ਕੋਰੋਨਾਵਾਇਰਸ: ਟੀਕਾ ਲਗਾਉਣ ਤੇ ਨਾ ਲਗਵਾਉਣ ਵਾਲਿਆਂ ਦੇ ਲੱਛਣਾਂ ਵਿੱਚ ਇਹ ਫਰਕ ਹੁੰਦਾ ਹੈ

ਤਸਵੀਰ ਸਰੋਤ, Getty Images
ਜ਼ੁਕਾਮ, ਸਿਰ ਦਰਦ, ਖੰਘ, ਛਿੱਕਾਂ ਅਤੇ ਗਲੇ 'ਚ ਦਰਦ। ਕੋਰੋਨਾਵਾਇਰਸ ਖ਼ਿਲਾਫ਼ ਇੱਕ ਜਾਂ ਦੋ ਟੀਕੇ ਲਗਵਾਉਣ ਤੋਂ ਬਾਅਦ ਕੋਵਿਡ-19 ਦਾ ਸ਼ਿਕਾਰ ਹੋਏ ਲੋਕਾਂ ਵਿੱਚ ਇਹ ਪੰਜ ਆਮ ਲੱਛਣ ਦੇਖੇ ਗਏ ਹਨ।
ਜਿਨ੍ਹਾਂ ਲੋਕਾਂ ਨੂੰ ਟੀਕਾ ਨਹੀਂ ਲੱਗਿਆ ਉਨ੍ਹਾਂ ਦੇ ਵੀ ਲਗਭਗ ਇਹੀ ਲੱਛਣ ਹੁੰਦੇ ਹਨ ਪਰ ਥੋੜ੍ਹੇ ਗੰਭੀਰ।
ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਲਗਾਤਾਰ ਦੋ ਸਾਲ ਤੱਕ ਯੂਕੇ ਵਿੱਚ ਤਕਨਾਲੌਜੀ ਕੰਪਨੀ ਜੋਈ ਵੱਲੋਂ ਅਧਿਐਨ ਕਰਨ ਤੋਂ ਬਾਅਦ ਇਹ ਨਤੀਜੇ ਸਾਹਮਣੇ ਆਏ ਹਨ।
ਇਨ੍ਹਾਂ ਨਤੀਜਿਆਂ ਦਾ ਕਿੰਗਜ਼ ਕਾਲਜ ਲੰਡਨ ਵਿੱਚ ਅਧਿਐਨ ਕੀਤਾ ਗਿਆ ਤੇ ਬ੍ਰਿਟਿਸ਼ ਪਬਲਿਕ ਹੈਲਥ ਸਰਵਿਸ ਐਨਐਚਐਸ ਨੇ ਵੀ ਇਸ ਵਿੱਚ ਸਹਾਇਤਾ ਕੀਤੀ ਹੈ।
47 ਲੱਖ ਤੋਂ ਵੱਧ ਲੋਕਾਂ ਨੇ ਕੋਰੋਨਾਵਾਇਰਸ ਦੀ ਲਾਗ ਹੋਣ ਤੋਂ ਬਾਅਦ ਆਪਣੇ ਲੱਛਣ ਇੱਕ ਡਿਜੀਟਲ ਪਲੇਟਫਾਰਮ ਰਾਹੀਂ ਦੱਸੇ ਸਨ।
ਇਨ੍ਹਾਂ ਲੱਛਣਾਂ ਨੂੰ ਮਾਹਰਾਂ ਨੇ ਅਧਿਐਨ ਕਰਨ ਤੋਂ ਬਾਅਦ ਸਭ ਤੋਂ ਵੱਧ ਪਾਏ ਜਾਣ ਵਾਲੇ ਲੱਛਣਾਂ ਦੇ ਹਿਸਾਬ ਨਾਲ ਰੱਖਿਆ ਹੈ।
ਲੋਕਾਂ ਵਿੱਚ ਘੱਟ ਪਾਏ ਜਾਣ ਬਾਰੇ ਲੱਛਣਾਂ ਬਾਰੇ ਵੀ ਪਤਾ ਲੱਗਿਆ ਜਿਨ੍ਹਾਂ ਵਿੱਚ ਗੰਧ ਅਤੇ ਸਵਾਦ ਦਾ ਜਾਣਾ ਸ਼ਾਮਿਲ ਸੀ।

ਜਿਨ੍ਹਾਂ ਲੋਕਾਂ ਨੇ ਕੋਰੋਨਾਵਾਇਰਸ ਖ਼ਿਲਾਫ਼ ਟੀਕੇ ਦੀਆਂ ਦੋ ਡੋਜ਼ ਲੈ ਲਈਆਂ ਸਨ, ਉਨ੍ਹਾਂ ਵਿੱਚ ਕੋਵਿਡ ਦੇ ਇਹ ਲੱਛਣ ਸਨ...
- ਸਿਰ ਦਰਦ
- ਗਲੇ ਵਿੱਚ ਦਰਦ
- ਨੱਕ ਦਾ ਵਗਣਾ
- ਲਗਾਤਾਰ ਖੰਘ


ਤਸਵੀਰ ਸਰੋਤ, Getty Images
ਜਿਨ੍ਹਾਂ ਲੋਕਾਂ ਨੇ ਟੀਕੇ ਨਹੀਂ ਲਗਵਾਏ, ਉਨ੍ਹਾਂ ਵਿੱਚ ਇਹ ਲੱਛਣ ਸਨ...
- ਸਿਰ ਦਰਦ
- ਗਲੇ ਵਿਚ ਦਰਦ
- ਨੱਕ ਦਾ ਵਗਣਾ
- ਲਗਾਤਾਰ ਖੰਘ
- ਬੁਖਾਰ
ਟੀਕਾ ਲਗਵਾਉਣ ਵਾਲੇ ਅਤੇ ਬਿਨਾਂ ਟੀਕੇ ਲਗਵਾਉਣ ਵਾਲੇ ਮਰੀਜ਼ਾਂ ਵਿੱਚ ਸਭ ਤੋਂ ਵੱਡਾ ਫ਼ਰਕ ਬੁਖਾਰ ਦਾ ਸੀ। ਇਨ੍ਹਾਂ ਮਰੀਜ਼ਾਂ ਵਿੱਚ ਸਿਰ ਦਰਦ ਅਤੇ ਗਲੇ 'ਚ ਦਰਦ ਵੀ ਟੀਕਾ ਲਗਵਾਉਣ ਵਾਲੇ ਮਰੀਜ਼ਾਂ ਤੋਂ ਜ਼ਿਆਦਾ ਸੀ।
ਇਸ ਅਧਿਐਨ ਨੂੰ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਫ਼ਰਕ ਪਿੱਛੇ ਕਈ ਕਾਰਨ ਹਨ।
ਉਹ ਕਹਿੰਦੇ ਹਨ, "ਜਵਾਨ ਲੋਕਾਂ ਵਿੱਚ ਜ਼ਿਆਦਾ ਕੇਸ ਪਾਏ ਗਏ ਹਨ, ਜਿਨ੍ਹਾਂ ਵਿੱਚ ਵੱਖ-ਵੱਖ ਲੱਛਣ ਹੁੰਦੇ ਹਨ। ਇਹ ਘੱਟ ਖ਼ਤਰਨਾਕ ਵੀ ਹੁੰਦੇ ਹਨ।"
ਇਸ ਅਧਿਐਨ ਵਿੱਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੱਛਣਾਂ ਨੂੰ ਦਰਜੇ ਮੁਤਾਬਕ ਮਰੀਜ਼ਾਂ ਦੇ ਦੱਸਣ ਅਨੁਸਾਰ ਹੀ ਰੱਖਿਆ ਗਿਆ ਹੈ। ਇਸ ਵਿੱਚ ਕੋਰੋਨਾਵਾਇਰਸ ਦੇ ਵੱਖ-ਵੱਖ ਵੇਰੀਐਂਟ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਇਹ ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਵੱਖ-ਵੱਖ ਲੱਛਣ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਨੈਸ਼ਨਲ ਹੈਲਥ ਸਰਵਿਸ ਮੁਤਾਬਕ ਕੋਰੋਨਾਵਾਇਰਸ ਦੇ ਆਮ ਲੱਛਣਾਂ ਵਿੱਚ ਇਹ ਸਭ ਸ਼ਾਮਲ ਹਨ...
- ਤੇਜ਼ ਬੁਖਾਰ
- ਲਗਾਤਾਰ ਖੰਘ
- ਸੁਆਦ ਜਾਂ ਸੁੰਘਣ ਦੀ ਸ਼ਕਤੀ ਵਿੱਚ ਬਦਲਾਅ
- ਸਾਹ ਲੈਣ ਵਿੱਚ ਦਿੱਕਤ
- ਥਕਾਵਟ
- ਸਰੀਰ ਵਿੱਚ ਦਰਦ
- ਗਲੇ ਵਿਚ ਦਰਦ
- ਨੱਕ ਦਾ ਵਗਣਾ
- ਭੁੱਖ ਨਾ ਲੱਗਣਾ
- ਢਿੱਡ ਪੀੜ

ਕੋਵਿਡ ਦੇ ਲੱਛਣ ਹੋਣ 'ਤੇ ਕੀ ਕੀਤਾ ਜਾਵੇ
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਮੁਤਾਬਕ ਜੇ ਤੁਹਾਡੇ ਵਿੱਚ ਕੋਈ ਇੱਕ ਜਾਂ ਇੱਕ ਤੋਂ ਵੱਧ ਲੱਛਣ ਆਉਣ ਤਾਂ ਸਭ ਤੋਂ ਪਹਿਲਾਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ।

ਤਸਵੀਰ ਸਰੋਤ, Getty Images
ਜੇ ਤੁਸੀਂ ਉਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਹੋ ਜਿਨ੍ਹਾਂ ਨੂੰ ਕੋਰੋਨਾਵਾਇਰਸ ਦਾ ਖ਼ਤਰਾ ਜਾਪਦਾ ਹੈ ਜਿਵੇਂ ਬਜ਼ੁਰਗ ਅਤੇ ਪਹਿਲਾਂ ਤੋਂ ਬਿਮਾਰ ਲੋਕ ਤਾਂ ਹੋਰ ਵੀ ਧਿਆਨ ਰੱਖਣ ਦੀ ਲੋੜ ਹੈ।
ਇਸ ਤੋਂ ਬਾਅਦ ਟੈਸਟ ਕਰਵਾਇਆ ਜਾਵੇ ਅਤੇ ਜੇ ਉਸ ਦਾ ਨਤੀਜਾ ਪੌਜ਼ੀਟਿਵ ਹੈ ਤਾਂ ਪੰਜ ਤੋਂ ਸੱਤ ਦਿਨਾਂ ਤੱਕ ਆਪਣੇ ਆਪ ਨੂੰ ਇਕਾਂਤਵਾਸ ਵਿੱਚ ਰੱਖਿਆ ਜਾਵੇ।
ਜੇ ਸਮੇਂ ਨਾਲ ਸਿਹਤ ਠੀਕ ਹੋ ਜਾਵੇ ਤਾਂ ਆਪਣੇ ਕੰਮ ਦੁਬਾਰਾ ਸ਼ੁਰੂ ਕਰ ਲਏ ਜਾਣ ਅਤੇ ਜੇ ਸਿਹਤ ਖ਼ਰਾਬ ਹੋਵੇ ਤਾਂ ਡਾਕਟਰ ਦੀ ਸਹਾਇਤਾ ਲੈਣੀ ਚਾਹੀਦੀ ਹੈ।
ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ ਅਜੇ ਵੀ ਕੋਵਿਡ ਕਿਉਂ ਹੋ ਰਿਹਾ?
ਕੋਵਿਡ ਦੇ ਵਿਰੁੱਧ ਟੀਕੇ ਇੱਕ ਮੁੱਖ ਉਦੇਸ਼ ਨਾਲ ਵਿਕਸਤ ਕੀਤੇ ਗਏ ਸਨ। ਬਿਮਾਰੀ ਦੇ ਰਿਸਕ ਅਤੇ ਜੋਖ਼ਮ ਨੂੰ ਘਟਾਉਣ ਲਈ, ਜੋ ਕਿ ਹਸਪਤਾਲ ਵਿੱਚ ਦਾਖਲ ਹੋਣ, ਇਨਟੂਬੇਸ਼ਨਾਂ ਅਤੇ ਮੌਤਾਂ ਨਾਲ ਸਬੰਧਤ ਹਨ।
ਇਸ ਗੱਲ ਨੂੰ ਪਾਸੇ ਰੱਖ ਕੇ ਕਿ ਵੈਕਸੀਨ ਪਿੱਛੇ ਕਿਹੜੀ ਤਕਨਾਲੌਜੀ ਹੈ, ਇਨ੍ਹਾਂ ਦਾ ਮੁੱਢਲਾ ਮਕਸਦ ਇੱਕੋ ਹੀ ਹੈ - ਸਾਡੀ ਪਾਚਨ ਪ੍ਰਣਾਲੀ (ਇਮਿਊਨ ਸਿਸਟਮ) ਨੂੰ ਵਾਇਰਸ ਜਾਂ ਬੈਕਟੀਰੀਆ ਤੋਂ ਸੁਰੱਖਿਅਤ ਰੱਖਣਾ।
ਸਾਡੇ ਸਰੀਰ ਦੇ ਸੈੱਲ ਅਸਲ ਵਿੱਚ ਲਾਗ ਦੇ ਆਉਣ ਦੀ ਸਥਿਤੀ ਵਿੱਚ ਸਰੀਰ ਨੂੰ ਤਿਆਰ ਕਰਨ ਦੇ ਸਮਰੱਥ ਹੁੰਦੇ ਹਨ।

ਤਸਵੀਰ ਸਰੋਤ, Getty Images
ਇਹ ਇਮਿਊਨ ਪ੍ਰਕਿਰਿਆ ਬਹੁਤ ਗੁੰਝਲਦਾਰ ਹੈ ਅਤੇ ਇਸ ਵਿੱਚ ਸੈੱਲਾਂ ਅਤੇ ਐਂਟੀਬਾਡੀਜ਼ ਦੀ ਇੱਕ ਵੱਡੀ ਤਾਕਤ ਸ਼ਾਮਲ ਹੁੰਦੀ ਹੈ। ਇਸੇ ਲਈ ਇਮਿਊਨ ਪ੍ਰਤੀਕਿਰਿਆ ਵਾਇਰਸ ਦੀ ਕਿਸਮ, ਇਸ ਦੇ ਬਦਲਾਅ, ਵੈਕਸੀਨ ਨੂੰ ਵਿਕਸਤ ਕਰਨ ਦੇ ਤਰੀਕੇ, ਪਹਿਲਾਂ ਤੋਂ ਮੌਜੂਦ ਬਿਮਾਰੀਆਂ (ਸਰੀਰਕ ਸਮੱਸਿਆਵਾਂ) ਅਤੇ ਹੋਰ ਪਹਿਲੂਆਂ ਦੇ ਅਧਾਰ 'ਤੇ ਬਦਲਦਾ ਹੈ।
ਇਸ ਲਈ ਇੱਕ ਇਮਿਊਨਾਈਜ਼ਿੰਗ ਏਜੰਟ ਵਿਕਸਿਤ ਕਰਨਾ ਬਹੁਤ ਔਖਾ ਹੈ ਜੋ ਲਾਗ ਨੂੰ ਆਪਣੇ ਆਪ ਰੋਕਣ ਦੇ ਸਮਰੱਥ ਹੈ, ਭਾਵ ਸਾਡੇ ਸੈੱਲਾਂ ਵਿੱਚ ਬਿਮਾਰੀ ਦੇ ਕਾਰਨ ਦੀ ਐਂਟਰੀ ਨੂੰ ਰੋਕਦਾ ਹੈ।
ਪਰ ਇੱਕ ਅਹਿਮ ਪਹਿਲੂ ਇਹ ਵੀ ਹੈ ਉਹ ਕੇਸ ਜਿਨ੍ਹਾਂ ਵਿੱਚ ਵੈਕਸੀਨ ਲਾਗ ਨੂੰ ਨਹੀਂ ਰੋਕ ਸਕਦੀ। ਵੈਕਸੀਨ ਰਾਹੀਂ ਪੈਦਾ ਕੀਤੀ ਗਈ ਪ੍ਰਤੀਰੋਧਕ ਪ੍ਰਤੀਕਿਰਿਆ ਅਕਸਰ ਲੱਛਣਾਂ ਨੂੰ ਘੱਟ ਗੰਭੀਰ ਬਣਾ ਸਕਦੀ ਹੈ, ਇਸ ਤਰ੍ਹਾਂ ਇਹ ਵਧੇਰੇ ਗੰਭੀਰ ਬਿਮਾਰੀ ਅਤੇ ਮੌਤ ਨੂੰ ਰੋਕਦੀ ਹੈ।
ਉਦਾਹਰਣ ਦੇ ਤੌਰ 'ਤੇ ਰੋਟਾਵਾਇਰਸ ਅਤੇ ਇਨਫਲੂਐਂਜ਼ਾ ਟੀਕਿਆਂ ਨਾਲ ਅਜਿਹਾ ਹੁੰਦਾ ਹੈ ਅਤੇ ਇਹ ਬਿਲਕੁਲ ਉਹੀ ਵਰਤਾਰਾ ਹੈ ਜੋ ਅਸੀਂ ਕੋਵਿਡ -19 ਨਾਲ ਦੇਖ ਰਹੇ ਹਾਂ। ਹਾਲਾਂਕਿ ਉਪਲਬਧ ਟੀਕੇ ਕੇਸਾਂ ਦੀਆਂ ਨਵੀਆਂ ਲਹਿਰਾਂ ਨੂੰ ਨਹੀਂ ਰੋਕਦੇ, ਉਹ ਜ਼ਿਆਦਾਤਰ ਲਾਗਾਂ ਨੂੰ ਵਿਗੜਨ ਤੋਂ ਰੋਕਣ ਲਈ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ।
ਇਸ ਦਾ ਸਬੂਤ ਉਹ ਲਹਿਰਾਂ ਹਨ ਜੋ 2021 ਦੇ ਅੰਤ ਅਤੇ 2022 ਦੀ ਸ਼ੁਰੂਆਤ ਦੇ ਵਿਚਕਾਰ ਓਮੀਕਰੋਨ ਵੇਰੀਐਂਟ ਨਾਲ ਸਬੰਧਤ ਹਨ, ਜਦੋਂ ਬਹੁਤ ਸਾਰੇ ਦੇਸ਼ਾਂ ਨੇ ਕੇਸਾਂ ਦੀ ਗਿਣਤੀ ਵਿੱਚ ਰਿਕਾਰਡ ਤੋੜ ਦਿੱਤੇ ਪਰ ਹਸਪਤਾਲ ਵਿੱਚ ਭਰਤੀ ਅਤੇ ਮੌਤ ਦਰ ਮਹਾਂਮਾਰੀ ਦੇ ਹੋਰ ਪੜਾਅ ਨਾਲੋਂ ਕਾਫ਼ੀ ਘੱਟ ਸੀ।
ਮਾਰਚ ਵਿੱਚ ਪ੍ਰਕਾਸ਼ਿਤ ਯੂਐਸ ਸੈਂਟਰਜ਼ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਦੇ ਇੱਕ ਅਧਿਐਨ ਨੇ ਇਸ ਸੁਰੱਖਿਆ ਦੀ ਹੱਦ ਦੀ ਗਣਨਾ ਕੀਤੀ। ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਜਿਨ੍ਹਾਂ ਬਾਲਗਾਂ ਨੂੰ ਕੋਵਿਡ ਵੈਕਸੀਨ ਦੀਆਂ ਤਿੰਨ ਡੋਜ਼ ਮਿਲੀਆਂ ਹਨ, ਉਨ੍ਹਾਂ ਵਿੱਚ ਟੀਕਾਕਰਨ ਨਾ ਕੀਤੇ ਗਏ ਲੋਕਾਂ ਦੇ ਮੁਕਾਬਲੇ ਹਸਪਤਾਲ ਵਿੱਚ ਭਰਤੀ ਹੋਣ, ਸਾਹ ਲੈਣ ਵਿੱਚ ਮਕੈਨੀਕਲ ਸਹਾਇਤਾ ਜਾਂ ਮੌਤ ਦਾ 94% ਘੱਟ ਜੋਖ਼ਮ ਹੁੰਦਾ ਹੈ।
ਇਸ ਸੁਰੱਖਿਆ ਪ੍ਰਭਾਵ ਦਾ ਤੀਜਾ ਸਬੂਤ ਜੋਅ ਅਤੇ ਕਿੰਗਜ਼ ਕਾਲਜ ਵੱਲੋਂ ਕੀਤੇ ਗਏ ਫਾਲੋ-ਅੱਪ ਤੋਂ ਮਿਲਦਾ ਹੈ। ਉਨ੍ਹਾਂ ਨੇ ਦੇਖਿਆ ਕਿ ਕੋਵਿਡ ਦੇ ਕੁਝ ਗੰਭੀਰ ਲੱਛਣ, ਜਿਵੇਂ ਸਾਹ ਲੈਣ ਵਿੱਚ ਤਕਲੀਫ਼ ਤੇ ਤੇਜ਼ ਬੁਖਾਰ, ਮਹਾਂਮਾਰੀ ਦੇ ਸ਼ੁਰੂ ਵਿੱਚ ਬਹੁਤ ਜ਼ਿਆਦਾ ਅਕਸਰ ਦੇਖੇ ਗਏ ਸਨ, ਜਦੋਂ ਅਜੇ ਤੱਕ ਟੀਕੇ ਉਪਲਬਧ ਨਹੀਂ ਸਨ।
ਵੱਖੋ-ਵੱਖ ਲਹਿਰਾਂ ਤੋਂ ਬਾਅਦ ਅਤੇ ਸਭ ਤੋਂ ਅਹਿਮ ਤੌਰ 'ਤੇ ਜ਼ਿਆਦਾਤਰ ਆਬਾਦੀ ਵੱਲੋਂ ਲਈਆਂ ਗਈਆਂ ਡੋਜ਼ ਦੇ ਨਾਲ ਇਸ ਕਿਸਮ ਦੇ ਲੱਛਣ ਰੈਂਕਿੰਗ ਵਿੱਚ ਡਿੱਗਣੇ ਸ਼ੁਰੂ ਹੋ ਗਏ। ਹੌਲੀ-ਹੌਲੀ ਮਾਮੂਲੀ ਪਰੇਸ਼ਾਨੀਆਂ ਦੀਆਂ ਰਿਪੋਰਟਾਂ ਵਿੱਚ ਨੱਕ ਦਾ ਵਗਣਾ ਛਿੱਕਾਂ ਦਾ ਆਉਣਾ ਉੱਤੇ ਹੋ ਗਿਆ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post














