ਡੌਨਲਡ ਟਰੰਪ ਜੋ ਕਦੇ ਹਾਰੇ ਹੋਏ ਉਮੀਦਵਾਰ ਲਗ ਰਹੇ ਸਨ, ਕਿਵੇਂ ਰਾਸ਼ਟਰਪਤੀ ਦੀ ਚੋਣ ਜਿੱਤੇ

ਸਾਲ 2020 ਵਿੱਚ, ਜਦੋਂ ਡੌਨਲਡ ਟਰੰਪ ਜੋਅ ਬਾਇਡਨ ਤੋਂ ਚੋਣ ਹਾਰ ਗਏ ਸਨ, ਤਾਂ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਗਿਆ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2020 ਵਿੱਚ, ਜਦੋਂ ਡੌਨਲਡ ਟਰੰਪ ਜੋਅ ਬਾਇਡਨ ਤੋਂ ਚੋਣ ਹਾਰ ਗਏ ਸਨ, ਤਾਂ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਗਿਆ ਹੈ।
    • ਲੇਖਕ, ਐਂਥਨੀ ਜ਼ਰਚਰ
    • ਰੋਲ, ਬੀਬੀਸੀ ਪੱਤਰਕਾਰ

ਡੌਨਲਡ ਟਰੰਪ ਮੁੜ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ।

ਟਰੰਪ ਦੀ ਇਹ ਜਿੱਤ ਇਤਿਹਾਸਕ ਹੈ ਕਿਉਂਕਿ ਅਜਿਹਾ ਅਮਰੀਕਾ ਦੇ ਇਤਿਹਾਸ ਵਿੱਚ ਮਹਿਜ਼ ਦੋ ਵਾਰ ਹੋਇਆ ਹੈ, ਜਦੋਂ ਕੋਈ ਰਾਸ਼ਟਰਪਤੀ ਇੱਕ ਚੋਣ ਹਾਰਨ ਤੋਂ ਬਾਅਦ ਮੁੜ ਜਿੱਤੇ ਅਤੇ ਵ੍ਹਾਈਟ ਹਾਊਸ ਪਰਤ ਆਏ ਹੈ।

ਅਮਰੀਕਾ ਵਿੱਚ ਅਜੇ ਤੱਕ ਕੋਈ ਵੀ ਔਰਤ ਰਾਸ਼ਟਰਪਤੀ ਨਹੀਂ ਬਣ ਸਕੀ ਹੈ ਅਤੇ ਕਮਲਾ ਹੈਰਿਸ ਵੀ ਇਸ ਰਵਾਇਤ ਨੂੰ ਤੋੜਨ ਵਿੱਚ ਨਾਕਾਮ ਰਹੇ ਹਨ।

ਸਾਲ 2020 ਵਿੱਚ, ਜਦੋਂ ਡੌਨਲਡ ਟਰੰਪ ਬਾਇਡਨ ਤੋਂ ਚੋਣ ਹਾਰ ਗਏ ਸਨ ਤਾਂ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਗਿਆ ਹੈ।

ਰਾਸ਼ਟਰਪਤੀ ਵਜੋਂ ਟਰੰਪ ਦਾ ਪਹਿਲਾ ਕਾਰਜਕਾਲ ਅਰਾਜਕਤਾ ਅਤੇ ਆਲੋਚਨਾ ਭਰੇ ਮਾਹੌਲ ਵਿੱਚ ਖ਼ਤਮ ਹੋਇਆ ਸੀ।

ਇੱਥੋਂ ਤੱਕ ਕਿ ਉਨ੍ਹਾਂ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਕਈ ਆਗੂਆਂ ਨੇ ਵੀ ਟਰੰਪ ਦੀ ਆਲੋਚਨਾ ਕੀਤੀ ਸੀ।

ਬ੍ਰਾਇਨ ਲਾਂਜ਼ਾ ਉਸ ਸਮੇਂ ਤੋਂ ਡੌਨਲਡ ਟਰੰਪ ਦੇ ਸਿਆਸੀ ਸਲਾਹਕਾਰ ਰਹੇ ਹਨ। ਜਦੋਂ ਸਾਲ 2016 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਰਾਸ਼ਟਰਪਤੀ ਚੋਣਾਂ ਲਈ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ।

ਬ੍ਰਾਇਨ ਟਰੰਪ ਬਾਰੇ ਕਹਿੰਦੇ ਹਨ, "ਉਹ ਮਾਤ ਖਾਂਦੇ ਹਨ ਅਤੇ ਫ਼ਿਰ ਦੁਗਣੀ ਮਜ਼ਬੂਤ ਇੱਛਾ ਸ਼ਕਤੀ ਨਾਲ ਦੁਬਾਰਾ ਖੜ੍ਹੇ ਹੁੰਦੇ ਹੋ ਜਾਂਦੇ ਹਨ। ਮੈਂ ਉਨ੍ਹਾਂ ਦੀ ਜਿੱਤ ਤੋਂ ਹੈਰਾਨ ਨਹੀਂ ਹਾਂ।”

78 ਸਾਲਾ ਸਾਬਕਾ ਰਾਸ਼ਟਰਪਤੀ ਟਰੰਪ ਵ੍ਹਾਈਟ ਹਾਊਸ 'ਚ ਅਜਿਹੇ ਸ਼ਖ਼ਸ ਵਜੋਂ ਪਰਤਣਗੇ, ਜਿਸ ਨੂੰ ਸਿਆਸੀ ਤੌਰ 'ਤੇ ਤੋੜਨਾ ਅਸੰਭਵ ਹੈ।

ਇਸ ਵਾਰ ਉਨ੍ਹਾਂ ਕੋਲ ਆਪਣੇ ਏਜੰਡਾ ਦੇ ਨਾਲ-ਨਾਲ ਵਫ਼ਾਦਾਰਾਂ ਦੀ ਵੱਡੀ ਫ਼ੌਜ ਵੀ ਹੋਵੇਗੀ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਥੋੜ੍ਹੇ ਸਮੇਂ ਲਈ ਸਿਆਸਤ ਤੋਂ ਦੂਰੀ

ਚਾਰ ਸਾਲ ਪਹਿਲਾਂ ਡੌਨਲਡ ਟਰੰਪ ਹਾਰੇ ਹੋਏ ਨਜ਼ਰ ਆ ਰਹੇ ਸਨ।

ਡੈਮੋਕ੍ਰੇਟਿਕ ਪਾਰਟੀ ਤੋਂ ਉਨ੍ਹਾਂ ਦੇ ਵਿਰੋਧੀ ਬਾਇਡਨ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਹਰਾਇਆ ਸੀ।

ਅਦਾਲਤਾਂ ਨੇ ਟਰੰਪ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਦੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਸੀ। ਆਖ਼ਰੀ ਰਾਹ ਵਜੋਂ ਉਨ੍ਹਾਂ ਨੇ ਆਪਣੇ ਸਮਰਥਕਾਂ ਦੀ ਰੈਲੀ ਬੁਲਾਈ।

ਇਸ 'ਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਅਮਰੀਕੀ ਸੰਸਦ ਭਵਨ 'ਤੇ ਹਮਲਾ ਕਰਨ ਲਈ ਕਿਹਾ ਸੀ। ਉਹ ਵੀ ਉਸ ਸਮੇਂ ਜਦੋਂ ਉੱਥੇ ਬੈਠੇ ਸੰਸਦ ਮੈਂਬਰ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ 'ਤੇ ਪ੍ਰਮਾਣਿਕਤਾ ਦੀ ਮੋਹਰ ਲਗਾ ਰਹੇ ਸਨ।

ਟਰੰਪ ਦੇ ਸਮਰਥਕਾਂ ਦੀ ਭੀੜ ਨੇ ਦੇਸ਼ ਦੇ ਸੰਸਦ ਭਵਨ 'ਤੇ ਇੰਨਾ ਭਿਆਨਕ ਹਮਲਾ ਬੋਲਿਆ ਕਿ ਇਮਾਰਤ ਅੰਦਰ ਮੌਜੂਦ ਲੋਕਾਂ ਨੂੰ ਸੁਰੱਖਿਆ ਲਈ ਇਧਰ-ਉਧਰ ਭੱਜਣਾ ਪਿਆ।

ਟਰੰਪ ਪੱਖੀ ਭੀੜ ਵੱਲੋਂ ਕੀਤੇ ਗਏ ਇਸ ਹਮਲੇ ਵਿੱਚ ਸੈਂਕੜੇ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ ਸਨ।

ਇਸ ਦੇ ਵਿਰੋਧ 'ਚ ਟਰੰਪ ਪ੍ਰਸ਼ਾਸਨ ਵਿੱਚ ਉੱਚ ਅਹੁਦਿਆਂ ’ਤੇ ਰਹੇ ਕਈ ਅਧਿਕਾਰੀਆਂ ਨੇ ਆਪਣੇ ਅਹੁਦੇ ਅਤੇ ਟਰੰਪ ਦਾ ਸਮਰਥਨ ਛੱਡ ਦਿੱਤਾ ਸੀ। ਇਨ੍ਹਾਂ ਵਿੱਚ ਸਿੱਖਿਆ ਮੰਤਰੀ ਬੇਟਸੀ ਡੇਵੋਸ ਅਤੇ ਆਵਾਜਾਈ ਮੰਤਰੀ ਇਲੇਨ ਚਾਓ ਸ਼ਾਮਲ ਸਨ।

ਬੇਟਸੀ ਨੇ ਰਾਸ਼ਟਰਪਤੀ ਨੂੰ ਦਿੱਤੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਕਿ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਹਾਲਾਤ ਤੁਹਾਡੇ ਨਾਟਕੀ ਬਿਆਨਾਂ ਕਾਰਨ ਪੈਦਾ ਹੋਏ ਹਨ ਅਤੇ ਇਹ ਮੇਰੇ ਲਈ ਫ਼ੈਸਲਾਕੁੰਨ ਪਲ ਹਨ।"

ਇੱਥੋਂ ਤੱਕ ਕਿ ਦੱਖਣੀ ਕੈਰੋਲਾਈਨਾ ਤੋਂ ਰਿਪਬਲਿਕਨ ਪਾਰਟੀ ਦੇ ਸੈਨੇਟਰ ਅਤੇ ਟਰੰਪ ਦੇ ਕਰੀਬੀ ਸਹਿਯੋਗੀ ਲਿੰਡਸੇ ਗ੍ਰਾਹਮ ਨੇ ਵੀ ਤਤਕਾਲੀ ਰਾਸ਼ਟਰਪਤੀ ਦਾ ਸਾਥ ਛੱਡ ਦਿੱਤਾ ਸੀ।

ਅਮਰੀਕੀ ਸੈਨੇਟ ਵਿੱਚ ਲਿੰਡਸੇ ਗ੍ਰਾਹਮ ਨੇ ਕਿਹਾ, ''ਹੁਣ ਬਹੁਤ ਹੋ ਗਿਆ ਹੈ। ਮੈਂ ਮਹਿਜ਼ ਇਹੀ ਕਹਿ ਸਕਦਾ ਹਾਂ ਕਿ ਕ੍ਰਿਪਾ ਕਰਕੇ ਮੈਨੂੰ ਆਪਣੇ ਸਮਰਥਕਾਂ ਦੀ ਸੂਚੀ ਵਿੱਚੋਂ ਮਾਫ਼ ਕਰੋ।"

ਟਰੰਪ ਤੋਂ ਦੂਰੀ ਬਣਾਉਣ ਦੀ ਇਹ ਮੁਹਿੰਮ ਅਮਰੀਕਾ ਦੇ ਉਦਯੋਗ ਜਗਤ ਤੱਕ ਫ਼ੈਲ ਗਈ।

ਅਮਰੀਕਨ ਐਕਸਪ੍ਰੈਸ, ਮਾਈਕ੍ਰੋਸਾਫਟ, ਨਾਈਕੀ ਅਤੇ ਵਾਲਗ੍ਰੀਨਸ ਸਣੇ ਦਰਜਨਾਂ ਵੱਡੀਆਂ ਕੰਪਨੀਆਂ ਨੇ ਐਲਾਨ ਕੀਤੀ ਕਿ ਉਹ ਰਿਪਬਲਿਕਨ ਪਾਰਟੀ ਨੂੰ ਸਮਰਥਨ ਨਹੀਂ ਦੇਣਗੀਆਂ, ਕਿਉਂਕਿ ਪਾਰਟੀ ਨੇ 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਚੁਣੌਤੀ ਦਿੱਤੀ ਹੈ।

ਟਰੰਪ ਦੇ ਸਮਰਥਕ ਜਸ਼ਨ ਮਨਾਉਂਦੇ ਹੋਏ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦੇ ਸਮਰਥਕ ਜਸ਼ਨ ਮਨਾਉਂਦੇ ਹੋਏ

ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਟਰੰਪ ਦਾ ਇਨਕਾਰ

ਟਰੰਪ ਨੇ ਅਮਰੀਕਾ ਦੇ ਸਿਆਸੀ ਇਤਿਹਾਸ ਦੀ 152 ਸਾਲ ਪੁਰਾਣੀ ਰਵਾਇਤ ਤੋੜਦਿਆਂ, ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੀ ਬਜਾਇ ਤੜਕੇ ਹੀ ਵ੍ਹਾਈਟ ਹਾਊਸ ਛੱਡ ਕੇ ਮਾਰ-ਏ-ਲਾਗੋ ਸਥਿਤ ਆਪਣੇ ਨਿੱਜੀ ਕਲੱਬ ਲਈ ਰਵਾਨਾ ਹੋ ਗਏ ਸਨ।

ਟਰੰਪ ਦੇ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਥੋੜ੍ਹੇ ਜਿਹੇ ਕਰੀਬੀ ਸਹਿਯੋਗੀ ਵੀ ਸਨ।

ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਟਰੰਪ ਦੇ ਜੀਵਨ 'ਤੇ 'ਟਰੰਪ ਇਨ ਐਗਜ਼ਾਈਲ' ਨਾਂ ਦੀ ਕਿਤਾਬ ਲਿਖਣ ਵਾਲੇ ਮੈਰੀਡਿਥ ਮੈਕਗ੍ਰਾ ਮੁਤਾਬਕ ਟਰੰਪ ਵ੍ਹਾਈਟ ਹਾਊਸ ਨੂੰ ਅਲਵਿਦਾ ਕਹਿੰਦੇ ਹੋਏ ਕਾਫੀ ਖਿੱਝੇ ਹੋਏ ਸਨ।

ਮੈਰੀਡਿਥ ਨੇ ਕਿਹਾ, "ਉਹ ਬਹੁਤ ਗੁੱਸੇ ਵਿੱਚ ਸਨ। ਖਿੱਝ ਰਹੇ ਸਨ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਆਪਣਾ ਸਮਾਂ ਕਿਵੇਂ ਬਿਤਾਉਣਗੇ ਅਤੇ ਉਨ੍ਹਾਂ ਕੋਲ ਆਪਣੇ ਸਿਆਸੀ ਭਵਿੱਖ ਲਈ ਕੋਈ ਯੋਜਨਾ ਵੀ ਨਹੀਂ ਸੀ।"

ਉਸ ਦੌਰਾਨ ਅਮਰੀਕੀ ਮੀਡੀਆ 'ਚ ਚੱਲ ਰਹੀ ਚਰਚਾ ਤੋਂ ਵੀ ਟਰੰਪ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਦੀ ਝਲਕ ਨਜ਼ਰ ਆ ਰਹੀ ਸੀ।

ਚੋਣਾਂ 'ਚ ਸਪੱਸ਼ਟ ਹਾਰ ਮਿਲਣ ਅਤੇ ਉਸ ਤੋਂ ਬਾਅਦ ਅਮਰੀਕੀ ਸੰਸਦ 'ਚ ਫ਼ੈਲੀ ਅਰਾਜਕਤਾ ਦੇ ਮੰਜ਼ਰ ਤੋਂ ਬਾਅਦ ਮੀਡੀਆ 'ਚ ਕੁਝ ਲੋਕਾਂ ਨੇ ਤਾਂ ਆਪਣੀ ਸਪੱਸ਼ਟ ਰਾਇ ਜ਼ਾਹਰ ਕਰਦਿਆਂ ਇੱਥੋਂ ਤੱਕ ਕਿਹਾ ਸੀ ਕਿ ਹੁਣ ਟਰੰਪ ਦੀ ਅਮਰੀਕੀ ਸਿਆਸਤ ਵਿੱਚ ਵਾਪਸੀ ਦੇ ਦਰਵਾਜ਼ੇ ਬੰਦ ਹੋ ਚੁੱਕੇ ਹਨ।

ਜਨਵਰੀ 2021 ਵਿੱਚ ਨਿਊਯਾਰਕ ਟਾਈਮਜ਼ ਵਿੱਚ ਪ੍ਰਕਾਸ਼ਿਤ ਇੱਕ ਲੇਖ ਦੀ ਸਬ-ਹੈੱਡਲਾਈਨ ਕੁਝ ਇਸ ਤਰ੍ਹਾਂ ਸੀ: 'ਇੱਕ ਭਿਆਨਕ ਪ੍ਰਯੋਗ ਹੁਣ ਖ਼ਤਮ ਹੋ ਗਿਆ ਹੈ।'

ਇਸ ਲੇਖ ਦੀ ਹੈੱਡਲਾਈਨ ਤਾਂ ਹੋਰ ਵੀ ਸਪੱਸ਼ਟ ਸੀ: 'ਰਾਸ਼ਟਰਪਤੀ ਡੌਨਲਡ ਜੇ ਟਰੰਪ: ਦਿ ਐਂਡ।'

ਪਰ, ਬਾਇਡਨ ਦੇ ਸਹੁੰ ਚੁੱਕਣ ਸਮਾਗਮ ਵਾਲੇ ਦਿਨ, ਫਲੋਰੀਡਾ ਲਈ ਰਵਾਨਾ ਹੋਣ ਤੋਂ ਪਹਿਲਾਂ ਹੀ, ਟਰੰਪ ਨੇ ਸੰਕੇਤ ਦਿੱਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ।

ਮੈਰੀਲੈਂਡ ਵਿੱਚ ਇੱਕ ਏਅਰ ਫੋਰਸ ਬੇਸ ਤੋਂ ਉਡਾਣ ਭਰਦੇ ਹੋਏ, ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ ਸੀ, "ਅਸੀਂ ਤੁਹਾਨੂੰ ਮੁਹੱਬਤ ਕਰਦੇ ਹਾਂ।" ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਵਾਪਸ ਆਵਾਂਗੇ।"

ਮਹਿਜ਼ ਇੱਕ ਹਫ਼ਤੇ ਬਾਅਦ, ਇਹ ਸਪੱਸ਼ਟ ਹੋ ਗਿਆ ਸੀ ਕਿ ਟਰੰਪ ਨੂੰ ਸਿਆਸੀ ਦਬਦਬਾ ਕਾਇਮ ਕਰਨ ਲਈ ਜ਼ਿਆਦਾ ਲੰਬੀ ਉਡੀਕ ਨਹੀਂ ਕਰਨੀ ਪਵੇਗੀ। ਰਿਪਬਲਿਕਨ ਪਾਰਟੀ ਖੁਦ ਉਨ੍ਹਾਂ ਕੋਲ ਗਈ।

ਜੋਅ ਬਾਇਡਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਨੇ ਅਮਰੀਕਾ ਦੇ ਸਿਆਸੀ ਇਤਿਹਾਸ ਦੀ 152 ਸਾਲ ਪੁਰਾਣੀ ਰਵਾਇਤ ਨੂੰ ਤੋੜਦੇ ਹੋਏ ਬਾਇਡਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਟਰੰਪ ਨੂੰ ਲੈ ਕੇ ਰਿਪਬਲਿਕਨ ਪਾਰਟੀ 'ਚ ਡਰ ਸੀ

ਕੈਲੀਫੋਰਨੀਆ ਤੋਂ ਸੰਸਦ ਮੈਂਬਰ ਅਤੇ ਅਮਰੀਕੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਕੇਵਿਨ ਮੈਕਕਾਰਥੀ, ਸਾਬਕਾ ਰਾਸ਼ਟਰਪਤੀ ਟਰੰਪ ਨੂੰ ਮਿਲਣ ਲਈ 'ਮਾਰ-ਏ-ਲਾਗੋ' ਪਹੁੰਚੇ। ਮੈਕਕਾਰਥੀ ਨੇ ਵੀ ਟਰੰਪ ਦੇ ਨਾਲ ਖੜ੍ਹੇ ਹੋ ਕੇ ਫੋਟੋ ਖਿਚਵਾਈ।

6 ਜਨਵਰੀ ਨੂੰ ਅਮਰੀਕੀ ਸੰਸਦ 'ਤੇ ਹਮਲੇ ਤੋਂ ਤੁਰੰਤ ਬਾਅਦ ਮੈਕਕਾਰਥੀ ਨੇ ਕਿਹਾ ਸੀ ਕਿ ਟਰੰਪ ਭੀੜ ਦੀ 'ਹਿੰਸਾ ਲਈ ਜ਼ਿੰਮੇਵਾਰ' ਹਨ।

ਇੰਨਾ ਹੀ ਨਹੀਂ, ਉਨ੍ਹਾਂ ਨੇ ਇਹ ਸੁਝਾਅ ਵੀ ਦਿੱਤਾ ਸੀ ਕਿ ਅਮਰੀਕੀ ਸੰਸਦ ਨੂੰ ਟਰੰਪ ਦੇ ਇਸ ਵਿਵਹਾਰ ਲਈ ਰਸਮੀ ਤੌਰ 'ਤੇ ਉਨ੍ਹਾਂ ਦੀ ਨਿੰਦਾ ਕਰਨੀ ਚਾਹੀਦੀ ਹੈ।

ਪਰ ਹੁਣ ਮੈਕਕਾਰਥੀ ਸਾਬਕਾ ਰਾਸ਼ਟਰਪਤੀ ਨਾਲ ਮਿਲ ਕੇ ਕੰਮ ਕਰਨ ਦੀਆਂ ਗੱਲਾਂ ਕਰ ਰਹੇ ਸਨ। ਤਾਂ ਜੋ ਅਗਲੇ ਸਾਲ ਹੋਣ ਵਾਲੀਆਂ ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਕਾਂਗਰਸ ਵਿੱਚ ਬਹੁਮਤ ਹਾਸਲ ਕਰ ਸਕੇ।

ਜਦੋਂ ਡੈਮੋਕ੍ਰੇਟਿਕ ਪਾਰਟੀ ਦੇ ਬਹੁਮਤ ਵਾਲੀ ਅਮਰੀਕੀ ਸੈਨੇਟ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਲਿਆਉਣ ਦੀ ਤਿਆਰੀ ਕਰ ਰਹੀ ਸੀ।

ਇਸੇ ਦੌਰਾਨ ਮੈਕਕਾਰਥੀ ਦਾ ਟਰੰਪ ਨੂੰ ਮਿਲਣ ਜਾਣਾ ਦਰਸਾ ਰਿਹਾ ਸੀ ਕਿ ਰਿਪਬਲਿਕਨ ਪਾਰਟੀ ਦਾ ਇੱਕ ਬੇਹੱਦ ਤਾਕਤਵਰ ਆਗੂ ਸਾਬਕਾ ਰਾਸ਼ਟਰਪਤੀ ਟਰੰਪ ਨੂੰ ਕਿੰਗ-ਮੇਕਰ ਮੰਨਦਾ ਹੈ।

ਮੈਰੀਡਿਥ ਮੈਕਗ੍ਰਾ ਕਹਿੰਦੇ ਹੈ, "ਉਸ ਮੈਕਕਾਰਥੀ ਦੌਰੇ ਨੇ ਅਸਲ ਵਿੱਚ ਟਰੰਪ ਦੀ ਸਿਆਸੀ ਵਾਪਸੀ ਦੇ ਰਾਹ ਖੋਲ੍ਹ ਦਿੱਤੇ ਸਨ।"

ਸੈਨੇਟ ਵਿੱਚ ਟਰੰਪ ਦੇ ਖ਼ਿਲਾਫ਼ ਮਹਾਦੋਸ਼ ਉਨ੍ਹਾਂ ਦੇ ਬਰੀ ਹੋਣ ਦੇ ਨਾਲ ਖ਼ਤਮ ਹੋ ਗਿਆ ਸੀ, ਕਿਉਂਕਿ ਰਿਪਬਲਿਕਨ ਪਾਰਟੀ ਦੇ ਜ਼ਿਆਦਾਤਰ ਸੈਨੇਟਰਾਂ ਨੇ ਟਰੰਪ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਖ਼ਿਲਾਫ਼ ਵੋਟ ਕੀਤਾ ਸੀ।

ਇਨ੍ਹਾਂ ਵਿੱਚ ਰਿਪਬਲਿਕਨ ਪਾਰਟੀ ਦੇ ਆਗੂ ਟਰੰਪ ਦੀ ਖੁੱਲ੍ਹ ਕੇ ਅਲੋਚਣਾ ਕਰਨ ਵਾਲਿਆਂ ਮਿਚ ਮੈਕਕਾਨੇਲ ਵੀ ਸ਼ਾਮਲ ਸਨ। ਜੇਕਰ ਸੈਨੇਟ ਤੋਂ ਮਹਾਦੋਸ਼ ਪਾਸ ਹੋ ਜਾਂਦਾ ਤਾਂ ਟਰੰਪ ਦੁਬਾਰਾ ਚੋਣਾਂ ਨਾ ਲੜ ਪਾਉਂਦੇ।

ਮਿਚ ਮੈਕਕੋਨੇਲ ਨੇ ਕਿਹਾ ਸੀ ਕਿ 6 ਜਨਵਰੀ ਨੂੰ ਟਰੰਪ ਦਾ ਵਿਵਹਾਰ 'ਜ਼ਿੰਮੇਵਾਰੀ ਤੋਂ ਭੱਜਣ ਦੀ ਇੱਕ ਸ਼ਰਮਨਾਕ ਮਿਸਾਲ' ਸੀ।

ਫਿਰ ਵੀ ਉਨ੍ਹਾਂ ਨੇ ਕੋਈ ਅਜਿਹਾ ਕਦਮ ਨਾ ਚੁੱਕਣ ਦਾ ਫ਼ੈਸਲਾ ਲਿਆ, ਜਿਸ ਕਾਰਨ ਸਾਬਕਾ ਰਾਸ਼ਟਰਪਤੀ ਦਾ ਸਿਆਸੀ ਕਰੀਅਰ ਪੂਰੀ ਤਰ੍ਹਾਂ ਖ਼ਤਮ ਹੋ ਸਕਦਾ ਸੀ।

ਸ਼ਾਇਦ ਮਿਚ ਮੈਕਕਾਨੇਲ ਨੂੰ ਡਰ ਸੀ ਕਿ ਜੇਕਰ ਉਨ੍ਹਾਂ ਨੇ ਅਜਿਹਾ ਕਦਮ ਚੁੱਕਿਆ ਤਾਂ ਉਨ੍ਹਾਂ ਦਾ ਆਪਣਾ ਕਰੀਅਰ ਦਾਅ ਉੱਤੇ ਲੱਗ ਜਾਵੇਗਾ।

ਰਿਪਬਲਿਕਨ ਪਾਰਟੀ ਦੇ ਆਗੂਆਂ ਨੂੰ ਵੀ ਡਰ ਸੀ ਕਿ ਟਰੰਪ ਖ਼ੁਦ ਆਪਣੀ ਤੀਜੀ ਪਾਰਟੀ ਖੜੀ ਕਰ ਸਕਦੇ ਹਨ, ਜਿਸ ਨਾਲ ਰਿਪਬਲਿਕਨ ਸਮਰੱਥਕ ਉਨ੍ਹਾਂ ਵੱਲ ਚਲੇ ਜਾਣ।

ਟਰੰਪ ਦੇ ਸਭ ਤੋਂ ਨਜ਼ਦੀਗੀ ਸਹਿਯੋਗੀ, ਰਿਪਬਲਿਕਨ ਪਾਰਟੀ ਦੇ ਆਗੂਆਂ ਦੇ ਇਸ ਸ਼ੱਕ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਨਹੀਂ ਸਨ ਕਰ ਰਹੇ।

ਕਮਲਾ ਹੈਰਿਸ ਅਤੇ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡੈਮੋਕ੍ਰੇਟਿਕ ਪਾਰਟੀ ਨੇ ਬਾਇਡਨ ਦੀ ਥਾਂ ਕਮਲਾ ਹੈਰਿਸ ਨੂੰ ਮੈਦਾਨ ਵਿੱਚ ਉਤਾਰਿਆ, ਪਰ ਇਹ ਕਦਮ ਵੀ ਕੰਮ ਨਹੀਂ ਆਇਆ।

ਰਿਪਬਲਿਕਨ ਪਾਰਟੀ ਟੁੱਟਣ ਦਾ ਡਰ

ਲੰਬੇ ਸਮੇਂ ਤੋਂ ਸੰਚਾਰ ਸਲਾਹਕਾਰ ਰਹੇ ਜੈਸਨ ਮਿਲਰ ਨੇ ਫਾਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਸੀ,

"ਹੁਣ ਇਹ ਰਿਪਬਲਿਕਨ ਪਾਰਟੀ ਦੇ ਆਗੂਆਂ 'ਤੇ ਨਿਰਭਰ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਟਰੰਪ ਦੇ ਤੀਜੀ ਧਿਰ ਬਣਾਉਣ ਦਾ ਮੁੱਦਾ ਗੰਭੀਰ ਨਾ ਬਣ ਜਾਵੇ।"

ਅਹੁਦਾ ਛੱਡਣ ਤੋਂ ਬਾਅਦ ਟਰੰਪ ਨੇ ਇੱਕ ਮਹੀਨਾ ਦਾ ਸਮਾਂ ਆਪਣੇ ਆਪਣੇ ਮਾਰ-ਏ-ਲਾਗੋ ਕਲੱਬ ਦੇ ਅਰਾਮਦਾਇਕ ਵਾਤਾਵਰਣ ਵਿੱਚ ਬਿਤਾਇਆ।

ਹਾਲਾਂਕਿ, ਫ਼ਰਵਰੀ ਮਹੀਨਾ ਖ਼ਤਮ ਹੁੰਦੇ-ਹੁੰਦੇ, ਹੁਣ ਛੇ ਜਨਵਰੀ ਦੀ ਹਿੰਸਾ ਦਾ ਰੌਲਾ ਘੱਟ ਗਿਆ ਸੀ, ਇਸੇ ਲਈ ਟਰੰਪ ਆਪਣੇ ਪਹਿਲੇ ਜਨਤਕ ਸਮਾਗਮ ਵਿੱਚ ਸ਼ਿਰਕਤ ਲਈ ਤਿਆਰ ਸਨ।

ਉਹ ਓਰਲੈਂਡੋ, ਫਲੋਰੀਡਾ ਵਿੱਚ ਸੱਜੇ-ਪੱਖੀ ਸੰਗਠਨ ਕੰਜ਼ਰਵੇਟਿਵ ਪੋਲੀਟੀਕਲ ਐਕਸ਼ਨ ਕਾਨਫਰੰਸ ਵਿੱਚ ਸ਼ਾਮਿਲ ਹੋਏ ਸਨ।

ਇਸ ਕਾਨਫਰੰਸ ਦੇ ਪ੍ਰੋਗਰਾਮ ਆਮ ਤੌਰ 'ਤੇ ਵਾਸ਼ਿੰਗਟਨ ਡੀ.ਸੀ. ਦੇ ਨੇੜੇ ਹੁੰਦੇ ਸਨ। ਪਰ, ਕੋਵਿਡ ਸਬੰਧੀ ਪਾਬੰਦੀਆਂ ਕਾਰਨ, ਇਹ ਕਾਨਫਰੰਸ ਓਰਲੈਂਡੋ ਵਿੱਚ ਆਯੋਜਿਤ ਕੀਤੀ ਗਈ ਸੀ।

ਇਸ 'ਚ ਡੌਨਲਡ ਟਰੰਪ ਨੇ ਦਿਖਾਇਆ ਕਿ ਰਿਪਬਲਿਕਨ ਸਮਰਥਕ ਅਜੇ ਵੀ ਉਨ੍ਹਾਂ ਦੇ ਹੱਕ ਵਿੱਚ ਖੜ੍ਹੇ ਹਨ।

ਹੋਟਲ ਦੇ ਵਿਸ਼ਾਲ ਕਾਨਫਰੰਸ ਸੈਂਟਰ ਵਿੱਚ ਰੌਲਾ ਪਾ ਰਹੇ ਹਜ਼ਾਰਾਂ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਕਿਹਾ ਸੀ ਕਿ ਉਹ ਉਨ੍ਹਾਂ ਦੇ ਪਿਆਰ ਦੀ ਰੌਸ਼ਨੀ ਵਿੱਚ ਚਮਕ ਰਹੇ ਸਨ।

ਉਨ੍ਹਾਂ ਨੇ ਕਿਹਾ ਸੀ, "ਮੈਂ ਅੱਜ ਤੁਹਾਡੇ ਸਾਹਮਣੇ ਖੜ੍ਹਾ ਹਾਂ ਅਤੇ ਕਹਿ ਰਿਹਾ ਹਾਂ ਕਿ ਅਸੀਂ ਇਕੱਠਿਆਂ ਮਿਲਕੇ ਜੋ ਸ਼ਾਨਦਾਰ ਸਫ਼ਰ ਸ਼ੁਰੂ ਕੀਤਾ ਹੈ, ਉਹ ਅਜੇ ਖ਼ਤਮ ਨਹੀਂ ਹੋਇਆ ਹੈ।"

ਟਰੰਪ ਨੇ ਨਖ਼ਰੇ ਭਰੇ ਅੰਦਾਜ਼ ਵਿੱਚ ਇਹ ਵੀ ਕਿਹਾ ਕਿ ਹੋ ਸਕਦਾ ਹੈ ਕਿ ਸਾਲ 2024 'ਚ ਉਹ ਤੀਜੀ ਵਾਰ ਡੈਮੋਕ੍ਰੇਟਿਕ ਪਾਰਟੀ ਨੂੰ ਹਰਾ ਦੇਣ।

ਕਾਨਫ਼ਰੰਸ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਵਿੱਚ ਕਰਵਾਏ ਗਏ ਇੱਕ ਸਰਵੇਖਣ ਨੇ ਇਸ ਗੱਲ ਉੱਤੇ ਮੋਹਰ ਲਾ ਦਿੱਤੀ ਸੀ ਅਤੇ ਇਹ ਸ਼ਾਇਦ ਸਪੱਸ਼ਟ ਤੌਰ 'ਤੇ ਨਜ਼ਰ ਵੀ ਆ ਰਿਹਾ ਸੀ।

ਸਰਵੇ 'ਚ ਸ਼ਾਮਲ 68 ਫ਼ੀਸਦੀ ਲੋਕਾਂ ਨੇ ਕਿਹਾ ਕਿ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਚੋਣ ਲੜਨੀ ਚਾਹੀਦੀ ਹੈ।

ਇਸ ਦੇ ਨਾਲ ਹੀ 55 ਫ਼ੀਸਦੀ ਨੇ ਕਿਹਾ ਕਿ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਲਈ ਵੋਟਿੰਗ ਰਿਪਬਲਿਕਨ ਪਾਰਟੀ ਦੇ ਆਗੂਆਂ ਵਿਚਾਲੇ ਹੋਈ ਹੈ, ਇਸ ਲਈ ਉਹ ਟਰੰਪ ਨੂੰ ਵੋਟ ਪਾਉਣਗੇ।

ਇਸ ਸਰਵੇ 'ਚ ਦੂਜੇ ਨੰਬਰ 'ਤੇ ਆਏ ਰਿਪਬਲਿਕਨ ਪਾਰਟੀ ਦੇ ਆਗੂ ਅਤੇ ਫਲੋਰਿਡਾ ਦੇ ਗਵਰਨਰ ਰਾਨ ਜੇਸਾਂਟਿਸ ਨੂੰ ਟਰੰਪ ਦੇ ਮੁਕਾਬਲੇ ਅੱਧੀਆਂ ਵੋਟਾਂ ਮਿਲੀਆਂ ਹਨ।

ਮੈਰੀਡਿਥ ਮੈਕਗ੍ਰਾ ਨੇ ਦੱਸਿਆ, ''ਇਸ ਸੰਮੇਲਨ ਤੋਂ ਪਹਿਲਾਂ ਟਰੰਪ ਅਤੇ ਉਨ੍ਹਾਂ ਦੀ ਟੀਮ ਬਹੁਤ ਘਬਰਾਏ ਹੋਏ ਨਜ਼ਰ ਆ ਰਹੇ ਸਨ।

ਜਦੋਂ ਟਰੰਪ ਨੂੰ ਇੰਨਾ ਮਜ਼ਬੂਤ ਸਮਰਥਨ ਮਿਲਿਆ, ਤਾਂ ਇਹ ਮਨੋਵਿਗਿਆਨਕ ਤੌਰ ਉੱਤੇ ਟਰੰਪ ਅਤੇ ਉਨ੍ਹਾਂ ਦੇ ਸਹਿਯੋਗੀਆਂ ਲਈ ਬੇਹੱਦ ਅਹਿਮ ਪਲ ਸਨ।

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2020 ਦੀ ਹਾਰ ਤੋਂ ਬਾਅਦ ਰਿਪਬਲਿਕਨ ਪਾਰਟੀ ਦੇ ਸਭ ਤੋਂ ਵੱਧ ਲੋਕਪ੍ਰੀਆ ਆਗੂ ਟਰੰਪ ਹੀ ਹਨ

ਮੱਧਕਾਲੀ ਚੋਣਾਂ ਦੀਆਂ ਸਫਲਤਾਵਾਂ ਅਤੇ ਅਸਫਲਤਾਵਾਂ

ਕੁਝ ਸਮੇਂ ਬਾਅਦ, ਡੌਨਲਡ ਟਰੰਪ ਨੇ ਫੰਡ ਇਕੱਠੇ ਕਰਨ ਲਈ ਆਪਣੇ ਸਮਰਥਕਾਂ ਨੂੰ ਈ-ਮੇਲ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਮੇਲਾਨੁੰਮਾ ਰੈਲੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਜੂਨ ਵਿੱਚ ਓਹਾਯੋ ਵਿੱਚ ਇੱਕ ਰੈਲੀ ਵਿੱਚ, ਟਰੰਪ ਨੇ ਪੁੱਛਿਆ, "ਕੀ ਤੁਸੀਂ ਮੈਨੂੰ ਯਾਦ ਕੀਤਾ?"

ਇਸ 'ਤੇ ਭੀੜ ਨੇ ਜ਼ਬਰਦਸਤ ਪ੍ਰਤੀਕਿਰਿਆ ਦਿੱਤੀ, ਜਿਸ 'ਤੇ ਟਰੰਪ ਨੇ ਕਿਹਾ, "ਇਹ ਲੋਕ ਮੈਨੂੰ ਮਿਸ ਕਰ ਰਹੇ ਸਨ।"

ਜੇਕਰ ਸਾਲ 2021 ਨੇ ਰਿਪਬਲਿਕਨ ਪਾਰਟੀ 'ਚ ਟਰੰਪ ਦਾ ਦਬਦਬਾ ਬਰਕਰਾਰ ਰੱਖਣ ਦਾ ਇਸ਼ਾਰਾ ਦਿੱਤਾ, ਤਾਂ ਸਾਲ 2022 ਦੀਆਂ ਮੱਧਕਾਲੀ ਚੋਣਾਂ ਨੇ ਇਸ 'ਤੇ ਮੋਹਰ ਲਾ ਦਿੱਤੀ।

ਉਦੋਂ ਤੱਕ ਅਮਰੀਕੀ ਫ਼ੌਜ ਹਫੜਾ-ਦਫੜੀ ਵਿੱਚ ਅਫਗਾਨਿਸਤਾਨ ਛੱਡ ਚੁੱਕੀ ਸੀ ਅਤੇ ਉੱਥੇ ਅਮਰੀਕਾ ਦੀ ਹਮਾਇਤ ਵਾਲੀ ਸਰਕਾਰ ਢਹਿ ਚੁੱਕੀ ਸੀ।

ਗੈਸ ਦੀਆਂ ਕੀਮਤਾਂ ਅਤੇ ਮਹਿੰਗਾਈ ਬੇਹੱਦ ਉੱਚੇ ਪੱਧਰਾਂ 'ਤੇ ਸਨ। ਇਸ ਤਰ੍ਹਾਂ ਦਾ ਮੰਜ਼ਰ ਪਿਛਲੇ ਕਈ ਦਹਾਕਿਆਂ ਤੋਂ ਦੇਖਣ ਨੂੰ ਨਹੀਂ ਸੀ ਮਿਲਿਆ।

ਮਹਾਂਮਾਰੀ ਤੋਂ ਉਭਰ ਰਹੇ ਅਮਰੀਕਾ ਦੀ ਆਰਥਿਕ ਵਿਕਾਸ ਦਰ ਵੀ ਡਿੱਗਣ ਲੱਗੀ ਸੀ। ਜੋਅ ਬਾਇਡਨ ਦੀ ਲੋਕਪ੍ਰਿਅਤਾ ਲਗਾਤਾਰ ਘਟ ਰਹੀ ਸੀ।

ਅਜਿਹੇ 'ਚ ਸਾਲ 2021 'ਚ ਜਿਹੜਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਟਰੰਪ ਦੇ ਖ਼ਿਲਾਫ਼ ਸੀ। ਉਹ ਬਦਲਦਾ ਜਾਪ ਰਿਹਾ ਸੀ।

ਬ੍ਰਾਇਨ ਲਾਂਜ਼ਾ ਕਹਿੰਦੇ ਹਨ, “ਜੋਅ ਬਾਇਡਨ ਵੋਟਰਾਂ ਦੀਆਂ ਬੁਨਿਆਦੀ ਚਿੰਤਾਵਾਂ ਨੂੰ ਹੱਲ ਕਰਨ ਵਿੱਚ ਅਸਫ਼ਲ ਰਹੇ ਸਨ। ਇਸ ਨਾਲ ਟਰੰਪ ਨੂੰ ਵਾਪਸੀ ਕਰਨ ਦਾ ਚੰਗਾ ਮੌਕਾ ਮਿਲਿਆ।"

ਚੋਣਾਂ ਤੋਂ ਪਹਿਲਾਂ ਰਿਪਬਲਿਕਨ ਪਾਰਟੀ ਦੇ ਜਿਹੜੇ ਆਗੂ ਟਿਕਟ ਦੇ ਚਾਹਵਾਨ ਸਨ, ਉਨ੍ਹਾਂ ਲਈ ਟਰੰਪ ਦੇ ਦਰ ਅੱਗੇ ਸਿਰ ਝੁਕਾਉਣਾ ਲਾਜ਼ਮੀ ਹੋ ਗਿਆ ਸੀ।

ਟਰੰਪ ਦੀ ਸਹਿਮਤੀ ਨੂੰ ਰੂੜੀਵਾਦੀ ਵੋਟਰਾਂ ਦਾ ਸਮਰਥਨ ਹਾਸਲ ਕਰਨ ਅਤੇ ਚੋਣਾਂ ਲੜਨ ਲਈ ਫੰਡ ਜੁਟਾਉਣ ਦੀ ਗਾਰੰਟੀ ਮੰਨਿਆ ਜਾ ਰਿਹਾ ਸੀ।

ਦੂਜੇ ਮਹਾਦੋਸ਼ ਦੌਰਾਨ, ਅਮਰੀਕੀ ਸੰਸਦ ਦੇ ਜਿਨ੍ਹਾਂ ਛੇ ਰਿਪਬਲਿਕਨ ਸੰਸਦ ਮੈਂਬਰਾਂ ਨੇ ਟਰੰਪ ਦੇ ਖ਼ਿਲਾਫ਼ ਵੋਟ ਪਾਈ ਅਤੇ ਜਿਹੜੇ ਲੋਕ ਦੁਬਾਰਾ ਚੋਣ ਲੜ ਰਹੇ ਸਨ, ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿੱਚ ਉਹ ਟਰੰਪ ਪੱਖੀ ਉਮੀਦਵਾਰਾਂ ਤੋਂ ਹਾਰ ਗਏ ਸਨ।

ਉੱਥੇ ਹੀ, ਓਹਾਯੋ ਵਿੱਚ ਸੈਨੇਟ ਦੇ ਉਮੀਦਵਾਰ ਜੇਡੀ ਵੈਂਸ ਅਤੇ ਜਾਰਜੀਆ ਵਿੱਚ ਹਰਸ਼ੇਲ ਵਾਕਰ, ਟਰੰਪ ਦੇ ਸਮਰਥਨ ਨਾਲ ਉਮੀਦਵਾਰਾਂ ਦੀ ਭੀੜ ਵਿੱਚ ਆਪਣੀ ਟਿਕਟ ਪੱਕੀ ਕਰਨ ਵਿੱਚ ਕਾਮਯਾਬ ਰਹੇ ਸਨ।

ਸਾਲ 2016 ਦੀਆਂ ਚੋਣਾਂ ਵਿੱਚ ਐਰੀਜ਼ੋਨਾ ਸੂਬੇ ਵਿੱਚ ਟਰੰਪ ਦੀ ਚੋਣ ਮੁਹਿੰਮ ਦੀ ਅਗਵਾਈ ਕਰਨ ਵਾਲੇ ਅਤੇ ਸਾਲ 2020 ਵਿੱਚ ਪੱਛਮੀ ਖੇਤਰ ਦੇ ਪ੍ਰਚਾਰ ਨਿਰਦੇਸ਼ਕ ਰਹੇ ਬ੍ਰਾਇਨ ਸੇਟਚਿਕ ਨੇ ਕਿਹਾ, "ਟਰੰਪ ਦੇ ਸਮਰਥਨ ਦਾ ਮਤਲਬ ਸੀ ਕਿ ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿੱਚ ਉਮੀਦਵਾਰ ਦੀ ਜਿੱਤ ਯਕੀਨੀ ਸੀ।"

ਹਾਲਾਂਕਿ, 2022 ਦੇ ਪਹਿਲੇ ਛੇ ਮਹੀਨਿਆਂ ਵਿੱਚ ਟਰੰਪ ਲਈ ਚੰਗੀਆਂ ਖ਼ਬਰਾਂ ਆਈਆਂ ਸਨ, ਪਰ ਨਵੰਬਰ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਿਲਕੁਲ ਵੱਖਰੀ ਤਸਵੀਰ ਸਾਹਮਣੇ ਆਈ ਹੈ।

ਸੈਨੇਟ ਵਿੱਚ ਟਰੰਪ ਦਾ ਸਮਰਥਨ ਕਰਨ ਵਾਲੇ ਚਾਰ ਅਹਿਮ ਉਮੀਦਵਾਰਾਂ ਵਿੱਚੋਂ ਸਿਰਫ਼ ਇੱਕ ਉਮੀਦਵਾਰ, ਲੇਖਕ ਤੋਂ ਸਿਆਸਤਦਾਨ ਬਣੇ ਜੇ.ਡੀ. ਵਾਂਸ ਆਪਣੇ ਡੈਮੋਕਰੇਟਿਕ ਵਿਰੋਧੀ ਨੂੰ ਹਰਾਉਣ ਵਿੱਚ ਸਫ਼ਲ ਰਹੇ ਸਨ।

ਉਸ ਸਮੇਂ ਰਿਪਬਲਿਕਨ ਪਾਰਟੀ ਹਾਊਸ ਆਫ਼ ਰੀਪ੍ਰੀਜੈਂਟੇਟਿਵਜ਼ ਵਿੱਚ ਮਾਮੂਲੀ ਬਹੁਮਤ ਹਾਸਲ ਕਰ ਸਕੀ ਸੀ ਅਤੇ ਕੇਵਿਨ ਮੈਕਕਾਰਥੀ ਹਾਊਸ ਸਪੀਕਰ ਬਣ ਗਏ।

ਪਰ, ਰਿਪਬਲਿਕਨ ਪਾਰਟੀ ਦੀ ਕਾਰਗੁਜ਼ਾਰੀ ਉਮੀਦ ਮੁਤਾਬਕ ਨਹੀਂ ਰਹੀ ਸੀ ਅਤੇ ਡੈਮੋਕ੍ਰੇਟਿਕ ਪਾਰਟੀ ਸੈਨੇਟ ਵਿੱਚ ਆਪਣਾ ਬਹੁਮਤ ਬਚਾਉਣ ਵਿੱਚ ਸਫ਼ਲ ਰਹੀ ਸੀ।

ਫਲੋਰੀਡਾ ਵਿੱਚ ਗਵਰਨਰ ਰਾਨ ਡੀਸੈਂਟਿਸ, ਸਾਲ 2021 'ਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਕਰਵਾਏ ਗਏ ਸਰਵੇਖਣ 'ਚ ਟਰੰਪ ਤੋਂ ਕਾਫੀ ਪਿੱਛੇ ਰਹੇ ਸਨ।

ਉਨ੍ਹਾਂ ਨੇ ਹੈਰਾਨੀਜਨਕ ਤੌਰ 'ਤੇ ਦੋਹਰੇ ਅੰਕਾਂ ਨਾਲ ਮੁੜ ਚੋਣ ਜਿੱਤੀ।

ਇਸ ਨਾਲ ਕਿਆਸਰਾਈਆਂ ਵਧ ਗਈਆਂ ਸਨ ਕਿ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਸਕਦੇ ਹਨ।

ਇਸ ਦੌਰਾਨ ਟਰੰਪ ਗੁੱਸੇ ਵਿੱਚ ਸਨ।

ਉਨ੍ਹਾਂ ਨੇ ਰਿਪਬਲਿਕਨ ਪਾਰਟੀ ਦੇ ਉਮੀਦ ਤੋਂ ਮਾੜੀ ਕਾਰਗੁਜ਼ਾਰੀ ਲਈ ਗਰਭਪਾਤ ਪਾਬੰਦੀਆਂ ਦਾ ਸਮਰਥਨ ਕਰਨ ਅਤੇ ਰੂੜੀਵਾਦੀ ਲੋਕਤੰਤਰ ਪ੍ਰਤੀ ਨਾਕਾਫ਼ੀ ਵਫ਼ਾਦਾਰੀ ਦਿਖਾਉਣ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਮੱਧਕਾਲੀ ਚੋਣਾਂ ਤੋਂ ਕੁਝ ਹਫ਼ਤੇ ਬਾਅਦ, ਜਦੋਂ ਸਿਆਸੀ ਮਾਹਰ ਹਾਲੇ ਅੰਦਾਜ਼ਾ ਹੀ ਲਗਾ ਰਹੇ ਸਨ ਕਿ ਕੀ ਟਰੰਪ ਦੀ ਲੋਕਪ੍ਰਿਅਤਾ ਖ਼ਤਮ ਹੋ ਗਈ ਹੈ, ਉਸ ਸਮੇਂ ਫ਼ਿਰ ਟਰੰਪ ਨੇ ਰਸਮੀ ਤੌਰ 'ਤੇ 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਸੀ।

ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਦੀ ਚੋਣ ਰੈਲੀ ਦੌਰਾਨ ਹਮਲਾ ਹੋਇਆ ਸੀ

ਉਮੀਦਵਾਰੀ ਲਈ ਟਰੰਪ ਦੀ ਯਾਤਰਾ

ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ ਦੀ ਸ਼ੁਰੂਆਤ ਇੰਨੀ ਮਾੜੀ ਸੀ ਕਿ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਗ਼ਲਤ ਸਮੇਂ 'ਤੇ ਕੀਤੀ ਸੀ।

ਮੱਧਕਾਲੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਜਦੋਂ ਟਰੰਪ ਨੇ ਆਪਣੀ ਰਾਸ਼ਟਰਪਤੀ ਚੋਣ ਮੁਹਿੰਮ ਸ਼ੁਰੂ ਕੀਤੀ ਤਾਂ ਬਹੁਤ ਸਾਰੇ ਲੋਕਾਂ ਨੇ ਸਵਾਲ ਉਠਾਇਆ ਕਿ, ਕੀ ਸਾਬਕਾ ਰਾਸ਼ਟਰਪਤੀ ਆਪਣੀ ਸਿਆਸੀ ਸੂਝ-ਬੂਝ ਗੁਆ ਚੁੱਕੇ ਹਨ?

ਮਾਰ-ਏ-ਲਾਗੋ ਦੇ ਜਿਸ ਆਰਾਮਦਾਇਕ ਮਾਹੌਲ ਵਿੱਚ ਟਰੰਪ ਨੇ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ, ਉਸ ਤੋਂ ਅਜਿਹਾ ਲੱਗ ਰਿਹਾ ਸੀ ਕਿ ਉਨ੍ਹਾਂ ਦੀ ਚੋਣ ਮੁਹਿੰਮ ਮੌਜੂਦਾ ਸਿਆਸੀ ਹਕੀਕਤਾਂ ਤੋਂ ਪੂਰੀ ਤਰ੍ਹਾਂ ਅਣਜਾਣ ਸੀ।

ਇਸ ਤੋਂ ਬਾਅਦ ਜਦੋਂ ਵੀ ਟਰੰਪ ਚਰਚਾ 'ਚ ਆਏ ਤਾਂ ਗ਼ਲਤ ਕਾਰਨਾਂ ਕਰਕੇ ਹੀ ਆਏ।

ਭਾਵੇਂ ਇਹ ਮਾਰ-ਏ-ਲਾਗੋ ਵਿੱਚ ਇੱਕ ਪ੍ਰਮੁੱਖ ਗੋਰੇ ਰਾਸ਼ਟਰਵਾਦੀ ਨਿਕ ਫੁਏਂਟਸ ਨਾਲ ਡਿਨਰ ਕਰਨ ਦਾ ਮਾਮਲਾ ਹੋਵੇ, ਜਾਂ ਸੋਸ਼ਲ ਮੀਡੀਆ 'ਤੇ ਇਹ ਲਿਖਣਾ ਹੋਵੇ ਕਿ, ਅਮਰੀਕਾ ਦੇ ਸੰਵਿਧਾਨ ਦੇ ਨਿਯਮਾਂ ਨੂੰ 'ਖਤਮ ਕੀਤਾ ਜਾਣਾ' ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਪ੍ਰਧਾਨਗੀ ਦੇ ਅਹੁਦੇ 'ਤੇ ਬਹਾਲ ਕੀਤਾ ਜਾ ਸਕੇ।

ਮੈਰੀਡਿਥ ਮੈਕਗ੍ਰਾ ਦਾ ਕਹਿਣਾ ਹੈ, "ਨਵੇਂ ਸਾਲ ਦੇ ਜਸ਼ਨਾਂ ਤੋਂ ਬਾਅਦ ਦਾ ਸਮਾਂ ਟਰੰਪ ਦੀ ਮੁਹਿੰਮ ਲਈ ਬਹੁਤ ਹੀ ਸਿਆਹ ਰਿਹਾ ਸੀ।"

ਉਹ ਕਹਿੰਦੇ ਹਨ ਕਿ ਰਿਪਬਲਿਕਨ ਪਾਰਟੀ ਦੇ ਆਗੂ ਟਰੰਪ ਨੂੰ ਲੈ ਕੇ ਡਰੇ ਹੋਏ ਸਨ।

ਉਸ ਸਮੇਂ ਦੇ ਮਾਹੌਲ ਦਾ ਵਰਣਨ ਕਰਦੇ ਹੋਏ, ਮੈਰੀਡਿਥ ਕਹਿੰਦੇ ਹਨ, "ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਦੀ ਚੋਣ ਲੜਨ ਜਾ ਰਿਹਾ ਹੈ, ਪਰ ਕੀ ਸਾਨੂੰ ਸਾਰਿਆਂ ਨੂੰ ਭਰੋਸਾ ਹੈ ਕਿ ਉਹ ਚੋਣਾਂ ਜਿੱਤਣਗੇ?

"ਕੀ ਉਨ੍ਹਾਂ ਕੋਲ ਚੋਣ ਜਿੱਤਣ ਲਈ ਲੋੜੀਂਦਾ ਅਨੁਸ਼ਾਸਨ ਹੈ?"

ਹਾਲਾਂਕਿ, ਪਰਦੇ ਦੇ ਪਿੱਛੇ, ਟਰੰਪ ਚੁੱਪਚਾਪ ਆਪਣੇ ਚੋਣ ਮੁਹਿੰਮ ਦੇ ਕਰਮਚਾਰੀਆਂ ਨੂੰ ਦੁਬਾਰਾ ਬਹਾਲ ਕਰ ਰਹੇ ਸਨ।

ਸਾਲ 2016 ਅਤੇ ਸਾਲ 2020 ਦੇ ਉਲਟ ਇਸ ਵਾਰ ਉਨ੍ਹਾਂ ਨੇ ਚੋਣ ਪ੍ਰਚਾਰ ਦੀ ਕਮਾਨ ਤਜ਼ਰਬੇਕਾਰ ਸਿਆਸੀ ਹਸਤੀਆਂ ਨੂੰ ਸੌਂਪੀ ਸੀ।

ਕ੍ਰਿਸ ਲਾਸੀਵਿਟਾ ਅਤੇ ਸੁਸ਼ੀ ਵਾਈਲਸ ਸ਼ਾਇਦ ਘਰ-ਘਰ ਜਾਣੇ ਜਾਣ ਵਾਲੇ ਨਾਂ ਨਹੀਂ ਹਨ।

ਪਰ, ਕ੍ਰਿਸ ਲਾਸੀਵਿਟਾ ਰਿਪਬਲਿਕਨ ਪਾਰਟੀ ਦੀ ਸਿਆਸਤ ਦੇ ਲੰਬੇ ਸਮੇਂ ਤੋਂ ਮਾਹਰ ਹਨ, ਜਿਨ੍ਹਾਂ ਕੋਲ ਦਹਾਕਿਆਂ ਦਾ ਤਜ਼ਰਬਾ ਹੈ।

ਦੂਜੇ ਪਾਸੇ ਸੁਸ਼ੀ ਵਾਈਲਸ ਨੇ ਫਲੋਰਿਡਾ ਨੂੰ ਕੰਜ਼ਰਵੇਟਿਵ ਪਾਰਟੀ ਦਾ ਮਜ਼ਬੂਤ ਗੜ੍ਹ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਦੋਵਾਂ ਨੇ ਟਰੰਪ ਨਾਲ ਮਿਲ ਕੇ ਰਿਪਬਲਿਕਨ ਪਾਰਟੀ ਦੇ ਅੰਦਰ ਰਾਸ਼ਟਰਪਤੀ ਚੋਣ ਦੀ ਉਮੀਦਵਾਰੀ ਹਾਸਲ ਕਰਨ ਲਈ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ।

ਬ੍ਰਾਇਨ ਲਾਂਜ਼ਾ ਨੇ ਕਿਹਾ ਕਿ ਜਦੋਂ ਰਾਨ ਡੇਸਾਂਟਿਸ ਫਲੋਰੀਡਾ ਵਿੱਚ ਆਪਣੀਆਂ ਅਧਿਕਾਰਤ ਜ਼ਿੰਮੇਵਾਰੀਆਂ ਵਿੱਚ ਰੁੱਝੇ ਹੋਏ ਸਨ, ਟਰੰਪ ਨੇ ਆਪਣੀ ਮੁਹਿੰਮ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਸ਼ੁਰੂ ਕਰ ਦਿੱਤੀ ਸੀ।

ਉਸ ਸਮੇਂ ਹੋਰ ਰਿਪਬਲਿਕਨ ਆਗੂ ਗਵਰਨਰ ਡੇਸਾਂਟਿਸ ਪ੍ਰਤੀ ਸਨਮਾਨ ਜ਼ਾਹਰ ਕਰ ਰਹੇ ਸਨ, ਇਸ ਦੇ ਨਾਲ ਹੀ ਟਰੰਪ ਨੇ ਉਨ੍ਹਾਂ 'ਤੇ ਖੁੱਲ੍ਹ ਕੇ ਹਮਲੇ ਕੀਤਾ ਅਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ।

ਬ੍ਰਾਇਨ ਲਾਂਜ਼ਾ ਦਾ ਕਹਿਣਾ ਹੈ, "ਹਰ ਕੋਈ ਸੋਚ ਰਿਹਾ ਸੀ ਕਿ ਰਾਨ ਡੇਸਾਂਟਿਸ ਸਿਆਸਤ ਦੇ ਅਜਿਹੇ ਸਿਖ਼ਰ 'ਤੇ ਹਨ ਕਿ ਉਨ੍ਹਾਂ ਨੂੰ ਨੀਚਾ ਨਹੀਂ ਦਿਖਾਇਆ ਜਾ ਸਕਦਾ ਸੀ ਪਰ, ਟਰੰਪ ਨੇ ਡੇਸਾਂਟਿਸ ਬਾਰੇ ਕਾਫ਼ੀ ਕੁਝ ਬੋਲਿਆ।"

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਣ ਪ੍ਰਚਾਰ ਮੁਹਿੰਮ ਦੌਰਨ ਟਰੰਪ

ਟਰੰਪ ਨੂੰ ਇਨ੍ਹਾਂ ਲੋਕਾਂ ਦਾ ਸਮਰਥਨ ਮਿਲਿਆ

ਟਰੰਪ ਦੀ ਟੀਮ ਨੂੰ ਅਜਿਹੇ ਤਬਕਿਆਂ ਤੋਂ ਸਮਰਥਨ ਮਿਲਿਆ, ਜਿੱਥੋਂ ਉਮੀਦ ਨਹੀਂ ਸੀ।

ਨਿਊਯਾਰਕ, ਜਾਰਜੀਆ ਅਤੇ ਵਾਸ਼ਿੰਗਟਨ ਡੀਸੀ ਦੇ ਨਿਆਂ ਵਿਭਾਗਾਂ ਨੇ ਵੀ ਉਨ੍ਹਾਂ ਨੂੰ ਸਹਾਰਾ ਦਿੱਤਾ।

ਅਗਸਤ 2022 ਵਿੱਚ, ਐੱਫ਼ਬੀਆਈ ਨੇ ਰਾਸ਼ਟਰੀ ਸੁਰੱਖਿਆ ਨਾਲ ਸਬੰਧਤ ਸੰਵੇਦਨਸ਼ੀਲ ਦਸਤਾਵੇਜ਼ਾਂ ਦੀ ਭਾਲ ਵਿੱਚ ਮਾਰ-ਏ-ਲਾਗੋ ਵਿੱਚ ਛਾਪਾ ਮਾਰਿਆ ਸੀ।

ਇਸ ਦੇ ਨਾਲ ਹੀ ਸਾਲ 2023 'ਚ ਟਰੰਪ ਨੂੰ ਅਦਾਲਤ ਨੇ ਕਈ ਮਾਮਲਿਆਂ 'ਚ ਮੁਲਜ਼ਿਮ ਦੱਸਿਆ ਸੀ।

ਅਜਿਹੇ ਸਮੇਂ ਜਦੋਂ ਰਿਪਬਲਿਕਨ ਪਾਰਟੀ ਦੇ ਅੰਦਰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਮੁਕਾਬਲਾ ਚੱਲ ਰਿਹਾ ਸੀ, ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਦੀਆਂ ਅਪਰਾਧਿਕ ਕਾਰਵਾਈਆਂ ਅਤੇ ਉਨ੍ਹਾਂ ਦੀ ਸਜ਼ਾ ਬਾਰੇ ਵੀ ਚਰਚਾ ਜ਼ੋਰ ਫੜ ਰਹੀ ਸੀ।

ਅਗਸਤ ਵਿੱਚ ਅਟਲਾਂਟਾ ਜੇਲ੍ਹ ਵਿੱਚ ਲਈ ਗਈ ਟਰੰਪ ਦੀ ਫ਼ੋਟੋ ਨੂੰ ਬਹੁਤ ਜਲਦੀ ਹੀ ਉਨ੍ਹਾਂ ਦੀ ਚੋਣ ਮੁਹਿੰਮ ਦੀ ਪ੍ਰਚਾਰ ਸਮੱਗਰੀ ਦਾ ਹਿੱਸਾ ਬਣ ਗਈ ਅਤੇ ਇਸ ਤਸਵੀਰ ਦਾ ਖ਼ੂਬ ਪ੍ਰਚਾਰ ਕੀਤਾ ਗਿਆ।

ਵੱਡੀ ਗਿਣਤੀ ਖੱਬੇ-ਪੱਖੀਆਂ ਨੂੰ ਟਰੰਪ ਨੂੰ ਮਿਲੀ ਸਜ਼ਾ ਅੰਤ ਨੂੰ ਹੋਏ ਨਿਆਂ ਵਰਗੀ ਲੱਗ ਰਹੀ ਸੀ।

ਪਰ, ਆਪਣੀ ਪਾਰਟੀ ਦਾ ਰਾਸ਼ਟਰਪਤੀ ਉਮੀਦਵਾਰ ਚੁਣਨ ਵਾਲੇ ਰੂੜੀਵਾਦੀ ਵੋਟਰਾਂ ਲਈ ਇਹ ਮੁਸੀਬਤਾਂ ਵਿੱਚ ਘਿਰੇ ਆਪਣੇ ਆਗੂ ਨਾਲ ਖੜ੍ਹੇ ਹੋਣ ਦਾ ਮੌਕਾ ਸੀ।

ਰੂੜੀਵਾਦੀ ਤਬਕਿਆਂ ਵਿੱਚ ਸਰਵੇਖਣ ਕਰਵਾਉਣ ਵਾਲੀ ਸਾਰਾ ਲਾਂਗਵੇਲ ਨੇ ਜੂਨ 2023 ਵਿੱਚ, ਨਿਊਜ਼ ਚੈਨਲ ਪੀਬੀਐੱਸ 'ਤੇ ਆਓਵਾ ਵਿੱਚ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਨਾਲ ਗੱਲ ਕੀਤੀ ਸੀ।

ਜਦੋਂ ਨਿਆਂ ਵਿਭਾਗ ਨੇ ਟਰੰਪ ਨੂੰ ਸੰਵੇਦਨਸ਼ੀਲ ਸਰਕਾਰੀ ਦਸਤਾਵੇਜ਼ਾਂ ਦੀ ਗ਼ਲਤ ਤਰੀਕੇ ਨਾਲ ਸਾਂਭ-ਸੰਭਾਲ ਕਰਨ ਦਾ ਦੋਸ਼ੀ ਦੱਸਿਆ ਸੀ।

ਉਸ ਸਮੇਂ ਇੱਕ ਸਮਰਥਕ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਟਰੰਪ ਨੂੰ ਫ਼ਸਾਇਆ ਜਾ ਰਿਹਾ ਹੈ।'

ਇੱਕ ਹੋਰ ਸਮਰਥਕ ਨੇ ਕਿਹਾ, "ਇਹ ਚੋਣਾਂ ਵਿੱਚ ਅਜਿਹਾ ਦਖਲਅੰਦਾਜ਼ੀ ਹੈ, ਜਿਸ ਤਰਾਂ ਦੀ ਅਸੀਂ ਪਹਿਲਾਂ ਕਦੀ ਨਹੀਂ ਦੇਖੀ।"

ਬ੍ਰਾਇਨ ਲਾਂਜ਼ਾ ਮੁਤਾਬਕ ਟਰੰਪ 'ਤੇ ਇਲਜ਼ਾਮ ਲੱਗਣ ਦੇ ਇਨ੍ਹਾਂ ਮਾਮਲਿਆਂ ਨੇ ਰਿਪਬਲਿਕਨ ਪਾਰਟੀ ਦੇ ਅੰਦਰ ਦਰਾੜਾਂ ਪੈਦਾ ਕਰ ਦਿੱਤੀਆਂ ਸਨ ਅਤੇ ਪਾਰਟੀ ਵਿੱਚ ਦੋ ਧੜੇ ਬਣ ਗਏ ਸਨ।

ਇਨ੍ਹਾਂ ਵਿੱਚ ਇੱਕ ਵਰਗ ਅਜਿਹਾ ਵੀ ਸੀ ਜੋ ਟਰੰਪ ਨੂੰ ਮੁਲਜ਼ਮ ਬਣਾਉਣ ਪਿੱਛੇ ਸੱਤਾ ਦੀ ਦੁਰਵਰਤੋਂ ਨੂੰ ਸਮਝਦਾ ਸੀ, ਜਦੋਂ ਕਿ ਦੂਜੇ ਵਰਗ ਅਜਿਹਾ ਨਹੀਂ ਸੀ ਮੰਨਦਾ।

ਬ੍ਰਾਇਨ ਕਹਿੰਦੇ ਹਨ, "ਰਾਨ ਡੇਸਾਂਟਿਸ ਨੇ ਪਹਿਲਾਂ ਇਸ ਬਾਰੇ ਸਿੱਧਾ ਰੁਖ਼ ਨਹੀਂ ਅਪਣਾਇਆ ਅਤੇ ਬਾਅਦ ਵਿੱਚ ਉਹ ਇਸ ਦਾ ਸ਼ਿਕਾਰ ਬਣ ਗਏ।"

ਮਾਰਚ 2023 ਵਿੱਚ, ਜਦੋਂ ਨਿਊਯਾਰਕ ਦੀ ਇੱਕ ਅਦਾਲਤ ਨੇ ਟਰੰਪ 'ਤੇ ਇੱਕ ਪੋਰਨ ਸਟਾਰ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦਾ ਇਲਜ਼ਾਣ ਲਗਾਇਆ ਸੀ।

ਉਸ ਸਮੇਂ ਰਾਨ ਡੇਸਾਂਟਿਸ ਨੇ ਕਿਹਾ, "ਇਹ ਤਾਂ ਬਣਾਈ ਗਈ ਸਰਕਸ ਹੈ ਅਤੇ ਇਹ ਕੋਈ ਅਸਲ ਮੁੱਦਾ ਨਹੀਂ ਹੈ।"

2023 ਦੀ ਪਤਝੜ ਦੇ ਦਿਨ ਆਉਣ ਤੱਕ, ਰਿਪਬਲਿਕਨ ਪਾਰਟੀ ਦੀਆਂ ਅੰਦਰੂਨੀ ਚੋਣਾਂ ਵਿੱਚ ਟਰੰਪ ਨੇ ਵੱਡੀ ਲੀਡ ਹਾਸਲ ਕਰ ਲਈ ਸੀ। ਉਹ ਆਪਣੇ ਵਿਰੋਧੀਆਂ ਤੋਂ ਬਹੁਤ ਅੱਗੇ ਨਿਕਲ ਗਏ ਸਨ ਅਤੇ ਉਨ੍ਹਾਂ ਨੇ ਆਪਣੀ ਜੇਤੂ ਰਫ਼ਤਾਰ ਅੰਤ ਤੱਕ ਬਰਕਰਾਰ ਰੱਖੀ ਸੀ।

ਟਰੰਪ ਨੇ ਰਿਪਬਲਿਕਨ ਪਾਰਟੀ ਵਿੱਚ ਉਮੀਦਵਾਰੀ ਦੇ ਫ਼ੈਸਲੇ ਬਾਰੇ ਹੋ ਰਹੀ ਚਰਚਾ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ ਅਤੇ ਆਪਣੇ ਵਿਰੋਧੀਆਂ ਨੂੰ ਕਿਸੇ ਕਿਸਮ ਦਾ ਸਿਆਸੀ ਮਸਾਲਾ ਨਾ ਦਿੱਤਾ।

ਇਸ ਦੀ ਬਜਾਇ, ਟਰੰਪ ਨੇ ਆਪਣੀ ਪਛਾਣ ਬਣ ਚੁੱਕੀਆਂ ਰੈਲੀਆਂ ਅਤੇ ਜ਼ਮੀਨੀ ਪੱਧਰ ਦੀਆਂ ਮੀਟਿੰਗਾਂ ਜ਼ਰੀਏ ਆਮ ਰਿਪਬਲਿਕਨ ਸਮਰਥਕਾਂ ਅਤੇ ਵੋਟਰਾਂ ਵਿੱਚ ਆਪਣੀ ਪਕੜ ਮਜ਼ਬੂਤ ਬਣਾਉਣ ਦੀ ਆਪਣੀ ਮੁਹਿੰਮ ਜਾਰੀ ਰੱਖੀ।

ਚੋਣ ਮੁਹਿੰਮ ਵਿੱਚ ਤਕਰੀਬਨ 200 ਕਰੋੜ ਡਾਲਰ ਫੰਡ ਇਕੱਠਾ ਕਰ ਲੈਣ ਦੇ ਬਾਵਜੂਦ, ਰਾਨ ਡੇਸਾਂਟਿਸ ਜਨਵਰੀ 2024 ਦੇ ਆਓਵਾ ਸੂਬੇ ਦੀ ਪ੍ਰਾਇਮਰੀ ਵਿੱਚ ਟਰੰਪ ਤੋਂ ਬਹੁਤ ਪਿੱਛੇ ਰਹਿ ਗਏ ਅਤੇ ਉਹ ਉਮੀਦਵਾਰ ਬਣਨ ਦੀ ਦੌੜ ਤੋਂ ਬਾਹਰ ਹੋ ਗਏ ਸਨ।

ਜਦੋਂ ਟਰੰਪ ਨੇ ਨਿਊ ਹੈਂਪਸ਼ਾਇਰ ਵਿੱਚ ਦੱਖਣੀ ਕੈਰੋਲਾਈਨਾ ਦੀ ਸਾਬਕਾ ਗਵਰਨਰ ਨਿੱਕੀ ਹੇਲੀ ਨੂੰ ਸੌਖਿਆਂ ਹੀ ਹਰਾ ਦਿੱਤਾ ਤਾਂ ਰਿਪਬਲਿਕਨ ਪਾਰਟੀ ਦੇ ਅੰਦਰ ਰਾਸ਼ਟਰਪਤੀ ਚੋਣ ਉਮੀਦਵਾਰ ਬਣਨ ਦੀ ਦੌੜ ਤਕਰੀਬਨ ਖ਼ਤਮ ਹੋ ਗਈ ਸੀ।

ਟਰੰਪ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣ ਗਏ ਸਨ।

ਇਹ ਵੀ ਪੜ੍ਹੋ-
ਚੋਣਾਵੀਂ ਰੈਲੀ ਵਿੱਚ ਟਰੰਪ ਦੇ ਸਮਰਥਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੋਣਾਵੀਂ ਰੈਲੀ ਵਿੱਚ ਟਰੰਪ ਦੇ ਸਮਰਥਕ

ਮੁਕੱਦਮੇ, ਚੁਣੌਤੀਆਂ ਅਤੇ ਜਿੱਤਾਂ

ਅਦਾਲਤਾਂ ਵਿੱਚ ਟਰੰਪ ਦੇ ਖ਼ਿਲਾਫ਼ ਜੋ ਕੁਝ ਵੀ ਹੋ ਰਿਹਾ ਸੀ, ਉਹ ਸ਼ਾਇਦ ਉਨ੍ਹਾਂ ਲਈ ਚੰਗਾ ਹੀ ਸਾਬਤ ਹੋਇਆ।

ਹਾਲਾਂਕਿ ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਦੇ ਚੋਣ ਲੜਨ 'ਤੇ ਅਕਸਰ ਸਵਾਲ ਉੱਠਦੇ ਰਹੇ ਸਨ।

ਮਈ 2024 ਵਿੱਚ, ਇੱਕ ਮੈਨਹਟਨ ਅਦਾਲਤ ਨੇ ਟਰੰਪ ਨੂੰ 34 ਵੱਡੇ ਅਪਰਾਧਾਂ ਲਈ ਦੋਸ਼ੀ ਕਰਾਰ ਦਿੱਤਾ ਸੀ।

ਇਨ੍ਹਾਂ ਵਿੱਚ ਅਡਲਟ ਫ਼ਿਲਮ ਸਟਾਰ ਸਟਾਰਮੀ ਡੇਨੀਅਲਸ ਨੂੰ ਮੂੰਹ ਬੰਦ ਰੱਖਣ ਦੇ ਬਦਲੇ ਦਿੱਤੇ ਗਏ ਪੈਸਿਆਂ ਦਾ ਮਾਮਲਾ ਵੀ ਸ਼ਾਮਲ ਹੈ।

ਹਾਲਾਂਕਿ, ਅਜਿਹਾ ਲੱਗ ਰਿਹਾ ਸੀ ਕਿ ਹਰ ਵਾਰ ਟਰੰਪ ਨੂੰ ਅਦਾਲਤਾਂ ਤੋਂ ਝਟਕਾ ਲੱਗ ਰਿਹਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਵੱਡੀ ਸਫਲਤਾ ਮਿਲ ਜਾਂਦੀ ਸੀ।

ਉਨ੍ਹਾਂ ਨੂੰ ਸਜ਼ਾ ਸੁਣਾਏ ਜਾਣਾ ਚੋਣਾਂ ਤੱਕ ਟਾਲ ਦਿੱਤਾ ਗਿਆ ਸੀ।

ਫ਼ਲੋਰੀਡਾ ਵਿੱਚ ਸਰਕਾਰੀ ਦਸਤਾਵੇਜ਼ਾਂ ਨੂੰ ਲੁਕਾਉਣ ਦੇ ਮਾਮਲੇ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ ਅਤੇ ਅਮਰੀਕੀ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਕਿ ਟਰੰਪ ਵੱਲੋਂ ਰਾਸ਼ਟਰਪਤੀ ਵਜੋਂ ਅਧਿਕਾਰਤ ਤੌਰ 'ਤੇ ਚੁੱਕੇ ਗਏ ਕਿਸੇ ਵੀ ਕਦਮ ਬਾਰੇ ਕੋਈ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ।

ਇਸ ਦੇ ਨਾਲ ਹੀ ਪਾਰਟੀ 'ਚ ਉਮੀਦਵਾਰੀ ਦੀ ਲੜਾਈ ਜਿੱਤਣ ਤੋਂ ਬਾਅਦ ਅਦਾਲਤਾਂ ਦੇ ਬਾਹਰ ਟਰੰਪ ਦੀ ਚੋਣ ਮੁਹਿੰਮ ਤੇਜ਼ੀ ਨਾਲ ਵਧ ਰਹੀ ਹੈ।

ਜੂਨ ਵਿੱਚ ਟਰੰਪ ਨਾਲ ਚੋਣਾਵੀਂ ਬਹਿਸ ਵਿੱਚ ਬਾਇਡਨ ਨੇ ਜਿਸ ਤਰ੍ਹਾਂ ਲੜਖੜਾਉਂਦਿਆਂ ਜਵਾਬ ਦਿੱਤੇ ਸਨ, ਉਨ੍ਹਾਂ ਨਾਲ ਡੈਮੋਕ੍ਰੇਟਿਕ ਪਾਰਟੀ ਅੰਦਰ ਡਰ ਫੈਲ ਗਿਆ।

ਟਰੰਪ ਦੀ ਅਪਰੂਵਲ ਰੇਟਿੰਗ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹ ਰਹੀ ਸੀ ਅਤੇ ਉਹ ਬਾਇਡਨ ਤੋਂ ਅੱਗੇ ਵੱਧਦੇ ਨਜ਼ਰ ਆ ਰਹੇ ਸਨ।

ਉੱਥੇ ਹੀ ਜੁਲਾਈ ਵਿੱਚ, ਪੈਂਸਿਲਵੇਨੀਆ ਵਿੱਚ ਇੱਕ ਵਿਅਕਤੀ ਨੂੰ ਗੋਲੀ ਲੱਗਣ ਤੋਂ ਇੱਕ ਦਿਨ ਬਾਅਦ, ਮਿਲਵਾਕੀ ਵਿੱਚ ਰਿਪਬਲਿਕਨ ਪਾਰਟੀ ਦੀ ਨੈਸ਼ਨਲ ਕਨਵੈਨਸ਼ਨ ਵਿੱਚ, ਟਰੰਪ ਆਪਣੇ ਸਮਰਥਕਾਂ ਦੇ ਸ਼ੋਰ ਦਰਮਿਆਨ ਇੱਕ ਜੇਤੂ ਵਜੋਂ ਪਹੁੰਚੇ।

ਮੈਰੀਡਿਥ ਮੈਕਗ੍ਰਾ ਮੁਤਾਬਕ, “ਉਸ ਸੰਮੇਲਨ ਵਿੱਚ ਅਸੀਂ ਦੇਖਿਆ ਕਿ ਰਿਪਬਲਿਕਨ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਸੀ। ਉਹ ਬਹੁਤ ਆਤਮਵਿਸ਼ਵਾਸ ਨਾਲ ਭਰੇ ਹੋਏ ਸੀ।”

ਟੈਸਲਾ ਦੇ ਮੁਖੀ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਵਿਅਕਤੀ ਈਲੋਨ ਮਸਕ ਨੇ ਜਨਤਕ ਤੌਰ 'ਤੇ ਟਰੰਪ ਦਾ ਸਮਰਥਨ ਕਰਨ ਦਾ ਐਲਾਨ ਕੀਤਾ।

ਕਾਂਟੇ ਦੀ ਟੱਕਰ ਵਾਲੇ ਸੂਬਿਆਂ ਵਿੱਚ ਟਰੰਪ ਦੇ ਸਮਰਥਨ ਵਿੱਚ ਫੰਡ ਇਕੱਠਾ ਕਰਨ ਲਈ ਇੱਕ ਵਿਸ਼ਾਲ ਮੁਹਿੰਮ ਚਲਾਉਣੀ ਸ਼ੁਰੂ ਕੀਤੀ।

ਉਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ 6 ਜਨਵਰੀ ਨੂੰ ਅਮਰੀਕੀ ਸੱਤਾ ਦੇ ਸਿਖਰ 'ਤੇ ਟਰੰਪ ਦੀ ਵਾਪਸੀ ਲਗਭਗ ਤੈਅ ਹੈ।

ਟਰੰਪ ਦੀ ਮੁਹਿੰਮ ਨੇ ਪਹਿਲਾਂ ਰਾਨ ਡੇਸਾਂਟਿਸ ਅਤੇ ਰਿਪਬਲਿਕਨ ਪਾਰਟੀ ਦੇ ਹੋਰ ਉਮੀਦਵਾਰਾਂ ਨੂੰ ਹਰਾਇਆ ਅਤੇ ਹੁਣ ਇਹ ਬਾਇਡਨ ਅਤੇ ਡੈਮੋਕ੍ਰੇਟਿਕ ਪਾਰਟੀ ਨੂੰ ਹਰਾਉਣ ਲਈ ਤਿਆਰ ਨਜ਼ਰ ਆ ਰਹੇ ਸਨ।

ਟਰੰਪ ਵਲੋਂ ਰਸਮੀ ਤੌਰ 'ਤੇ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਸਵੀਕਾਰ ਕਰਨ ਤੋਂ ਤਿੰਨ ਦਿਨ ਬਾਅਦ, ਬਾਇਡਨ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟ ਗਏ ਅਤੇ ਉਨ੍ਹਾਂ ਨੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਡੌਨਲਡ ਟਰੰਪ
ਤਸਵੀਰ ਕੈਪਸ਼ਨ, ਕਮਲਾ ਹੈਰਿਸ ਅਤੇ ਡੌਨਲਡ ਟਰੰਪ

ਕੁਝ ਹਫ਼ਤਿਆਂ ਦੇ ਅੰਦਰ ਹੀ ਹੈਰਿਸ ਨੇ ਆਪਣੀ ਪਾਰਟੀ ਨੂੰ ਆਪਣੀ ਹਮਾਇਤ ਵਿੱਚ ਇੱਕਜੁੱਟ ਕਰ ਲਿਆ ਸੀ ਅਤੇ ਇਸ ਨਾਲ ਡੈਮੋਕਰੇਟਿਕ ਪਾਰਟੀ ਦੇ ਸਮਰਥਕਾਂ ਵਿੱਚ ਇੱਕ ਨਵਾਂ ਜੋਸ਼ ਭਰਿਆ ਹੋਇਆ ਸੀ।

ਕਈ ਸੂਬਿਆਂ ਵਿੱਚ ਜਿੱਥੇ ਸਖ਼ਤ ਮੁਕਾਬਲਾ ਸੀ, ਉਹ ਟਰੰਪ ਤੋਂ ਅੱਗੇ ਲੱਗ ਰਹੇ ਸਨ।

ਸਤੰਬਰ ਵਿੱਚ ਕਮਲਾ ਹੈਰਿਸ ਨਾਲ ਟੀਵੀ ਬਹਿਸ ਵਿੱਚ ਟਰੰਪ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।

ਇਸ ਤੋਂ ਇਲਾਵਾ ਟਰੰਪ ਨੂੰ ਆਪਣੇ ਨਵੇਂ ਵਿਰੋਧੀ ਦੇ ਹਿਸਾਬ ਨਾਲ ਆਪਣੀ ਚੋਣ ਮੁਹਿੰਮ ਨੂੰ ਨਵੀਂ ਦਿਸ਼ਾ ਦੇਣਾ ਵੀ ਔਖਾ ਹੋ ਰਿਹਾ ਸੀ।

ਕਿਉਂਕਿ ਕਮਲਾ ਹੈਰਿਸ ਦੀਆਂ ਖੂਬੀਆਂ ਅਤੇ ਕਮਜ਼ੋਰੀਆਂ ਯਕੀਨੀ ਤੌਰ 'ਤੇ ਬਾਇਡਨ ਨਾਲੋਂ ਬਿਲਕੁਲ ਵੱਖਰੀਆਂ ਹਨ।

ਬ੍ਰਾਇਨ ਸੇਟਾਚਿਕ ਨੇ ਕਿਹਾ, ''ਜਦੋਂ ਤੱਕ ਕਮਲਾ ਹੈਰਿਸ ਮੈਦਾਨ 'ਚ ਨਹੀਂ ਉਤਰੇ ਸਨ, ਉਦੋਂ ਤੱਕ ਟਰੰਪ ਲਈ ਕੋਈ ਖ਼ਾਸ ਚੁਣੌਤੀ ਨਹੀਂ ਨਜ਼ਰ ਆ ਰਹੀ ਸੀ। ਉਦੋਂ ਤੱਕ ਸਭ ਕੁਝ ਟਰੰਪ ਦੀ ਚੋਣ ਮੁਹਿੰਮ ਦੀ ਸਫ਼ਲਤਾ ਦੀ ਝਲਕ ਨਜ਼ਰ ਆ ਰਿਹਾ ਸੀ।"

ਜਿਵੇਂ-ਜਿਵੇਂ ਚੋਣਾਂ ਦਾ ਦਿਨ ਨੇੜੇ ਆ ਰਿਹਾ ਸੀ, ਟਰੰਪ ਦੀ ਲੀਡ ਘੱਟ ਰਹੀ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਟਰੰਪ ਇਹ ਸਮਝ ਨਹੀਂ ਪਾ ਰਹੇ ਸਨ ਕਿ ਕੀ ਕਰਨਾ ਹੈ।

ਰਾਸ਼ਟਰਪਤੀ ਚੋਣ ਦੀ ਦੌੜ ਫਿਰ ਤੋਂ ਉਸੇ ਪੜਾਅ 'ਤੇ ਪਹੁੰਚ ਗਈ ਸੀ, ਜਿੱਥੇ ਸਾਲ ਦੇ ਸ਼ੁਰੂ ਵਿੱਚ ਸੀ, ਜਿਸ ਵਿੱਚ ਕੋਈ ਵੀ ਉਮੀਦਵਾਰ ਜਿੱਤ ਸਕਦਾ ਸੀ।

ਟਰੰਪ ਦੀ ਚੋਣ ਮੁਹਿੰਮ ਜੋਅ ਬਾਇਡੇਨ ਦੀ ਉਮਰ ਅਤੇ ਕਮਜ਼ੋਰੀ ਦਾ ਮਜ਼ਾਕ ਉਡਾਉਣ 'ਤੇ ਕੇਂਦਰਿਤ ਸੀ।

ਹੁਣ ਉਹ ਸਮਾਂ ਆ ਗਿਆ ਸੀ ਜਦੋਂ ਉਨ੍ਹਾਂ ਨੂੰ ਆਪਣੀ ਵਧਦੀ ਉਮਰ 'ਤੇ ਟਰੰਪ ਨੂੰ ਸਪੱਸ਼ਟੀਕਰਨ ਦੇਣਾ ਪਿਆ ਕਿਉਂਕਿ ਉਨ੍ਹਾਂ ਦੀ ਕਾਬਲੀਅਤ ਅਤੇ ਫ਼ੁਰਤੀਲੇਪਣ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ।

ਮੈਰੀਡਿਥ ਮੈਕਗ੍ਰਾ ਨੇ ਕਿਹਾ, ''ਟਰੰਪ ਦੇ ਆਲੇ-ਦੁਆਲੇ ਬਹੁਤ ਹੀ ਪੇਸ਼ੇਵਰ ਅਤੇ ਯੋਜਨਾਬੱਧ ਢੰਗ ਨਾਲ ਚੋਣ ਮੁਹਿੰਮ ਚਲਾਈ ਜਾ ਸਕਦੀ ਹੈ। ਪਰ ਅੰਤ ਵਿੱਚ ਉਹ ਉਹੀ ਕਰਨਗੇ ਜੋ ਉਹ ਕਰਨਾ ਚਾਹੁੰਦੇ ਹਨ ਅਤੇ ਉਸੇ ਤਰੀਕੇ ਨਾਲ ਕਰਨਗੇ ਜਿਸ ਨਾਲ ਉਹ ਕਰਨਾ ਚਾਹੁੰਦੇ ਹਨ।”

ਇਸ ਵਿੱਚ ਟਰੰਪ ਵਾਰ-ਵਾਰ ਜਨਤਕ ਤੌਰ 'ਤੇ ਇਹ ਕਹਿਣਾ ਸ਼ਾਮਿਲ ਸੀ ਕਿ ਉਹ 2020 ਦੀ ਚੋਣ ਨਹੀਂ ਹਾਰੇ ਸਨ।

ਆਪਣੀਆਂ ਰੈਲੀਆਂ ਵਿੱਚ ਉਹ ਖੋਖਲੀ ਬਿਆਨਬਾਜ਼ੀਆਂ 'ਤੇ ਜ਼ਿਆਦਾ ਜ਼ੋਰ ਦਿੰਦੇ ਸਨ। ਇਸ ਦੇ ਨਾਲ ਹੀ ਟਰੰਪ ਨੇ ਕਈ ਵਾਰ ਮੀਡੀਆ ਨਾਲ ਆਪਣੇ ਪ੍ਰੋਗਰਾਮ ਆਖਰੀ ਸਮੇਂ ਰੱਦ ਕੀਤੇ।

ਜਿਸ ਦਾ ਕਾਰਨ ਬਹੁਤ ਸਾਰੇ ਲੋਕਾਂ ਨੇ ਟਰੰਪ ਦਾ 'ਥਕ ਜਾਣਾ' ਦੱਸਿਆ।

ਟਰੰਪ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੋਂ ਜਨਤਕ ਜੀਵਨ ਵਿੱਚ ਹਨ। ਅਜਿਹਾ ਲੱਗਦਾ ਸੀ ਕਿ ਉਹ ਥੱਕ ਹੀ ਨਹੀਂ ਸਕਦੇ ਸਨ।

ਪਰ, ਰਾਸ਼ਟਰਪਤੀ ਦੇ ਤੌਰ 'ਤੇ ਆਪਣੇ ਚਾਰ ਸਾਲ ਦੇ ਕਾਰਜਕਾਲ ਦੀ ਉਮੀਦ ਕਰਦੇ ਹੋਏ, ਸਵਾਲ ਇਹ ਵੀ ਉੱਠੇ ਕਿ ਕੀ ਟਰੰਪ ਥੱਕੇ ਅਤੇ ਕਮਜ਼ੋਰ ਨਜ਼ਰ ਆਉਣ ਲੱਗੇ ਹਨ?

ਡੌਨਲਡ ਟਰੰਪ

ਤਸਵੀਰ ਸਰੋਤ, Getty Images

ਕੀ ਟਰੰਪ ਦੇ ਏਜੰਡੇ 'ਚ ਹੋਵੇਗਾ ਬੁਨਿਆਦੀ ਬਦਲਾਅ?

ਸਿਆਸਤ ਵਿੱਚ ਟਰੰਪ ਦੀ ਇਹ ਜ਼ੋਰਦਾਰ ਵਾਪਸੀ ਉਨ੍ਹਾਂ ਦੀ ਵੱਡੀ ਪ੍ਰਾਪਤੀ ਹੈ।

ਉਹ ਵ੍ਹਾਈਟ ਹਾਊਸ ਵਿੱਚ ਅਜਿਹੇ ਰਾਸ਼ਟਰਪਤੀ ਦੇ ਤੌਰ 'ਤੇ ਪ੍ਰਵੇਸ਼ ਹੋਣਗੇ, ਜਿਨ੍ਹਾਂ ਨੇ ਕਾਨੂੰਨੀ, ਸਿਆਸੀ ਅਤੇ ਆਪਣੇ ਬਣਾਈ ਅਜਿਹੀਆਂ ਕਈ ਰੁਕਾਵਟਾਂ ਨੂੰ ਪਾਰ ਕੀਤਾ।

ਜਿਨ੍ਹਾਂ ਦਾ ਸਾਹਮਣਾ ਇਸ ਤੋਂ ਪਹਿਲਾਂ ਕੁਝ ਹੀ ਰਾਸ਼ਟਰਪਤੀਆਂ ਨੇ ਕੀਤਾ ਹੋਵੇਗਾ।

ਆਪਣੇ ਹੱਥਾਂ ਵਿੱਚ ਸੱਤਾ ਦੀ ਵਾਗਡੋਰ ਹੋਣ ਅਤੇ ਵੋਟਰਾਂ ਦਾ ਮੁੜ ਸਾਹਮਣਾ ਕਰਨ ਦੇ ਡਰ ਤੋਂ ਮੁਕਤ ਹੋਣ ਨਾਲ, ਟਰੰਪ ਸੌਖਿਆਂ ਉਨ੍ਹਾਂ ਕਾਨੂੰਨੀ ਰੁਕਾਵਟਾਂ ਨੂੰ ਦੂਰ ਕਰਨ ਦੇ ਯੋਗ ਹੋ ਸਕਣਗੇ।

ਆਪਣੇ ਪਹਿਲੇ ਕਾਰਜਕਾਲ ਦੇ ਉਲਟ, ਟਰੰਪ ਅਜਿਹੇ ਸਲਾਹਕਾਰਾਂ ਅਤੇ ਅਧਿਕਾਰੀਆਂ ਦੇ ਨਾਲ ਵ੍ਹਾਈਟ ਹਾਊਸ 'ਚ ਪ੍ਰਵੇਸ਼ ਕਰਨਗੇ ਜੋ ਪੂਰੀ ਤਰ੍ਹਾਂ ਨਾਲ ਉਨ੍ਹਾਂ ਦੇ ਪ੍ਰਤੀ ਵਫ਼ਾਦਾਰ ਹੋਣਗੇ।

ਜੇ ਕੇਂਦਰੀ ਨੌਕਰਸ਼ਾਹੀ ਨੂੰ ਨਾਟਕੀ ਢੰਗ ਨਾਲ ਪੁਨਰਗਠਿਤ ਕਰਨ ਦੇ ਆਪਣੇ ਇਰਾਦੇ ਨੂੰ ਲਾਗੂ ਕਰਦੇ ਹਨ, ਇਸ ਲਈ ਅਮਰੀਕਾ ਦੇ ਬਹੁਤ ਸਾਰੇ ਸਿਵਲ ਸੇਵਾ ਕਰਮਚਾਰੀਆਂ ਦੀ ਜਗ੍ਹਾ ਸਿਆਸੀ ਸਮਰਥਕ ਲੈ ਲੈਣਗੇ।

ਭਾਵੇਂ ਰਿਪਬਲਿਕਨ ਪਾਰਟੀ ਦਾ ਅਮਰੀਕੀ ਸੰਸਦ 'ਤੇ ਦਬਦਬਾ ਨਹੀਂ ਵੀ ਹੋਵੇਗਾ।

ਇਸ ਲਈ ਉਹ ਰਾਸ਼ਟਰਪਤੀ ਦੇ ਕੋਲ ਮੌਜੂਦ ਤਾਕਤਾਂ ਦੀ ਵਰਤੋਂ ਕਰਕੇ ਪਰਵਾਸੀਆਂ 'ਤੇ ਨਵੀਆਂ ਪਾਬੰਦੀਆਂ ਲਗਾ ਸਕਦੇ ਹਨ।

ਹਜ਼ਾਰਾਂ ਗ਼ੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਬਣਨ ’ਤੇ ਰਾਸ਼ਟਰਪਤੀ ਟਰੰਪ ਅਜਿਹੇ ਕਾਰੋਬਾਰੀ ਟੈਕਸ ਲਗਾ ਸਕਦੇ ਹਨ ਜਿਸ ਨਾਲ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਸੁਰੱਖਿਅਤ ਹੋ ਜਾਣਗੀਆਂ।

ਪਰ, ਇਸ ਨਾਲ ਦਰਾਮਦ ਸਾਮਾਨ ਦੀਆਂ ਕੀਮਤਾਂ ਵਧ ਸਕਦੀਆਂ ਹਨ।

ਡੈਮੋਕ੍ਰੇਟਿਕ ਪਾਰਟੀ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਟਰੰਪ ਦੇ ਸੱਤਾ 'ਚ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ 'ਬੇਲਗਾਮ' ਹੋਵੇਗਾ ਅਤੇ ਟਰੰਪ ਨੂੰ ਕਈ ਖਤਰਨਾਕ ਪ੍ਰਸਤਾਵਾਂ ਨੂੰ ਲਾਗੂ ਕਰਨ ਤੋਂ ਨਹੀਂ ਰੋਕਿਆ ਸਕੇਗਾ।

ਇਸ ਦੇ ਨਾਲ ਹੀ ਟਰੰਪ ਦੇ ਅਕਸ 'ਚ ਰੰਗੀ ਜਾ ਚੁੱਕੀ ਰਿਪਬਲਿਕਨ ਪਾਰਟੀ ਨੂੰ ਉਮੀਦ ਹੈ ਕਿ ਇਸ ਵਾਰ ਟਰੰਪ ਅਜਿਹੇ ਅੰਦਰੂਨੀ ਵਿਰੋਧ ਤੋਂ ਬਗ਼ੈਰ ਆਪਣਾ ਏਜੰਡਾ ਜ਼ਿਆਦਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰ ਸਕਣਗੇ, ਜਿਸ ਦਾ ਉਨ੍ਹਾਂ ਨੂੰ ਪਹਿਲੇ ਕਾਰਜਕਾਲ 'ਚ ਸਾਹਮਣਾ ਕਰਨਾ ਪਿਆ ਸੀ।

ਬ੍ਰਾਇਨ ਸੇਟਚਿਕ ਦਾ ਕਹਿਣਾ ਹੈ, "ਡੌਨਲਡ ਟਰੰਪ ਨੇ ਰਿਪਬਲਿਕਨ ਪਾਰਟੀ ਨੂੰ ਵਿੱਤੀ ਅਤੇ ਸਮਾਜਿਕ ਮੁੱਦਿਆਂ ਤੋਂ ਹਟਾਕੇ ਆਪਣੇ ਨਾਮ ਵਾਲੀ ਲੋਕ ਲਹਿਰ ਦੀ ਇੱਕ ਤਾਕਤਵਰ ਸਿਆਸੀ ਸੰਸਥਾ ਵਿੱਚ ਬਦਲ ਦਿੱਤਾ ਹੈ।

ਇਹ ਰਿਪਬਲਿਕਨ ਪਾਰਟੀ ਦੇ ਅੰਦਰ ਇੱਕ ਬੁਨਿਆਦੀ ਤਬਦੀਲੀ ਹੈ। ਇਸ ਵਾਰ, ਰਾਸ਼ਟਰਪਤੀ ਬਣਨ ਤੋਂ ਬਾਅਦ, ਟਰੰਪ ਇਸ ਤਰ੍ਹਾਂ ਅਮਰੀਕੀ ਸਰਕਾਰ ਨੂੰ ਬੁਨਿਆਦੀ ਤੌਰ 'ਤੇ ਬਦਲ ਸਕਣਗੇ, ਜਿਸ ਦਾ ਅਸਰ ਅਮਰੀਕਾ ਦੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ 'ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)