ਪੁਤਿਨ ਦੀ ਨਵੀਂ ਚੇਤਾਵਨੀ ਦੇ ਕੀ ਮਾਅਨੇ ਹਨ ਅਤੇ ਕੀ ਅੱਗੇ ਪਰਮਾਣੂ ਯੁੱਧ ਛਿੜ ਸਕਦਾ ਹੈ

ਰੂਸ ਯੂਕਰੇਨ ਸੰਕਟ

ਤਸਵੀਰ ਸਰੋਤ, EPA

    • ਲੇਖਕ, ਲੌਅਰੈਂਸ ਪੀਟਰ
    • ਰੋਲ, ਬੀਬੀਸੀ ਨਿਊਜ਼

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰਾਖਵੇਂ ਸੈਨਿਕਾਂ ਨੂੰ ਆਂਸ਼ਕਿ ਤੌਰ 'ਤੇ ਡਿਊਟੀ 'ਤੇ ਸੱਦਣ ਦੇ ਹੁਕਮ ਦੇ ਦਿੱਤੇ ਹਨ।

ਪੁਤਿਨ ਨੇ ਇਹ ਹੁਕਮ ਯੂਕਰੇਨ ਵੱਲੋਂ ਪਿਛਲੇ ਕੁਝ ਅਰਸੇ ਦੌਰਾਨ ਰੂਸੀ ਫ਼ੌਜਾਂ ਨੂੰ ਖਦੇੜਦੇ ਹੋਏ ਅਹਿਮ ਇਲਾਕਿਆਂ ਨੂੰ ਮੁੜ ਆਪਣੇ ਅਧਿਕਾਰ ਹੇਠ ਲੈਣ ਮਗਰੋ ਜਾਰੀ ਕੀਤੇ ਹਨ।

ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਪੱਛਮੀ ਦੇਸਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਅਸਲੇਖਾਨੇ ਦਾ ਕੋਈ ਵੀ ਹਥਿਆਰ ਵਰਤੋਂ ਵਿੱਚ ਲਿਆ ਸਕਦੇ ਹਨ। ਉਨ੍ਹਾਂ ਨੇ ਪੱਛਮੀ ਦੇਸ਼ਾਂ ਨੂੰ ''ਨਿਊਕਲੀਅਰ ਬਲੈਕਮੇਲ'' ਸੱਦਿਆ।

ਜ਼ਿਕਰਯੋਗ ਹੈ ਕਿ ਰੂਸ ਖ਼ੁਦ ਵੀ ਪ੍ਰਮਾਣੂ ਸ਼ਕਤੀ ਸੰਪਨ ਦੇਸ਼ ਹੈ।

ਪੁਤਿਨ ਦੇ ਦੇਸ਼ ਦੇ ਨਾਮ ਸੰਬੋਧਨ ਤੋਂ ਇੱਕ ਦਿਨ ਪਹਿਲਾਂ ਪੂਰਬੀ ਅਤੇ ਦੱਖਣੀ ਯੂਕਰੇਨ ਵਿੱਚ ਰੂਸ ਦੇ ਥਾਪੇ ਆਗੂਆਂ ਨੇ ਰੂਸ ਵਿੱਚ ਰਲੇਵੇਂ ਲਈ ਜਨਮਤਕ ਰਾਇਸ਼ੁਮਾਰੀ ਦਾ ਐਲਾਨ ਕੀਤਾ ਸੀ। ਇਹ ਰਫ਼ਰੈਂਡਮ ਇਸ ਹਫ਼ਤੇ ਤੋਂ ਸ਼ੁਰੂ ਹੋਣ ਜਾ ਰਹੇ ਹਨ।

ਇਸੇ ਤਰ੍ਹਾਂ ਕ੍ਰੀਮੀਆ ਨੂੰ ਰੂਸ ਨੇ ਸਾਲ 2014 ਵਿੱਚ ਆਪਣੇ ਅਧੀਨ ਕਰ ਲਿਆ ਸੀ।

ਪੁਤਿਨ ਦੇ ਇਨ੍ਹਾਂ ਹੁਕਮਾਂ ਦੇ ਕੀ ਮਾਅਨੇ ਹਨ?

ਯੂਕਰੇਨੀ ਸੈਨਿਕ

ਤਸਵੀਰ ਸਰੋਤ, Getty Images

ਰੂਸ ਆਪਣੇ ਤਿੰਨ ਲੱਖ ਰਾਖਵੇਂ ਫ਼ੌਜੀਆਂ ਨੂੰ ਡਿਊਟੀ ਉੱਪਰ ਸੱਦ ਰਿਹਾ ਹੈ।

ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਕੋਲ ਵੀ ਫ਼ੌਜੀ ਸਿਖਲਾਈ ਹੈ ਅਤੇ ਜਿਵੇਂ ਕਿ ਪੁਤਿਨ ਨੇ ਦਬਾਅ ਦੇ ਕੇ ਕਿਹਾ ਹੈ ਕਿ ਜਿਨ੍ਹਾਂ ਕੋਲ ਵੀ ਵਿਸ਼ੇਸ਼ ਕੌਸ਼ਲ ਹਨ ਜਿਨ੍ਹਾਂ ਦੀ ਯੂਕਰੇਨ ਸੰਕਟ ਵਿੱਚ ਲੋੜ ਪੈ ਸਕਦੀ ਹੈ।

ਇਨ੍ਹਾਂ ਵਿੱਚ ਕਈ ਸਾਰੇ ਰਾਖਵੇਂ ਅਧਿਕਾਰੀ, ਜਿਨ੍ਹਾਂ ਵਿੱਚ 60 ਸਾਲ ਤੋਂ ਵੱਡੀ ਉਮਰ ਦੇ ਲੋਕ ਜੋ ਰਿਟਾਇਰ ਹੋ ਚੁੱਕੇ ਹਨ, ਉਹ ਵੀ ਸ਼ਾਮਲ ਹਨ।

ਸਿਧਾਂਤਕ ਤੌਰ 'ਤੇ ਰੂਸ ਢਾਈ ਕੋਰੜ ਫ਼ੌਜੀਆਂ ਨੂੰ ਸਰਗਰਮ ਕਰ ਸਕਦਾ ਹੈ। ਹਾਲਾਂਕਿ ਇਸ ਵਿਕਲਪ ਨੂੰ ਅਜੇ ਤੱਕ ਵਿਚਾਰਿਆ ਨਹੀਂ ਗਿਆ ਹੈ।

ਰਾਸ਼ਟਰਪਤੀ ਪੁਤਿਨ ਅਤੇ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਲੋਕਾਂ ਨੂੰ ਲੜਾਈ ਦੇ ਮੋਰਚੇ ਉੱਪਰ ਨਹੀਂ ਭੇਜਿਆ ਜਾਵੇਗਾ।

ਬੀਬੀਸੀ
  • ਰੂਸ ਆਪਣੇ ਹਰ ਨਾਗਰਿਕ ਜਿਸ ਦਾ ਕੌਸ਼ਲ ਜੰਗ ਵਿੱਚ ਕੰਮ ਆ ਸਕਦਾ ਹੈ ਸੱਦ ਰਿਹਾ ਹੈ।
  • ਰੂਸ ਦਾ ਕਹਿਣਾ ਹੈ ਕਿ ਅਜਿਹਾ ਰੂਸ ਦੀ ਇੱਕ ਹਜ਼ਾਰ ਕਿੱਲੋਮੀਟਰ ਤੋਂ ਲੰਬੀ ਸਰਹੱਦ ਦੀ ਰਾਖੀ ਕਰਨ ਲਈ ਕੀਤਾ ਜਾ ਰਿਹਾ ਹੈ
  • ਫਿਲਹਾਲ 18-27 ਸਾਲ ਦੇ ਹਰ ਰੂਸੀ ਨਾਗਰਿਕ ਲਈ ਇੱਕ ਸਾਲ ਦੀ ਲਾਜ਼ਮੀ ਮਿਲਟਰੀ ਸੇਵਾ ਕਰਨਾ ਲਾਜ਼ਮੀ ਹੈ।
  • ਜੰਗ ਤੋਂ ਬਾਅਦ ਯੂਕਰੇਨ ਨੇ ਵਿਆਪਕ ਭਰਤੀ ਕੀਤੀ ਅਤੇ ਇਹ ਨੰਬਰ ਕਈ ਗੁਣਾਂ ਵਧਾ ਲਿਆ ਗਿਆ। ਪਹਿਲਾਂ ਇਸ ਕੋਲ ਸਿਰਫ਼ 1,96,600 ਸੈਨਿਕ ਸਨ।
  • ਇਸ ਦੌਰਾ ਪੁਤਿਨ ਨੇ ਇਹ ਵੀ ਕਿਹਾ ਹੈ ਕਿਰੂਸ ਦੀ ਅਖੰਡਤਾ ਦੀ ਰਾਖੀ ਲਈ ਕਿਸੇ ਵੀ ਕਿਸਮ ਦੇ ਹਥਿਆਰ ਦੀ ਵਰਤੋਂ ਤੋਂ ਪ੍ਰਹੇਜ਼ ਨਹੀਂ ਕੀਤਾ ਜਾਵੇਗਾ।
  • ਹਾਲਾਂਕਿ ਕਈ ਪੱਛਮੀ ਦੇਸ਼ਾਂ ਨੇ ਕਿਸੇ ਪਰਮਾਣੂ ਜੰਗ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਬੀਬੀਸੀ

ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਾਧੂ ਫ਼ੌਜੀਆਂ ਦੀ ਲੋੜ ਰੂਸ ਦੀ ਇੱਕ ਹਜ਼ਾਰ ਕਿੱਲੋਮੀਟਰ ਤੋਂ ਲੰਬੀ ਸਰਹੱਦ ਦੀ ਰਾਖੀ ਕਰਨ ਲਈ ਜ਼ਰੂਰਤ ਹੈ।

ਇਨ੍ਹਾਂ ਦਸਤਿਆਂ ਨੂੰ ਆਉਣ ਵਾਲੇ ਮਹੀਨਿਆਂ ਦੌਰਾਨ ਸਰਗਰਮ ਕੀਤਾ ਜਾਵੇਗਾ। ਰਾਸ਼ਟਰਪਤੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰੂਸ ਇੱਕ ਲੰਬੀ ਲੜਾਈ ਲਈ ਤਿਆਰ ਬਰ ਤਿਆਰ ਹੈ।

ਖ਼ਬਰ ਏਜੰਸੀ ਰੌਇਟਰਜ਼ ਮੁਤਾਬਕ ਯੂਕਰੇਨ ਕਾਰਵਾਈ ਵਿੱਚ ਰੂਸ ਵੱਲੋਂ ਜੋ ਫ਼ੌਜ ਸਰਗਰਮ ਕੀਤੀ ਗਈ ਹੈ ਉਹ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।

ਹਾਲਾਂਕਿ ਰੂਸ ਨੇ ਇਸ ਤੋਂ ਪਹਿਲਾਂ ਆਪਣੇ ਹਜ਼ਾਰਾਂ ਫ਼ੌਜੀ ਸਾਲ 1980ਵਿਆਂ ਦੌਰਾਨ ਅਫ਼ਗਾਨਿਸਤਾਨ ਵਿੱਚ ਅਤੇ ਫਿਰ ਚੇਚਨੀਆ ਵਿੱਚ ਵੀ ਭੇਜੇ ਸਨ।

ਉਨ੍ਹਾਂ ਜੰਗੀ ਅਭਿਆਨਾਂ ਵਿੱਚ ਬਹੁਤ ਸਾਰੇ ਨੌਸਿਖੀਏ ਰੰਗਰੂਟ ਮਾਰੇ ਗਏ ਸਨ ਅਤੇ ਲੱਗ ਰਿਹਾ ਹੈ ਕਿ ਇਸ ਵਾਰ ਕਰੈਮਲਿਨ ਦਾ ਮਕਸਦ ਸਿਰਫ਼ ਰੂਸ ਵਿੱਚ ਫ਼ੈਲ ਰਹੀ ਜੰਗ ਵਿਰੋਧੀ ਭਾਵਨਾ ਨੂੰ ਫ਼ੈਲਣ ਤੋਂ ਰੋਕਣਾ ਹੈ।

ਕੀ ਰੂਸ ਦੀ ਫ਼ੌਜ ਯੂਕਰੇਨ ਤੋਂ ਜ਼ਿਆਦਾ ਹੈ?

ਯੂਕਰੇਨੀ ਸੈਨਿਕ

ਤਸਵੀਰ ਸਰੋਤ, Getty Images

ਹਾਲਾਂਕਿ ਰੂਸ ਦੀ ਨਫ਼ਰੀ ਯੂਕਰੇਨ ਤੋਂ ਜ਼ਿਆਦਾ ਹੈ ਪਰ ਇਸ ਦੇ ਮੁਕਾਬਲੇ ਯੂਕਰੇਨ ਦੇ ਜੰਗੀ ਪੈਂਤੜੇ ਅਤੇ ਆਧੁਨਿਕ ਪੱਛਮੀ ਹਥਿਆਰ ਉਸ ਨੂੰ ਤਕੜਾ ਟਾਕਰਾ ਦੇ ਰਹੇ ਹਨ।

ਜੰਗ ਦੇ ਸ਼ੁਰੂਆਤੀ ਦਿਨਾਂ ਵਿੱਚ ਰੂਸ ਦੇ 1,90,000 ਫ਼ੌਜੀ ਸਨ ਅਤੇ ਇਸ ਦੇ ਨਾਲ ਹੀ ਯੂਕਰੇਨ ਦੇ ਅੰਦਰ ਰੂਸ ਪੱਖੀ ਲੜਾਕੇ ਸਨ।

ਰੂਸ ਨੇ ਵਿਆਪਕ ਭਰਤੀ ਮੁਹਿੰਮ ਚਲਾਈ। ਰੰਗਰੂਟਾਂ ਨੂੰ ਵੱਡੇ ਆਰਥਿਕ ਲਾਭਾਂ ਦਾ ਵਾਅਦਾ ਕੀਤਾ ਗਿਆ। ਇਨ੍ਹਾਂ ਭਰਤੀਆਂ ਵਿੱਚ ਦੇਸ਼ ਦੇ ਗਰੀਬ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਭਰਤੀ ਹੋਏ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਸਧਾਰਣ ਹਾਲਾਤਾਂ ਵਿੱਚ ਰੂਸ 10 ਲੱਖ ਤੋਂ ਕੁਝ ਜ਼ਿਆਦਾ ਦੀ ਨਫ਼ਰੀ ਅਤੇ ਲਗਭਗ ਨੌਂ ਹਜ਼ਾਰ ਨਾਗਰਿਕ ਸਟਾਫ਼ ਰੱਖਦਾ ਹੈ। ਹਾਲਾਂਕਿ ਰਾਸ਼ਟਰਪਤੀ ਪੁਤਿਨ ਨੇ ਪਿਛਲੇ ਮਹੀਨੇ ਹੀ 1,37,000 ਲੋਕ ਹੋਰ ਭਰਤੀ ਕਰਨ ਦੇ ਹੁਕਮਾਂ ਉੱਪਰ ਸਹੀ ਪਾਈ ਹੈ।

ਇਹ ਵੀ ਖ਼ਬਰਾਂ ਸਾਹਮਣੇ ਆਈਆਂ ਹਨ ਕਿ ਜੰਗ ਵਿੱਚ ਨੁਕਾਸਨ ਦਾ ਸਾਹਮਣਾ ਕਰਨ ਤੋਂ ਬਾਅਦ ਰੂਸ ਜੰਗ ਵਿੱਚ ਲੜਨ ਲਈ ਕੈਦੀਆਂ ਨੂੰ ਭਰਤੀ ਕਰ ਰਿਹਾ ਹੈ।

ਫਿਲਹਾਲ 18-27 ਸਾਲ ਦੇ ਹਰ ਰੂਸੀ ਨਾਗਰਿਕ ਲਈ ਇੱਕ ਸਾਲ ਦੀ ਲਾਜ਼ਮੀ ਮਿਲਟਰੀ ਸੇਵਾ ਕਰਨਾ ਲਾਜ਼ਮੀ ਹੈ। ਹਾਲਾਂਕਿ ਡਾਕਟਰੀ ਕਾਰਨਾਂ ਦੇ ਅਧਾਰ 'ਤੇ ਇਸ ਤੋਂ ਛੋਟ ਵੀ ਮਿਲ ਸਕਦੀ ਹੈ।

ਜੰਗ ਤੋਂ ਪਹਿਲਾਂ ਯੂਕਰੇਨ ਦੀ ਨਫ਼ਰੀ ਬਹੁਤ ਥੋੜ੍ਹੀ ਸੀ। ਇਸ ਵਿੱਚ ਸਿਰਫ਼ 1,96,600 ਸੈਨਿਕ ਸਨ। ਜੰਗ ਲੱਗਣ ਤੋਂ ਬਾਅਦ ਸਰਕਾਰ ਨੇ ਵਿਆਪਕ ਭਰਤੀ ਕੀਤੀ ਅਤੇ ਇਹ ਨੰਬਰ ਕਈ ਗੁਣਾਂ ਵਧਾ ਲਿਆ ਗਿਆ।

ਕੀ ਪੁਤਿਨ ਪਰਮਾਣੂ ਯੁੱਧ ਦੀ ਧਮਕੀ ਦੇ ਰਹੇ ਹਨ?

ਵਲਾਦੀਮੀਰ ਪੁਤਿਨ

ਤਸਵੀਰ ਸਰੋਤ, Getty Images

ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਇਲਜ਼ਾਮ ਹਨ ਕਿ ਪੱਛਮੀ ਸ਼ਕਤੀਆਂ ਯੂਕਰੇਨ ਦੀ ਹਮਾਇਤ ਕਰਕੇ ਰੂਸ ਨੂੰ ਧਮਕਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਰੂਸ ਦੀ ਅਖੰਡਤਾ ਦੀ ਰਾਖੀ ਲਈ ਕਿਸੇ ਵੀ ਕਿਸਮ ਦੇ ਹਥਿਆਰ ਦੀ ਵਰਤੋਂ ਤੋਂ ਪ੍ਰਹੇਜ਼ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ, "ਸਾਡੇ ਕੋਲ ਵੀ ਸਮੂਹਿਕ ਵਿਨਾਸ਼ ਦੇ ਕਈ ਹਥਿਆਰ ਹਨ ਅਤੇ ਕੁਝ ਵਰਗਾਂ ਵਿੱਚ ਤਾਂ ਇਹ ਨਾਟੋ ਦੇ ਹਥਿਆਰਾਂ ਨਾਲੋਂ ਵੀ ਜ਼ਿਆਦਾ ਆਧੁਨਿਕ ਹਨ। ਇਹ ਕੋਈ ਝੂਠ ਨਹੀਂ ਹੈ।"

ਰੂਸ ਦਾ ਫ਼ੌਜੀ ਸਿਧਾਂਤ ਰੂਸੀ ਪ੍ਰਭੂਸੱਤਾ ਨੂੰ ਖ਼ਤਰਾ ਹੋਣ ਦੀ ਸੂਰਤ ਵਿੱਚ ਜੰਗੀ ਪੈਂਤੜੇ ਦੇ ਪੱਖੋਂ ਅਹਿਮ ਪਰਮਾਣੂ ਹਥਿਆਰ ਵਰਤਣ ਦੀ ਆਗਿਆ ਦਿੰਦਾ ਹੈ।

ਰੂਸ ਯੂਕਰੇਨ ਵਿੱਚ ਪਹਿਲਾਂ ਹੀ ਲੰਬੀ ਦੂਰੀ ਦੀਆਂ ਹਾਈਪਰ ਸੋਨਿਕ ਮਿਜ਼ਾਇਲਾਂ ਵਰਤ ਚੁੱਕਿਆ ਹੈ। ਹਾਲਾਂਕਿ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਨਾਲ ਖੇਡ ਵਿੱਚ ਕੋਈ ਪਾਸਾ ਬਦਲਿਆ ਹੋਵੇ ਅਜਿਹਾ ਨਹੀਂ ਲੱਗਦਾ ਹੈ।

ਜੇ ਰੂਸ ਦਾਅਵਾ ਕਰਦਾ ਹੈ ਕਿ ਕਥਿਤ ਰਾਇਸ਼ੁਮਾਰੀਆਂ ਵਿੱਚ ਯੂਕਰੇਨ ਦੇ ਕਈ ਹੋਰ ਇਲਾਕਿਆਂ ਨੇ ਰੂਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ ਤਾਂ ਰੂਸ ਇਹ ਵੀ ਕਹਿ ਸਕਦਾ ਹੈ ਕਿ ਉਸ ਨੂੰ ਨਾਟੋ ਦੇ ਹਮਲੇ ਦਾ ਸਿੱਧਾ ਡਰ ਹੈ।

ਯੂਕਰੇਨ ਅਤੇ ਪੱਛਮੀ ਦੇਸ਼ ਪਹਿਲਾਂ ਹੀ ਇਨ੍ਹਾਂ ਰਾਇਸ਼ੁਮਾਰੀਆਂ ਨੂੰ ਰੂਸ ਵੱਲੋਂ ਜ਼ਮੀਨ ਹੜਪਣ ਦੀ ਇੱਕ ਚਾਲ ਕਹਿ ਚੁੱਕੇ ਹਨ।

ਡੱਚ ਪ੍ਰਧਾਨ ਮੰਤਰੀ ਮਾਰਕ ਰੂਟੇ ਨੇ ਕਿਹਾ ਕਿ ਇਹ ਰਾਇਸ਼ੁਮਾਰੀਆਂ ਰੂਸੀ ਡਰ ਦਾ ਸੰਕੇਤ ਹਨ।

ਹਾਲਾਂਕਿ ਹੋਰ ਪੱਛਮੀ ਦੇਸ਼ਾਂ ਨੇ ਵੀ ਕਿਸੇ ਪਰਮਾਣੂ ਜੰਗ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)