ਕੀ ਮੋਦੀ ਨਾਲ ਟਰੰਪ ਦੀ 'ਦੋਸਤੀ' ਸਿਰਫ਼ ਨਾਂ ਦੀ ਹੈ ਜਾਂ ਇਹ ਭਾਰਤ ਲਈ ਵੀ ਫ਼ਾਇਦੇਮੰਦ ਹੈ

ਪੀਐੱਮ ਮੋਦੀ ਅਤੇ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੀਐੱਮ ਮੋਦੀ ਅਤੇ ਡੌਨਲਡ ਟਰੰਪ ਇੱਕ ਦੂਜੇ ਨੂੰ ਦੋਸਤ ਕਹਿੰਦੇ ਹਨ
    • ਲੇਖਕ, ਰਜਨੀਸ਼ ਕੁਮਾਰ
    • ਰੋਲ, ਬੀਬੀਸੀ ਪੱਤਰਕਾਰ

ਡੌਨਲਡ ਟਰੰਪ ਨੇ ਪੀਐੱਮ ਮੋਦੀ ਨੂੰ ਆਪਣਾ ਦੋਸਤ ਕਿਹਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟਰੰਪ ਨੂੰ ਆਪਣਾ ਦੋਸਤ ਦੱਸਦੇ ਹਨ।

ਕਰੀਬ ਡੇਢ ਮਹੀਨਾ ਪਹਿਲਾਂ ਸਤੰਬਰ 'ਚ ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਸੱਦੇ 'ਤੇ ਕਵਾਡ ਸਮਿਟ 'ਚ ਸ਼ਾਮਲ ਹੋਣ ਲਈ ਅਮਰੀਕਾ ਗਏ ਸਨ ਤਾਂ ਟਰੰਪ ਨੇ ਕਿਹਾ ਸੀ ਕਿ ਪੀਐੱਮ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਵੇਗੀ।

ਟਰੰਪ ਉਦੋਂ ਚੋਣ ਮੁਹਿੰਮ ਚਲਾ ਰਹੇ ਸਨ। ਹਾਲਾਂਕਿ, ਮੋਦੀ ਟਰੰਪ ਨੂੰ ਮਿਲੇ ਬਿਨਾਂ ਭਾਰਤ ਪਰਤ ਆਏ ਸਨ।

17 ਸਤੰਬਰ ਨੂੰ ਮਿਸ਼ੀਗਨ ਦੇ ਫ਼ਲਿੰਟ ਵਿੱਚ ਇੱਕ ਟਾਊਨਹਾਲ ਦੌਰਾਨ, ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨੇ ਕਿਹਾ, “ਮੋਦੀ ਅਗਲੇ ਹਫ਼ਤੇ ਅਮਰੀਕਾ ਆ ਰਹੇ ਹਨ ਅਤੇ ਉਨ੍ਹਾਂ ਨਾਲ ਮੁਲਾਕਾਤ ਹੋਵੇਗੀ। ਉਹ ਇੱਕ ਸ਼ਾਨਦਾਰ ਵਿਅਕਤੀ ਹੈ।''

ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੇ ਕਈ ਵਾਰ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਲਿਆ ਅਤੇ ਉਨ੍ਹਾਂ ਦੀ ਅਗਵਾਈ ਦੀ ਤਾਰੀਫ਼ ਕੀਤੀ।

6 ਨਵੰਬਰ ਨੂੰ ਜਦੋਂ ਟਰੰਪ ਨੇ ਚੋਣਾਂ ਵਿੱਚ ਲੀਡ ਹਾਸਲ ਕੀਤੀ ਤਾਂ ਪੀਐੱਮ ਮੋਦੀ ਨੇ ਉਨ੍ਹਾਂ ਨੂੰ ਇੱਕ ਦੋਸਤ ਵਜੋਂ ਸੰਬੋਧਿਤ ਕਰਦਿਆਂ ਜਿੱਤ ਦੀ ਵਧਾਈ ਦਿੱਤੀ।

ਸਤੰਬਰ 2019 ਵਿੱਚ, ਹਿਊਸਟਨ ਵਿੱਚ ਹੋਏ ਹਾਉਡੀ ਮੋਦੀ ਸਮਾਗਮ ਵਿੱਚ ਟਰੰਪ ਅਤੇ ਮੋਦੀ ਦਰਮਿਆਨ 'ਦੋਸਤੀ' ਦੇਖਣ ਵਾਲੀ ਸੀ।

ਉਸ ਸਮੇਂ ਟਰੰਪ ਅਤੇ ਮੋਦੀ ਦੋਵਾਂ ਨੇ ਭਾਰਤੀ ਮੂਲ ਦੇ ਤਕਰੀਬਨ 50 ਹਜ਼ਾਰ ਅਮਰੀਕੀ ਨਾਗਰਿਕਾਂ ਨੂੰ ਸੰਬੋਧਨ ਕੀਤਾ ਸੀ।

ਇਸੇ ਪ੍ਰੋਗਰਾਮ 'ਚ ਪੀਐੱਮ ਮੋਦੀ ਨੇ 'ਇਸ ਵਾਰ ਟਰੰਪ ਸਰਕਾਰ' ਦਾ ਨਾਅਰਾ ਦਿੱਤਾ ਸੀ।

ਇਸ ਤੋਂ ਬਾਅਦ 2020 'ਚ ਮੋਦੀ ਦੇ ਗ੍ਰਹਿ ਸੂਬੇ ਗੁਜਰਾਤ ਦੇ ਅਹਿਮਦਾਬਾਦ 'ਚ 'ਨਮਸਤੇ ਟਰੰਪ' ਪ੍ਰੋਗਰਾਮ ਹੋਇਆ। ਇਸ ਵਿੱਚ ਟਰੰਪ ਵੀ ਆਏ ਸਨ।

ਟਰੰਪ ਕਈ ਮੌਕਿਆਂ 'ਤੇ ਮੋਦੀ ਨੂੰ ਬਿਹਤਰੀਨ ਸ਼ਖ਼ਸ ਅਤੇ ਦੋਸਤ ਕਹਿ ਚੁੱਕੇ ਹਨ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਟਰੰਪ ਦੀਆਂ ਸ਼ਿਕਾਇਤਾਂ

ਟਰੰਪ ਨਰਿੰਦਰ ਮੋਦੀ ਨੂੰ ਦੋਸਤ ਤਾਂ ਕਹਿੰਦੇ ਹਨ ਪਰ ਭਾਰਤ ਦੀਆਂ ਨੀਤੀਆਂ 'ਤੇ ਵੀ ਤਿੱਖੇ ਹਮਲੇ ਕਰਦੇ ਹਨ।

ਟਰੰਪ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਕਿ ਭਾਰਤ ਅਮਰੀਕੀ ਵਸਤਾਂ 'ਤੇ ਟੈਕਸ ਲਗਾਉਂਦਾ ਹੈ ਅਤੇ ਜੇਕਰ ਉਹ ਖ਼ੁਦ ਅਮਰੀਕਾ ਨੂੰ ਨਿਰਯਾਤ ਕਰਦਾ ਹੈ ਤਾਂ ਉਹ ਟੈਕਸ ਮੁਕਤ ਵਪਾਰ ਚਾਹੁੰਦਾ ਹੈ।

17 ਸਤੰਬਰ ਨੂੰ ਟਰੰਪ ਨੇ ਕਿਹਾ ਸੀ, "ਭਾਰਤ ਬਹੁਤ ਮੁਸ਼ਕਲ ਹੈ। ਬ੍ਰਾਜ਼ੀਲ ਵੀ ਬਹੁਤ ਔਖਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿ ਸਕਦਾ ਹਾਂ।''

ਜੁਲਾਈ 2024 ਵਿੱਚ, ਟਰੰਪ ਨੇ ਇੱਕ ਚੋਣ ਰੈਲੀ ਵਿੱਚ ਕਿਹਾ ਸੀ, "ਜੇਕਰ ਤੁਸੀਂ ਚੀਨ ਵਿੱਚ ਕੁਝ ਬਣਾਉਣਾ ਚਾਹੁੰਦੇ ਹੋ, ਤਾਂ ਉਹ ਚਾਹੁਣਗੇ ਕਿ ਅਸੀਂ ਇੱਥੇ ਚੀਜ਼ਾਂ ਬਣਾ ਕੇ ਉੱਥੇ ਭੇਜੀਏ।"

“ਫਿਰ ਉਹ ਤੁਹਾਡੇ 'ਤੇ 250 ਫ਼ੀਸਦ ਟੈਰਿਫ ਲਗਾ ਦੇਣਗੇ। ਅਸੀਂ ਇਹ ਨਹੀਂ ਚਾਹੁੰਦੇ।”

“ਇਸ ਤੋਂ ਬਾਅਦ ਤੁਹਾਨੂੰ ਸੱਦਾ ਮਿਲਦਾ ਹੈ ਆਓ ਆ ਕੇ ਆਪਣਾ ਪਲਾਂਟ ਲਗਾਓ। ਫਿਰ ਇਹ ਕੰਪਨੀਆਂ ਉੱਥੇ ਜਾਂਦੀਆਂ ਹਨ।''

ਟਰੰਪ ਨੇ ਕਿਹਾ, ''ਭਾਰਤ ਨੇ ਹਾਰਲੇ ਡੇਵਿਡਸਨ ਨਾਲ ਵੀ ਅਜਿਹਾ ਹੀ ਕੀਤਾ। 200 ਫ਼ੀਸਦੀ ਟੈਰਿਫ ਲਾਗੂ ਹੋਣ ਕਾਰਨ ਹਾਰਲੇ ਡੇਵਿਡਸਨ ਉੱਥੇ ਆਪਣੀ ਬਾਈਕ ਨਹੀਂ ਵੇਚ ਸਕੀ।”

ਟਰੰਪ ਭਾਰਤ ਨਾਲ ਰੱਖਿਆ ਸਬੰਧਾਂ ਨੂੰ ਲੈ ਕੇ ਸਪੱਸ਼ਟ ਹਨ।

ਟਰੰਪ ਭਾਰਤ ਨਾਲ ਸੁਰੱਖਿਆ ਦੇ ਮਾਮਲੇ ਉੱਤੇ ਭਾਈਵਾਲੀ ਵਧਾਉਣਾ ਚਾਹੁੰਦੇ ਹਨ ਪਰ ਵਪਾਰਕ ਸਬੰਧਾਂ ਅਤੇ ਇਮੀਗ੍ਰੇਸ਼ਨ ਨੂੰ ਲੈ ਕੇ ਉਨ੍ਹਾਂ ਦਾ ਭਾਰਤ ਪ੍ਰਤੀ ਰੁਖ਼ ਹਮਲਾਵਰ ਹੈ।

ਟਰੰਪ ਦੀ ‘ਅਮਰੀਕਾ ਫ਼ਸਟ’ ਨੀਤੀ ਨੇ ਮੋਦੀ ਨਾਲ ਦੋਸਤੀ ਦਾ ਦਾਇਰਾ ਸੀਮਤ ਕਰ ਦਿੱਤਾ ਹੈ।

ਇਸ ਨੀਤੀ ਤਹਿਤ ਟਰੰਪ ਅਮਰੀਕਾ ਵਿੱਚ ਭਾਰਤ ਦੇ ਆਈਟੀ, ਫਾਰਮਾ ਅਤੇ ਟੈਕਸਟਾਈਲ ਨਿਰਯਾਤ 'ਤੇ ਟੈਰਿਫ਼ ਲਗਾ ਸਕਦੇ ਹਨ। ਟਰੰਪ ਪਹਿਲਾਂ ਹੀ ਭਾਰਤ ਨੂੰ ਟੈਰਿਫ ਕਿੰਗ ਕਹਿ ਚੁੱਕੇ ਹਨ।

ਟਰੰਪ ਚਾਹੁੰਦੇ ਹਨ ਕਿ ਅਮਰੀਕਾ ਦੇ ਸਾਮਾਨ 'ਤੇ ਭਾਰਤ ਜਿੰਨਾ ਟੈਕਸ ਲਾਉਂਦਾ ਹੈ, ਅਮਰੀਕਾ ਵੀ ਭਾਰਤ ਤੋਂ ਉੱਥੇ ਆਉਣ ਵਾਲੇ ਸਮਾਨ ’ਤੇ ਓਨਾਂ ਹੀ ਟੈਕਸ ਲਗਾਵੇ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ।

ਭਾਰਤ ਦੇ ਵੱਡੇ ਵਪਾਰਕ ਭਾਈਵਾਲਾਂ ਵਿੱਚੋਂ ਅਮਰੀਕਾ ਹੀ ਅਜਿਹਾ ਦੇਸ਼ ਹੈ ਜਿਸ ਨਾਲ ਭਾਰਤ ਦਾ ਵਪਾਰ ਕਦੇ ਘਟਿਆ ਨਹੀਂ ਹੈ।

ਯਾਨੀ ਭਾਰਤ ਅਮਰੀਕਾ ਵਿੱਚ ਆਪਣਾ ਸਾਮਾਨ ਜ਼ਿਆਦਾ ਵੇਚਦਾ ਹੈ ਅਤੇ ਅਮਰੀਕਾ ਤੋਂ ਖਰੀਦਦਾ ਘੱਟ ਹੈ।

ਭਾਰਤ-ਅਮਰੀਕਾ ਵਪਾਰ

ਟਰੰਪ ਤੇ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਭਾਰਤ ਦੀਆਂ ਕਈ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰਦੇ ਹਨ

2022 ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਦੁਵੱਲਾ ਵਪਾਰ 191.8 ਅਰਬ ਡਾਲਰ ਸੀ।

ਭਾਰਤ ਨੇ 118 ਅਰਬ ਡਾਲਰ ਦੀ ਬਰਾਮਦ ਕੀਤੀ ਅਤੇ ਕੁੱਲ ਦਰਾਮਦ 73 ਅਰਬ ਡਾਲਰ ਸੀ।

ਯਾਨੀ 2022 ਵਿੱਚ ਭਾਰਤ ਕੋਲ 45.7 ਅਰਬ ਡਾਲਰ ਦਾ ਸਰਪਲੱਸ ਵਪਾਰ ਸੀ।

ਪਰ ਜੇਕਰ ਟਰੰਪ ਨੇ ਅਮਰੀਕਾ ਫ਼ਸਟ ਨੀਤੀ ਤਹਿਤ ਭਾਰਤ 'ਤੇ ਟੈਰਿਫ ਲਾਇਆ ਤਾਂ ਹਾਲਾਤ ਬਦਲ ਜਾਣਗੇ।

ਭਾਰਤ ਦੇ ਸਾਬਕਾ ਵਿਦੇਸ਼ ਸਕੱਤਰ ਅਤੇ ਰੂਸ ਵਿੱਚ ਭਾਰਤ ਦੇ ਰਾਜਦੂਤ ਕੰਵਲ ਸਿੱਬਲ ਤੋਂ ਪੁੱਛਿਆ ਗਿਆ ਕਿ ਟਰੰਪ ਮੋਦੀ ਨੂੰ ਆਪਣਾ ਦੋਸਤ ਕਿਉਂ ਕਹਿੰਦੇ ਹਨ।

ਪਰ ਕੀ ਇਹ ਦੋਸਤੀ ਦਾਇਰੇ ਤੋਂ ਬਾਹਰ ਹੋ ਸਕੇਗੀ ਜਾਂ ਇਸ ਦੀ ਵੀ ਕੋਈ ਹੱਦ ਹੈ?

ਕੰਵਲ ਸਿੱਬਲ ਕਹਿੰਦੇ ਹਨ, ''ਦੋਸਤੀ ਆਪਸੀ ਹਿੱਤਾਂ 'ਤੇ ਜੁੜੀ ਹੁੰਦੀ ਹੈ। ਜਿੰਨਾ ਚਿਰ ਇਹ ਹਿੱਤ ਪੂਰੇ ਹੁੰਦੇ ਹਨ, ਇਹ ਸੀਮਾਵਾਂ ਤੋਂ ਪਰ੍ਹੇ ਹੁੰਦੀ ਹੈ। ਪਰ ਜਦੋਂ ਹਿੱਤ ਟਕਰਾਉਂਦੇ ਹਨ ਤਾਂ ਇਸਦੀ ਹੱਦ ਸਪੱਸ਼ਟ ਹੋ ਜਾਂਦੀ ਹੈ।''

ਸਿੱਬਲ ਕਹਿੰਦੇ ਹਨ, "ਅਮਰੀਕਾ ਟੈਰਿਫ ਦੇ ਮਾਮਲੇ ਵਿੱਚ ਭਾਰਤ ਨਾਲ ਕਿਵੇਂ ਬਰਾਬਰੀ ਕਰ ਸਕਦਾ ਹੈ? ਅਮਰੀਕਾ ਉਦੋਂ ਹੀ ਮੁਕਤ ਵਪਾਰ ਦੀ ਗੱਲ ਕਰਦਾ ਹੈ ਜਦੋਂ ਉਹ ਇਸ ਖੇਡ ਦੇ ਸਿਖਰ 'ਤੇ ਹੁੰਦਾ ਹੈ।”

“ਫਿਲਹਾਲ ਇਹ ਮਾਮਲਾ ਸੁਰੱਖਿਆਵਾਦ ਦਾ ਨਹੀਂ ਹੈ। ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ, ਜੋ ਡਾਲਰ ਦੇ ਜ਼ਰੀਏ ਵਿਸ਼ਵ ਵਿੱਤੀ ਪ੍ਰਣਾਲੀ ਨੂੰ ਕੰਟਰੋਲ ਕਰਦੀ ਹੈ, ਭਾਰਤ ਤੋਂ ਬਰਾਬਰੀ ਦੀ ਮੰਗ ਕਿਵੇਂ ਕਰ ਸਕਦੀ ਹੈ?”

“ਅਮਰੀਕਾ ਲਈ ਸਮੱਸਿਆ ਚੀਨ ਹੈ, ਭਾਰਤ ਨਹੀਂ।”

ਸਿੱਬਲ ਕਹਿੰਦੇ ਹਨ, “ਕੁਝ ਮਾਮਲਿਆਂ ਵਿੱਚ, ਟਰੰਪ ਦਾ ਰੁਖ ਮੋਦੀ ਲਈ ਚੰਗਾ ਹੋਵੇਗਾ। ਜਿੱਥੇ ਦੋਵਾਂ ਦੀ ਦੋਸਤੀ ਮਜ਼ਬੂਤ ਰਹੇਗੀ।”

“ਜਿਵੇਂ ਭਾਰਤ ਦੀ ਅੰਦਰੂਨੀ ਰਾਜਨੀਤੀ ਵਿੱਚ ਟਰੰਪ ਦਖ਼ਲ ਨਹੀਂ ਦੇਣਗੇ। ਇਸ ਦਾ ਮਤਲਬ ਹੈ ਕਿ ਟਰੰਪ ਮਨੁੱਖੀ ਅਧਿਕਾਰਾਂ, ਧਾਰਮਿਕ ਬਰਾਬਰਤਾ ਅਤੇ ਲੋਕਤੰਤਰ ਦੇ ਬਹਾਨੇ ਬਾਇਡਨ ਪ੍ਰਸ਼ਾਸਨ ਵਾਂਗ ਨਹੀਂ ਬੋਲਣਗੇ।”

“ਹਿੰਦੂਤਵ ਦੀ ਸਿਆਸਤ 'ਤੇ ਟਰੰਪ ਕੁਝ ਨਹੀਂ ਕਹਿਣਗੇ। ਹਾਲਾਂਕਿ ਅਮਰੀਕੀ ਕਾਂਗਰਸ ਦੇ ਕੰਟਰੋਲ ਹੇਠ ਕੰਮ ਕਰਨ ਵਾਲੀਆਂ ਏਜੰਸੀਆਂ ’ਤੇ ਟਰੰਪ ਵੀ ਲਗਾਮ ਨਹੀਂ ਪਾ ਸਕਣਗੇ।”

ਇਹ ਵੀ ਪੜ੍ਹੋ-

'ਰੂਸ ਨਾਲ ਦੁਸ਼ਮਣੀ ਅਤੇ ਚੀਨ ਦੀ ਅਣਦੇਖੀ'

ਟਰੰਪ ਅਤੇ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਨੇ ਆਪਣੀ ਚੋਣ ਮੁਹਿੰਮ ਵਿੱਚ ਕਈ ਵਾਰ ਪੀਐੱਮ ਮੋਦੀ ਦਾ ਨਾਮ ਲਿਆ ਹੈ।

ਭਾਰਤੀ ਮਾਹਰ ਅਕਸਰ ਇਸ ਗੱਲ ਨੂੰ ਰੇਖਾਂਕਿਤ ਕਰਦੇ ਰਹੇ ਹਨ ਕਿ ਅਮਰੀਕਾ ਰੂਸ ਪ੍ਰਤੀ ਦੁਸ਼ਮਣੀ ਨਿਭਾਉਣ ਦੇ ਚੱਕਰ ਵਿੱਚ ਚੀਨ ਦੀਆਂ ਧਮਕੀਆਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।

ਕਈ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਨੀਤੀਆਂ ਕਾਰਨ ਰੂਸ ਅਤੇ ਚੀਨ ਦੀ ਨੇੜਤਾ ਵਧ ਰਹੀ ਹੈ।

ਬ੍ਰਹਮਾ ਚੇਲਾਨੀ ਰਣਨੀਤਕ ਮਾਮਲਿਆਂ ਦੇ ਮਾਹਰ ਹਨ। ਉਨ੍ਹਾਂ ਨੇ ਟਰੰਪ ਦੀ ਜਿੱਤ ਤੋਂ ਬਾਅਦ ਅੰਗਰੇਜ਼ੀ ਮੈਗਜ਼ੀਨ ਓਪਨ 'ਚ ਲਿਖਿਆ ਹੈ,

“ਟਰੰਪ ਪ੍ਰਸ਼ਾਸਨ ਇਸ ਤੱਥ ਨੂੰ ਨਜ਼ਰਅੰਦਾਜ਼ ਕਰਨ ਦੇ ਯੋਗ ਨਹੀਂ ਹੋਵੇਗਾ ਕਿ ਪੱਛਮ ਦੇ ਹਿੱਤਾਂ ਅਤੇ ਅਮਰੀਕਾ ਦੀ ਅਗਵਾਈ ਵਾਲੀ ਪ੍ਰਣਾਲੀ ਨੂੰ ਅਸਲ ਖ਼ਤਰਾ ਚੀਨ ਤੋਂ ਹੈ ਨਾ ਕਿ ਰੂਸ ਤੋਂ।”

“ਅਜਿਹਾ ਇਸ ਲਈ ਕਿਉਂਕਿ ਰੂਸ ਆਪਣੇ ਗੁਆਂਢੀਆਂ ਤੱਕ ਸੀਮਤ ਹੈ ਜਦੋਂਕਿ ਚੀਨ ਅਮਰੀਕਾ ਦੀ ਥਾਂ ਲੈਣਾ ਚਾਹੁੰਦਾ ਹੈ।''

“ਚੀਨ ਦੀ ਆਰਥਿਕਤਾ, ਇਸਦੀ ਆਬਾਦੀ ਵਾਂਗ, ਰੂਸ ਨਾਲੋਂ ਦਸ ਗੁਣਾ ਵੱਡੀ ਹੈ। ਚੀਨ ਦਾ ਫੌਜੀ ਬਜਟ ਵੀ ਰੂਸ ਦੇ ਮੁਕਾਬਲੇ ਚਾਰ ਗੁਣਾ ਜ਼ਿਆਦਾ ਹੈ।”

“ਚੀਨ ਆਪਣੇ ਪਰਮਾਣੂ ਹਥਿਆਰਾਂ ਨੂੰ ਵਧਾ ਰਿਹਾ ਹੈ। ਫੌਜੀ ਗਤੀਵਿਧੀਆਂ ਦਾ ਵਿਸਥਾਰ ਕਰ ਰਿਹਾ ਹੈ। ਪਰ ਬਾਇਡਨ ਪ੍ਰਸ਼ਾਸਨ ਗ਼ਲਤ ਦੁਸ਼ਮਣ 'ਤੇ ਧਿਆਨ ਕੇਂਦਰਤ ਕਰਦਾ ਰਿਹਾ।”

ਬ੍ਰਹਮਾ ਚੇਲਾਨੀ ਨੇ ਲਿਖਿਆ, ''ਯੂਕਰੇਨ 'ਤੇ ਹਮਲੇ ਤੋਂ ਬਾਅਦ ਬਾਇਡਨ ਦੀ ਰੂਸ ਖ਼ਿਲਾਫ਼ ਸਖ਼ਤੀ ਦਾ ਚੀਨ ਨੂੰ ਸਿੱਧਾ ਫ਼ਾਇਦਾ ਹੋਇਆ ਹੈ।”

“ਅਮਰੀਕਾ ਨੇ ਰੂਸ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਹਨ। ਕੌਮਾਂਤਰੀ ਵਿੱਤੀ ਪ੍ਰਣਾਲੀ ਨੂੰ ਹਥਿਆਰ ਬਣਾਇਆ ਹੈ।”

“ਇਹ ਚੀਨ ਲਈ ਵਰਦਾਨ ਸਾਬਤ ਹੋਇਆ ਕਿਉਂਕਿ ਮਜਬੂਰੀ ਵਿੱਚ ਰੂਸੀ ਬੈਂਕਾਂ ਨੇ ਚੀਨੀ ਕਰੰਸੀ ਯੁਆਨ ਦੀ ਕੌਮਾਂਤਰੀ ਪੱਧਰ ’ਤੇ ਵਰਤੋਂ ਵਧਾ ਦਿੱਤੀ।”

“ਰੂਸ ਹੁਣ ਆਪਣਾ ਜ਼ਿਆਦਾਤਰ ਕੌਮਾਂਤਰੀ ਵਪਾਰ ਯੁਆਨ ਵਿੱਚ ਕਰ ਰਿਹਾ ਹੈ। ਰੂਸ ਸਾਰੇ ਯੁਆਨ ਚੀਨੀ ਬੈਂਕਾਂ ਵਿੱਚ ਰੱਖ ਰਿਹਾ ਹੈ ਅਤੇ ਚੀਨ ਨੂੰ ਇਸ ਦਾ ਫ਼ਇਦਾ ਮਿਲ ਰਿਹਾ ਹੈ।”

'ਨਿੱਜੀ ਸੰਪਰਕ ਲਈ ਦੋਸਤੀ'

ਪੀਐੱਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਮਹੀਨੇ ਪੀਐੱਮ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬ੍ਰਿਕਸ ਸੰਮੇਲਨ ਲਈ ਰੂਸ ਗਏ ਸਨ।

ਬ੍ਰਹਮਾ ਚੇਲਾਨੀ ਨੂੰ ਲੱਗਦਾ ਹੈ ਕਿ ਟਰੰਪ ਇਸ ਮਾਮਲੇ 'ਚ ਵੱਖਰਾ ਰੁਖ਼ ਅਖ਼ਤਿਆਰ ਕਰਨਗੇ ਅਤੇ ਰੂਸ ਦੀ ਬਜਾਇ ਚੀਨ 'ਤੇ ਧਿਆਨ ਕੇਂਦਰਿਤ ਕਰਨਗੇ।

ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਭਾਰਤ ਦੇ ਵੀ ਹੱਕ ਵਿੱਚ ਹੋਵੇਗਾ ਕਿਉਂਕਿ ਭਾਰਤ ਅਤੇ ਰੂਸ ਦੀ ਵੱਧਦੀ ਨੇੜਤਾ ’ਤੇ ਬਾਇਡਨ ਪ੍ਰਸ਼ਾਸਨ ਵਾਂਗ ਟਰੰਪ ਪ੍ਰਸ਼ਾਸਨ ਦਾ ਕੋਈ ਬਹੁਤਾ ਦਬਾਅ ਨਹੀਂ ਹੋਵੇਗਾ।

ਲੰਡਨ ਦੇ ਕਿੰਗਜ਼ ਕਾਲਜ ਵਿੱਚ ਕੌਮਾਂਤਰੀ ਮਾਮਲਿਆਂ ਦੇ ਪ੍ਰੋਫ਼ੈਸਰ ਹਰਸ਼ ਪੰਤ ਦਾ ਕਹਿਣਾ ਹੈ ਕਿ ਕਿਸੇ ਨੂੰ ਦੋਸਤ ਕਹਿਣ ਦਾ ਜ਼ਿਆਦਾਤਰ ਮਕਸਦ ਤਾਂ ਨਿੱਜੀ ਸੰਪਰਕ ਬਣਾਉਣਾ ਹੀ ਹੁੰਦਾ ਹੈ।

ਪ੍ਰੋਫ਼ੈਸਰ ਪੰਤ ਕਹਿੰਦੇ ਹਨ, "ਜੇਕਰ ਕੋਈ ਕਿਸੇ ਨੂੰ ਦੋਸਤ ਕਹਿੰਦਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਨੀਤੀਗਤ ਮਾਮਲਿਆਂ ਵਿੱਚ ਕੋਈ ਢਿੱਲ ਦਿੱਤੀ ਜਾ ਰਹੀ ਹੈ।”

“ਮੋਦੀ ਜੀ ਦੀ ਕੂਟਨੀਤੀ ਦੀ ਆਪਣੀ ਸ਼ੈਲੀ ਹੈ ਕਿ ਉਹ ਨਿੱਜੀ ਸਬੰਧ ਬਣਾਉਂਦੇ ਹਨ ਅਤੇ ਕਈ ਵਾਰ ਇਹ ਤਰੀਕਾ ਕੰਮ ਵੀ ਕਰਦੇ ਹਨ।”

ਨਰਿੰਦਰ ਮੋਦੀ ਤੇ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਇਡਨ ਪ੍ਰਸ਼ਾਸਨ ਦਬਾਅ ਪਾਉਂਦਾ ਰਿਹਾ ਹੈ ਕਿ ਰੂਸ ਨਾਲ ਭਾਰਤ ਆਪਣੇ ਸਬੰਧ ਸੀਮਿਤ ਕਰੇ

ਪੰਤ ਕਹਿੰਦੇ, ''ਜਿੱਥੋਂ ਤੱਕ ਟਰੰਪ ਦਾ ਸਵਾਲ ਹੈ, ਉਹ ਵਿਸ਼ਵ ਆਗੂਆਂ ਦੀ ਪਸੰਦ ਤੇ ਨਾ ਪਸੰਦ ਨੂੰ ਲੈ ਕੇ ਬਿਲਕੁਲ ਸਪੱਸ਼ਟ ਹਨ।”

“ਨਰਿੰਦਰ ਮੋਦੀ ਵੀ ਉਨ੍ਹਾਂ ਵਿਸ਼ਵ ਆਗੂਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਉਹ ਪਸੰਦ ਕਰਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਟਰੰਪ ਮੋਦੀ ਲਈ ਆਪਣੇ ਹਿੱਤ ਛੱਡ ਦੇਣਗੇ।”

“ਟਰੰਪ ਦਾ ਰੁਖ਼ ਵਪਾਰ ਅਤੇ ਇਮੀਗ੍ਰੇਸ਼ਨ ਦੇ ਮਾਮਲਿਆਂ ਵਿੱਚ ਭਾਰਤ ਪ੍ਰਤੀ ਸਖ਼ਤ ਹੀ ਰਹੇਗਾ। ਇੱਕ ਗੱਲ ਜ਼ਰੂਰ ਹੈ ਕਿ ਭਾਰਤੀ ਸਿਆਸਤ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਨਾਲ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ।”

“ਪਰ ਜੇਕਰ ਭਾਰਤ ਵਿੱਚ ਈਸਾਈਆਂ ਬਾਰੇ ਕੁਝ ਹੁੰਦਾ ਹੈ, ਤਾਂ ਟਰੰਪ ਇਸ 'ਤੇ ਆਵਾਜ਼ ਉਠਾਉਂਦੇ ਰਹਿਣਗੇ ਕਿਉਂਕਿ ਉਨ੍ਹਾਂ ਨੇ ਆਪਣੇ ਦੇਸ਼ਾਂ ਵਿੱਚ ਇਸਾਈ ਬਹੁਗਿਣਤੀ ਦੀਆਂ ਭਾਵਨਾਵਾਂ ਦਾ ਵੀ ਖਿਆਲ ਰੱਖਣਾ ਪਵੇਗਾ।”

ਜੁਲਾਈ 2019 'ਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਮਰੀਕਾ ਦੇ ਦੌਰੇ 'ਤੇ ਸਨ। ਉਸ ਸਮੇਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵ੍ਹਾਈਟ ਹਾਊਸ 'ਚ ਇਮਰਾਨ ਖ਼ਾਨ ਦਾ ਸਵਾਗਤ ਕਰ ਰਹੇ ਸਨ। ਇਸੇ ਦੌਰਾਨ ਟਰੰਪ ਨੇ ਕਸ਼ਮੀਰ ਦੇ ਮਸਲੇ 'ਤੇ ਵਿਚੋਲਗੀ ਦੀ ਗੱਲ ਕੀਤੀ ਸੀ।

ਇਹ ਦਹਾਕਿਆਂ ਬਾਅਦ ਹੋਇਆ ਸੀ, ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਕਸ਼ਮੀਰ ਮਾਮਲੇ 'ਤੇ ਵਿਚੋਲਗੀ ਦੀ ਗੱਲ ਕੀਤੀ ਸੀ।

ਟਰੰਪ ਨੇ ਇੱਥੋਂ ਤੱਕ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਵੀ ਚਾਹੁੰਦੇ ਹਨ ਕਿ ਉਹ ਕਸ਼ਮੀਰ ਮਾਮਲੇ 'ਤੇ ਵਿਚੋਲਗੀ ਕਰਨ।

ਭਾਰਤ ਨੇ ਟਰੰਪ ਦੇ ਇਸ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਅਜਿਹਾ ਕੁਝ ਨਹੀਂ ਕਿਹਾ ਸੀ।

ਪਾਕਿਸਤਾਨ ਨੇ ਟਰੰਪ ਦੇ ਇਸ ਬਿਆਨ ਦਾ ਸਵਾਗਤ ਕੀਤਾ ਸੀ ਜਦੋਂਕਿ ਭਾਰਤ ਲਈ ਇਹ ਅਸਹਿਜ ਕਰਨ ਵਾਲਾ ਸੀ।

ਭਾਰਤ ਦੀ ਅਧਿਕਾਰਤ ਲਾਈਨ ਹੈ ਕਿ ਉਹ ਕਸ਼ਮੀਰ 'ਤੇ ਕਿਸੇ ਦੀ ਵਿਚੋਲਗੀ ਨੂੰ ਸਵੀਕਾਰ ਨਹੀਂ ਕਰੇਗਾ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)