ਕੋਰੋਨਾ: ਮੁੜ ਆ ਰਹੇ ਕੇਸਾਂ ਵਿਚਾਲੇ ਸਮਝੋ 2 ਸਾਲਾਂ 'ਚ ਵੈਕਸੀਨ ਕਿੰਨੀ ਕਾਰਗਰ ਤੇ ਕਿੰਨੀ ਮਾੜੇ ਪ੍ਰਭਾਵਾਂ ਵਾਲੀ ਰਹੀ

ਤਸਵੀਰ ਸਰੋਤ, Getty Images
- ਲੇਖਕ, ਐਂਡਰੇ ਬਰਨਾਥ
- ਰੋਲ, ਬੀਬੀਸੀ ਨਿਊਜ਼
ਲੰਡਨ ਦੇ ਸਾਇੰਸ ਮਿਊਜ਼ੀਅਮ ਵਿੱਚ ਇੱਕ ਪ੍ਰਦਰਸ਼ਨੀ ਵਿੱਚ ਰੱਖੀਆਂ ਚੀਜ਼ਾਂ ਤੋਂ ਸਮਝਿਆ ਜਾ ਸਕਦਾ ਹੈ ਕਿ ਕੋਰੋਨਾ ਵੈਕਸੀਨ ਦੀ ਖੋਜ, ਇਸ ਦਾ ਨਿਰਮਾਣ ਅਤੇ ਪੂਰੀ ਦੁਨੀਆਂ ਵਿੱਚ ਵੰਡ ਕਿੰਨੇ ਵੱਡੇ ਪੈਮਾਨੇ ’ਤੇ ਹੋਈ ਸੀ।
ਇਸ ਪ੍ਰਦਰਸ਼ਨੀ ਦੇ ਇੱਕ ਕੋਨੇ ਵਿੱਚ ਕੁਝ ਟੀਕਾਂ ਲਾਉਣ ਵਾਲੀਆਂ ਸੂਈਆਂ ਅਤੇ ਸ਼ੀਸ਼ੀਆਂ ਇੱਕ ਕਾਰਡ ਬੋਰਡ ਵਿੱਚ ਰੱਖੀਆਂ ਗਈਆਂ ਹਨ।
ਇਨ੍ਹਾਂ ਦੀ ਵਰਤੋਂ 8 ਦਸੰਬਰ ਨੂੰ ਕੀਤੀ ਗਈ ਸੀ।
ਕੋਰੋਨਾ ਵੈਕਸੀਨ ਦੀ ਕਲੀਨਿਕਲ ਸਟਡੀਜ਼ ਤੋਂ ਵੱਖ ਪਹਿਲਾ ਕੋਰੋਨਾ ਦਾ ਟੀਕਾ 90 ਸਾਲ ਦੀ ਇੱਕ ਬਰਤਾਨਵੀਂ ਔਰਤ ਮਾਰਗ੍ਰੇਟ ਕੀਨਨ ਨੂੰ ਲਾਇਆ ਗਿਆ ਸੀ।
ਉਸ 8 ਦਸੰਬਰ ਤੋਂ ਲੈ ਕੇ ਹੁਣ ਤੱਕ ਪੂਰੀ ਦੁਨੀਆ ਵਿੱਚ ਕਰੋਨਾ ਵੈਕਸੀਨ ਦੇ ਕਰੋੜਾਂ ਟੀਕੇ ਲਾਏ ਚੁੱਕੇ ਹਨ।
ਇੰਨਾ ਹੀ ਨਹੀਂ ਇਮੀਊਨਿਟੀ ਵਧਾਉਣ ਅਤੇ ਕਰੋਨਾ ਦੇ ਨਵੇਂ ਵੇਰੀਐਂਟ ਤੋਂ ਬਚਾਉਣ ਲਈ ਬੂਸਟਰ ਡੋਜ਼ ਵੀ ਲਗਾਈ ਗਈ।
ਇਸ ਰਿਪੋਰਟ ਵਿੱਚ ਅਸੀਂ ਸਮਝਾਂਗੇ ਕਿ ਦੋ ਸਾਲਾਂ ’ਚ ਕੋਰੋਨਾ ਟੀਕੇ ਬਾਰੇ ਜੋ ਅੰਕੜੇ ਸਾਹਮਣੇ ਆਏ ਉਨ੍ਹਾਂ ਤੋਂ ਕੀ ਪਤਾ ਲੱਗ ਸਕਿਆ। ਟੀਕਾ ਕਿੰਨਾਂ ਪ੍ਰਭਾਵੀ ਰਿਹਾ ਅਤੇ ਇਸ ਦੇ ਮਾੜੇ ਪ੍ਰਭਾਵ ਕੀ ਰਹੇ।
ਮੌਤਾਂ ਦੀ ਗਿਣਤੀ ਘਟੀ

ਤਸਵੀਰ ਸਰੋਤ, Getty Images
ਮੋਟੇ ਤੌਰ ’ਤੇ ਕਹੀਏ ਤਾਂ ਹੁਣ ਤੱਕ ਦੀ ਖੋਜ ਮੁਤਾਬਕ, ਕੋਵਿਡ-19 ਖ਼ਿਲਾਫ਼ ਜਿੰਨੇ ਵੀ ਟੀਕਿਆਂ ਨੂੰ ਮਨਜ਼ੂਰੀ ਮਿਲੀ, ਉਨ੍ਹਾਂ ਕਾਰਨ ਪੂਰੀ ਦੁਨੀਆ ਵਿੱਚ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਮੌਤ ਦੀ ਗਿਣਤੀ ਘਟੀ।
ਜੇ ਇਹ ਟੀਕੇ ਨਾ ਹੁੰਦੇ ਤਾਂ ਮਹਾਂਮਾਰੀ ਦਾ ਸੰਕਟ ਪੂਰੀ ਦੁਨੀਆਂ ਵਿੱਚ ਇਸ ਤੋਂ ਕਈ ਗੁਣਾ ਵੱਡਾ ਹੋਣਾ ਸੀ।
ਇਸ ਦੌਰਾਨ ਕੁਝ ਵੈਕਸੀਨਾਂ ਦੇ ਮਾੜੇ ਪ੍ਰਭਾਵ ਨੂੰ ਲੈ ਕੇ ਵੀ ਗੱਲਾਂ ਹੋਈਆਂ।
ਕੁਝ ਚੋਣਵੀਆਂ ਸਿਹਤ ਸੰਸਥਾਵਾਂ ਅਤੇ ਏਜੰਸੀਆਂ ਨੇ ਵੈਕਸੀਨ ਦੇ ਗੰਭੀਰ ਸਾਈਡ ਇਫੈਕਟ ਨੂੰ ਲੈ ਕੇ ਚਿੰਤਾ ਜਤਾਈ। ਹਾਲਾਂਕਿ, ਟੀਕੇ ਦੇ ਮਾੜੇ ਪ੍ਰਭਾਵਾਂ ਬਾਰੇ ਅਪਵਾਦ ਵੀ ਹੈ।

ਕੋਰੋਨਾ ਵੈਕਸੀਨ ਬਾਰੇ ਖਾਸ ਗੱਲਾਂ:
- ਵੈਕਸੀਨ ਨਾਲ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਮੌਤ ਦੀ ਗਿਣਤੀ ਘਟੀ।
- ਟੀਕੇ ਦੇ ਮਾੜੇ ਪ੍ਰਭਾਵਾਂ ਬਾਰੇ ਦੁਨੀਆ ਭਰ ਵਿੱਚ ਅਪਵਾਦ ਵੀ ਰਹੇ।
- ਸੀਡੀਸੀ ਦੇ ਅੰਕੜਿਆਂ ਮੁਤਾਬਕ, ਵੈਕਸੀਨ ਤੋਂ ਬਾਅਦ ਹੁਣ ਤੱਕ ਕੁਝ ਗੰਭੀਰ ਮਾੜੇ ਪ੍ਰਭਾਵ ਵੀ ਸਾਹਮਣੇ ਆਏ।
- ਭਾਰਤ ਦੇ ਸਿਹਤ ਮਾਹਰਾਂ ਮੁਤਾਬਕ ਭਾਰਤ ਲਈ ਖ਼ਤਰਾ ਗੰਭੀਰ ਨਹੀਂ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਪਹਿਲਾਂ ਹੀ ਲਾਗ਼ ਪ੍ਰਭਾਵਿਤ ਹੋ ਚੁੱਕੇ ਹਨ।

ਵੈਕਸੀਨ ਦੇ ਸਪੱਸ਼ਟ ਅਸਰ
ਕੋਰੋਨਾ ਦੀ ਵੈਕਸੀਨ ਦਾ ਸਭ ਤੋਂ ਵੱਡਾ ਅਸਰ ਇਹ ਹੋਇਆ ਕਿ ਪੂਰੀ ਦੁਨੀਆਂ ਵਿੱਚ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਦਾਖਲ ਹੋਣ ਅਤੇ ਮੌਤ ਦੀ ਦਰ ਵਿੱਚ ਕਮੀ ਆਈ।
ਜਿਵੇਂ-ਜਿਵੇਂ ਵੈਕਸੀਨ ਦੀ ਪਹੁੰਚ ਵੱਡੀ ਅਬਾਦੀ ਤੱਕ ਹੁੰਦੀ ਗਈ, ਗੰਭੀਰ ਲਾਗ਼, ਹਸਪਤਾਲਾਂ ਵਿੱਚ ਭੀੜ ਅਤੇ ਮੌਤਾਂ ਦੀ ਗਿਣਤੀ ਘੱਟ ਹੁੰਦੀ ਗਈ।
ਇਸ ਨੂੰ ਲੈ ਕੇ ਕਾਮਨਵੈਲਥ ਫੰਡ ਨੇ ਅਮਰੀਕਾ ਦੀ ਯੇਲੇ ਯੂਨੀਵਰਸਿਟੀ ਦੇ ਵਿਗਿਆਨਕਾਂ ਤੋਂ ਇੱਕ ਸਰਵੇਖਣ ਕਰਵਾਇਆ ਸੀ।
13 ਦਸੰਬਰ ਨੂੰ ਪ੍ਰਕਾਸ਼ਿਤ ਹੋਈ ਇਸ ਰਿਪੋਰਟ ਵਿੱਚ ਵਿਗਿਆਨੀਆਂ ਨੇ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਕੋਵਿਡ-19 ਦੇ ਖ਼ਿਲਾਫ਼ ਜੇ ਕੋਈ ਵੈਕਸੀਨ ਵਿਕਸਿਤ ਨਾ ਹੋਈ ਹੁੰਦੀ ਤਾਂ ਕੀ ਹੁੰਦਾ?
ਇਸ ਸਰਵੇਖਣ ਦੇ ਨਤੀਜਿਆਂ ਤੋਂ ਇਹ ਸਾਫ਼ ਸੰਕੇਤ ਮਿਲਿਆ ਕਿ ਜੇ ਵੈਕਸੀਨ ਨਾ ਆਈ ਹੁੰਦੀ ਤਾਂ ਇਕੱਲੇ ਅਮਰੀਕਾ ਵਿੱਚ ਦੋ ਸਾਲਾਂ ਵਿੱਚ ਮੌਜੂਦ ਅੰਕੜਿਆਂ ਨਾਲ਼ੋਂ 1.85 ਕਰੋੜ ਜ਼ਿਆਦਾ ਲੋਕ ਹਸਪਤਾਲਾਂ ਵਿੱਚ ਭਰਤੀ ਹੋਏ ਹੁੰਦੇ ਅਤੇ 32 ਲੱਖ ਲੋਕਾਂ ਦੀ ਮੌਤ ਹੋਈ ਹੁੰਦੀ।
ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਕਿ ਵੈਕਸੀਨ ਕਾਰਨ ਅਮਰੀਕਾ ਵਿੱਚ ਸਿਹਤ ਸੇਵਾਵਾਂ ਉੱਤੇ ਹੋਣ ਵਾਲੇ ਖ਼ਰਚੇ 1.3 ਲੱਖ ਕਰੋੜ ਡਾਲਰ ਘਟੇ।
ਜੇ ਮਾਮਲੇ ਹੋਰ ਵਧਦੇ ਤਾਂ ਇਹ ਰਾਸ਼ੀ ਲਾਗ਼ ਵਾਲੀ ਅਬਾਦੀ ਦੇ ਇਲਾਜ ਵਿੱਚ ਖ਼ਰਚ ਹੋ ਗਈ ਹੁੰਦੀ।
ਸਰਵੇ ਦੇ ਨਤੀਜਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨੀਆਂ ਮੁਤਾਬਕ, ਅਮਰੀਕਾ ਵਿੱਚ 12 ਦਸੰਬਰ, 2020 ਤੋਂ ਬਾਅਦ 8 ਕਰੋੜ 20 ਲੱਖ ਲੋਕਾਂ ਨੂੰ ਕੋਰੋਨਾ ਦੀ ਲਾਗ਼ ਲੱਗੀ।
ਇਨ੍ਹਾਂ ਵਿੱਚੋਂ 48 ਲੱਖ ਲੋਕ ਹਸਪਤਾਲਾਂ ਵਿੱਚ ਭਰਤੀ ਹੋਏ ਅਤੇ 7 ਲੱਖ 98 ਹਜ਼ਾਰ ਲੋਕਾਂ ਦੀ ਮੌਤ ਹੋਈ।

ਤਸਵੀਰ ਸਰੋਤ, Getty Images
ਜੇ ਲੋਕਾਂ ਨੂੰ ਟੀਕਾ ਨਾ ਲਗਾਇਆ ਗਿਆ ਹੁੰਦਾ ਤਾਂ ਅਮਰੀਕਾ ਵਿੱਚ ਡੇਢ ਗੁਣਾ ਜ਼ਿਆਦਾ ਲੋਕਾਂ ਨੂੰ ਲਾਗ਼ ਲੱਗੀ ਹੁੰਦੀ।
ਚਾਰ ਗੁਣਾ ਜ਼ਿਆਦਾ ਲੋਕ ਹਸਪਤਾਲ ਵਿੱਚ ਭਰਤੀ ਹੋਏ ਹੁੰਦੇ ਅਤੇ ਚਾਰ ਗੁਣਾ ਜ਼ਿਆਦਾ ਲੋਕ ਮੌਤ ਦੇ ਸ਼ਿਕਾਰ ਹੋਏ ਹੁੰਦੇ।
ਬ੍ਰਾਜ਼ੀਲੀਅਨ ਸੁਸਾਇਟੀ ਆਫ਼ ਇਮੀਊਨਾਈਜ਼ੇਸ਼ਨ ਦੀ ਉਪ ਪ੍ਰਧਾਨ ਡਾਕਟਰ ਈਜ਼ਾਬੇਲ ਬੱਲਾਈ ਵੀ ਮੰਨਦੇ ਹਨ, “ਵੈਕਸੀਨ ਕਾਰਨ ਮਾਰੇ ਗਏ ਅਤੇ ਜਿਉਂਦੇ ਬਚੇ ਲੋਕਾਂ ਦੇ ਅੰਕੜੇ ਵਿੱਚ ਬਹੁਤ ਵੱਡਾ ਫ਼ਰਕ ਆਇਆ।”
ਡਾਕਟਰ ਈਜ਼ਾਬੇਲ ਦਾ ਆਪਣਾ ਦੇਸ਼ ਬ੍ਰਾਜ਼ੀਲ ਵੀ ਦੁਨੀਆਂ ਦੇ ਸਭ ਤੋਂ ਵੱਧ ਕਰੋਨਾ ਪ੍ਰਭਾਵਿਤ ਅਬਾਦੀ ਵਾਲੇ ਦੇਸ਼ਾਂ ਵਿੱਚੋਂ ਇੱਕ ਸੀ, ਪਰ ਇੱਥੋਂ ਦੇ ਟੀਕਾਕਰਨ ਪ੍ਰੋਗਰਾਮ ਦੀ ਵੀ ਕਾਫ਼ੀ ਤਾਰੀਫ਼ ਹੋਈ ਸੀ।
ਜਨਵਰੀ 2021 ਵਿੱਚ ਜਦੋਂ ਸ਼ੁਰੂਆਤੀ ਵੈਕਸੀਨ ਨੂੰ ਮਨਜ਼ੂਰੀ ਮਿਲੀ ਸੀ, ਉਦੋਂ ਬ੍ਰਾਜ਼ੀਲ ਵਿੱਚ ਕੋਰੋਨਾ ਲਾਗ਼ ਦੀ ਹਾਲਤ ਪੂਰੇ ਮਹਾਂਮਾਰੀ ਕਾਲ ਦੇ ਸਿਖਰ ’ਤੇ ਪਹੁੰਚ ਚੁੱਕੀ ਸੀ।
ਬ੍ਰਾਜ਼ੀਲ ਦੇ ਸਰਕਾਰੀ ਅੰਕੜਿਆਂ ਮੁਤਾਬਕ, 2021 ਦੇ ਮਾਰਚ ਅਤੇ ਅਪ੍ਰੈਲ ਵਿਚਕਾਰ ਹਰ ਰੋਜ਼ ਔਸਤਨ 72 ਹਜ਼ਾਰ ਲੋਕਾਂ ਨੂੰ ਕਰੋਨਾਂ ਦੀ ਲਾਗ ਲੱਗ ਰਹੀ ਸੀ।
ਇਨ੍ਹਾਂ ਵਿੱਚੋਂ ਹਰ ਦਿਨ ਕਰੀਬ 3000 ਲੋਕਾਂ ਦੀ ਮੌਤ ਹੋ ਰਹੀ ਸੀ।
ਜਿਵੇਂ-ਜਿਵੇਂ ਦਿਨ ਬੀਤਦੇ ਗਏ, ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕੀਤਾ ਜਾਂਦਾ ਰਿਹਾ।
ਇਸ ਤਰ੍ਹਾਂ ਹਰ ਦਿਨ ਰਿਕਾਰਡ ਗਤੀ ਨਾਲ ਵਧਣ ਵਾਲੀ ਲਾਗ਼ ਅਤੇ ਇਸ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣ ਲੱਗੀ।


ਵੈਕਸੀਨ ਦੇ ਮਾੜੇ ਪ੍ਰਭਾਵਾਂ ਬਾਰੇ ਮਿਲੀ ਜਾਣਕਾਰੀ?
ਡਾਕਟਰ ਈਜ਼ਾਬੇਲ ਬੱਲਾਈ ਦੱਸਦੀ ਹੈ, “ਜਿਵੇਂ ਜਿਵੇਂ ਦਿਨ ਗੁਜ਼ਰ ਰਹੇ ਹਨ, ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਗਿਆ, ਇਸ ਨਾਲ ਦੁਨੀਆਂ ਨੂੰ ਟੀਕੇ ਦੇ ਸੁਰੱਖਿਅਤ ਹੋਣ ਦਾ ਭਰੋਸਾ ਹੋਣ ਲੱਗਿਆ।”
ਪਿਛਲੇ ਦੋ ਸਾਲਾਂ ਵਿੱਚ ਰੈਗੂਲੇਟਰੀ ਏਜੰਸੀਆਂ ਅਤੇ ਸਰਕਾਰੀ ਸਿਹਤ ਸੰਸਥਾਵਾਂ ਇਹ ਲਗਾਤਾਰ ਜਾਨਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਲੋਕਾਂ ਉੱਤੇ ਕੀ ਅਸਰ ਪੈਂਦਾ ਹੈ।
ਇਸ ਲਈ ਵੈਕਸੀਨ ਲੈਣ ਵਾਲੇ ਲੋਕਾਂ ਦੀ ਨਿਗਰਾਨੀ ਤੋਂ ਲੈ ਕੇ ਬਿਮਾਰ ਹੋਣ ’ਤੇ ਪੂਰੀ ਜਾਂਚ ਪੜਤਾਲ ਕੀਤੀ ਜਾਂਦੀ ਰਹੀ।
ਯੂਕੇ ਦੇ ਨੈਸ਼ਨਲ ਹੈਲਥ ਸਰਵਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ “ਟੀਕੇ ਦੇ ਮਾੜੇ ਪ੍ਰਭਾਵ ਨਾ-ਬਰਾਬਰ ਹੀ ਸਾਹਮਣੇ ਆਏ ਹਨ।”
ਟੀਕਾ ਲਗਵਾਉਣ ਵਾਲਿਆਂ ਵਿੱਚ ਜੋ ਮਾੜੇ ਪ੍ਰਭਾਵ ਨਜ਼ਰ ਆਏ ਉਨ੍ਹਾਂ ਦੇ ਲੱਛਣ ਕੁਝ ਇਸ ਤਰ੍ਹਾਂ ਸਨ-
- ਟੀਕਾ ਲੱਗਣ ਵਾਲੀ ਥਾਂ ‘ਤੇ ਦਰਦ
- ਹਲਕਾ ਬੁਖ਼ਾਰ
- ਥਕਾਵਟ
- ਪੂਰੇ ਸਰੀਰ ਵਿੱਚ ਦਰਦ ਤੇ ਸਿਰਦਰਦ
ਵੈਕਸੀਨ ਦੇ ਗੰਭੀਰ ਪ੍ਰਭਾਵ
ਬਰਤਾਨਵੀਂ ਸਰਕਾਰ ਨੇ ਵੀ ਮੰਨਿਆ ਕਿ ਜੋ ਵੀ ਮਾੜੇ ਪ੍ਰਭਾਵ ਸਾਹਮਣੇ ਆਏ ਉਹ ਬਹੁਤ ਹਲਕੇ ਸਨ ਅਤੇ ਜ਼ਿਆਦਾ ਤੋਂ ਜ਼ਿਆਦਾ ਹਫ਼ਤੇ ਤੱਕ ਬਰਕਰਾਰ ਰਹੇ।
ਪਰ ਮਾੜੇ ਮੋਟੇ ਮਾੜੇ ਪ੍ਰਭਾਵਾਂ ਤੋਂ ਇਲਾਵਾ ਉਨ੍ਹਾਂ ਲੱਛਣਾਂ ਬਾਰੇ ਕੀ ਕਿਹਾ ਜਾਵੇ ਜਿਨ੍ਹਾਂ ਵਿੱਚ ਵੈਕਸੀਨ ਦੇ ਗੰਭੀਰ ਬੁਰੇ ਪ੍ਰਭਾਵ ਨਜ਼ਰ ਆਏ?
ਇਸ ਵਿੱਚ ਸਭ ਤੋਂ ਤਾਜ਼ਾ ਅੰਕੜੇ ਅਮਰੀਕਾ ਦੇ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਸੈਂਟਰ (ਸੀਡੀਸੀ) ਨੇ ਪ੍ਰਕਾਸ਼ਿਤ ਕੀਤੇ ਹਨ।
ਸੀਡੀਸੀ ਦੇ ਅੰਕੜਿਆਂ ਮੁਤਾਬਕ, ਵੈਕਸੀਨ ਤੋਂ ਬਾਅਦ ਹੁਣ ਤੱਕ ਕੁਝ ਗੰਭੀਰ ਮਾੜੇ ਪ੍ਰਭਾਵ ਵੀ ਸਾਹਮਣੇ ਆਏ। ਜਿਵੇਂ ਕਿ:
ਇਨਾਫਿਲੈਕਸਿਜ- ਟੀਕਾ ਲਗਵਾਉਣ ਤੋਂ ਬਾਅਦ ਗੰਭੀਰ ਐਲਰਜੀ ਰਿਐਕਸ਼ਨ, ਹਰ 10 ਲੱਖ ਵਿੱਚੋਂ 5 ਲੋਕਾਂ ਵਿੱਚ ਅਜਿਹੇ ਪ੍ਰਭਾਵ ਨਜ਼ਰ ਆਏ।
ਥ੍ਰੋਮਬੋਇਸਿਸ- ਜੈਨਸੈਨ ਵੈਕਸੀਨ ਦੇ ਮਾਮਲੇ ਵਿੱਚ ਜ਼ਿਆਦਾ ਦੇਖਿਆ ਗਿਆ। ਹਰ 10 ਲੱਖ ਵਿੱਚੋਂ 4 ਲੋਕਾਂ ਵਿੱਚ ਇਹ ਪ੍ਰਭਾਵ ਸਾਹਮਣੇ ਆਇਆ।
ਜੀਬੀਐੱਸ- ਜੈਨਸੈਨ ਵੈਕਸੀਨ ਦੇ ਕੇਸ ਵਿੱਚ ਜ਼ਿਆਦਾ ਸਾਹਮਣੇ ਆਇਆ। 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਇਸ ਦਾ ਅਸਰ ਵਧੇਰੇ ਰਿਹਾ।
ਮਾਇਓਕਾਡ੍ਰਾਇਟਿਸ ਅਤੇ ਪੈਰਿਕਾਡ੍ਰਇਟਿਸ- ਫ਼ਾਈਜ਼ਰ ਦਾ ਟੀਕਾ ਲਗਵਾਉਣ ਤੋਂ ਬਾਅਦ ਦਿਲ ਵਿੱਚ ਸੋਜ ਪੈਣਾ।
12 ਤੋਂ 15 ਸਾਲ ਦੇ ਉਮਰ ਵਰਗ ਵਿੱਚ ਪ੍ਰਤੀ 10 ਲੱਖ ਡੋਜ਼ ਵਿੱਚ 70 ਨੂੰ ਹੋਇਆ।
16-18 ਸਾਲ ਦੇ ਵਰਗ ਵਿੱਚ ਪ੍ਰਤੀ 10 ਲੱਖ ਵਿੱਚ 106 ਅਤੇ 18 ਤੋਂ 24 ਸਾਲ ਦੀ ਉਮਰ ਵਿੱਚ ਪ੍ਰਤੀ 10 ਲੱਖ ਵਿੱਚ 53.4 ਲੋਕਾਂ ਵਿੱਚ ਨਜ਼ਰ ਹੋਇਆ।
ਸੀਡੀਸੀ ਦੀ ਰਿਪੋਰਟ ਮੁਤਾਬਕ, ਮਾਇਓਕਾਡ੍ਰਾਇਟਿਸ ਅਤੇ ਪੈਰਿਕਾਡ੍ਰਾਇਟਸ ਤੋਂ ਪੀੜਤ ਲੋਕਾਂ ਦੇ ਇਲਾਜ ਦੌਰਾਨ ਦਵਾਈਆਂ ਦਾ ਅਸਰ ਜਲਦੀ ਹੋਇਆ ਅਤੇ ਉਹ ਕੁਝ ਹੀ ਦਿਨਾਂ ਵਿੱਚ ਠੀਕ ਵੀ ਹੋ ਗਏ।
ਇਸ ਅਧਾਰ ’ਤੇ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਕਈ ਅਧਿਐਨਾਂ ਦੇ ਨਤੀਜੇ ਅਤੇ ਸੇਫਟੀ ਮਾਨਿਟਰਿੰਗ ਸਿਸਟਮਜ਼ (ਸਿਹਤ ਸੁਰੱਖਿਆ ਮਾਪਦੰਡ ਦੀ ਪ੍ਰਣਾਲੀ) ਦੀ ਰਿਪੋਰਟ ਦੇ ਅਧਾਰ ’ਤੇ ਇਹ ਮੰਨਿਆ ਜਾ ਸਕਦਾ ਹੈ ਕਿ ਲਾਏ ਜਾ ਰਹੇ ਸਾਰੇ ਟੀਕੇ ਸੁਰੱਖਿਅਤ ਹਨ।
ਜਿੱਥੋਂ ਤੱਕ ਅਮਰੀਕਾ ਵਿੱਚ ਕਰੋਨਾ ਨਾਲ ਹੋਈਆਂ ਮੌਤਾਂ ਦਾ ਸਵਾਲ ਹੈ, ਤਾਂ ਇੱਥੋਂ ਦੇ ਅੰਕੜਿਆਂ ਮੁਤਾਬਕ, 7 ਦਸੰਬਰ ਤੱਕ ਕਰੋਨਾ ਤੋਂ ਰੋਕਥਾਮ ਲਈ ਟੀਕਾ 65 ਕਰੋੜ 70 ਲੱਖ ਲਗਾਇਆ ਜਾ ਚੁੱਕਿਆ ਸੀ।
ਟੀਕਾਕਰਨ ਤੋਂ ਬਾਅਦ 17 ਹਜ਼ਾਰ 800 ਲੋਕਾਂ ਦੀ ਮੌਤ ਹੋਈ, ਜੋ ਅਮਰੀਕਾ ਦੀਆਂ ਕੁੱਲ ਮੌਤਾਂ ਦਾ ਮਹਿਜ਼ 0.0027 ਹੈ।
ਟੀਕਾ ਲਗਵਾਉਣ ਤੋਂ ਬਾਅਦ ਹੋਈਆਂ ਸਾਰੀਆਂ ਮੌਤਾਂ ਦੀ ਜਾਂਚ ਹੋਈ। ਇਸ ਵਿੱਚ ਪਤਾ ਲੱਗਿਆ ਕਿ ਮਹਿਜ਼ ਨੌਂ ਮੌਤਾਂ ਜੈਨਸੈਨ ਵੈਕਸੀਨ ਲਗਵਾਉਣ ਵਾਲੇ ਲੋਕਾਂ ਦੀਆਂ ਹੋਈਆਂ।
ਡਾਕਟਰ ਬੱਲਾਈ ਕਹਿੰਦੇ ਹਨ, “ਦੁਨੀਆ ਦਾ ਬਿਮਾਰੀ ਤੋਂ ਰੋਕਥਾਮ ਲਈ ਕੋਈ ਟੀਕਾ ਨਹੀਂ, ਜਿਸ ਵਿੱਚ ਕੋਈ ਜ਼ੋਖਿਮ ਨਾ ਹੋਵੇ।”

ਟੀਕਾਕਰਨ ਤੋਂ ਬਾਅਦ ਹੁਣ ਅੱਗੇ ਕੀ?
2021 ਵਿੱਚ ਵੈਕਸੀਨ ਵਰਤੋਂ ਲਈ ਉਪਲਬਧ ਹੋਣ ਦੇ ਬਾਵਜੂਦ ਕੋਰੋਨਾ ਜਿਹੀ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਦੇ ਰਾਹ ਵਿੱਚ ਕਈ ਚੁਣੌਤੀਆਂ ਹਾਲੇ ਵੀ ਖੜੀਆਂ ਹਨ।
ਮਹਾਂਮਾਰੀ ਮਾਹਰ ਐਂਡ੍ਰੇ ਰਿਬਾਸ ਕਹਿੰਦੇ ਹਨ, "ਜੇ ਆਲਮੀ ਨਜ਼ਰੀਏ ਤੋਂ ਦੇਖੀਏ ਤਾਂ ਹਾਲੇ ਅਜਿਹੇ ਕਈ ਦੇਸ਼ ਹਨ ਜੋ ਟੀਕਾਕਰਨ ਵਿੱਚ ਕਾਫ਼ੀ ਪਿੱਛੇ ਹਨ।"
ਹੈਤੀ ਜਿਹੇ ਦੇਸ਼ ਵਿੱਚ ਸਿਰਫ 2 ਫ਼ੀਸਦੀ ਅਬਾਦੀ ਨੂੰ ਟੀਕੇ ਦੀ ਸ਼ੁਰੂਆਤੀ ਡੋਜ਼ ਮਿਲ ਸਕੀ ਹੈ। ਇਸ ਤੋਂ ਇਲਾਵਾ ਅਲਜ਼ੀਰੀਆ ਵਿੱਚ 15 ਫ਼ੀਸਦੀ, ਮਾਲੀ ਵਿੱਚ 12 ਫ਼ੀਸਦੀ, ਕਾਂਗੋ ਵਿੱਚ 4 ਫ਼ੀਸਦੀ ਅਤੇ ਯਮਨ ਵਿੱਚ ਸਿਰਫ਼ 2 ਫ਼ੀਸਦੀ ਲੋਕਾਂ ਨੂੰ ਹੀ ਟੀਕੇ ਲੱਗ ਸਕੇ ਹਨ।
ਡਾਕਟਰ ਈਜ਼ਾਬੇਲ ਇਸ ’ਤੇ ਚਿੰਤਾ ਜ਼ਹਾਰ ਕਰਦਿਆਂ ਕਹਿੰਦੇ ਹਨ, “ਇਹ ਚਿੰਤਾਜਨਕ ਗੱਲ ਇਸ ਲਈ ਹੈ ਕਿਉਂਕਿ ਜ਼ਿਆਦਾ ਲੋਕਾਂ ਵਿੱਚ ਲਾਗ਼ ਫੈਲਣ ਕਾਰਨ ਇਸ ਵਾਇਰਸ ਤੋਂ ਜ਼ਿਆਦਾ ਘਾਤਕ ਵੇਰੀਐਂਟ ਪੈਦਾ ਹੋਣ ਦਾ ਖ਼ਤਰਾ ਵਧ ਜਾਂਦਾ ਹੈ।”

ਤਸਵੀਰ ਸਰੋਤ, Getty Images
ਭਾਰਤ ਵਿੱਚ ਖ਼ਤਰੇ ਦੀ ਸੰਭਾਵਨਾ ਘੱਟ
ਭਾਰਤ ਵਿੱਚ ਕੋਰੋਨਾ ਦਾ ਨਵਾਂ ਵੇਰੀਐਂਟ ਕਿੰਨਾਂ ਖ਼ਤਰਨਾਕ ਹੋ ਸਕਦਾ ਹੈ।
ਇਸ ਬਾਰੇ ਏਮਜ਼ ਨਵੀਂ ਦਿੱਲੀ ਦੇ ਸਾਬਕਾ ਡੀਨ ਪ੍ਰੋਫ਼ੈਸਰ ਐੱਨਕੇ ਮਹਿਰਾ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਉਹ ਕਹਿੰਦੇ ਹਨ, “ਭਾਰਤ ਲਈ ਖ਼ਤਰਾ ਇੰਨਾਂ ਗੰਭੀਰ ਨਹੀਂ ਹੈ ਕਿਉਂਕਿ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹਿਲਾਂ ਹੀ ਲਾਗ਼ ਪ੍ਰਭਾਵਿਤ ਹੋ ਚੁੱਕੇ ਹਨ।”
ਚੀਨ ਵਿੱਚ ਸ਼ੁਰੂ ਤੋਂ ਹੀ ਜ਼ੀਰੋ ਕੋਵਿਡ ਨੀਤੀ ਲਾਗੂ ਕਰ ਦਿੱਤੀ ਗਈ ਸੀ। ਜਿਸ ਵਿੱਚ ਸਰਕਾਰ ਨੇ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ਉੱਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ।
ਜਿਸ ਦੇ ਚਲਦਿਆਂ ਲੋਕ ਕੋਵਿਡ ਲਾਗ਼ ਤੋਂ ਤਾਂ ਬਚ ਗਏ ਪਰ ਭਾਰਤ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੋਰੋਨਾ ਲਾਗ਼ ਲੱਗੀ ਖ਼ਾਸ ਕਰ ਓਮੀਕਰੋਨ ਦੇ ਫ਼ੈਲਾਅ ਸਮੇਂ।
ਇਹ ਕੁਦਰਤੀ ਇਨਫ਼ੈਕਸ਼ਨ ਚੰਗੀ ਹੁੰਦੀ ਹੈ। ਇਸ ਨਾਲ ਲੰਬੇ ਸਮੇਂ ਤੱਕ ਇਮੀਊਨਿਟੀ ਬਣੀ ਰਹਿੰਦੀ ਹੈ ਤੇ ਜੇ ਟੀਕਾ ਵੀ ਲੱਗਾ ਹੋਵੇ ਤਾਂ ਇਮੀਊਨਿਟੀ ਹੋਰ ਵੀ ਵੱਧ ਜਾਂਦੀ ਹੈ।
ਭਾਰਤੀ ਵੈਕਸੀਨ ਵਧੇਰੇ ਅਸਰਦਾਰ

ਤਸਵੀਰ ਸਰੋਤ, Getty Images
ਪ੍ਰੋਫ਼ੈਸਰ ਐੱਨਕੇ ਮਹਿਰਾ ਦਾ ਕਹਿਣਾ ਹੈ ਕਿ ਭਾਰਤ ਵਿੱਚ ਲੱਗਣ ਵਾਲੇ ਦੋਵੇਂ ਟੀਕੇ ਕੋਵੈਕਸਿਨ ਤੇ ਕੋਵੀਸ਼ੀਲਡ ਬਹੁਤ ਅਸਰਦਾਰ ਹਨ। ਜੇ ਕੋਈ ਵੈਕਸੀਨ 80 ਫ਼ੀਸਦ ਤੋਂ ਵੱਧ ਕਾਰਗਰ ਹੁੰਦੀ ਹੈ ਤਾਂ ਉਸ ਨੂੰ ਬਹੁਤ ਚੰਗੀ ਵੈਕਸੀਨ ਕਿਹਾ ਜਾਂਦਾ ਹੈ।
ਹਾਲਾਂਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਮਾਪਦੰਡ 60 ਫ਼ੀਸਦ ਹੈ।
ਇਸ ਲਿਹਾਜ਼ ਨਾਲ ਭਾਰਤੀ ਵੈਕਸੀਨ ਡਬਲਿਊਐੱਚਓ ਦੇ ਪੈਮਾਨੇ ਦੇ ਮੁਕਾਬਲੇ ਵਧੇਰੇ ਕਾਰਗਰ ਹੈ।
ਕੋਰੋਨਾ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦਰਮਿਆਨ ਭਾਰਤ ਦੇ ਸਿਹਤ ਮੰਤਰਾਲੇ ਨੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਇਨ੍ਹਾਂ ਵਿੱਚ ਪੰਜ ਪੜਾਆਂ ਵਾਲੇ ਕੋਵਿਡ ਉਪਾਆਂ ਦਾ ਪਾਲਣ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਪੰਜ ਪੜਾਅ ਵਾਲੇ ਉਪਾਅ-ਟੈਸਟ-ਟ੍ਰੈਕ-ਟ੍ਰੀਟ-ਟੀਕਾਕਰਣ ਦੇ ਕੋਵਿਡ ਸਬੰਧੀ ਨਿਰਧਾਰਿਤ ਵਿਵਹਾਰ ਦਾ ਪਾਲਣ ਕਰਨਾ ਹੈ।
ਕੋਰੋਨਾ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਦੇ ਵੇਰੀਐਂਟ ਨੂੰ ਟ੍ਰੈਕ ਕਰਨ ਲਈ ਸਾਰੇ ਪੌਜ਼ੀਟਿਵ ਮਾਮਲਿਆਂ ਦੀ ਜੀਨੋਮ ਸੀਕਵੈਂਸਿੰਗ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ ਹੈ।
ਸੂਬਿਆਂ ਨੂੰ ਰੋਜ਼ਾਨਾ ਆਉਣ ਵਾਲੇ ਕੋਰੋਨਾ ਦੇ ਮਾਮਲਿਆਂ ਦੇ ਸੈਂਪਲ ਜੀਨੋਮ ਸੀਕਵੈਂਸਿਕ ਪ੍ਰਯੋਗਸ਼ਾਲਾ ਵਿੱਚ ਭੇਜਣ ਦੀ ਅਪੀਲ ਵੀ ਕੀਤੀ ਗਈ ਹੈ।












