ਦਿੱਲੀ ਦੰਗਿਆਂ ਦੇ 5 ਸਾਲ: ਕੁਝ ਹਿੰਸਾ ਦੇ ਇਲਜ਼ਾਮ ਤੋਂ ਬਰੀ ਹੋਏ ਤਾਂ ਕੁਝ ਬਿਨਾਂ ਸੁਣਵਾਈ ਅਜੇ ਵੀ ਜੇਲ੍ਹ ਵਿੱਚ ਹਨ

ਸ਼ਾਦਾਬ ਆਲਮ

ਤਸਵੀਰ ਸਰੋਤ, BBC/Seraj Ali

ਤਸਵੀਰ ਕੈਪਸ਼ਨ, ਚਾਰ ਸਾਲ ਬਾਅਦ ਸ਼ਾਦਾਬ ਆਲਮ ਬਰੀ
    • ਲੇਖਕ, ਉਮੰਗ ਪੋਧਾਰ
    • ਰੋਲ, ਬੀਬੀਸੀ ਪੱਤਰਕਾਰ

ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ 24 ਫਰਵਰੀ 2020 ਨੂੰ ਫਿਰਕੂ ਹਿੰਸਾ ਹੋ ਰਹੀ ਸੀ। ਉਸ ਵੇਲੇ ਵਜ਼ੀਰਾਬਾਦ ਇਲਾਕੇ ਵਿੱਚ 25 ਸਾਲ ਦਾ ਸ਼ਾਦਾਬ ਆਲਮ ਕੁਝ ਲੋਕਾਂ ਨਾਲ ਇੱਕ ਦਵਾਈ ਦੀ ਦੁਕਾਨ ਦੀ ਛੱਤ ʼਤੇ ਬੈਠੇ ਹੋ ਸਨ। ਉਹ ਉਸ ਦਵਾਈਆਂ ਦੀ ਦੁਕਾਨ ʼਤੇ ਕੰਮ ਕਰਦੇ ਸਨ।

ਉਹ ਦੱਸਦੇ ਹਨ, "ਪੁਲਿਸ ਆਈ ਅਤੇ ਕਿਹਾ ਦੁਕਾਨ ਬੰਦ ਕਰ ਦਿਓ। ਅਗਜ਼ਨੀ ਹੋ ਰਹੀ ਹੈ ਤਾਂ ਅਸੀਂ ਦੁਕਾਨ ਬੰਦ ਕਰ ਕੇ ਉੱਪਰ ਚਲੇ ਗਏ।"

ਸ਼ਾਦਾਬ ਦੇ ਅਨੁਸਾਰ, "ਉਸ ਦੇ ਕੁਝ ਸਮੇਂ ਬਾਅਦ, ਪੁਲਿਸ ਛੱਤ 'ਤੇ ਆਈ। ਉਨ੍ਹਾਂ ਨੇ ਸਾਡੇ ਨਾਮ ਪੁੱਛੇ ਅਤੇ ਸਾਨੂੰ ਹੇਠਾਂ ਲੈ ਗਏ। ਫਿਰ ਉਨ੍ਹਾਂ ਨੇ ਸਾਨੂੰ ਆਪਣੀ ਵੈਨ ਵਿੱਚ ਬਿਠਾਇਆ ਅਤੇ ਸਾਨੂੰ ਪੁਲਿਸ ਸਟੇਸ਼ਨ ਲੈ ਗਏ। ਪੁਲਿਸ ਨੇ ਕਿਹਾ, ਉਹ ਮੈਨੂੰ ਹਿਰਾਸਤ ਵਿੱਚ ਲੈ ਰਹੇ ਹਨ। ਉਹ ਮੇਰੇ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਮੈਨੂੰ ਛੱਡ ਦੇਣਗੇ।"

ਜਦੋਂ ਉਨ੍ਹਾਂ ਨੇ ਜਾਣਨਾ ਚਾਹਿਆ ਕਿ ਉਨ੍ਹਾਂ ਨੂੰ ਕਿਉਂ ਫੜਿਆ ਹੈ ਤਾਂ ਉਨ੍ਹਾਂ ਅਨੁਸਾਰ, "ਪੁਲਿਸ ਨੇ ਕਿਹਾ ਕਿ ਤੁਸੀਂ ਦੰਗਾ ਕੀਤਾ ਹੈ।"

ਸ਼ਾਦਾਬ ਨੂੰ ਜ਼ਮਾਨਤ ਮਿਲਣ ਵਿੱਚ 80 ਦਿਨ ਲੱਗੇ ਅਤੇ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਵਿੱਚ ਚਾਰ ਸਾਲ ਲੱਗੇ।

ਪਿਛਲੇ ਸਾਲ ਮਾਰਚ ਵਿੱਚ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਕਿਹਾ ਕਿ ਪੁਲਿਸ ਕੋਲ ਸ਼ਾਦਾਬ ਅਤੇ 10 ਹੋਰ ਮੁਲਜ਼ਮਾਂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ ਅਤੇ ਉਨ੍ਹਾਂ ਸਾਰਿਆਂ ਨੂੰ ʻਡਿਸਚਾਰਜʼ ਕਰ ਦਿੱਤਾ ਗਿਆ।

ਜਦੋਂ ਪੁਲਿਸ 'ਚਾਰਜ ਸ਼ੀਟ' ਦਾਇਰ ਕਰਦੀ ਹੈ, ਤਾਂ ਅਦਾਲਤ ਉਸ ਨੂੰ ਦੇਖ ਕੇ ਮੁਲਜ਼ਮਾਂ ਦੇ ਖ਼ਿਲਾਫ਼ ʻਚਾਰਜʼ ਤੈਅ ਕਰਦੀ ਹੈ। ਜੇਕਰ ਕੋਈ ਸਬੂਤ ਨਹੀਂ ਹੈ ਤਾਂ ਉਨ੍ਹਾਂ ਨੂੰ 'ਡਿਸਚਾਰਜ' ਕਰ ਦਿੱਤਾ ਜਾਂਦਾ ਹੈ। ਕੇਸ ਖਾਰਜ ਕੀਤਾ ਜਾਂਦਾ ਹੈ।

ਬੀਬੀਸੀ ਪੰਜਾਬੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ 'ਤੇ ਕਲਿੱਕ ਕਰੋ

ਦਿੱਲੀ ਦੰਗਿਆਂ ਨੂੰ ਹੁਣ ਪੰਜ ਸਾਲ ਹੋ ਰਹੇ ਹਨ। ਇਸ ਸਮੇਂ ਦੌਰਾਨ ਕੁਝ ਲੋਕਾਂ ਦੇ ਜੀਵਨ ਵਿੱਚ ਬਹੁਤ ਕੁਝ ਬਦਲ ਗਿਆ ਹੈ। ਬਹੁਤ ਸਾਰੇ ਲੋਕ ਹਿੰਸਾ ਦੇ ਇਲਜ਼ਾਮਾਂ ਵਿੱਚ ਜੇਲ੍ਹ ਵਿੱਚ ਹਨ, ਜਦੋਂ ਕਿ ਕਈ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਬਰੀ ਹੋ ਗਏ ਹਨ।

ਪੁਲਿਸ ਵਿੱਚ ਦੰਗਿਆਂ ਨਾਲ ਜੁੜੀਆਂ 758 ਐੱਫਆਈਆਰ ਦਰਜ ਹੋਈਆਂ ਸਨ। ਹੁਣ ਤੱਕ ਜਿੰਨਿਆਂ ਵਿੱਚ ਫ਼ੈਸਲਾ ਆਇਆ ਹੈ, ਉਨ੍ਹਾਂ ਵਿੱਚ 80 ਫੀਸਦ ਤੋਂ ਜ਼ਿਆਦਾ ਮਾਮਲਿਆਂ ਵਿੱਚ ਲੋਕ ਬਰੀ ਜਾਂ ਡਿਸਚਾਰਜ ਹੋ ਰਹੇ ਹਨ।

ਸਾਨੂੰ 20 ਅਜਿਹੇ ਮਾਮਲੇ ਮਿਲੇ ਜਿਨ੍ਹਾਂ ਵਿੱਚ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਹੈ ਅਤੇ 106 ਮਾਮਲਿਆਂ ਵਿੱਚ ਲੋਕਾਂ ਨੂੰ ਬਰੀ ਜਾਂ ਡਿਸਚਾਰਜ ਕਰ ਦਿੱਤਾ ਗਿਆ ਹੈ।

ਅਸੀਂ ਅਜਿਹੇ ਹੀ ਕੁਝ ਲੋਕਾਂ ਦੀ ਜ਼ਿੰਦਗੀ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਹੈ।

ਇਹੀ ਨਹੀਂ, ਪੰਜ ਸਾਲਾਂ ਵਿੱਚ ਕੋਰਟ ਨੇ ਕਈ ਵਾਰ ਪੁਲਿਸ ਦੀ ਤਹਿਕੀਕਾਤ ਦੀ ਵੀ ਕਾਫੀ ਆਲੋਚਨਾ ਕੀਤੀ। ਕੁਝ ਮਾਮਲਿਆਂ ਵਿੱਚ ਤਾਂ ਇੱਥੋਂ ਤੱਕ ਕਿਹਾ ਗਿਆ ਉਨ੍ਹਾਂ ਨੂੰ ਸ਼ੱਕ ਹੈ ਕਿ ਕੇਸ ਵਿੱਚ ਲੋਕਾਂ ਨੂੰ "ਝੂਠਾ ਫਸਾਇਆ" ਗਿਆ ਹੈ।

ਇਸ ਦੇ ਨਾਲ ਹੀ, ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੇ ਕੇਸ ਦੀ ਸੁਣਵਾਈ ਪੰਜ ਸਾਲ ਬਾਅਦ ਵੀ ਸ਼ੁਰੂ ਨਹੀਂ ਹੋਈ ਹੈ।

ਅਸੀਂ ਇਨ੍ਹਾਂ ਮਾਮਲਿਆਂ ਬਾਰੇ ਪੁਲਿਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੇ ਦਫ਼ਤਰ ਵੀ ਗਿਆ ਅਤੇ ਉਨ੍ਹਾਂ ਨੂੰ ਕਈ ਵਾਰ ਈਮੇਲ ਵੀ ਭੇਜੇ। ਸਾਨੂੰ ਕੋਈ ਜਵਾਬ ਨਹੀਂ ਮਿਲਿਆ।

ਹਾਲਾਂਕਿ, ਦਿੱਲੀ ਹਾਈ ਕੋਰਟ ਵਿੱਚ ਦਾਇਰ ਇੱਕ ਜਵਾਬ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਹਰ ਮਾਮਲੇ ਦੀ ਜਾਂਚ 'ਨਿਰਪੱਖ ਅਤੇ ਸਹੀ ਢੰਗ ਨਾਲ' ਕੀਤੀ ਗਈ ਹੈ।

ਦਿਲਸ਼ਾਦ ਅਲੀ

ਤਸਵੀਰ ਸਰੋਤ, BBC/Seraj Ali

ਤਸਵੀਰ ਕੈਪਸ਼ਨ, ਦਿਲਸ਼ਾਦ ਅਲੀ ਸ਼ਾਦਾਬ ਆਲਮ ਦੇ ਪਿਤਾ ਹਨ

ਚਾਰ ਸਾਲ ਬਾਅਦ ਬਰੀ ਹੋਏ ਸ਼ਾਦਾਬ

23 ਫਰਵਰੀ, 2020 ਨੂੰ ਦਿਆਲਪੁਰ ਵਿੱਚ ਇੱਕ ਮੁਸਲਮਾਨ ਵਿਅਕਤੀ ਦੀ ਚਿਕਨ ਦੀ ਦੁਕਾਨ ਸਾੜ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਬਹੁਤ ਸਾਰੇ ਹਿੰਦੂਆਂ ਦੇ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ ਸੀ।

ਇਨ੍ਹਾਂ ਮਾਮਲਿਆਂ ਸੰਬੰਧੀ ਕਈ ਸ਼ਿਕਾਇਤਾਂ ਮਿਲਣ ਤੋਂ ਬਾਅਦ, ਪੁਲਿਸ ਨੇ 11 ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਸੀ ਇੱਕ "ਗੁਪਤ ਮੁਖ਼ਬਰ" ਨੇ ਪੁਲਿਸ ਨੂੰ ਇਨ੍ਹਾਂ ਵਿੱਚੋਂ ਨੌਂ ਲੋਕਾਂ ਬਾਰੇ ਦੱਸਿਆ ਸੀ। ਬਾਕੀਆਂ ਦੇ ਵਿਰੁੱਧ, ਉਨ੍ਹਾਂ ਨੂੰ ਸੀਸੀਟੀਵੀ ਵੀਡੀਓਜ਼ ਤੋਂ ਪਤਾ ਲੱਗਾ।

ਇਸ ਮਾਮਲੇ ਵਿੱਚ ਪੁਲਿਸ ਚਾਰ ਚਾਰਜਸ਼ੀਟਾਂ ਦਾਇਰ ਕਰਦੀ ਹੈ ਅਤੇ ਦੋ ਚਸ਼ਮਦੀਦ ਗਵਾਹ ਪੇਸ਼ ਕਰਦੀ ਹੈ। ਇਨ੍ਹਾਂ ਚਸ਼ਮਦੀਦਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਮੁਸਲਮਾਨਾਂ ਦੇ ਇੱਕ ਸਮੂਹ ਨੂੰ ਨਾਅਰੇ ਲਗਾਉਂਦੇ ਅਤੇ ਭੰਨਤੋੜ ਕਰਦੇ ਦੇਖਿਆ ਸੀ।

ਹਾਲਾਂਕਿ, ਅਦਾਲਤ ਜਾਂਦਿਆਂ ਹੀ ਇਹ ਮਾਮਲਾ ਟਿਕ ਨਹੀਂ ਸਕਿਆ। ਟ੍ਰਾਇਲ ਸ਼ੁਰੂ ਵੀ ਨਹੀਂ ਹੋ ਸਕਿਆ ਅਤੇ ਅਦਾਲਤ ਸਿਰਫ਼ ਪੁਲਿਸ ਦੀ ਚਾਰਜਸ਼ੀਟ ਦੇਖ ਕੇ ਹੀ ਸਾਰੇ ਮੁਲਜ਼ਮਾਂ ਨੂੰ ʻਡਿਸਚਾਰਜʼ ਕਰ ਦਿੰਦੀ ਹੈ।

ਅਦਾਲਤ ਅਨੁਸਾਰ, ਇਸ ਮਾਮਲੇ ਵਿੱਚ ਗਵਾਹਾਂ ਦੇ ਬਿਆਨ ਬਹੁਤ ਅਸਪਸ਼ਟ ਸਨ। ਇੰਨਾ ਹੀ ਨਹੀਂ ਅਦਾਲਤ ਨੇ ਕਿਹਾ, "ਅਜਿਹਾ ਲੱਗਦਾ ਹੈ ਕਿ ਜਾਂ ਤਾਂ ਉਨ੍ਹਾਂ ਨੇ ਘਟਨਾ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖਿਆ ਜਾਂ ਉਨ੍ਹਾਂ ਦੇ ਬਿਆਨਾਂ ਨੂੰ ਝੂਠਾ ਬਣਾਇਆ ਗਿਆ ਹੈ।"

ਅਦਾਲਤ ਨੇ ਪੁਲਿਸ ਜਾਂਚ 'ਤੇ ਕਈ ਸਵਾਲ ਖੜ੍ਹੇ ਕੀਤੇ।

ਅਦਾਲਤ ਨੇ ਕਿਹਾ ਕਿ ਚਿਕਨ ਦੀ ਦੁਕਾਨ ਚਲਾਉਣ ਵਾਲੇ ਮੁਹੰਮਦ ਮੁਮਤਾਜ਼ ਨੇ ਪੁਲਿਸ ਨੂੰ ਦੱਸਿਆ ਸੀ ਕਿ ਕੁਝ ਲੋਕ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾ ਰਹੇ ਸਨ ਅਤੇ ਦੁਕਾਨ ਨੂੰ ਸਾੜ ਰਹੇ ਸਨ।

ਅਦਾਲਤ ਨੇ ਟਿੱਪਣੀ ਕੀਤੀ ਸੀ ਕਿ ਕਿਸੇ ਫਿਰਕੂ ਦੰਗਿਆਂ ਵਿੱਚ ਇਹ ਮੁਸ਼ਕਲ ਹੈ ਕਿ ਇੱਕ ਮੁਸਲਮਾਨ ਸਮੂਹ ਹੀ, ਕਿਸੇ ਮੁਸਲਮਾਨ ਦੀ ਦੁਕਾਨ ਸਾੜੇ। ਜੱਜ ਨੇ ਕਿਹਾ ਕਿ ਜਦੋਂ ਦੁਕਾਨ ਨੂੰ ਅੱਗ ਲੱਗੀ ਤਾਂ ਪੁਲਿਸ ਉੱਥੇ ਮੌਜੂਦ ਸੀ। ਉਨ੍ਹਾਂ ਨੂੰ ਉਸੇ ਵੇਲੇ ਪਤਾ ਲਗਾਉਣਾ ਚਾਹੀਦਾ ਸੀ ਕਿ ਇਹ ਕਿਸ ਨੇ ਕੀਤਾ ਹੈ।

ਇਹ ਕਹਿੰਦੇ ਹੋਏ ਅਦਾਲਤ ਨੇ 11 ਲੋਕਾਂ ਨੂੰ ਬਰੀ ਕਰ ਦਿੱਤਾ।

ਮੁਹੰਮਦ ਮੁਮਤਾਜ਼ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਨੂੰ ਸਾੜਨ ਦੇ ਮਾਮਲੇ ਵਿੱਚ ਹੁਣ ਤੱਕ ਕੁਝ ਨਹੀਂ ਹੋਇਆ ਹੈ।

ਸ਼ਾਦਾਬ ਆਲਮ

ਤਸਵੀਰ ਸਰੋਤ, BBC/Seraj Ali

ਤਸਵੀਰ ਕੈਪਸ਼ਨ, ਦਿੱਲੀ ਦੰਗਿਆਂ ਦੌਰਾਨ ਸ਼ਾਦਾਬ ਆਲਮ ਜੇਲ੍ਹ ਗਏ ਸਨ

'ਇਨਸਾਫ਼ ਤਾਂ ਮਿਲਿਆ ਪਰ ਪੂਰਾ ਨਹੀਂ'

ਜਦੋਂ ਇਹ ਫ਼ੈਸਲਾ ਸੁਣਾਇਆ ਗਿਆ ਤਾਂ ਸ਼ਾਦਾਬ ਅਦਾਲਤ ਵਿੱਚ ਮੌਜੂਦ ਸੀ। ਉਹ ਕਹਿੰਦੇ ਹਨ, "ਜੇਲ੍ਹ ਦੇ ਅੰਦਰ ਮੈਨੂੰ ਡਰਾਇਆ ਜਾਂਦਾ ਸੀ ਕਿ ਤੈਨੂੰ ਲੰਬੀ ਸਜ਼ਾ ਹੋਵੇਗੀ। ਮੈਂ ਕੁਝ ਨਹੀਂ ਕੀਤਾ ਸੀ ਇਸ ਲਈ ਮੈਂ ਡਰਿਆ ਨਹੀਂ ਸੀ।"

ਉਨ੍ਹਾਂ ਨੇ ਅਦਾਲਤ ਵਿੱਚ ਉਸ ਦਵਾਈ ਦੀ ਦੁਕਾਨ ਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਜਮ੍ਹਾਂ ਕਰਵਾਈ ਸੀ ਜਿੱਥੇ ਉਹ ਕੰਮ ਕਰਦੇ ਸਨ। ਆਪਣੇ ਫ਼ੋਨ ਦੀ ਲੋਕੇਸ਼ਨ ਵੀ ਦਿਖਾਈ।

ਦਿਲਸ਼ਾਦ ਅਲੀ ਸ਼ਾਦਾਬ ਆਲਮ ਦੇ ਪਿਤਾ ਹਨ। ਭਾਵੇਂ ਇਹ ਵਕੀਲਾਂ ਨਾਲ ਤਾਲਮੇਲ ਦਾ ਮਾਮਲਾ ਹੋਵੇ ਜਾਂ ਅਦਾਲਤ ਦੀ ਸੁਣਵਾਈ ਜਾਂ ਜ਼ਮਾਨਤ, ਇਸ ਮਾਮਲੇ ਵਿੱਚ ਉਹੀ ਭੱਜ-ਦੌੜ ਕਰ ਰਹੇ ਸਨ।

ਦਿਲਸ਼ਾਦ ਕਹਿੰਦੇ ਹਨ, "ਜਦੋਂ ਉਹ ਗ੍ਰਿਫ਼ਤਾਰ ਹੋਇਆ ਤਾਂ ਅਸੀਂ ਦੋ ਵਾਰ ਜ਼ਮਾਨਤ ਲਈ ਵੱਖ-ਵੱਖ ਅਦਾਲਤਾਂ ਵਿੱਚ ਗਏ। ਉਸ ਨੂੰ ਜ਼ਮਾਨਤ ਨਹੀਂ ਮਿਲੀ। ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਇੱਕ ਪੱਤਰ ਲਿਖਿਆ। ਉਸ ਨੂੰ ਜ਼ਮਾਨਤ ਮਿਲਣ ਵਿੱਚ ਅੱਸੀ ਦਿਨ ਲੱਗ ਗਏ।"

ਸ਼ਾਦਾਬ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਕੁੱਟਿਆ ਸੀ। ਇਸ ਦੇ ਲਈ ਉਨ੍ਹਾਂ ਨੇ ਆਪਣੀ ਮੈਡੀਕਲ ਰਿਪੋਰਟ ਵੀ ਦਿਖਾਈ। ਸਰੀਰ 'ਤੇ ਤਿੰਨ ਥਾਵਾਂ 'ਤੇ ਸੱਟਾਂ ਦੀ ਵੀ ਗੱਲ ਕੀਤੀ ਸੀ।

ਦਿਲਸ਼ਾਦ ਕਹਿੰਦੇ ਹਨ ਕਿ ਜਦੋਂ ਸ਼ਾਦਾਬ ਜੇਲ੍ਹ ਵਿੱਚ ਸੀ, ਤਾਂ ਉਹ ਸਮਾਂ ਪਰਿਵਾਰ ਲਈ ਬੇਹੱਦ ਮੁਸ਼ਕਲਾਂ ਭਰਿਆ ਸੀ।

ਉਹ ਦੱਸਦੇ ਹਨ, "ਇਹ ਲੌਕਡਾਊਨ ਦਾ ਸਮਾਂ ਸੀ। ਪੂਰਾ ਪਰਿਵਾਰ ਮੁਸੀਬਤ ਵਿੱਚ ਸੀ। ਦੋ ਸਾਲ ਦਾ ਛੋਟਾ ਜਿਹਾ ਬੱਚਾ ਸੀ। ਉਹ ਰੋਂਦਾ ਰਹਿੰਦਾ ਸੀ-'ਪਾਪਾ-ਪਾਪਾ' ਕਹਿੰਦਾ। ਉਸ ਦਾ ਦਰਦ ਨਹੀਂ ਦੇਖਿਆ ਜਾਂਦਾ ਸੀ।"

ਸ਼ਾਦਾਬ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਨਸਾਫ਼ ਮਿਲਿਆ ਪਰ ਇਸ ਵਿੱਚ ਬਹੁਤ ਸਮਾਂ ਲੱਗ ਗਿਆ।

ਉਹ ਕਹਿੰਦੇ ਹਨ, "ਚਾਰ ਸਾਲਾਂ ਤੱਕ ਮੈਨੂੰ ਤਾਰੀਖ਼ਾਂ ਮਿਲਦੀਆਂ ਰਹੀਆਂ। ਇਸ ਮਾਮਲੇ ਵਿੱਚ ਮੇਰਾ ਬਹੁਤ ਸਮਾਂ ਬਰਬਾਦ ਹੋਇਆ। ਪਰਿਵਾਰ 'ਤੇ ਪਰੇਸ਼ਾਨੀ ਅੱਡ।"

ਹਾਲਾਂਕਿ, ਇਸ ਕੇਸ ਵਿੱਚ ਮਿਲੇ ਜ਼ਖ਼ਮ ਅਜੇ ਵੀ ਪੂਰੀ ਤਰ੍ਹਾਂ ਨਹੀਂ ਭਰੇ ਹਨ। ਉਹ ਅਤੇ ਉਨ੍ਹਾਂ ਦੇ ਪਿਤਾ ਆਖਦੇ ਹਨ, "ਮੁਆਵਜ਼ਾ ਮਿਲ ਜਾਵੇ ਤਾਂ ਠੀਕ ਰਹਿੰਦਾ। ਇਸ 'ਤੇ ਸਾਡੇ ਲੱਖਾਂ ਰੁਪਏ ਲੱਗ ਗਏ।"

ਉਨ੍ਹਾਂ ਦੇ ਪਿਤਾ ਦਾ ਕਹਿਣਾ ਹੈ, "ਸਾਨੂੰ ਇਨਸਾਫ਼ ਮਿਲਿਆ ਪਰ ਪੂਰਾ ਨਹੀਂ ਮਿਲਿਆ। ਕਿਸੇ ਨੇ ਜੇਕਰ ਗ਼ਲਤ ਕੇਸ ਬਣਾਇਆ ਤਾਂ ਉਨ੍ਹਾਂ ਦੇ ਖ਼ਿਲਾਫ਼ ਵੀ ਕੁਝ ਹੋਣਾ ਚਾਹੀਦਾ ਸੀ ਨਾ?"

ਸੰਦੀਪ ਭਾਟੀ

ਤਸਵੀਰ ਸਰੋਤ, UGC

ਤਸਵੀਰ ਕੈਪਸ਼ਨ, ਪੁਲਿਸ ਨੇ ਦਸੰਬਰ 2020 ਵਿੱਚ ਦੋ ਵੀਡੀਓਜ਼ ਦੇ ਆਧਾਰ 'ਤੇ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ
ਇਹ ਵੀ ਪੜ੍ਹੋ-

ਅਧੂਰੇ ਵੀਡੀਓ ਦੇ ਆਧਾਰ ʼਤੇ ਕੇਸ

ਸਾਡੀ ਖੋਜ ਵਿੱਚ ਅਸੀਂ ਪਾਇਆ ਕਿ ਅਦਾਲਤ ਦੁਆਰਾ ਬਰੀ ਹੋਣ ਵਾਲੇ ਹਿੰਦੂ ਅਤੇ ਮੁਸਲਮਾਨ ਦੋਵੇਂ ਸ਼ਾਮਲ ਹਨ। ਇੰਨਾ ਹੀ ਨਹੀਂ, ਕਈ ਮਾਮਲਿਆਂ ਵਿੱਚ ਅਦਾਲਤ ਪੁਲਿਸ 'ਤੇ ਸਖ਼ਤ ਟਿੱਪਣੀਆਂ ਵੀ ਕਰ ਰਹੀ ਹੈ।

ਇਸ ਸਾਲ 8 ਜਨਵਰੀ ਨੂੰ ਇੱਕ ਮੁਲਜ਼ਮ, ਸੰਦੀਪ ਭਾਟੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਉਸ 'ਤੇ ਭੀੜ ਦਾ ਹਿੱਸਾ ਬਣਨ ਅਤੇ 25 ਸਾਲਾ ਸ਼ਾਹਰੁਖ ਨੂੰ ਕੁੱਟਣ ਦਾ ਇਲਜ਼ਾਮ ਲਗਾਇਆ ਗਿਆ ਸੀ।

ਸ਼ਾਹਰੁਖ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਮਾਮਲੇ ਵਿੱਚ, ਪੁਲਿਸ ਨੇ ਚੋਰੀ ਅਤੇ ਭੰਨਤੋੜ ਨਾਲ ਸਬੰਧਤ ਛੇ ਹੋਰ ਸ਼ਿਕਾਇਤਾਂ ਵੀ ਜੋੜੀਆਂ ਹਨ।

ਇੱਕ ਵੀਡੀਓ ਦੇ ਆਧਾਰ 'ਤੇ ਪੁਲਿਸ ਨੇ ਦਸੰਬਰ 2020 ਵਿੱਚ ਸੰਦੀਪ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਵੀਡੀਓ ਸੱਤ ਸਕਿੰਟ ਦਾ ਸੀ। ਪੁਲਿਸ ਨੇ ਦੱਸਿਆ ਕਿ ਵੀਡੀਓ ਵਿੱਚ ਸੰਦੀਪ ਪੀੜਤ ਨੂੰ ਮਾਰਦੇ ਹੋਏ ਦਿਖਾਈ ਦੇ ਰਹੇ ਹਨ।

ਸੰਦੀਪ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਅਸਲ ਵਿੱਚ ਇਹ ਵੀਡੀਓ 12 ਸਕਿੰਟਾਂ ਦਾ ਹੈ ਅਤੇ ਪੂਰੀ ਵੀਡੀਓ ਪੇਸ਼ ਕੀਤੀ।

ਵੀਡੀਓ ਦੇ ਪੰਜ ਸਕਿੰਟ, ਜੋ ਪੁਲਿਸ ਨੇ ਅਦਾਲਤ ਵਿੱਚ ਪੇਸ਼ ਨਹੀਂ ਕੀਤੇ ਸਨ, ਉਸ ਵਿੱਚ ਮੁਲਜ਼ਮ ਪੀੜਤ ਮਾਰਦੇ ਹੋਏ ਨਹੀਂ ਬਲਕਿ ਬਚਾਉਂਦੇ ਹੋਏ ਨਜ਼ਰ ਆ ਰਹੇ ਹਨ।

ਸੰਦੀਪ ਭਾਟੀ

ਤਸਵੀਰ ਸਰੋਤ, BBC/Seraj Ali

ਤਸਵੀਰ ਕੈਪਸ਼ਨ, ਸੰਦੀਪ ਭਾਟੀ ਨੂੰ ਲਗਭਗ ਚਾਰ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜ਼ਮਾਨਤ ਮਿਲ ਗਈ

ਕੜਕੜਡੂਮਾ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਪੁਲਸਤਿਆ ਪ੍ਰਮਾਚਲਾ ਨੇ ਆਪਣੇ ਫ਼ੈਸਲੇ ਵਿੱਚ ਕਿਹਾ, "ਪੁਲਿਸ ਕੋਲ ਪੂਰੀ ਵੀਡੀਓ ਸੀ ਪਰ ਉਨ੍ਹਾਂ ਨੇ ਇਸ ਨੂੰ ਇਸ ਤਰ੍ਹਾਂ ਕੱਟ ਦਿੱਤਾ ਕਿ ਉਹ ਪੰਜ ਸਕਿੰਟ ਨਾ ਨਜ਼ਰ ਆਉਣ, ਜਿਸ ਵਿੱਚ ਮੁਲਜ਼ਮ ਪੀੜਤ ਨੂੰ ਬਚਾ ਰਹੇ ਸਨ।"

"ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਾਂਚ ਅਧਿਕਾਰੀ ਨੇ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਅਤੇ ਮੁਲਜ਼ਮ ਨੂੰ ਝੂਠੇ ਇਲਜ਼ਾਮਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ।"

ਫ਼ੈਸਲੇ ਵਿੱਚ ਜੱਜ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਲਈ ਕਿਹਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਾਂਚ ਅਫ਼ਸਰ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਵੀ ਆਖੀ।

ਅਦਾਲਤ ਨੇ ਇਹ ਵੀ ਕਿਹਾ ਕਿ ਪੁਲਿਸ ਨੇ ਸਾਰੀਆਂ ਸ਼ਿਕਾਇਤਾਂ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ। ਅਦਾਲਤ ਅਨੁਸਾਰ, "ਜਾਂਚ ਅਧਿਕਾਰੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।" ਇਸ ਲਈ ਉਨ੍ਹਾਂ ਕਿਹਾ ਕਿ ਛੇ ਸ਼ਿਕਾਇਤਾਂ ਦੀ ਜਾਂਚ ਵੱਖਰੇ ਤੌਰ 'ਤੇ ਕੀਤੀ ਜਾਵੇਗੀ।

ਅਸੀਂ ਸੰਦੀਪ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਵੀ ਗਏ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਲਗਭਗ ਚਾਰ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਮਿਲੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਸਮੇਂ ਇਸ ਮਾਮਲੇ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ।

ਗੁਲਫਿਸ਼ਾ ਦੇ ਪਿਤਾ ਸਈਅਦ ਤਸਨੀਫ ਹੁਸੈਨ

ਤਸਵੀਰ ਸਰੋਤ, BBC/Seraj Ali

ਤਸਵੀਰ ਕੈਪਸ਼ਨ, ਗੁਲਫਿਸ਼ਾ ਦੇ ਪਿਤਾ ਸਈਅਦ ਤਸਨੀਫ ਹੁਸੈਨ ਆਪਣੀ ਧੀ ਰਾਹ ਤੱਕ ਰਹੇ ਹਨ

ਇਨ੍ਹਾਂ ਦਾ ਤਾਂ ਮੁਕੱਦਮਾ ਵੀ ਅਜੇ ਸ਼ੁਰੂ ਨਹੀਂ ਹੋਇਆ

ਇਸ ਦੇ ਨਾਲ ਹੀ ਕਈ ਲੋਕ ਅਜਿਹੇ ਹਨ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜੇਲ੍ਹ ਵਿੱਚ ਹਨ। ਉਨ੍ਹਾਂ ਦਾ ਮੁਕੱਦਮਾ ਅਜੇ ਵੀ ਸ਼ੁਰੂ ਨਹੀਂ ਹੋਇਆ ਹੈ।

ਅਜਿਹਾ ਹੀ ਇੱਕ ਮਾਮਲਾ ਐੱਫਆਈਆਰ ਨੰਬਰ 59/2020 ਦਾ ਹੈ। ਇਹ ਦਿੱਲੀ ਦੰਗਿਆਂ ਦੀ ਸਾਜ਼ਿਸ਼ ਨਾਲ ਜੁੜਿਆ ਹੋਇਆ ਹੈ।

ਪੁਲਿਸ ਦਾ ਇਲਜ਼ਾਮ ਹੈ ਕਿ ਜਦੋਂ ਨਾਗਰਿਕਤਾ ਸੋਧ ਕਾਨੂੰਨ ਜਾਂ ਸੀਏਏ ਵਿਰੁੱਧ ਦਸੰਬਰ 2019 ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਏ ਸਨ, ਤਾਂ ਇਸ ਨਾਲ ਜੁੜੇ ਕਾਰਕੁਨਾਂ ਅਤੇ ਵਿਦਿਆਰਥੀਆਂ ਨੇ ਦਿੱਲੀ ਵਿੱਚ ਦੰਗੇ ਕਰਵਾਉਣ ਦੀ ਸਾਜ਼ਿਸ਼ ਰਚੀ ਸੀ।

ਇਸ ਮਾਮਲੇ ਵਿੱਚ ਉਮਰ ਖ਼ਾਲਿਦ, ਸ਼ਰਜੀਲ ਇਮਾਮ, ਦੇਵਾਂਗਨਾ ਕਲਿਤਾ ਵਰਗੇ ਕੁੱਲ 20 ਮੁਲਜ਼ਮ ਹਨ।

ਇਨ੍ਹਾਂ ਵਿੱਚੋਂ ਛੇ ਨੂੰ ਜ਼ਮਾਨਤ ਮਿਲ ਗਈ ਹੈ ਅਤੇ ਬਾਕੀ ਅਜੇ ਵੀ ਜੇਲ੍ਹ ਵਿੱਚ ਹਨ। ਇਨ੍ਹਾਂ ਸਾਰਿਆਂ 'ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਯਾਨੀ ਕਿ ਯੂਏਪੀਏ ਦੇ ਤਹਿਤ ਇਲਜ਼ਾਮ ਲਗਾਏ ਗਏ ਹਨ। ਇਹ ਅੱਤਵਾਦ ਨਾਲ ਸਬੰਧਤ ਕਾਨੂੰਨ ਹੈ। ਇਸ ਵਿੱਚ ਜ਼ਮਾਨਤ ਮਿਲਣਾ ਮੁਸ਼ਕਲ ਹੁੰਦਾ ਹੈ।

ਇਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਗੁਲਫਿਸ਼ਾ ਫਾਤਿਮਾ ਹੈ। ਗੁਲਫਿਸ਼ਾ ਸੀਏਏ ਨਾਲ ਸਬੰਧਤ ਵਿਰੋਧ ਪ੍ਰਦਰਸ਼ਨ ਵਿੱਚ ਵੀ ਸ਼ਾਮਲ ਸਨ। ਉਨ੍ਹਾਂ ਨੇ ਗਾਜ਼ੀਆਬਾਦ ਦੇ ਇੰਸਟੀਚਿਊਟ ਆਫ਼ ਮੈਨੇਜਮੈਂਟ ਐਜੂਕੇਸ਼ਨ ਤੋਂ ਐੱਮਬੀਏ ਕੀਤੀ ਹੈ। ਉਹ ਪੀਐੱਚਡੀ ਕਰਨਾ ਚਾਹੁੰਦੇ ਸਨ।

ਪੁਲਿਸ ਦਾ ਇਲਜ਼ਾਮ ਹੈ ਕਿ ਗੁਲਫਿਸ਼ਾ ਉਨ੍ਹਾਂ ਮੀਟਿੰਗਾਂ ਦਾ ਹਿੱਸਾ ਸੀ ਜਿੱਥੇ ਚੱਕਾ ਜਾਮ ਅਤੇ ਹਿੰਸਾ ਕਰਨ ਦੀਆਂ ਸਾਜਿਸ਼ਾਂ ਰਚੀਆਂ ਰਹੀਆਂ ਸਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਕੁਝ ਔਰਤਾਂ ਨੂੰ ਪੁਲਿਸ ਅਤੇ ਹਿੰਦੂਆਂ 'ਤੇ ਹਮਲਾ ਕਰਨ ਲਈ ਪੱਥਰ ਅਤੇ ਮਿਰਚਾਂ ਦਾ ਪਾਊਡਰ ਵੀ ਦਿੱਤਾ ਸੀ।

ਗੁਲਫਿਸ਼ਾ ਅਪ੍ਰੈਲ 2020 ਤੋਂ ਜੇਲ੍ਹ ਵਿੱਚ ਹਨ। ਜਦੋਂ ਉਹ ਜੇਲ੍ਹ ਗਏ ਤਾਂ ਉਹ 28 ਸਾਲਾਂ ਦੇ ਸਨ। ਗੁਲਫਿਸ਼ਾ ਵਿਰੁੱਧ ਚਾਰ ਮਾਮਲੇ ਹਨ। ਇਨ੍ਹਾਂ ਵਿੱਚੋਂ ਤਿੰਨ ਮਾਮਲਿਆਂ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।

ਗੁਲਫਿਸ਼ਾ ਦੀ ਮਾਂ ਸ਼ਕਰਾ ਬੇਗਮ

ਤਸਵੀਰ ਸਰੋਤ, BBC/Seraj Ali

ਤਸਵੀਰ ਕੈਪਸ਼ਨ, ਗੁਲਫਿਸ਼ਾ ਦੀ ਮਾਂ ਸ਼ਕਰਾ ਬੇਗਮ ਆਪਣੀ ਧੀ ਦੀ ਗੱਲ ਕਰਦਿਆਂ ਰੋ ਪੈਂਦੇ ਹਨ

ਸੀਲਮਪੁਰ ਵਿੱਚ ਰਹਿਣ ਵਾਲੇ ਉਨ੍ਹਾਂ ਮਾਪਿਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਮਾਮਲਿਆਂ ਦੇ ਖ਼ਤਮ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਗੁਲਫਿਸ਼ਾ ਦੇ ਪਿਤਾ ਸਈਅਦ ਤਸਨੀਫ਼ ਹੁਸੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੰਵਿਧਾਨ ਅਤੇ ਅਦਾਲਤਾਂ ਵਿੱਚ ਵਿਸ਼ਵਾਸ ਹੈ।

ਪਰ ਉਹ ਕਹਿੰਦੇ ਹਨ, "ਦਿਨ ਤਾਂ ਗੁਜ਼ਰ ਜਾਂਦੇ ਹਨ ਪਰ ਰਾਤਾਂ ਨਹੀਂ ਕੱਟਦੀਆਂ। ਕਦੇ-ਕਦੇ ਤਾਂ ਡਰ ਲੱਗਦਾ ਹੈ ਕਿ ਮਿਲ ਵੀ ਸਕਾਂਗਾ ਜਾਂ ਨਹੀਂ। ਉਹ ਬਾਹਰ ਆਵੇ, ਉਸ ਤੋਂ ਪਹਿਲਾਂ ਕਿਤੇ ਮੈਂ ਨਾਲ ਚਲਾ ਜਾਵਾਂ।"

ਤਸਨੀਫ਼ ਹੁਸੈਨ ਦਾ ਕਹਿਣਾ ਹੈ, "ਕੁਝ ਪਤਾ ਨਹੀਂ ਕਿ ਕਿੰਨਾ ਸਮਾਂ ਲੱਗੇਗਾ। ਸਾਨੂੰ ਸ਼ੁਰੂ ਤੋਂ ਲੱਗ ਰਿਹਾ ਸੀ ਕਿ ਉਹ ਹੁਣ ਬਾਹਰ ਆਵੇਗੀ, ਹੁਣ ਬਾਹਰ ਆਵੇਗੀ।"

ਆਪਣੀ ਧੀ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਦੀਆਂ ਅੱਖਾਂ ਉਦਾਸੀ ਅਤੇ ਮਾਣ ਨਾਲ ਚਮਕ ਜਾਂਦੀਆਂ ਹਨ। ਉਹ ਕਹਿੰਦੇ ਹਨ, "ਉਹ ਮੇਰਾ ਕੋਹਿਨੂਰ ਹੈ। ਮੈਨੂੰ ਨਹੀਂ ਪਤਾ ਕਿ ਚਮਕ ਆਵੇਗੀ ਜਾਂ ਜੰਗ ਲੱਗੇਗਾ। ਪਰ ਉਹ ਮੇਰਾ ਕੋਹਿਨੂਰ ਹੈ, ਜਿਸ ਦੀ ਕੋਈ ਕੀਮਤ ਨਹੀਂ ਹੈ।"

ਧੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੀ ਮਾਂ ਸ਼ਕਰਾ ਬੇਗ਼ਮ ਰੋ ਪੈਂਦੇ ਹਨ, "ਪਤਾ ਨਹੀਂ ਕਿ ਇੰਨੀ ਵੱਡੀ ਸਮੱਸਿਆ ਕਿਵੇਂ ਆ ਗਈ। ਅਸੀਂ ਤਾਂ ਪੜ੍ਹੇ-ਲਿਖੇ ਵੀ ਨਹੀਂ ਸੀ। ਇਸੇ ਲਈ ਪੜਾਇਆ ਸੀ ਕਿ ਬੱਚਿਆਂ ਨੂੰ ਕੋਈ ਸਮੱਸਿਆ ਨਾ ਆਵੇ। ਹੁਣ ਪੜ੍ਹਾਉਣ ਨਾਲ ਇੰਨੀ ਵੱਡੀ ਸਮੱਸਿਆ ਆ ਗਈ ਹੈ ਕੁਝ ਨਾ ਪੁੱਛੋ।"

ਉਨ੍ਹਾਂ ਦੀ ਧੀ ਜੇਲ੍ਹ ਵਿੱਚ ਬੰਦ ਹੈ, ਪਰ ਮਾਂ ਲਈ ਸਮਾਂ ਜਿਵੇਂ ਰੁਕ ਜਿਹਾ ਗਿਆ ਹੋਵੇ। ਉਨ੍ਹਾਂ ਦਾ ਕਹਿਣਾ ਹੈ, "ਅਸੀਂ ਵੀ ਆਪਣਾ ਸਮਾਂ ਕੱਟ ਰਹੇ ਹਾਂ। ਇਸ ਚੱਕਰ ਵਿੱਚ ਅੱਧੇ ਹੋ ਗਏ ਹਾਂ।"

ਗੁਲਫਿਸ਼ਾ ਦੇ ਮਾਪੇ ਹਰ ਹਫ਼ਤੇ ਉਨ੍ਹਾਂ ਨਾਲ ਵੀਡੀਓ ਕਾਲ 'ਤੇ ਗੱਲ ਕਰਦੇ ਹਨ। ਮੁਲਾਕਾਤ ਅਦਾਲਤ ਵਿੱਚ ਹੋ ਜਾਂਦੀ ਹੈ। ਦੋਵੇਂ ਕਹਿੰਦੇ ਹਨ ਕਿ ਜੇਲ੍ਹ ਵਿੱਚ ਹੋਣ ਦੇ ਬਾਵਜੂਦ ਵੀ ਗੁਲਫਿਸ਼ਾ ਹੀ ਉਨ੍ਹਾਂ ਦਾ ਹੌਸਲਾ ਵਧਾਉਂਦੀ ਹੈ।

ਪੰਜ ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ। 28 ਸਾਲਾਂ ਦੀ ਧੀ 33 ਸਾਲਾਂ ਦੀ ਹੋ ਗਈ। ਘਰ ਵਿੱਚ ਉਨ੍ਹਾਂ ਦੀਆਂ ਫੋਟੋਆਂ ਪੁਰਾਣੀਆਂ ਹੋ ਗਈਆਂ ਹਨ।

ਪਹਿਲਾਂ ਉਹ ਜੇਲ੍ਹ ਤੋਂ ਚਿੱਠੀਆਂ ਲਿਖਦੀ ਹੁੰਦੀ ਸੀ, ਪਰ ਹੁਣ ਇਹ ਬੰਦ ਹੋ ਗਿਆ ਹੈ। ਉਨ੍ਹਾਂ ਦੀ ਮਾਂ ਕਹਿੰਦੇ ਹਨ, "ਹੁਣ ਉਹ ਚਿੱਠੀਆਂ ਨਹੀਂ ਭੇਜਦੀ ਕਿਉਂਕਿ ਜਦੋਂ ਮੇਰੇ ਪਤੀ ਚਿੱਠੀਆਂ ਪੜ੍ਹਦੇ ਸੀ, ਤਾਂ ਉਹ ਰੋਂਦੇ ਸੀ। ਇਹ ਸੋਚ ਕੇ ਕਿ ਚਿੱਠੀ ਪੜ੍ਹ ਕੇ ਪਿਤਾ ਜੀ ਪਰੇਸ਼ਾਨ ਹੋਣਗੇ, ਉਸ ਨੇ ਲਿਖਣਾ ਬੰਦ ਕਰ ਦਿੱਤਾ।"

ਤਸਨੀਫ਼ ਕਹਿੰਦੇ ਹਨ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਇੱਕ ਦਿਨ ਉਹ ਗੁਲਫਿਸ਼ਾ ਨੂੰ ਜੇਲ੍ਹ ਦੇ ਬਾਹਰ ਲੈਣ ਜਾਣ। ਉਨ੍ਹਾਂ ਨੂੰ ਅਜੇ ਵੀ ਮਾਣ ਹੈ ਕਿ "ਪੰਜ ਸਾਲ ਬਾਅਦ ਵੀ ਲੋਕ ਇਸ ਬਾਰੇ ਪੁੱਛਦੇ ਹਨ। ਲੋਕ ਇਸ ਨੂੰ ਭੁੱਲੇ ਨਹੀਂ ਹਨ।"

ਗੁਲਫਿਸ਼ਾ ਫਾਤਿਮਾ ਦੀਆਂ ਫੋਟੋਆਂ ਅਤੇ ਜੇਲ੍ਹ ਤੋਂ ਲਿਖੀਆਂ ਚਿੱਠੀਆਂ

ਤਸਵੀਰ ਸਰੋਤ, BBC/Seraj Ali

ਤਸਵੀਰ ਕੈਪਸ਼ਨ, ਗੁਲਫਿਸ਼ਾ ਫਾਤਿਮਾ ਦੀਆਂ ਫੋਟੋਆਂ ਅਤੇ ਜੇਲ੍ਹ ਤੋਂ ਲਿਖੀਆਂ ਚਿੱਠੀਆਂ

ਇੰਨਾ ਸਮਾਂ ਕਿਉਂ ਲੱਗ ਰਿਹਾ ਹੈ?

ਇਸ ਮਾਮਲੇ ਵਿੱਚ ਕੜਕੜਡੂਮਾ ਕੋਰਟ ਨੇ ਉਨ੍ਹਾਂ ਦੀ ਜ਼ਮਾਨਤ ਨੂੰ ਠੁਕਰਾਇਆ ਸੀ। ਦਿੱਲੀ ਹਾਈ ਕੋਰਟ ਵਿੱਚ ਉਨ੍ਹਾਂ ਦੀ ਜ਼ਮਾਨਤ ਦੀ ਪਟੀਸ਼ਨ ਲੰਬਿਤ ਹੈ ਅਤੇ ਸੁਣਵਾਈ ਹੌਲੀ ਗਤੀ ਨਾਲ ਚੱਲ ਰਹੀ ਹੈ।

ਮਹੀਨਿਆਂ ਦੀ ਸੁਣਵਾਈ ਤੋਂ ਬਾਅਦ, ਇੱਕ ਜੱਜ ਦਾ ਤਬਾਦਲਾ ਹੋ ਗਿਆ ਤਾਂ ਹੁਣ ਜ਼ਮਾਨਤ ਪਟੀਸ਼ਨ ਫਿਰ ਤੋਂ ਸੁਣੀ ਜਾ ਰਹੀ ਹੈ।

ਹਾਲੀਆ ਸੁਣਵਾਈ ਵਿੱਚ ਅਜੇ ਵੀ ਜੱਜ ਨੇ ਸਰਕਾਰ ਦੇ ਵਕੀਲ ਨੂੰ ਕਿਹਾ ਹੈ ਕਿ ਉਹ ਜ਼ਮਾਨਤ ਦੀ ਪਟੀਸ਼ਨ ʼਤੇ ਬਹਿਸ ਵਿੱਚ ਇੰਨਾ ਸਮਾਂ ਨਹੀਂ ਲੈ ਸਕਦੇ ਅਤੇ ਉਨ੍ਹਾਂ ਨੂੰ ਸੰਖੇਪ ਵਿੱਚ ਕੇਸ ਸਮਝਾਉਣ ਨੂੰ ਕਿਹਾ।

ਉੱਥੇ ਹੀ ਕੇਸ ਵਿੱਚ ਅਜੇ ਪੁਲਿਸ ਨੇ ਪੰਜ ਚਾਰਜਸ਼ੀਟ ਦਾਖ਼ਲ ਕੀਤੀਆਂ ਹਨ ਪਰ ਹੁਣ ਤੱਕ ਮੁਕੱਦਮਾ ਸ਼ੁਰੂ ਨਹੀਂ ਹੋਇਆ ਹੈ। ਕੜਕੜਡੂਮਾ ਕੋਰਟ ਅਜੇ ਇਸ ਗੱਲ ʼਤੇ ਸੁਣਵਾਈ ਕਰ ਰਹੀ ਹੈ ਕਿ ਚਾਰਜਸ਼ੀਟ ਦੇ ਆਧਾਰ ʼਤੇ ਕੀ ਕੇਸ ਬਣਦਾ ਹੈ।

ਇਸ ਤੋਂ ਬਾਅਦ ਜੇਕਰ ਅਦਾਲਤ ਨੇ ਪੁਲਿਸ ਦੀ ਚਾਰਜਸ਼ੀਟ ਨੂੰ ਸਹੀ ਮੰਨਿਆ ਤਾਂ ਮੁਕੱਦਮਾ ਸ਼ੁਰੂ ਹੋਵੇਗਾ।

ਕਾਨੂੰਨ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕਈ ਮੁਲਜ਼ਮ ਹੋਣ ਕਾਰਨ ਅਜੇ ਇਸੇ ਪੜਾਅ ਉੱਤੇ ਲੰਬੀ ਬਹਿਸ ਚੱਲੇਗੀ।

ਇਸ ਕੇਸ ਵਿੱਚ ਹੁਣ ਤੱਕ ਕਈ ਕਾਰਨਾਂ ਕਾਰਨ ਦਿੱਕਤਾਂ ਆਈਆਂ ਹਨ। ਪਹਿਲਾਂ ਕੁਝ ਮਹੀਨੇ ਇਸ ਗੱਲ ʼਤੇ ਕੇਸ ਅਟਕਿਆਂ ਹੋਇਆ ਸੀ ਕਿ ਮੁਲਜ਼ਮਾਂ ਨੂੰ ਉਨ੍ਹਾਂ ਖ਼ਿਲਾਫ਼ ਇਲਜ਼ਾਮਾਂ ਦੀ ਫੋਟੋਕਾਪੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ।

ਇਸ ਉੱਤੇ ਹਾਈਕੋਰਟ ਵਿੱਚ ਬਹਿਸ ਹੋਈ। ਪੁਲਿਸ ਨੇ ਸ਼ੁਰੂ ਵਿੱਚ ਕਿਹਾ ਕਿ ਹਜ਼ਾਰਾਂ ਪੰਨਿਆਂ ਦੀ ਚਾਰਜਸ਼ੀਟ ਦੀ ਕਾਪੀ ਬਣਾਉਣ ਵਿੱਚ ਬਹੁਤ ਖਰਚ ਆਵੇਗਾ।

ਫਿਰ, ਕੁਝ ਮੁਲਜ਼ਮਾਂ ਨੇ ਇਹ ਮੰਗਿਆ ਕਿ ਪੁਲਿਸ ਪਹਿਲਾਂ ਇਹ ਸਪੱਸ਼ਟ ਕਰ ਦਈਏ ਕਿ ਉਨ੍ਹਾਂ ਦੀ ਜਾਂਚ ਪੂਰੀ ਹੋਈ ਹੈ ਜਾਂ ਨਹੀਂ। ਅਜਿਹਾ ਇਸ ਲਈ ਹੋਇਆ ਕਿਉਂਕਿ ਘਟਨਾ ਦੇ ਤਿੰਨ ਸਾਲ ਬਾਅਦ ਤੱਕ ਪੁਲਿਸ ਨਵੇਂ ਚਾਰਜਸ਼ੀਟ ਦਾਖ਼ਲ ਕਰ ਰਹੀ ਸੀ ਅਤੇ ਸਾਰਿਆਂ ਵਿੱਚ ਇਹ ਕਹਿ ਰਹੀ ਸੀ ਕਿ ਜਾਂਚ ਅਜੇ ਵੀ ਜਾਰੀ ਹੈ।

ਮੁਲਜ਼ਮਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡਰ ਸੀ ਕਿ ਜੇਕਰ ਉਹ ਕੇਸ ਵਿੱਚ ਖ਼ਾਮੀਆਂ ਦੱਸਣਗੇ ਤਾਂ ਫਿਰ ਪੁਲਿਸ ਨਵੀਂ ਚਾਰਜਸ਼ੀਟ ਦਾਖ਼ਲ ਕਰ ਕੇ ਉਨ੍ਹਾਂ ਖ਼ਾਮੀਆਂ ਨੂੰ ਪੂਕਾ ਕਰ ਸਕਦੀ ਹੈ।

ਲੰਬੀ ਬਹਿਸ ਤੋਂ ਬਾਅਦ ਜਦੋਂ ਜੱਜ ਨੇ ਆਦੇਸ਼ ਦਿੱਤਾ ਉਦੋਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਪੂਰੀ ਹੋ ਗਈ ਹੈ। ਇਸ ਵਿੱਚ ਇੱਕ ਸਾਲ ਲੱਗ ਗਿਆ।

ਜਦੋਂ ਅਸੀਂ ਗੁਲਫਿਸ਼ਾ ਦੇ ਪਿਤਾ ਨੂੰ ਇਹ ਪੁੱਛਿਆ ਕਿ ਤੁਸੀਂ ਕਦੇ ਸੋਚਿਆਂ ਹੈ ਕਿ ਜਦੋਂ ਉਹ ਜੇਲ੍ਹ ਵਿੱਚੋਂ ਛੁਟ ਕੇ ਆਵੇਗੀ ਤਾਂ ਤੁਸੀਂ ਉਸ ਨੂੰ ਕੀ ਕਹੋਗੇ?

ਪਿਤਾ ਕਹਿੰਦੇ ਹਨ, "ਇਹ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਕਦੇ-ਕਦੇ ਖੁਸ਼ੀ ਮਹਿੰਗੀ ਪੈ ਜਾਂਦੀ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)