ਕੋਰੋਨਾਵਾਇਰਸ: ਚੀਨ ਵਿੱਚ ਤਬਾਹੀ ਮਚਾਉਣ ਵਾਲਾ ਵੇਰੀਐਂਟ ਬੀਐੱਫ.7 ਕਿੰਨਾ ਖ਼ਤਰਨਾਕ, ਜਿਸਦੇ ਭਾਰਤ ਵਿੱਚ ਵੀ 3 ਕੇਸ ਆਏ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਚੀਨ ਵਿੱਚ ਕੋਰੋਨਾ ਦੇ ਵੱਧਦੇ ਮਾਮਲਿਆਂ ਲਈ ਕੋਰੋਨਾਵਾਇਰਸ ਦੇ ਓਮੀਕਰੋਨ ਸਬਵੇਰੀਐਂਟ ਬੀਐੱਫ਼.7 (BF.7) ਸੰਭਾਵਿਤ ਤੌਰ ’ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਹੁਣ ਭਾਰਤ ਵਿੱਚ ਵੀ ਇਸੇ ਵੇਰੀਐਂਟ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ।

ਖ਼ਬਰ ਏਜੰਸੀ ਪੀਟੀਆਈ ਨੇ ਅਧਿਕਾਰਿਤ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਮੁਤਾਬਕ ਪਹਿਲਾਂ ਬੀਐੱਫ਼.7 ਦਾ ਮਾਮਲਾ ਅਕਤੂਬਰ ਵਿੱਚ ਗੁਜਰਾਤ ਬਾਇਓਟੈਕਨਾਲਜੀ ਰਿਸਰਚ ਸੈਂਟਰ ਵਿੱਚ ਸਾਹਮਣੇ ਆਇਆ ਸੀ। ਹੁਣ ਤੱਕ ਗੁਜਰਾਤ ਵਿੱਚ ਦੋ ਤੇ ਓਡੀਸ਼ਾ ਵਿੱਚ ਇੱਕ ਮਾਮਲਾ ਹੋਣ ਦੀ ਖ਼ਬਰ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਗੁਜਰਾਤ ਦੇ ਸਿਹਤ ਵਿਭਾਗ ਨੇ ਦੱਸਿਆ ਹੈ ਕਿ ਜਿਨ੍ਹਾਂ ਦੋ ਲੋਕਾਂ ਵਿੱਚ ਇਹ ਸਬਵੇਰੀਐਂਟ ਨਿਕਲਿਆ ਹੈ, ਉਹ ਹੁਣ ਠੀਕ ਹੋ ਚੁੱਕੇ ਹਨ।

ਬੁੱਧਵਾਰ ਨੂੰ ਸਿਹਤ ਮੰਤਰੀ ਮਨਸੁਖ ਮਾਂਡਵੀਆ ਨਾਲ ਹੋਈ ਬੈਠਕ 'ਚ ਮਾਹਿਰਾਂ ਨੇ ਕਿਹਾ ਕਿ ਦੇਸ਼ 'ਚ ਕੋਵਿਡ ਦੇ ਮਾਮਲੇ ਹਾਲੇ ਤੱਕ ਨਹੀਂ ਹਨ।

ਉਨ੍ਹਾਂ ਕਿਹਾ ਕਿ ਲਾਗ਼ ਦੇ ਫ਼ੈਲਾਅ ਨੂੰ ਰੋਕਣ ਲਈ ਚੌਕਸੀ ਵਧਾਉਣ ਦੀ ਲੋੜ ਹੈ ਤੇ ਨਾਲ ਹੀ, ਨਵੇਂ ਅਤੇ ਮੌਜੂਦਾ ਵੇਰੀਐਂਟ ਦੀ ਨਿਗਰਾਨੀ ਅਤੇ ਫ਼ੈਲਾਅ ਬਾਰੇ ਜਾਗਰੂਕ ਰਹਿਣਾ ਹੋਵੇਗਾ।

ਨਵਾਂ ਸਬਵੇਰੀਐਂਟ ਬੀਐੱਫ.7 ਕੀ ਹੈ

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਜਦੋਂ ਵੀ ਕੋਈ ਵਾਇਰਸ ਬਦਲਦਾ ਹੈ, ਇਹ ਇੱਕ ਨਵੀਂ ਸ਼੍ਰੇਣੀ (ਲੀਨੀਏਜ) ਜਾਂ ਉਪ-ਸ਼੍ਰੇਣੀ ਸ਼ੁਰੂ ਕਰਦਾ ਹੈ। ਬੀਐੱਫ਼.7 ਵੀ ਇੱਕ ਪੁਰਾਣੇ ਵੇਰੀਐਂਟ ਬੀਏ.5.2.1.7 ਦਾ ਬਦਲਿਆ ਰੂਪ ਹੈ।

ਇਹ ਓਮੀਕਰੋਨ ਦੇ ਸਬਵੇਰਿਐਂਟ ਬੀਏA.5 ਤੋਂ ਹੀ ਬਦਲਕੇ ਬਣਿਆ ਸੀ।

ਇਸੇ ਮਹੀਨੇ, ਇੱਕ ਵਿਗਿਆਨਕ ਰਸਾਲੇ ਸੈੱਲ ਹੋਸਟ ਐਂਡ ਮਾਈਕ੍ਰੋਬ ਵਿੱਚ ਪ੍ਰਕਾਸ਼ਿਤ ਹੋਏ ਇੱਕ ਲੇਖ ਵਿੱਚ ਨਵੇਂ ਵੇਰੀਐਂਟ ਨੂੰ ਇਸਦੇ ਮੂਲ ਰੂਪ ਦੇ ਮੁਕਾਬਲੇ ਚਾਰ ਗੁਣਾ ਵੱਧ ਪ੍ਰਤੀਰੋਧਕ ਸ਼ਕਤੀ ਵਾਲਾ ਵਾਇਰਸ ਦੱਸਿਆ ਗਿਆ ਹੈ।

ਜਿਸਦਾ ਅਰਥ ਹੈ ਕਿ ਪ੍ਰਯੋਗਸ਼ਾਲਾ ਵਿੱਚ ਲਾਗ਼ ਪ੍ਰਭਾਵਿਤ ਜਾਂ ਕੋਰੋਨਾ ਤੋਂ ਰੋਕਥਾਮ ਲਈ ਟੀਕਾ ਲਗਵਾ ਚੁੱਕੇ ਮਨੁੱਖਾਂ ਵਿੱਚ ਬੀਐੱਫ਼.7 ਨੂੰ ਨਸ਼ਟ ਕਰਨ ਦੀ ਬਹੁਤ ਘੱਟ ਸਮਰੱਥਾ ਹੁੰਦੀ ਹੈ।

ਰਸਾਲੇ ਵਿੱਚ ਕਿਹਾ ਗਿਆ ਸੀ ਕਿ ਇਹ ਸਮਰੱਥਾ ਵੁਹਾਨ ਵਾਇਰਸ ਦੇ ਮੁਕਾਬਲੇ ਵੀ ਘੱਟ ਹੋ ਸਕਦੀ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਮੰਨਿਆ ਜਾ ਰਿਹਾ ਹੈ ਕਿ ਇਸ ਸਬਵੇਰੀਐਂਟ ਕਾਰਨ ਚੀਨ ਇਸ ਸਮੇਂ ਗੰਭੀਰ ਸੰਕਟ ਨਾਲ ਨਜਿੱਠ ਰਿਹਾ ਹੈ। ਇਸ ਵੇਰੀਐਂਟ ਵਿੱਚ ਲਾਗ਼ ਲੱਗਣ ਦੀ ਸਮਰੱਥਾ ਵੀ ਵਧੇਰੇ ਮਜ਼ਬੂਤ ​​ਦੱਸੀ ਜਾ ਰਹੀ ਹੈ।

ਕੁਝ ਰਿਪੋਰਟਾਂ ਮੁਤਾਬਕ, ਇਹ ਸਬਵੇਰੀਐਂਟ ਪਹਿਲਾਂ ਤੋਂ ਲਾਗ਼ ਪ੍ਰਭਾਵਿਤ ਲੋਕਾਂ ਜਾਂ ਵੈਕਸੀਨ ਲੈਣ ਵਾਲੇ ਲੋਕਾਂ ਨੂੰ ਵੀ ਲਾਗ਼ ਲਗਾ ਸਕਦਾ ਹੈ।

BBC

ਚੀਨ ਵਿੱਚ ਕੋਰੋਨਾ ਦੀ ਸਥਿਤੀ

  • ਚੀਨ ਵਿੱਚ ਕੋਰੋਨਾ ਪਾਬੰਦੀਆਂ ਹਟਾਉਣ ਤੋਂ ਬਾਅਦ ਕੋਵਿਡ ਦੇ ਮਾਮਲੇ ਦੇ ਮੌਤਾਂ ਦੀ ਗਿਣਤੀ ਵਧੀ
  • ਕੋਰੋਨਾਵਾਇਰਸ ਦੇ ਓਮੀਕਰੋਨ ਸਬਵੇਰੀਐਂਟ ਬੀਐੱਫ਼.7 (BF.7) ਸੰਭਾਵਿਤ ਤੌਰ ’ਤੇ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।
  • ਅਮਰੀਕਾ ਦੀ ਇੱਕ ਸੰਸਥਾ ਦੇ ਅਨੁਮਾਨਾਂ ਮੁਤਾਬਕ 1ਅਪ੍ਰੈਲ, 2023 ਤੱਕ ਕੋਵਿਡ ਨਾਲ 10 ਲੱਖ ਮੌਤਾਂ ਹੋ ਸਕਦੀਆਂ ਹਨ
  • ਚੀਨ ਵਿੱਚ ਕੋਵਿਡ ਦੇ ਵਧੇ ਮਾਮਲਿਆਂ ਤੋਂ ਬਾਅਦ ਭਾਰਤ ’ਚ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕੋਰੋਨਾ ਦੇ ਸੈਂਪਲਾਂ ਦਾ ਸੰਭਾਵਿਤ ਨਵੇਂ ਵੇਰੀਐਂਟ ਲਈ ਨਰੀਖਣ ਕਰਨ ਦੇ ਆਦੇਸ਼ ਦਿੱਤੇ ਹਨ
BBC

ਭਾਰਤ ਵਿੱਚ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਤਿਆਰੀ

ਅਮਰੀਕਾ, ਯੂਕੇ, ਬੈਲਜੀਅਮ, ਜਰਮਨੀ, ਫਰਾਂਸ ਅਤੇ ਡੈਨਮਾਰਕ ਸਮੇਤ ਕਈ ਦੇਸ਼ਾਂ ਵਿੱਚ ਇਸ ਸਬਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ।

ਅਕਤੂਬਰ ਵਿੱਚ, ਅਮਰੀਕਾ ਵਿੱਚ ਕੁੱਲ ਕੋਰੋਨਾ ਦੇ ਮਾਮਲਿਆਂ ਦਾ 5 ਫ਼ੀਸਦ ਬੀਐੱਫ਼.7 ਵੇਰੀਐਂਟ ਤੋਂ ਲਾਗ਼ ਲੱਗਣ ਵਾਲੇ ਲੋਕਾਂ ਦਾ ਸੀ। ਇਸੇ ਤਰ੍ਹਾਂ ਯੂਕੇ ਵਿੱਚ ਇਹ ਦਰ 7.26 ਫ਼ੀਸਦ ਦੱਸੀ ਗਈ ਸੀ।

ਪੱਛਮੀ ਦੇਸ਼ਾਂ ਦੇ ਵਿਗਿਆਨੀ ਇਸ ਵੇਰੀਐਂਟ ਦੀ ਨੇੜਿਓਂ ਨਿਗਰਾਨੀ ਕਰ ਰਹੇ ਹਨ, ਪਰ ਇਨ੍ਹਾਂ ਦੇਸ਼ਾਂ ਵਿੱਚ ਬੀਐੱਫ਼.7 ਲਾਗ਼ ਦੇ ਮਾਮਲਿਆਂ ਵਿੱਚ ਨਾਟਕੀ ਤੌਰ 'ਤੇ ਕੋਈ ਵਾਧਾ ਨਹੀਂ ਹੋਇਆ ਹੈ।

ਜਨਵਰੀ 2022 ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਓਮੀਕਰੋਨ ਦੇ ਸਬਵੇਰੀਐਂਟ (ਉਪ ਰੂਪ) ਬੀਏ.1 ਅਤੇ ਬੀਏ.2 ਨੇ ਵਧੇਰੇ ਪ੍ਰਭਾਵਿਤ ਕੀਤੀ ਸੀ।

ਇਸ ਤੋਂ ਬਾਅਦ ਬੀ.ਏ.4 ਅਤੇ ਬੀ.ਏ.5 ਵਰਗੇ ਸਬਵੇਰੀਐਂਟ ਵੀ ਆਏ ਪਰ ਉਨ੍ਹਾਂ ਦਾ ਭਾਰਤ ਵਿੱਚ ਉਸ ਤਰ੍ਹਾਂ ਹਾਵੀ ਨਹੀਂ ਹੋਏ ਜਿਸ ਤਰ੍ਹਾਂ ਯੂਰਪੀ ਦੇਸ਼ਾਂ ਵਿੱਚ ਸਨ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਭਾਰਤ ਵਿੱਚ ਵੀ ਜਾਰੀ ਕੀਤੀਆਂ ਗਈਆਂ ਹਦਾਇਤਾਂ

ਚੀਨ 'ਚ ਕੋਰੋਨਾਵਾਇਰਸ ਦੇ ਲਾਗ਼ ਦੇ ਵਧਦੇ ਮਾਮਲਿਆਂ ਤੋਂ ਬਾਅਦ ਭਾਰਤ 'ਚ ਕੇਂਦਰ ਸਰਕਾਰ ਨੇ ਸਾਵਧਾਨੀ ਵਰਤਣ ਲਈ ਕਿਹਾ ਹੈ।

ਕੋਵਿਡ ਸਬੰਧੀ ਬਣੀ ਕੌਮੀ ਟਾਸਕ ਫੋਰਸ ਦੇ ਮੁਖੀ ਵੀਕੇ ਪਾਲ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਭਾਰਤ ਵਾਸੀਆਂ ਨੂੰ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਲੋੜੀਂਦੇ ਟੈਸਟ ਕੀਤੇ ਜਾ ਰਹੇ ਹਨ।

ਉਨ੍ਹਾਂ ਲੋਕਾਂ ਨੂੰ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਜਾਣ ਸਮੇਂ ਵਿੱਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।

ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਦੇਸ਼ ਵਿੱਚ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਮੀਟਿੰਗ ਕੀਤੀ।

BBC
BBC

ਬੈਠਕ ਤੋਂ ਬਾਅਦ ਸਿਹਤ ਮੰਤਰੀ ਨੇ ਟਵੀਟ ਕੀਤਾ, “ਕੋਵਿਡ ਹਾਲੇ ਖ਼ਤਮ ਨਹੀਂ ਹੋਇਆ। ਮੈਂ ਸਾਰਿਆਂ ਨੂੰ ਸੁਚੇਤ ਰਹਿਣ ਅਤੇ ਸਖ਼ਤ ਤਰੀਕੇ ਨਾਲ ਚੌਕਸੀ ਰੱਖਣ ਲਈ ਕਿਹਾ ਹੈ। ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਾਂ।”

ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਜੀਨੋਮ ਸੀਕਵੈਂਸਿੰਗ ਲਈ ਪ੍ਰਯੋਗਸ਼ਾਲਾਵਾਂ ਨੂੰ ਸੈਂਪਲ ਭੇਜਣ ਲਈ ਕਿਹਾ ਹੈ। ਤਾਂ ਜੋ ਵੇਰੀਐਂਟ ਅਤੇ ਸਬਵੇਰੀਐਂਟ ਦਾ ਪਤਾ ਲਗਾਇਆ ਜਾ ਸਕੇ।

ਦੂਜੇ ਦੇਸਾਂ ਤੋਂ ਆਉਣ ਵਾਲੇ ਯਾਤਰੀਆਂ ਦਾ ਏਅਰਪੋਰਟ ਉੱਤੇ ਰੈਂਡਮ ਕੋਰੋਨਾ ਟੈਸਟ ਕੀਤਾ ਜਾਵੇਗਾ।

ਕੋਰੋਨਾਵਾਇਰਸ

ਤਸਵੀਰ ਸਰੋਤ, Chetan Singh Jouramajra/FB

ਤਸਵੀਰ ਕੈਪਸ਼ਨ, ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਹਾਲੇ ਕੋਰੋਨਾ ਦੇ ਬਹੁਤੇ ਮਾਮਲੇ ਨਹੀਂ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਕੁੱਲ 9 ਸਰਗਰਮ ਮਾਮਲੇ ਹਨ।

ਪੰਜਾਬ ਦੇ 16 ਜ਼ਿਲ੍ਹੇ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਕੋਈ ਵੀ ਮਾਮਲਾ ਨਹੀਂ ਹੈ।

ਜੌੜਾਮਾਜਰਾ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਹੁਣ ਤੱਕ 2 ਕਰੋੜ ਤੋਂ ਵੱਧ (2,10,77,118) ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ 7 ਲੱਖ 85 ਹਜ਼ਾਰ ਦੇ ਕਰੀਬ (7,85,375) ਪੌਜ਼ੀਟਿਵ ਪਾਏ ਗਏ ਸਨ।

ਜੌੜਾਮਾਜਰਾ ਦਾ ਦਾਅਵਾ ਹੈ ਕਿ ਜੇ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਹਨ ਤਾਂ ਪੰਜਾਬ ਸਿਹਤ ਵਿਭਾਗ ਪੂਰ੍ਹੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਦੱਸਿਆ ਕਿ ਜਿਲ੍ਹਾ ਪੱਧਰ ’ਤੇ ਦੇਖਭਾਲ ਲਈ ਯੂਨਿਟ ਸਥਾਪਤ ਕੀਤੇ ਗਏ ਹਨ।

ਇਸ ਦੇ ਨਾਲ ਹੀ ਆਈਸੀਯੂ ਬੈੱਡਾਂ ਤੇ ਆਕਸੀਜਨ ਦਾ ਵੀ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੀਨ ਵਿੱਚ ਕੋਵਿਡ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਸੱਚ ਤੋਂ ਦੂਰ ਹੋਣ ਦਾ ਦਾਅਵਾ

ਚੀਨ ਵਿੱਚ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਵਧੀ

ਚੀਨ ਵਿੱਚ ਓਮੀਕਰੋਨ ਦੇ ਸਬਵੇਰੀਐਂਟ ਦੇ ਚਲਦਿਆਂ ਕੋਰੋਨਾ ਦੇ ਮਾਮਲੇ ਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਬਹੁਤ ਵੱਧ ਚੁੱਕੀ ਹੈ।

ਕੋਵਿਡ ਕਾਰਨ ਮੌਤਾਂ ਦੀ ਵਧੀ ਗਿਣਤੀ ਤੋਂ ਬਾਅਦ ਲੋਕ ਆਪਣੇ ਪਿਆਰਿਆਂ ਨੂੰ ਦਫ਼ਨਾਉਣ ਲਈ ਜੱਦੋਜਹਿਦ ਕਰ ਰਹੇ ਹਨ।

ਸ਼ਮਸ਼ਾਨਘਾਟਾਂ ਵਿੱਚ ਲੰਬੀਆਂ ਕਤਾਰਾਂ ਹਨ ਤੇ ਉੱਥੇ ਕੰਮ ਕਰਨ ਵਾਲੇ ਲੋਕ ਅੱਕ ਥੱਕ ਚੁੱਕੇ ਹਨ।

ਹਾਲ ਹੀ ਵਿੱਚ ਵੱਡੇ ਪੱਧਰ ’ਤੇ ਵਿਰੋਧ ਹੋਣ ਤੋਂ ਬਾਅਦ ਚੀਨ ਦੀ ਸਰਕਾਰ ਨੇ ‘ਜ਼ੀਰੋ ਕੋਵਿਡ’ ਨੀਤੀ ਦੌਰਾਨ ਲਗਾਈਆਂ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਸੀ।

ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈੱਸ ਦੇ ਪੱਤਰਕਾਰ ਡੇਕ ਕੈਂਗ ਚੀਨ ਦੀ ਰਾਜਧਾਨੀ ਦੇ ਡੋਨਗਜੀਓ ਸ਼ਮਸ਼ਾਨ ਘਾਟ ਪਹੁੰਚੇ।

ਇਸ ਸ਼ਮਸ਼ਾਨ ਘਾਟ ਨੂੰ ਕੋਵਿਡ ਕਾਰਨ ਹੋਈਆਂ ਮੌਤਾਂ ਕਾਰਨ ਲੋਕਾਂ ਦੀਆਂ ਲਾਸ਼ਾਂ ਦਫ਼ਨਾਉਣ ਲਈ ਨਿਰਧਾਰਿਤ ਕੀਤਾ ਗਿਆ।

ਪਰ ਹੁਣ ਨਿਰਧਾਰਿਤ ਕੀਤੇ ਗਏ ਸ਼ਮਸ਼ਾਨ ਘਾਟਾਂ ਵਿੱਚ ਵੱਡੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਸਾਹਮਣੇ ਆਉਣ ਲੱਗੀ ਹੈ।

ਹਾਲਾਂਕਿ ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਮੌਤਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਸਥਿਤੀ ਕਾਬੂ ਵਿੱਚ ਹੈ। ਚੀਨ ਵਲੋਂ ਕਰੀਬ ਦੋ ਹਫ਼ਤਿਆਂ ਬਾਅਦ ਕੋਵਿਡ ਦੌਰਾਨ ਹੋਈਆਂ ਮੌਤਾਂ ਦੇ ਅਧਿਕਾਰਤ ਅੰਕੜੇ ਜਾਰੀ ਕੀਤੇ ਗਏ।

ਚੀਨੀ ਅਧਿਕਾਰੀਆਂ ਵਲੋਂ ਸੋਮਵਾਰ ਨੂੰ ਅਧਿਕਾਰਤ ਤੌਰ ’ਤੇ ਲਾਸ਼ਾਂ ਦੀ ਗਿਣਤੀ ਦੋ ਦੱਸੀ ਗਈ, ਅਤੇ ਮੰਗਲਵਾਰ ਨੂੰ ਮਹਿਜ਼ ਪੰਜ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ।

ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਵਿਸ਼ਵ ਸਿਹਤ ਸੰਗਠਨ ਵੀ ਫ਼ਿਕਰਮੰਦ

ਦੂਜੇ ਪਾਸੇ ਵਿਸ਼ਵ ਸਿਹਤ ਸੰਗਠਨ ਨੇ ਵੀ ਅੱਜ ਆਪਣੀ ਸਾਲਾਨਾ ਪ੍ਰੈੱਸ ਕਾਨਫਰੰਸ 'ਚ ਚੀਨ 'ਚ ਕੋਵਿਡ ਦੀ ਸਥਿਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਸੰਗਠਨ ਚੀਨ ਨੂੰ ਲੈ ਕੇ ਕਾਫ਼ੀ ਫ਼ਿਕਰਮੰਦ ਹੈ।

ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ-ਜਨਰਲ ਡਾਕਟਰ ਟੇਡਰੋਸ ਨੇ ਕਿਹਾ, "ਵਿਸ਼ਵ ਸਿਹਤ ਸੰਗਠਨ ਉਨ੍ਹਾਂ ਲੋਕਾਂ ਦੇ ਟੀਕਾਕਰਨ 'ਤੇ ਧਿਆਨ ਕੇਂਦਰਤ ਕਰ ਰਿਹਾ ਹੈ ਜੋ ਚੀਨ ਵਿੱਚ ਸਭ ਤੋਂ ਵੱਧ ਜੋਖਮ ਭਰੀ ਸਥਿਤੀ ਵਿੱਚ ਪਹੁੰਚ ਚੁੱਕੇ ਹਨ।”

ਉਨ੍ਹਾਂ ਕਿਹਾ ਕਿ ਸਥਿਤੀ ਦਾ ਸਹੀ ਢੰਗ ਨਾਲ ਮੁਲਾਂਕਣ ਕਰਨ ਲਈ ਸਾਨੂੰ ਹੋਰ ਜਾਣਕਾਰੀ ਦੀ ਲੋੜ ਹੈ ਤਾਂ ਜੋ ਹਸਪਤਾਲਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕੇ।"

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)