ਪੰਜਾਬ ਦੇ ਇਹ ਖੇਤੀਬਾੜੀ ਇਨਫਲੂਐਂਸਰ ਸੋਸ਼ਲ ਮੀਡੀਆ 'ਤੇ ਕਿਸਾਨਾਂ ਨੂੰ ਕੀ ਜਾਣਕਾਰੀ ਦੇ ਰਹੇ, ਕੀ ਇਸ ਨਾਲ ਕਿਸਾਨਾਂ ਦੀ ਦਿੱਕਤਾਂ ਦਾ ਹੱਲ ਨਿਕਲੇਗਾ

ਕੁਲਦੀਪ ਸਿੰਘ ਅਤੇ ਪਰਗਟ ਸਿੰਘ
ਤਸਵੀਰ ਕੈਪਸ਼ਨ, ਕੁਲਦੀਪ ਸਿੰਘ ਅਤੇ ਪਰਗਟ ਸਿੰਘ ਨੇ ਆਪਣੇ-ਆਪਣੇ ਯੂਟਿਊਬ ਚੈਨਲ ਸਾਲ 2017 ਵਿੱਚ ਸ਼ੁਰੂ ਕੀਤੇ ਸਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

"ਖੇਤੀ ਵਿਗਿਆਨੀ ਆਰਮੀ ਦੀ ਤਰ੍ਹਾਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਵੱਲੋਂ ਦਿੱਤਾ ਗਿਆ ਗਿਆਨ ਕਿਸਾਨਾਂ ਤੱਕ ਨਹੀਂ ਪਹੁੰਚਦਾ।"

ਬਠਿੰਡਾ ਜ਼ਿਲ੍ਹੇ ਦੇ ਗਹਿਰੀ ਭਾਗੀਕੇ ਪਿੰਡ ਦੇ ਵਸਨੀਕ ਕਿਸਾਨ ਪਰਗਟ ਸਿੰਘ ਇਹ ਚਿੰਤਾ ਪਰਗਟ ਕਰਦੇ ਹਨ।

ਇਸ ਚਿੰਤਾ ਦੇ ਹੱਲ ਲਈ ਪਰਗਟ ਸਿੰਘ ਖੇਤੀ ਵਿਗਿਆਨੀਆਂ ਦੇ ਖੋਜ ਕਾਰਜਾਂ ਅਤੇ ਸਿਫ਼ਾਰਸ਼ਾਂ ਨੂੰ ਪਹਿਲਾਂ ਸਮਝਦੇ ਹਨ ਅਤੇ ਫਿਰ ਖੇਤਰੀ ਭਾਸ਼ਾ ਵਿੱਚ ਕਿਸਾਨਾਂ ਨੂੰ ਉਨ੍ਹਾਂ ਦੇ ਤਰੀਕੇ ਵਿੱਚ ਸਮਝਾਉਂਦੇ ਹਨ।

ਉਹ ਆਪਣੀ ਖੇਤੀ ਤੋਂ ਸਮਾਂ ਕੱਢ ਕੇ ਖੇਤੀ ਸਬੰਧੀ ਮੁੱਦੇ, ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਉੱਤੇ ਵੀਡੀਓ ਬਣਾਉਂਦੇ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਸਾਂਝੇ ਕਰਦੇ ਹਨ।

ਉਹ ਆਪਣੇ ਖੇਤਾਂ ਵਿੱਚ ਵਾਹੀ ਕਰਨ ਲਈ ਟਰੈਕਟਰ ਅਤੇ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਸਿੱਖਿਅਤ ਕਰਨ ਲਈ ਮੋਬਾਇਲ ਦੀ ਵਰਤੋਂ ਕਰਦੇ ਹਨ।

ਅਜਿਹਾ ਕਰਨ ਵਾਲੇ ਉਹ ਇਕੱਲੇ ਨਹੀਂ ਹਨ। ਖੇਤੀਬਾੜੀ ਅਧਾਰਤ ਕੰਟੈਂਟ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਹੋਰਨਾਂ ਕਿਸਾਨਾਂ ਨੂੰ ਸਿੱਖਿਅਤ ਕਰਨ ਵਾਲੇ ਪੰਜਾਬ ਵਿੱਚ ਕਈ ਖੇਤੀਬਾੜੀ ਇਨਫਲੂਐਂਸਰ ਹਨ। ਇਹ ਇਨਫਲੂਐਂਸਰ ਖ਼ੁਦ ਵੀ ਖੇਤੀ ਕਰਦੇ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਇਨਫਲੂਐਂਸਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਖੇਤੀਬਾੜੀ ਦੇ ਨਵੇਂ ਤੌਰ-ਤਰੀਕਿਆਂ, ਤਕਨੀਕਾਂ, ਖੋਜਾਂ ਅਤੇ ਸਿਫਾਰਸ਼ਾਂ ਦੀ ਜਾਣਕਾਰੀ ਸਰਲ ਅਤੇ ਦੇਸੀ ਭਾਸ਼ਾ ਵਿੱਚ ਮਿਲ ਜਾਂਦੀ ਹੈ।

ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

ਤਸਵੀਰ ਸਰੋਤ, Pargat Singh

ਤਸਵੀਰ ਕੈਪਸ਼ਨ, ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਨਾਲ ਮੁਲਾਕਾਤ ਦੌਰਾਨ ਖਿੱਚੀ ਗਈ ਤਸਵੀਰ

ਕੇਂਦਰੀ ਮੰਤਰੀ ਨਾਲ ਮੁਲਾਕਾਤ

ਦਰਅਸਲ ਖੇਤੀਬਾੜੀ ਇਨਫਲੂਐਂਸਰਾਂ ਦੀ ਚਰਚਾ ਪੰਜਾਬ ਵਿੱਚ ਉਦੋਂ ਛਿੜੀ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਨੇ ਇਨ੍ਹਾਂ ਨਾਲ ਮੁਲਾਕਾਤ ਕੀਤੀ।

ਲਗਭਗ ਦੋ ਹਫ਼ਤੇ ਪਹਿਲਾਂ ਕੇਂਦਰੀ ਮੰਤਰੀ ਲੁਧਿਆਣਾ ਆਏ ਸਨ ਅਤੇ ਇੱਥੇ ਉਨ੍ਹਾਂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦੀ ਮੌਜੂਦਗੀ ਵਿੱਚ ਇਨ੍ਹਾਂ ਨਾਲ ਮੁਲਾਕਾਤ ਕੀਤੀ।

ਖੇਤੀਬਾੜੀ ਅਧਾਰਤ ਕੰਟੈਂਟ ਬਣਾਉਣ ਵਾਲੇ ਨੌਜਵਾਨ ਕਿਸਾਨ ਪਰਗਟ ਸਿੰਘ ਅਤੇ ਕੁਲਦੀਪ ਸਿੰਘ ਸ਼ੇਰਗਿੱਲ ਵੀ ਇਸ ਮੁਲਾਕਾਤ ਵਿੱਚ ਸ਼ਾਮਲ ਸਨ।

ਇਨ੍ਹਾਂ ਨੇ ਸਾਲ 2017 ਵਿੱਚ ਆਪਣੇ-ਆਪਣੇ ਯੂਟਿਊਬ ਚੈਨਲ ਸ਼ੁਰੂ ਕੀਤੇ ਸਨ। ਉਨ੍ਹਾਂ ਦੇ ਚੈਨਲਾਂ ਉੱਤੇ 5-5 ਲੱਖ ਸਬਸਕ੍ਰਾਈਬਰਜ਼ ਹਨ। ਯੂਟਿਊਬ ਤੋਂ ਇਲਾਵਾ ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਆਪਣਾ ਕੰਟੈਂਟ ਪਾਉਂਦੇ ਹਨ ਅਤੇ ਜਿੱਥੇ ਹਜ਼ਾਰਾਂ ਲੋਕ ਉਨ੍ਹਾਂ ਨੂੰ ਦੇਖਦੇ ਹਨ।

ਕੁਲਦੀਪ ਸਿੰਘ
ਤਸਵੀਰ ਕੈਪਸ਼ਨ, ਕੁਲਦੀਪ ਸਿੰਘ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਰਖਾਈ ਪਿੰਡ ਦੇ ਵਸਨੀਕ ਹਨ

ਕੁਲਦੀਪ ਸਿੰਘ ਸ਼ੇਰਗਿੱਲ ਕੌਣ ਹਨ

ਕੁਲਦੀਪ ਸਿੰਘ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮਰਖਾਈ ਪਿੰਡ ਦੇ ਵਸਨੀਕ ਹਨ। ਉਨ੍ਹਾਂ ਨੇ ਖੇਤੀ ਵਿਗਿਆਨ ਵਿਸ਼ੇ ਦੇ ਨਾਲ ਐੱਮਐੱਸਸੀ ਐਗਰੀਕਲਚਰ ਦੀ ਪੜ੍ਹਾਈ ਕੀਤੀ ਹੋਈ ਹੈ।

ਉਹ ਖ਼ੁਦ ਕਿਸਾਨ ਵੀ ਹਨ ਅਤੇ ਆਪਣੀ ਜ਼ਮੀਨ ਵਿੱਚ ਖੇਤੀ ਵੀ ਕਰਦੇ ਹਨ। ਪੜ੍ਹਾਈ ਪੂਰੀ ਕਰਨ ਮਗਰੋਂ ਉਨ੍ਹਾਂ ਪਹਿਲਾਂ ਕਈ ਪ੍ਰਾਈਵੇਟ ਨੌਕਰੀਆਂ ਕੀਤੀਆਂ ਅਤੇ ਫਿਰ ਨੌਕਰੀਆਂ ਛੱਡ ਕੇ ਖੇਤੀ ਵਾਲੇ ਪਾਸੇ ਆ ਗਏ।

ਹੁਣ ਉਹ ਕਈ ਸਾਲਾਂ ਤੋਂ ਖੇਤੀ ਅਧਾਰਤ ਕੰਟੈਂਟ ਬਣਾ ਕੇ ਕਿਸਾਨਾਂ ਨੂੰ ਸਿੱਖਿਅਤ ਕਰਦੇ ਹਨ। ਉਨ੍ਹਾਂ ਦੀਆਂ ਬਣਾਈਆਂ ਵੀਡੀਓਜ਼ ਨੂੰ ਕਿਸਾਨ ਵੱਡੀ ਗਿਣਤੀ ਵਿੱਚ ਦੇਖਦੇ ਹਨ।

ਇਸ ਤੋਂ ਇਲਾਵਾ ਉਹ ਪਿੰਡਾਂ ਵਿੱਚ ਜਾ ਕੇ ਕਿਸਾਨ ਗੋਸ਼ਟੀਆਂ ਵੀ ਕਰਦੇ ਹਨ। ਕਿਸਾਨ ਉਨ੍ਹਾਂ ਦੀ ਵੀਡੀਓਜ਼ ਦੇਖਣ ਮਗਰੋਂ ਉਨ੍ਹਾਂ ਨਾਲ ਸੰਪਰਕ ਕਰਕੇ ਸਲਾਹਾਂ ਲੈਂਦੇ ਹਨ।

ਪਰਗਟ ਸਿੰਘ

ਪਰਗਟ ਸਿੰਘ ਕੌਣ ਹਨ

ਪਰਗਟ ਸਿੰਘ ਬਠਿੰਡਾ ਜ਼ਿਲ੍ਹੇ ਦੇ ਗਹਿਰੀ ਭਾਗੀਕੇ ਪਿੰਡ ਦੇ ਵਸਨੀਕ ਹਨ। ਉਨ੍ਹਾਂ ਨੇ ਇਲੈਕਟਰੋਨਿਕਸ ਅਤੇ ਕਮਿਊਨੀਕੇਸ਼ਨ ਵਿੱਚ ਬੀਟੈੱਕ ਕੀਤੀ ਹੋਈ ਹੈ।

ਮੌਜੂਦਾ ਸਮੇਂ ਉਹ ਖੇਤੀਬਾੜੀ ਅਧਾਰਤ ਕੰਟੈਂਟ ਬਣਾਉਣ ਦੇ ਨਾਲ-ਨਾਲ ਆਪਣੀ ਜ਼ਮੀਨ ਉੱਤੇ ਖੇਤੀ ਕਰਦੇ ਹਨ। ਉਹ ਨਵੰਬਰ 2017 ਤੋਂ ਖੇਤੀਬਾੜੀ ਅਧਾਰਤ ਕੰਟੈਂਟ ਬਣਾ ਰਹੇ ਹਨ।

ਇਸ ਤੋਂ ਇਲਾਵਾ ਉਹ ਪਿੰਡਾਂ ਵਿੱਚ ਜਾ ਕੇ ਖੇਤੀਬਾੜੀ ਅਧਾਰਤ ਕੰਟੈਂਟ ਵੀ ਬਣਾਉਂਦੇ ਹਨ।

ਉਹ ਦੱਸਦੇ ਹਨ ਕਿ ਪਹਿਲਾਂ ਉਹ ਖੇਤੀਬਾੜੀ ਨੂੰ ਵਧੀਆ ਕਿੱਤਾ ਨਹੀਂ ਸਮਝਦੇ ਸੀ।

ਉਹ ਕਹਿੰਦੇ ਹਨ, "ਮੈਂ ਖੇਤੀਬਾੜੀ ਨੂੰ ਕੋਈ ਜ਼ਿਆਦਾ ਚੰਗੀ ਨਜ਼ਰ ਨਾਲ ਨਹੀਂ ਦੇਖਦਾ ਸੀ। 2012 ਤੋਂ ਪਹਿਲਾਂ ਮੈਨੂੰ ਲੱਗਦਾ ਸੀ ਕਿ ਖੇਤੀਬਾੜੀ ਕਰਨਾ ਅਨਪੜ੍ਹ ਬੰਦਿਆਂ ਦਾ ਕੰਮ ਹੈ, ਵੇਲ੍ਹੜਾਂ ਦਾ ਕੰਮ ਹੈ। ਪੜ੍ਹੇ ਲਿਖੇ ਬੰਦਿਆਂ ਦਾ ਕੰਮ ਨੌਕਰੀ ਕਰਨਾ ਹੈ।"

ਪਰਗਟ ਸਿੰਘ
ਤਸਵੀਰ ਕੈਪਸ਼ਨ, ਪਰਗਟ ਸਿੰਘ ਖੇਤੀਬਾੜੀ ਅਧਾਰਤ ਕੰਟੈਂਟ ਬਣਾਉਣ ਦੇ ਨਾਲ-ਨਾਲ ਆਪਣੀ ਜ਼ਮੀਨ ਉੱਤੇ ਖੇਤੀ ਕਰਦੇ ਹਨ

ਨੌਕਰੀ ਤੋਂ ਖੇਤੀ ਵੱਲ ਕਿਵੇਂ ਮੁੜੇ

ਪਰਗਟ ਸਿੰਘ ਦੱਸਦੇ ਹਨ, "ਮੇਰੇ ਕੋਲ ਆਪਣੀ ਜੱਦੀ ਜ਼ਮੀਨ ਸੀ। ਪਰ ਮੈਂ ਇਸ ਨੂੰ ਛੱਡ ਕੇ ਇੱਕ ਥਰਮਲ ਵਿੱਚ ਨੌਕਰੀ ਕਰਨਾ ਚੁਣਿਆ। ਨੌਕਰੀ ਦੌਰਾਨ ਇੱਕ ਸਾਲ ਵਿੱਚ ਹੀ ਮੈਨੂੰ ਉੱਥੇ ਕਾਫੀ ਕੁਝ ਸਿੱਖਣ ਨੂੰ ਮਿਲਿਆ।"

"ਮੈਨੂੰ ਅਹਿਸਾਸ ਹੋਇਆ ਕਿ ਖੇਤੀ ਨੌਕਰੀ ਨਾਲੋਂ ਬਹੁਤ ਗੁਣਾ ਵਧੀਆ ਕਿੱਤਾ ਹੈ। ਖੇਤੀ ਵਿੱਚ ਸੰਤੁਸ਼ਟੀ ਬਹੁਤ ਜ਼ਿਆਦਾ ਹੈ। ਖੇਤੀ ਦੇ ਵਿੱਚ ਤੁਸੀਂ ਆਪਣਾ ਪੂਰਾ ਧਿਆਨ ਲਗਾ ਸਕਦੇ ਹੋ। ਖੇਤੀ ਵਿੱਚ ਆਉਟਪੁੱਟ ਬਹੁਤ ਵਧੀਆ ਆਉਂਦੀ ਹੈ।"

"ਤੁਹਾਡੇ ਉੱਤੇ ਕਿਸੇ ਤਰੀਕੇ ਦਾ ਕੋਈ ਦਬਾਅ ਨਹੀਂ ਹੁੰਦਾ। ਹਰ ਰੋਜ਼ ਨਵਾਂ ਕੁਝ ਸਿੱਖਣ ਨੂੰ ਮਿਲਦਾ ਹੈ। ਉਸੇ ਕਾਰਨ ਖੇਤੀ ਨਾਲ ਲਗਾਅ ਹੋ ਗਿਆ ਅਤੇ ਮੈਂ ਖੇਤੀ ਕਰਨ ਲੱਗ ਪਿਆ।"

ਪਰਗਟ ਸਿੰਘ ਕਹਿੰਦੇ ਹਨ ਕਿ ਖੇਤੀ ਵਿਗਿਆਨੀਆਂ ਦੇ ਕੀਤੇ ਹੋਏ ਖੋਜ ਕਾਰਜਾਂ ਨੂੰ ਜ਼ਮੀਨੀ ਪੱਧਰ ਉੱਤੇ ਲਿਆਉਣਾ, ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹਨ।

"ਬਹੁਤ ਸਾਰੇ ਖੋਜ ਕਾਰਜ ਕਈ ਸਾਲਾਂ ਤੱਕ ਕਿਸਾਨਾਂ ਕੋਲ ਨਹੀਂ ਪਹੁੰਚਦੇ। ਉਹ ਜ਼ਿਆਦਾਤਰ ਅੰਗਰੇਜ਼ੀ ਭਾਸ਼ਾ ਵਿੱਚ ਹੁੰਦਾ ਹੈ ਤੇ ਉਹ ਉਸ ਨੂੰ ਕਿਸਾਨਾਂ ਦੀ ਭਾਸ਼ਾ ਵਿੱਚ ਕਿਸਾਨਾਂ ਤੱਕ ਪਹੁੰਚਾਉਂਦੇ ਹਨ।"

ਉਹ ਅੱਗੇ ਦੱਸਦੇ ਹਨ, "ਫ਼ਸਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਫ਼ਸਲਾਂ ਦੇ ਵਿੱਚ ਸਮੱਸਿਆਵਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਆਪਣੇ ਦੇਸ਼ ਦੇ ਵਿੱਚ ਸਵਾ ਲੱਖ ਤੋਂ ਵੱਧ ਖੇਤੀ ਵਿਗਿਆਨੀ ਆਰਮੀ ਦੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਵੱਲੋਂ ਦਿੱਤਾ ਗਿਆ ਗਿਆਨ ਕਿਸਾਨਾਂ ਤੱਕ ਨਹੀਂ ਪਹੁੰਚਦਾ।"

ਕੁਲਦੀਪ ਸਿੰਘ

ਉਹ ਆਖਦੇ ਹਨ, "ਮੈਨੂੰ ਲੱਗਦਾ ਨੂੰ ਖੇਤੀ ਦਾ ਗਿਆਨ ਐਗਰੀਕਲਚਰ ਇਨਫਲੂਐਂਸਰਾਂ ਰਾਹੀਂ ਕਿਸਾਨਾਂ ਤੱਕ ਜਲਦੀ ਤੋਂ ਜਲਦੀ ਸਟੀਕ ਤਰੀਕੇ ਨਾਲ ਖੇਤਰੀ ਭਾਸ਼ਾ ਦੇ ਵਿੱਚ ਪਹੁੰਚਦਾ ਹੈ।"

ਕੁਲਦੀਪ ਸਿੰਘ ਸ਼ੇਰਗਿੱਲ ਦੱਸਦੇ ਹਨ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਸੀਪੀਆਰਆਈ, ਜਲੰਧਰ, ਆਈਆਈਡਬਲਯੂਬੀਆਈ, ਕਰਨਾਲ ਜਾਂ ਆਈਸੀਏਆਰ ਦਿੱਲੀ ਦੇ ਵਿਗਿਆਨੀ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਕੰਮਾਂ, ਖੋਜਾਂ ਅਤੇ ਸਿਫ਼ਾਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ।

ਉਹ ਦੱਸਦੇ ਹਨ, "ਇੱਕ ਬਹੁਤ ਵੱਡਾ ਪਾੜਾ ਹੈ। ਜੋ ਵੀ ਖੋਜ ਯੂਨੀਵਰਸਿਟੀ ਦੁਆਰਾ, ਖੇਤੀ ਮਾਹਰਾਂ ਦੁਆਰਾ ਕੀਤੀ ਜਾਂਦੀ ਹੈ। ਉਹ ਆਮ ਭਾਸ਼ਾ ਦੇ ਵਿੱਚ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੀ।"

"ਕਈ ਵਾਰ ਅਸੀਂ ਇਹ ਦੇਖਦੇ ਹਾਂ ਕਿ ਇੱਕ ਰਿਸਰਚ ਹੋਈ ਨੂੰ ਬਹੁਤ ਟਾਈਮ ਹੋ ਗਿਆ। ਪਰ ਉਹ ਖੋਜ ਆਮ ਕਿਸਾਨ ਤੱਕ ਨਹੀਂ ਪਹੁੰਚ ਰਹੀ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਖ-ਵੱਖ ਸੰਸਥਾਵਾਂ ਦੇ ਵਿਗਿਆਨਕਾਂ ਦੇ ਨਾਲ ਸੰਪਰਕ ਕਰਕੇ ਜੋ ਉਨ੍ਹਾਂ ਵੱਲੋਂ ਕੀਤੀ ਗਈ ਨਵੀਂ ਸਿਫਾਰਿਸ਼ ਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਪਹੁੰਚਾਈਏ। ਇਹੀ ਸਾਡਾ ਮਕਸਦ ਹੈ।"

ਇਹ ਵੀ ਪੜ੍ਹੋ-

ਕੀਟਨਾਸ਼ਕਾਂ ਤੇ ਨਦੀਨ ਨਾਸ਼ਕਾਂ ਦੀ ਘੱਟ ਵਰਤੋਂ ਲਈ ਪ੍ਰੇਰਿਤ

ਕੁਲਦੀਪ ਸਿੰਘ ਸ਼ੇਰਗਿੱਲ ਕਿਸਾਨ ਨੂੰ ਬੇਲੋੜੇ ਨਦੀਨ ਨਾਸ਼ਕਾਂ ਅਤੇ ਕੀਟਨਾਸ਼ਕਾਂ ਦੀਆਂ ਸਪਰੇਆਂ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕਰਦੇ ਹਨ।

ਉਹ ਦੱਸਦੇ ਹਨ ਕਿ ਵੱਧ ਅਤੇ ਬੇਲੋੜੀਆਂ ਕੀਟਨਾਸ਼ਕ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਨਾਲ ਭੋਜਨ ਜ਼ਹਿਰੀਲਾ ਹੋ ਗਿਆ ਹੈ। ਇਸ ਤੋਂ ਇਲਾਵਾ ਵੱਧ ਅਤੇ ਬੇਲੋੜੀਆਂ ਕੀਟਨਾਸ਼ਕ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਨਾਲ ਕਿਸਾਨਾਂ ਦੀ ਲੁੱਟ ਵੀ ਹੁੰਦੀ ਹੈ।

ਉਹ ਦੱਸਦੇ ਹਨ ਕਿ ਉਨ੍ਹਾਂ ਨਾਲ ਸਭ ਤੋਂ ਜਿਆਦਾ ਨੌਜਵਾਨ ਜੁੜਦੇ ਹਨ। ਅਜਿਹੇ ਨੌਜਵਾਨ ਖੇਤੀ ਦੇ ਵਿੱਚ ਅਗਾਂਹਵਧੂ ਸੋਚ ਰੱਖਦੇ ਹਨ। ਉਹ ਖੇਤੀਬਾੜੀ ਦੇ ਤਰੀਕੇ ਨੂੰ ਬਦਲਣਾ ਚਾਹੁੰਦੇ ਹਨ।

ਉਨ੍ਹਾਂ ਦਾ ਕਹਿਣਾ ਹੈ, "ਸਾਡੇ ਭੋਜਨ ਵਿੱਚ ਘਾਟ ਆ ਗਈ ਹੈ। ਸਾਡੇ ਭੌਜਨ ਉੱਤੇ ਲਗਾਤਾਰ ਐਨੇ ਕੈਮੀਕਲ ਵਰਤੇ ਗਏ ਹਨ ਕਿ ਭੋਜਨ ਜ਼ਹਿਰੀਲਾ ਹੋ ਗਿਆ ਹੈ। ਇਹ ਜ਼ਹਿਰੀਲਾ ਭੋਜਨ ਨੁਕਸਾਨ ਕਰ ਰਿਹਾ ਹੈ। ਨਵੇਂ ਬੱਚੇ ਜਾਗਰੂਕ ਹੋ ਰਹੇ ਹਨ ਕਿਉਂਕਿ ਸਰੀਰ ਨੂੰ ਬਿਮਾਰੀਆਂ ਲੱਗ ਰਹੀਆਂ ਹਨ।"

"ਅਸੀ ਇਸ ਧਰਤੀ ਵਿੱਚ ਕੋਈ ਗੜਬੜ ਕਰ ਬੈਠੇ ਹਾਂ। ਨੌਜਵਾਨ ਮੁੰਡੇ ਪੁਰਾਣੇ ਤਰੀਕੇ ਨੂੰ ਛੱਡ ਕੇ ਪੋਸ਼ਟਿਕ ਭੋਜਨ ਪੈਦਾ ਕਰਨਾ ਚਾਹੁੰਦੇ ਹਨ। ਜਿਸ ਨੂੰ ਖਾ ਕੇ ਆਮ ਲੋਕ ਸੁਰੱਖਿਅਤ ਵੀ ਰਹਿਣ ਅਤੇ ਉਨ੍ਹਾਂ ਦਾ ਮੁਨਾਫ਼ਾ ਵੀ ਵਧੇ।"

ਕਿਸਾਨ
ਤਸਵੀਰ ਕੈਪਸ਼ਨ, ਕੁਲਦੀਪ ਸਿੰਘ ਸ਼ੇਰਗਿੱਲ ਕਿਸਾਨ ਨੂੰ ਬੇਲੋੜੇ ਨਦੀਨ ਨਾਸ਼ਕਾਂ ਅਤੇ ਕੀਟਨਾਸ਼ਕਾਂ ਦੀਆਂ ਸਪਰੇਆਂ ਕਰਨ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕਰਦੇ ਹਨ

ਦੇਸੀ ਬੀਜਾਂ ਦੀ ਵਰਤੋਂ ਲਈ ਕਿਉਂ ਪ੍ਰੇਰਿਤ ਕਰਦੇ ਹਨ

ਪਰਗਟ ਸਿੰਘ ਕਹਿੰਦੇ ਹਨ, "ਪੁਰਾਣੇ ਸਮਿਆਂ ਦੇ ਵਿੱਚ ਲੋਕਾਂ ਕੋਲ ਆਪਣੇ ਬੀਜ ਹੁੰਦੇ ਸੀ। ਇਸ ਨਾਲ ਖੇਤੀ ਦੀ ਲਾਗਤ ਘੱਟ ਜਾਂਦੀ ਸੀ। ਅੱਜ ਦੇ ਸਮੇਂ ਵਿੱਚ 95% ਬੀਜ ਕਿਸਾਨ ਮੁੱਲ ਲੈਂਦੇ ਹਨ।

"ਅੱਜ ਕੱਲ ਵੱਧ ਝਾੜ, ਘੱਟ ਪਰਾਲੀ, ਘੱਟ ਕੀਟਨਾਸ਼ਕ ਤੇ ਨਦੀਨ ਨਾਸ਼ਕਾਂ ਦੀ ਵਰਤੋਂ, ਘੱਟ ਪਾਣੀ ਪੀਣ ਵਾਲੀਆਂ ਫ਼ਸਲਾਂ, ਘੱਟ ਸਮੇਂ ਵਿੱਚ ਪੱਕਣ ਵਾਲੀਆਂ ਫ਼ਸਲਾਂ ਦੀ ਹੋੜ ਲੱਗੀ ਹੋਈ ਹੈ। ਸਰਕਾਰੀ ਅਦਾਰੇ ਇਸ ਲੋੜ ਨੂੰ ਪੂਰਾ ਨਹੀਂ ਕਰ ਸਕੇ ਤਾਂ ਪ੍ਰਾਈਵੇਟ ਅਦਾਰੇ ਅੱਗੇ ਆਏ।"

"ਦੇਸੀ ਬੀਜਾਂ ਦਾ ਇੱਕ ਫਾਇਦਾ ਇਹ ਹੁੰਦਾ ਹੈ ਕਿ ਫ਼ਸਲਾਂ ਨੂੰ ਪਾਲਣ ਪੋਸ਼ਣ ਦਾ ਖਰਚਾ ਘਟ ਜਾਂਦਾ ਹੈ। ਜੇਕਰ ਕਿਸਾਨਾਂ ਕੋਲੇ ਆਪਣਾ ਬੀਜ ਹੋਵੇ ਤਾਂ ਉਹ ਸੁਰੱਖਿਅਤ ਹੁੰਦੇ ਹਨ। ਜੇ ਉਹ ਬਾਜ਼ਾਰੀ ਬੀਜ ਉੱਤੇ ਨਿਰਭਰ ਕਰਦੇ ਹਨ ਤਾਂ ਉਨ੍ਹਾਂ ਦਾ ਨੁਕਸਾਨ ਵੀ ਹੋ ਸਕਦਾ ਹੈ। ਕਈ ਵਾਰੀ ਸਮੇਂ ਸਿਰ ਬਾਜ਼ਾਰ ਵਿੱਚੋਂ ਬੀਜ ਨਹੀਂ ਮਿਲਦਾ, ਜਾਂ ਫਿਰ ਮਹਿੰਗਾ ਮਿਲਦਾ ਹੈ।"

ਨਸੀਬ ਸਿੰਘ
ਤਸਵੀਰ ਕੈਪਸ਼ਨ, ਨਸੀਬ ਸਿੰਘ ਕਹਿੰਦੇ ਹਨ ਉਹ ਸਰਲ ਭਾਸ਼ਾ ਵਿੱਚ ਸਮਝਾਉਂਦੇ ਹਨ, ਜੋ ਸੌਖਾ ਲੱਗਦਾ ਹੈ

ਕਿਸਾਨਾਂ ਨੇ ਕੀ ਕਿਹਾ

ਫਿਰੋਜ਼ਪੁਰ ਜ਼ਿਲ੍ਹੇ ਦੇ ਮੀਂਹਾਂ ਸਿੰਘ ਵਾਲੇ ਪਿੰਡ ਦੇ ਵਸਨੀਕ ਨਸੀਬ ਸਿੰਘ ਨੇ ਕਿਹਾ, "ਕੁਲਦੀਪ ਸਿੰਘ ਸਾਨੂੰ ਸਰਲ ਅਤੇ ਕਿਸਾਨਾਂ ਦੀ ਭਾਸ਼ਾ ਵਿੱਚ ਸਮਝਾਉਂਦੇ ਹਨ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਇਕ ਕਿਸਾਨ ਹੀ ਇੱਕ ਕਿਸਾਨ ਨਾਲ ਗੱਲ ਕਰ ਰਿਹਾ ਹੋਵੇ।"

ਬਠਿੰਡਾ ਜ਼ਿਲ੍ਹੇ ਦੇ ਕਟਾਰ ਸਿੰਘ ਵਾਲਾ ਪਿੰਡ ਦੇ ਕਿਸਾਨ ਰਜਿੰਦਰ ਸਿੰਘ ਨੇ ਕਿਹਾ, "ਮੈਂ ਕਈ ਸਾਲਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਸੀ। ਫ਼ਸਲ ਵਿੱਚ ਕਾਫੀ ਮਾਤਰਾ ਵਿੱਚ ਨਦੀਨ ਹੋ ਜਾਂਦੇ ਸਨ। ਫਿਰ ਮੈਂ ਪਰਗਟ ਸਿੰਘ ਤੋਂ ਸਲਾਹ ਲਈ। ਇਨ੍ਹਾਂ ਦੀ ਸਲਾਹ ਨਾਲ ਬੀਜ ਵੀ ਘੱਟ ਲੱਗਾ ਅਤੇ ਨਦੀਨ ਵੀ ਘੱਟ ਹੋਏ।"

ਰਜਿੰਦਰ ਸਿੰਘ
ਤਸਵੀਰ ਕੈਪਸ਼ਨ, ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਕਾਫੀ ਫਾਇਦਾ ਮਿਲਦਾ ਹੈ

ਮਾਹਰਾਂ ਦੀ ਰਾਏ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦੇ ਨਿਰਦੇਸ਼ਕ ਤਜਿੰਦਰ ਸਿੰਘ ਰਿਆੜ ਨੇ ਕਿਹਾ, "ਸੋਸ਼ਲ ਮੀਡੀਆ ਇਨਫੂਲਐਂਸਰਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਸਿਫ਼ਾਰਸ਼ਾਂ ਅਤੇ ਖੋਜਾਂ ਦਾ ਪਸਾਰ ਚੰਗੀ ਗੱਲ ਹੈ। ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਰਾਬਤਾ ਕਰਕੇ ਕੰਮ ਕਰਦੇ ਹਨ, ਕਿਸਾਨਾਂ ਨੂੰ ਉਨ੍ਹਾਂ ਦਾ ਫਾਇਦਾ ਮਿਲਦਾ ਹੈ।"

ਉਹ ਕਹਿੰਦੇ ਹਨ, "ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਤੋਂ ਬਿਨਾਂ ਹੋਰ ਗੱਲਾਂ ਦਾ ਪਸਾਰ ਕਰਨ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਅਸੀਂ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਪੇਜ਼ਾਂ ਨਾਲ ਜੁੜਨ ਦੀ ਬੇਨਤੀ ਕਰਦੇ ਹਾਂ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)