ ਲਈ ਜੇਕਰ ਤੁਹਾਡੇ ਕੋਲ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਹੈ, ਤਾਂ ਆਰਐਚ ਦੇ ਰੂਪ ਵਿੱਚ ਪ੍ਰਤੀਕਿਰਿਆ ਕਰਨ ਲਈ ਅਸਲ ਵਿੱਚ ਕੁਝ ਵੀ ਨਹੀਂ ਹੈ।''
ਉਨ੍ਹਾਂ ਕਿਹਾ, "ਜੇ ਤੁਸੀਂ ਟਾਈਪ ਓ ਅਤੇ ਆਰਐਚ ਨਲ ਹੋ, ਤਾਂ ਇਹ ਕਾਫ਼ੀ ਯੂਨੀਵਰਸਲ ਹੈ। ਪਰ ਅਜੇ ਵੀ ਹੋਰ ਬਲੱਡ ਗਰੁੱਪ ਹਨ, ਜਿਨ੍ਹਾਂ 'ਤੇ ਤੁਹਾਨੂੰ ਵਿਚਾਰ ਕਰਨਾ ਪਵੇਗਾ।"
ਆਰਐਚ-ਨਲ ਖੂਨ ਦੀ ਉਤਪਤੀ
ਹਾਲੀਆ ਖੋਜ ਨੇ ਦਿਖਾਇਆ ਹੈ ਕਿ ਆਰਐਚ-ਨਲ ਖੂਨ ਜੈਨੇਟਿਕ ਪਰਿਵਰਤਨ ਕਾਰਨ ਹੁੰਦਾ ਹੈ ਜੋ ਲਾਲ ਖੂਨ ਦੇ ਸੈੱਲਾਂ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਪ੍ਰੋਟੀਨ ਨੂੰ ਪ੍ਰਭਾਵਿਤ ਕਰਦੇ ਹਨ, ਜਿਸਨੂੰ ਆਰਐਚ ਸਬੰਧਤ ਗਲਾਈਕੋਪ੍ਰੋਟੀਨ, ਜਾਂ RHAG ਕਿਹਾ ਜਾਂਦਾ ਹੈ।
ਇਹ ਪਰਿਵਰਤਨ ਇਸ ਪ੍ਰੋਟੀਨ ਨੂੰ ਛੋਟਾ ਕਰ ਦਿੰਦੇ ਹਨ ਜਾਂ ਬਦਲ ਦਿੰਦੇ ਹਨ, ਇਸਨੂੰ ਹੋਰ ਆਰਐਚ ਐਂਟੀਜੇਨ ਪ੍ਰਗਟ ਕਰਨ ਤੋਂ ਰੋਕਦੇ ਹਨ।
ਸਾਲ 2018 ਦੇ ਇੱਕ ਅਧਿਐਨ ਵਿੱਚ ਬ੍ਰਿਸਟਲ ਯੂਨੀਵਰਸਿਟੀ ਦੇ ਪ੍ਰੋਫੈਸਰ ਟੌਏ ਅਤੇ ਉਨ੍ਹਾਂ ਦੇ ਸਾਥੀਆਂ ਨੇ ਪ੍ਰਯੋਗਸ਼ਾਲਾ ਵਿੱਚ Rh-null ਖੂਨ ਨੂੰ ਦੁਬਾਰਾ ਬਣਾਇਆ। ਅਜਿਹਾ ਕਰਨ ਲਈ, ਉਨ੍ਹਾਂ ਨੇ ਅਪਰਿਪੱਕ ਲਾਲ ਖੂਨ ਦੇ ਸੈੱਲਾਂ ਦੀ ਇੱਕ ਸੈੱਲ ਲਾਈਨ (ਪ੍ਰਯੋਗਸ਼ਾਲਾ ਵਿੱਚ ਵਿਕਸਿਤ ਹੋਏ ਸੈੱਲਾਂ ਦੀ ਆਬਾਦੀ) ਲਈ।
ਟੀਮ ਨੇ ਫਿਰ ਜੀਨ ਸੰਪਾਦਨ ਤਕਨੀਕ CRISPR-Cas9 ਦੀ ਵਰਤੋਂ ਪੰਜ ਬਲੱਡ ਗਰੁੱਪ ਪ੍ਰਣਾਲੀਆਂ ਤੋਂ ਐਂਟੀਜੇਨ ਲਈ ਕੋਡਿੰਗ ਜੀਨਾਂ ਨੂੰ ਮਿਟਾਉਣ ਲਈ ਕੀਤੀ, ਜੋ ਸਮੂਹਿਕ ਤੌਰ 'ਤੇ ਜ਼ਿਆਦਾਤਰ ਬਲੱਡ ਟ੍ਰਾਂਸਫਿਊਜ਼ਨ ਅਸੰਗਤਤਾਵਾਂ ਲਈ ਜ਼ਿੰਮੇਵਾਰ ਹਨ। ਇਸ ਵਿੱਚ ਏਬੀਓ ਅਤੇ Rh ਐਂਟੀਜੇਨ, ਅਤੇ ਨਾਲ ਹੀ ਕੈਲ, ਡਫੀ ਅਤੇ ਜੀਪੀਬੀ ਨਾਮਕ ਹੋਰ ਐਂਟੀਜੇਨ ਸ਼ਾਮਲ ਸਨ।
ਪ੍ਰੋਫੈਸਰ ਟੌਏ ਕਹਿੰਦੇ ਹਨ, ''ਅਸੀਂ ਖੋਜ ਕੀਤੀ ਕਿ ਜੇ ਅਸੀਂ ਪੰਜ ਸੈੱਲਾਂ ਨੂੰ ਹਟਾ ਦਿੱਤਾ, ਤਾਂ ਇੱਕ ਬਹੁਤ ਹੀ ਅਨੁਕੂਲ ਸੈੱਲ ਬਣ ਜਾਵੇਗਾ, ਕਿਉਂਕਿ ਪੰਜ ਸਭ ਤੋਂ ਵੱਧ ਸਮੱਸਿਆ ਵਾਲੇ ਖੂਨ ਦੇ ਸਮੂਹਾਂ ਨੂੰ ਹਟਾ ਦਿੱਤਾ ਗਿਆ ਸੀ।
ਨਤੀਜੇ ਵਜੋਂ ਬਣਨ ਵਾਲੇ ਖੂਨ ਦੇ ਸੈੱਲ ਸਾਰੇ ਮੁੱਖ ਆਮ ਖੂਨ ਸਮੂਹਾਂ ਦੇ ਅਨੁਕੂਲ ਹੋਣਗੇ, ਨਾਲ ਹੀ ਦੁਰਲੱਭ ਕਿਸਮਾਂ ਲਈ ਵੀ ਅਨੁਕੂਲ ਹੋਣਗੇ – Rh-null ਅਤੇ ਬਾਂਬੇ ਫੀਨੋਟਾਈਪ, ਜੋ ਕਿ ਚਾਰ ਮਿਲੀਅਨ ਵਿੱਚੋਂ ਇੱਕ ਵਿਅਕਤੀ ਵਿੱਚ ਹੁੰਦਾ ਹੈ।
ਇਸ ਖੂਨ ਸਮੂਹ ਵਾਲੇ ਲੋਕ ਓ, ਏ, ਬੀ, ਜਾਂ ਏਬੀ ਖੂਨ ਪ੍ਰਾਪਤ ਨਹੀਂ ਕਰ ਸਕਦੇ।

ਤਸਵੀਰ ਸਰੋਤ, Getty Images
ਹਾਲਾਂਕਿ, ਜੀਨ ਸੰਪਾਦਨ ਤਕਨੀਕਾਂ ਦੀ ਵਰਤੋਂ ਵਿਵਾਦਪੂਰਨ ਬਣੀ ਹੋਈ ਹੈ ਅਤੇ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਸਖ਼ਤੀ ਨਾਲ ਨਿਯੰਤਰਿਤ ਹੈ, ਭਾਵ ਇਸ ਬਹੁਤ ਅਨੁਕੂਲ ਖੂਨ ਸਮੂਹ ਨੂੰ ਕਲੀਨਿਕਲ ਤੌਰ 'ਤੇ ਉਪਲੱਬਧ ਹੋਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਇਸ ਨੂੰ ਮਨਜ਼ੂਰੀ ਮਿਲਣ ਤੋਂ ਪਹਿਲਾਂ, ਕਈ ਦੌਰ ਦੀਆਂ ਕਲੀਨਿਕਲ ਅਜ਼ਮਾਇਸ਼ਾਂ ਅਤੇ ਜਾਂਚਾਂ ਵਿੱਚੋਂ ਲੰਘਣ ਦੀ ਜ਼ਰੂਰਤ ਹੋਵੇਗੀ।
ਇਸ ਦੌਰਾਨ, ਪ੍ਰੋਫੈਸਰ ਟੌਏ ਨੇ ਇੱਕ ਸਪਿਨ-ਆਊਟ ਕੰਪਨੀ, ਸਕਾਰਲੇਟ ਥੈਰੇਪਿਊਟਿਕਸ ਦੀ ਸਹਿ-ਸਥਾਪਨਾ ਕੀਤੀ ਹੈ, ਜੋ ਕਿ ਦੁਰਲੱਭ ਖੂਨ ਸਮੂਹਾਂ ਵਾਲੇ ਲੋਕਾਂ ਤੋਂ ਖੂਨ ਦਾਨ ਇਕੱਠਾ ਕਰ ਰਹੀ ਹੈ, ਜਿਸ ਵਿੱਚ Rh-null ਵੀ ਸ਼ਾਮਲ ਹੈ।
ਟੀਮ ਨੂੰ ਉਮੀਦ ਹੈ ਕਿ ਇਸ ਖੂਨ ਦੀ ਵਰਤੋਂ ਸੈੱਲ ਲਾਈਨਾਂ ਬਣਾਉਣ ਲਈ ਕੀਤੀ ਜਾ ਸਕੇਗੀ, ਜੋ ਪ੍ਰਯੋਗਸ਼ਾਲਾ ਵਿੱਚ ਉਗਾਏ ਜਾ ਸਕਦੇ ਹਨ ਤਾਂ ਜੋ ਲਾਲ ਖੂਨ ਦੇ ਸੈੱਲ ਅਣਮਿੱਥੇ ਸਮੇਂ ਲਈ ਪੈਦਾ ਕੀਤੇ ਜਾ ਸਕਣ।
ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਏ ਇਸ ਖੂਨ ਨੂੰ ਫਿਰ ਫ੍ਰੀਜ਼ ਕਰਕੇ ਸਟੋਰ ਵੀ ਕੀਤਾ ਜਾ ਸਕੇਗਾ ਅਤੇ ਐਮਰਜੈਂਸੀ ਦੌਰਾਨ ਦੁਰਲੱਭ ਖੂਨ ਸਮੂਹਾਂ ਵਾਲੇ ਲੋਕਾਂ ਲਈ ਵਰਤਿਆ ਜਾ ਸਕੇਗਾ।

ਪ੍ਰੋਫੈਸਰ ਟੌਏ ਨੂੰ ਉਮੀਦ ਹੈ ਕਿ ਉਹ ਜੀਨ ਐਡੀਟਿੰਗ ਦੀ ਵਰਤੋਂ ਕੀਤੇ ਬਿਨ੍ਹਾਂ ਪ੍ਰਯੋਗਸ਼ਾਲਾ ਵਿੱਚ ਦੁਰਲੱਭ ਖੂਨ ਦੇ ਭੰਡਾਰ ਬਣਾਉਣ ਦੇ ਯੋਗ ਹੋਣਗੇ, ਹਾਲਾਂਕਿ ਇਹ ਤਕਨਾਲੋਜੀ ਭਵਿੱਖ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ।
ਉਹ ਕਹਿੰਦੇ ਹਨ, "ਜੇ ਅਸੀਂ ਇਸਨੂੰ ਬਿਨਾਂ ਐਡੀਟਿੰਗ ਦੇ ਕਰ ਸਕਦੇ ਹਾਂ, ਤਾਂ ਬਹੁਤ ਵਧੀਆ, ਪਰ ਐਡੀਟਿੰਗ ਵੀ ਸਾਡੇ ਲਈ ਇੱਕ ਵਿਕਲਪ ਹੈ।''
"ਅਸੀਂ ਜੋ ਕਰ ਰਹੇ ਹਾਂ ਉਸਦਾ ਇੱਕ ਹਿੱਸਾ ਹੈ ਬਹੁਤ ਧਿਆਨ ਨਾਲ ਦਾਨੀਆਂ ਦੀ ਚੋਣ ਕਰਨਾ ਅਤੇ ਉਨ੍ਹਾਂ ਦੇ ਸਾਰੇ ਐਂਟੀਜੇਨਾਂ ਨੂੰ ਜ਼ਿਆਦਾਤਰ ਲੋਕਾਂ ਦੇ, ਜਿੰਨਾ ਸੰਭਵ ਹੋ ਸਕੇ ਅਨੁਕੂਲ ਬਣਾਉਣਾ। ਫਿਰ ਸ਼ਾਇਦ ਸਾਨੂੰ ਇਸ ਨੂੰ ਹਰ ਕਿਸੇ ਨਾਲ ਅਨੁਕੂਲ ਬਣਾਉਣ ਲਈ ਜੀਨ ਐਡੀਟਿੰਗ ਦੀ ਵਰਤੋਂ ਕਰਨੀ ਪਵੇਗੀ।''
ਸਾਲ 2021 ਵਿੱਚ, ਅਮਰੀਕਾ ਦੇ ਮਿਲਵਾਕੀ ਵਿੱਚ ਵਰਸਿਟੀ ਬਲੱਡ ਰਿਸਰਚ ਇੰਸਟੀਚਿਊਟ ਦੇ ਇਮਯੂਨੋਲੋਜਿਸਟ ਗ੍ਰੈਗਰੀ ਡੇਨੋਮੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਕ੍ਰਿਸਪਰ-ਕੈਸ9 ਜੀਨ ਐਡੀਟਿੰਗ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਮਨੁੱਖੀ ਪ੍ਰੇਰਿਤ ਪਲੂਰੀਪੋਟੈਂਟ ਸਟੈਮ ਸੈੱਲਾਂ (hiPSCs) ਤੋਂ Rh-null ਸਮੇਤ ਅਨੁਕੂਲਿਤ ਦੁਰਲੱਭ ਖੂਨ ਦੀਆਂ ਕਿਸਮਾਂ ਬਣਾਈਆਂ।
ਇਨ੍ਹਾਂ ਸਟੈਮ ਸੈੱਲਾਂ ਵਿੱਚ ਭਰੂਣ ਸਟੈਮ ਸੈੱਲਾਂ ਦੇ ਸਮਾਨ ਗੁਣ ਹੁੰਦੇ ਹਨ ਅਤੇ ਇਹ ਸਹੀ ਹਾਲਤਾਂ ਵਿੱਚ ਮਨੁੱਖੀ ਸਰੀਰ ਦੇ ਕਿਸੇ ਵੀ ਸੈੱਲ ਵਿੱਚ ਬਦਲਣ ਦੀ ਸਮਰੱਥਾ ਰੱਖਦੇ ਹਨ।

ਤਸਵੀਰ ਸਰੋਤ, Getty Images
ਹੋਰ ਵਿਗਿਆਨੀ ਇੱਕ ਹੋਰ ਕਿਸਮ ਦੇ ਸਟੈਮ ਸੈੱਲਾਂ ਦੀ ਵਰਤੋਂ ਕਰ ਰਹੇ ਹਨ ਜੋ ਪਹਿਲਾਂ ਹੀ ਖੂਨ ਦੇ ਸੈੱਲਾਂ ਵਿੱਚ ਬਦਲਣ ਲਈ ਪਹਿਲਾਂ ਤੋਂ ਪ੍ਰੋਗਰਾਮ ਕੀਤੇ ਗਏ ਹਨ, ਪਰ ਖਾਸ ਕਿਸਮ ਅਜੇ ਤੱਕ ਨਿਰਧਾਰਤ ਨਹੀਂ ਕੀਤੀ ਗਈ ਹੈ। ਮਿਸਾਲ ਵਜੋਂ, ਕੈਨੇਡਾ ਦੇ ਕਿਊਬੈਕ ਵਿੱਚ ਲਾਵਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਹਾਲ ਹੀ ਵਿੱਚ ਏ-ਪਾਜ਼ਿਟਿਵ ਖੂਨਦਾਨੀਆਂ ਤੋਂ ਖੂਨ ਦੇ ਸਟੈਮ ਸੈੱਲ ਕੱਢੇ ਹਨ।
ਫਿਰ ਉਨ੍ਹਾਂ ਨੇ ਏ ਅਤੇ Rh ਐਂਟੀਜੇਨ ਲਈ ਕੋਡਿੰਗ ਜੀਨਾਂ ਨੂੰ ਮਿਟਾਉਣ ਲਈ ਕ੍ਰਿਸਪਰ-ਕੈਸ9 ਤਕਨਾਲੋਜੀ ਦੀ ਵਰਤੋਂ ਕੀਤੀ, ਜਿਸ ਨਾਲ Rh-null ਲਾਲ ਖੂਨ ਦੇ ਸੈੱਲ (ਪੂਰੀ ਤਰ੍ਹਾਂ ਤਿਆਰ ਨਹੀਂ) ਪੈਦਾ ਹੋਏ।
ਬਾਰਸੀਲੋਨਾ, ਸਪੇਨ ਦੇ ਖੋਜਕਰਤਾਵਾਂ ਨੇ ਵੀ ਹਾਲ ਹੀ ਵਿੱਚ ਇੱਕ Rh-null ਦਾਨੀ ਤੋਂ ਸਟੈਮ ਸੈੱਲ ਲਏ ਅਤੇ ਕ੍ਰਿਸਪਰ-ਕੈਸ9 ਦੀ ਵਰਤੋਂ ਕਰਕੇ ਉਨ੍ਹਾਂ ਦੇ ਖੂਨ ਨੂੰ ਟਾਈਪ ਏ ਤੋਂ ਟਾਈਪ ਓ ਵਿੱਚ ਬਦਲਿਆ, ਜਿਸ ਨਾਲ ਇਹ ਹੋਰ ਵੀ ਵਿਆਪਕ ਹੋ ਗਿਆ।
ਫਿਰ ਵੀ, ਇਨ੍ਹਾਂ ਪ੍ਰਭਾਵਸ਼ਾਲੀ ਯਤਨਾਂ ਦੇ ਬਾਵਜੂਦ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਪ੍ਰਯੋਗਸ਼ਾਲਾ ਦੁਆਰਾ ਤਿਆਰ ਕੀਤੇ ਗਏ ਨਕਲੀ ਖੂਨ ਨੂੰ ਇੱਕ ਅਜਿਹੇ ਪੈਮਾਨੇ 'ਤੇ ਪੈਦਾ ਕਰਨਾ ਜਿੱਥੇ ਲੋਕ ਇਸਨੂੰ ਵਰਤ ਸਕਦੇ ਹਨ, ਅਜੇ ਵੀ ਬਹੁਤ ਦੂਰ ਦੀ ਗੱਲ ਲੱਗਦੀ ਹੈ।
ਇੱਕ ਮੁਸ਼ਕਲ ਹੈ - ਸਟੈਮ ਸੈੱਲਾਂ ਨੂੰ ਪੂਰੀ ਤਰ੍ਹਾਂ ਤਿਆਰ ਲਾਲ ਖੂਨ ਸੈੱਲਾਂ ਵਿੱਚ ਵਿਕਸਤ ਕਰਨਾ।
ਸਰੀਰ ਵਿੱਚ, ਲਾਲ ਖੂਨ ਦੇ ਸੈੱਲ ਬੋਨ ਮੈਰੋ ਵਿੱਚ ਸਥਿਤ ਸਟੈਮ ਸੈੱਲਾਂ ਤੋਂ ਉਤਪੰਨ ਹੁੰਦੇ ਹਨ, ਜੋ ਉਨ੍ਹਾਂ ਦੇ ਵਿਕਾਸ ਨੂੰ ਮਾਰਗਦਰਸ਼ਨ ਕਰਨ ਵਾਲੇ ਗੁੰਝਲਦਾਰ ਸੰਕੇਤ ਪੈਦਾ ਕਰਦੇ ਹਨ। ਇਸਨੂੰ ਪ੍ਰਯੋਗਸ਼ਾਲਾ ਵਿੱਚ ਦੁਹਰਾਉਣਾ ਮੁਸ਼ਕਲ ਹੈ।

ਤਸਵੀਰ ਸਰੋਤ, Getty Images
ਡੇਨੋਮ, ਵਰਤਮਾਨ ਵਿੱਚ ਗ੍ਰਿਫੋਲਸ ਡਾਇਗਨੌਸਟਿਕ ਸਲਿਊਸ਼ਨਜ਼ ਵਿੱਚ ਮੈਡੀਕਲ ਮਾਮਲਿਆਂ ਦੇ ਡਾਇਰੈਕਟਰ ਵਜੋਂ ਸੇਵਾ ਨਿਭਾ ਰਹੇ ਹਨ, ਜੋ ਕਿ ਇੱਕ ਸਿਹਤ ਸੰਭਾਲ ਕੰਪਨੀ ਹੈ ਅਤੇ ਟ੍ਰਾਂਸਫਿਊਜ਼ਨ ਮੈਡੀਸਨ ਵਿੱਚ ਮਾਹਰ ਹਨ।
ਉਹ ਕਹਿੰਦੇ ਹਨ, "ਇੱਕ ਵਾਧੂ ਸਮੱਸਿਆ ਇਹ ਹੈ ਕਿ ਜਦੋਂ Rh-null ਜਾਂ ਕੋਈ ਹੋਰ null ਬਲੱਡ ਗਰੁੱਪ ਬਣਾਇਆ ਜਾਂਦਾ ਹੈ, ਤਾਂ ਲਾਲ ਖੂਨ ਦੇ ਸੈੱਲਾਂ ਦੇ ਵਾਧੇ ਅਤੇ ਪਰਿਪੱਕਤਾ (ਪੂਰੀ ਤਰ੍ਹਾਂ ਤਿਆਰ ਹੋਣ) ਵਿੱਚ ਵਿਘਨ ਪੈ ਸਕਦਾ ਹੈ।''
"ਖਾਸ ਬਲੱਡ ਗਰੁੱਪ ਜੀਨਾਂ ਦਾ ਉਤਪਾਦਨ ਸੈੱਲ ਝਿੱਲੀਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਾਂ ਸੈੱਲ ਕਲਚਰ ਵਿੱਚ ਲਾਲ ਖੂਨ ਦੇ ਸੈੱਲਾਂ ਦੇ ਚੰਗੇ ਉਤਪਾਦਨ ਨੂੰ ਘਟਾ ਸਕਦਾ ਹੈ।"
ਫਿਲਹਾਲ, ਪ੍ਰੋਫੈਸਰ ਟੋਏ 'ਰੀਸਟੋਰ' ਟ੍ਰਾਇਲ ਦੀ ਸਹਿ-ਅਗਵਾਈ ਕਰ ਰਹੇ ਹਨ, ਜੋ ਕਿ ਦੁਨੀਆਂ ਦਾ ਪਹਿਲਾ ਕਲੀਨਿਕਲ ਟ੍ਰਾਇਲ ਹੈ ਜੋ ਦਾਨ ਕੀਤੇ ਬਲੱਡ ਦੇ ਸਟੈਮ ਸੈੱਲਾਂ ਤੋਂ ਪ੍ਰਯੋਗਸ਼ਾਲਾ ਵਿੱਚ ਨਕਲੀ ਤੌਰ 'ਤੇ ਉਗਾਏ ਗਏ ਸਿਹਤਮੰਦ ਵਲੰਟੀਅਰਾਂ ਦੇ ਲਾਲ ਖੂਨ ਦੇ ਸੈੱਲਾਂ ਨੂੰ ਦੀ ਸੁਰੱਖਿਆ ਦੀ ਜਾਂਚ ਕਰਦਾ ਹੈ।
ਟ੍ਰਾਇਲ ਵਿੱਚ ਨਕਲੀ ਖੂਨ ਨੂੰ ਕਿਸੇ ਵੀ ਤਰੀਕੇ ਨਾਲ ਜੀਨ ਸੰਪਾਦਿਤ ਨਹੀਂ ਕੀਤਾ ਗਿਆ ਹੈ, ਪਰ ਫਿਰ ਵੀ ਉਸ ਪੜਾਅ 'ਤੇ ਪਹੁੰਚਣ ਲਈ 10 ਸਾਲ ਦੀ ਖੋਜ ਕੀਤੀ ਗਈ ਜਿੱਥੇ ਵਿਗਿਆਨੀ ਇਸ ਨੂੰ ਮਨੁੱਖਾਂ ਵਿੱਚ ਟੈਸਟ ਕਰਨ ਲਈ ਤਿਆਰ ਸਨ।
ਪ੍ਰੋਫੈਸਰ ਟੋਏ ਕਹਿੰਦੇ ਹਨ, "ਇਸ ਸਮੇਂ, ਕਿਸੇ ਦੀ ਬਾਂਹ ਤੋਂ ਖੂਨ ਕੱਢਣਾ ਬਹੁਤ ਜ਼ਿਆਦਾ ਕੁਸ਼ਲਤਾ ਮੰਗਦਾ ਹੈ ਅਤੇ ਮਹਿੰਗਾ ਵੀ ਪੈਂਦਾ ਹੈ, ਅਤੇ ਇਸ ਲਈ ਸਾਨੂੰ ਨੇੜਲੇ ਭਵਿੱਖ ਲਈ ਖੂਨ ਦਾਨੀਆਂ ਦੀ ਜ਼ਰੂਰਤ ਹੋਏਗੀ।
"ਪਰ ਦੁਰਲੱਭ ਖੂਨ ਦੀਆਂ ਕਿਸਮਾਂ ਵਾਲੇ ਲੋਕਾਂ ਲਈ ਜਿੱਥੇ ਦਾਨੀ ਲੋਕ ਘੱਟ ਹੁੰਦੇ ਹਨ, ਜੇਕਰ ਅਸੀਂ ਉਨ੍ਹਾਂ ਲਈ ਹੋਰ ਖੂਨ ਵਧਾ ਸਕਦੇ ਹਾਂ ਤਾਂ ਇਹ ਸੱਚਮੁੱਚ ਦਿਲਚਸਪ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












