ਪਾਕਿਸਤਾਨ ਦੀ ਉਹ ਨਦੀ ਜਿਸ 'ਚੋਂ ਸੋਨਾ ਨਿਕਲਦਾ ਹੈ, ਪਰ ਪੀੜੀਆਂ ਤੋਂ ਇੱਥੋਂ ਸੋਨਾ ਇਕੱਠਾ ਕਰਨ ਵਾਲੇ ਹੁਣ ਖਾਲ੍ਹੀ ਹੱਥ ਕਿਉਂ ਹਨ

ਸੋਨੇ ਦੀ ਖੋਜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਵਿੱਚ ਦਰਿਆਈ ਸੋਨੇ ਦੀ ਖੁਦਾਈ ਇੱਕ ਸਫਲ ਕਾਰੋਬਾਰ ਹੋਇਆ ਕਰਦੀ ਸੀ, ਪਰ ਇਨ੍ਹੀਂ ਦਿਨੀਂ ਮੁਨਾਫ਼ਾ ਘੱਟ ਗਿਆ ਹੈ (ਸੰਕੇਤਕ ਤਸਵੀਰ)
    • ਲੇਖਕ, ਮੁਹੰਮਦ ਜ਼ੁਬੈਰ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ

"ਮੈਂ ਕਦੇ ਆਪਣੇ ਹੱਥਾਂ ਨਾਲ ਸਿੰਧੂ ਨਦੀ ਦੇ ਕੰਢਿਆਂ ਉੱਤੇ ਸੋਨਾ ਭਾਲਿਆ ਕਰਦਾ ਸੀ। ਜਿਸ ਦਿਨ ਕੰਮ ਚੰਗਾ ਹੁੰਦਾ ਸੀ, ਉਸ ਦਿਨ ਲਗਭਗ ਇੱਕ ਗ੍ਰਾਮ ਤੱਕ ਸੋਨਾ ਮਿਲ ਜਾਂਦਾ ਹੁੰਦਾ ਸੀ। ਪਰਿਵਾਰ ਦੀ ਰੋਜ਼ੀ ਰੋਟੀ ਆਸਾਨੀ ਨਾਲ ਚੱਲ ਜਾਂਦੀ ਸੀ, ਪਰ ਫਿਰ ਕੁਝ ਸਾਲ ਪਹਿਲਾਂ ਸਾਡੇ ਇਲਾਕੇ ਵਿੱਚ ਸੋਨਾ ਕੱਢਣ ਦਾ ਇਹੀ ਕੰਮ ਮਸ਼ੀਨਾਂ ਜ਼ਰੀਏ ਹੋਣ ਲੱਗਾ।"

"ਹੁਣ ਮੈਨੂੰ ਲੱਗਦਾ ਹੈ ਕਿ ਸਦੀਆਂ ਤੋਂ ਨਦੀ ਦੇ ਪਾਣੀ ਤੋਂ ਹੱਥਾਂ ਦੀ ਮਦਦ ਨਾਲ ਸੋਨਾ ਕੱਢਣ ਵਾਲੇ ਪ੍ਰਾਚੀਨ ਕਬੀਲਿਆਂ ਲਈ ਥਾਂ ਨਹੀਂ ਬਚੀ ਹੈ। ਹੁਣ ਮੈਂ ਮਸ਼ੀਨ ਵਾਲਿਆਂ ਦੇ ਕੋਲ ਦਿਹਾੜੀ ਉੱਤੇ ਕੰਮ ਕਰਦਾ ਹਾਂ, ਜੋ ਕਦੇ ਮਿਲਦੀ ਹੈ ਅਤੇ ਕਦੇ ਨਹੀਂ।"

ਇਹ ਕਹਿਣਾ ਹੈ ਪਾਕਿਸਤਾਨ ਸ਼ਾਸਿਤ ਗਿਲਗਿਤ-ਬਲਾਟਿਸਤਾਨ ਦੇ ਜ਼ਿਲ੍ਹਾ ਦਿਆਮੀਰ ਦੇ ਹਬੀਬਉੱਲ੍ਹਾ ਦਾ।

35 ਸਾਲਾ ਹਬੀਬਉੱਲ੍ਹਾ ਦੇ ਅਨੁਸਾਰ, ਉਨ੍ਹਾਂ ਨੇ ਆਪਣੇ ਪੁਰਖਿਆਂ ਤੋਂ ਨਦੀ ਦੇ ਪਾਣੀ ਵਿੱਚੋਂ ਸੋਨਾ ਕੱਢਣ ਦੀ ਕਲਾ ਸਿੱਖੀ ਸੀ ਅਤੇ ਇਹੀ ਇੱਕੋ-ਇੱਕ ਤਰੀਕਾ ਹੈ ਜਿਸ ਨਾਲ ਉਨ੍ਹਾਂ ਦੇ ਕਬੀਲੇ ਦੇ ਜ਼ਿਆਦਾਤਰ ਲੋਕ, ਜਿਸ ਵਿੱਚ ਉਹ ਵੀ ਸ਼ਾਮਲ ਹੈ, ਰੋਜ਼ੀ-ਰੋਟੀ ਕਮਾਉਂਦੇ ਹਨ।

ਉਹ ਕਹਿੰਦੇ ਹਨ ਕਿ ਕੁਝ ਸਥਾਨਕ ਲੋਕ ਜੋ ਪਹਿਲਾਂ ਇਹ ਕੰਮ ਹੱਥੀਂ ਕਰਦੇ ਸਨ, ਹੁਣ ਉਨ੍ਹਾਂ ਕੋਲ ਆਪਣੀ ਜ਼ਮੀਨ ਹੈ, ਇਸ ਲਈ ਉਨ੍ਹਾਂ ਨੇ ਹੁਣ ਉਸੇ ਜ਼ਮੀਨ 'ਤੇ ਮਸ਼ੀਨਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।

ਇਹ ਮਸ਼ੀਨਾਂ ਕਿਰਾਏ 'ਤੇ ਵੀ ਮਿਲ ਜਾਂਦੀਆਂ ਹਨ, ਜਦੋਂ ਕਿ ਕੁਝ ਅਜਿਹੇ ਵੀ ਹਨ, ਜਿਨ੍ਹਾਂ ਦਾ ਇਤਿਹਾਸਕ ਤੌਰ ਉੱਤੇ ਇਸ ਪੇਸ਼ੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਉਨ੍ਹਾਂ ਕੋਲ ਆਪਣੀ ਜ਼ਮੀਨ ਸੀ, ਇਸ ਲਈ ਉਨ੍ਹਾਂ ਨੇ ਸੋਨਾ ਕੱਢਣ ਵਾਲਿਆਂ ਅਤੇ ਮਸ਼ੀਨਾਂ ਦੇ ਮਾਲਕਾਂ ਨਾਲ ਸਾਂਝੇਦਾਰੀ ਕਰ ਲਈ ਅਤੇ ਇਸ ਕੰਮ ਵਿੱਚ ਸ਼ਾਮਲ ਹੋ ਗਏ।

ਹਬੀਬ ਸ਼ਿਕਾਇਤ ਕਰਦੇ ਹਨ ਕਿ ਇਸ ਸਭ ਦੇ ਵਿਚਕਾਰ, "ਪਿਸ ਗਏ ਉਹ ਕਬੀਲੇ ਜੋ ਸਾਲਾਂ ਤੋਂ ਇਹ ਕੰਮ ਹੱਥੀਂ ਕਰ ਰਹੇ ਸਨ, ਪਰ ਜਿਨ੍ਹਾਂ ਕੋਲ ਨਾ ਤਾਂ ਵੱਡੀਆਂ ਮਸ਼ੀਨਾਂ ਖਰੀਦਣ ਦਾ ਸਾਧਨ ਸੀ ਅਤੇ ਨਾ ਹੀ ਜ਼ਮੀਨ ਦੇ ਮਾਲਕ ਸਨ।"

ਆਜ਼ਮ ਖ਼ਾਨ ਮਸ਼ਹੂਰ ਸੈਲਾਨੀ ਇਲਾਕੇ ਬਾਬੂਸਪ ਟੌਪ ਦੇ ਰਹਿਣ ਵਾਲੇ ਹਨ। ਉਹ ਕਹਿੰਦੇ ਹਨ, "ਮੈਂ ਇਹ ਪਹਿਲਾਂ ਕੰਮ ਹੱਥੀਂ ਕਰਦਾ ਸੀ, ਪਰ ਕਿਉਂਕਿ ਮੇਰੇ ਕਬੀਲੇ ਕੋਲ ਆਪਣੀ ਜ਼ਮੀਨ ਸੀ, ਇਸ ਲਈ ਅਸੀਂ ਮਸ਼ੀਨ ਆਪਰੇਟਰਾਂ ਨਾਲ ਸਾਂਝੇਦਾਰੀ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ।"

ਸੋਨਾ ਇਕੱਠਾ ਕਰਨ ਵਾਲਿਆਂ ਦੀਆਂ ਪੀੜ੍ਹੀਆਂ

ਨਦੀ

ਤਸਵੀਰ ਸਰੋਤ, Mohammad Ravan

ਤਸਵੀਰ ਕੈਪਸ਼ਨ, ਜਿਹੜੇ ਲੋਕ ਰਵਾਇਤੀ ਤੌਰ 'ਤੇ ਨਦੀ ਤੋਂ ਸੋਨਾ ਕੱਢਦੇ ਹਨ, ਉਨ੍ਹਾਂ ਨੂੰ 'ਸੋਨੇਵਾਲ ਕਬੀਲਾ' ਕਿਹਾ ਜਾਂਦਾ ਹੈ

ਗਿਲਗਿਤ-ਬਾਲਟਿਸਤਾਨ ਅਤੇ ਦਿਆਮੀਰ ਜ਼ਿਲ੍ਹੇ ਵਿੱਚ, ਨਦੀ ਤੋਂ ਸੋਨਾ ਕੱਢਣ ਵਾਲਿਆਂ ਨੂੰ ਆਮ ਤੌਰ 'ਤੇ "ਸੋਨੇਵਾਲ ਕਬੀਲੇ" ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਕਬੀਲਿਆਂ ਦਾ ਆਪਣਾ ਸੰਗਠਨ ਵੀ ਹੈ।

ਦਿਆਮੀਰ ਜ਼ਿਲ੍ਹੇ ਵਿੱਚ "ਸੋਨੇਵਾਲ ਕਬੀਲਾ" ਐਸੋਸੀਏਸ਼ਨ ਦੇ ਮੁਖੀ ਮੁਹੰਮਦ ਰਵਾਨ ਦੇ ਅਨੁਸਾਰ, 2023 ਤੱਕ ਉਨ੍ਹਾਂ ਦੇ ਖੇਤਰ ਵਿੱਚ ਮਸ਼ੀਨਾਂ ਦਾ ਕੋਈ ਰੋਲ ਨਹੀਂ ਸੀ। "ਫਿਰ, ਕੁਝ ਸਥਾਨਕ ਜ਼ਮੀਨ ਮਾਲਕਾਂ ਨੇ ਕਈ ਤਰੀਕਿਆਂ ਨਾਲ ਮਸ਼ੀਨਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਹੁਣ, ਇਸ ਖੇਤਰ ਵਿੱਚ ਸੈਂਕੜੇ ਮਸ਼ੀਨਾਂ ਲਗਾਈਆਂ ਗਈਆਂ ਹਨ, ਜੋ ਨਦੀ ਦੇ ਪਾਣੀ ਤੋਂ ਸੋਨਾ ਕੱਢਦੀਆਂ ਹਨ।"

ਇਲਾਕੇ ਦੇ ਵਸਨੀਕ ਅਜ਼ੀਮ ਖਾਨ ਇਸਦੀ ਪੁਸ਼ਟੀ ਕਰਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਕਬੀਲੇ ਦੀ ਜ਼ਮੀਨ 'ਤੇ ਦੋ ਮਸ਼ੀਨਾਂ ਲਗਾਈਆਂ ਗਈਆਂ ਹਨ।

ਉਨ੍ਹਾਂ ਸਮਝਾਇਆ, "ਸਾਡੇ ਖੇਤਰ ਵਿੱਚ ਸੋਨੇ ਦੀ ਖੋਜ ਲਈ ਕੋਈ ਸਰਕਾਰੀ ਪੱਧਰ ਉੱਤੇ ਕੋਈ ਜ਼ਮੀਨ ਜਾਂ ਖ਼ਾਸ ਥਾਂ ਅਲੌਟ ਨਹੀਂ ਹੁੰਦੀ। ਜਿੱਥੇ ਮੈਂ ਆਪਣੀਆਂ ਮਸ਼ੀਨਾਂ ਲਗਾਈਆਂ ਹਨ, ਉਸ ਤੋਂ ਥੋੜ੍ਹੀ ਦੂਰੀ 'ਤੇ, ਦੂਜਿਆਂ ਨੇ ਛੇ ਤੋਂ ਸੱਤ ਮਸ਼ੀਨਾਂ ਲਗਾਈਆਂ ਹੋਈਆਂ ਹਨ, ਜਦੋਂ ਕਿ ਇਸ ਖੇਤਰ ਦੇ ਕੁਝ ਕਿਲੋਮੀਟਰ ਦੇ ਅੰਦਰ, ਲਗਭਗ 150 ਮਸ਼ੀਨਾਂ ਹਨ।"

ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ਦੇ ਉੱਤਰੀ ਖੇਤਰਾਂ ਦੀ ਯਾਤਰਾ ਕੀਤੀ ਹੈ, ਉਨ੍ਹਾਂ ਨੇ ਸਿੰਧੂ ਨਦੀ ਦੇ ਨਾਲ-ਨਾਲ ਲੋਕਾਂ ਨੂੰ ਰੇਤ ਛਾਣ ਕੇ ਸੋਨਾ ਕੱਢਦੇ ਹੋਏ ਜ਼ਰੂਰ ਦੇਖਿਆ ਹੋਵੇਗਾ। ਹਾਲਾਂਕਿ, ਸਮੇਂ ਦੇ ਨਾਲ ਤਰੀਕੇ ਬਦਲ ਗਏ ਹਨ ਅਤੇ ਜੇਕਰ ਅੱਜ ਜ਼ਿਲ੍ਹਾ ਦਿਆਮੀਰ ਵਿੱਚ ਸਿੰਧੂ ਨਦੀ ਦੇ ਕੰਢੇ, ਖ਼ਾਸ ਤੌਰ ਉੱਤੇ ਭਾਸ਼ਾ ਡੈਮ ਭੰਡਾਰ ਰਿਜ਼ਵਾਇਕ ਦੇ ਨੇੜੇ ਸਫ਼ਰ ਕੀਤਾ ਜਾਵੇ ਤਾਂ ਉੱਥੇ ਇੱਕ ਜਾਂ ਦੋ ਨਹੀਂ, ਸਗੋਂ ਸੈਂਕੜੇ ਮਸ਼ੀਨਾਂ ਸੋਨਾ ਕੱਢਣ ਵਿੱਚ ਲੱਗੀਆਂ ਹੋਈਆਂ ਦਿਖਾਈ ਦੇਣਗੀਆਂ।

ਲਗਭਗ 3,180 ਕਿਲੋਮੀਟਰ ਲੰਬੀ ਸਿੰਧੂ ਨਦੀ ਤਿੱਬਤ ਵਿੱਚ ਮਾਨਸਰੋਵਰ ਝੀਲ ਤੋਂ ਨਿਕਲਦੀ ਹੈ ਅਤੇ ਪਾਕਿਸਤਾਨ ਦੇ ਮੈਦਾਨੀ ਇਲਾਕਿਆਂ ਨੂੰ ਸਿੰਜਦੀ ਹੋਈ ਅਰਬ ਸਾਗਰ ਵਿੱਚ ਵਗਦੀ ਹੈ।

ਇਹ ਨਦੀ ਸਦੀਆਂ ਤੋਂ ਮਨੁੱਖਤਾ ਲਈ ਸਭਿਅਤਾ, ਸੱਭਿਆਚਾਰ, ਜੀਵਨ, ਖੁਸ਼ਹਾਲੀ ਅਤੇ ਆਮਦਨ ਦਾ ਇੱਕ ਪ੍ਰਮੁੱਖ ਸਰੋਤ ਰਹੀ ਹੈ।

ਸਿੰਧੂ ਘਾਟੀ ਦੀ ਮਹਾਨ ਸੱਭਿਅਤਾ ਤੋਂ ਲੈ ਕੇ ਅੱਜ ਤੱਕ ਇਸ ਖੇਤਰ ਦੇ ਇਤਿਹਾਸ ਅਤੇ ਆਰਥਿਕਤਾ ਵਿੱਚ ਸਿੰਧੂ ਨਦੀ ਨੇ ਇੱਕ ਮਹੱਤਵਪੂਰਨ ਭੂਮਿਕਾ ਰਹੀ ਹੈ।

ਅਤੇ ਕੁਝ ਲੋਕਾਂ ਲਈ ਇਹ ਨਦੀ ਸੱਚਮੁੱਚ ਸੋਨਾ ਉਗਲਦੀ ਹੈ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਇਸ 'ਤੇ ਨਿਰਭਰ ਹੈ।

ਸੋਨੇ ਦੇ ਭੰਡਾਰ ਪਹਾੜਾਂ ਦੇ ਅੰਦਰ ਹਨ

ਨਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿਆਮੀਰ ਜ਼ਿਲ੍ਹੇ ਵਿੱਚ ਸਿੰਧੂ ਨਦੀ ਦੇ ਕੰਢੇ ਇੱਕ-ਦੋ ਨਹੀਂ, ਸਗੋਂ ਸੈਂਕੜੇ ਮਸ਼ੀਨਾਂ ਸੋਨਾ ਕੱਢ ਰਹੀਆਂ ਹਨ

ਐਬਟਾਬਾਦ ਕੈਂਪਸ ਦੇ ਕੌਮਸੇਟਸ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਦੇ ਮੁਖੀ ਡਾ. ਫਰੀਦੁੱਲ੍ਹਾ ਦੇ ਅਨੁਸਾਰ, ਸਿੰਧੂ ਨਦੀ ਦੇ ਕੰਢੇ ਪਾਈ ਜਾਣ ਵਾਲੀ ਮਿੱਟੀ ਅਤੇ ਰੇਤ ਵਿੱਚ ਕੁਦਰਤੀ ਤੌਰ 'ਤੇ ਸੋਨਾ ਹੁੰਦਾ ਹੈ।

ਉਨ੍ਹਾਂ ਸਮਝਾਇਆ, "ਸੋਨਾ ਆਮ ਤੌਰ 'ਤੇ ਪਹਾੜਾਂ ਦੇ ਅੰਦਰ ਮੌਜੂਦ ਧਾਤਾਂ ਦੇ ਭੰਡਾਰਾਂ ਤੋਂ ਆਉਂਦਾ ਹੈ। ਪਹਾੜਾਂ ਵਿੱਚ ਮੌਜੂਦ ਸੋਨੇ ਦੇ ਤੰਤੂ ਅਤੇ ਖਾਣਾਂ ਤੋਂ ਛੋਟੇ-ਛੋਟੇ ਕਣ ਕਈ ਤਰੀਕਿਆਂ ਨਾਲ ਨਿਕਲ ਕੇ ਨਦੀਆਂ ਅਤੇ ਪਾਣੀ ਦੇ ਵਹਾਅ ਵਿੱਚ ਸ਼ਾਮਲ ਹੋ ਜਾਂਦੇ ਹਨ। ਅਤੇ ਜਦੋਂ ਮੀਂਹ ਜਾਂ ਗਲੇਸ਼ੀਅਰਾਂ ਦਾ ਪਾਣੀ ਪਹਾੜਾਂ ਤੋਂ ਹੇਠਾਂ ਵਗਦਾ ਹੈ ਤਾਂ ਇਹ ਪਾਣੀ ਪਹਾੜੀ ਚੱਟਾਨਾਂ ਅਤੇ ਮਿੱਟੀ ਦੇ ਨਾਲ ਸੋਨੇ ਦੇ ਛੋਟੇ ਕਣਾਂ ਨੂੰ ਨਦੀ ਵਿੱਚ ਲੈ ਜਾਂਦਾ ਹੈ।"

ਉਹ ਕਹਿੰਦਾ ਹੈ, "ਨਦੀ ਦੇ ਵਹਾਅ ਦੌਰਾਨ, ਅਜਿਹੇ ਕਣ, ਭਾਰੀ ਹੋਣ ਕਰਕੇ, ਨਦੀ ਦੇ ਕੰਢੇ ਦੀ ਰੇਤ ਅਤੇ ਮਿੱਟੀ ਵਿੱਚ ਜਮ੍ਹਾਂ ਹੋ ਜਾਂਦੇ ਹਨ। ਇਸੇ ਕਰਕੇ ਸਿੰਧੂ ਨਦੀ ਦੀ ਰੇਤ ਅਤੇ ਮਿੱਟੀ ਵਿੱਚ ਸੋਨੇ ਦੇ ਮਾਮੂਲੀ ਕਣ ਪਾਏ ਜਾਂਦੇ ਹਨ।"

"ਖੈਬਰ ਪਖ਼ਤੂਨਖ਼ਵਾ ਅਤੇ ਪੰਜਾਬ ਵਿੱਚ ਪਾਬੰਦੀ ਤੋਂ ਬਾਅਦ, ਸੋਨੇ ਕੱਢਣ ਵਾਲਿਆਂ ਨੇ ਗਿਲਗਿਤ-ਬਾਲਟਿਸਤਾਨ ਦਾ ਰੁਖ਼ ਕੀਤਾ ਹੈ।"

ਦਿਆਮੀਰ ਦੇ ਰਹਿਣ ਵਾਲੇ ਅਬਦੁੱਲ੍ਹਾ ਕਹਿੰਦੇ ਹਨ ਕਿ ਕੁਝ ਸਾਲ ਪਹਿਲਾਂ ਤੱਕ, ਗਿਲਗਿਤ-ਬਾਲਟਿਸਤਾਨ ਵਿੱਚ ਸੋਨਾ ਛਾਨਣ ਵਾਲੀਆਂ ਮਸ਼ੀਨਾਂ ਨਾ ਦੇ ਬਰਾਬਰ ਸਨ।

ਉਹ ਦਾਅਵਾ ਹੈ ਕਿ ਪਹਿਲਾਂ, ਅਜਿਹੀਆਂ ਮਸ਼ੀਨਾਂ ਜ਼ਿਆਦਾਤਰ ਖ਼ੈਬਰ ਪਖ਼ਤੂਨਖ਼ਵਾ ਵਿੱਚ ਕਾਬੁਲ ਨਦੀ ਅਤੇ ਪੰਜਾਬ ਵਿੱਚ ਸਿੰਧੂ ਨਦੀ ਦੇ ਨਾਲ ਸਥਿਤ ਸਨ।

"ਪਰ ਜਦੋਂ ਉੱਥੋਂ ਦੇ ਅਧਿਕਾਰੀਆਂ ਦੁਆਰਾ ਪਾਬੰਦੀਆਂ ਲਗਾਈਆਂ ਗਈਆਂ, ਤਾਂ ਇਸ ਕੰਮ ਵਿੱਚ ਸ਼ਾਮਲ ਲੋਕਾਂ ਨੇ ਗਿਲਗਿਤ-ਬਾਲਟਿਸਤਾਨ ਦਾ ਰੁਖ਼ ਕੀਤਾ। ਪਿਛਲੇ ਦਿਨੀਂ ਪੰਜਾਬ ਦੇ ਇੱਕ ਇਨਵੈਸਟਰ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਜੇਕਰ ਮੈਂ ਉਸ ਨੂੰ ਉਸ ਦੀ ਜ਼ਮੀਨ 'ਤੇ ਮਸ਼ੀਨਾਂ ਲਗਾਉਣ ਦੀ ਇਜਾਜ਼ਤ ਦੇਵਾਂ ਤਾਂ ਉਹ ਮੈਨੂੰ ਕਿਰਾਇਆ ਦੇਵੇਗਾ।"

ਉਸ ਨੇ ਸਮਝਾਇਆ, "ਆਪਣੀ ਜ਼ਮੀਨ ਕਿਰਾਏ 'ਤੇ ਦੇਣ ਦੀ ਬਜਾਏ, ਮੈਨੂੰ ਮੁਨਾਫ਼ੇ ਦੇ 40 ਫੀਸਦ ਨਾਲ ਸਾਂਝੇਦਾਰੀ ਕਰਨਾ ਵਧੇਰੇ ਲਾਭਦਾਇਕ ਲੱਗਿਆ।"

ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਵਾਂਗ ਬਹੁਤ ਸਾਰੇ ਸਥਾਨਕ ਲੋਕ ਹੁਣ ਮਸ਼ੀਨਾਂ ਵਾਲੇ ਕੰਮ ਨਾਲ ਜੁੜੇ ਹਨ ਅਤੇ ਉਹ ਜਾਂ ਤਾਂ ਕਿਰਾਏ 'ਤੇ ਲੈ ਰਹੇ ਹਨ ਜਾਂ ਬਾਹਰੀ ਲੋਕਾਂ ਨਾਲ ਸਾਂਝੇਦਾਰੀ ਵਿੱਚ ਹਨ।

ਪੰਜਾਬ ਅਤੇ ਖ਼ੈਬਰ ਪਖਤੂਨਖਵਾ ਵਿੱਚ ਸੋਨੇ ਦੀ ਖੋਜ 'ਤੇ ਪਾਬੰਦੀ

 ਸੋਨਾ

ਤਸਵੀਰ ਸਰੋਤ, Mohammad Ravan

ਤਸਵੀਰ ਕੈਪਸ਼ਨ, ਪਹਿਲਾਂ, ਹੱਥੀਂ ਸੋਨਾ ਲੱਭਣ ਨਾਲ, ਇੱਕ ਪਰਿਵਾਰ ਨੂੰ ਇੱਕ ਦਿਨ ਵਿੱਚ ਲਗਭਗ ਇੱਕ ਗ੍ਰਾਮ ਸੋਨਾ ਮਿਲਦਾ ਸੀ
ਇਹ ਵੀ ਪੜ੍ਹੋ-

ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ, ਪੰਜਾਬ ਸਰਕਾਰ ਅਤੇ ਖ਼ੈਬਰ ਪਖ਼ਤੂਨਖ਼ਵਾ ਸਰਕਾਰ ਸਿੰਧੂ ਨਦੀ 'ਤੇ ਮਸ਼ੀਨਰੀ ਦੀ ਵਰਤੋਂ ਕਰਨ ਜਾਂ ਸੋਨੇ ਦੀ ਖੋਜ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ।

ਸਰਕਾਰੀ ਰਿਕਾਰਡਾਂ ਅਨੁਸਾਰ, ਪਿਛਲੇ ਦੋ ਸਾਲਾਂ ਵਿੱਚ ਅਜਿਹੇ ਗ਼ੈਰ-ਕਾਨੂੰਨੀ ਸੋਨੇ ਦੀ ਖੋਜ ਵਿਰੁੱਧ 100 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ।

ਖ਼ੈਬਰ ਪਖ਼ਤੂਨਖ਼ਵਾ ਸਰਕਾਰ ਨੇ ਸਿੰਧੂ ਨਦੀ ਅਤੇ ਕਾਬੁਲ ਨਦੀ ਦੇ ਕੰਢਿਆਂ 'ਤੇ ਸੋਨੇ ਦੀ ਖੋਜ ਅਤੇ ਬਿਨਾਂ ਮਨਜ਼ੂਰੀ ਦੀ ਮਾਈਨਿੰਗ 'ਤੇ ਪਾਬੰਦੀ ਲਗਾਈ ਹੈ ਅਤੇ ਧਾਰਾ 144 ਵੀ ਲਗਾਈ ਹੈ।

ਇਹ ਪਾਬੰਦੀ ਸਵਾਬੀ, ਨੌਸ਼ਹਿਰਾ, ਕੋਹਾਟ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ, ਵਾਤਾਵਰਣ ਨੂੰ ਨੁਕਸਾਨ ਅਤੇ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ ਨਾਲ ਨਜਿੱਠਿਆ ਜਾ ਸਕੇ।

ਇਸ ਤੋਂ ਇਲਾਵਾ, ਸਥਾਨਕ ਪ੍ਰਸ਼ਾਸਨ ਨੂੰ ਗ਼ੈਰ-ਕਾਨੂੰਨੀ ਮਸ਼ੀਨਰੀ ਅਤੇ ਉਪਕਰਣ ਜ਼ਬਤ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।

"ਪਹਿਲਾਂ, ਜ਼ਿਆਦਾਤਰ ਇੱਕ ਗ੍ਰਾਮ ਸੋਨਾ ਮਿਲਦਾ ਸੀ, ਪਰ ਹੁਣ ਪੰਜ ਤੋਂ ਛੇ ਗ੍ਰਾਮ ਮਿਲ ਜਾਂਦਾ ਹੈ।"

ਬੀਬੀਸੀ ਨੇ ਗਿਲਗਿਤ-ਬਾਲਟਿਸਤਾਨ ਵਿੱਚ ਸੋਨੇ ਦੀ ਖੋਜ ਬਾਰੇ ਖਣਿਜ ਵਿਭਾਗ, ਚੈਂਬਰ ਆਫ਼ ਕਾਮਰਸ ਅਤੇ ਹੋਰ ਅਧਿਕਾਰੀਆਂ ਤੋਂ ਠੋਸ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਵਿਆਪਕ ਸਰਕਾਰੀ ਡੇਟਾ ਨਹੀਂ ਮਿਲ ਸਕਿਆ।

ਅਜ਼ੀਮ ਖ਼ਾਨ ਕਹਿੰਦੇ ਹਨ ਕਿ ਜਦੋਂ ਉਹ ਹੱਥੀਂ ਸੋਨੇ ਦੀ ਖੋਜ ਕਰਦੇ ਸਨ, ਤਾਂ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਦਿਨ ਵਿੱਚ ਵੱਧ ਤੋਂ ਵੱਧ ਇੱਕ ਗ੍ਰਾਮ ਸੋਨਾ ਮਿਲਦਾ ਸੀ।

"ਹੁਣ, ਮੇਰੇ ਪਰਿਵਾਰ ਦੇ ਛੇ ਤੋਂ ਸੱਤ ਲੋਕ ਮਸ਼ੀਨਾਂ 'ਤੇ ਕੰਮ ਕਰਦੇ ਹਨ ਅਤੇ ਇੱਕ ਦਿਨ ਵਿੱਚ ਛੇ ਤੋਂ ਸੱਤ ਗ੍ਰਾਮ ਸੋਨਾ ਲੱਭਦੇ ਹਨ।"

ਨੁਸਰਤ ਖ਼ਾਨ ਇੱਕ ਸਥਾਨਕ ਨਿਵਾਸੀ ਅਤੇ ਜ਼ਮੀਨ ਮਾਲਕ ਵੀ ਹਨ। ਉਹ ਦੱਸਦੇ ਹਨ ਕਿ "ਸੋਨੇਵਾਲ" ਕਬੀਲੇ ਸੋਨਾ ਤਲਾਸ਼ ਕਰਨ ਦਾ ਕੰਮ ਕਰਦੇ ਸਨ, ਪਰ ਮਸ਼ੀਨਾਂ ਆਉਣੀਆਂ ਸ਼ੁਰੂ ਹੋਈਆਂ, ਤਾਂ ਉਨ੍ਹਾਂ ਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਪੰਜਾਬ ਦੀ ਇੱਕ ਪਾਰਟੀ ਨੂੰ "ਕਿਰਾਏ 'ਤੇ" ਦੇ ਦਿੱਤਾ ਹੈ।

ਜਦੋਂ ਉਨ੍ਹਾਂ ਨੇ ਲੋਕਾਂ ਨੂੰ ਪੈਸੇ ਕਮਾਉਂਦੇ ਦੇਖਿਆ, ਤਾਂ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ, 2,400 ਪਾਕਿਸਤਾਨੀ ਰੁਪਏ ਪ੍ਰਤੀ ਘੰਟਾ ਦੇ ਹਿਸਾਬ ਨਾਲ ਇੱਕ ਮਸ਼ੀਨ ਕਿਰਾਏ 'ਤੇ ਲਈ।

ਖ਼ਤਮ ਹੋ ਰਹੀ ਹੈ ਸਦੀਆਂ ਪੁਰਾਣੀ ਪ੍ਰਥਾ

ਸੋਨੇਵਾਲ ਕਬੀਲਾ

ਤਸਵੀਰ ਸਰੋਤ, Mohammad Ravan

ਤਸਵੀਰ ਕੈਪਸ਼ਨ, ਅੰਜੁਮਨ 'ਸੋਨੇਵਾਲ ਕਬੀਲਾ' ਦਾ ਕਹਿਣਾ ਹੈ ਕਿ ਬਦਲੇ ਹੋਏ ਹਾਲਾਤਾਂ ਵਿੱਚ, ਹੱਥ ਨਾਲ ਸੋਨਾ ਕੱਢਣ ਦਾ ਸਦੀਆਂ ਪੁਰਾਣਾ ਪੇਸ਼ਾ ਮਰ ਰਿਹਾ ਹੈ

ਅੰਜੁਮਨ 'ਸੋਨੇਵਾਲ ਕਬੀਲੇ', ਜ਼ਿਲ੍ਹਾ ਦਿਆਮੀਰ ਦੇ ਮੁਖੀ ਮੁਹੰਮਦ ਰਵਾਨ ਕਹਿੰਦੇ ਹਨ ਕਿ ਇਨ੍ਹਾਂ ਹਾਲਾਤਾਂ ਵਿੱਚ ਸਦੀਆਂ ਪੁਰਾਣਾ ਪੇਸ਼ਾ (ਹੱਥੀਂ ਸੋਨਾ ਕੱਢਣ ਦਾ) ਖ਼ਤਮ ਹੋ ਰਿਹਾ ਹੈ।

"ਪਹਿਲਾਂ, ਸਾਡੇ ਇਲਾਕੇ ਵਿੱਚ ਕੋਈ ਧੂੰਆਂ ਜਾਂ ਹੰਗਾਮਾ ਨਹੀਂ ਸੀ, ਪਰ ਹੁਣ ਮਸ਼ੀਨਾਂ ਅਤੇ ਜਨਰੇਟਰਾਂ ਦਾ ਸ਼ੋਰ ਹੁੰਦਾ ਹੈ। ਵੱਡੀ ਗਿਣਤੀ ਵਿੱਚ ਲੋਕ ਆ-ਜਾ ਰਹੇ ਹਨ ਅਤੇ ਗੱਡੀਆਂ ਦੀ ਗਿਣਤੀ ਪਹਿਲਾਂ ਨਾਲੋਂ ਜ਼ਿਆਦਾ ਹੋ ਗਈ ਹੈ। ਦਿਆਮੀਰ ਅਤੇ ਚਿਲਾਸ ਦੇ ਇਲਾਕਿਆਂ ਵਿੱਚ ਇੱਕ ਨਵੀਂ ਦੁਨੀਆ ਵਸ ਰਹੀ ਹੈ, ਪਰ ਸਾਡਾ ਪੇਸ਼ਾ ਇਸ ਸ਼ੋਰ-ਸ਼ਰਾਬੇ ਵਿੱਚ ਦਮ ਤੋੜ ਰਿਹਾ ਹੈ।"

ਮੁਹੰਮਦ ਰਵਾਨ ਨੇ ਕਿਹਾ, "ਸਾਡੇ ਕੁਝ ਲੋਕਾਂ ਨੇ ਮਸ਼ੀਨਾਂ ਅਤੇ ਜ਼ਮੀਨ ਕਿਰਾਏ 'ਤੇ ਲੈ ਕੇ ਇਹ ਕੰਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਸ਼ੀਨ ਅਤੇ ਜ਼ਮੀਨ ਦਾ ਕਿਰਾਇਆ ਮਿਲਾ ਕੇ ਪੈਸੇ ਇੰਨਾ ਜ਼ਿਆਦਾ ਲੱਗ ਜਾਂਦੇ ਹਨ ਅਤੇ ਮੁਨਾਫ਼ਾ ਇੰਨਾ ਘੱਟ ਹੁੰਦਾ ਹੈ ਕਿ ਉਸ ਨਾਲ ਜ਼ਰੂਰੀ ਖ਼ਰਚੇ ਵੀ ਪੂਰੇ ਨਹੀਂ ਹੁੰਦੇ। ਇਸ ਤੋਂ ਬਾਅਦ, ਉਹ ਦੁਬਾਰਾ ਦਿਹਾੜੀ ਦੀ ਭਾਲ ਵਿੱਚ ਲੱਗ ਜਾਂਦੇ ਹਨ।"

ਉਨ੍ਹਾਂ ਅੱਗੇ ਕਿਹਾ, "ਅਸੀਂ ਸਰਕਾਰ ਤੋਂ ਕਈ ਵਾਰ ਗੁਜਾਰਿਸ਼ ਕੀਤੀ ਹੈ ਕਿ ਅਸੀਂ ਈਕੋ-ਫ੍ਰੈਂਡਲੀ ਤਰੀਕੇ ਨਾਲ ਪਾਣੀ, ਰੇਤ ਅਤੇ ਮਿੱਟੀ ਤੋਂ ਰੁਜ਼ਗਾਰ ਤਲਾਸ਼ ਕਰਦੇ ਹਨ। ਸਾਨੂੰ ਇਸ ਦਾ ਮੌਕਾ ਦਿੱਤਾ ਜਾਵੇ ਅਤੇ ਸਾਡੇ ਲਈ ਕੋਈ ਅਜਿਹਾ ਸਿਸਟਮ ਬਣਾਇਆ ਜਾਵੇ ਜਿਸ ਨਾਲ ਨਾ ਸਿਰਫ ਇਹ ਸਦੀਆਂ ਪੁਰਾਣਾ ਪੇਸ਼ਾ ਅਤੇ ਹੁਨਰ ਜ਼ਿੰਦਾ ਰਹੇ, ਬਲਕਿ ਉਨ੍ਹਾਂ 2300 ਪਰਿਵਾਰਾਂ ਦਾ ਰੁਜ਼ਗਾਰ ਵੀ ਚੱਲਦਾ ਰਹੇ ਜੋ ਇਤਿਹਾਸਕ ਤੌਰ ਉੱਤੇ ਇਸ ਕੰਮ ਨਾਲ ਜੁੜੇ ਹਨ। ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਹੈ।"

ਪਾਕਿਸਤਾਨ

ਕੋਮਸੇਟਸ ਯੂਨੀਵਰਸਿਟੀ, ਐਬਟਾਬਾਦ ਕੈਂਪਸ ਵਿੱਚ ਵਾਤਾਵਰਣ ਵਿਭਾਗ ਦੇ ਮੁਖੀ ਡਾ. ਫਰੀਦੁੱਲ੍ਹਾ ਕਹਿੰਦੇ ਹਨ ਕਿ ਗਿਲਗਿਤ-ਬਾਲਟਿਸਤਾਨ ਵਿੱਚ ਸਿੰਧੂ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੰਢਿਆਂ 'ਤੇ ਸੋਨਾ ਕੱਢਣ ਦਾ ਤਰੀਕਾ ਸਦੀਆਂ ਪੁਰਾਣਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ ਨਦੀ ਦੇ ਤਲ ਤੋਂ ਰੇਤ, ਬੱਜਰੀ ਅਤੇ ਪੱਥਰ ਇਕੱਠਾ ਕਰ ਕੇ ਉਨ੍ਹਾਂ ਨੇ ਪਾਣੀ ਵਿੱਚ ਪਲੇਟ (ਪੈਨ), ਛਾਨਣ ਵਾਲੇ ਜਾਲ, ਟੱਬਾਂ ਅਤੇ ਛੋਟੇ ਬੇਲਚਿਆਂ ਦੀ ਮਦਦ ਨਾਲ ਧੋਤਾ ਜਾਂਦਾ ਹੈ।

ਇਸ ਤਰ੍ਹਾਂ, ਹਲਕੀ ਮਿੱਟੀ ਧੋਤੀ ਜਾਂਦੀ ਹੈ, ਜਿਸ ਨਾਲ ਸੋਨੇ ਦੇ ਭਾਰੀ ਪਰ ਬਾਰੀਕ ਕਣ ਤਲ 'ਤੇ ਰਹਿ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਿਰਿਆ ਨਾਲ ਵਾਤਾਵਰਣ ਨੂੰ ਘੱਟ ਨੁਕਸਾਨ ਹੁੰਦਾ ਹੈ।

ਡਾ. ਫਰੀਦੁੱਲ੍ਹਾ ਦਾ ਕਹਿਣਾ ਸੀ ਕਿ ਇਹ ਕੰਮ ਹੁਣ ਮਸ਼ੀਨਾਂ ਰਾਹੀਂ ਹੋ ਰਿਹਾ ਹੈ ਅਤੇ ਇਸ ਲਈ ਭਾਰੀ ਮਸ਼ੀਨਰੀ ਜਿਵੇਂ ਕਿ ਖੁਦਾਈ ਕਰਨ ਵਾਲੀ ਮਸ਼ੀਨ (ਐਕਸਕੇਵੇਟਰ), ਪਾਣੀ ਦੇ ਪੰਪ ਅਤੇ ਛਾਨਣ ਵਾਲੀ ਇੰਡਸਟਰੀਅਲ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਥੋੜ੍ਹੇ ਸਮੇਂ ਵਿੱਚ ਵੱਡੀ ਮਾਤਰਾ ਵਿੱਚ ਰੇਤ ਅਤੇ ਮਿੱਟੀ ਨੂੰ ਸਾਫ਼ ਕਰਨ ਅਤੇ ਹੋਰ ਸੋਨਾ ਕੱਢਣ ਵਿੱਚ ਮਦਦ ਕਰ ਸਕਦੇ ਹਨ।

ਮਸ਼ੀਨਾਂ ਕਰਕੇ ਪ੍ਰਦੂਸ਼ਣ ਬਣਿਆ ਵੱਡੀ ਸਮੱਸਿਆ

ਨਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਰਿਆਵਾਂ ਵਿੱਚ ਖੁਦਾਈ ਕਾਰਨ ਹਵਾ ਅਤੇ ਸ਼ੋਰ ਪ੍ਰਦੂਸ਼ਣ ਵੱਧ ਰਿਹਾ ਹੈ ਅਤੇ ਮਾਹਿਰ ਇਸ ਬਾਰੇ ਚਿੰਤਤ ਹਨ

ਗਿਲਗਿਤ-ਬਾਲਟਿਸਤਾਨ ਖਣਿਜ ਅਤੇ ਖਾਣਾਂ ਦੇ ਡਾਇਰੈਕਟਰ ਅਹਿਮਦ ਖ਼ਾਨ ਦੇ ਅਨੁਸਾਰ, ਦਿਆਮੀਰ ਜ਼ਿਲ੍ਹੇ ਵਿੱਚ ਜ਼ਿਆਦਾਤਰ ਮਸ਼ੀਨਾਂ ਭਾਸ਼ਾ ਡੈਮ ਭੰਡਾਰ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਲੱਗੀਆਂ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਵਿੱਚੋਂ ਕਈ ਮਸ਼ੀਨਾਂ ਗ਼ੈਰ-ਕਾਨੂੰਨੀ ਹਨ ਅਤੇ ਜਿਨ੍ਹਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ, ਜਦੋਂ ਕਿ ਗ਼ੈਰ-ਕਾਨੂੰਨੀ ਗਤੀਵਿਧੀਆਂ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ ਗਈ ਹੈ।

ਅਹਿਮਦ ਖ਼ਾਨ ਦੇ ਅਨੁਸਾਰ, ਸਿੰਧੂ ਨਦੀ 'ਤੇ ਮਾਈਨਿੰਗ ਕਰਨ ਵਾਲਿਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਗਿਲਗਿਤ-ਬਾਲਟਿਸਤਾਨ ਖਣਿਜ ਅਤੇ ਖਾਣਾਂ ਦੇ ਪੋਰਟਲ 'ਤੇ ਅਰਜ਼ੀਆਂ ਜਮ੍ਹਾਂ ਕਰਨ, ਤਾਂ ਜੋ ਉਨ੍ਹਾਂ ਨੂੰ ਪੜਾਅਵਾਰ ਕਾਨੂੰਨੀ ਮਾਨਤਾ ਦਿੱਤੀ ਜਾ ਸਕੇ।

ਗੌਰਤਲਬ ਹੈ ਕਿ ਗਿਲਗਿਤ-ਬਾਲਟਿਸਤਾਨ ਵਿੱਚ, ਸਿੰਧੂ ਨਦੀ ਤੋਂ ਸੋਨਾ ਕੱਢਣ ਲਈ ਕੋਈ ਵੱਖਰੇ ਕਾਨੂੰਨ ਨਹੀਂ ਹਨ, ਬਲਕਿ ਉਨ੍ਹਾਂ ਨੇ ਇਸ ਖੇਤਰ ਵਿੱਚ ਮਾਈਨਿੰਗ ਲਈ ਪੇਸ਼ ਕੀਤੇ ਗਏ ਕਾਨੂੰਨਾਂ, ਗਿਲਗਿਤ-ਬਾਲਟਿਸਤਾਨ ਮਾਈਨਿੰਗ ਨਿਯਮ 2016 ਅਤੇ 2024 ਵਿੱਚ ਕੀਤੇ ਗਏ ਸੋਧਾਂ ਦੁਆਰਾ ਨਿਯੰਤਰਿਤ ਹਨ।

ਦੂਜੇ ਪਾਸੇ, ਹੁਣ ਖ਼ੈਬਰ ਪਖਤੂਨਖਵਾ ਅਤੇ ਪੰਜਾਬ ਵਿੱਚ ਇਸ ਦੇ ਲਈ ਹੁਣ ਕਾਨੂੰਨ ਬਣਾਏ ਗਏ ਹਨ ਅਤੇ ਉਨ੍ਹਾਂ ਦੇ ਤਹਿਤ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ।

ਡਾ. ਫਰੀਦੁੱਲ੍ਹਾ ਕਹਿੰਦੇ ਹਨ ਕਿ ਮਸ਼ੀਨਾਂ ਰਾਹੀਂ ਸੋਨਾ ਕੱਢਣ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਜਨਰੇਟਰ, ਐਕਸਕੇਵੇਟਰ ਅਤੇ ਇੰਡਸਟ੍ਰੀਅਲ ਪੰਪ ਇਸਤੇਮਾਲ ਹੁੰਦੇ ਹਨ ਅਤੇ ਇਨ੍ਹਾਂ ਸਾਰੀਆਂ ਮਸ਼ੀਨਾਂ ਤੋਂ ਨਿਕਲਣ ਵਾਲਾ ਧੂੰਏ ਵਿੱਚ ਕਾਰਬਨ ਡਾਈਆਕਸਾਈਡ, ਸਲਫਰ ਅਤੇ ਬਾਰੀਕ ਕਣ ਹੁੰਦੇ ਹਨ।

ਜਦੋਂ ਇਹ ਬਰੀਕ ਕਣ ਹਵਾ ਵਿੱਚ ਫੈਲਦੇ ਹਨ, ਤਾਂ ਇਹ ਸਾਹ ਦੀਆਂ ਬਿਮਾਰੀਆਂ, ਅੱਖਾਂ ਵਿੱਚ ਜਲਣ ਅਤੇ ਛਾਤੀ ਦੀਆਂ ਸਮੱਸਿਆਵਾਂ ਦਾ ਕਾਰਨ ਬਣਦੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਸਭ ਤੋਂ ਖ਼ਤਰਨਾਕ ਗੱਲ ਇਹ ਲੱਗਦੀ ਹੈ ਕਿ ਜਦੋਂ ਬਲੈਕ ਕਾਰਬਨ ਹਵਾ ਰਾਹੀਂ ਇਨ੍ਹਾਂ ਖੇਤਰਾਂ ਦੇ ਗਲੇਸ਼ੀਅਰਾਂ ਤੱਕ ਪਹੁੰਚਦਾ ਹੈ, ਤਾਂ ਇਸ ਕਾਰਨ ਗਲੇਸ਼ੀਅਰ ਸੂਰਜ ਦੀ ਗਰਮੀ ਜ਼ਿਆਦਾ ਸੋਖਦਾ ਹੈ ਅਤੇ ਇਸ ਦੇ ਨਤੀਜੇ ਵਜੋਂ ਉਨ੍ਹਾਂ ਦੇ ਪਿਘਲਣ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ।

ਉਨ੍ਹਾਂ ਕਿਹਾ ਕਿ ਕਿਉਂਕਿ ਹੱਥਾਂ ਨਾਲ ਸੋਨਾ ਕੱਢਣ ਦੇ ਰਵਾਇਤੀ ਤਰੀਕੇ ਵਿੱਚ ਜਨਰੇਟਰ ਜਾਂ ਭਾਰੀ ਮਸ਼ੀਨਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਲਈ ਹਵਾ ਪ੍ਰਦੂਸ਼ਣ ਲਗਭਗ ਕੋਈ ਨਹੀਂ ਹੁੰਦਾ।

ਹੱਥ ਨਾਲ ਸੋਨਾ ਕੱਢਣਾ

ਸੋਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਸ਼ੀਨਰੀ ਨਾਲ ਮਾਈਨਿੰਗ ਵਧੇਰੇ ਲਾਭਦਾਇਕ ਹੈ, ਪਰ ਇਹ ਹਵਾ, ਪਾਣੀ, ਜ਼ਮੀਨ ਅਤੇ ਗਲੇਸ਼ੀਅਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ

ਡਾਕਟਰ ਫਰੀਦੁੱਲ੍ਹਾ ਦਾ ਕਹਿਣਾ ਸੀ ਕਿ ਮਸ਼ੀਨਰੀ ਰਾਹੀਂ ਮਾਈਨਿੰਗ ਦੌਰਾਨ ਜਨਰੇਟਰ, ਕਰਸ਼ਿੰਗ ਮਸ਼ੀਨਾਂ ਅਤੇ ਭਾਰੀ ਵਾਹਨ ਲਗਾਤਾਰ ਉੱਚੀ ਅਵਾਜ਼ ਪੈਦਾ ਕਰਦੇ ਹਨ।

ਇਹ ਸ਼ੋਰ ਨਾ ਸਿਰਫ਼ ਇਨਸਾਨਾਂ ਲਈ ਮਾਨਸਿਕ ਤਣਾਅ, ਨੀਂਦ ਦੀ ਕਮੀ ਅਤੇ ਸੁਣਨ ਸ਼ਕਤੀ ਨਾਲ ਜੁੜੀਆਂ ਸਮੱਸਿਆਵਾਂ ਦਾ ਕਾਰਨ ਬਣਦਾ ਹੈ, ਸਗੋਂ ਇਨ੍ਹਾਂ ਇਲਾਕਿਆਂ ਵਿੱਚ ਜੰਗਲੀ ਜੀਵਨ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਉਨ੍ਹਾਂ ਨੇ ਕਿਹਾ, "ਪਹਾੜੀ ਇਲਾਕਿਆਂ ਵਿੱਚ ਇਹ ਸ਼ੋਰ ਦੂਰ ਤੱਕ ਸੁਣਾਈ ਦਿੰਦਾ ਹੈ ਅਤੇ ਇਸ ਨਾਲ ਸ਼ਾਂਤ ਘਾਟੀਆਂ ਦਾ ਕੁਦਰਤੀ ਸਕੂਨ ਖ਼ਤਮ ਹੋ ਜਾਂਦਾ ਹੈ। ਇਸਦੇ ਉਲਟ, ਹੱਥ ਨਾਲ ਸੋਨਾ ਲੱਭਣ ਵਿੱਚ ਰੌਲਾ ਬਹੁਤ ਘੱਟ ਹੁੰਦਾ ਹੈ ਅਤੇ ਮਾਹੌਲ ਜ਼ਿਆਦਾ ਸ਼ਾਂਤ ਅਤੇ ਕੁਦਰਤੀ ਰਹਿੰਦਾ ਹੈ।"

ਡਾਕਟਰ ਨੁਸਰਤ ਅਹਿਸਾਨ ਲਾਹੌਰ ਬਿਜ਼ਨਸ ਸਕੂਲ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ ਅਤੇ ਇੱਕ ਵਾਤਾਵਰਣ ਸਬੰਧੀ ਸਲਾਹਕਾਰ ਵੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮਸ਼ੀਨਾਂ ਰਾਹੀਂ ਦਰਿਆ ਦੀ ਰੇਤ ਅਤੇ ਮਿੱਟੀ ਪੱਟੀ ਜਾਂਦੀ ਹੈ, ਜਿਸ ਨਾਲ ਪਾਣੀ ਗੰਧਲਾ ਹੋ ਜਾਂਦਾ ਹੈ ਅਤੇ ਇਸ "ਮਿੱਟੀ ਮਿਲੇ ਪਾਣੀ ਵਿੱਚ ਮੱਛੀਆਂ ਅਤੇ ਹੋਰ ਜਲਜੀਵ ਜਿਉਂਦੇ ਨਹੀਂ ਰਹਿ ਸਕਦੇ। ਉਨ੍ਹਾਂ ਦੇ ਆਂਡੇ ਨਸ਼ਟ ਹੋ ਜਾਂਦੇ ਹਨ ਅਤੇ ਜਲ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਕਈ ਵਾਰ ਮਸ਼ੀਨਾਂ ਤੋਂ ਡੀਜ਼ਲ ਅਤੇ ਤੇਲ ਦੇ ਰਿਸਾਅ ਨਾਲ ਪਾਣੀ ਹੋਰ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ।"

ਉਨ੍ਹਾਂ ਨੇ ਦੱਸਿਆ, "ਮਸ਼ੀਨਰੀ ਦੀ ਵਰਤੋਂ ਨਾਲ ਦਰਿਆ ਦੇ ਕੰਢੇ ਕਟਾਅ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜ਼ਮੀਨ ਧੱਸ ਜਾਂਦੀ ਹੈ। ਜੇ ਇਹੀ ਹਾਲਤ ਲੰਬੇ ਸਮੇਂ ਤੱਕ ਬਣੇ ਰਹੇ ਤਾਂ ਦਰਿਆ ਆਪਣਾ ਕੁਦਰਤੀ ਰਾਹ ਵੀ ਬਦਲ ਸਕਦਾ ਹੈ ਅਤੇ ਹੜ੍ਹਾਂ ਦਾ ਖ਼ਤਰਾ ਵੱਧ ਜਾਂਦਾ ਹੈ।"

ਡਾਕਟਰ ਫਰੀਦੁੱਲ੍ਹਾ ਅਤੇ ਡਾਕਟਰ ਨੁਸਰਤ ਅਹਿਸਾਨ ਦੋਵੇਂ ਇਸ ਗੱਲ ਨਾਲ ਸਹਿਮਤ ਹਨ ਕਿ ਹੱਥ ਨਾਲ ਸੋਨਾ ਕੱਢਣ ਦਾ ਤਰੀਕਾ ਵਾਤਾਵਰਣ ਲਈ ਅਨੁਕੂਲ ਸੀ, ਕਿਉਂਕਿ ਇਸ ਵਿੱਚ "ਨਾ ਤਾਂ ਹਵਾ ਪ੍ਰਦੂਸ਼ਿਤ ਹੁੰਦੀ ਸੀ, ਨਾ ਸ਼ੋਰ ਹੁੰਦਾ ਸੀ ਅਤੇ ਨਾ ਹੀ ਗਲੇਸ਼ੀਅਰਾਂ 'ਤੇ ਮਾੜਾ ਅਸਰ ਪੈਣ ਦਾ ਡਰ ਹੁੰਦਾ ਸੀ। ਇਸਦੇ ਉਲਟ, ਮਸ਼ੀਨਰੀ ਨਾਲ ਮਾਈਨਿੰਗ ਭਾਵੇਂ ਜ਼ਿਆਦਾ ਸੋਨਾ ਅਤੇ ਵੱਧ ਮੁਨਾਫ਼ਾ ਦਿੰਦੀ ਹੈ, ਪਰ ਇਸ ਦੇ ਨਤੀਜੇ ਵਜੋਂ ਹਵਾ, ਪਾਣੀ, ਜ਼ਮੀਨ ਅਤੇ ਗਲੇਸ਼ੀਅਰ, ਸਭ ਪ੍ਰਭਾਵਿਤ ਹੋ ਰਹੇ ਹਨ।"

ਲੰਬੇ ਤੱਕ ਰਹਿਣ ਵਾਲੇ ਨੁਕਸਾਨ ਦਾ ਡਰ

ਮਸ਼ੀਨਾਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਸ਼ੀਨਰੀ ਦੀ ਅੰਨ੍ਹੇਵਾਹ ਵਰਤੋਂ ਨਾਲ ਸਿੰਧੂ ਨਦੀ ਅਤੇ ਇਸ ਨਾਲ ਜੁੜੇ ਗਲੇਸ਼ੀਅਰਾਂ ਨੂੰ ਲੰਬੇ ਸਮੇਂ ਲਈ ਨੁਕਸਾਨ ਹੋਣ ਦਾ ਡਰ ਹੈ

ਇਨ੍ਹਾਂ ਮਾਹਿਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਜੇ ਇਸ ਕੰਮ ਲਈ ਮਸ਼ੀਨਾਂ ਦੀ ਵਰਤੋਂ ਲਾਜ਼ਮੀ ਹੈ ਤਾਂ ਇਸ ਲਈ ਸਖ਼ਤ ਵਾਤਾਵਰਣ ਕਾਨੂੰਨ, ਨਿਗਰਾਨੀ ਅਤੇ ਵਾਤਾਵਰਣ ਦੇ ਅਨੁਕੂਲ ਤਰੀਕੇ ਅਪਣਾਉਣੇ ਬਹੁਤ ਜ਼ਰੂਰੀ ਹਨ, "ਨਹੀਂ ਤਾਂ ਸਿੰਧੂ ਦਰਿਆ ਅਤੇ ਇਸ ਨਾਲ ਜੁੜੇ ਗਲੇਸ਼ੀਅਰਾਂ ਨੂੰ ਲੰਬੇ ਸਮੇਂ ਲਈ ਨੁਕਸਾਨ ਪਹੁੰਚ ਸਕਦਾ ਹੈ।"

ਗਿਲਗਿਤ-ਬਲਤਿਸਤਾਨ ਦੇ ਵਾਤਾਵਰਣ ਵਿਭਾਗ ਅਤੇ ਖਣਿਜ ਵਿਭਾਗ ਮੁਤਾਬਕ, ਫਿਲਹਾਲ ਉਨ੍ਹਾਂ ਕੋਲ ਸੋਨੇ ਦੀ ਮਾਈਨਿੰਗ ਕਰਨ ਵਾਲਿਆਂ ਦੀ ਗਿਣਤੀ ਬਾਰੇ ਸਹੀ ਅੰਕੜੇ ਮੌਜੂਦ ਨਹੀਂ ਹਨ।

ਹਾਲਾਂਕਿ, ਇਸ ਸਮੇਂ ਦੋਵੇਂ ਵਿਭਾਗ ਸਰਗਰਮ ਹਨ ਅਤੇ ਗੈਰਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

ਗਿਲਗਿਤ-ਬਲਤਿਸਤਾਨ ਵਾਤਾਵਰਣ ਵਿਭਾਗ ਦੇ ਖ਼ਾਦਿਮ ਹੁਸੈਨ ਕਹਿੰਦੇ ਹਨ ਕਿ ਪਹਿਲਾਂ ਲੋਕ ਹੱਥਾਂ ਨਾਲ ਸੋਨਾ ਲੱਭਦੇ ਸਨ ਅਤੇ ਇਸ ਦੌਰਾਨ ਪਾਰਾ ਵਰਤਿਆ ਜਾਂਦਾ ਸੀ, ਜੋ ਕਾਫ਼ੀ ਨੁਕਸਾਨਦਾਇਕ ਸੀ। ਪਰ "ਹੁਣ ਇਹ ਕੰਮ ਵਪਾਰਕ ਪੱਧਰ 'ਤੇ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਇਲਾਕਿਆਂ ਵਿੱਚ ਹੋ ਰਿਹਾ ਹੈ ਜਿੱਥੇ ਲੰਘੇ ਦਿਨਾਂ ਵਿੱਚ ਹੜ੍ਹ ਆਏ ਸਨ।"

ਹਾਲਾਂਕਿ, ਮੁਹੰਮਦ ਰੱਵਾਨ ਇਸ ਦਾਅਵੇ ਨੂੰ ਖ਼ਾਰਜ ਕਰਦੇ ਹਨ ਕਿ ਹੱਥ ਨਾਲ ਸੋਨਾ ਲੱਭਣ ਵਾਲੇ ਪਾਰਾ ਵਰਤਦੇ ਹਨ।

ਖ਼ਾਦਿਮ ਹੁਸੈਨ ਦਾ ਕਹਿਣਾ ਸੀ ਕਿ ਪੈਟਰੋਲ ਅਤੇ ਡੀਜ਼ਲ ਨਾਲ ਦਰਿਆ ਨੂੰ ਪ੍ਰਦੂਸ਼ਿਤ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਪਾਰੇ ਦੀ ਵਰਤੋਂ 'ਤੇ ਪਾਬੰਦੀ ਹੈ।

ਅਹਿਮਦ ਖ਼ਾਨ ਦਾ ਕਹਿਣਾ ਸੀ ਕਿ ਸੋਨੇ ਦੀ ਮਾਈਨਿੰਗ ਨਾਲ ਜੁੜੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)