ਦੁਨੀਆਂ ਦਾ ਪਹਿਲਾ ਪਰਮਾਣੂ ਬੰਬ ਬਣਾਉਣ ਵਾਲੇ ਨੂੰ ਕਿਉਂ ਯਾਦ ਰਹਿੰਦਾ ਸੀ ਗੀਤਾ ਦਾ ਇਹ ਸਲੋਕ

ਤਸਵੀਰ ਸਰੋਤ, Getty Images
- ਲੇਖਕ, ਬੈਨ ਪਲੈਟਸ ਮਿਲਜ਼
- ਰੋਲ, ਬੀਬੀਸੀ ਪੱਤਰਕਾਰ
ਉਹ 16 ਜੁਲਾਈ 1945 ਦੀ ਸਵੇਰ ਦਾ ਸਮਾਂ ਸੀ ਅਤੇ ਕੰਟਰੋਲ ਬੰਕਰ ਵਿੱਚ ਬੈਠੇ ਓਪੇਨਹਾਈਮਰ ਉਸ ਪਲ ਦਾ ਇੰਤਜ਼ਾਰ ਕਰ ਰਹੇ ਸਨ, ਜੋ ਦੁਨੀਆ ਨੂੰ ਬਦਲਣ ਵਾਲਾ ਸੀ।
ਉਸ ਬੰਕਰ ਤੋਂ ਕਰੀਬ ਛੇ ਮੀਲ ਜਾਂ ਕਹੋ ਕਿ ਕਰੀਬ 10 ਕਿਲੋਮੀਟਰ ਦੂਰ, ਨਿਊ ਮੈਕਸੀਕੋ ਦੇ ਹੋਨਾਰਦਾ ਡੇਲ ਮੁਏਰਟੋ ਦੇ ਧੁੰਧਲੇ ਰੇਗਿਸਤਾਨ ਵਿੱਚ ਦੁਨੀਆ ਦਾ ਪਹਿਲਾ ਪਰਮਾਣੂ ਬੰਬ ਪ੍ਰੀਖਣ ਹੋਣ ਜਾ ਰਿਹਾ ਸੀ।
ਉਸ ਐਟਮੀ ਟੈਸਟ ਦਾ ਕੋਡ ਨਾਂ ਸੀ ‘ਟ੍ਰਿਨਿਟੀ।’
ਓਪੇਨਹਾਈਮਰ ਥੱਕੇ ਹੋਏ ਸਨ। ਉਹ ਕੁਝ ਸੋਚ ਵਿਚਾਰ ਵਿੱਚ ਵੀ ਸਨ। ਉਂਜ ਤਾਂ ਉਹ ਹਮੇਸ਼ਾ ਹੀ ਛਾਂਟੇ ਹੋਏ ਸਰੀਰ ਦੇ ਰਹੇ ਸਨ, ਪਰ ਤਿੰਨ ਸਾਲ ਤੱਕ ਐਟਮ ਬੰਬ ਡਿਜ਼ਾਇਨ ਕਰਨ ਵਿੱਚ ਲੱਗੇ, ‘ਮੈਨਹਟਨ ਇੰਜੀਨੀਅਰ ਡਿਸਟ੍ਰਿਕਟ’ ਦੀ ਵਿਗਿਆਨਕ ਸ਼ਾਖਾ, ‘ਪ੍ਰੋਜੈਕਟ ਵਾਈ’ ਦੇ ਨਿਰਦੇਸ਼ਕ ਵਜੋਂ ਸੇਵਾਵਾਂ ਨਿਭਾਉਣ ਵੇਲੇ, ਓਪੇਨਹਾਈਮਰ ਦਾ ਵਜ਼ਨ ਹੋਰ ਘਟ ਗਿਆ ਸੀ, ਹੁਣ ਉਨ੍ਹਾਂ ਦਾ ਭਾਰ 52 ਕਿਲੋ ਰਹਿ ਗਿਆ ਸੀ।
ਵਜ਼ਨ ਇੰਨਾ ਘੱਟ ਹੋ ਜਾਣ ਦੀ ਵਜ੍ਹਾ ਨਾਲ ਪੰਜ ਫੁੱਟ ਦਸ ਇੰਚ ਲੰਬੇ ਓਪੇਨਹਾਈਮਰ ਬਹੁਤ ਪਤਲੇ ਨਜ਼ਰ ਆ ਰਹੇ ਸਨ। ਉਸ ਰਾਤ ਉਹ ਕੇਵਲ ਚਾਰ ਘੰਟੇ ਸੌਂ ਸਕੇ ਸਨ।
ਉਹ ਆਉਣ ਵਾਲੇ ਕੱਲ੍ਹ ਦੀ ਫ਼ਿਕਰ ਅਤੇ ਬੇਤਹਾਸ਼ਾ ਸਿਗਰਟ ਪੀਣ ਦੀ ਆਦਤ ਕਾਰਨ ਉਨ੍ਹਾਂ ਨੂੰ ਰਾਤ ਖੰਘ ਆਉਂਦੀ ਤੇ ਉਹ ਜਾਗਦੇ ਰਹਿੰਦੇ ਸਨ।
ਜਦੋਂ ਧਮਾਕਾ ਹੋਇਆ
ਰਾਬਰਟ ਓਪੇਨਹਾਈਮਰ ਦੀ ਜੀਵਨੀ ਲਿਖਣ ਵਾਲੇ ਇਤਿਹਾਸਕਾਰਾਂ ਕਾਈ ਬਰਡ ਅਤੇ ਮਾਰਟਿਨ ਜੇ ਸ਼ੇਰਵਿਨ ਨੇ 1945 ਦੇ ਉਸ ਦਿਨ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਫ਼ੈਸਲਾਕੁੰਨ ਪਲਾਂ ਵਿੱਚੋਂ ਇੱਕ ਦੱਸਿਆ ਹੈ।
ਬਰਡ ਅਤੇ ਸ਼ੇਰਵਿਨ ਨੇ ਓਪੇਨਹਾਈਮਰ ਦੀ ਜੀਵਨੀ ‘ਅਮੈਰਿਕਨ ਪ੍ਰੋਮੋਥਿਯਸ’ ਦੇ ਨਾਂ ਨਾਲ ਲਿਖੀ ਹੈ। ਇਸੇ ਕਿਤਾਬ ਦੇ ਆਧਾਰ ’ਤੇ ਓਪੇਨਹਾਈਮਰ ਦੀ ਜ਼ਿੰਦਗੀ ’ਤੇ ਇੱਕ ਨਵੀਂ ਫਿਲਮ ‘ਓਪੇਨਹਾਈਮਰ’ ਬਣਾਈ ਗਈ ਹੈ ਜੋ 21 ਜੁਲਾਈ ਨੂੰ ਅਮਰੀਕਾ ਵਿੱਚ ਰਿਲੀਜ਼ ਹੋਈ ਹੈ।
ਬਰਡ ਅਤੇ ਸ਼ੇਰਵਿਨ ਲਿਖਦੇ ਹਨ ਕਿ ਬੰਬ ਧਮਾਕੇ ਦੇ ਕਾਉਂਟਡਾਊਨ ਨੇ ਆਖਰੀ ਮਿੰਟਾਂ ਵਿੱਚ ਸੈਨਾ ਦੇ ਇੱਕ ਜਨਰਲ ਨੇ ਉਸ ਸਮੇਂ ਓਪੇਨਹਾਈਮਰ ਦੇ ਮੂਡ ਨੂੰ ਬਹੁਤ ਨੇੜਿਓਂ ਭਾਪਿਆ ਸੀ।
ਉਸ ਜਨਰਲ ਨੇ ਦੱਸਿਆ ਕਿ, ‘‘ਜਿਵੇਂ ਜਿਵੇਂ ਧਮਾਕੇ ਦਾ ਸਮਾਂ ਨੇੜੇ ਆ ਰਿਹਾ ਸੀ…ਡਾਕਟਰ ਓਪੇਨਹਾਈਮਰ ਦਾ ਤਣਾਅ ਵਧਦਾ ਜਾ ਰਿਹਾ ਸੀ…ਉਸ ਵਕਤ ਉਹ ਸਾਹ ਬਹੁਤ ਔਖਾ ਲੈ ਰਹੇ ਸਨ।’’
ਆਖਿਰਕਾਰ ਜਦੋਂ ਧਮਾਕਾ ਹੋਇਆ ਤਾਂ ਉਸ ਨੇ ਸੂਰਜ ਦੀ ਚਮਕ ਨੂੰ ਵੀ ਧੁੰਦਲਾ ਕਰ ਦਿੱਤਾ ਸੀ।
21 ਕਿਲੋ ਟਨ ਟੀਐੱਨਟੀ ਦੀ ਤਾਕਤ ਵਾਲਾ ਇਹ ਵਿਸਫੋਟ ਇਨਸਾਨ ਦਾ ਕੀਤਾ, ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਸੀ।
ਇਸ ਨਾਲ ਇੰਨਾ ਤੇਜ਼ ਝਟਕਾ ਪੈਦਾ ਹੋਇਆ ਜੋ 160 ਕਿਲੋਮੀਟਰ ਦੂਰ ਤੱਕ ਮਹਿਸੂਸ ਕੀਤਾ ਗਿਆ।
ਜਦੋਂ ਪੂਰੇ ਮੰਜ਼ਰ ’ਤੇ ਗਰਜ ਧਮਕ ਭਾਰੂ ਹੋ ਗਈ ਅਤੇ ਵਿਸਫੋਟ ਦਾ ਗੁਬਾਰ ਆਸਮਾਨ ਵੱਲ ਵਧਿਆ ਤਾਂ ਓਪੇਨਹਾਈਮਰ ਦੇ ਚਿਹਰੇ ’ਤੇ ਪਸਰਿਆ ਹੋਇਆ ਤਣਾਅ ‘ਜ਼ਬਰਦਸਤ ਰਾਹਤ’ ਵਿੱਚ ਤਬਦੀਲ ਹੋ ਚੁੱਕਿਆ ਸੀ।
ਓਪੇਨਹਾਈਮਰ ਦੇ ਦੋਸਤ ਅਤੇ ਨਾਲ ਕੰਮ ਕਰਨ ਵਾਲੇ ਇਸੀਡੋਰ ਰਾਬੀ ਨੇ ਉਸ ਸਮੇਂ ਥੋੜ੍ਹੀ ਦੂਰ ਤੋਂ ਉਨ੍ਹਾਂ ਨੂੰ ਦੇਖਿਆ ਸੀ।
ਉਨ੍ਹਾਂ ਨੇ ਬਾਅਦ ਵਿੱਚ ਦੱਸਿਆ, ‘‘ਮੈਂ ਉਨ੍ਹਾਂ ਦੀ ਚਹਿਲਕਦਮੀ ਦੇ ਅੰਦਾਜ਼ ਕਦੇ ਨਹੀਂ ਭੁੱਲ ਸਕਦਾ। ਮੇਰੇ ਜ਼ਹਿਨ ਤੋਂ ਉਹ ਤਸਵੀਰ ਕਦੇ ਨਹੀਂ ਮਿਟ ਸਕਦੀ, ਜਦੋਂ ਉਹ ਕਾਰ ਤੋਂ ਉਤਰੇ ਸਨ…ਉਨ੍ਹਾਂ ਦੀ ਚਾਲ ਦੇਖ ਕੇ ਅਜਿਹਾ ਲੱਗ ਰਿਹਾ ਸੀ, ਜਿਵੇਂ ਉਹ ਸੱਤਵੇਂ ਆਸਮਾਨ ’ਤੇ ਹੋਣ। ਉਹ ਬਹੁਤ ਆਕੜ ਕੇ ਤੁਰ ਰਹੇ ਸਨ। ਉਨ੍ਹਾਂ ਨੇ ਇਹ ਕਾਰਨਾਮਾ, ਕਰ ਦਿਖਾਇਆ ਸੀ।’’

ਤਸਵੀਰ ਸਰੋਤ, Getty Images
ਯਾਦ ਆਇਆ ਗੀਤਾ ਦਾ ਸ਼ਲੋਕ
1960 ਦੇ ਦਹਾਕੇ ਵਿੱਚ ਦਿੱਤੇ ਗਏ ਇੱਕ ਇੰਟਰਵਿਊ ਵਿੱਚ ਓਪੇਨਹਾਈਮਰ ਨੇ ਆਪਣੀ ਉਸ ਪ੍ਰਤੀਕਿਰਿਆ ’ਤੇ ਦਾਰਸ਼ਨਿਕਤਾ ਦਾ ਇੱਕ ਲਬਾਦਾ ਪਾ ਦਿੱਤਾ ਸੀ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਐਟਮ ਬੰਬ ਦੇ ਧਮਾਕੇ ਦੇ ਬਾਅਦ ਉਨ੍ਹਾਂ ਦੇ ਜ਼ਹਿਨ ਵਿੱਚ ਹਿੰਦੂ ਧਰਮ ਗ੍ਰੰਥ ਗੀਤਾ ਦਾ ਇੱਕ ਸ਼ਲੋਕ ਆਇਆ ਸੀ।
ਅੰਗਰੇਜ਼ੀ ਵਿੱਚ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਗੀਤਾ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਮੈਂ ਹੁਣ ਕਾਲ ਹਾਂ ਜੋ ਲੋਕਾਂ (ਦੁਨੀਆ) ਦਾ ਨਾਸ਼ ਕਰ ਸਕਦਾ ਹਾਂ।’’
ਉਹ ਗੀਤਾ ਦੇ 11ਵੇਂ ਅਧਿਆਏ ਦੇ 32ਵੇਂ ਸ਼ਲੋਕ ਦਾ ਜ਼ਿਕਰ ਕਰ ਰਹੇ ਸਨ।
ਜਿੱਥੇ ਕ੍ਰਿਸ਼ਨ ਕਹਿੰਦੇ ਹਨ, ‘‘ਕਾਲ: ਅਸ੍ਮਿ ਲੋਕਾਕ੍ਸ਼ਯਕ੍ਰਿਤਪ੍ਰਵਿਧੋ ਲੋਕਾਂਸਮਹਾਰ੍ਤੁਮਿਹ ਪ੍ਰਵ੍ਰਿਤਹ।।’’
ਯਾਨੀ ‘ਮੈਂ ਲੋਕਾਂ ਦਾ ਨਾਸ਼ ਕਰਨ ਵਾਲਾ ਵਧਿਆ ਹੋਇਆ ਕਾਲ ਹਾਂ।’’
ਓਪੇਨਹਾਈਮਰ ਦੇ ਦੋਸਤਾਂ ਨੇ ਦੱਸਿਆ ਕਿ ਪਰਮਾਣੂ ਪ੍ਰੀਖਣ ਦੇ ਬਾਅਦ ਦੇ ਦਿਨਾਂ ਵਿੱਚ ਉਹ ਬਹੁਤ ਉਦਾਸ ਰਹਿਣ ਲੱਗੇ ਸਨ। ਇੱਕ ਨੇ ਉਸ ਦੌਰ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਰਾਬਰਟ ਦਾ ‘ਜੀਵਨ ਜਿਵੇਂ ਠਹਿਰ ਗਿਆ ਸੀ।’
ਉਹ ਉਨ੍ਹਾਂ ਦੋ ਹਫ਼ਤਿਆਂ ਦੇ ਦੌਰਾਨ ਹਰ ਵਕਤ ਕਿਸੇ ਖਿਆਲ ਵਿੱਚ ਗੁੰਮ ਦਿਖਾਈ ਦਿੰਦੇ ਸਨ। ਕਿਉਂਕਿ ਉਨ੍ਹਾਂ ਜਾਣਦੇ ਸਨ ਕਿ ਕੀ ਹੋਣ ਵਾਲਾ ਹੈ।
ਇੱਕ ਸਵੇਰ ਤਾਂ ਉਨ੍ਹਾਂ ਨੂੰ ਜਪਾਨੀਆਂ ਦੇ ਭਵਿੱਖ ਨੂੰ ਲੈ ਕੇ ਇਸ ਤਰ੍ਹਾਂ ਅਫ਼ਸੋਸ ਪ੍ਰਗਟਾਉਂਦੇ ਹੋਏ (ਦੂਜਿਆਂ ਨੂੰ ਹੇਠਲੇ ਦਰਜੇ ਦਾ ਸਮਝਣ ਵਾਲੀ ਸੋਚ ਦੇ ਨਾਲ) ਸੁਣਿਆ ਗਿਆ ਕਿ ਉਹ ਕਹਿ ਰਹੇ ਸਨ, “ਉਹ ਵਿਚਾਰੇ ਗਰੀਬ ਛੋਟੇ ਲੋਕ, ਉਹ ਵਿਚਾਰੇ ਗਰੀਬ ਲੋਕ…” ਪਰ, ਇਸ ਦੇ ਕੁਝ ਦਿਨ ਬਾਅਦ ਹੀ ਉਹ ਇੱਕ ਵਾਰ ਫਿਰ ਤੋਂ ਬੇਚੈਨ, ਸਥਿਰ ਅਤੇ ਸਖ਼ਤ ਮਿਜ਼ਾਜ ਵਿੱਚ ਦਿਖੇ।
ਪਰਮਾਣੂ ਬੰਬ ਬਣਾਉਣ ਦੇ ਉਸ ਪ੍ਰਾਜੈਕਟ ਵਿੱਚ ਸੈਨਾ ਦੇ ਆਪਣੇ ਸਾਥੀਆਂ ਨਾਲ ਇੱਕ ਮੀਟਿੰਗ ਦੇ ਦੌਰਾਨ ਤਾਂ ਅਜਿਹਾ ਲੱਗਿਆ ਕਿ ਉਹ ਸ਼ਾਇਦ ‘ਉਨ੍ਹਾਂ ਵਿਚਾਰੇ ਗਰੀਬ ਲੋਕਾਂ’ ਨੂੰ ਪੂਰੀ ਤਰ੍ਹਾਂ ਭੁੱਲ ਚੁੱਕੇ ਸਨ।
ਬਰਡ ਅਤੇ ਸ਼ੇਰਵਿਨ ਦੇ ਮੁਤਾਬਿਕ, ਇਸ ਦੀ ਬਜਾਏ ਉਸ ਸਮੇਂ ਓਪੇਨਹਾਈਮਰ ਦਾ ਪੂਰਾ ਧਿਆਨ ਇਸ ਗੱਲ ਵਿੱਚ ਲੱਗਿਆ ਹੋਇਆ ਸੀ ਕਿ ਐਟਮ ਬੰਬ ਨੂੰ ਗਿਰਾਉਣ ਲਈ ਸਟੀਕ ਹਾਲਾਤ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ।
ਉਹ ਕਹਿ ਰਹੇ ਸਨ, ‘ਹਾਂ, ਉਨ੍ਹਾਂ ਨੂੰ ਬਾਰਿਸ਼ ਜਾਂ ਕੋਰੇ ਵਿੱਚ ਇਸ ਨੂੰ ਨਹੀਂ ਗਿਰਾਉਣਾ ਚਾਹੀਦਾ…ਉਨ੍ਹਾਂ ਨੂੰ ਜ਼ਿਆਦਾ ਉੱਚਾਈ ’ਤੇ ਜਾ ਕੇ ਧਮਾਕਾ ਨਾ ਕਰਨ ਦਿਓ। ਇਸ ਦੇ ਉੱਪਰ ਜੋ ਅੰਕੜਾ ਲਿਖਿਆ ਹੈ, ਉਹ ਬਿਲਕੁਲ ਸਹੀ ਹੈ। ਬੰਬ ਨੂੰ ਉੱਪਰ ਵੱਲ ਨਾ ਜਾਣ ਦੇਣਾ, ਨਹੀਂ ਤਾਂ ਇਸ ਨਾਲ ਬਹੁਤ ਜ਼ਿਆਦਾ ਨੁਕਸਾਨ ਨਹੀਂ ਹੋ ਸਕੇਗਾ।’
ਐਟਮੀ ਟੈਸਟ ਦੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੇ ਅੰਦਰ ਹੀਰੋਸ਼ੀਮਾ ’ਤੇ ਪਰਮਾਣੂ ਬੰਬ ਦਾ ਹਮਲਾ ਕਾਮਯਾਬ ਰਿਹਾ ਸੀ।
ਜਦੋਂ ਓਪੇਨਹਾਈਮਰ ਨੇ ਆਪਣੇ ਸਾਥੀਆਂ ਵਿਚਕਾਰ ਇਸ ਕਾਮਯਾਬੀ ਦਾ ਐਲਾਨ ਕੀਤਾ ਤਾਂ ਉੱਥੇ ਮੌਜੂਦ ਇੱਕ ਸ਼ਖ਼ਸ ਨੇ ਦੇਖਿਆ, ‘‘ਉਨ੍ਹਾਂ ਨੇ ਆਪਣੀ ਮੁੱਠੀ ਜ਼ੋਰ ਨਾਲ ਮੀਚ ਲਈ ਅਤੇ ਆਪਣੇ ਹੱਥ ਨੂੰ ਖੁਸ਼ੀ ਨਾਲ ਹਵਾ ਵਿੱਚ ਹਿਲਾਇਆ ਸੀ। ਜਿਵੇਂ ਉਹ ਕੋਈ ਅਜਿਹਾ ਲੜਕਾ ਹੋਵੇ, ਜਿਸ ਨੇ ਹੁਣੇ-ਹੁਣੇ ਕੋਈ ਵੱਡਾ ਇਨਾਮ ਜਿੱਤ ਲਿਆ ਹੋਵੇ।’’
ਉਸ ਵਕਤ ‘ਛੱਪੜ ਫਾੜ ਤਾੜੀਆਂ ਵੱਜੀਆਂ’ ਸਨ।

ਤਸਵੀਰ ਸਰੋਤ, Getty Images
‘ਕਲਪਨਾ ਨਾਲ ਹੇਰਾਫੇਰੀ ਕਰਨ ਵਿੱਚ ਉਸਤਾਦ ਵਿਗਿਆਨਕ
ਓਪੇਨਹਾਈਮਰ, ਮੈਨਹਟਨ ਪ੍ਰਾਜੈਕਟ ਦੇ ਜਜ਼ਬਾਤੀ ਅਤੇ ਬੌਧਿਕ ਦਿਲ ਸਨ।
ਉਹ ਇਕਲੌਤੇ ਸ਼ਖ਼ਸ ਸਨ ਜਿਨ੍ਹਾਂ ਨੇ ਪਰਮਾਣੂ ਬੰਬ ਨੂੰ ਹਕੀਕਤ ਬਣਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੀ।
ਵਿਸ਼ਵ ਯੁੱਧ ਦੇ ਬਾਅਦ ਓਪੇਨਹਾਈਮਰ ਨਾਲ ਕੰਮ ਕਰਨ ਵਾਲੇ ਜੇਰੇਮੀ ਬਰਨਸਟਾਈਨ ਨੂੰ ਪੂਰਾ ਯਕੀਨ ਸੀ ਕਿ ਕੋਈ ਹੋਰ ਸ਼ਖ਼ਸ ਇਹ ਕਰ ਹੀ ਨਹੀਂ ਸਕਦਾ ਸੀ।
ਬਰਨਸਟਾਈਨ ਨੇ 2004 ਵਿੱਚ ਆਪਣੀ ਜੀਵਨ ਕਥਾ ‘ਏ ਪੋਰਟ੍ਰੇਟ ਆਫ਼ੈ ਐਨ ਐਨਿਗਮਾ’ ਵਿੱਚ ਲਿਖਿਆ ਸੀ, ‘‘ਜੇਕਰ ਓਪੇਨਹਾਈਮਰ ਲਾਸ ਅਲਾਮੋਸ ਵਿੱਚ ਨਿਰਦੇਸ਼ਕ ਨਹੀਂ ਹੁੰਦੇ, ਤਾਂ ਮੇਰਾ ਵਿਸ਼ਵਾਸ ਹੈ ਕਿ ਨਤੀਜਾ ਚਾਹੇ ਕੁਝ ਵੀ ਹੁੰਦਾ, ਵਿਸ਼ਵ ਯੁੱਧ ਬਿਨਾਂ ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਵੀ ਖ਼ਤਮ ਹੋ ਜਾਣਾ ਸੀ।’’
ਆਪਣੀ ਮਿਹਨਤ ਦੀ ਕਾਮਯਾਬੀ ਨੂੰ ਦੇਖਦੇ ਹੋਏ ਓਪੇਨਹਾਈਮਰ ਨੇ ਜੋ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ। ਜਿਸ ਰਫ਼ਤਾਰ ਨਾਲ ਉਹ ਖੁਸ਼ੀ ਦੀ ਚਰਮ ਸੀਮਾ ਤੋਂ ਉਦਾਸੀ ਦੀ ਗਹਿਰਾਈ ਤੱਕ ਝੂਲਦੇ ਨਜ਼ਰ ਆਏ। ਇਹ ਸਭ ਕਿਸੇ ਨੂੰ ਵੀ ਹੈਰਾਨ ਕਰਨ ਵਾਲਾ ਹੈ।
ਕਿਸੇ ਇੱਕ ਵਿਅਕਤੀ ਦੇ ਕਿਰਦਾਰ ਵਿੱਚੋਂ ਘਬਰਾਹਟ, ਸੂਖ਼ਮਤਾ, ਮਹੱਤਵ ਅਤੇ ਆਸਾਂ ਜਾਂ ਬਿਮਾਰ ਕਰ ਦੇਣ ਦੀ ਹੱਦ ਵਾਲੀ ਉਦਾਸੀ ਦਾ ਸੁਮੇਲ ਲੱਭਣਾ ਤਕਰੀਬਨ ਅਸੰਭਵ ਹੈ।
ਖਾਸ ਤੌਰ ’ਤੇ ਅਜਿਹੇ ਇਨਸਾਨ ਦੇ ਅੰਦਰ ਜੋ ਕਿਸੇ ਇਸ ਤਰ੍ਹਾਂ ਦੇ ਪ੍ਰਾਜੈਕਟ ਲਈ ਜ਼ਿੰਮੇਵਾਰ ਹੋਵੇ, ਜਿਸ ਦੀ ਕਾਮਯਾਬੀ ’ਤੇ ਵੱਖੋ-ਵੱਖਰੇ ਅਤੇ ਵਿਰੋਧਾਭਾਸੀ ਜਜ਼ਬਾਤ ਜ਼ਾਹਿਰ ਕੀਤੇ ਗਏ ਹੋਣ।
ਬਰਡ ਅਤੇ ਸ਼ੇਰਵਿਨ, ਓਪੇਨਹਾਈਮਰ ਨੂੰ ਇੱਕ ‘ਬੁਝਾਰਤ’ ਵੀ ਕਹਿੰਦੇ ਹਨ।
ਉਹ ਲਿਖਦੇ ਹਨ, ‘‘ਇੱਕ ਸਿਧਾਂਤਕ ਭੌਤਿਕ ਵਿਗਿਆਨਕ ਜਿਸ ਨੇ ਇੱਕ ਮਹਾਨ ਆਗੂ ਦੀਆਂ ਕ੍ਰਿਸ਼ਮਈ ਖ਼ੂਬੀਆਂ ਦੀ ਨੁਮਾਇਸ਼ ਕੀਤੀ ਹੋਵੇ, ਕਲਾ ਦਾ ਅਜਿਹਾ ਪਾਰਖੀ, ਜਿਸ ਨੇ ਆਪਣੇ ਅੰਦਰ ਦੀਆਂ ਦੁਵਿਧਾਵਾਂ ਨੂੰ ਪਾਲਿਆ ਪੋਸਿਆ ਹੋਵੇ।’’
ਯਾਨੀ ਇੱਕ ਵਿਗਿਆਨਿਕ ਜਿਨ੍ਹਾਂ ਬਾਰੇ ਕਿਸੇ ਦੋਸਤ ਨੇ ਕਦੇ ਕਿਹਾ ਸੀ ਕਿ, ਉਹ ‘ਕਲਪਨਾਵਾਂ ਨਾਲ ਹੇਰਾ-ਫੇਰੀ ਕਰਨ ਦੇ ਉਸਤਾਦ’ ਸਨ।
ਕਾਈ ਬਰਡ ਅਤੇ ਮਾਰਟਿਨ ਸ਼ੇਰਵਿਨ ਦੇ ਬਿਆਨ ਦੇ ਮੁਤਾਬਿਕ, ਓਪੇਨਹਾਈਮਰ ਦੀ ਸ਼ਖ਼ਸੀਅਤ ਦੇ ਇਹ ਵਿਰੋਧਾਭਾਸ, ਉਨ੍ਹਾਂ ਦੀਆਂ ਇਹ ਖ਼ੂਬੀਆਂ ਉਨ੍ਹਾਂ ਦੇ ਦੋਸਤਾਂ ਅਤੇ ਜੀਵਨੀ ਲਿਖਣ ਵਾਲੇ, ਦੋਵਾਂ ਨੂੰ ਹੈਰਤ ਵਿੱਚ ਪਾ ਦਿੰਦੀਆਂ ਸਨ।
ਜਿਸ ਨਾਲ ਉਨ੍ਹਾਂ ਲਈ ਓਪੇਨਹਾਈਮਰ ਦਾ ਕਿਰਦਾਰ ਬਿਆਨ ਕਰ ਸਕਣਾ ਔਖਾ ਹੋ ਜਾਂਦਾ ਸੀ।
ਪਰ, ਅਜਿਹਾ ਲੱਗਦਾ ਹੈ ਕਿ ਓਪੇਨਹਾਈਮਰ ਦੇ ਅੰਦਰ ਇਹ ਵਿਰੋਧਾਭਾਸ ਬਚਪਨ ਤੋਂ ਹੀ ਮੌਜੂਦ ਸੀ।
ਉਹ 1904 ਵਿੱਚ ਨਿਊਯਾਰਕ ਵਿੱਚ ਪੈਦਾ ਹੋਏ ਸਨ। ਓਪੇਨਹਾਈਮਰ, ਜਰਮਨੀ ਤੋਂ ਅਮਰੀਕਾ ਆ ਕੇ ਵਸੇ ਪਹਿਲੀ ਪੀੜ੍ਹੀ ਦੇ ਯਹੂਦੀ ਪਰਵਾਸੀਆਂ ਦੇ ਪੁੱਤ ਸਨ।
ਕੱਪੜਿਆਂ ਦੇ ਕਾਰੋਬਾਰ ਵਿੱਚ ਕਾਮਯਾਬੀ ਨੇ ਉਨ੍ਹਾਂ ਦੇ ਪਰਿਵਾਰ ਨੂੰ ਅਮੀਰ ਬਣਾ ਦਿੱਤਾ ਸੀ।
ਉਨ੍ਹਾਂ ਦਾ ਪਰਿਵਾਰ, ਨਿਊਯਾਰਕ ਦੇ ਉੱਪਰ ਵੈਸਟ ਸਾਈਡ ਵਿੱਚ ਵੱਡੇ ਅਪਾਰਟਮੈਂਟ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਘਰ ਵਿੱਚ ਤਿੰਨ ਨੌਕਰਾਣੀਆਂ ਅਤੇ ਇੱਕ ਡਰਾਈਵਰ ਕੰਮ ਕਰਦੇ ਸਨ। ਘਰ ਦੀਆਂ ਕੰਧਾਂ ’ਤੇ ਯੂਰੋਪੀਅਨ ਕਲਾਕ੍ਰਿਤੀਆਂ ਟੰਗੀਆਂ ਹੁੰਦੀਆਂ ਸਨ।

ਤਸਵੀਰ ਸਰੋਤ, Getty Images
‘ਜੀਨੀਅਸ ਬੇਟਾ’
ਇੱਕ ਅਮੀਰ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਵਜੂਦ ਓਪੇਨਹਾਈਮਰ ਇੱਕ ਵਿਗੜਿਆ ਹੋਇਆ ਬੱਚਾ ਨਹੀਂ ਸੀ।
ਬਚਪਨ ਦੇ ਦੋਸਤ ਉਨ੍ਹਾਂ ਨੂੰ ਸਿੱਧਾ ਸਾਦਾ ਅਤੇ ਵੱਡੇ ਦਿਲਵਾਲੇ ਵਿਅਕਤੀ ਵਜੋਂ ਯਾਦ ਕਰਦੇ ਸਨ।
ਸਕੂਲ ਦੇ ਦਿਨਾਂ ਦੀ ਇੱਕ ਦੋਸਤ ਜੇਨ ਡਿਡਿਸ਼ਾਇਮ, ਓਪੇਨਹਾਈਮਰ ਨੂੰ ਇੱਕ ਅਜਿਹੇ ਬੱਚੇ ਦੇ ਤੌਰ ’ਤੇ ਯਾਦ ਕਰਦੀ ਸੀ, ਜੋ ‘ਬਹੁਤ ਜਲਦੀ ਸੰਗ ਜਾਂਦਾ ਸੀ’ ਜੋ ‘ਬਹੁਤ ਹੌਲੇ ਬਾਰ ਦਾ, ਗੁਲਾਬੀ ਗੱਲ੍ਹਾਂ ਵਾਲਾ…ਬੇਹੱਦ ਸ਼ਰਮੀਲਾ ਸੀ, ਪਰ ‘ਬਹੁਤ ਅਕਲਮੰਦ’ ਵੀ ਸੀ।
ਜੇਨ ਨੇ ਕਿਹਾ ਕਿ, ‘ਹਰ ਕੋਈ ਬਹੁਤ ਸੌਖਿਆਈ ਨਾਲ ਇਹ ਮੰਨ ਲੈਂਦਾ ਸੀ ਕਿ ਉਹ ਦੂਜਿਆਂ ਤੋਂ ਬਹੁਤ ਅਲੱਗ ਅਤੇ ਕਾਬਲ ਸੀ।’
ਨੌਂ ਸਾਲ ਦੀ ਉਮਰ ਵਿੱਚ ਓਪੇਨਹਾਈਮਰ, ਗ੍ਰੀਕ ਅਤੇ ਲੈਟਿਨ ਜ਼ੁਬਾਨਾਂ ਵਿੱਚ ਦਰਸ਼ਨ ਪੜ੍ਹਨ ਲੱਗੇ ਸਨ।
ਖਣਿਜ ਵਿਗਿਆਨ ਨੂੰ ਲੈ ਕੇ ਤਾਂ ਉਹ ਜਨੂੰਨੀ ਸਨ।
ਉਸ ਦੌਰ ਵਿੱਚ ਉਹ ਸੈਂਟਰਲ ਪਾਰਕ ਵਿੱਚ ਐਂਵੇ ਹੀ ਟਹਿਲਦੇ ਰਹਿੰਦੇ ਸਨ ਅਤੇ ਫਿਰ, ਅਪਣੀਆਂ ਨਵੀਆਂ ਨਵੀਆਂ ਖੋਜਾਂ ਬਾਰੇ ਨਿਊਯਾਰਕ ਦੇ ਮਿਨਰੇਲੌਜਿਕਲ ਕਲੱਬ ਨੂੰ ਚਿੱਠੀਆਂ ਲਿਖਦੇ ਸਨ।
ਉਨ੍ਹਾਂ ਦੀਆਂ ਚਿੱਠੀਆਂ ਇੰਨੀਆਂ ਵਧੀਆ ਹੁੰਦੀਆਂ ਸਨ ਕਿ ਇੱਕ ਬਾਰ ਤਾਂ ਕਲੱਬ ਨੇ ਉਨ੍ਹਾਂ ਨੂੰ ਇੱਕ ਬਾਲਗ ਇਨਸਾਨ ਸਮਝ ਕੇ ਪ੍ਰਜੈਂਟੇਸ਼ਨ ਦੇਣ ਦਾ ਸੱਦਾ ਵੀ ਭੇਜਿਆ ਸੀ।
ਬਰਡ ਅਤੇ ਸ਼ੇਰਵਿਨ ਲਿਖਦੇ ਹਨ ਕਿ ਇਸ ਬੌਧਿਕ ਮਿਜ਼ਾਜ ਨੇ ਬਚਪਨ ਤੋਂ ਹੀ ਓਪੇਨਹਾਈਮਰ ਨੂੰ ਤਨਹਾ ਕਰ ਦਿੱਤਾ ਸੀ।
ਇੱਕ ਦੋਸਤ ਨੇ ਉਸ ਦੌਰ ਨੂੰ ਯਾਦ ਕਰਦੇ ਹੋਏ ਦੱਸਿਆ, ‘ਉਹ ਜੋ ਕੁਝ ਵੀ ਕਰ ਜਾਂ ਸੋਚ ਰਹੇ ਹੁੰਦੇ ਸਨ, ਉਸੇ ਵਿੱਚ ਉਲਝੇ ਰਹਿੰਦੇ ਸਨ।’
ਉਹ ਆਪਣੀ ਉਮਰ ਦੇ ਦੂਜੇ ਬੱਚਿਆਂ ਵਾਂਗ ਕੰਮ ਵੀ ਨਹੀਂ ਕਰਦੇ ਸਨ।
ਉਨ੍ਹਾਂ ਨੂੰ ਖੇਡਾਂ ਵਿੱਚ ਕੋਈ ਦਿਲਚਸਪੀ ਨਹੀਂ ਸੀ।
ਉਨ੍ਹਾਂ ਦੇ ਰਿਸ਼ਤੇਦਾਰੀ ਵਿੱਚੋਂ ਲੱਗਦੇ ਭਰਾ ਨੇ ਕਿਹਾ, ‘‘ਉਹ ਆਪਣੇ ਹਮਉਮਰ ਦੂਜੇ ਬੱਚਿਆਂ ਦੀ ਤਰ੍ਹਾਂ ਜੋਖਮ ਵਾਲੇ ਕੰਮ ਕਰਨ ਤੋਂ ਬਚਦੇ ਸਨ। ਦੂਜਿਆਂ ਨਾਲੋਂ ਵੱਖਰਾ ਵਿਵਹਾਰ ਕਰਨ ਦੀ ਵਜ੍ਹਾ ਨਾਲ ਹਮਉਮਰ ਬੱਚੇ ਉਨ੍ਹਾਂ ਨੂੰ ਅਕਸਰ ਚਿੜ੍ਹਾਉਂਦੇ ਸਨ।’’
ਪਰ, ਓਪੇਨਹਾਈਮਰ ਦੇ ਮਾਂ-ਬਾਪ ਨੂੰ ਇਸ ਗੱਲ ਦਾ ਯਕੀਨ ਸੀ ਕਿ ਉਨ੍ਹਾਂ ਦਾ ਬੇਟਾ ਜੀਨੀਅਸ ਹੈ।
ਬਾਅਦ ਦੇ ਦਿਨਾਂ ਵਿੱਚ ਓਪੇਨਹਾਈਮਰ ਨੇ ਕਿਹਾ ਸੀ, ‘‘ਮੇਰੇ ਉੱਪਰ ਭਰੋਸਾ ਕਰਨ ਦਾ ਮਾਂ-ਬਾਪ ਦਾ ਇਹ ਕਰਜ਼, ਮੈਂ ਬੇਹੱਦ ਮਾੜਾ ਹੰਕਾਰ ਪੈਦਾ ਕਰਕੇ ਅਦਾ ਕੀਤਾ।’’
ਉਨ੍ਹਾਂ ਨੇ ਕਿਹਾ ਸੀ, ‘‘ਮੈਨੂੰ ਯਕੀਨ ਹੈ ਕਿ ਜੋ ਵੀ ਬੱਚੇ ਅਤੇ ਵੱਡੇ, ਬਦਕਿਸਮਤੀ ਨਾਲ ਮੇਰੇ ਨਜ਼ਦੀਕ ਆਏ ਹੋਣਗੇ, ਉਨ੍ਹਾਂ ਨੂੰ ਮੇਰੇ ਅੰਦਰਲੇ ਹੰਕਾਰ ਦੀ ਸਮਝ ਆਈ ਹੋਵੇਗੀ ਤੇ ਸੱਟ ਪਹੁੰਚੀ ਹੋਵੇਗੀ।’’
ਇੱਕ ਬਾਰ ਓਪੇਨਹਾਈਮਰ ਨੇ ਆਪਣੇ ਇੱਕ ਹੋਰ ਦੋਸਤ ਨੂੰ ਕਿਹਾ ਸੀ, ‘‘ਇਹ ਕੋਈ ਮਜ਼ੇ ਦੀ ਗੱਲ ਨਹੀਂ ਹੈ ਕਿ ਕਿਸੇ ਕਿਤਾਬ ਦੇ ਪੰਨੇ ਖੋਲ੍ਹੀਏ ਅਤੇ ਕਹੀਏ ਕਿ ਹਾਂ, ਹਾਂ, ਮੈਨੂੰ ਇਹ ਸਭ ਪਤਾ ਹੈ।’’

ਰਾਬਰਟ ਓਪੇਨਹਾਈਮਰ ਬਨਾਮ ‘ਟ੍ਰਿਨਿਟੀ’
- ਰਾਬਰਟ ਨੇ ਆਪਣੇ ਪ੍ਰੋਜੈਕਟ ਦਾ ਨਾ ਟ੍ਰਿਨਿਟੀ ਰੱਖਿਆ ਸੀ ਤੇ ਕਿਹਾ ਜਾਂਦਾ ਹੈ ਕਿ ਇਹ ਕਵਿਤਾ ਤੋਂ ਪ੍ਰਭਾਵਿਤ ਸੀ।
- 21 ਕਿਲੋ ਟਨ ਟੀਐੱਨਟੀ ਦੀ ਤਾਕਤ ਵਾਲਾ ਇਹ ਵਿਸਫੋਟ ਇਨਸਾਨ ਦਾ ਕੀਤਾ, ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ ਸੀ।
- ਇਸ ਨਾਲ ਇੰਨਾ ਤੇਜ਼ ਝਟਕਾ ਪੈਦਾ ਹੋਇਆ ਜੋ 160 ਕਿਲੋਮੀਟਰ ਦੂਰ ਤੱਕ ਮਹਿਸੂਸ ਕੀਤਾ ਗਿਆ।
- ਓਪੇਨਹਾਈਮਰ ਦੀ ਜੀਵਨੀ ਲਿਖਣ ਵਾਲੇ ਇਤਿਹਾਸਕਾਰਾਂ 1945 ਦੇ ਉਸ ਦਿਨ ਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਫ਼ੈਸਲਾਕੁੰਨ ਪਲਾਂ ਵਿੱਚੋਂ ਇੱਕ ਦੱਸਿਆ ਹੈ।
- ਬਰਡ ਅਤੇ ਸ਼ੇਰਵਿਨ ਨੇ ਓਪੇਨਹਾਈਮਰ ਦੀ ਜੀਵਨੀ ਦਾ ਸਿਰਲੇਖ ‘ਅਮੈਰਿਕਨ ਪ੍ਰੋਮੋਥਿਯਸ’ ਹੈ।
- ਇਸੇ ਕਿਤਾਬ ਦੇ ਆਧਾਰ ’ਤੇ ਓਪੇਨਹਾਈਮਰ ਦੀ ਜ਼ਿੰਦਗੀ ’ਤੇ ਇੱਕ ਨਵੀਂ ਫਿਲਮ ‘ਓਪੇਨਹਾਈਮਰ’ ਬਣਾਈ ਗਈ ਹੈ ਜੋ 21 ਜੁਲਾਈ ਨੂੰ ਅਮਰੀਕਾ ਵਿੱਚ ਰਿਲੀਜ਼ ਹੋਈ ਹੈ।
- 1963 ਵਿੱਚ ਅਮਰੀਕੀ ਸਰਕਾਰ ਨੇ ਓਪੇਨਹਾਈਮਰ ਦੇ ਸਿਆਸੀ ਪੁਨਰਵਾਸ ਦੇ ਤੌਰ ’ਤੇ ਉਨ੍ਹਾਂ ਨੂੰ ਐਨਰਿਕੋ ਫਰਮੀ ਪੁਰਸਕਾਰ ਦਿੱਤਾ।


ਤਸਵੀਰ ਸਰੋਤ, UNIVERSAL
ਓਪੇਨਹਾਈਮਰ ਦੀਆਂ ਚਿੱਠੀਆਂ
ਜਦੋਂ ਓਪੇਨਹਾਈਮਰ ਨੇ ਹਾਰਵਰਡ ਵਿੱਚ ਰਸਾਇਣ ਸ਼ਾਸਤਰ ਪੜ੍ਹਨ ਲਈ ਘਰ ਛੱਡਿਆ ਤਾਂ ਉਨ੍ਹਾਂ ਦੀ ਇਹ ਮਨੋਵਿਗਿਆਨਕ ਕਮਜ਼ੋਰੀ ਬੇਪਰਦਾ ਹੋ ਗਈ।
ਅਜਿਹਾ ਲੱਗਿਆ ਕਿ ਉਨ੍ਹਾਂ ਦਾ ਨਾਜ਼ੁਕ ਹੰਕਾਰ ਅਤੇ ਨਕਾਬ ਵਿੱਚ ਲੁਕੀ ਹੋਈ ਸੰਵੇਦਨਸ਼ੀਲਤਾ ਵੀ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਏ।
1923 ਦਾ ਓਪੇਨਹਾਈਮਰ ਦਾ ਇੱਕ ਖ਼ਤ, 1980 ਦੇ ਇੱਕ ਸੰਗ੍ਰਹਿ ਵਿੱਚ ਛਪਿਆ ਸੀ, ਜਿਸ ਨੂੰ ਐਲਿਸ ਕਿੰਬਲ ਸਮਿੱਥ ਅਤੇ ਚਾਰਲਸ ਵੀਨਰ ਨੇ ਸੰਪਾਦਿਤ ਕੀਤਾ ਸੀ।
ਇਸ ਚਿੱਠੀ ਵਿੱਚ ਓਪੇਨਹਾਈਮਰ ਲਿਖਦੇ ਹਨ, ‘‘ਮੈਂ ਮਿਹਨਤ ਕਰਦਾ ਹਾਂ ਅਤੇ ਅਣਗਿਣਤ ਥੀਸਿਸ, ਨੋਟਸ, ਕਵਿਤਾਵਾਂ, ਕਹਾਣੀਆਂ ਅਤੇ ਕੂੜਾ ਲਿਖਦਾ ਹਾਂ…ਮੈਂ ਤਿੰਨ ਅਲੱਗ ਅਲੱਗ ਪ੍ਰਯੋਗਸ਼ਾਲਾਵਾਂ ਵਿੱਚ ਬਦਬੂ ਪੈਦਾ ਕਰਦਾ ਹਾਂ…ਮੈਂ ਚਾਹ ਪਰੋਸਦਾ ਹਾਂ ਅਤੇ ਕੁਝ ਗੁੰਮਨਾਮ ਲੋਕਾਂ ਨਾਲ, ਬਹੁਤ ਪੜ੍ਹੇ ਲਿਖੇ ਇਨਸਾਨ ਦੀ ਤਰ੍ਹਾਂ ਗੱਲ ਕਰਦਾ ਹਾਂ।”
“ਫਿਰ ਹਫ਼ਤੇ ਦੇ ਅੰਤ ਵਿੱਚ ਮੈਂ ਇਸ ਘਟੀਆ ਦਰਜੇ ਦੀ ਊਰਜਾ ਨੂੰ ਠਹਾਕਿਆਂ ਅਤੇ ਥਕਾਵਟ ਦੇ ਤੌਰ ’ਤੇ ਬਾਹਰ ਕੱਢਦਾ ਹਾਂ, ਗ੍ਰੀਕ ਸਾਹਿਤ ਪੜ੍ਹਦਾ ਹਾਂ, ਗਲਤੀਆਂ ਕਰਦਾ ਹਾਂ। ਆਪਣੀ ਮੇਜ਼ ’ਤੇ ਚਿੱਠੀਆਂ ਤਲਾਸ਼ਦਾ ਹਾਂ ਅਤੇ ਇਹ ਮੰਨਦਾ ਹਾਂ ਕਿ ਕਾਸ਼ ਮੈਂ ਮਰ ਜਾਂਦਾ।’’
ਸਮਿਥ ਅਤੇ ਵੀਨਰ ਨੇ ਬਾਅਦ ਵਿੱਚ ਜੋ ਚਿੱਠੀਆਂ ਇਕੱਠੀਆਂ ਕੀਤੀਆਂ ਹਨ, ਉਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਓਪੇਨਹਾਈਮਰ ਦੀ ਇਹ ਸਮੱਸਿਆ, ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਉਨ੍ਹਾਂ ਦੀ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਦੇ ਦੌਰ ਵਿੱਚ ਵੀ ਬਣੀ ਰਹੀ ਸੀ।
ਉਨ੍ਹਾਂ ਦੇ ਇੱਕ ਟਿਊਟਰ ਨੇ ਅਪਲਾਈਡ ਲੈਬ ਦਾ ਕੰਮ ਕਰਨ ’ਤੇ ਜ਼ੋਰ ਦਿੱਤਾ, ਜੋ ਓਪੇਨਹਾਈਮਰ ਦੀ ਇੱਕ ਵੱਡੀ ਕਮਜ਼ੋਰੀ ਸੀ।
ਉਨ੍ਹਾਂ ਨੇ 1925 ਵਿੱਚ ਲਿਖਿਆ, ‘‘ਮੈਂ ਬਹੁਤ ਬੁਰੇ ਦੌਰ ਤੋਂ ਗੁਜ਼ਰ ਰਿਹਾ ਹਾਂ। ਲੈਬ ਦਾ ਇਹ ਕੰਮ ਬਹੁਤ ਬੋਝਲ ਹੈ ਅਤੇ ਮੈਂ ਇਸ ਕੰਮ ਵਿੱਚ ਇੰਨਾ ਬੁਰਾ ਹਾਂ ਕਿ ਮੈਨੂੰ ਲੱਗਦਾ ਹੈ ਕਿ ਮੈਂ ਸ਼ਾਇਦ ਹੀ ਕੁਝ ਸਿੱਖ ਰਿਹਾ ਹਾਂ।’’
ਉਸੇ ਸਾਲ ਬਾਅਦ ਵਿੱਚ ਓਪੇਨਹਾਈਮਰ ਦੀ ਇਸ ਜ਼ਿੱਦ ਨੇ ਉਨ੍ਹਾਂ ਨੂੰ ਕਰੀਬ ਇੱਕ ਵੱਡੀ ਮੁਸੀਬਤ ਵਿੱਚ ਪਾ ਦਿੱਤਾ ਸੀ। ਹੋਇਆ ਇਹ ਸੀ ਕਿ ਉਨ੍ਹਾਂ ਨੇ ਜਾਣਬੁੱਝ ਕੇ ਲੈਬ ਦੇ ਕੈਮੀਕਲ ਤੋਂ ਜ਼ਹਿਰੀਲਾ ਬਣਾਇਆ ਗਿਆ ਇੱਕ ਸੇਬ ਆਪਣੇ ਅਧਿਆਪਕ ਦੀ ਮੇਜ਼ ’ਤੇ ਛੱਡ ਦਿੱਤਾ ਸੀ।
ਬਾਅਦ ਵਿੱਚ ਉਨ੍ਹਾਂ ਦੇ ਦੋਸਤ ਨੇ ਅੰਦਾਜ਼ਾ ਲਗਾਇਆ ਕਿ ਓਪੇਨਹਾਈਮਰ ਨੇ ਸ਼ਾਇਦ ਇਹ ਕਾਰਗੁਜ਼ਾਰੀ ਦੂਜਿਆਂ ਤੋਂ ਸਾੜੇ ਅਤੇ ਖੁਦ ਦੇ ਅਪੂਰਨ ਹੋਣ ਦੇ ਅਹਿਸਾਸ ਵਿੱਚੋਂ ਕੀਤੀ ਸੀ।
ਅਧਿਆਪਕ ਨੇ ਉਹ ਸੇਬ ਤਾਂ ਨਹੀਂ ਖਾਧਾ, ਪਰ ਇਸ ਕਰਤੂਤ ਦੀ ਵਜ੍ਹਾ ਨਾਲ ਕੈਂਬਰਿਜ ਵਿੱਚ ਓਪੇਨਹਾਈਮਰ ਦੀ ਪੜ੍ਹਾਈ ’ਤੇ ਸੰਕਟ ਦੇ ਬੱਦਲ ਜ਼ਰੂਰ ਛਾ ਗਏ ਸਨ।
ਅਧਿਆਪਕ ਨੇ ਅੱਗੇ ਦੀ ਪੜ੍ਹਾਈ ਜਾਰੀ ਰੱਖਣ ਲਈ ਓਪੇਨਹਾਈਮਰ ਦੇ ਉੱਪਰ ਇਹ ਸ਼ਰਤ ਰੱਖੀ ਕਿ ਉਹ ਕਿਸੇ ਮਨੋਵਿਗਿਆਨੀ ਨੂੰ ਮਿਲਣ।
ਉਨ੍ਹਾਂ ਨੇ ਅਜਿਹਾ ਕੀਤਾ ਵੀ ਤੇ ਇੱਕ ਮਨੋਵਿਗਿਅਨੀ ਦੀ ਸਲਾਹ ਲਈ ਵੀ।
ਉਸ ਡਾਕਟਰ ਨੇ ਓਪੇਨਹਾਈਮਰ ਦੇ ਅੰਦਰ ਮਨੋਵਿਕਾਰ ਦਾ ਪਤਾ ਵੀ ਲਗਾਇਆ। ਪਰ ਬਾਅਦ ਵਿੱਚ ਉਸ ਨੇ ਇਹ ਕਹਿੰਦੇ ਹੋਏ ਓਪੇਨਹਾਈਮਰ ਨੂੰ ਜਾਣ ਦਿੱਤਾ ਕਿ ਇਲਾਜ ਨਾਲ ਉਸ ਨੂੰ ਕੋਈ ਫਾਇਦਾ ਨਹੀਂ ਹੋਵੇਗਾ।

ਤਸਵੀਰ ਸਰੋਤ, Getty Images
ਜਦੋਂ ਖੁਦਕੁਸ਼ੀ ਕਰਨ ਬਾਰੇ ਸੋਚਿਆ
ਬਾਅਦ ਵਿੱਚ ਉਸ ਦੌਰ ਨੂੰ ਯਾਦ ਕਰਦੇ ਹੋਏ ਓਪੇਨਹਾਈਮਰ ਨੇ ਦੱਸਿਆ ਸੀ ਕਿ ਕ੍ਰਿਸਮਸ ਦੀਆਂ ਛੁੱਟੀਆਂ ਦੇ ਦੌਰਾਨ ਉਨ੍ਹਾਂ ਨੇ ਖੁਦਕੁਸ਼ੀ ਕਰਨ ਬਾਰੇ ਬਹੁਤ ਗੰਭੀਰਤਾ ਨਾਲ ਵਿਚਾਰ ਕੀਤਾ ਸੀ।
ਉਸ ਦੇ ਅਗਲੇ ਸਾਲ ਜਦੋਂ ਓਪੇਨਹਾਈਮਰ ਘੁੰਮਣ ਲਈ ਪੈਰਿਸ ਗਏ ਸੀ ਤਾਂ ਉਨ੍ਹਾਂ ਦੇ ਬੇਹੱਦ ਕਰੀਬੀ ਦੋਸਤ ਫਰਾਂਸਿਸ ਫਰਗਿਊਸਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਗਰਲਫਰੈਂਡ ਸਾਹਮਣੇ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ ਹੈ।
ਇਸ ਗੱਲ ’ਤੇ ਓਪੇਨਹਾਈਮਰ ਨੇ ਗਲਾ ਘੁੱਟ ਕੇ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।
ਫਰਗਿਊਸਨ ਨੇ ਉਸ ਦਿਨ ਨੂੰ ਯਾਦ ਕਰਦੇ ਹੋਏ ਦੱਸਿਆ, ‘‘ਉਹ ਪਿੱਛੇ ਤੋਂ ਮੇਰੇ ਉੱਪਰ ਕੁੱਦੇ ਅਤੇ ਬਿਸਤਰਾ ਬੰਨ੍ਹਣ ਦੀ ਇੱਕ ਰੱਸੀ ਨਾਲ ਮੇਰਾ ਗਲਾ ਘੁੱਟਣ ਲੱਗੇ…ਮੈਂ ਕਿਸੇ ਤਰ੍ਹਾਂ ਉਹ ਰੱਸੀ ਗਲੇ ਤੋਂ ਹਟਾ ਕੇ ਖੁਦ ਨੂੰ ਉਨ੍ਹਾਂ ਤੋਂ ਛੁਡਾਇਆ…ਅਤੇ ਉਹ ਜ਼ਮੀਨ ’ਤੇ ਡਿੱਗ ਕੇ ਰੋਣ ਲੱਗੇ ਸਨ।’’
ਅਜਿਹਾ ਲੱਗਦਾ ਹੈ ਕਿ ਜਦੋਂ ਮਨੋਵਿਗਿਆਨੀ ਤੋਂ ਓਪੇਨਹਾਈਮਰ ਦੀ ਪਰੇਸ਼ਾਨੀ ਦੂਰ ਨਹੀਂ ਹੋਈ ਤਾਂ ਸਾਹਿਤ ਉਨ੍ਹਾਂ ਦੇ ਬਹੁਤ ਕੰਮ ਆਇਆ।
ਬਰਡ ਅਤੇ ਸ਼ੇਰਵਿਨ ਦੇ ਮੁਤਾਬਿਕ, ਕੋਰਸਿਕਾ ਵਿੱਚ ਛੁੱਟੀਆਂ ਮਨਾਉਣ ਦੇ ਦੌਰਾਨ ਉਨ੍ਹਾਂ ਨੇ ਟਹਿਲਦੇ ਹੋਏ ਮਾਸੇਲ ਪਰੂਸਟ ਦੀ ‘ਏ ਲਾ ਰੇਸ਼ੇਰਸ਼ੇ ਡੂ ਟੈਂਪਸ ਪਰਡੂ’ ਪੜ੍ਹ ਲਈ।
ਉਨ੍ਹਾਂ ਨੂੰ ਇਸ ਵਿੱਚ ਆਪਣੀ ਜ਼ਹਿਨੀ ਕੈਫੀਅਤ ਦਾ ਕੁਝ ਕੁਝ ਅਕਸ ਨਜ਼ਰ ਆਇਆ, ਜਿਸ ਨਾਲ ਉਨ੍ਹਾਂ ਦੇ ਅੰਦਰ ਕੁਝ ਭਰੋਸਾ ਜਾਗਿਆ।
ਇਸ ਰਚਨਾ ਨੇ ਓਪੇਨਹਾਈਮਰ ਦੇ ਅੰਦਰ ਕੁਝ ਹਮਦਰਦੀ ਭਰਿਆ ਅਹਿਸਾਸ ਪੈਦਾ ਕਰਨ ਦੀ ਖਿੜਕੀ ਖੋਲ੍ਹੀ।
ਉਨ੍ਹਾਂ ਨੇ ‘ਕਸ਼ਟਾਂ ਨੂੰ ਲੈ ਕੇ ਹੋਣ ਵਾਲੀ ਬੇਰੁਖੀ’ ਬਾਰੇ ਇਸ ਕਿਤਾਬ ਦਾ ਇੱਕ ਅੰਸ਼ ਜ਼ੁਬਾਨੀ ਯਾਦ ਕਰ ਲਿਆ ਸੀ, ਜਿਸ ਬਾਰੇ ਉਨ੍ਹਾਂ ਦਾ ਖਿਆਲ ਸੀ ਕਿ ਇਹ ‘ਕੁਰੱਖਤੀ ਦਾ ਇੱਕ ਸਥਾਈ ਅਤੇ ਭਿਆਨਕ ਰੂਪ ਹੈ।’
ਇਸ ਦੇ ਬਾਅਦ ਜੀਵਨ ਵਿੱਚ ਕਸ਼ਟਾਂ ਪ੍ਰਤੀ ਸੋਚ ਨੂੰ ਲੈ ਕੇ ਇੱਕ ਦਿਲਚਸਪੀ ਓਪੇਨਹਾਈਮਰ ਵਿੱਚ ਹਮੇਸ਼ਾ ਬਣੀ ਰਹੀ।
ਇਸੇ ਵਜ੍ਹਾ ਨਾਲ ਓਪੇਨਹਾਈਮਰ ਆਪਣੇ ਪੂਰੇ ਜੀਵਨ ਵਿੱਚ ਅਧਿਆਤਮਕ ਅਤੇ ਦਾਰਸ਼ਨਿਕ ਸਾਹਿਤ ਵਿੱਚ ਦਿਲਚਸਪੀ ਲੈਂਦੇ ਰਹੇ ਅਤੇ ਇਸ ਨੇ ਆਖਿਰ ਵਿੱਚ ਉਸ ਕੰਮ ਵਿੱਚ ਇੱਕ ਅਹਿਮ ਭੂਮਿਕਾ ਅਦਾ ਕੀਤੀ ਜਿਸ ਨੇ ਉਨ੍ਹਾਂ ਨੂੰ ਸ਼ੁਹਰਤ ਅਤੇ ਪ੍ਰਸਿੱਧੀ ਦਿਵਾਈ।
ਉਨ੍ਹਾਂ ਛੁੱਟੀਆਂ ਦੌਰਾਨ ਓਪੇਨਹਾਈਮਰ ਨੇ ਆਪਣੇ ਦੋਸਤਾਂ ਨੂੰ ਇੱਕ ਅਜਿਹੀ ਗੱਲ ਕਹੀ ਸੀ ਜੋ ਬਾਅਦ ਵਿੱਚ ਸਟੀਕ ਭਵਿੱਖਬਾਣੀ ਸਾਬਤ ਹੋਈ।
ਉਨ੍ਹਾਂ ਨੇ ਕਿਹਾ ਸੀ, ‘‘ਮੇਰੀ ਨਜ਼ਰ ਵਿੱਚ ਉਹ ਇਨਸਾਨ ਸਭ ਤੋਂ ਚੰਗਾ ਹੈ, ਜੋ ਬਹੁਤ ਸਾਰੇ ਕੰਮ ਬੇਹੱਦ ਸ਼ਾਨਦਾਰ ਤਰੀਕੇ ਨਾਲ ਕਰ ਸਕੇ, ਫਿਰ ਵੀ ਉਸ ਦੇ ਚਿਹਰੇ ’ਤੇ ਸੁੱਕੇ ਹੋਏ ਹੰਝੂ ਅਤੇ ਉਦਾਸੀ ਦੀ ਝਲਕ ਨਜ਼ਰ ਆਉਂਦੀ ਰਹੇ।’’
ਛੁੱਟੀਆਂ ਦੇ ਬਾਅਦ ਓਪੇਨਹਾਈਮਰ ਕਾਫ਼ੀ ਖੁਸ਼ ਮੂਡ ਵਿੱਚ ਇੰਗਲੈਂਡ ਪਰਤੇ। ਜਿਵੇਂ ਕਿ ਉਨ੍ਹਾਂ ਨੇ ਬਾਅਦ ਵਿੱਚ ਕਿਹਾ ਕਿ ਉਹ ਹੁਣ ‘ਆਪਣੇ ਅੰਦਰ ਜ਼ਿਆਦਾ ਦਇਆ ਅਤੇ ਬਰਦਾਸ਼ਤ ਕਰਨ ਦੀ ਸਮਰੱਥਾ ਮਹਿਸੂਸ ਕਰ ਰਹੇ ਸਨ।’
1926 ਦੇ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਦੀ ਮੁਲਾਕਾਤ ਜਰਮਨੀ ਦੀ ਗੋਟਿੰਗੇਨ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਥਿਓਰੈਟੀਕਲ ਫਿਜ਼ਿਕਸ ਦੇ ਨਿਰਦੇਸ਼ਕ ਨਾਲ ਹੋਈ।
ਉਹ ਬਹੁਤ ਜਲਦੀ ਇੱਕ ਸਿਧਾਂਤਵਾਦੀ ਦੇ ਤੌਰ ’ਤੇ ਓਪੇਨਹਾਈਮਰ ਦੀ ਪ੍ਰਤਿਭਾ ਦੇ ਕਾਇਲ ਹੋ ਗਏ ਅਤੇ ਉਨ੍ਹਾਂ ਨੂੰ ਆਪਣੇ ਇੰਸਟੀਚਿਊਟ ਵਿੱਚ ਪੜ੍ਹਨ ਦਾ ਸੱਦਾ ਦਿੱਤਾ।
ਸਮਿਥ ਅਤੇ ਵੀਨਰ ਦੇ ਮੁਤਾਬਕ, ਬਾਅਦ ਵਿੱਚ ਓਪੇਨਹਾਈਮਰ ਨੇ ਸਾਲ 1926 ਨੂੰ ਆਪਣੇ ‘ਭੌਤਿਕ ਵਿਗਿਆਨ ਵਿੱਚ ਦਾਖਲੇ’ ਦਾ ਸਾਲ ਦੱਸਿਆ ਸੀ।
ਉਹ ਸਾਲ, ਓਪੇਨਹਾਈਮਰ ਦੀ ਜ਼ਿੰਦਗੀ ਵਿੱਚ ਇੱਕ ਫੈਸਲਾਕੁਨ ਮੋੜ ਲੈਣ ਵਾਲਾ ਸਾਬਤ ਹੋਇਆ। ਉਨ੍ਹਾਂ ਨੇ ਪੀਐੱਚਡੀ ਦੀ ਡਿਗਰੀ ਹਾਸਲ ਕੀਤੀ ਅਤੇ ਉਸ ਦੇ ਬਾਅਦ ਸਾਲ ਵਿੱਚ ਉਨ੍ਹਾਂ ਨੂੰ ਡਾਕਟਰੇਟ ਦੇ ਬਾਅਦ ਦੀ ਫੈਲੋਸ਼ਿਪ ਵੀ ਮਿਲ ਗਈ।
ਇਸ ਦੇ ਨਾਲ ਨਾਲ ਓਪੇਨਹਾਈਮਰ, ਵਿਗਿਆਨਕਾਂ ਦੇ ਉਸ ਭਾਈਚਾਰੇ ਦਾ ਹਿੱਸਾ ਬਣ ਗਏ ਜੋ ਸਿਧਾਂਤਕ ਭੌਤਿਕੀ ਵਿੱਚ ਤਰੱਕੀ ਦੀ ਅਗਵਾਈ ਕਰ ਰਹੇ ਸਨ।
ਇਸ ਦੌਰ ਵਿੱਚ ਓਪੇਨਹਾਈਮਰ ਅਜਿਹੇ ਵਿਗਿਆਨਕਾਂ ਨੂੰ ਮਿਲੇ ਜੋ ਬਾਅਦ ਵਿੱਚ ਪੂਰੀ ਉਮਰ ਉਨ੍ਹਾਂ ਦੇ ਦੋਸਤ ਬਣੇ ਰਹੇ। ਇਨ੍ਹਾਂ ਵਿੱਚ ਬਹੁਤ ਸਾਰੇ ਵਿਗਿਆਨਕਾਂ ਨੇ ਬਾਅਦ ਵਿੱਚ ਓਪੇਨਹਾਈਮਰ ਦੇ ਨਾਲ ਲਾਸ ਅਲਾਮੋਸ ਦੀ ਲੈਬ ਵਿੱਚ ਕੰਮ ਵੀ ਕੀਤਾ।

ਤਸਵੀਰ ਸਰੋਤ, Getty Images
ਗੀਤਾ ਪੜ੍ਹਨ ਲਈ ਸਿੱਖੀ ਸੰਸਕ੍ਰਿਤ
ਅਮਰੀਕਾ ਪਰਤਣ ਦੇ ਬਾਅਦ ਓਪੇਨਹਾਈਮਰ ਨੇ ਕੁਝ ਮਹੀਨੇ ਹਾਰਵਰਡ ਵਿੱਚ ਬਿਤਾਏ। ਇਸ ਦੇ ਬਾਅਦ ਉਹ ਫਿਜ਼ਿਕਸ ਵਿੱਚ ਆਪਣਾ ਕਰੀਅਰ ਬਣਾਉਣ ਲਈ ਕੈਲੀਫੋਰਨੀਆ ਚਲੇ ਗਏ।
ਉਸ ਦੌਰ ਦੇ ਉਨ੍ਹਾਂ ਦੇ ਖ਼ਤ ਪੜ੍ਹਦੇ ਹੋਏ ਪਤਾ ਲੱਗਦਾ ਹੈ ਕਿ ਉਸ ਸਮੇਂ, ਓਪੇਨਹਾਈਮਰ ਜ਼ਹਿਨੀ ਤੌਰ ’ਤੇ ਸਥਿਰ ਅਤੇ ਉਦਾਰ ਸਨ।
ਉਸ ਦੌਰ ਵਿੱਚ ਉਨ੍ਹਾਂ ਨੇ ਆਪਣੇ ਛੋਟੇ ਭਰਾ ਨੂੰ ਰੁਮਾਂਸ ਅਤੇ ਕਲਾ ਪ੍ਰਤੀ ਆਪਣੀਆਂ ਦਿਲਚਸਪੀਆਂ ਬਾਰੇ ਲਿਖਿਆ ਸੀ।
ਬਰਕਲੇ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿੱਚ ਓਪੇਨਹਾਈਮਰ ਨੇ ਪ੍ਰਯੋਗਵਾਦੀਆਂ ਨਾਲ ਬਹੁਤ ਨਜ਼ਦੀਕੀ ਨਾਲ ਕੰਮ ਕੀਤਾ। ਉਹ ਬ੍ਰਹਿਮੰਡ ਦੀਆਂ ਕਿਰਨਾਂ ਅਤੇ ਪਰਮਾਣੂ ਵਿਖੰਡਨ ਨੂੰ ਲੈ ਕੇ ਉਨ੍ਹਾਂ ਦੇ ਨਤੀਜਿਆਂ ਦੀ ਵਿਆਖਿਆ ਕਰਦੇ ਸਨ।
ਬਾਅਦ ਵਿੱਚ ਓਪੇਨਹਾਈਮਰ ਨੇ ਲਿਖਿਆ ਸੀ ਕਿ ਉਸ ਦੌਰ ਵਿੱਚ ਉਹ ‘ਇਕੱਲੇ ਅਜਿਹੇ ਸ਼ਖ਼ਸ ਸਨ, ਜਿਨ੍ਹਾਂ ਨੂੰ ਇਹ ਸਮਝ ਸੀ ਕਿ ਇਨ੍ਹਾਂ ਸਭ ਦਾ ਮਤਲਬ ਕੀ ਹੈ।’
ਬਾਅਦ ਵਿੱਚ ਓਪੇਨਹਾਈਮਰ ਨੇ ਜਿਸ ਵਿਭਾਗ ਦੀ ਸਥਾਪਨਾ ਕੀਤੀ, ਉਸ ਦੀ ਜ਼ਰੂਰਤ ਉਨ੍ਹਾਂ ਮੁਤਾਬਕ ਉਸ ਸਿਧਾਂਤ ਨੂੰ ਸਮਝਾਉਣ ਲਈ ਸੀ ਜਿਸ ਬਾਰੇ ਉਹ ਗੱਲ ਕਰਨਾ ਚਾਹੁੰਦੇ ਸਨ।
‘ਪਹਿਲਾਂ ਉਹ ਗੱਲਾਂ ਫੈਕਲਟੀ ਦੇ ਮੈਂਬਰਾਂ, ਕਰਮਚਾਰੀਆਂ ਅਤੇ ਸਾਥੀਆਂ ਨੂੰ ਸਮਝਾਉਣਾ ਅਤੇ ਫਿਰ ਹਰ ਉਸ ਇਨਸਾਨ ਨੂੰ ਜੋ ਉਹ ਗੱਲਾਂ ਸੁਣਨ ਲਈ ਤਿਆਰ ਹੋਵੇ…ਕੀ ਸਿੱਖਿਆ ਗਿਆ ਹੈ, ਕਿਹੜੀਆਂ ਸਮੱਸਿਆਵਾਂ ਅਜੇ ਵੀ ਅਣਸੁਲਝੀਆਂ ਹਨ।’’
ਸ਼ੁਰੂਆਤ ਵਿੱਚ ਓਪੇਨਹਾਈਮਰ ਖੁਦ ਨੂੰ ਇੱਕ ‘ਮੁਸ਼ਕਿਲ’ ਅਧਿਆਪਕ ਕਿਹਾ ਕਰਦੇ ਸਨ। ਪਰ ਬਾਅਦ ਵਿੱਚ ਆਪਣੀ ਇਸੀ ਭੂਮਿਕਾ ਵਿੱਚ ਓਪੇਨਹਾਈਮਰ ਨੇ ਆਪਣੇ ਕ੍ਰਿਸ਼ਮੇ ਅਤੇ ਸਮਾਜਿਕ ਹੈਸੀਅਤ ਨੂੰ ਧਾਰ ਦਿੱਤੀ, ਜੋ ਬਾਅਦ ਦੇ ਦਿਨਾਂ ਵਿੱਚ ਪ੍ਰਾਜੈਕਟ ਵਾਏ ਦੇ ਦੌਰਾਨ ਉਨ੍ਹਾਂ ਦੇ ਬਹੁਤ ਕੰਮ ਆਈ।
ਸਮਿਥ ਅਤੇ ਵੀਨਰ ਨੇ ਉਨ੍ਹਾਂ ਦੇ ਇੱਕ ਸਹਿਕਰਮੀ ਦੀਆਂ ਯਾਦਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਸ਼ਾਗਿਰਦ ‘ਜਿੰਨੀ ਸੰਭਵ ਹੋਵੇ, ਓਨੀ ਬਾਰੀਕੀ ਨਾਲ ਉਨ੍ਹਾਂ ਦੀ ਨਕਲ ਕਰਦੇ ਸਨ। ਉਹ ਉਨ੍ਹਾਂ ਦੇ ਹਾਵ-ਭਾਵ ਦੀ ਨਕਲ ਕਰਦੇ ਸਨ, ਉਨ੍ਹਾਂ ਦੀਆਂ ਆਦਤਾਂ ਅਤੇ ਉਨ੍ਹਾਂ ਦੀ ਚਾਲ ਤੱਕ ਦੀ ਨਕਲ ਕਰਦੇ ਸਨ। ਉਨ੍ਹਾਂ ਨੇ ਸੱਚ ਵਿੱਚ ਆਪਣੇ ਵਿਦਿਆਰਥੀਆਂ ਦੀ ਜ਼ਿੰਦਗੀ ’ਤੇ ਗਹਿਰਾ ਅਸਰ ਪਾਇਆ ਸੀ।’
1930 ਦੇ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਓਪੇਨਹਾਈਮਰ ਆਪਣਾ ਅਕਾਦਮਿਕ ਕਰੀਅਰ ਮਜ਼ਬੂਤ ਕਰ ਰਹੇ ਸਨ, ਉਦੋਂ ਉਹ ਹੌਲੀ ਹੌਲੀ ਸਾਹਿਤਕ ਵਿਸ਼ਿਆਂ ਦੀ ਪੜ੍ਹਾਈ ਵੀ ਕਰ ਰਹੇ ਸਨ।
ਇਹੀ ਦੌਰ ਸੀ, ਜਦੋਂ ਉਨ੍ਹਾਂ ਨੇ ਹਿੰਦੂ ਧਰਮਸ਼ਾਸਤਰਾਂ ਦੀ ਖੋਜ ਕੀਤੀ। ਉਨ੍ਹਾਂ ਨੇ ਗੀਤਾ ਦੇ ਅਨੁਵਾਦ ਦੀ ਬਜਾਏ ਉਸ ਦੇ ਮੂਲ ਸਵਰੂਪ ਵਿੱਚ ਪੜ੍ਹਨ ਲਈ ਸੰਸਕ੍ਰਿਤ ਸਿੱਖੀ।
ਇਹ ਉਹੀ ਕਿਤਾਬ ਸੀ, ਜਿਸ ਤੋਂ ਨਕਲ ਕਰਦੇ ਹੋਏ ਉਨ੍ਹਾਂ ਨੇ ਬਾਅਦ ਵਿੱਚ ਆਪਣਾ ਮਸ਼ਹੂਰ ਜੁਮਲਾ, ‘ਮੈਂ ਕਾਲ ਬਣ ਗਿਆ ਹਾਂ’ ਕਿਹਾ ਸੀ।
ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੀਆਂ ਇਹ ਦਿਲਚਸਪੀਆਂ ਸਿਰਫ਼ ਬੌਧਿਕ ਨਹੀਂ ਸਨ। ਅਸਲ ਵਿੱਚ ਇਹ ਕਿਤਾਬਾਂ ਤੋਂ ਆਪਣੀ ਉਲਝਣ ਦੂਰ ਕਰਨ ਵਾਲੀ ਉਹ ਥੈਰੇਪੀ ਸੀ, ਜਿਸ ਦੀ ਸ਼ੁਰੂਆਤ ਉਨ੍ਹਾਂ ਨੇ 1920 ਦੇ ਦਹਾਕੇ ਵਿੱਚ ਪਰੂਸਟ ਨੂੰ ਪੜ੍ਹਨ ਦੇ ਨਾਲ ਕੀਤੀ ਸੀ।
ਕੌਰਵਾਂ ਅਤੇ ਪਾਂਡਵਾਂ ਦੇ ਵਿਚਕਾਰ ਮਹਾਭਾਰਤ ਦੀ ਲੜਾਈ ਦੀ ਕਹਾਣੀ ’ਤੇ ਕੇਂਦਰਿਤ ਭਗਵਦ ਗੀਤਾ ਨੇ ਓਪੇਨਹਾਈਮਰ ਨੂੰ ਇੱਕ ਦਾਰਸ਼ਨਿਕ ਸੋਚ ਦੀ ਬੁਨਿਆਦ ਦਿੱਤੀ।
ਬਾਅਦ ਵਿੱਚ ਜਦੋਂ ਪ੍ਰਾਜੈਕਟ ਵਾਏ ਦੇ ਦੌਰਾਨ ਉਹ ਨੈਤਿਕ ਦੁਬਿਧਾ ਦੇ ਸ਼ਿਕਾਰ ਸਨ, ਉਦੋਂ ਓਪੇਨਹਾਈਮਰ ਨੇ ਉਸ ਦੁਨੀਆ ਤੋਂ ਉਭਰਨ ਲਈ ਗੀਤਾ ਦਾ ਹੀ ਸਹਾਰਾ ਲਿਆ ਸੀ।
ਗੀਤਾ ਵਿੱਚ ਕਰਮ ਅਤੇ ਕਰਤੱਵ ’ਤੇ ਜ਼ੋਰ ਦਿੱਤਾ ਗਿਆ ਹੈ। ਅਤੇ ਕਿਹਾ ਗਿਆ ਹੈ ਕਿ, ‘ਕਰਮ ਕਰਦਾ ਜਾਹ ਫ਼ਲ ਦੀ ਚਿੰਤਾ ਨਾ ਕਰ ਹੇ ਇਨਸਾਨ!
ਇਸ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਨਤੀਜਿਆਂ ਦੇ ਖੌਫ਼ ਤੋਂ ਡਰ ਕੇ ਕੁਝ ਨਾ ਕਰਨ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
1932 ਵਿੱਚ ਆਪਣੇ ਭਰਾ ਨੂੰ ਲਿਖੀ ਇੱਕ ਚਿੱਠੀ ਵਿੱਚ ਓਪੇਨਹਾਈਮਰ ਨੇ ਖਾਸ ਤੌਰ ’ਤੇ ਗੀਤਾ ਦੇ ਸੰਦੇਸ਼ਾਂ ਦਾ ਹਵਾਲਾ ਦਿੱਤਾ ਹੈ।
ਇਸ ਦੇ ਬਾਅਦ ਉਨ੍ਹਾਂ ਨੇ ਲਿਖਿਆ ਹੈ ਕਿ ਅਜਿਹੇ ਦਰਸ਼ਨ ਨੂੰ ਅਸਲ ਵਿੱਚ ਪਰਖਣ ਦਾ ਇੱਕ ਮੌਕਾ ਸ਼ਾਇਦ ਯੁੱਧ ਦੇ ਦੌਰਾਨ ਮਿਲ ਸਕਦਾ ਹੈ।

ਤਸਵੀਰ ਸਰੋਤ, Getty Images
ਜਦੋਂ ਓਪੇਨਹਾਈਮਰ ਨੂੰ ਹੋਇਆ ਪਿਆਰ
ਉਨ੍ਹਾਂ ਨੇ ਲਿਖਿਆ ਸੀ, ‘‘ਮੈਨੂੰ ਲੱਗਦਾ ਹੈ ਕਿ ਅਨੁਸ਼ਾਸਨ ਦੇ ਨਾਲ…ਅਸੀਂ ਦਿਮਾਗੀ ਸਕੂਨ ਹਾਸਲ ਕਰ ਸਕਦੇ ਹਾਂ…ਮੇਰਾ ਮੰਨਣਾ ਹੈ ਕਿ ਅਨੁਸ਼ਾਸਿਤ ਰਹਿ ਕੇ ਅਸੀਂ ਉਨ੍ਹਾਂ ਚੀਜ਼ਾਂ ਨੂੰ ਬਚਾ ਸਕਦੇ ਹਾਂ ਜੋ ਔਖੇ ਤੋਂ ਔਖੇ ਸਮੇਂ ਵਿੱਚ ਸਾਡੀ ਖੁਸ਼ੀ ਲਈ ਬੇਹੱਦ ਜ਼ਰੂਰੀ ਹੁੰਦੀਆਂ ਹਨ।’’
‘‘ਇਸ ਲਈ ਮੈਨੂੰ ਲੱਗਦਾ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਤੋਂ ਅਨੁਸ਼ਾਸਨ ਪੈਦਾ ਹੁੰਦਾ ਹੈ, ਜਿਵੇਂ ਪੜ੍ਹਾਈ ਅਤੇ ਇਨਸਾਨ ਅਤੇ ਇਨਸਾਨੀਅਤ ਦੇ ਪ੍ਰਤੀ ਸਾਡੇ ਕਰਤੱਵ ਅਤੇ ਸਾਨੂੰ…ਯੁੱਧ ਦਾ ਸਵਾਗਤ ਦਿਲ ਦੀਆਂ ਅਥਾਹ ਗਹਿਰਾਈਆਂ ਤੋਂ ਕਰਨਾ ਚਾਹੀਦਾ ਹੈ।’’
‘‘ਕਿਉਂਕਿ ਇਸ ਜ਼ਰੀਏ ਹੀ ਅਸੀਂ ਸਭ ਤੋਂ ਘੱਟ ਲਗਾਅ ਵਾਲੀ ਸਥਿਤੀ ਵਿੱਚ ਪਹੁੰਚ ਸਕਦੇ ਹਾਂ ਅਤੇ ਤਾਂ ਹੀ ਸਾਨੂੰ ਸ਼ਾਂਤੀ ਦੀ ਅਹਿਮੀਅਤ ਸਮਝ ਵਿੱਚ ਆਵੇਗੀ।’’
1930 ਦੇ ਦਹਾਕੇ ਵਿੱਚ ਓਪੇਨਹਾਈਮਰ ਦੀ ਮੁਲਾਕਾਤ ਜੀਨ ਟੈਟਲਾਕ ਨਾਲ ਹੋਈ ਸੀ। ਉਹ ਇੱਕ ਮਨੋਵਿਗਿਆਨਕ ਅਤੇ ਡਾਕਟਰ ਸਨ, ਜਿਨ੍ਹਾਂ ਨਾਲ ਓਪੇਨਹਾਈਮਰ ਨੂੰ ਪਿਆਰ ਹੋ ਗਿਆ ਸੀ।
ਬਰਡ ਅਤੇ ਸ਼ੇਰਵਿਨ ਦੇ ਮੁਤਾਬਿਕ, ਟੈਟਲਾਕ ਦੀ ਗੁੰਝਲਦਾਰ ਸ਼ਖ਼ਸੀਅਤ ਓਪੇਨਹਾਈਮਰ ਨਾਲ ਬਹੁਤ ਮਿਲਦੀ ਜੁਲਦੀ ਸੀ। ਟੈਟਲਾਕ ਨੇ ਕਾਫ਼ੀ ਕੁਝ ਪੜ੍ਹਿਆ ਸੀ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਲੈ ਕੇ ਉਨ੍ਹਾਂ ਦਾ ਗਹਿਰਾ ਝੁਕਾਅ ਸੀ।
ਬਚਪਨ ਦੀ ਇੱਕ ਦੋਸਤ ਨੇ ਜੀਨ ਟੈਟਲਾਕ ਬਾਰੇ ਕਿਹਾ ਸੀ, ‘ਉਸ ਵਿੱਚ ਮਹਾਨਤਾ ਦੀ ਝਲਕ’ ਨਜ਼ਰ ਆਉਂਦੀ ਹੈ।
ਓਪੇਨਹਾਈਮਰ ਨੇ ਕਈ ਬਾਰ ਜੀਨ ਟੈਟਲਾਕ ਦੇ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ, ਪਰ ਟੈਟਲਾਕ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ।
ਮੰਨਿਆ ਜਾਂਦਾ ਹੈ ਕਿ ਟੈਟਲਾਕ ਨੇ ਹੀ ਓਪੇਨਹਾਈਮਰ ਦੀ ਜਾਣ ਪਛਾਣ ਕ੍ਰਾਂਤੀਕਾਰੀ ਰਾਜਨੀਤੀ ਅਤੇ ਜੌਨ ਡੌਨ ਦੀਆਂ ਕਵਿਤਾਵਾਂ ਨਾਲ ਕਰਾਈ ਸੀ।
ਓਪੇਨਹਾਈਮਰ ਨੇ 1940 ਵਿੱਚ ਜੀਵ ਵਿਗਿਆਨਕ ਕੈਥਰੀਨ ‘ਕਿਟੀ’ ਹੈਰੀਸਨ ਨਾਲ ਵਿਆਹ ਕਰ ਲਿਆ ਸੀ। ਜੋ ਬਾਅਦ ਵਿੱਚ ਉਨ੍ਹਾਂ ਦੇ ਪ੍ਰਾਜੈਕਟ ਵਾਏ ਦਾ ਹਿੱਸਾ ਬਣੀ ਸੀ।
ਉਸ ਪ੍ਰਾਜੈਕਟ ਵਿੱਚ ਕੈਥਰੀਨ, ਰੇਡੀਏਸ਼ਨ ਯਾਨੀ ਪਰਮਾਣੂ ਧਮਾਕੇ ਦੇ ਬਾਅਦ ਪੈਦਾ ਹੋਣ ਵਾਲੇ ਵਿਕਿਰਨ ਦੇ ਖਤਰਿਆਂ ’ਤੇ ਰਿਸਰਚ ਕਰਦੀ ਸੀ, ਪਰ ਕੈਥਰੀਨ ਨਾਲ ਵਿਆਹ ਤੋਂ ਬਾਅਦ ਵੀ ਓਪੇਨਹਾਈਮਰ ਕਦੇ- ਕਦੇ ਜੀਨ ਟੈਟਲਾਕ ਨੂੰ ਮਿਲਦੇ ਰਹਿੰਦੇ ਸਨ।
1939 ਵਿੱਚ ਪਰਮਾਣੂ ਹਥਿਆਰਾਂ ਦੇ ਖਤਰੇ ਨੂੰ ਲੈ ਕੇ ਸਿਆਸੀ ਆਗੂਆਂ ਨਾਲੋਂ ਵਧੇਰੇ ਚਿੰਤਤ ਵਿਗਿਆਨਕ ਸਨ।
ਮਹਾਨ ਵਿਗਿਆਨਕ ਅਲਬਰਟ ਆਈਂਸਟਾਈਨ ਦੀ ਚਿੱਠੀ ਨੇ ਇਸ ਮਸਲੇ ’ਤੇ ਅਮਰੀਕੀ ਸਰਕਾਰ ਦੇ ਸੀਨੀਅਰ ਆਗੂਆਂ ਦਾ ਧਿਆਨ ਖਿੱਚਿਆ ਸੀ।
ਸਰਕਾਰੀ ਪ੍ਰਤੀਕਿਰਿਆ ਸੁਸਤ ਸੀ, ਪਰ ਪਰਮਾਣੂ ਹਥਿਆਰਾਂ ਦੇ ਖਤਰੇ ਨੂੰ ਲੈ ਕੇ ਵਿਗਿਆਨਕਾਂ ਵਿਚਕਾਰ ਖਤਰੇ ਦੀ ਘੰਟੀ ਵੱਜਦੀ ਰਹੀ ਸੀ ਅਤੇ ਆਖਿਰ ਵਿੱਚ ਅਮਰੀਕੀ ਰਾਸ਼ਟਰਪਤੀ ਨੂੰ ਇਸ ਮਾਮਲੇ ਵਿੱਚ ਦਖਲ ਦੇਣਾ ਪਿਆ ਸੀ।
ਦੇਸ਼ ਦੇ ਵੱਡੇ ਭੌਤਿਕ ਸ਼ਾਸਤਰੀਆਂ ਵਿੱਚੋਂ ਇੱਕ ਹੋਣ ਦੀ ਵਜ੍ਹਾ ਨਾਲ ਓਪੇਨਹਾਈਮਰ ਉਨ੍ਹਾਂ ਗਿਣੇ ਚੁਣੇ ਵਿਗਿਆਨਕਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਜ਼ਿਆਦਾ ਗੰਭੀਰਤਾ ਨਾਲ ਪਰਮਾਣੂ ਹਥਿਆਰਾਂ ਦੀ ਸੰਭਾਵਨਾ ਤਲਾਸ਼ਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਸਤੰਬਰ 1942 ਤੱਕ, ਇਹ ਸਾਫ਼ ਹੋ ਗਿਆ ਸੀ ਕਿ ਪਰਮਾਣੂ ਬੰਬ ਬਣਾਇਆ ਜਾ ਸਕਦਾ ਹੈ। ਇਸ ਵਿੱਚ ਕੁਝ ਯੋਗਦਾਨ ਤਾਂ ਓਪੇਨਹਾਈਮਰ ਦੀ ਟੀਮ ਦਾ ਵੀ ਰਿਹਾ ਸੀ।
ਇਸ ਦੇ ਬਾਅਦ ਪਰਮਾਣੂ ਬੰਬ ਬਣਾਉਣ ਦੀ ਯੋਜਨਾ ’ਤੇ ਠੋਸ ਰੂਪ ਨਾਲ ਕੰਮ ਸ਼ੁਰੂ ਹੋ ਗਿਆ ਸੀ।
ਬਰਡ ਅਤੇ ਸ਼ੇਰਵਿਨ ਦੇ ਮੁਤਾਬਿਕ, ਜਦੋਂ ਓਪੇਨਹਾਈਮਰ ਨੇ ਸੁਣਿਆ ਕਿ ਐਟਮ ਬੰਬ ਵਿਕਸਿਤ ਕਰਨ ਲਈ ਵਿਗਿਆਨਕਾਂ ਦੀ ਟੀਮ ਦੇ ਆਗੂ ਦੇ ਤੌਰ ’ਤੇ ਉਨ੍ਹਾਂ ਦੇ ਨਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਓਪੇਨਹਾਈਮਰ ਨੇ ਆਪਣੇ ਵੱਲੋਂ ਵੀ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।
ਉਨ੍ਹਾਂ ਨੇ ਉਸ ਦੌਰ ਵਿੱਚ ਆਪਣੇ ਇੱਕ ਦੋਸਤ ਨੂੰ ਕਿਹਾ ਸੀ, ‘‘ਮੈਂ ਖੱਬੇਪੱਖੀਆਂ ਤੋਂ ਹਰ ਤਰ੍ਹਾਂ ਦਾ ਸਬੰਧ ਖ਼ਤਮ ਕਰ ਰਿਹਾ ਹਾਂ ਕਿਉਂਕਿ, ਜੇਕਰ ਮੈਂ ਅਜਿਹਾ ਨਹੀਂ ਕਰਦਾ, ਤਾਂ ਸਰਕਾਰ ਲਈ ਮੇਰੀ ਸੇਵਾ ਲੈ ਸਕਣਾ ਮੁਸ਼ਕਿਲ ਹੋਵੇਗਾ। ਮੈਂ ਦੇਸ਼ ਪ੍ਰਤੀ ਆਪਣੀ ਉਪਯੋਗਤਾ ਦੇ ਰਸਤੇ ਵਿੱਚ ਕਿਸੇ ਵੀ ਗੱਲ ਨੂੰ ਰੁਕਾਵਟ ਨਹੀਂ ਆਉਣਾ ਦੇਣਾ ਚਾਹੁੰਦਾ।’’
ਬਾਅਦ ਵਿੱਚ ਆਈਂਸਟਾਈਨ ਨੇ ਕਿਹਾ ਸੀ, ‘‘ਓਪੇਨਹਾਈਮਰ ਦੇ ਨਾਲ ਦਿੱਕਤ ਇਹ ਹੈ ਕਿ ਉਹ ਉਸ ਨੂੰ (ਅਜਿਹੀ ਚੀਜ਼ ਨਾਲ) ਪਿਆਰ ਕਰਦੇ ਹਨ ਜੋ ਉਨ੍ਹਾਂ ਨੂੰ ਪਸੰਦ ਨਹੀਂ ਕਰਦੀ, ਯਾਨੀ ਅਮਰੀਕਾ ਦੀ ਸਰਕਾਰ।’
ਪ੍ਰਾਜੈਕਟ ਵਾਏ ਨਾਲ ਓਪੇਨਹਾਈਮਰ ਦੇ ਜੁੜਨ ਵਿੱਚ ਨਿਸ਼ਚਤ ਰੂਪ ਨਾਲ ਉਨ੍ਹਾਂ ਦੀ ਦੇਸ਼ਭਗਤੀ ਅਤੇ ਖੁਸ਼ ਕਰਨ ਦੀ ਚਾਹਤ ਨੇ ਇੱਕ ਵੱਡੀ ਭੂਮਿਕਾ ਅਦਾ ਕੀਤੀ ਸੀ।
ਮੈਨਹਟਨ ਇੰਜਨੀਅਰ ਡਿਸਟ੍ਰਿਕਟ ਦੇ ਫੌਜੀ ਨੇਤਾ ਜਨਰਲ ਲੇਸਲੀ ਗ੍ਰੋਵਸ ਉਹ ਸ਼ਖ਼ਸ ਸਨ, ਜਿਨ੍ਹਾਂ ਨੇ ਐਟਮ ਬੰਬ ਬਣਾਉਣ ਦੇ ਪ੍ਰਾਜੈਕਟ ਲਈ ਇੱਕ ਵਿਗਿਆਨਕ ਨਿਰਦੇਸ਼ਕ ਦੀ ਤਲਾਸ਼ ਕਰਨੀ ਸੀ।
2002 ਦੀ ਇੱਕ ਜੀਵਨੀ ‘ਰੇਸਿੰਗ ਫਾਰ ਦਿ ਬੌਂਬ’ ਦੇ ਮੁਤਾਬਿਕ ਜਦੋਂ ਜਨਰਲ ਗ੍ਰੋਵਸ ਨੇ ਵਿਗਿਆਨਕ ਨਿਰਦੇਸ਼ਕ ਦੇ ਤੌਰ ’ਤੇ ਓਪੇਨਹਾਈਮਰ ਦੇ ਨਾਂ ਦਾ ਪ੍ਰਸਤਾਵ ਰੱਖਿਆ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ।
ਓਪੇਨਹਾਈਮਰ ਦੇ ‘ਕੱਟੜ ਉਦਾਰਵਾਦੀ ਅਤੀਤ’ ਨੂੰ ਲੈ ਕੇ ਚਿੰਤਾ ਪ੍ਰਗਟਾਈ ਗਈ।
ਪਰ ਜਨਰਲ ਗ੍ਰੋਵਸ ਨੇ ਓਪੇਨਹਾਈਮਰ ਦੀ ਕਾਬਲੀਅਤ ਅਤੇ ਉਨ੍ਹਾਂ ਦੇ ਮੌਜੂਦ ਗਿਆਨ ਦਾ ਵਰਣਨ ਕਰਨ ਦੇ ਨਾਲ ਨਾਲ ਉਨ੍ਹਾਂ ਦੀ ‘ਭਿਆਨਕ ਆਸ’ ਵੱਲ ਵੀ ਇਸ਼ਾਰਾ ਕੀਤਾ ਸੀ।
ਮੈਨਹਟਨ ਪ੍ਰਾਜੈਕਟ ਦੇ ਸੁਰੱਖਿਆ ਪ੍ਰਮੁੱਖ ਜਨਰਲ ਗ੍ਰੋਵਸ ਨੇ ਇਹ ਵੀ ਕਿਹਾ ਸੀ, ‘‘ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਉਹ ਨਾ ਕੇਵਲ ਵਫ਼ਾਦਾਰ ਹਨ, ਬਲਕਿ ਉਹ ਆਪਣੇ ਕੰਮ ਨੂੰ ਕਾਮਯਾਬੀ ਦੀ ਮੰਜ਼ਿਲ ਤੱਕ ਪਹੁੰਚਾਉਣ ਦੀ ਰਾਹ ਵਿੱਚ ਕਿਸੇ ਵੀ ਗੱਲ ਨੂੰ ਰੋੜਾ ਨਹੀਂ ਬਣਨ ਦੇਣਗੇ ਅਤੇ ਇਸ ਤਰ੍ਹਾਂ, ਵਿਗਿਆਨ ਦੇ ਇਤਿਹਾਸ ਵਿੱਚ ਆਪਣਾ ਖਾਸ ਮੁਕਾਮ ਬਣਾਉਣਗੇ।’’
1988 ਦੀ ਇੱਕ ਕਿਤਾਬ ‘ਦਿ ਮੇਕਿੰਗ ਆਫ਼ ਦਿ ਐਟੋਮਿਕ ਬੌਂਬ’ ਵਿੱਚ ਓਪੇਨਹਾਈਮਰ ਦੇ ਦੋਸਤ ਇਸੀਡੋਰ ਰਾਬੀ ਨੇ ਲਿਖਿਆ ਸੀ, ‘‘ਇਹ ਸਭ ਤੋਂ ਅਸੰਭਵ ਨਿਯੁਕਤੀ ਸੀ। ਹਾਲਾਂਕਿ, ਬਾਅਦ ਵਿੱਚ ਰਾਬੀ ਨੇ ਮੰਨਿਆ ਸੀ ਕਿ ਓਪੇਨਹਾਈਮਰ ਦੀ ਚੋਣ ‘ਜਨਰਲ ਗ੍ਰੋਵਸ ਦੀ ਸਭ ਤੋਂ ਵਧੀਆ ਬਾਜ਼ੀ ਸੀ।’’
ਓਪੇਨਹਾਈਮਰ ਦੀ ਦੁਬਿਧਾ
ਲਾਸ ਅਲਾਮੋਸ ਵਿੱਚ ਓਪੇਨਹਾਈਮਰ ਨੇ ਆਪਣੀ ਵਿਰੋਧਾਭਾਸੀ ਅਤੇ ਤਮਾਮ ਵਿਸ਼ਿਆਂ ਵਿੱਚ ਦਿਲਚਸਪੀ ਨੂੰ ਬਾਖੂਬੀ ਇਸਤੇਮਾਲ ਕੀਤਾ ਸੀ।
1979 ਵਿੱਚ ਆਪਣੀ ਜੀਵਨੀ ‘ਵੱਟ ਲਿਟਿਲ ਆਈ ਰਿਮੈਂਬਰ’ ਵਿੱਚ ਆਸਟਰੀਆ ਵਿੱਚ ਪੈਦਾ ਹੋਏ ਵਿਗਿਆਨਕ ਓਟੋ ਫ੍ਰਿਸਚ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹੋਏ ਲਿਖਿਆ ਸੀ, ‘‘ਓਪੇਨਹਾਈਮਰ ਨੇ ਪ੍ਰਾਜੈਕਟ ਵਾਏ ਵਿੱਚ ਸਿਰਫ਼ ਵਿਗਿਆਨਕਾਂ ਨੂੰ ਹੀ ਨਹੀਂ ਭਰਤੀ ਕੀਤਾ ਸੀ।’’
‘‘ਉਨ੍ਹਾਂ ਦੀ ਟੀਮ ਵਿੱਚ ‘ਇੱਕ ਪੇਂਟਰ, ਇੱਕ ਦਾਰਸ਼ਨਿਕ ਅਤੇ ਕੁਝ ਅਜਿਹੇ ਹੀ ਦੂਜੇ ਕਿਰਦਾਰ ਸਨ, ਜਿਨ੍ਹਾਂ ਦੀ ਕਿਸੇ ਵਿਗਿਆਨਕ ਪ੍ਰਾਜੈਕਟ ਨਾਲ ਜੁੜਨ ਦੀ ਸੰਭਾਵਨਾ ਨਾ ਦੇ ਬਰਾਬਰ ਸੀ, ਉਹ ਇਹ ਮਹਿਸੂਸ ਕਰਦੇ ਸਨ ਕਿ ਇੱਕ ਸੱਭਿਆ ਭਾਈਚਾਰੇ ਇਨ੍ਹਾਂ ਸਭ ਤੋਂ ਬਿਨਾਂ ਅਧੂਰਾ ਸੀ।’’
ਯੁੱਧ ਦੇ ਬਾਅਦ, ਅਜਿਹਾ ਲੱਗਿਆ ਕਿ ਓਪੇਨਹਾਈਮਰ ਦਾ ਰਵੱਈਆ ਬਦਲ ਗਿਆ ਹੈ, ਉਨ੍ਹਾਂ ਨੇ ਪਰਮਾਣੂ ਹਥਿਆਰਾਂ ਨੂੰ ‘ਹਮਲਾਵਰ, ਹੈਰਾਨ ਕਰਨ ਅਤੇ ਦਹਿਸ਼ਤ ਫੈਲਾਉਣ’ ਦਾ ਔਜ਼ਾਰ ਦੱਸਿਆ ਅਤੇ ਉਨ੍ਹਾਂ ਨੇ ਹਥਿਆਰਾਂ ਦੇ ਉਦਯੋਗ ਨੂੰ, ‘ਸ਼ੈਤਾਨ ਦਾ ਕਾਰਨਾਮਾ’ ਕਰਾਰ ਦਿੱਤਾ।
ਇੱਕ ਮਸ਼ਹੂਰ ਕਿੱਸੇ ਦੇ ਮੁਤਾਬਿਕ ਅਕਤੂਬਰ 1945 ਵਿੱਚ ਉਨ੍ਹਾਂ ਨੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਹੈਰੀ ਟਰੂਮੈਨ ਨੂੰ ਕਿਹਾ ਸੀ, ‘‘ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਹੱਥ ਖੂਨ ਨਾਲ ਰੰਗੇ ਹੋਏ ਹਨ।’’
ਬਾਅਦ ਵਿੱਚ ਰਾਸ਼ਟਰਪਤੀ ਨੇ ਦੱਸਿਆ, ‘‘ਮੈਂ ਉਨ੍ਹਾਂ ਨੂੰ ਕਿਹਾ ਕਿ ਖੂਨ ਨਾਲ ਤਾਂ ਮੇਰੇ ਹੱਥ ਰੰਗੇ ਹਨ-ਇਸ ਲਈ ਇਸ ਦੀ ਚਿੰਤਾ ਤੁਸੀਂ ਮੈਨੂੰ ਕਰਨ ਦਿਓ।’’
ਅਮਰੀਕੀ ਰਾਸ਼ਟਰਪਤੀ ਨਾਲ ਓਪੇਨਹਾਈਮਰ ਦੀ ਇਹ ਗੱਲਬਾਤ, ਉਨ੍ਹਾਂ ਦੀ ਪਸੰਦੀਦਾ ਕਿਤਾਬ ਭਗਵਦ ਗੀਤਾ ਵਿੱਚ ਅਰਜੁਨ ਅਤੇ ਭਗਵਾਨ ਕ੍ਰਿਸ਼ਨ ਦੀ ਗੱਲਬਾਤ ਨਾਲ ਕਾਫ਼ੀ ਮਿਲਦੀ ਜੁਲਦੀ ਹੈ।
ਜਦੋਂ ਮਹਾਭਾਰਤ ਦਾ ਯੁੱਧ ਸ਼ੁਰੂ ਹੋਇਆ ਸੀ ਤਾਂ ਅਰਜੁਨ ਨੇ ਇਹ ਕਹਿੰਦੇ ਹੋਏ ਯੁੱਧ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਆਪਣੇ ਸਾਥੀਆਂ ਦੀ ਮੌਤ ਲਈ ਉਹੀ ਜ਼ਿੰਮੇਵਾਰ ਹੋਣਗੇ।
ਪਰ ਉਦੋਂ ਭਗਵਾਨ ਕ੍ਰਿਸ਼ਨ ਨੇ ਅਰਜੁਨ ਦੇ ਮਨ ਦਾ ਬੋਝ ਉਤਾਰਦੇ ਹੋਏ ਕਿਹਾ ਸੀ, ‘‘ਹੇ ਪਾਰਥ! ਇਨ੍ਹਾਂ ਸਭ ਦੀ ਮੌਤ ਲਈ ਮੈਂ ਜਵਾਬਦੇਹ ਹਾਂ…ਉੱਠੋ…ਸਿਰਫ਼ ਭਾਗਾਂ ਵਾਲੇ ਯੋਧਿਆਂ ਨੂੰ ਹੀ ਅਜਿਹੀਆਂ ਜੰਗਾਂ ਦਾ ਮੌਕਾ ਮਿਲਦਾ ਹੈ…’’
‘‘ਜੋ ਅਜਿਹੇ ਧਰਮ ਯੁੱਧ ਕਰਦੇ ਹਨ,ਜਿੱਤ ਪ੍ਰਸਿੱਧੀ ਅਤੇ ਰਾਜ ਉਨ੍ਹਾਂ ਨੂੰ ਹੀ ਮਿਲਦੇ ਹਨ! ਮੇਰੇ ਹੱਥਾਂ ਨਾਲ ਇਨ੍ਹਾਂ ਸਭ ਦੀ ਮੌਤ ਤਾਂ ਪਹਿਲਾਂ ਤੋਂ ਹੀ ਤੈਅ ਹੈ, ਤੁਸੀਂ ਉੱਠੋ ਅਤੇ ਇਹ ਯੁੱਧ ਕਰੋ…ਕਿਉਂਕਿ ਤੁਸੀਂ ਤਾਂ ਮਹਿਜ਼ ਇੱਕ ਸਾਧਨ ਹੋ।’’
ਐਟਮ ਬੰਬ ਦੇ ਵਿਕਾਸ ਦੇ ਦੌਰਾਨ ਓਪੇਨਹਾਈਮਰ ਨੇ ਵੀ ਖੁਦ ਆਪਣੀ ਅਤੇ ਆਪਣੇ ਸਾਥੀਆਂ ਦੀ ਨੈਤਿਕ ਝਿਜਕ ਨੂੰ ਇਸੇ ਫਲਸਫੇ ਨਾਲ ਦੂਰ ਕੀਤਾ ਸੀ।
ਉਨ੍ਹਾਂ ਨੇ ਆਪਣੀ ਟੀਮ ਨੂੰ ਸਮਝਾਇਆ ਸੀ ਕਿ ਇੱਕ ਵਿਗਿਆਨਕ ਦੇ ਤੌਰ ’ਤੇ ਉਹ ਇਸ ਫੈਸਲੇ ਲਈ ਜ਼ਿੰਮੇਵਾਰ ਨਹੀਂ ਹੋਣਗੇ ਕਿ ਪਰਮਾਣੂ ਹਥਿਆਰ ਦੀ ਵਰਤੋਂ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਉਹ ਤਾਂ ਸਿਰਫ਼ ਆਪਣਾ ਕੰਮ ਕਰ ਰਹੇ ਹਨ।
ਜੇਕਰ, ਇਨ੍ਹਾਂ ਹਥਿਆਰਾਂ ਦੀ ਵਰਤੋਂ ਨਾਲ ਖੂਨ ਵਹਿੰਦਾ ਵੀ ਹੈ ਤਾਂ ਇਸ ਲਈ ਆਗੂ ਜ਼ਿੰਮੇਵਾਰ ਹੋਣਗੇ। ਹਾਲਾਂਕਿ, ਅਜਿਹਾ ਲੱਗਦਾ ਹੈ ਕਿ ਜਦੋਂ ਪਰਮਾਣੂ ਬੰਬ ਬਣ ਗਿਆ ਤਾਂ ਇਸ ਗੱਲ ਵਿੱਚ ਖੁਦ ਓਪੇਨਹਾਈਮਰ ਦਾ ਯਕੀਨ ਹਿੱਲ ਗਿਆ ਸੀ।
ਜਿਵੇਂ ਕਿ ਬਰਡ ਅਤੇ ਸ਼ੇਰਵਿਨ ਨੇ ਲਿਖਿਆ ਹੈ ਕਿ ਵਿਸ਼ਵ ਯੁੱਧ ਦੇ ਬਾਅਦ ਦੇ ਦੌਰ ਵਿੱਚ ਓਪੇਨਹਾਈਮਰ ਨੇ ਪਰਮਾਣੂ ਊਰਜਾ ਕਮਿਸ਼ਨ ਵਿੱਚ ਪਰਮਾਣੂ ਹਥਿਆਰਾਂ ਦੇ ਹੋਰ ਵਿਕਾਸ ਦਾ ਵਿਰੋਧ ਕੀਤਾ ਸੀ।
ਇਸ ਵਿੱਚ ਐਟਮ ਬੰਬ ਤੋਂ ਵੀ ਜ਼ਿਆਦਾ ਤਾਕਤਵਰ ਹਾਈਡਰੋਜਨ ਬੰਬ ਵਿਕਸਿਤ ਕਰਨ ਦਾ ਫੈਸਲਾ ਵੀ ਸ਼ਾਮਲ ਸੀ, ਜਿਸ ਦੀ ਰਾਹ ਓਪੇਨਹਾਈਮਰ ਨੇ ਐਟਮ ਬੰਬ ਬਣਾ ਕੇ ਖੋਲ੍ਹੀ ਸੀ।
ਇਨ੍ਹਾਂ ਕੋਸ਼ਿਸ਼ਾਂ ਦਾ ਨਤੀਜਾ ਇਹ ਹੋਇਆ ਕਿ 1954 ਵਿੱਚ ਅਮਰੀਕੀ ਸਰਕਾਰ ਨੇ ਉਨ੍ਹਾਂ ਦੀ ਜਾਂਚ ਕਰਾਈ ਅਤੇ ਸੁਰੱਖਿਆ ਦੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਮਿਲੀਆਂ ਰਿਆਇਤਾਂ ਵਾਪਸ ਲੈ ਲਈਆਂ ਗਈਆਂ।
ਇਹ ਨੀਤੀਗਤ ਕੰਮਾਂ ਵਿੱਚ ਉਨ੍ਹਾਂ ਦੀ ਭਾਗੀਦਾਰੀ ਦਾ ਅੰਤ ਸੀ। ਅਕਾਦਮਿਕ ਭਾਈਚਾਰੇ ਨੇ ਓਪੇਨਹਾਈਮਰ ਦਾ ਬਚਾਅ ਕੀਤਾ।
1955 ਵਿੱਚ ‘ਦਿ ਨਿਊ ਰੀਪਬਲਿਕ’ ਲਈ ਲਿਖਦੇ ਹੋਏ ਦਾਰਸ਼ਨਿਕ ਬਰਟਰੈਂਡ ਰਸੇਲ ਨੇ ਕਿਹਾ, ‘‘ਜਾਂਚ ਤੋਂ ਇਹ ਗੱਲ ਬਿਲਕੁਲ ਸਾਫ਼ ਹੋ ਗਈ ਹੈ ਕਿ ਉਨ੍ਹਾਂ ਨੇ ਗਲਤੀਆਂ ਕੀਤੀਆਂ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਉਨ੍ਹਾਂ ਵਿੱਚੋਂ ਇੱਕ ਗਲਤੀ ਤਾਂ ਬਹੁਤ ਵੱਡੀ ਸੀ।’’
‘‘ਪਰ ਇਸ ਗੱਲ ਦੇ ਸਬੂਤ ਕਦੇ ਨਹੀਂ ਮਿਲੇ ਕਿ ਉਨ੍ਹਾਂ ਨੇ ਦੇਸ਼ ਨਾਲ ਅਜਿਹੀ ਬੇਵਫ਼ਾਈ ਕੀਤੀ ਜਿਸ ਨੂੰ ਗੱਦਾਰੀ ਕਿਹਾ ਜਾਵੇ…ਵਿਗਿਆਨਕ ਇੱਕ ਦੁਖਦਾਈ ਦੁਬਿਧਾ ਦੇ ਸ਼ਿਕਾਰ ਸਨ।’’

ਤਸਵੀਰ ਸਰੋਤ, Getty Images
ਮੌਤ ਦੇ 55 ਸਾਲ ਬਾਅਦ ਵਫ਼ਾਦਾਰੀ ’ਤੇ ਮੋਹਰ
1963 ਵਿੱਚ ਅਮਰੀਕੀ ਸਰਕਾਰ ਨੇ ਓਪੇਨਹਾਈਮਰ ਦੇ ਸਿਆਸੀ ਪੁਨਰਵਾਸ ਦੇ ਤੌਰ ’ਤੇ ਉਨ੍ਹਾਂ ਨੂੰ ਐਨਰਿਕੋ ਫਰਮੀ ਪੁਰਸਕਾਰ ਦਿੱਤਾ।
ਪਰ ਓਪੇਨਹਾਈਮਰ ਦੀ ਮੌਤ ਦੇ 55 ਸਾਲ ਬਾਅਦ ਯਾਨੀ 2022 ਵਿੱਚ ਜਾ ਕੇ ਅਮਰੀਕੀ ਸਰਕਾਰ ਨੇ 1954 ਦਾ ਆਪਣਾ ਫੈਸਲਾ ਉਲਟਾਇਆ ਅਤੇ ਉਨ੍ਹਾਂ ਦਾ ਸਿਕਿਓਰਿਟੀ ਕਲੀਅਰੈਂਸ ਬਹਾਲ ਕੀਤਾ, ਜਿਸ ਨਾਲ ਦੇਸ਼ ਪ੍ਰਤੀ ਓਪੇਨਹਾਈਮਰ ਦੀ ਵਫ਼ਾਦਾਰੀ ’ਤੇ ਮੋਹਰ ਲੱਗੀ।
ਆਪਣੀ ਜ਼ਿੰਦਗੀ ਦੇ ਆਖਰੀ ਦਹਾਕਿਆਂ ਤੱਕ ਓਪੇਨਹਾਈਮਰ ਐਟਮ ਬੰਬ ਬਣਾਉਣ ਦੀ ਤਕਨੀਕੀ ਉਪਲੱਬਧੀ ਨੂੰ ਲੈ ਕੇ ਕਦੇ ਮਾਣ ਤਾਂ ਕਦੇ ਉਸ ਦੇ ਅਸਰ ਨੂੰ ਲੈ ਕੇ ਅਪਰਾਧ ਬੋਧ ਪ੍ਰਗਟਾਉਂਦੇ ਰਹੇ ਸਨ।
ਬਾਅਦ ਦੇ ਦਿਨਾਂ ਵਿੱਚ ਉਨ੍ਹਾਂ ਦੀਆਂ ਗੱਲਾਂ ਵਿੱਚ ਕਿਸਮਤ ਦੇ ਹੱਥੋਂ ਹਾਰ ਦਾ ਭਾਵ ਵੀ ਝਲਕਣ ਲੱਗਿਆ ਸੀ। ਉਹ ਵਾਰ ਵਾਰ ਇਹ ਦੁਹਰਾਉਂਦੇ ਸਨ ਕਿ ਐਟਮ ਬੰਬ ਤਾਂ ਬਣਨਾ ਹੀ ਸੀ।
ਓਪੇਨਹਾਈਮਰ ਨੇ ਆਪਣੀ ਜ਼ਿੰਦਗੀ ਦੇ ਆਖਰੀ ਵੀਹ ਸਾਲ ਨਿਊ ਜਰਸੀ ਦੇ ਪ੍ਰਿੰਸਟਨ ਵਿੱਚ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਦੇ ਨਿਰਦੇਸ਼ਕ ਦੇ ਤੌਰ ’ਤੇ ਬਿਤਾਏ।
ਉੱਥੇ ਉਹ ਆਈਂਸਟਾਈਨ ਅਤੇ ਦੂਜੇ ਵਿਗਿਆਨਕਾਂ ਨਾਲ ਕੰਮ ਕਰਦੇ ਸਨ।
ਲਾਸ ਅਲਾਮੋਸ ਦੀ ਤਰ੍ਹਾਂ ਪ੍ਰਿੰਸਟਨ ਵਿੱਚ ਵੀ ਓਪੇਨਹਾਈਮਰ ਨੇ ਅਲੱਗ ਅਲੱਗ ਵਿਧਾਵਾਂ ਦੇ ਕੰਮ ਨੂੰ ਪ੍ਰੋਤਸਾਹਨ ਦਿੱਤਾ।
ਬਰਡ ਅਤੇ ਸ਼ੇਰਵਿਨ ਲਿਖਦੇ ਹਨ ਕਿ ਓਪੇਨਹਾਈਮਰ ਆਪਣੇ ਭਾਸ਼ਣਾਂ ਵਿੱਚ ਇਸ ਵਿਚਾਰ ਨੂੰ ਅਕਸਰ ਦੁਹਰਾਇਆ ਕਰਦੇ ਸਨ ਕਿ ਵਿਗਿਆਨ ਨੂੰ ਆਪਣੀਆਂ ਜਟਿਲਤਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਮਨੁੱਖੀ ਸ਼ਾਸਤਰਾਂ ਜਾਂ ਕਲਾ ਦੇ ਵਿਸ਼ਿਆਂ ਦੀ ਜ਼ਰੂਰਤ ਹੈ।
ਇਸ ਮਕਸਦ ਨਾਲ ਉਨ੍ਹਾਂ ਨੇ ਪ੍ਰਿੰਸਟਨ ਵਿੱਚ ਸ਼ਾਸਤਰੀ ਸੰਗੀਤ ਦੇ ਜਾਣਕਾਰਾਂ, ਕਵੀਆਂ ਅਤੇ ਮਨੋਵਿਗਿਆਨਕਾਂ ਨੂੰ ਜਗ੍ਹਾ ਦਿੱਤੀ ਸੀ।
ਬਾਅਦ ਦੇ ਦੌਰ ਵਿੱਚ ਓਪੇਨਹਾਈਮਰ, ਪਰਮਾਣੂ ਊਰਜਾ ਨੂੰ ਇੱਕ ਅਜਿਹੀ ਸਮੱਸਿਆ ਦੇ ਤੌਰ ’ਤੇ ਦੇਖਣ ਲੱਗੇ ਸਨ, ਜਿਸ ਨੇ ਆਪਣੇ ਦੌਰ ਦੇ ਬੌਧਿਕ ਹਥਿਆਰ ਨੂੰ ਪਛਾੜ ਦਿੱਤਾ ਸੀ।
ਰਾਸ਼ਟਰਪਤੀ ਟਰੂਮੈਨ ਦੇ ਸ਼ਬਦਾਂ ਵਿੱਚ ਕਹੀਏ ਤਾਂ, ਪਰਮਾਣੂ ਊਰਜਾ ‘ਇੱਕ ਅਜਿਹੀ ਨਵੀਂ ਅਤੇ ਕ੍ਰਾਂਤੀਕਾਰੀ ਸ਼ਕਤੀ ਹੈ ਜਿਸ ਨੂੰ ਪੁਰਾਣੇ ਖਿਆਲਾਂ ਦੇ ਸਾਂਚੇ ਵਿੱਚ ਢਾਲ ਕੇ ਨਹੀਂ ਦੇਖਿਆ ਜਾ ਸਕਦਾ।’
1965 ਵਿੱਚ ਓਪੇਨਹਾਈਮਰ ਨੇ ਇੱਕ ਭਾਸ਼ਣ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ, ‘‘ਮੈਂ ਆਪਣੇ ਦੌਰ ਦੇ ਕੁਝ ਮਹਾਨ ਲੋਕਾਂ ਤੋਂ ਸੁਣਿਆ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਕੁਝ ਹਿਲਾ ਦੇਣ ਵਾਲੀ ਚੀਜ਼ ਮਿਲੀ, ਤਾਂ ਉਹ ਇਹ ਜਾਣਦੇ ਸਨ ਕਿ ਇਹ ਚੰਗੀ ਹੈ, ਕਿਉਂਕਿ ਉਹ ਡਰੇ ਹੋਏ ਸਨ।’’
ਬਾਅਦ ਵਿੱਚ ਉਨ੍ਹਾਂ ਦਾ ਇਹ ਭਾਸ਼ਣ 1984 ਵਿੱਚ ‘ਅਨਕਾਮਨ ਸੈਂਸ’ ਨਾਂ ਦੇ ਸੰਗ੍ਰਹਿ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ।
ਪਹਿਲਾਂ ਤੋਂ ਸਥਾਪਿਤ ਪਰੰਪਰਾਵਾਂ ਨੂੰ ਤੋੜਨ ਵਾਲੀਆਂ ਵਿਗਿਆਨਕ ਕਾਢਾਂ ਦੇ ਬਾਰੇ ਗੱਲ ਕਰਦੇ ਹੋਏ ਉਹ ਅਕਸਰ ਕਵੀ ਜੌਨ ਡੌਨ ਦੇ ਇਸ ਮਿਸਰੇ ਦਾ ਹਵਾਲਾ ਦਿੰਦੇ ਸਨ,
‘‘ਇਹ ਸਭ ਟੁਕੜਿਆਂ ਵਿੱਚ ਵੰਡਿਆ ਗਿਆ ਹੈ…ਸਾਰਾ ਢਾਂਚਾ ਟੁਕੜਿਆਂ ਵਿੱਚ ਟੁੱਟ ਗਿਆ ਹੈ।’’

ਤਸਵੀਰ ਸਰੋਤ, Alamy
ਓਪੇਨਹਾਈਮਰ ਦੀ ਭਵਿੱਖਬਾਣੀ
ਜੋ ਇੱਕ ਹੋਰ ਕਵੀ ਓਪੇਨਹਾਈਮਰ ਨੂੰ ਬਹੁਤ ਪਸੰਦ ਕਰਦੇ ਸਨ, ਉਹ ਸਨ ਜੌਨ ਕੀਟਸ।
ਕੀਟਸ ਜਿਨ੍ਹਾਂ ਲੋਕਾਂ ਦੀ ਤਾਰੀਫ਼ ਕਰਦੇ ਸਨ, ਉਨ੍ਹਾਂ ਸਭ ਦੀ ਇੱਕ ਸਾਂਝੀ ਖੂਬੀ ਦੱਸਣ ਲਈ ਉਨ੍ਹਾਂ ਨੇ ‘ਨਕਾਰਾਤਮਕ ਸਮਰੱਥਾ’ ਦਾ ਜੁਮਲਾ ਘੜਿਆ ਸੀ।
ਉਹ ਕਿਹਾ ਕਰਦੇ ਸਨ, ‘‘ਇਹ ਉਹ ਸਥਿਤੀ ਹੁੰਦੀ ਹੈ ਜਦੋਂ ਕੋਈ ਇਨਸਾਨ ਅਨਿਸ਼ਚਿਤਤਾਵਾਂ, ਗੂੜ੍ਹੇ ਰਹੱਸਾਂ ਅਤੇ ਸ਼ੱਕਾਂ ਨਾਲ ਘਿਰਿਆ ਰਹਿਣ ਵਿੱਚ ਸਮਰੱਥ ਹੁੰਦਾ ਹੈ ਅਤੇ ਉਹ ਤੱਥਾਂ ਅਤੇ ਤਰਕਾਂ ਦੀਆਂ ਸੰਵੇਦਨਾਵਾਂ ਤੋਂ ਪਰੇ ਹੁੰਦਾ ਹੈ।’’
ਬਰਟਰੈਂਡ ਰਸੇਲ ਨੇ ਓਪੇਨਹਾਈਮਰ ਦੇ ਬਾਰੇ ਲਿਖਿਆ ਸੀ ਕਿ ਉਹ ‘ਚੀਜ਼ਾਂ ਨੂੰ ਸਹਿਜ ਤਰੀਕੇ ਨਾਲ ਦੇਖਣ ਵਿੱਚ ਅਯੋਗ ਹੈ।’
ਇਹ ਇੱਕ ਅਜਿਹੀ ਕਮਜ਼ੋਰੀ ਹੈ, ਜੋ ਕਿਸੇ ਗੁੰਝਲਦਾਰ ਅਤੇ ਨਾਜ਼ੁਕ ਮਾਨਸਿਕ ਸਥਿਤੀ ਵਾਲੇ ਇਨਸਾਨ ਵਿੱਚ ਮਿਲਣ ’ਤੇ ਹੈਰਾਨੀ ਨਹੀਂ ਹੁੰਦੀ।
ਰਸੇਲ ਵੀ ਸ਼ਾਇਦ ਓਪੇਨਹਾਈਮਰ ਦੀ ਉਸੇ ਖ਼ੂਬੀ ਵੱਲ ਇਸ਼ਾਰਾ ਕਰ ਰਹੇ ਸਨ, ਜਿਸ ਦਾ ਹਵਾਲਾ ਕੀਟਸ ਨੇ ਦਿੱਤਾ ਸੀ।
ਓਪੇਨਹਾਈਮਰ ਦੀ ਸ਼ਖ਼ਸੀਅਤ ਦੇ ਵਿਰੋਧਾਭਾਸ, ਉਨ੍ਹਾਂ ਦੇ ਖ਼ੁਦ ਨੂੰ ਤੁਰੰਤ ਨਵੇਂ ਸਾਂਚੇ ਵਿੱਚ ਢਾਲ ਲੈਣ, ਵਿਗਿਆਨ ਅਤੇ ਕਵਿਤਾ ਦੇ ਵਿਚਕਾਰ ਉਨ੍ਹਾਂ ਦੀ ਭੱਜ ਦੌੜ, ਸਾਧਾਰਨ ਵਿਵਰਣ ਨੂੰ ਗ਼ਲਤ ਠਹਿਰਾਉਣ ਦੀਆਂ ਉਨ੍ਹਾਂ ਦੀਆਂ ਆਦਤਾਂ ਦਾ ਵਰਣਨ ਕਰਕੇ…
ਸ਼ਾਇਦ ਅਸੀਂ ਉਨ੍ਹਾਂ ਹੀ ਖੂਬੀਆਂ ਦੀ ਪਛਾਣ ਕਰਦੇ ਹਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਪਰਮਾਣੂ ਬੰਬ ਬਣਾਉਣ ਦਾ ਮਕਸਦ ਹਾਸਲ ਕਰਨ ਲਾਇਕ ਬਣਾਇਆ ਸੀ।
ਇਸ ਮਹਾਨ ਅਤੇ ਭਿਆਨਕ ਮਕਸਦ ਨੂੰ ਹਾਸਲ ਕਰਨ ਦੇ ਸਫ਼ਰ ਦੇ ਦੌਰਾਨ ਵੀ ਓਪੇਨਹਾਈਮਰ ਨੇ ਆਪਣੇ ਉਦਾਸ ਭਾਵਾਂ ਨੂੰ ਜ਼ਿੰਦਾ ਰੱਖਿਆ ਸੀ।
ਮੰਨਿਆ ਜਾਂਦਾ ਹੈ ਕਿ ਪਹਿਲੇ ਪਰਮਾਣੂ ਪ੍ਰੀਖਣ ਦਾ ਨਾਂ ‘ਟ੍ਰਿਨਿਟੀ’ ਵੀ ਜੌਨ ਡੌਨ ਦੀ ਇੱਕ ਕਵਿਤਾ ‘ਬੈਟਰ ਮਾਈ ਹਾਰਟ, ਥ੍ਰੀ ਪਰਸਨਜ਼ ਗੌਡ’ ਦੇ ਸਿਰਲੇਖ ਉੱਤੇ ਰੱਖਿਆ ਗਿਆ ਸੀ।
ਜਿਸ ਵਿੱਚ ਉਨ੍ਹਾਂ ਨੇ ਇਹ ਮਿਸਰਾ ਲਿਖਿਆ ਸੀ, ‘ਹੋ ਸਕਦਾ ਹੈ ਕਿ ਮੈਂ ਫਿਰ ਉੱਠਾਂ ਅਤੇ ਖੜ੍ਹਾ ਹੋ ਜਾਵਾਂ, ਤੂੰ ਮੈਨੂੰ ਫਿਰ ਤੋਂ ਉਖਾੜ ਸੁੱਟੇ ਅਤੇ ਆਪਣੀ ਤਾਕਤ ਨੂੰ ਮੋੜ ਕੇ ਮੈਨੂੰ ਤੋੜ ਦੇਵੇਂ, ਉਡਾ ਦਿਓ, ਜਲਾ ਦਿਓ ਅਤੇ ਮੇਰੀ ਨਵੀਂ ਸ਼ਖ਼ਸੀਅਤ ਘੜੋ।’
ਜੌਨ ਡੌਨ ਨਾਲ ਓਪੇਨਹਾਈਮਰ ਦੀ ਜਾਣ ਪਛਾਣ ਕਰਾਉਣ ਵਾਲੀ ਜੀਨ ਟੈਟਲਾਕ ਸੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਓਪੇਨਹਾਈਮਰ ਪੂਰੀ ਉਮਰ, ਜੀਨ ਨਾਲ ਪਿਆਰ ਕਰਦੇ ਰਹੇ ਸਨ।
ਜੀਨ ਟੈਟਲਾਕ ਨੇ ਪਰਮਾਣੂ ਪ੍ਰੀਖਣ ਤੋਂ ਇੱਕ ਸਾਲ ਪਹਿਲਾਂ ਖੁਦਕੁਸ਼ੀ ਕਰ ਲਈ ਸੀ।
ਪਰਮਾਣੂ ਬੰਬ ਬਣਾਉਣ ਦੇ ਪ੍ਰਾਜੈਕਟ ਦੇ ਹਰ ਨੁਕਤੇ, ਹਰ ਕੋਨੇ ’ਤੇ ਓਪੇਨਹਾਈਮਰ ਦੀ ਕਲਪਨਾ ਦੀ ਛਾਪ ਨਜ਼ਰ ਆਉਂਦੀ ਸੀ।
ਤ੍ਰਾਸਦੀ ਅਤੇ ਰੁਮਾਨੀਅਤ ਦੀ ਉਨ੍ਹਾਂ ਦੀ ਸਮਝ ਦਾ ਅਕਸ ਨਜ਼ਰ ਆਉਂਦਾ ਸੀ।
ਜਦੋਂ ਜਨਰਲ ਲੇਸਲੀ ਗ੍ਰੋਵਸ ਨੇ ਇਸ ਪ੍ਰਾਜੈਕਟ ਦੇ ਮੁਖੀ ਲਈ ਉਨ੍ਹਾਂ ਦਾ ਇੰਟਰਵਿਊ ਲਈ ਸੀ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਓਪੇਨਹਾਈਮਰ ਵਿੱਚ ਭਿਆਨਕ ਅਭਿਲਾਸ਼ਾਂ ਦੀ ਝਲਕ ਦੇਖੀ ਸੀ।
ਜਾਂ ਫਿਰ ਸ਼ਾਇਦ ਉਨ੍ਹਾਂ ਨੇ ਜ਼ਰੂਰਤ ਦੇ ਹਿਸਾਬ ਨਾਲ ਅਭਿਲਾਸ਼ਾ ਦੇ ਵਾਧੇ ਦੇ ਇਸ ਖਿਆਲ ਨੂੰ ਵਕਤੀ ਤੌਰ ’ਤੇ ਆਪਣੇ ਅੰਦਰ ਜਜ਼ਬ ਕਰ ਲਿਆ ਸੀ।
ਪ੍ਰਾਜੈਕਟ ਵਾਏ ਦੀ ਸਫਲਤਾ ਜਿੰਨੀ ਰਿਸਰਚ ਦਾ ਨਤੀਜਾ ਸੀ, ਪਰਮਾਣੂ ਬੰਬ ਓਨਾ ਹੀ ਓਪੇਨਹਾਈਮਰ ਦੀ ਇਹ ਕਲਪਨਾ ਕਰਨ ਦੀ ਇੱਛਾ ਅਤੇ ਸਮਰੱਥਾ ਦਾ ਵੀ ਪ੍ਰਤੀਕ ਸੀ ਕਿ ਉਹ ਹੀ ਅਜਿਹੇ ਇਨਸਾਨ ਹਨ, ਜੋ ਇਸ ਨੂੰ ਸੰਭਵ ਬਣਾ ਸਕਦੇ ਹਨ।
ਓਪੇਨਹਾਈਮਰ ਅੱਲ੍ਹੜਪੁਣੇ ਤੋਂ ਹੀ ਚੇਨ ਸਮੋਕਰ ਸਨ। ਆਪਣੀ ਜ਼ਿੰਦਗੀ ਵਿੱਚ ਉਹ ਕਈ ਬਾਰ ਟੀਬੀ ਦੀ ਬਿਮਾਰੀ ਦੇ ਸ਼ਿਕਾਰ ਹੋਏ।
1967 ਵਿੱਚ 62 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਗਲੇ ਦੇ ਕੈਂਸਰ ਨਾਲ ਹੋਈ ਸੀ।
ਆਪਣੀ ਮੌਤ ਤੋਂ ਦੋ ਸਾਲ ਪਹਿਲਾਂ, ਨਿਮਰਤਾ ਦੇ ਇੱਕ ਦੁਰਲੱਭ ਪਲ ਵਿੱਚ ਉਨ੍ਹਾਂ ਨੇ ਵਿਗਿਆਨ ਅਤੇ ਕਵਿਤਾ ਦੀ ਵਰਤੋਂ ਵਿੱਚ ਇੱਕ ਮਹੱਤਵਪੂਰਨ ਅੰਤਰ ਵੱਲ ਇਸ਼ਾਰਾ ਕੀਤਾ ਸੀ।
ਉਨ੍ਹਾਂ ਨੇ ਕਿਹਾ ਸੀ ਕਿ ਕਵਿਤਾ ਦੇ ਉਲਟ, ‘ਵਿਗਿਆਨ ਸਿਖਾਉਂਦਾ ਹੈ ਕਿ ਕੋਈ ਵੀ ਗਲਤੀ ਦੁਬਾਰਾ ਨਾ ਕੀਤੀ ਜਾਵੇ।’












