ਕੋਰੋਨਾ: ਪੰਜਾਬ ਸਣੇ ਭਾਰਤ 'ਚ ਕਿੰਨੇ ਕੇਸ, ਸਰਕਾਰਾਂ ਦੀਆਂ ਕੀ ਤਿਆਰੀਆਂ ਤੇ ਸਫ਼ਰ ਕਰਨ ਵਾਲਿਆਂ ਲਈ ਇਹ ਨਵੀਆਂ ਹਦਾਇਤਾਂ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਭਾਰਤ ਸਰਕਾਰ ਵੀ ਹੋਈ ਸਰਗਰਮ

ਚੀਨ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਨਾਲ ਭਾਰਤ ਸਮੇਤ ਦੁਨੀਆਂ ਭਰ ਦੇ ਦੇਸ਼ ਮੁੜ ਕੋਵਿਡ ਨਾਲ ਨਜਿੱਠਣ ਲਈ ਆਪਣੀਆਂ ਤਿਆਰੀਆਂ ’ਚ ਜੁਟ ਗਏ ਹਨ।

ਚੀਨ ਵਿੱਚ ਤੇਜ਼ੀ ਨਾਲ ਫ਼ੈਲ ਰਹੇ ਮਾਮਲਿਆਂ ਲਈ ਕੋਰੋਨਾਵਾਇਰਸ ਦੇ ਓਮੀਕਰੋਨ ਸਬਵੇਰੀਐਂਟ ਬੀਐੱਫ਼.7 (BF.7) ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਹੁਣ ਤੱਕ ਭਾਰਤ ਵਿੱਚ ਵੀ ਇਸ ਵੇਰੀਐਂਟ ਦੇ ਚਾਰ ਮਾਮਲੇ ਸਾਹਮਣੇ ਆ ਚੁੱਕੇ ਹਨ।

ਭਾਰਤ ਵਿੱਚ ਪਹਿਲਾਂ ਬੀਐੱਫ਼.7 ਦਾ ਮਾਮਲਾ ਅਕਤੂਬਰ ਵਿੱਚ ਗੁਜਰਾਤ ਬਾਇਓਟੈਕਨਾਲਜੀ ਰਿਸਰਚ ਸੈਂਟਰ ਵਿੱਚ ਸਾਹਮਣੇ ਆਇਆ ਸੀ।

ਇਹ ਮਾਮਲੇ ਜੁਲਾਈ, ਸਤੰਬਰ ਤੇ ਨਵੰਬਰ ਮਹੀਨੇ ਸਾਹਮਣੇ ਆਏ ਸੀ ਤੇ ਹੁਣ ਇਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਨੇਜ਼ਲ ਕੋਵਿਡ ਵੈਕਸੀਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨੱਕ ਰਾਹੀਂ ਲਈ ਜਾਣ ਵਾਲੀ ਇਸ ਵੈਕਸੀਨ ਲਈ ਟੀਕੇ ਦੀ ਲੋੜ ਨਹੀਂ ਹੋਵੇਗੀ (ਸੰਕੇਤਕ ਤਸਵੀਰ)

ਨੇਜ਼ਲ ਵੈਕਸੀਨ ਨੂੰ ਭਾਰਤ ਸਰਕਾਰ ਦੀ ਮਨਜ਼ੂਰੀ

ਭਾਰਤ ਸਰਕਾਰ ਨੇ ਭਾਰਤ ਬਾਇਓਟੈਕ ਦੀ ਨੇਜ਼ਲ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਨੇਜ਼ਲ ਵੈਕਸੀਨ ਬੀਬੀਵੀ154 ਨੂੰ ਪਹਿਲਾਂ ਨਵੰਬਰ ਮਹੀਨੇ ਵਿੱਚ ਸੀਮਿਤ ਇਸਤੇਮਾਲ ਲਈ ਮਨਜ਼ੂਰੀ ਦਿੱਤੀ ਗਈ ਸੀ।

ਇਸ ਨੂੰ ਐਮਰਜੈਂਸੀ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਇੱਕ ਬੂਸਟਰ ਡੋਜ਼ ਵਜੋਂ ਮਨਜ਼ੂਰੀ ਮਿਲੀ ਸੀ।

ਨੱਕ ਰਾਹੀਂ ਲਈ ਜਾਣ ਵਾਲੀ ਇਸ ਵੈਕਸੀਨ ਲਈ ਟੀਕੇ ਦੀ ਲੋੜ ਨਹੀਂ ਹੋਵੇਗੀ ਤੇ ਇਹ ਨਿੱਜੀ ਕਲੀਨਿਕਾਂ 'ਤੇ ਉਪਲੱਬਧ ਹੋਵੇਗੀ।

ਜਲਦ ਹੀ ਇਸ ਨੂੰ ਕੋਵਿਨ ਪਲੇਟਫ਼ਾਰਮ 'ਤੇ ਵੀ ਲਾਂਚ ਕਰ ਦਿੱਤਾ ਜਾਵੇਗਾ।

ਮੰਨਿਆ ਜਾ ਰਿਹਾ ਹੈ ਕੋਵਿਡ ਟੀਕਾਕਰਨ ਅਭਿਆਨ 'ਚ ਵੀ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕੀਤੀ ਸਮੀਖਿਆ ਬੈਠਕ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਂਮਾਰੀ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਦੀ ਅਗਵਾਈ ਕੀਤੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਅਗਾਹ ਕਰਦਿਆਂ ਕਿਹਾ ਕਿ ਕੋਰੋਨਾ ਹਾਲੇ ਖ਼ਤਮ ਨਹੀਂ ਹੋਇਆ ਤੇ ਟੈਸਟਿੰਗ ਵਧਾਉਣ ਦੀ ਲੋੜ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਂਮਾਰੀ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਵੀਰਵਾਰ ਨੂੰ ਇੱਕ ਉੱਚ ਪੱਧਰੀ ਬੈਠਕ ਦੀ ਅਗਵਾਈ ਕੀਤੀ।

ਪ੍ਰਧਾਨ ਮੰਤਰੀ ਨੇ ਇਹ ਮੀਟਿੰਗ ਚੀਨ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸੱਦੀ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇੱਕ ਪ੍ਰੈੱਸ ਰੀਲੀਜ਼ ਜਾਰੀ ਕੀਤਾ ਗਿਆ।

ਜਿਸ ਮੁਤਾਬਕ ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਵਿੱਚ ਕੋਰੋਨਾ ਹਾਲੇ ਖ਼ਤਮ ਨਹੀਂ ਹੋਇਆ। ਉਨ੍ਹਾਂ ਅਧਿਕਾਰੀਆਂ ਨੂੰ ਨਿਗਰਾਨੀ ਵਧਾਉਣ ਲਈ ਕਿਹਾ, ਖ਼ਾਸ ਤੌਰ ’ਤੇ ਹਵਾਈ ਅੱਡਿਆਂ ਉੱਤੇ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਵਿੱਚ ਟੈਸਟ ਵਧਾਉਣ ਦੀ ਗੱਲ ਆਖੀ ਗਈ ਹੈ

ਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਯਕੀਨੀ ਬਣਾਇਆ ਜਾਵੇ ਕਿ ਹਸਪਤਾਲ, ਵੈਂਟੀਲੇਟਰ, ਆਕਸੀਜਨ ਸਲੰਡਰ, ਪੀਐੱਸਏ ਪਲਾਂਟ ਤੇ ਸਿਹਤ ਸੁਵਿਧਾਵਾਂ ਨਾਲ ਜੁੜੇ ਲੋਕਾਂ ਹਰ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਰਹਿਣ।

ਉਨ੍ਹਾਂ ਨੇ ਜੀਨੋਮ ਸੀਕਵੈਂਸਿੰਗ ਤੇ ਟੈਸਟਿੰਗ ਵਧਾਉਣ ਦੇ ਵੀ ਹੁਕਮ ਦਿੱਤੇ।

ਸੂਬਿਆਂ ਤੋਂ ਜੀਨੋਮ ਸੀਕਵੈਂਸਿੰਗ ਲਈ ਵੱਧ ਤੋਂ ਵੱਧ ਸੈਂਪਲ ਲਏ ਜਾਣ ਦੀ ਗੱਲ ਵੀ ਆਖੀ ਗਈ ਹੈ।

ਉਨ੍ਹਾਂ ਲੋਕਾਂ ਨੂੰ ਕੋਵਿਡ ਅਨੁਰੂਪ ਵਿਵਹਾਰ ਕਰਨ ਦੇ ਹੁਕਮ ਦਿੱਤੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਬਚਾਅ ਡੋਜ਼ ਲੈਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਦਵਾਈਆਂ ਦੀ ਸਪਲਾਈ ’ਤੇ ਨਜ਼ਰ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ ਜਾਵੇ।

ਇਸ ਤੋਂ ਪਹਿਲਾਂ ਅੱਜ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੰਸਦ ਵਿੱਚ ਕਿਹਾ ਸੀ ਕਿ ਦੁਨੀਆਂ ਵਿੱਚ ਕੋਰੋਨਾ ਲਾਗ਼ ਦੇ ਮਾਮਲਿਆਂ ਵਿੱਚ ਵਾਧਾ ਦਰਜ ਹੋ ਰਿਹਾ ਹੈ ਪਰ ਭਾਰਤ ਵਿੱਚ ਬੀਤੇ ਇੱਕ ਸਾਲ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਸੀ ਕਿ ਸਰਕਾਰ ਚੀਨ ਵਿੱਚ ਵੱਧ ਰਹੇ ਮਾਮਲਿਆਂ ’ਤੇ ਨਿਗ੍ਹਾ ਰੱਖ ਰਹੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਤੇ ਵੈਕਸੀਨ ਦੀ ਸਥਿਤੀ

ਭਾਰਤ ਵਿੱਚ ਕੇਂਦਰ ਤੇ ਸੂਬਾ ਪੱਧਰ ’ਤੇ ਉੱਚ ਅਧਿਕਾਰੀਆਂ ਵਲੋਂ ਲੋਕਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੰਦਿਆਂ ਕੋਵਿਡ ਅਨੁਕੂਲ ਰਵੱਈਆ ਅਪਣਾਉਣ ਦੀ ਗੱਲ ਆਖੀ ਜਾ ਰਹੀ ਹੈ।

ਭਾਰਤ ਵਿੱਚ ਕੋਰੋਨਾ ਦੇ ਮਾਮਲੇ ਵੀ ਮੁਕਾਬਲਤਨ ਘੱਟ ਹਨ।

ਭਾਰਤ ਸਰਕਾਰ ਦੀ ਵੈੱਬਸਾਈਟ ‘ਮਾਈ ਗਵਰਨਮੈਂਟ’ ਮੁਤਾਬਕ ਵੀਰਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੇ 185 ਮਾਮਲੇ ਦਰਜ ਕੀਤੇ ਗਏ।

ਇਸ ਦੇ ਨਾਲ ਹੀ ਭਾਰਤ ਵਿੱਚ ਕੋਰੋਨਾਵਾਇਰਸ ਦੇ ਕੁੱਲ 3402 ਸਰਗਰਮ ਮਾਮਲੇ ਹੋ ਗਏ ਹਨ।

ਕੋਰੋਨਾ ਤੋਂ ਹੋਣ ਵਾਲੀਆਂ ਮੌਤਾਂ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇਸ ਲਾਗ਼ ਨਾਲ ਇੱਕ ਵਿਅਕਤੀ ਦੀ ਮੌਤ ਹੋਈ।

ਉੱਥੇ ਹੀ 190 ਲੋਕ ਤੰਦਰੁਸਤ ਹੋ ਕੇ ਹਸਪਤਾਲਾਂ ਤੋਂ ਘਰਾਂ ਨੂੰ ਵੀ ਪਰਤੇ।

ਭਾਰਤ ਵਿੱਚ ਮਹਿਜ਼ ਵੀਰਵਾਰ ਨੂੰ 66,197 ਲੋਕਾਂ ਨੂੰ ਕੋਰੋਨਾ ਰੋਕਥਾਮ ਤੋਂ ਟੀਕਾ ਲਗਾਇਆ ਗਿਆ।

ਹੁਣ ਤੱਕ ਕੁੱਲ 20 ਕਰੋੜ ਤੋਂ ਵੱਧ ਲੋਕਾਂ ਦਾ ਟੀਕਾਕਰਨ ਹੋ ਚੁੱਕਿਆ ਹੈ।

ਕੋਰੋਨਾ ਜਾਂਚ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇੱਕ ਲੱਖ 25 ਹਜ਼ਾਰ ਦੇ ਕਰੀਬ ਲੋਕਾਂ ਦੇ ਟੈਸਟ ਮਹਿਜ਼ ਇੱਕ ਦਿਨ ਵਿੱਚ ਕੀਤੇ ਗਏ।

ਨਵਾਂ ਸਬਵੇਰੀਐਂਟ ਬੀਐੱਫ.7 ਕੀ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਕੋਰੋਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਇਸ ਦੇ ਕਈ ਰੂਪ ਬਦਲੇ।

ਜਦੋਂ ਵੀ ਕੋਈ ਵਾਇਰਸ ਬਦਲਦਾ ਹੈ, ਇਹ ਇੱਕ ਨਵੀਂ ਸ਼੍ਰੇਣੀ (ਲੀਨੀਏਜ) ਜਾਂ ਉਪ-ਸ਼੍ਰੇਣੀ ਸ਼ੁਰੂ ਕਰਦਾ ਹੈ। ਬੀਐੱਫ਼.7 ਵੀ ਇੱਕ ਪੁਰਾਣੇ ਵੇਰੀਐਂਟ ਬੀਏ.5.2.1.7 ਦਾ ਬਦਲਿਆ ਰੂਪ ਹੈ।

ਇਹ ਓਮੀਕਰੋਨ ਦੇ ਸਬਵੇਰੀਐਂਟ ਬੀਏA.5 ਤੋਂ ਹੀ ਬਦਲਕੇ ਬਣਿਆ ਸੀ।

ਇਸੇ ਮਹੀਨੇ, ਇੱਕ ਵਿਗਿਆਨਕ ਰਸਾਲੇ ਸੈੱਲ ਹੋਸਟ ਐਂਡ ਮਾਈਕ੍ਰੋਬ ਵਿੱਚ ਪ੍ਰਕਾਸ਼ਿਤ ਹੋਏ ਇੱਕ ਲੇਖ ਵਿੱਚ ਨਵੇਂ ਵੇਰੀਐਂਟ ਨੂੰ ਇਸਦੇ ਮੂਲ ਰੂਪ ਦੇ ਮੁਕਾਬਲੇ ਚਾਰ ਗੁਣਾ ਵੱਧ ਪ੍ਰਤੀਰੋਧਕ ਸ਼ਕਤੀ ਵਾਲਾ ਵਾਇਰਸ ਦੱਸਿਆ ਗਿਆ ਹੈ।

ਜਿਸਦਾ ਅਰਥ ਹੈ ਕਿ ਪ੍ਰਯੋਗਸ਼ਾਲਾ ਵਿੱਚ ਲਾਗ਼ ਪ੍ਰਭਾਵਿਤ ਜਾਂ ਕੋਰੋਨਾ ਤੋਂ ਰੋਕਥਾਮ ਲਈ ਟੀਕਾ ਲਗਵਾ ਚੁੱਕੇ ਮਨੁੱਖਾਂ ਵਿੱਚ ਬੀਐੱਫ਼.7 ਨੂੰ ਨਸ਼ਟ ਕਰਨ ਦੀ ਬਹੁਤ ਘੱਟ ਸਮਰੱਥਾ ਹੁੰਦੀ ਹੈ।

ਰਸਾਲੇ ਵਿੱਚ ਕਿਹਾ ਗਿਆ ਸੀ ਕਿ ਇਹ ਸਮਰੱਥਾ ਵੁਹਾਨ ਵਾਇਰਸ ਦੇ ਮੁਕਾਬਲੇ ਵੀ ਘੱਟ ਹੋ ਸਕਦੀ ਹੈ।

ਮੰਨਿਆ ਜਾ ਰਿਹਾ ਹੈ ਕਿ ਇਸ ਸਬਵੇਰੀਐਂਟ ਕਾਰਨ ਚੀਨ ਇਸ ਸਮੇਂ ਗੰਭੀਰ ਸੰਕਟ ਨਾਲ ਨਜਿੱਠ ਰਿਹਾ ਹੈ। ਇਸ ਵੇਰੀਐਂਟ ਵਿੱਚ ਲਾਗ਼ ਲੱਗਣ ਦੀ ਸਮਰੱਥਾ ਵੀ ਵਧੇਰੇ ਮਜ਼ਬੂਤ ​​ਦੱਸੀ ਜਾ ਰਹੀ ਹੈ।

ਕੁਝ ਰਿਪੋਰਟਾਂ ਮੁਤਾਬਕ, ਇਹ ਸਬਵੇਰੀਐਂਟ ਪਹਿਲਾਂ ਤੋਂ ਲਾਗ਼ ਪ੍ਰਭਾਵਿਤ ਲੋਕਾਂ ਜਾਂ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਵੀ ਲਾਗ਼ ਲਗਾ ਸਕਦਾ ਹੈ।

ਯੂਕੇ ਤੇ ਬੈਲਜੀਅਮ ’ਚ ਮਾਮਲੇ ਸਾਹਮਣੇ ਆਏ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਅਮਰੀਕਾ, ਯੂਕੇ, ਬੈਲਜੀਅਮ, ਜਰਮਨੀ, ਫਰਾਂਸ ਅਤੇ ਡੈਨਮਾਰਕ ਸਮੇਤ ਕਈ ਦੇਸ਼ਾਂ ਵਿੱਚ ਇਸ ਸਬਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ।

ਅਕਤੂਬਰ ਵਿੱਚ, ਅਮਰੀਕਾ ਵਿੱਚ ਕੁੱਲ ਕੋਰੋਨਾ ਦੇ ਮਾਮਲਿਆਂ ਦਾ 5 ਫ਼ੀਸਦ ਬੀਐੱਫ਼.7 ਵੇਰੀਐਂਟ ਤੋਂ ਲਾਗ਼ ਲੱਗਣ ਵਾਲੇ ਲੋਕਾਂ ਦਾ ਸੀ। ਇਸੇ ਤਰ੍ਹਾਂ ਯੂਕੇ ਵਿੱਚ ਇਹ ਦਰ 7.26 ਫ਼ੀਸਦ ਦੱਸੀ ਗਈ ਸੀ।

ਪੱਛਮੀ ਦੇਸ਼ਾਂ ਦੇ ਵਿਗਿਆਨੀ ਇਸ ਵੇਰੀਐਂਟ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ, ਪਰ ਇਨ੍ਹਾਂ ਦੇਸ਼ਾਂ ਵਿੱਚ ਬੀਐੱਫ਼.7 ਲਾਗ਼ ਦੇ ਮਾਮਲਿਆਂ ਵਿੱਚ ਨਾਟਕੀ ਤੌਰ 'ਤੇ ਕੋਈ ਵਾਧਾ ਨਹੀਂ ਹੋਇਆ ਹੈ।

ਜਨਵਰੀ 2022 ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਓਮੀਕਰੋਨ ਦੇ ਸਬਵੇਰੀਐਂਟ (ਉਪ ਰੂਪ) ਬੀਏ.1 ਅਤੇ ਬੀਏ.2 ਨੇ ਵਧੇਰੇ ਪ੍ਰਭਾਵਿਤ ਕੀਤੀ ਸੀ।

ਇਸ ਤੋਂ ਬਾਅਦ ਬੀ.ਏ.4 ਅਤੇ ਬੀ.ਏ.5 ਵਰਗੇ ਸਬਵੇਰੀਐਂਟ ਵੀ ਆਏ ਪਰ ਉਹ ਭਾਰਤ ਵਿੱਚ ਉਸ ਤਰ੍ਹਾਂ ਹਾਵੀ ਨਹੀਂ ਹੋਏ ਜਿਸ ਤਰ੍ਹਾਂ ਯੂਰਪੀ ਦੇਸ਼ਾਂ ਵਿੱਚ ਸਨ।

ਭਾਰਤ ਵਿੱਚ ਵੀ ਜਾਰੀ ਕੀਤੀਆਂ ਗਈਆਂ ਹਦਾਇਤਾਂ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ

ਚੀਨ 'ਚ ਕੋਰੋਨਾਵਾਇਰਸ ਦੇ ਲਾਗ਼ ਦੇ ਵਧਦੇ ਮਾਮਲਿਆਂ ਤੋਂ ਬਾਅਦ ਭਾਰਤ 'ਚ ਕੇਂਦਰ ਸਰਕਾਰ ਨੇ ਸਾਵਧਾਨੀ ਵਰਤਣ ਲਈ ਕਿਹਾ ਹੈ।

ਕੋਵਿਡ ਸਬੰਧੀ ਬਣੀ ਕੌਮੀ ਟਾਸਕ ਫੋਰਸ ਦੇ ਮੁਖੀ ਵੀਕੇ ਪਾਲ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਭਾਰਤ ਵਾਸੀਆਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਲੋੜੀਂਦੇ ਟੈਸਟ ਕੀਤੇ ਜਾ ਰਹੇ ਹਨ।

ਉਨ੍ਹਾਂ ਲੋਕਾਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਸਮੇਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਮੀਟਿੰਗ ਕੀਤੀ।

ਲਾਈਨ
ਲਾਈਨ

ਬੈਠਕ ਤੋਂ ਬਾਅਦ ਸਿਹਤ ਮੰਤਰੀ ਨੇ ਟਵੀਟ ਕੀਤਾ, “ਕੋਵਿਡ ਹਾਲੇ ਖ਼ਤਮ ਨਹੀਂ ਹੋਇਆ। ਮੈਂ ਸਾਰਿਆਂ ਨੂੰ ਸੁਚੇਤ ਰਹਿਣ ਅਤੇ ਸਖ਼ਤ ਤਰੀਕੇ ਨਾਲ ਚੌਕਸੀ ਰੱਖਣ ਲਈ ਕਿਹਾ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।”

ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਜੀਨੋਮ ਸੀਕਵੈਂਸਿੰਗ ਲਈ ਪ੍ਰਯੋਗਸ਼ਾਲਾਵਾਂ ਨੂੰ ਸੈਂਪਲ ਭੇਜਣ ਲਈ ਕਿਹਾ ਹੈ। ਤਾਂ ਜੋ ਵੇਰੀਐਂਟ ਅਤੇ ਸਬਵੇਰੀਐਂਟ ਦਾ ਪਤਾ ਲਗਾਇਆ ਜਾ ਸਕੇ।

ਦੂਜੇ ਦੇਸਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਏਅਰਪੋਰਟ ਉੱਤੇ ਰੈਂਡਮ ਕੋਰੋਨਾ ਟੈਸਟ ਕੀਤਾ ਜਾਵੇਗਾ।

ਭਾਰਤ ਦੇ ਹਸਪਤਾਲਾਂ ਵਿੱਚ ਤਿਆਰੀ ਦਾ ਜਾਇਜ਼ਾ ਲੈਣ ਲਈ ਆਉਂਦੇ ਹਫ਼ਤੇ ਇੱਕ ਮੌਕਡ੍ਰਿਲ ਕੀਤੀ ਜਾਵੇਗੀ ਜਿਸ ਵਿੱਚ ਇੱਕ ਹਸਪਤਾਲ ਵਿੱਚ ਖ਼ੁਦ ਸਿਹਤ ਮੰਤਰੀ ਹਿੱਸਾ ਲੈਣਗੇ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ

ਕੇਂਦਰੀ ਸਿਹਤ ਮੰਤਰੀ ਨੇ ਲੋਕ ਸਭਾ ਨੂੰ ਕੋਵਿਡ ਪ੍ਰਬੰਧਨ ਬਾਰੇ ਜਾਣੂ ਕਰਵਾਇਆ

ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਲੋਕ ਸਭਾ ਵਿੱਚ ਭਾਰਤ ਦੀ ਕੋਰੋਨਾ ਦੀ ਸੰਭਾਵਿਤ ਲਹਿਰ ਨਾਲ ਨਜਿੱਠਣ ਦੀ ਤਿਆਰੀ ਬਾਰੇ ਜਾਣਕਾਰੀ ਸਾਂਝੀ ਕੀਤੀ।

ਮਾਂਡਵੀਆ ਨੇ ਕਿਹਾ ਕਿ ਭਾਰਤ ਨੇ ਵੀਰਵਾਰ 22 ਦਸੰਬਰ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ਵਾਲੇ 2 ਫ਼ੀਸਦ ਯਾਤਰੀਆਂ ਦੀ ਰੈਂਡਮ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਹਰ ਕੋਵਿਡ ਕੇਸ ਦੀ ਜੀਨੋਮ ਸੀਕਵੈਂਸਿੰਗ ਸਮੇਂ ਸਿਰ ਕਰਨ ਲਈ ਕਿਹਾ ਗਿਆ ਹੈ।

ਅਜਿਹਾ ਕਰਨ ਨਾਲ ਅਧਿਕਾਰੀਆਂ ਨੂੰ ਕੋਵਿਡ ਦੇ ਨਵੇਂ ਰੂਪਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਤੇ ਬੀਮਾਰੀ ਮੁਤਾਬਕ ਇਲਾਜ ਮੁਹੱਈਆ ਕਰਵਾਇਆ ਜਾ ਸਕੇਗਾ।

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਕ੍ਰਿਸਮਿਸ ਅਤੇ ਨਵੇਂ ਸਾਲ ਸਮੇਤ ਆਉਣ ਵਾਲੇ ਤਿਉਹਾਰਾਂ ਦੇ ਮੱਦੇਨਜ਼ਰ ਸੂਬਿਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਸੂਬਾ ਪੱਧਰ ’ਤੇ ਸਿਹਤ ਅਧਿਕਾਰੀਆਂ ਨੂੰ ਮਾਸਕ ਪਹਿਨਣ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਲੋੜ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਕਿਹਾ।

ਸੂਬਿਆਂ ਨੂੰ ਇਹ ਵੀ ਕਿਹਾ ਗਿਆ ਕਿ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਤਾਂ ਜੋ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਵਿੱਚ ਮਦਦ ਮਿਲ ਸਕੇ।

ਮਾਂਡਵੀਆ ਨੇ ਕਿਹਾ ਕਿ ਕੋਰੋਨਵਾਇਰਸ ਦੀ ਲਗਾਤਾਰ ਬਦਲ ਰਹੀ ਪ੍ਰਕਿਰਤੀ ਵਿਸ਼ਵਵਿਆਪੀ ਸਿਹਤ ਲਈ ਖ਼ਤਰਾ ਬਣ ਰਹੀ ਹੈ।

ਉਨ੍ਹਾ ਕਿਹਾ,“ਪਿਛਲੇ ਕੁਝ ਦਿਨਾਂ ਤੋਂ, ਵਿਸ਼ਵ ਵਿੱਚ ਕੋਵਿਡ ਦੇ ਕੇਸ ਵੱਧ ਰਹੇ ਹਨ, ਪਰ ਭਾਰਤ ਵਿੱਚ, ਕੇਸ ਘੱਟ ਰਹੇ ਹਨ। ਅਸੀਂ ਚੀਨ ਵਿੱਚ ਕੋਵਿਡ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ’ਤੇ ਨਜ਼ਰ ਰੱਖ ਰਹੇ ਹਾਂ।”

ਮਾਂਡਵੀਆ ਨੇ ਲੋਕਾਂ ਨੂੰ ਕਰੋਨਾਵਾਇਰਸ ਵੈਕਸੀਨ ਅਤੇ ਬੂਸਟਰ ਸ਼ਾਟ ਲੈਣ ਦੀ ਅਪੀਲ ਵੀ ਕੀਤੀ।

ਉਨ੍ਹਾਂ ਕਿਹਾ, “ਸਿਹਤ ਵਿਭਾਗ ਕੋਵਿਡ -19 ਮਹਾਂਮਾਰੀ ਦੇ ਪ੍ਰਬੰਧਨ ਵਿੱਚ ਕਾਫ਼ੀ ਸਰਗਰਮ ਰਿਹਾ ਹੈ। ਕੇਂਦਰ ਸਰਕਾਰ ਨੇ ਮਹਾਂਮਾਰੀ ਨਾਲ ਲੜਨ ਲਈ ਸੂਬਿਆਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਹੈ। ਹੁਣ ਤੱਕ, ਕੋਵਿਡ ਵੈਕਸੀਨ ਦੇ 220 ਕਰੋੜ ਸ਼ਾਟ ਦਿੱਤੇ ਜਾ ਚੁੱਕੇ ਹਨ।”

ਕੌਮਾਂਤਰੀ ਯਾਤਰੀਆਂ ਲਈ ਨਿਯਮ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਭਾਰਤ ਸਰਕਾਰ ਨੇ ਕਈ ਦੇਸ਼ਾਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਕੌਮਾਂਤਰੀ ਯਾਤਰੀਆਂ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।

ਨਵੇਂ ਨਿਯਮ ਵਿਦੇਸ਼ਾਂ ਤੋਂ ਹਵਾਈ ਅੱਡਿਆਂ, ਬੰਦਰਗਾਹਾਂ ਤੇ ਜ਼ਮੀਨੀ ਸਰਹੱਦਾਂ ਜ਼ਰੀਏ ਭਾਰਤ ਆਉਣ ਵਾਲੇ ਯਾਤਰੀਆਂ ’ਤੇ ਲਾਗੂ ਹੋਣਗੇ।

ਇਨ੍ਹਾਂ ਨਿਯਮਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਪਹਿਲਾ ਯਾਤਰਾ ਦੀ ਤਿਆਰੀ ਦੌਰਾਨ, ਦੂਜਾ ਯਾਤਰਾ ਤੇ ਤੀਜਾ ਯਾਤਰਾ ਖ਼ਤਮ ਹੋਣ ’ਤੇ

  • ਸਾਰੇ ਯਾਤਰੀਆਂ ਨੂੰ ਉਨ੍ਹਾਂ ਦੇ ਦੇਸ਼ ਵਿੱਚ ਟੀਕਾਕਰਨ ਦੇ ਨਿਯਮਾਂ ਮੁਤਾਬਕ ਟੀਕਾ ਲੱਗਿਆ ਹੋਵੇ
  • ਫਲਾਇਟ ਜਾਂ ਸਫ਼ਰ ਦੌਰਾਨ ਅਤੇ ਸਾਰੇ ਪ੍ਰਵੇਸ਼ ਰਾਹਾਂ 'ਤੇ ਕੋਰੋਨਾ ਮਹਾਮਾਰੀ ਦੇ ਸਬੰਧ ਵਿੱਚ ਘੋਸ਼ਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਲਾਗ਼ ਤੋਂ ਬਚਣ ਲਈ ਉਪਾਵਾਂ (ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਬਣਾਈ ਰੱਖਣਾ) ਦੀ ਪਾਲਣਾ ਕਰਨ ਸਬੰਧੀ ਐਲਾਨ ਕੀਤੇ ਜਾਣ
  • ਜੇਕਰ ਯਾਤਰਾ ਦੌਰਾਨ ਕਿਸੇ ਯਾਤਰੀ ਵਿੱਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਹਨ, ਤਾਂ ਉਸ ਨੂੰ ਨਿਰਧਾਰਤ ਨਿਯਮਾਂ ਅਨੁਸਾਰ ਅਲੱਗ ਕਰ ਦਿੱਤਾ ਜਾਵੇਗਾ। ਉਸ ਯਾਤਰੀ ਨੇ ਮਾਸਕ ਪਾਇਆ ਹੋਇਆ ਹੋਵੇ ਅਤੇ ਉਸ ਨੂੰ ਇਲਾਜ ਲਈ ਇਕਾਂਤਵਾਸ ਵਿੱਚ ਭੇਜਿਆ ਜਾਵੇਗਾ।
  • ਯਾਤਰਾ ਖ਼ਤਮ ਹੋਣ 'ਤੇ, ਯਾਤਰੀਆਂ ਨੂੰ ਸਮਾਜਿਕ ਦੂਰੀ ਦੇ ਨਾਲ ਉਤਾਰਿਆ ਜਾਵੇਗਾ।
  • ਪ੍ਰਵੇਸ਼ ਰਾਹਾਂ 'ਤੇ ਮੌਜੂਦ ਸਿਹਤ ਅਧਿਕਾਰੀ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕਰਨਗੇ।
  • ਜੇਕਰ ਕੋਈ ਯਾਤਰੀ ਲਾਗ਼ ਪ੍ਰਭਾਵਿਤ ਨਿਕਲਦਾ ਹੈ, ਤਾਂ ਉਸਨੂੰ ਤੁਰੰਤ ਅਲੱਗ ਕਰ ਦਿੱਤਾ ਜਾਵੇਗਾ ਅਤੇ ਨਿਯਮਾਂ ਮੁਤਾਬਕ ਸਿਹਤ ਕੇਂਦਰ ਭੇਜਿਆ ਜਾਵੇਗਾ।
  • ਫਲਾਈਟ ਵਿੱਚ ਮੌਜੂਦ ਯਾਤਰੀਆਂ ਵਿੱਚੋਂ ਦੋ ਫ਼ੀਸਦ ਯਾਤਰੀਆਂ ਦਾ ਰੈਂਡਮ ਟੈਸਟ ਕੀਤਾ ਜਾਣਾ ਜ਼ਰੂਰੀ ਹੋਵੇਗਾ ।
  • ਜਾਂਚ ਲਈ ਯਾਤਰੀਆਂ ਦੀ ਚੋਣ ਸਬੰਧਤ ਏਅਰਲਾਈਨ ਵਲੋਂ ਕੀਤੀ ਜਾਵੇਗੀ (ਵੱਖ-ਵੱਖ ਦੇਸ਼ਾਂ ਦੇ ਲੋਕਾਂ ਨੂੰ ਤਰਜੀਹ ਦਿੱਤੀ ਜਾਵੇਗੀ)। ਉਹ ਆਪਣਾ ਸੈਂਪਲ ਦੇਣ ਤੋਂ ਬਾਅਦ ਏਅਰਪੋਰਟ ਤੋਂ ਜਾ ਸਕਦੇ ਹਨ।
  • ਜੇਕਰ ਇਨ੍ਹਾਂ ਯਾਤਰੀਆਂ ਦੇ ਨਮੂਨੇ ਪਾਜ਼ੀਟਿਵ ਨਿਕਲਦੇ ਹਨ, ਤਾਂ ਉਨ੍ਹਾਂ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਜਾਵੇਗਾ।
  • ਯਾਤਰਾ ਪੂਰੀ ਹੋਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਆਪਣੀ ਸਿਹਤ ਦੀ ਖ਼ੁਦ ਨਿਗਰਾਨੀ ਕਰਨੀ ਚਾਹੀਦੀ ਹੈ। ਜੇਕਰ ਉਹ ਕੋਈ ਲੱਛਣ ਦੇਖਦੇ ਹਨ, ਤਾਂ ਉਨ੍ਹਾਂ ਨੂੰ ਨਜ਼ਦੀਕੀ ਸਿਹਤ ਸੰਸਥਾਨ ਜਾਂ ਹੈਲਪਲਾਈਨ ਨੰਬਰ 'ਤੇ ਸੂਚਿਤ ਕਰਨਾ ਚਾਹੀਦਾ ਹੈ।
  • ਯਾਤਰਾ ਪੂਰੀ ਹੋਣ ਤੋਂ ਬਾਅਦ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਜਾਂਚ ਨਹੀਂ ਕੀਤੀ ਜਾਵੇਗੀ। ਜੇਕਰ ਉਨ੍ਹਾਂ ਵਿੱਚ ਕੋਵਿਡ-19 ਦੇ ਲੱਛਣ ਬਾਅਦ ਵਿੱਚ ਜਾਂ ਉਨ੍ਹਾਂ ਦੀ ਆਪਣੀ ਨਿਗਰਾਨੀ ਹੇਠ ਦਿਖਾਈ ਦਿੰਦੇ ਹਨ, ਤਾਂ ਉਨ੍ਹਾਂ ਦੀ ਜਾਂਚ ਅਤੇ ਇਲਾਜ ਕੀਤਾ ਜਾਵੇਗਾ।

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ

ਕੋਰੋਨਾਵਾਇਰਸ

ਤਸਵੀਰ ਸਰੋਤ, CHETAN SINGH JOURAMAJRA/FB

ਤਸਵੀਰ ਕੈਪਸ਼ਨ, ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਹਾਲੇ ਕੋਰੋਨਾ ਦੇ ਬਹੁਤੇ ਮਾਮਲੇ ਨਹੀਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 9 ਸਰਗਰਮ ਮਾਮਲੇ ਹਨ।

ਪੰਜਾਬ ਦੇ 16 ਜ਼ਿਲ੍ਹੇ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਕੋਈ ਵੀ ਮਾਮਲਾ ਨਹੀਂ ਹੈ।

ਜੌੜਾਮਾਜਰਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਹੁਣ ਤੱਕ 2 ਕਰੋੜ ਤੋਂ ਵੱਧ (2,10,77,118) ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 7 ਲੱਖ 85 ਹਜ਼ਾਰ ਦੇ ਕਰੀਬ (7,85,375) ਪੌਜ਼ੀਟਿਵ ਪਾਏ ਗਏ ਸਨ।

ਜੌੜਾਮਾਜਰਾ ਦਾ ਦਾਅਵਾ ਹੈ ਕਿ ਜੇ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਹਨ ਤਾਂ ਪੰਜਾਬ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਦੇਖਭਾਲ ਲਈ ਯੂਨਿਟ ਸਥਾਪਤ ਕੀਤੇ ਗਏ ਹਨ।

ਇਸ ਦੇ ਨਾਲ ਹੀ ਆਈਸੀਯੂ ਬੈੱਡਾਂ ਤੇ ਆਕਸੀਜਨ ਦਾ ਵੀ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ।

ਦੇਸ਼ ਦੇ ਵੱਖ ਵੱਖ ਸੂਬਿਆਂ ਦੀ ਸਥਿਤੀ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਕਈ ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਲੋਕਾਂ ਨੂੰ ਚਿੰਤਤ ਹੋਣ ਦੀ ਬਹੁਤੀ ਲੋੜ ਨਹੀਂ ਹੈ। 

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਹਾਲੇ ਤੱਕ ਨਵੇਂ ਵੇਰੀਐਂਟ ਦਾ ਕੋਈ ਵੀ ਮਾਮਲਾ ਰਾਜਧਾਨੀ ਵਿੱਚ ਸਾਹਮਣੇ ਨਹੀਂ ਆਇਆ। 

ਦੱਖਣ ਭਾਰਤ ਵਿੱਚ ਕਰਨਾਟਕ ਸਰਕਾਰ ਨੇ ਖ਼ਾਂਸੀ-ਜ਼ੁਕਾਮ ਵਰਗੇ ਲੱਛਣ ਦੀ ਹਾਲਤ ਵਿੱਚ ਕੋਵਿਡ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ।

ਕਰਨਾਟਕ ਸਰਕਾਰ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਜਲਦ ਹੀ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ।

ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਅੱਜ ਸਾਰੇ ਸੂਬਿਆਂ ਦੇ ਸਿਹਤ ਮੰਤਰੀਆਂ ਨਾਲ ਕੋਵਿਡ ਨਿਯਮਾਂ ਨੂੰ ਲਾਗੂ ਕਰਵਾਉਣ ਤੇ ਜੇ ਕਰੋਨਾ ਦੀ ਇੱਕ ਹੋਰ ਲਹਿਰ ਆਉਂਦੀ ਹੈ ਤਾਂ ਉਸ ਨਾਲ ਨਜਿੱਠਣ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਕਰ ਰਹੇ ਹਨ। 

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)