ਮਿਹੀਰ ਭੋਜ ਕੌਣ ਸੀ, ਜਿਸ ਦੇ ਬੁੱਤ ਬਾਰੇ ਹੋਏ ਵਿਵਾਦ ਕਾਰਨ ਹਰਿਆਣਾ ਦੇ ਭਾਜਪਾ ਆਗੂ ਦੇ ਰਹੇ ਹਨ ਅਸਤੀਫ਼ੇ

Raja Bhoj

ਤਸਵੀਰ ਸਰੋਤ, TWITTER/Poornima Karhana

ਤਸਵੀਰ ਕੈਪਸ਼ਨ, ਰਾਜਾ ਮਿਹੀਰ ਭੋਜ ਦੇ ਬੁੱਤ ਦੀ ਤਸਵੀਰ
    • ਲੇਖਕ, ਗੁਰਜੋਤ ਸਿੰਘ ਅਤੇ ਕਮਲ ਸੈਣੀ
    • ਰੋਲ, ਬੀਬੀਸੀ ਸਹਿਯੋਗੀ

ਹਰਿਆਣਾ ਵਿੱਚ 9ਵੀਂ ਸਦੀ ਦੇ ਰਾਜੇ ਦੇ ਬੁੱਤ ਨੂੰ ਲੈ ਕੇ ਦੋ ਭਾਈਚਾਰੇ ਹੀ ਆਹਮੋ-ਸਾਹਮਣੇ ਨਹੀਂ ਹਨ, ਸਗੋਂ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਲਈ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ।

ਪਾਰਟੀ ਦੇ 30 ਦੇ ਕਰੀਬ ਆਗੂਆਂ ਨੇ ਰੋਹ ਵਿੱਚ ਆ ਕੇ ਪਾਰਟੀ ਛੱਡ ਦਿੱਤੀ ਹੈ ਅਤੇ ਕਈ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਬਾਈਕਾਟ ਦੇ ਸੱਦੇ ਦਿੱਤੇ ਜਾ ਰਹੇ ਹਨ।

2020-21 ਦੌਰਾਨ ਦਿੱਲੀ ਦੇ ਬਾਰਡਰਾਂ ਉੱਤੇ ਲੜੇ ਗਏ ਕਿਸਾਨ ਅੰਦੋਲਨ ਦੌਰਾਨ ਜਿਵੇਂ ਭਾਜਪਾ ਆਗੂਆਂ ਦਾ ਵਿਰੋਧੀ ਹੋਇਆ ਸੀ, ਉਵੇਂ ਹੀ ਕਈ ਥਾਵਾਂ ਉੱਤੇ ਹੁਣ ਦੇਖਣ ਨੂੰ ਮਿਲ ਰਿਹਾ ਹੈ।

ਮਿਹੀਰ ਭੋਜ 9ਵੀਂ ਸਦੀ ਦਾ ਗੁੱਜਰ ਬਰਾਦਰੀ ਨਾਲ ਸਬੰਧ ਰੱਖਣ ਵਾਲਾ ਰਾਜਾ ਸੀ, ਜਿਸ ਨੂੰ ਕੁਝ ਲੋਕ ਮਹਾਨ ਹਿੰਦੂ ਸਮਰਾਟ ਵਜੋਂ ਦੇਖਦੇ ਹਨ।

ਇਹ ਉਹੀ ਰਾਜਾ ਭੋਜ ਸੀ ਜਿਸ ਦੇ ਹਵਾਲੇ ਨਾਲ ਕਹਾਵਤ ਵੀ ਕਹੀ ਜਾਂਦੇ ਹੈ, ਅਖੇ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ।

ਕੀ ਹੈ ਮਾਮਲਾ

ਦਰਅਸਲ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿੱਚ ਸਰਕਾਰ ਨੇ 9ਵੀਂ ਸਦੀ ਦੇ ਸ਼ਾਸਕ - ਮਿਹੀਰ ਭੋਜ ਦੇ ਬੁੱਤ ਲਗਾਇਆ ਹੈ।

ਪਰ ਬੁੱਤ ਲੱਗਣ ਤੋਂ ਬਾਅਦ ਉਨ੍ਹਾਂ ਦੇ ਨਾਂ ਨੂੰ ਲੈ ਕੇ ਰੇੜਕਾ ਪੈਦਾ ਹੋ ਗਿਆ ।

ਗੁੱਜਰ ਅਤੇ ਰਾਜਪੂਤ ਭਾਈਚਾਰੇ ਨਾਲ ਸੰਬੰਧਤ ਸਥਾਨਕ ਆਗੂ ਰਾਜਾ ਮਿਹੀਰ ਉੱਤੇ ਆਪਣੇ ਭਾਈਚਾਰੇ ਦਾ ਠੱਪਾ ਲਗਾਉਣ ਲੱਗੇ ਅਤੇ ਇੱਕ-ਦੂਜੇ ਦੇ ਵਿਰੋਧ ਵਿੱਚ ਉੱਤਰ ਆਏ ਹਨ।

ਸਥਾਨਕ ਗੁੱਜਰ ਭਾਈਚਾਰੇ ਵਲੋਂ ਲਗਾਏ ਗਏ ਬੁੱਤ ਉੱਤੇ ਨਾਂ 'ਗੁੱਜਰ ਪ੍ਰਤੀਹਾਰ ਸਮਰਾਟ ਰਾਜਾ ਮਿਹੀਰ ਭੋਜ' ਰੱਖਿਆ ਗਿਆ ਸੀ, ਇਹ ਮਸਲਾ ਉਦੋਂ ਪੂਰਾ ਭਖ ਗਿਆ ਜਦੋਂ ਸਥਾਨਕ ਰਾਜਪੂਤ ਭਾਈਚਾਰੇ ਨੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਅਤੇ ਨਾਂ ਬਦਲਣ ਦੀ ਮੰਗ ਕੀਤੀ।

ਉਨ੍ਹਾਂ ਇਹ ਮੰਗ ਕੀਤੀ ਕਿ ਬੁੱਤ ਦਾ ਨਾਂ 'ਗੁੱਜਰ ਪ੍ਰਤੀਹਾਰ ਸਮਰਾਜ ਮਿਹੀਰ ਭੋਜ" ਦੀ ਥਾਂ "ਹਿੰਦੂ ਸਮਰਾਟ ਰਾਜਾ ਮਿਹੀਰ ਭੋਜ" ਰੱਖਿਆ ਜਾਣਾ ਚਾਹੀਦਾ ਹੈ।

'ਦ ਮਿੰਟ' ਅਖਬਾਰ ਦੀ ਇੱਕ ਰਿਪੋਰਟ ਮੁਤਾਬਕ, ਰਾਜਪੂਤ ਭਾਈਚਾਰੇ ਦੀ ਬਹੁਗਿਣਤੀ ਵਾਲੇ ਕਈਂ ਪਿੰਡਾਂ ਵਿੱਚ ਭਾਜਪਾ ਆਗੂਆਂ ਦੇ ਵਿਰੋਧ ਵਿੱਚ ਬਾਈਕਾਟ ਵੀ ਕੀਤਾ ਜਾ ਰਿਹਾ ਹੈ।

ਜੁਲਾਈ 19 ਨੂੰ ਸਥਾਨਕ ਰਾਜਪੂਤ ਭਾਈਚਾਰੇ ਵਲੋਂ ਵੱਡਾ ਰੋਸ ਮੁਜ਼ਾਹਰਾ ਕੀਤਾ ਗਿਆ, ਜਿਸ ਉੱਤੇ ਹਰਿਆਣਾ ਪੁਲਿਸ ਵਲੋਂ ਹਲਕਾ ਲਾਠੀਚਾਰਜ ਵੀ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ।

ਇਸੇ ਵਿਰੋਧ ਦੇ ਦਰਮਿਆਨ 20 ਜੁਲਾਈ ਨੂੰ ਗੁੱਜਰ ਭਾਈਚਾਰੇ ਨਾਲ ਸੰਬੰਧਤ ਆਗੂ ਤੇ ਕੈਥਲ ਤੋਂ ਭਾਰਤੀ ਜਨਤਾ ਪਾਰਟੀ ਦੇ ਐਮਐਲਏ ਲੀਲਾ ਰਾਮ ਗੁੱਜਰ ਵਲੋਂ ਭਾਰੀ ਸੁਰੱਖਿਆ ਵਿਚਾਲੇ ਇਸ ਬੁੱਤ ਦੀ ਘੁੰਢ ਚੁਕਾਈ ਕੀਤੀ ਸੀ।

ਹਰਿਆਣਾ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਕੈਥਲ ਵਿੱਚ ਬੁੱਤ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਲੋਕ

ਭਾਜਪਾ ਵਿੱਚ ਅਸਤੀਫਿਆਂ ਦੀ ਝੜੀ

ਭਾਰਤ ਵਿੱਚ ਨਾਇਕਾਂ, ਪੁਰਾਤਨ ਇਮਾਰਤਾਂ ਦੀ ਪਛਾਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਰੇੜਕਾ ਕੋਈ ਨਵੀਂ ਗੱਲ ਨਹੀਂ ਹੈ, ਪਰ ਇਹ ਸ਼ਾਇਦ ਅਜਿਹਾ ਪਹਿਲਾ ਮਾਮਲਾ ਹੈ, ਜਿਸਨੇ ਭਾਜਪਾ ਵਿੱਚ ਹੀ ਪਾਟੋਧਾੜ ਸ਼ੁਰੂ ਕਰ ਦਿੱਤੀ ਹੈ, ਹੁਣ ਤੱਕ ਰਾਜਪੂਤ ਭਾਈਚਾਰੇ ਨਾਲ ਸੰਬੰਧਤ ਤਕਰੀਬਨ 30 ਬੀਜੇਪੀ ਆਗੂ ਇਸਦੇ ਵਿਰੋਧ ਵਿੱਚ ਆਪਣਾ ਅਸਤੀਫਾ ਵੀ ਦੇ ਚੁੱਕੇ ਹਨ।

ਪਾਰਟੀ ਦੇ ਆਗੂਆਂ ਵਲੋਂ ਦੋਵਾਂ ਧਿਰਾਂ ਵਿਚਾਲੇ ਇਸ ਮਸਲੇ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਬੰਧਤ ਧਿਰਾਂ ਦਾ ਆਪਸੀ ਵਿਰੋਧ ਵੱਧਦਾ ਹੀ ਜਾ ਰਿਹਾ ਹੈ।

ਦੋਵੇਂ ਭਾਈਚਾਰਿਆਂ ਦੇ ਆਗੂਆਂ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਇੱਕ ਬੈਠਕ ਵੀ ਕੀਤੀ, ਜਿਸ ਵਿੱਚ ਇਹ ਫੈਸਲਾ ਲਿਆ ਗਿਆ ਕਿ ਇਸ ਮਸਲੇ ਨੂੰ ਸੁਲਝਾਉਣ ਲਈ ਵੀਰਵਾਰ ਤੱਕ ਬੁੱਤ ਦਾ ਨਾਂ 'ਸਮਰਾਟ ਮਿਹੀਰ ਭੋਜ' ਰੱਖੇ ਜਾਣ ਲਈ ਦੋਵੇਂ ਭਾਈਚਾਰੇ ਆਪਸ ਵਿੱਚ ਸਹਿਮਤੀ ਬਣਾਉਣਗੇ।

ਦੋਵਾਂ ਧਿਰਾਂ ਦੇ ਆਗੂਆਂ ਨੇ ਦੋਵਾਂ ਭਾਈਚਾਰਿਆਂ ਦੇ ਸੰਬੰਧਾਂ ਵਿੱਚ ਆਈ ਕੁੜੱਤਣ ਬਾਰੇ ਚਿੰਤਾ ਜ਼ਾਹਰ ਕੀਤੀ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ, ਪਰ ਜ਼ਮੀਨ ਉੱਤੇ ਇਸ ਦਾ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ।

ਸੰਜੀਵ , ਸਾਬਕਾ ਭਾਜਪਾ ਆਗੂ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਅਸਤੀਫ਼ਾ ਦੇਣ ਵਾਲੇ ਭਾਜਪਾ ਆਗੂ ਸੰਜੀਵ ਰਾਣਾ

ਰਾਜਾ ਮਿਹੀਰ ਭੋਜ ਕੌਣ ਸੀ

ਬੀਬੀਸੀ ਪੰਜਾਬੀ ਨੇ ਰਾਜਾ ਮਿਹੀਰ ਭੋਜ ਦੇ ਇਤਿਹਾਸ ਅਤੇ ਮੌਜੂਦਾ ਮਸਲੇ ਦੀ ਜੜ੍ਹ ਬਾਰੇ ਜਾਣਕਾਰੀ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਇਤਿਹਾਸ ਵਿਭਾਗ ਚੇਅਰਮੈਨ ਪ੍ਰੋਫੈਸਰ ਐਸਕੇ ਚਾਹਲ ਨਾਲ ਗੱਲਬਾਤ ਕੀਤੀ।

ਐਸਕੇ ਚਾਹਲ ਨੇ ਦੱਸਿਆ, ‘‘ਰਾਜਾ ਮਿਹੀਰ ਭੋਜ 9ਵੀਂ ਸਦੀ ਵਿੱਚ ਇਸ ਖਿੱਤੇ ਵਿੱਚ ਸੱਤਾ ਦਾ ਤਖਤ ਮੰਨੇ ਜਾਂਦੇ ਕਨੌਜ ਉੱਤੇ ਕਾਬਜ ਹੋਏ ਸਨ। ਉਨ੍ਹਾਂ ਨੂੰ ਇਤਿਹਾਸ ਵਿੱਚ ਸਫਲ ਰਾਜਿਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ।ਉਨ੍ਹਾਂ ਦੇ ਰਾਜ ਵਿੱਚ ਭਾਰਤ ਦੇ ਕਸ਼ਮੀਰ ਤੋਂ ਲੈ ਕੇ ਗੁਜਰਾਤ ਅਤੇ ਬੰਗਾਲ ਤੱਕ ਦਾ ਹਿੱਸਾ ਸ਼ਾਮਲ ਸੀ।’’

ਉਨ੍ਹਾਂ ਕਿਹਾ ਕਿ ਇਤਿਹਾਸਕ ਹਵਾਲਿਆਂ ਮੁਤਾਬਕ ਰਾਜਾ ਭੋਜ ਨੇ 836 ਈਸਵੀ ਵਿੱਚ ਰਾਜ-ਗੱਦੀ ਹਾਸਲ ਕੀਤੀ ਅਤੇ ਉਨ੍ਹਾਂ ਦੀ ਮੌਤ 885 ਵਿੱਚ ਹੋਈ। ਕੇਂਦਰੀ ਏਸ਼ੀਆਈ ਖਿੱਤੇ ਤੋਂ ਹੁੰਦੇ ਹੋਏ ਮਿਹੀਰ ਭੋਜ ਨੇ ਕਈਂ ਪ੍ਰਮੁੱਖ ਖਿੱਤੇ ਜਿਨ੍ਹਾਂ ਵਿੱਚ ਗੁਜਰਾਤ, ਰਾਜਸਥਾਨ, ਬੰਗਾਲ ਵੀ ਸ਼ਾਮਲ ਹਨ, ਉੱਤੇ ਜਿੱਤ ਪ੍ਰਾਪਤ ਕੀਤੀ।

ਉਸ ਵੇਲੇ ਇਸ ਖਿੱਤੇ ਵਿੱਚ ਤਿੰਨ ਤਾਕਤਾਂ ਪ੍ਰਮੁੱਖ ਸਨ, ਪ੍ਰਤੀਹਾਰ ਗੁੱਜਰ, ਦੱਕਣ ਦੇ ਰਾਸ਼ਟਰਕੂਟ ਅਤੇ ਬੰਗਾਲ ਦੇ ਪਾਲ।

ਰਾਜਾ ਭੋਜ ਜੋ ਕੇ ਗੁੱਜਰਾਂ ਦੇ ਪ੍ਰਤੀਹਾਰਾ ਸਮੂਹ ਨਾਲ ਸੰਬੰਧਤ ਸਨ, ਦਾ ਮੁਕਾਬਲਾ ਦੱਕਣ ਦੇ ਰਾਸ਼ਟਰਕੂਟ ਅਤੇ ਬੰਗਾਲ ਦੇ ਪਾਲ ਸਮੂਹ ਨਾਲ ਹੋਇਆ।

ਮਿਹੀਰ ਭੋਜ
ਤਸਵੀਰ ਕੈਪਸ਼ਨ, ਪ੍ਰੋਫੈਸਰ ਚਾਹਲ ਨੇ ਕਿਹਾ ਕਿ ਇਹ ਮੁੱਦਾ ਇਤਿਹਾਸ ਨੂੰ ਸਿਆਸੀ ਮੁਫਾਦਾਂ ਲਈ ਵਰਤਣ ਕਰਕੇ ਪੈਦਾ ਹੋਇਆ ਹੈ।

ਮੌਜੂਦਾ ਮਸਲੇ ਦੀ ਜੜ੍ਹ ਕੀ ਹੈ

ਪ੍ਰੋਫੈਸਰ ਚਾਹਲ ਨੇ ਕਿਹਾ ਕਿ ਇਹ ਮੁੱਦਾ ਇਤਿਹਾਸ ਨੂੰ ਸਿਆਸੀ ਮੁਫਾਦਾਂ ਲਈ ਵਰਤਣ ਕਰਕੇ ਪੈਦਾ ਹੋਇਆ ਹੈ।

ਉਨ੍ਹਾਂ ਕਿਹਾ, "ਇਤਿਹਾਸ ਦੇ ਉਸ ਦੌਰ ਵਿੱਚ ਜਦੋਂ ਰਾਜਾ ਮਿਹੀਰ ਹੋਏ, ਜਾਤ ਜਾਂ ਕਬੀਲਾ ਅਧਾਰਿਤ ਪਛਾਣਾਂ ਇੰਨੀਆਂ ਵਿਕਸਿਤ ਨਹੀਂ ਸਨ ਜਿੰਨੀਆਂ ਹੁਣ ਹਨ, ਇਸ ਲਈ ਜਦੋਂ ਇਤਿਹਾਸ ਨੂੰ ਵਰਤਮਾਨ ਨਾਲ ਤੋਲ ਕੇ ਵੇਖਿਆ ਜਾਂਦਾ ਹੈ ਤਾਂ ਇਸਦੇ ਮਾੜੇ ਨਤੀਜੇ ਨਿਕਲਣੇ ਸੁਭਾਵਿਕ ਹਨ।"

ਇਤਿਹਾਸਕ ਹਵਾਲਿਆਂ ਦਾ ਜ਼ਿਕਰ ਕਰਦਿਆਂ ਚਾਹਲ ਨੇ ਦੱਸਿਆ, ‘‘ਗੁੱਜਰ ਇੱਕ ਕਬੀਲਾਈ ਸਮੂਹ ਹਨ, ਜਿਨ੍ਹਾਂ ਦੀਆਂ ਸਾਂਝੀਆਂ ਜੜ੍ਹਾਂ ਹਨ ਤੇ ਇਹ ਭਾਰਤ ਦੇ ਵੱਖ-ਵੱਖ ਰਾਜਾਂ ਅਤੇ ਭਾਰਤ ਤੋਂ ਬਾਹਰ ਵੀ ਵੱਸੇ ਹੋਏ ਹਨ, ਉੱਥੇ ਹੀ ਰਾਜਪੂਤ ਭਾਈਚਾਰੇ ਦੀ ਬਣਤਰ ਇੱਕ ਕਬੀਲਾਈ ਸਮਾਜ ਨਾਲੋਂ ਬਹੁਤ ਵੱਖਰੀ ਹੈ।‘’’

ਭਾਰਤ ਵਿੱਚ ਰਾਜਪੂਤ ਇੱਕ ਸ਼ਾਸਕ ਜਮਾਤ ਰਹੇ ਹਨ, ਇਤਿਹਾਸ ਦੇ ਉਸ ਦੌਰ ਵਿੱਚ ਜਦੋਂ ਕਿਸੇ ਵੱਖਰੇ ਸਮਾਜ ਦਾ ਰਾਜਾ ਸੱਤਾ ਹਾਸਲ ਕਰਦਾ, ਉਹ ਖੱਤਰੀ ਪਦ ਹਾਸਲ ਕਰ ਲੈਂਦਾ ਅਤੇ ਰਾਜਪੂਤਾਂ ਵਿੱਚ ਸ਼ਾਮਲ ਹੋ ਜਾਂਦਾ।

ਉਨ੍ਹਾਂ ਕਿਹਾ ਕਿ ਇਤਿਹਾਸਕ ਹਵਾਲਿਆਂ ਮੁਤਾਬਕ ਰਾਜਾ ਮਿਹੀਰ ਭੋਜ ਨੇ ਵੀ ਅਜਿਹਾ ਹੀ ਕੀਤਾ, ਜਿਸ ਕਰਕੇ ਹੁਣ ਉਹਨਾਂ ਦੀ ਪਛਾਣ ਬਾਰੇ ਦੋ ਧਿਰਾਂ ਵਿੱਚ ਇਹ ਮਸਲਾ ਖੜ੍ਹਾ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਵੱਖ-ਵੱਖ ਇਲਾਕਿਆਂ 'ਚ ਰਹਿਣ ਵਾਲਾ ਗੁੱਜਰ ਭਾਈਚਾਰੇ ਵਿੱਚ ਵੀ ਆਪਣੇ ਕਾਰ-ਵਿਹਾਰ ਅਤੇ ਰਹਿਣ-ਸਹਿਣ ਵਿੱਚ ਭਿੰਨਤਾ ਹੈ, ਜਿਵੇਂ ਕਸ਼ਮੀਰ ਵਿੱਚ ਗੱਦੀ ਗੁੱਜਰ, ਬੱਕਰਵਾਲ ਗੁੱਜਰ ਅਤੇ ਹੋਰ। ਗੁੱਜਰਾਂ ਦਾ ਅਜਿਹਾ ਹੀ ਇੱਕ ਸਮੂਹ ਹੈ ਪ੍ਰਤੀਹਾਰ ਗੁੱਜਰ, ਜਿਸ ਵਿੱਚੋਂ ਮਹੀਰ ਭੋਜ ਹੋਏ।

ਕੀ ਇਹ ਮਸਲਾ ਦੋਵਾਂ ਭਾਈਚਾਰਿਆਂ ਵਿੱਚ ਪਾੜ ਨੂੰ ਵਧਾਏਗਾ

ਪ੍ਰੋਫੈਸਰ ਚਾਹਲ ਨੇ ਦੱਸਿਆ ਕਿ ਹਰੇਕ ਭਾਈਚਾਰਾ, ਜਾਤ ਜਾਂ ਸਮੂਹ ਇਤਿਹਾਸ ਵਿੱਚੋਂ ਆਪਣੇ ਨਾਇਕ ਅਤੇ ਨਾਇਕਾਵਾਂ ਲੱਭਦਾ ਹੈ, ਇਸ ਬਾਰੇ ਇੱਕ ਦੂਜੇ ਨਾਲ ਮੱਤਭੇਦ ਹੋਣੇ ਆਮ ਹਨ।

ਉਨ੍ਹਾਂ ਕਿਹਾ "ਅਜਿਹੇ ਮਸਲੇ ਬੇਹੱਦ ਸੰਵੇਦਨਸ਼ੀਲ ਹੁੰਦੇ ਹਨ ਅਤੇ ਇਤਿਹਾਸਕ ਖੋਜ ਦਾ ਵਿਸ਼ਾ ਹਨ, ਇਸ ਲਈ ਸਿਆਸਤਦਾਨਾਂ ਨੂੰ ਇਸਨੂੰ ਸਮਝਣ ਸਮਝਾਉਣ ਦਾ ਕੰਮ ਇਤਿਹਾਸਕਾਰਾਂ ਉੱਤੇ ਛੱਡ ਦੇਣਾ ਚਾਹੀਦਾ ਹੈ।

ਰਾਜਪੂਤ ਆਗੂ

ਤਸਵੀਰ ਸਰੋਤ, Kamal Saini/BBC

ਤਸਵੀਰ ਕੈਪਸ਼ਨ, ਮੁੱਖ ਮੰਤਰੀ ਨਾਲ ਬੈਠਕ ਕਰਨ ਵਾਲੇ ਰਾਜਪੂਤ ਆਗੂ

ਪਹਿਲਾਂ ਵੀ ਬਣਿਆ ਹੈ ਤਣਾਅ ਦਾ ਕਾਰਨ

ਇਸ ਤੋਂ ਪਹਿਲਾਂ ਮਈ 2023 ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਅਤੇ ਸਤੰਬਰ 2021 ਦਾਦਰੀ ਵਿੱਚ ਵੀ ਦੋਵੇਂ ਭਾਈਚਾਰਿਆਂ ਵਿੱਚ ਰਾਜਾ ਮਿਹੀਰ ਭੋਜ ਦੀ ਪਛਾਣ ਦੇ ਮਸਲੇ ਵਿੱਚ ਤਣਾਅ ਨੇ ਗੰਭੀਰ ਰੂਪ ਧਾਰਨ ਕੀਤਾ ਸੀ।

ਦਾਦਰੀ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਰਾਜਾ ਮਿਹੀਰ ਭੋਜ ਦੇ 15 ਫੁੱਟ ਉੱਚੇ ਬੁੱਤ ਦਾ ਉਦਘਾਟਨ ਕੀਤਾ ਸੀ, ਜਿਸ ਦੇ ਨਾਂ ਵਿੱਚ ਗੁੱਜਰ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਸੀ। ਇਸਦੇ ਵਿਰੋਧ ਵਿੱਚ ਸਥਾਨਕ ਗੁੱਜਰ ਭਾਈਚਾਰੇ ਵਲੋਂ "ਗੁੱਜਰ ਸਵਾਭੀਮਾਨ ਬਚਾੳ" ਨਾਂ ਦੀ ਲਹਿਰ ਵੀ ਚਲਾਈ ਗਈ ਸੀ।

ਹਰਿਆਣਾ ਦੀ ਸਿਆਸਤ ਬਾਰੇ ਕਈ ਕਿਤਾਬਾਂ ਲਿਖ ਚੁੱਕੇ ਡਾ ਸਤੀਸ਼ ਤਿਆਗੀ ਦਾ ਕਹਿਣਾ ਹੈ ਕਿ ਇਹ ਵੇਖਣ ਵਾਲੀ ਗੱਲ ਹੈ ਕਿ ਇਹ ਮਸਲਾ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੋਇਆ, ਜਿੱਥੋਂ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਵੀ ਰਾਜਪੂਤ ਹਨ।

ਉਨ੍ਹਾਂ ਕਿਹਾ ਕਿ ਰਾਜਪੂਤ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣੇ ਵਿੱਚ ਭਾਜਪਾ ਦੇ ਮੁੱਖ ਹਮਾਇਤੀ ਹਨ, ਭਾਜਪਾ ਬਹੁਤੀ ਦੇਰ ਤੱਕ ਉਨ੍ਹਾਂ ਨੂੰ ਗੁੱਸੇ ਵਿੱਚ ਨਹੀਂ ਰੱਖ ਸਕਦੀ।

ਉਨ੍ਹਾਂ ਦੱਸਿਆ ਕਿ ਗੁੱਜਰਾਂ ਦੀ ਰਾਜਨੀਤਕ ਤਾਕਤ ਰਾਜਪੂਤਾਂ ਦੇ ਮੁਕਾਬਲੇ ਬਹੁਤ ਸੀਮਤ ਹੈ। ਗੁੱਜਰਾਂ ਨੂੰ ਉੱਤਰ ਪ੍ਰਦੇਸ਼ ਵਿੱਚ ਖਾਸ ਸਹਿਯੋਗ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ ਜਾਂ ਹੋਰਨਾਂ ਛੋਟੀਆਂ ਪਾਰਟੀਆਂ ਤੋਂ ਹੀ ਮਿਲਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਘਟਨਾਕ੍ਰਮ ਦੇ ਸਿੱਟੇ ਭਾਰਤ ਦੇ ਰਾਜਸਥਾਨ, ਗੁਜਰਾਤ ਸਮੇਤ ਭਾਰਤ ਦੇ ਹੋਰਨਾਂ ਰਾਜਾਂ ਵਿੱਚ ਵੀ ਵੇਖਣ ਨੂੰ ਮਿਲ ਸਕਦੇ ਹਨ।

ਕ੍ਰਿਸ਼ਨ ਪਾਲ ਗੁੱਜਰ

ਤਸਵੀਰ ਸਰੋਤ, Krishanpal Gujjar /X

ਤਸਵੀਰ ਕੈਪਸ਼ਨ, ਅਜਿਹੇ ਬੁੱਤ ਪਹਿਲਾਂ ਵੀਕੇ ਸਿੰਘ, ਅਰਵਿੰਦ ਕੇਜਰੀਵਾਲ, ਯੋਗੀ ਆਦਿਤਆਨਾਥ ਨੇ ਵੀ ਕੀਤੇ ਹਨ -ਗੁੱਜਰ

ਕੀ ਕਹਿ ਰਹੇ ਹਨ ਦੋਹਾਂ ਧਿਰਾਂ ਦੇ ਆਗੂ

ਰਾਜਪੂਤ ਭਾਈਚਾਰੇ ਨਾਲ ਸੰਬੰਧਤ ਅਤੇ ਭਾਜਪਾ ਤੋਂ ਅਸਤੀਫ਼ਾ ਦੇਣ ਵਾਲੇ ਸੰਜੀਵ ਰਾਣਾ ਨੇ ਕਿਹਾ "ਸਰਕਾਰ ਫੁੱਟ ਪਾਉ ਰਾਜ ਕਰੋ ਦੀ ਨੀਤੀ ਵਰਤ ਰਹੀ ਹੈ, ਰਾਜਪੂਤ ਸਮਾਜ ਦਾ 95 ਫੀਸਦੀ ਹਿੱਸਾ ਬੀਜੇਪੀ ਨੂੰ ਵੋਟ ਪਾਉਂਦਾ ਰਿਹਾ ਹੈ, ਪਰ ਹੁਣ ਰਾਜਪੂਤ ਸਮਾਜ ਬੀਜੇਪੀ ਦੇ ਵਿਰੋਧ ਵਿੱਚ ਉੱਤਰ ਆਇਆ ਹੈ।" ਉਹਨਾਂ ਕਿਹਾ ਕਿ ਜਦੋਂ ਤੱਕ ਬੁੱਤ ਦੇ ਨਾਂਅ ਤੋਂ ਗੁੱਜਰ ਸ਼ਬਦ ਨਹੀਂ ਹਟਾਇਆ ਜਾਂਦਾ ਵਿਰੋਧ ਬੰਦ ਨਹੀਂ ਹੋਵੇਗਾ।

ਹਰਿਆਣੇ ਦੇ ਕੈਬਨਿਟ ਮੰਤਰੀ ਕੰਵਰ ਪਾਲ ਗੁੱਜਰ ਨੇ ਕਿਹਾ ਕਿ ਅਜਿਹੇ ਬੁੱਤ ਪਹਿਲਾਂ ਵੀਕੇ ਸਿੰਘ, ਅਰਵਿੰਦ ਕੇਜਰੀਵਾਲ, ਯੋਗੀ ਆਦਿਤਆਨਾਥ ਨੇ ਵੀ ਕੀਤੇ ਹਨ। ਉਹਨਾਂ ਕਿਹਾ ਕਿ ਦੋਵਾਂ ਭਾਈਚਾਰਿਆਂ ਦਾ ਆਪਸੀ ਸੰਬੰਧ ਪੁਰਾਣਾ ਹੈ, ਇਸ ਮਾਮਲੇ ਵਿੱਚ ਇਤਿਹਾਸਕਾਰਾਂ ਦੀ ਰਾਏ ਲੈਣੀ ਚਾਹੀਦੀ।

ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਗੁੱਜਰ ਭਾਈਚਾਰੇ ਦੇ ਨੁਮਾਇੰਦੇ ਰਾੳ ਸੁਰਿੰਦਰ ਸਿੰਘ ਨੇ ਕਿਹਾ ਕਿ ਭਾਈਚਾਰੇ ਨੂੰ ਅਦਾਲਤ ਜਾਣ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ।