ਪੰਮੀ ਬਾਈ ਨੇ ਦੱਸਿਆ ਕਿਵੇਂ ਪੰਜਾਬੀ ਲੋਕ ਨਾਚ ਭੰਗੜੇ ਦੇ ਮੂਲ ਰੂਪ ਨੂੰ ਸਾਂਭਿਆ ਜਾ ਸਕਦਾ ਹੈ

ਪੰਮੀ ਬਾਈ

ਤਸਵੀਰ ਸਰੋਤ, FB/Pammi Bai

ਤਸਵੀਰ ਕੈਪਸ਼ਨ, ਇੱਕ ਸਟੇਜ ਸ਼ੋਅ ਦੌਰਾਨ ਪੇਸ਼ਕਾਰੀ ਦਿੰਦੇ ਪੰਮੀ ਬਾਈ
    • ਲੇਖਕ, ਸੁਮਨਦੀਪ ਕੌਰ
    • ਰੋਲ, ਬੀਬੀਸੀ ਪੱਤਰਕਾਰ

ਜਦੋਂ ਤੁਸੀਂ ਕਿਸੇ ਫਨਕਾਰ ਨਾਲ ਗੱਲ ਕਰਦੇ ਹੋ ਤਾਂ ਉਸ ਦੀਆਂ ਗੱਲਾਂ 'ਚੋਂ ਉਸ ਦੀ ਸ਼ਖ਼ਸੀਅਤ ਦਾ ਸਹਿਜੇ ਹੀ ਝਲਕਾਰਾ ਵੀ ਮਿਲ ਜਾਂਦਾ ਹੈ, ਜੋ ਸਾਨੂੰ ਪੰਮੀ ਬਾਈ ਨਾਲ ਗੱਲ ਕਰਦਿਆਂ ਮਿਲਦਾ ਵੀ ਰਿਹਾ।

ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਇੱਕ ਸਹਿਜਤਾ ਅਤੇ ਠਰੰਮਾ ਵੀ ਝਲਕਦਾ ਹੈ।

ਗੱਲਬਾਤ ਦੀ ਸ਼ੁਰੂਆਤ ਹੋਈ ਪਰਮਜੀਤ ਸਿੰਘ ਸਿੱਧੂ ਤੋਂ ਪੰਮੀ ਬਾਈ ਬਣਨ ਤੱਕ ਦੇ ਸਫ਼ਰ ਦੀ ਤਾਂ ਪੰਮੀ ਬਾਈ ਹੱਸ ਕੇ ਆਖਦੇ ਹਨ, ‘'ਇਹ ਤਾਂ ਲੋਕਾਂ ਦਾ ਪਿਆਰ ਹੈ, ਮੈਨੂੰ ਤਾਂ ਆਪ ਨਹੀਂ ਪਤਾ ਲੱਗਾ।'’

ਉਹ ਦੱਸਦੇ ਹਨ, "ਇਹ ਨਾਮ ਮੈਨੂੰ ਲੋਕਾਂ ਅਤੇ ਮੇਰੇ ਦੋਸਤਾਂ ਨੇ ਦਿੱਤਾ। ਮੇਰੇ ਮਾਤਾ-ਪਿਤਾ ਅਤੇ ਬਾਕੀ ਪਰਿਵਾਰ ਸਾਰੇ ਮੈਨੂੰ ਪੰਮੀ ਕਹਿੰਦੇ ਸਨ। ਪਰ ਪੰਮੀ ਬਾਈ ਕਦੋਂ ਬਣਿਆ ਇਹ ਮੈਨੂੰ ਵੀ ਪਤਾ ਨਹੀਂ ਲੱਗਾ। ਮੇਰਾ ਆਪਣਾ ਨਾਮ ਪਰਮਜੀਤ ਸਿੰਘ ਸਿੱਧੂ ਤਾਂ ਕਿਤੇ ਪਿੱਛੇ ਚਲਾ ਗਿਆ।"

"ਜਦੋਂ ਮੈਂ ਯੂਨੀਵਰਸਿਟੀ ਵਿੱਚ ਭੰਗੜਾ ਸਿਖਾਉਣ ਲੱਗਾ ਤਾਂ ਉੱਥੇ ਮੁੰਡੇ ਮੇਰੇ ਨਾਲੋਂ ਥੋੜ੍ਹੇ ਛੋਟੀ ਉਮਰ ਦੇ ਸੀ ਤੇ ਮੈਨੂੰ ਸਰ-ਸਰ ਆਖਦੇ ਸੀ। ਮੈਂ ਉਨ੍ਹਾਂ ਕਿਹਾ ਕਿ ਤੁਸੀਂ ਮੇਰਾ ਨਾਮ ਲੈ ਲਿਆ ਕਰੋ, ਤਾਂ ਉਹ ਕਹਿੰਦੇ ਕਿ ਅਸੀਂ ਨਾਮ ਤਾਂ ਨਹੀਂ ਲੈਣਾ, ਅਸੀਂ ਬਾਈ ਜੀ ਕਹਿਣਾ।"

"ਬਸ, ਉਦੋਂ ਤੋਂ ਹੀ ਬਾਈ ਜੀ ਕੁਝ ਇਸ ਤਰ੍ਹਾਂ ਜੁੜਿਆ ਕਿ ਪੂਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਨੂੰ ਮੇਰਾ ਅਸਲ ਨਾਮ ਤਾਂ ਸ਼ਾਇਦ ਹੀ ਪਤਾ ਹੋਵੇ ਪਰ ਲੋਕਾਂ ਦਾ ਦਿੱਤਾ ਨਾਮ 'ਪੰਮੀ ਬਾਈ' ਪੂਰਾ ਮਕਬੂਲ ਹੋ ਗਿਆ।"

"ਸਾਡੇ ਮਾਲਵਾ ਖੇਤਰ ਵਿੱਚ 'ਬਾਈ' ਸ਼ਬਦ ਬਹੁਤ ਸਤਿਕਾਰਯੋਗ ਬੰਦਿਆਂ ਲਈ ਵਰਤਿਆ ਜਾਂਦਾ ਹੈ ਜਾਂ ਫਿਰ ਜਿਨ੍ਹਾਂ ਦੀ ਉਹ ਇੱਜ਼ਤ ਬਹੁਤ ਕਰਦੇ ਹੋਣ ਜਾਂ ਜਿਨ੍ਹਾਂ ਨਾਲ ਪਿਆਰ-ਮੁਹੱਬਤ ਕਰਦੇ ਹੋਣ, ਉਨ੍ਹਾਂ ਨੂੰ ਸੰਬੋਧਨ ਕਰਦੇ ਹਨ।"

ਮਾਂ ਤੋਂ ਮਿਲੀ ਗਾਇਕੀ ਦੀ ਗੁੜ੍ਹਤੀ

ਪੰਮੀ ਬਾਈ

ਤਸਵੀਰ ਸਰੋਤ, Fb/pammi bai

ਤਸਵੀਰ ਕੈਪਸ਼ਨ, ਆਪਣੇ ਮਾਪਿਆਂ ਨਾਲ ਪੰਮੀ ਬਾਈ

ਪੰਮੀ ਬਾਈ ਦਾ ਜਨਮ 9 ਨਵੰਬਰ, 1965 ਵਿੱਚ ਜ਼ਿਲ੍ਹਾ ਸੰਗਰੂਰ ਦੇ ਪਿੰਡ ਜਖ਼ੇਪੁਰ ਵਿੱਚ ਹੋਇਆ ਸੀ। ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਪ੍ਰਤਾਪ ਸਿੰਘ ਬਾਗ਼ੀ ਆਜ਼ਾਦੀ ਘੁਲਾਟੀਏ ਅਤੇ ਸਿਆਸਤਦਾਨ ਸਨ ਅਤੇ ਉਨ੍ਹਾਂ ਨੇ ਚੋਣਾਂ ਵੀ ਲੜੀਆਂ ਸਨ।

ਉਨ੍ਹਾਂ ਦੀ ਮਾਤਾ ਦਾ ਨਾਮ ਸਤਵੰਤ ਕੌਰ ਹੈ ਜੋ ਕਿ ਇੱਕ ਗ੍ਰਹਿਣੀ ਸਨ। ਪੰਮੀ ਬਾਈ ਦੋ ਭੈਣਾਂ ਦੇ ਛੋਟੇ ਭਰਾ ਹਨ।

ਉਨ੍ਹਾਂ ਦੀ ਤਾਲੀਮ ਬਾਰੇ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਦੋਹਰੀ ਐੱਮਏ ਕੀਤੀ ਹੋਈ ਹੈ ਅਤੇ ਇਸ ਤੋਂ ਇਲਾਵਾ ਐੱਲਐੱਲਬੀ ਵੀ ਕੀਤੀ ਹੋਈ, ਪਬਲਿਕ ਰਿਲੇਸ਼ਨ ਵਿੱਚ ਡਿਪਲੋਮਾ ਵੀ ਕੀਤਾ ਹੋਇਆ ਹੈ।

ਪੰਮੀ ਬਾਈ ਨੇ ਕੁਝ ਸਮਾਂ ਵਕਾਲਤ ਦੀ ਪ੍ਰੈਕਟਿਸ ਵੀ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਜ਼ੋਨਲ ਕਲਚਰਲ ਸੈਕਟਰ ਦੇ ਵਿੱਚ ਵੀ ਕੰਮ ਕੀਤਾ ਹੈ। ਉੱਥੇ ਉਨ੍ਹਾਂ ਦਾ ਅਹੁਦਾ ਪ੍ਰੋਗਰਾਮ ਡਾਇਰੈਕਟਰ ਦਾ ਹੁੰਦਾ ਸੀ।

ਉਹ ਅੱਗੇ ਕਹਿੰਦੇ ਹਨ, "ਇਸ ਤੋਂ ਬਾਅਦ ਸਾਰਾ ਕੁਝ ਛੱਡ-ਛੱਡਾ ਕਿ ਫਿਰ ਮੈਂ ਫ੍ਰੀਲਾਂਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋ ਅਜੇ ਤੱਕ ਚੱਲਦਾ ਆ ਰਿਹਾ ਹੈ। ਗੀਤਾਂ ਤੇ ਫ਼ਿਲਮਾਂ ਦਾ ਸਫ਼ਰ ਨਿਰੰਤਰ ਜਾਰੀ ਹੈ।"

ਪੰਮੀ ਬਾਈ ਦਾ ਬਚਪਨ ਤੋਂ ਹੀ ਭੰਗੜੇ ਵੱਲ ਝੁਕਾਅ ਹੋ ਗਿਆ ਸੀ ਅਤੇ ਇਸ ਦੇ ਨਾਲ ਹੀ ਸਕੂਲ ਟਾਈਮ ਤੋਂ ਹੀ ਗਾਉਂਦੇ ਹੁੰਦੇ ਸੀ।

ਉਹ ਆਖਦੇ ਹਨ, "ਮੈਨੂੰ ਗਾਇਕੀ ਦੀ ਗੁੜ੍ਹਤੀ ਮੇਰੀ ਮਾਂ ਕੋਲੋਂ ਮਿਲੀ ਹੈ। ਮੇਰਾ ਮਾਤਾ ਜਿਸ ਸਕੂਲ ਵਿੱਚ ਪੜ੍ਹੇ ਸਨ ਉੱਥੇ ਉਨ੍ਹਾਂ ਨੂੰ ਗੁਰਬਾਣੀ ਗਾਇਨ ਕਰਵਾਉਂਦੇ ਸਨ ਅਤੇ ਮੇਰੇ ਪਿਤਾ ਜੀ ਆਜ਼ਾਦੀ ਘੁਲਾਟੀਏ ਸਨ।"

"ਗਾਇਕੀ ਦੀ ਗੁੜ੍ਹਤੀ ਮੈਨੂੰ ਮੇਰੀ ਮਾਂ ਕੋਲੋਂ ਤੇ ਆਤਮ-ਵਿਸ਼ਵਾਸ਼ ਮੈਨੂੰ ਮੇਰੇ ਪਿਤਾ ਜੀ ਕੋਲੋਂ ਮਿਲਿਆ। ਮੇਰੇ ਘਰ ਹਰਮੋਨੀਅਮ ਹੁੰਦਾ ਸੀ ਅਤੇ ਮੇਰੇ ਮਾਤਾ ਸ਼ਬਦ ਗਾਇਨ ਕਰਦੇ ਹੁੰਦੇ ਸਨ। ਮੈਂ ਸਕੂਲ ਵਿੱਚ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਸੀ।"

'ਮੈਂ ਲੋਕਾਂ ਦਾ ਕਲਾਕਾਰ ਹਾਂ'

ਪੰਮੀ ਬਾਈ

ਤਸਵੀਰ ਸਰੋਤ, fb/pammi bai

ਤਸਵੀਰ ਕੈਪਸ਼ਨ, ਪੰਮੀ ਬਾਈ ਪੁਰਾਣੇ ਪੰਜਾਬੀ ਸੱਭਿਆਚਾਰ ਅਤੇ ਮਾਂ-ਬੋਲੀ ਪੰਜਾਬੀ ਦੇ ਪਹਿਰੇਦਾਰ ਵਜੋਂ ਜਾਣੇ ਜਾਂਦੇ ਹਨ

"ਭੰਗੜੇ ਦੀ ਪ੍ਰੇਰਣਾ ਮੈਨੂੰ ਮਨਮੋਹਕ ਅਤੇ ਮੇਰੇ ਉਸਤਾਦ ਭਾਨਾ ਰਾਮ ਜੀ ਤੋਂ ਮਿਲੀ ਸੀ। ਮੇਰੇ ਉਸਤਾਦ ਭਾਨਾ ਰਾਮ ਜੀ ਪਾਕਿਸਤਾਨ ਤੋਂ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਭੰਗੜਾ, ਝੂਮਰ, ਢਡਾਂਸ ਅਤੇ ਭੰਗੜੇ ਦੀਆਂ ਹੋਰ ਵੰਨਗੀਆਂ ਬਰੀਕੀ 'ਚ ਦੱਸੀਆਂ।"

ਪੰਮੀ ਬਾਈ ਦੇ ਗੀਤਾਂ ਵਿੱਚ ਤੁੰਬਾ, ਅਲਗੋਜ਼ਾ, ਤੁੰਬੀ, ਸਾਰੰਗੀ, ਵੰਝਲੀ, ਬਗਦੂ, ਬਣ, ਢੱਡ, ਢੋਲਕੀ, ਢੋਲ, ਘੜਾ, ਚਿਮਟਾ, ਡਫਲੀ ਅਤੇ ਢੋੜੂ ਦੇ ਰਵਾਇਤੀ ਸੰਗੀਤ ਸਾਜ਼ ਸ਼ਾਮਲ ਹਨ।

ਉਨ੍ਹਾਂ ਦੇ ਗੀਤਾਂ ਵਿੱਚ ਝੂਮਰ, ਮਲਵਈ ਗਿੱਧਾ, ਢੰਡਾਸ ਵਰਗੇ ਭੰਗੜੇ ਦੇ ਵੱਖ-ਵੱਖ ਰੂਪ ਸ਼ਾਮਲ ਹਨ।

ਉਹ ਪੁਰਾਣੇ ਪੰਜਾਬੀ ਸੱਭਿਆਚਾਰ ਅਤੇ ਮਾਂ-ਬੋਲੀ ਪੰਜਾਬੀ ਦੇ ਪਹਿਰੇਦਾਰ ਵਜੋਂ ਜਾਣੇ ਜਾਂਦੇ ਹਨ।

ਪੰਮੀ ਬਾਈ ਦਾ ਨਾਮ ਸੁਣ ਕੇ ਜਿਹੜੇ ਸ਼ਬਦ ਅਕਸਰ ਮੂੰਹ 'ਤੇ ਆਪ-ਮੁਹਾਰੇ ਹੀ ਆ ਜਾਂਦੇ ਹਨ, ਉਹ ਹਨ 'ਨੀ ਮੈਂ ਪਾਣੀ....ਸ਼ੀ..ਸ਼ੀ..., ਨੀ ਮੈਂ ਪਾਣੀ ਭਰੇਂਦੀ ਆਂ ਪੱਤਣੋ, ਚਿੱਟੇ ਦੰਦ.. ਸ਼ੀ..ਸ਼ੀ.., ਚਿੱਟੇ ਦੰਦ ਨਾ ਰਹਿੰਦੇ ਹੱਸਣੋ, ਅੱਲ੍ਹ ਜਾਣੇ ਤੇ ਯਾਰ ਨਾ ਜਾਣੇ, ਮੈਂਡਾ ਢੋਲ ਜਵਾਨੀਆ ਮਾਣੇ... ਸ਼ੀ...ਸ਼ੀ..।"

ਪੰਮੀ ਇਸ ਗੀਤ ਬਾਰੇ ਦੱਸਦੇ ਹਨ ਕਿ ਉਨ੍ਹਾਂ ਦੇ ਉਸਤਾਦ ਭਾਨਾ ਰਾਮ ਨੇ ਕਿਹਾ ਸੀ ਕਿ ਜੇ ਕਦੇ ਮੌਕਾ ਮਿਲੇ ਤਾਂ ਜ਼ਰੂਰ ਗਾਉਣਾ ਅਤੇ ਇਹੀ ਗਾਣਾ ਅੱਜ ਉਨ੍ਹਾਂ ਦੀ ਪਛਾਣ ਬਣ ਗਿਆ ਹੈ।

ਪੰਮੀ ਬਾਈ

ਤਸਵੀਰ ਸਰੋਤ, Fb/pammi bai

ਪੰਮੀ ਬਾਈ ਕਹਿੰਦੇ ਹਨ, "ਇਹ ਤਾਂ ਮੇਰਾ ਸਿਗਨੇਚਰ ਬਣ ਗਿਆ। ਜਦੋਂ ਝੂਮਰ ਲੋਕ ਵਿੱਚ ਲੋਕ ਗੱਤਦੇ ਹਨ ਤਾਂ ਉਹ ਸ਼ਿਸ਼ਕਰ ਵੱਜਦੇ ਹਨ। ਜਿਸ ਨੂੰ ਮੈਂ ਆਪਣੇ ਗੀਤਾਂ ਵਿੱਚ ਲਿਆਂਦਾ ਹੈ।"

ਪੰਮੀ ਬਾਈ ਆਪਣੇ ਆਪ ਨੂੰ ਕਲਾਕਾਰ ਆਖਦੇ ਹਨ, ਜਿਹੜਾ ਅਦਾਕਾਰ, ਡਾਂਸਰ, ਸਟੇਜੀ ਕਲਾਕਾਰ, ਗਾਇਕ, ਕੋਰਿਓਗ੍ਰਾਫਰ ਅਤੇ ਐਂਕਰ ਵੀ ਹੈ।

ਉਹ ਕਹਿੰਦੇ ਹਨ, "ਮੈਂ ਤਾਂ ਲੋਕ ਕਲਾਕਾਰ ਹਾਂ, ਜਿਹੜੇ ਲੋਕ ਕਲਾਕਾਰ ਹੁੰਦੇ ਹਨ, ਉਹ ਤਾਂ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਲੋਕਾਂ ਦੇ ਹੀ ਹਾਵ-ਭਾਵ ਦੇਖਦੇ ਜਿਉਂਦੇ ਹਨ। ਜਿੱਥੇ ਕਿਤੇ ਵੀ ਲੋਕਾਈ ਨੂੰ ਲੋੜ ਹੁੰਦੀ ਹੈ, ਉਹ ਉੱਥੇ ਖੜ੍ਹਦੇ ਹਨ ਤੇ ਮੈਂ ਵੀ ਉਨ੍ਹਾਂ ਵਿੱਚੋਂ ਇੱਕ ਹਾਂ।"

ਪੰਮੀ ਬਾਈ ਨੂੰ ਸਾਲ 2009 ਵਿੱਚ ਪੰਜਾਬ ਸਰਕਾਰ ਦੇ ਸ਼੍ਰੋਮਣੀ ਐਵਾਰਡ ਨਾਲ ਨਵਾਜਿਆ ਗਿਆ ਹੈ, ਇਸ ਤੋਂ ਇਲਾਵਾ ਭਾਰਤ ਸਰਕਾਰ ਦੀ ਸੰਗੀਤ ਨਾਟਕ ਅਕਾਦਮੀ ਨੇ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ ਜੋ ਉਨ੍ਹਾਂ ਨੂੰ 2016 ਵਿੱਚ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਤਾ ਸੀ।

ਪੰਮੀ ਬਾਈ ਆਖਦੇ ਹਨ, "ਇਸ ਕਿੱਤੇ ਵਿੱਚ ਤੁਹਾਨੂੰ ਪੈਸੇ ਤਾਂ ਨਹੀਂ ਇੰਨੇ ਹੁੰਦੇ ਪਰ ਪੰਜਾਬੀਆਂ ਦਾ ਪਿਆਰ, ਜੋ ਭਾਰਤ ਦੇ ਹੋਣ ਜਾਂ ਪਾਕਿਸਤਾਨ ਦੇ ਹੋਣ, ਉਹ ਬੇਹੱਦ ਮਿਲਦਾ ਹੈ। ਉਹ ਜੋ ਪਿਆਰ ਤੁਹਾਨੂੰ ਦਿੰਦੇ ਹਨ ਉਹ ਲੱਖੀ-ਕਰੋੜੀ ਪੈਸਿਆਂ ਨਾਲ ਨਹੀਂ ਮਿਲਦਾ।"

"ਲੋਕ ਮੈਨੂੰ ਕਰੀਬ 33 ਸਾਲਾਂ ਤੋਂ ਪਿਆਰ ਦੇ ਰਹੇ ਹਨ ਅਤੇ ਇਹੀ ਮੇਰੀ ਲਈ ਕਾਫੀ ਹੈ।"

ਅੱਜ ਤੇ ਪਹਿਲਾਂ ਦੇ ਭੰਗੜੇ 'ਚ ਕੀ ਫਰਕ ਹੈ

ਪੰਮੀ ਬਾਈ

ਤਸਵੀਰ ਸਰੋਤ, fb/pammi bai

ਪੰਮੀ ਮੰਨਦੇ ਹਨ ਕਿ ਅਜੋਕੇ ਭੰਗੜੇ ਦੀ ਸ਼ੈਲੀ ਅਤੇ ਪੁਰਾਣੇ ਭੰਗੜੇ ਦੀ ਸ਼ੈਲੀ ਵਿੱਚ ਬਹੁਤ ਫਰਕ ਹੈ।

‘‘ਭੰਗੜੇ ਦੀ ਨਫ਼ਾਸਤ ਹੌਲੀ-ਹੌਲੀ ਖ਼ਤਮ ਹੁੰਦੀ ਜਾ ਰਹੀ ਹੈ। ਸਾਡੀ ਕੋਸ਼ਿਸ਼ ਫਿਰ ਵੀ ਉਸ ਨੂੰ ਕੁਝ ਸਾਂਭਣ ਦੀ ਹੈ। ਇਸ ਦੇ ਪੁਰਾਣੇ ਦੌਰ ਨੂੰ ਲੈ ਕੇ ਦਸਤਾਵੇਜ਼ੀਕਰਨ ਵੀ ਕੀਤਾ ਹੈ।"

"ਭੰਗੜੇ ਉਤਪੱਤੀ, ਸਟੇਜੀਕਰਨ ਅਤੇ ਨਿਯਮਾਂ ਬਾਰੇ ਵੀ ਜ਼ਿਕਰ ਕੀਤਾ। ਪਰ ਹੁਣ ਤੇਜ਼ੀ ਆ ਗਈ ਹੈ, ਜਿਹੜੀ ਅਸੀਂ ਨਹੀਂ ਦੇਖੀ ਸੀ। ਪਰ ਫਿਰ ਕੁਝ ਥਾਵਾਂ 'ਤੇ ਡਾਂਸ ਦੀਆਂ ਵਿਧਾਵਾਂ ਦੇ ਮੂਲ ਰੂਪਾਂ ਵਿੱਚ ਬਦਲਾਅ ਨਹੀਂ ਕੀਤਾ ਜਾ ਸਕਦਾ।"

"ਸਾਡੀ ਅਪੀਲ ਹੈ ਕਿ ਲੋਕ ਨਾਚਾਂ ਦੀਆਂ ਵਿਧਾਵਾਂ, ਪਰੰਪਰਾਵਾਂ ਨੂੰ ਸਾਂਭੋ।"

ਭੰਗੜੇ ਦੇ ਚੱਕਰ 'ਚ ਹੋ ਗਈ ਪੜ੍ਹਾਈ

ਪੰਮੀ ਬਾਈ

ਤਸਵੀਰ ਸਰੋਤ, Fb/pammi bai

ਤਸਵੀਰ ਕੈਪਸ਼ਨ, ਕਲਾਕਾਰ ਤੇ ਸਿਆਸਤਦਾਨ ਹੰਸ ਰਾਜ ਹੰਸ ਨਾਲ ਪੰਮੀ ਬਾਈ

ਪੜ੍ਹਾਈ ਦੇ ਸਫ਼ਰ ਦੀ ਗੱਲ ਕਰਦਿਆਂ ਉਹ ਬੜੀ ਦਿਲਚਸਪ ਗੱਲ ਦੱਸਦੇ ਹਨ।

"ਘਰ ਵਿੱਚ ਪੜ੍ਹੇ-ਲਿਖੇ ਹੋਣ ਕਾਰਨ ਪੜ੍ਹਾਈ ਦਾ ਮਾਹੌਲ ਸੀ ਅਤੇ ਮੈਂ ਪੜ੍ਹਾਈ ਵੀ ਇਸੇ ਚੱਕਰ ਵਿੱਚ ਕਰਦਾ ਗਿਆ ਕਿ ਮੈਨੂੰ ਭੰਗੜੇ ਵਿੱਚ ਕੁਝ ਸਿੱਖਣ ਨੂੰ ਮਿਲਦਾ ਰਹੇਗਾ।"

"ਮੈਨੂੰ ਇਹ ਸੀ ਕਿ ਮੇਰੇ ਪਿਤਾ ਜੀ ਸਿਆਸਤ ਵਿੱਚ ਹਨ ਤਾਂ ਕਿਤੇ ਐਵੇਂ ਨਾ ਨੌਕਰੀ 'ਤੇ ਹੀ ਲਵਾਂ ਦੇਣ ਤੇ ਭੰਗੜਾ ਸਿੱਖਣ ਵਿੱਚ ਪੜ੍ਹਾਈ ਕਰ ਲਈ।"

'‘ਵਕਾਲਤ ਤਾਂ ਇਸ ਕਰਕੇ ਕੀਤੀ ਸੀ ਕਿ ਸਿਆਸਤ ਵਿੱਚ ਜਾਣਾ ਚਾਹੁੰਦਾ ਸੀ ਤੇ ਸਿਆਸਤਦਾਨ ਬਣਿਆ ਵੀ। ਲੋਕ ਅਕਸਰ ਕਲਾਕਾਰ ਬਣਨ ਤੋਂ ਬਾਅਦ ਸਿਆਸਤ ਵਿੱਚ ਜਾਂਦੇ ਹਨ ਪਰ ਮੈਂ ਸਿਆਸਤ ਛੱਡ ਕਲਾਕਾਰ ਬਣਿਆ ਹਾਂ।"

ਸਿਆਸਤ ਵਿੱਚ ਜਾਣ ਬਾਰੇ ਸਵਾਲ 'ਤੇ ਉਹ ਕਹਿੰਦੇ ਹਨ ਕਿ ਫਿਲਹਾਲ ਉਨ੍ਹਾਂ ਦਾ ਸਿਆਸਤ ਵਿੱਚ ਜਾਣ ਦਾ ਕੋਈ ਵਿਚਾਰ ਨਹੀਂ ਹੈ।

ਖੇਤੀਬਾੜੀ ਕਰਦੇ ਪੰਮੀ ਬਾਈ

ਪੰਮੀ ਬਾਈ

ਤਸਵੀਰ ਸਰੋਤ, Fb/pammi bai

ਪੰਮੀ ਬਾਈ ਆਖਦੇ ਹਨ ਕਿ ਉਹ ਆਪਣੀ ਖੇਤੀਬਾੜੀ ਕਰਦੇ ਹਨ ਅਤੇ ਉਹ ਵੀ ਆਰਗੈਨਿਕ।

ਉਹ ਕਹਿੰਦੇ ਹਨ, "ਮੈਂ ਇੱਕ ਕਿਸਾਨ ਦਾਂ ਪੁੱਤ, 1ਨਿਰੰਤਰ ਖੇਤੀ ਕਰਦਾ ਹਾਂ ਤੇ ਅਜੇ ਤੱਕ ਕਰਦਾ ਹਾਂ। ਬਾਕੀ ਗਾਣਾ, ਵਜਾਉਣਾ, ਨੱਚਣਾ ਮੇਰਾ ਜਨੂੰਨ ਹੈ ਤੇ ਜਿੰਨੀ ਦੇਰ ਤੱਕ ਲੋਕ ਪਿਆਰ ਦਿੰਦੇ ਰਹਿਣਗੇ, ਮੈਂ ਕਰਦਾ ਰਹਾਂਗਾ।"

ਪੰਮੀ ਬਾਈ ਦੱਸਦੇ ਹਨ ਕਿ ਸਰਕਾਰੀ ਨੌਕਰੀ ਕੀਤੀ, ਬਾਪੂ ਦੀਆਂ ਗਾਲ੍ਹਾਂ ਖਾਦੀਆਂ ਪਰ ਜਨੂੰਨ ਨਹੀਂ ਛੱਡਿਆ।

"ਮੈਂ ਅੱਗੇ ਵਧਿਆ ਅਤੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਮੇਰੇ ਮਾਂ-ਬਾਪ ਨੂੰ ਵੀ ਮਾਣ ਮਹਿਸੂਸ ਕਰਵਾਇਆ।"

"ਇਸ ਲਈ ਤੁਹਾਡੇ ਅੰਦਰ ਜਨੂੰਨ ਹੋਣਾ ਚਾਹੀਦਾ ਤੇ ਮੇਰੇ ਅੰਦਰ ਮੇਰੇ ਗੀਤਾਂ ਪ੍ਰਤੀ, ਲੋਕ ਨਾਚਾਂ ਪ੍ਰਤੀ, ਮਾਂ ਬੋਲੀ ਪ੍ਰਤੀ ਜਨੂੰਨ ਸੀ।"

ਪੰਮੀ ਬਾਈ ਦੀ ਪਹਿਲੀ ਆਡੀਓ ਕੈਸਟ ਪੰਜਾਬ ਦੀ ਮਰਹੂਮ ਗਾਇਕਾ ਨਰਿੰਦਰ ਬੀਬਾ ਨਾਲ 1987 ਵਿੱਚ ਰਿਕਾਰਡ ਹੋਈ ਸੀ।

ਇਸ ਤੋਂ ਇਲਾਵਾ ਪੰਮੀ ਬਾਈ ਨੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)