ਪਠਾਨਕੋਟ ਦੇ ਇਨ੍ਹਾਂ ਭਰਾਵਾਂ ਨੇ ਪੋਲਟਰੀ ਫਾਰਮ ਦੇ ਕਾਰੋਬਾਰ ਨੂੰ ਪੰਜਾਬ ਸਣੇ ਕਈ ਸੂਬਿਆਂ 'ਚ ਕਿਵੇਂ ਫੈਲਾਇਆ, ਹੋਰਨਾਂ ਤੋਂ ਕੀ ਵੱਖ ਤਕਨੀਕ ਅਪਣਾਈ

ਤਸਵੀਰ ਸਰੋਤ, Gurpreet Chawla/BBC
- ਲੇਖਕ, ਗੁਰਪ੍ਰੀਤ ਸਿੰਘ ਚਾਵਲਾ
- ਰੋਲ, ਬੀਬੀਸੀ ਸਹਿਯੋਗੀ
ਪੋਲਟਰੀ ਫਾਰਮ ਚਲਾਉਣ ਵਾਲੇ ਦੋ ਮਨਹਾਸ ਭਰਾ ਅੱਜਕੱਲ੍ਹ ਕਾਫੀ ਚਰਚਾ ਵਿੱਚ ਹਨ।
ਚਰਚਾ ਦਾ ਕਾਰਨ ਦੋਵੇਂ ਭਰਾਵਾਂ ਵੱਲੋਂ ਪਠਾਨਕੋਟ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸਥਾਪਿਤ ਕੀਤਾ ਗਿਆ ਪੋਲਟਰੀ ਫੀਡ ਤੇ ਹੈਚਰੀ ਯੂਨਿਟ ਹੈ, ਜਿਸ ਦਾ ਉਤਪਾਦਨ ਭਾਰਤ ਦੇ ਕਈ ਸੂਬਿਆਂ ਤੋਂ ਲੈ ਕੇ 'ਆਰਮੀ' ਤੱਕ ਜਾਂਦਾ ਹੈ।
ਦਰਅਸਲ, ਰਾਕੇਸ਼ ਮਨਹਾਸ ਦੇ ਪਿਤਾ ਪਹਿਲਾਂ ਛੋਟੇ ਪੱਧਰ ʼਤੇ ਇਹ ਕੰਮ ਕਰ ਰਹੇ ਸਨ ਅਤੇ ਰਾਕੇਸ਼ ਤੇ ਨਰੇਸ਼ ਮਨਹਾਸ ਨੇ ਵੀ ਇਸੇ ਕਾਰੋਬਾਰ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ।
ਹਾਲਾਂਕਿ, ਉਨ੍ਹਾਂ ਦੇ ਪਿਤਾ ਇਸ ਕੰਮ ਦੇ ਹੱਕ ਵਿੱਚ ਨਹੀਂ ਸਨ ਕਿ ਉਨ੍ਹਾਂ ਦੇ ਪੁੱਤਰ ਇਹ ਕੰਮ ਕਰਨ।
ਪਰ ਦੋਵਾਂ ਭਰਾਵਾਂ ਨੇ ਨੌਕਰੀ ਦੀ ਥਾਂ ਕਾਰੋਬਾਰ ਨੂੰ ਹੀ ਅੱਗੇ ਵਧਾਉਣ ਦਾ ਮਨ ਬਣਾਇਆ। ਅੱਜ ਉਨ੍ਹਾਂ ਦਾ ਕਾਰੋਬਾਰ ਸਿਰਫ਼ ਪੰਜਾਬ ਹੀ ਨਹੀਂ ਸਗੋਂ ਕਈ ਹੋਰ ਸੂਬਿਆਂ ਵਿੱਚ ਵੀ ਫੈਲਿਆ ਹੋਇਆ ਹੈ।
ਦੋਵੇਂ ਭਰਾ ਹਰ ਮਹੀਨੇ 12 ਲੱਖ ਦੇ ਕਰੀਬ ਮੁਰਗੀਆਂ ਦੀ ਸਪਲਾਈ ਕਰਨ ਦਾ ਦਾਅਵਾ ਕਰਦੇ ਹਨ।
ਦੋਵੇਂ ਭਰਾਵਾਂ ਨੇ ਐੱਮਬੀਏ ਕੀਤੀ ਹੋਈ ਹੈ। ਰਾਕੇਸ਼ ਦੱਸਦੇ ਹਨ ਕਿ ਉਨ੍ਹਾਂ ਨੇ ਐੱਮਬੀਏ ਪੂਰੀ ਕੀਤੀ ਤਾ ਨੌਕਰੀ ਕਰਨ ਦਾ ਵੀ ਰਾਹ ਸੀ ਪਰ ਉਨ੍ਹਾਂ ਨੇ ਆਪਣੇ ਪਿਤਾ ਦੇ ਪੋਲਟਰੀ ਦੇ ਕੰਮ ਨੂੰ ਹੀ ਤਰਜੀਹ ਦਿੱਤੀ।
ਦੋਵਾਂ ਭਰਾਵਾਂ ਨੇ ਆਪਣੇ ਕੰਮ ਵੰਡੇ ਹੋਏ ਹਨ। ਨਰੇਸ਼ ਫੀਡ ਅਤੇ ਹੈਚਰੀ ਦੀ ਪ੍ਰੋਡਕਸ਼ਨ ਦੇਖਦੇ ਹਨ ਅਤੇ ਬ੍ਰਾਇਲਰ ਤਿਆਰ ਕਰਨ ਦੀ ਪ੍ਰਕਿਰਿਆ ਰਾਕੇਸ਼ ਦੇਖਦੇ ਹੋ।
ਇਸ ਤੋਂ ਇਲਾਵਾ ਉਨ੍ਹਾਂ ਨੇ ਆਧੁਨਿਕ ਹੈਚਰੀ ਯੂਨਿਟ ਲਗਾਇਆ ਹੈ ਜਿੱਥੇ ਅੰਡਿਆਂ ਤੋਂ ਚੂਚੇ ਕੱਢਣ ਲਈ ਉਨ੍ਹਾਂ ਨੂੰ ਸਹੀ ਤਾਪਮਾਨ ਅਤੇ ਨਮੀ ਵਿੱਚ ਰੱਖਿਆ ਜਾਂਦਾ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਲੋਂ ਪਸ਼ੂ ਪਾਲਣ ਖੇਤਰ ਵਿੱਚ ਸ਼ਾਨਦਾਰ ਕੰਮ ਕਾਰਨ ਰਾਕੇਸ਼ ਮਨਹਾਸ ਨੂੰ ਵਿਸ਼ੇਸ਼ ਸਾਲਾਨਾ ਪੁਰਸਕਾਰ ਸਨਮਾਨਿਤ ਵੀ ਕੀਤਾ ਗਿਆ।

ਤਸਵੀਰ ਸਰੋਤ, Gurpreet Chawla/BBC
ਬ੍ਰਾਇਲਰ ਫਾਰਮਿੰਗ ਤੋਂ ਕੀਤੀ ਸ਼ੁਰੂਆਤ
ਰਾਕੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਦੋਂ ਆਪਣੇ ਪਿਤਾ ਦਾ ਕਾਰੋਬਾਰ ਸਾਂਭਿਆਂ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਬ੍ਰਾਇਲਰ ਫਾਰਮਿੰਗ ਸ਼ੁਰੂ ਕੀਤੀ।
ਉਹ ਦੱਸਦੇ ਹਨ, "5-10 ਹਜ਼ਾਰ ਬ੍ਰਾਇਲਰ ਤੋਂ ਕੰਮ ਸ਼ੁਰੂ ਕਰਕੇ ਮੈਂ ਆਪਣਾ ਕੰਮ ਸਿੱਖਿਆ ਕਿ ਬ੍ਰਾਇਲਰ ਚਿਕਨ ਕਿਸ ਤਰ੍ਹਾਂ ਤਿਆਰ ਕਰਨਾ ਹੁੰਦਾ ਹੈ। ਕੰਪਨੀ ਦੇ ਅੰਡਰ ਕੰਮ ਕੀਤਾ ਅਤੇ ਸਿੱਖਿਆ ਕਿ ਕੰਪਨੀਆਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ।"
"ਇੱਕ ਸਾਲ ਕੰਪਨੀ ਨਾਲ ਕੰਮ ਕਰਨ ਤੋਂ ਬਾਅਦ ਮੈਂ ਬਰੀਕੀ ਨਾਲ ਕੰਮ ਸਿੱਖਿਆ ਅਤੇ ਫਿਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਆਪਣਾ ਕੰਮ ਹੀ ਸ਼ੁਰੂ ਕਰਾਂ। ਇਸ ਬਾਰੇ ਮੈਂ ਆਪਣੇ ਪਿਤਾ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਕੰਮ ਵਿੱਚ ਰਿਸਕ ਬਹੁਤ ਹਨ ਪਰ ਮੇਰੀ ਜ਼ਿੱਦ ਸੀ ਕਿ ਮੈਂ ਆਪਣਾ ਕੰਮ ਸ਼ੁਰੂ ਕਰਨਾ ਹੈ।"
ਰਾਕੇਸ਼ ਦੱਸਦੇ ਹਨ ਕਿ ਜਿਸ ਕੰਪਨੀ ਵਿੱਚ ਉਹ ਕੰਮ ਕਰਦੇ ਸਨ, ਉੱਥੋਂ ਦੇ ਹੀ ਕਿਸਾਨਾਂ ਨਾਲ ਗੱਲ ਕੀਤੀ ਕਿ "ਤੁਸੀਂ ਮੈਨੂੰ ਵੀ ਇੱਕ ਮੌਕਾ ਦਿਓ, ਮੈਂ ਤੁਹਾਡੇ ਨਾਲ ਕੰਮ ਕਰਨਾ ਚਾਹੁੰਦਾ ਹਾਂ ਅਤੇ ਉਨ੍ਹਾਂ ਨੇ ਮੇਰੇ ਉੱਤੇ ਭਰੋਸਾ ਵੀ ਕੀਤਾ।"
ਰਾਕੇਸ਼ ਦੱਸਦੇ ਹਨ ਕਿ ਉਨ੍ਹਾਂ ਨੇ ਮਹਿਜ਼ 10,000 ਬਰਡ ਤੋਂ ਸ਼ੁਰੂਆਤ ਕੀਤੀ ਸੀ ਜਦਕਿ ਹੁਣ ਉਨ੍ਹਾਂ ਕੋਲ 1 ਲੱਖ ਪੇਰੇਂਟ ਬਰਡ ਹਨ ਅਤੇ ਉਹ ਦਾਅਵਾ ਕਰਦੇ ਹਨ ਕਿ ਉਹ 12-13 ਲੱਖ ਬ੍ਰਾਇਲਰ ਚਿਕਨ ਦਾ ਉਤਪਾਦਨ ਕਰ ਰਹੇ ਹਨ।
2016 ਵਿੱਚ ਨਰੇਸ਼ ਮਨਹਾਸ ਇਸ ਕਾਰੋਬਾਰ ਨਾਲ ਜੁੜੇ। ਫਿਰ ਨਰੇਸ਼ ਨੇ ਪੂਣੇ ਅਤੇ ਦੇਹਰਾਦੂਨ ਤੋਂ ਟ੍ਰੇਨਿੰਗ ਲਈ ਅਤੇ ਕੰਮ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹਾਸਲ ਕੀਤੀ ਹੈ।
ਨਰੇਸ਼ ਦਾ ਕਹਿਣਾ ਹੈ ਕਿ ਕਿਸੇ ਵੀ ਕੰਮ ਦੀ ਸ਼ੁਰੂਆਤ ਲਈ ਸਿਖਲਾਈ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ, "ਜਦੋਂ ਮੈਂ ਹੈਚਰੀ ਯੂਨਿਟ ਸਥਾਪਿਤ ਕੀਤੀ ਤਾਂ ਮੈਂ ਇੱਕ ਸਾਲ ਤੱਕ ਘਰ ਨਹੀਂ ਗਿਆ ਸੀ। ਖ਼ੁਦ ਪੋਲਟਰੀ ਫਾਰਮ ਵਿੱਚ ਰਹਿ ਕੇ ਤਸੱਲੀ ਕੀਤੀ ਕਿ ਸਭ ਠੀਕ ਹੈ ਕਿ ਨਹੀਂ।"

ਤਸਵੀਰ ਸਰੋਤ, Gurpreet Chawla/BBC
ਮਾਰਕਿਟ ਦੀ ਚੁਣੌਤੀ
ਰਾਕੇਸ਼ ਦੱਸਦੇ ਹਨ ਇਸ ਵਿੱਚ ਮਾਰਕਿਟ ਇੱਕ ਵੱਡੀ ਚੁਣੌਤੀ ਹੈ ਪਰ ਇਨ੍ਹਾਂ ਨੂੰ ਪਾਰ ਕੀਤਾ ਅਤੇ "ਸਾਡਾ ਬ੍ਰਾਇਲਰ ਵੱਧ ਵਿਕਣ ਲੱਗਾ। ਹੌਲੀ-ਹੌਲੀ ਮੇਰੇ ਕੋਲ ਮੰਗ ਵਧਦੀ ਗਈ। ਇਸ ਤਰ੍ਹਾਂ ਮੈਂ ਵੀ ਉਤਸ਼ਾਹਿਤ ਹੁੰਦਾ ਗਿਆ। ਇਸ ਤਰ੍ਹਾਂ ਮੈਂ ਵਿਸਥਾਰ ਕੀਤਾ।
ਉਹ ਦੱਸਦੇ ਹਨ, "ਮੈਂ ਫੌਜ ਨਾਲ ਵੀ ਕਾਨਟ੍ਰੈਕਟ ਕੀਤਾ ਅਤੇ ਉਨ੍ਹਾਂ ਨੂੰ ਵੀ ਸਪਲਾਈ ਕੀਤੀ। ਸਭ ਤੋਂ ਵੱਧ ਸਪਲਾਈ 70 ਫੀਸਦ ਜੰਮੂ-ਕਸ਼ਮੀਰ, ਲੇਹ-ਲੱਦਾਖ਼ ਅਤੇ ਸ਼੍ਰੀਨਗਰ ਵਿੱਚ ਜਾਂਦੀ ਹੈ।"
ਰਾਕੇਸ਼ ਕਹਿੰਦੇ ਹਨ ਜੇਕਰ ਕੋਈ ਵੀ ਬੰਦਾ ਮਿਹਨਤ ਅਤੇ ਆਧੁਨਿਕ ਤਰੀਕੇ ਨਾਲ ਕੰਮ ਕਰੇ ਤਾਂ ਉਹ ਅੱਗੇ ਤੱਕ ਜਾ ਸਕਦਾ ਹੈ।
ਰਾਕੇਸ਼ ਦੱਸਦੇ ਹਨ ਕਿ ਉਨ੍ਹਾਂ ਨੂੰ ਜਨੂੰਨ ਸੀ ਕਿ ਉਹ ਆਪਣਾ ਕੰਮ ਆਪ ਕਰਨ। ਹਾਲਾਂਕਿ, ਅੱਜ ਉਨ੍ਹਾਂ ਕੋਲ ਕਈ ਲੋਕ ਕੰਮ ਕਰਦੇ ਹਨ ਪਰ ਸ਼ੁਰੂਆਤ ਵਿੱਚ ਉਹ ਆਪ ਹੀ ਜ਼ਿਆਦਾਤਰ ਸਮਾਂ ਆਪਣੇ ਫਾਰਮ ʼਤੇ ਬਿਤਾਉਂਦੇ ਸਨ।
ਰਾਕੇਸ਼ ਕਹਿੰਦੇ ਹਨ, "2014 ਵਿੱਚ ਉਨ੍ਹਾਂ ਕੋਲ 15 ਫਾਰਮ ਸਨ ਅਤੇ ਉਹ 15 ਫਾਰਮਾਂ ਵਿੱਚ ਆਪ ਹੀ ਜਾਂਦੇ ਸਨ। ਉਹ ਆਪ ਚੈੱਕ ਕਰਦੇ ਸਨ ਬਰਡ ਨੂੰ ਪਾਣੀ-ਫੀਡ ਚੰਗੀ ਤਰ੍ਹਾਂ ਮਿਲ ਰਹੀ ਹੈ ਜਾਂ ਨਹੀਂ।"
ਰਾਕੇਸ਼ ਦੱਸਦੇ ਹਨ ਕਿ ਉਹ 2 ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੰਮ ਕਰ ਰਹੇ ਹਨ। ਪੰਜਾਬ ਵਿੱਚ ਉਨ੍ਹਾਂ ਦੇ 250 ਫਾਰਮ ਹਨ, 100 ਤੋਂ ਫਾਰਮ ਹਿਮਾਚਲ ਵਿੱਚ ਹਨ ਅਤੇ 130 ਦੇ ਕਰੀਬ ਫਾਰਮ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਹਨ।

ਤਸਵੀਰ ਸਰੋਤ, Gurpreet Chawla/BBC
ਹੋਰਨਾਂ ਨੂੰ ਰੁਜ਼ਗਾਰ
ਮਨਹਾਸ ਭਰਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਕਰੀਬ 350 ਲੋਕ ਕੰਮ ਕਰਦੇ ਹਨ।
ਇਸ ਤੋਂ ਇਲਾਵਾ ਉਹ ਇਹ ਵੀ ਦਾਅਵਾ ਕਰਦੇ ਹਨ ਕਿ ਉਹ ਸਾਲਾਨਾ ਇੱਕ ਕਰੋੜ ਬ੍ਰਾਇਲਰ ਵੇਚਦੇ ਹਨ, ਜਿਸ ਨੂੰ ਅੱਗੇ ਜਾ ਕੇ ਉਹ ਹੋਰ ਵਧਾਉਣ ਤੇ ਪ੍ਰੋਸੈਸਿੰਗ ਯੂਨਿਟ ਲਗਾ ਕੇ ਆਪਣਾ ਬ੍ਰਾਂਡ ਸਥਾਪਿਤ ਕਰਨ ਦਾ ਟੀਚਾ ਲੈਕੇ ਚੱਲ ਰਹੇ ਹਨ।

ਤਸਵੀਰ ਸਰੋਤ, Gurpreet Chawla/BBC
ਮਾਹਰਾਂ ਦਾ ਕੀ ਕਹਿਣਾ ਹੈ
ਵੈਟਰਨਰੀ ਡਾਕਟਰ ਮਨਦੀਪ ਸਿੰਘ ਮਾਨ ਦੱਸਦੇ ਹਨ ਕੀ ਉਨ੍ਹਾਂ ਦਾ ਤਜਰਬਾ ਪੋਲਟਰੀ ਵਿੱਚ ਪਿਛਲੇ ਕਰੀਬ 20 ਸਾਲ ਦਾ ਹੈ।
ਉਹ ਕਹਿੰਦੇ ਹਨ, "ਜਿਸ ਤਰ੍ਹਾਂ ਦੁਨੀਆਂ ਅਤੇ ਦੇਸ਼ ਭਰ ਵਿੱਚ ਪੋਲਟਰੀ ਦਾ ਕਾਰੋਬਾਰ ਵੱਧ ਰਿਹਾ ਹੈ ਉਹ ਵੱਡੀ ਮਿਸਾਲ ਬਣ ਰਿਹਾ ਹੈ। ਮੁਗਰੀਖ਼ਾਨੇ ਜਾਂ ਮੁਰਗੀ ਪਾਲਣ ਦੇ ਨਾਮ ʼਤੇ ਚੱਲਣ ਵਾਲਾ ਇਹ ਧੰਦਾ ਹੁਣ ਬਹੁਤ ਬਦਲ ਗਿਆ ਹੈ। ਇਸ ਵਿੱਚ ਇੱਕ ਬ੍ਰਾਇਲਰ ਫਾਰਮਿੰਗ, ਆਂਡੇ ਫਾਰਮ, ਫੀਡ ਯੂਨਿਟ, ਹੈਚਰੀ ਅਤੇ ਅਖ਼ੀਰ ਵਿੱਚ ਪ੍ਰੋਸੈਸ ਯੂਨਿਟ ਵੀ ਹੁੰਦੀਆਂ ਹਨ, ਜਿਸ ਰਾਹੀਂ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ।"
ਭਰਾਵਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ, "ਉਨ੍ਹਾਂ ਦੀ ਸਫ਼ਲਤਾ ਦਾ ਕਾਰਨ ਇਹੀ ਹੈ ਕਿ ਉਹ ਆਧੁਨਿਕ ਤਰੀਕੇ ਨਾਲ ਕੰਮ ਕਰ ਰਹੇ ਹਨ।"
ਮਨਦੀਪ ਦੱਸਦੇ ਹਨ, "ਜੇਕਰ ਕਿਸੇ ਨੇ ਪੋਲਟਰੀ ਸੈਕਟਰ ਵਿੱਚ ਆਉਣਾ ਹੈ ਤੇ ਜ਼ਿਆਦਾ ਪੈਸਾ ਨਹੀਂ ਲਗਾ ਸਕਦਾ ਤਾਂ ਉਹ ਬ੍ਰਾਇਲਰ ਫਾਰਮ ਤੋਂ ਸ਼ੁਰੂ ਕਰ ਸਕਦਾ ਹੈ। ਸਰਕਾਰ ਵੀ ਵੱਖ-ਵੱਖ ਸੈਕਟਰ ਵਿੱਚ ਸਬਸਿਡੀ ਦਿੰਦੀ ਹੈ।"
ਉਨ੍ਹਾਂ ਇਸ ਵਿੱਚ ਦੋ ਤਰ੍ਹਾਂ ਦੇ ਰਿਸਕ ਫੈਕਟਰਾਂ ਦੀ ਵੀ ਗੱਲ ਕੀਤੀ ਹੈ। ਉਨ੍ਹਾਂ ਨੇ ਦੱਸਿਆ, "ਇੱਕ ਤਾਂ ਇਹ ਹੈ ਕਿ ਕੋਈ ਬਿਮਾਰੀ ਨਾ ਲੱਗ ਜਾਵੇ ਅਤੇ ਦੂਜਾ ਇਸ ਦਾ ਰੇਟ ਵੀ ਕਦੇ ਇੱਕੋ ਜਿਹਾ ਨਹੀਂ ਰਹਿੰਦਾ। ਜੇਕਰ ਤੁਸੀਂ ਕਾਨਟ੍ਰੈਕਟ ਫਾਰਮਿੰਗ ਕਰਦੇ ਹੋ ਤਾਂ ਇਨ੍ਹਾਂ ਦੋਵਾਂ ਤੋਂ ਬਚਿਆ ਜਾ ਸਕਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












