ਪੰਜਾਬ: ਖੇਤਾਂ ਲਈ ਨਹਿਰਾਂ ਦਾ ਪਾਣੀ ਦੇਣ ਦੇ ਦਾਅਵੇ ਦਾ ਕੀ ਹੋਇਆ, 'ਨਹਿਰੀ ਪਾਣੀ ਨਾ ਆਇਆ ਤਾਂ ਪੀਣ ਨੂੰ ਵੀ ਤਰਸਾਂਗੇ’

ਤਸਵੀਰ ਸਰੋਤ, BBC/Kulveer Singh
- ਲੇਖਕ, ਨਵਕਿਰਨ ਸਿੰਘ ਤੇ ਕੁਲਵੀਰ ਨਮੋਲ
- ਰੋਲ, ਬੀਬੀਸੀ ਸਹਿਯੋਗੀ
ਆਪਣੇ ਖੇਤ ਨੇੜਿਓਂ ਲੰਘਦੇ ਖਾਲ਼ ਵਿਚ ਉੱਗਿਆ ਘਾਹ ਦਿਖਾਉਂਦੇ ਹੋਏ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਮੋਲ ਦੇ ਕਿਸਾਨ ਜਗਤਾਰ ਸਿੰਘ ਕਾਫੀ ਮਾਯੂਸ ਨਜ਼ਰ ਆ ਰਹੇ ਸਨ।
ਜਗਤਾਰ ਸਿੰਘ ਛੋਟੇ ਕਿਸਾਨ ਹਨ ਅਤੇ ਵਾਹੀਯੋਗੀ ਜ਼ਮੀਨ ਦੀ ਸਿੰਜਾਈ ਲਈ ਆਪਣੇ ਭਰਾ ਨਾਲ ਸਾਂਝੇ ਟਿਊਬਵੈੱਲ ਉੱਤੇ ਨਿਰਭਰ ਕਰਦੇ ਹਨ।
ਜਗਤਾਰ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਐਲਾਨ ਉੱਤੇ ਇਸ ਵਾਰ ਬੂਰ ਪੈਂਦਾ ਨਹੀਂ ਦਿਖ ਰਿਹਾ, ਜਿਸ ਤਹਿਤ ਉਨ੍ਹਾਂ ਸੂਬੇ ਦੇ 70 ਫੀਸਦ ਖੇਤੀ ਰਕਬੇ ਨੂੰ ਨਹਿਰੀ ਪਾਣੀ ਪਹੁੰਚਾਉਣ ਦਾ ਵਾਅਦਾ ਕੀਤਾ ਸੀ।

ਤਸਵੀਰ ਸਰੋਤ, Kulveer Namol/BBC
ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ੱਦੀ ਜਿਲ੍ਹਾ ਵੀ ਹੈ। ਸੰਗਰੂਰ ਦਾ ਜਿਆਦਾਤਰ ਖੇਤਰ ਅਤੇ ਇਸ ਨਾਲ ਲੱਗਦਾ ਬਰਨਾਲਾ ਤਾਂ ਪੂਰਾ ਹੀ ਡਾਰਕ ਜੋਨ ਬਣ ਚੁੱਕੇ ਹਨ।
ਭਾਵੇਂ ਮੁੱਖ ਮੰਤਰੀ ਦੇ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਖੇਤਾਂ ਦੀਆਂ ਆਖ਼ਰੀ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਐਲਾਨ ਨੂੰ ਅਮਲੀ ਰੂਪ ਦੇਣ ਲਈ ਕੰਮ ਜਾਰੀ ਹੈ, ਪਰ ਜਗਤਾਰ ਸਿੰਘ ਦੇ ਖੇਤਾਂ ਦੀ ਪਿਛਲੇ 10 ਸਾਲਾਂ ਦੀ ਨਹਿਰੀ ਪਾਣੀ ਦੀ ਉਡੀਕ ਇਸ ਸਾਲ ਵੀ ਖ਼ਤਮ ਨਹੀਂ ਹੋਈ ਹੈ।

ਤਸਵੀਰ ਸਰੋਤ, BBC/Navkiran Singh
ਦੂਜੇ ਪਾਸੇ ਸੰਗਰੂਰ ਦਿੜ੍ਹਬਾ ਕਸਬੇ ਲਾਗਲੇ ਰੋਗਲਾ ਪਿੰਡ ਦੇ ਮੱਖਣ ਸਿੰਘ ਤੇ ਕੁਲਵੀਰ ਸਿੰਘ ਕਈ ਸਾਲਾਂ ਬਾਅਦ ਨਹਿਰੀ ਪਾਣੀ ਮਿਲ ਜਾਣ ਨਾਲ ਬਾਗੋਬਾਗ ਦਿਖਦੇ ਹਨ।
ਉਹ ਨਹਿਰੀ ਪਾਣੀ ਨੂੰ ਵਰਦਾਨ ਦੱਸਦੇ ਹੋਏ ਆਖ਼ਦੇ ਹਨ ਕਿ ਸਾਡੇ ਖੇਤਾਂ ਤੱਕ ਕਈ ਸਾਲ ਬਾਅਦ ਨਹਿਰੀ ਪਾਣੀ ਪਹੁੰਚਿਆ ਹੈ, ਪਿੰਡ ਦੀ ਆਖ਼ਰੀ ਟੇਲ ਤੱਕ ਇਹ ਪਾਣੀ ਆ ਗਿਆ ਹੈ।
ਪੰਜਾਬ ਵਿੱਚ ਕਰੀਬ 32 ਲੱਖ ਹੈਕਟੇਅਰ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਪੰਜਾਬ ਦੇ ਕੁੱਲ ਖੇਤੀਬਾੜੀ ਯੋਗ ਰਕਬੇ ਦਾ 85 ਫ਼ੀਸਦੀ ਝੋਨੇ ਦੀ ਫ਼ਸਲ ਦੇ ਕਾਸ਼ਤ ਅਧੀਨ ਹੈ।
ਪੰਜਾਬ ਵਿੱਚ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਫ਼ਸਲ ਲਾਉਣ ਦਾ ਕੰਮ ਵੱਡੀ ਪੱਧਰ ਉੱਪਰ ਜਾਰੀ ਹੈ।
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਦਾਅਵਾ ਹੈ ਕਿ ਹਾਲ ਦੀ ਘੜੀ 59 ਫ਼ੀਸਦੀ ਵਾਹਯੋਗ ਜ਼ਮੀਨ ਨੂੰ ਨਹਿਰੀ ਪਾਣੀ ਜਾਂਦਾ ਹੈ ਜੋ ਕੇ ਝੋਨੇ ਦੀ ਲਵਾਈ ਦੇ ਸੀਜ਼ਨ ਤੱਕ ਇਹ 70 ਫ਼ੀਸਦੀ ਤੱਕ ਪਹੁੰਚ ਜਾਵੇਗਾ।

ਸਰਕਾਰੀ ਦਾਅਵੇ ਤੇ ਹਾਲਾਤ
ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਕੁੱਝ ਖੇਤਰਾਂ ਖ਼ਾਸਕਰ ਡਾਰਕ ਜੋਨ ਵਿੱਚ ਆਉਂਦੇ ਬਰਨਾਲਾ ਦੀ ਹਾਲਤ ਵਿੱਚ ਕੋਈ ਬਹੁਤਾ ਫ਼ਰਕ ਨਜ਼ਰ ਨਹੀਂ ਆਉਂਦਾ।
ਇਸ ਇਲਾਕੇ ਦੇ ਬਹੁਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਵਾਲੇ ਖਾਲੇ ਹੀ ਚਾਲੂ ਹਾਲਤ ਵਿੱਚ ਨਹੀਂ ਹਨ, ਜਿਸ ਕਾਰਨ ਕਿਸਾਨ ਝੋਨਾ ਲਾਉਣ ਲਈ ਨਹਿਰੀ ਪਾਣੀ ਦੀ ਥਾਂ ਧਰਤੀ ਹੇਠਲੇ ਪਾਣੀ ਦੀ ਵਰਤੋਂ ਕਰਨ ਲਈ ਮਜਬੂਰ ਹਨ।
ਡਾਰਕ ਜੋਨ ਵਿੱਚ ਆਉਂਦੇ ਜਿਲ੍ਹਾ ਬਰਨਾਲਾ ਵਿੱਚ ਪੰਜਾਬ ਦੇ ਕੁਝ ਬਾਕੀ ਹਿੱਸਿਆਂ ਵਾਂਗ ਧਰਤੀ ਹੇਠਲੇ ਪਾਣੀ ਦਾ ਪੱਧਰ ਇਸ ਕਦਰ ਨੀਵਾਂ ਚਲਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ 'ਡਾਰਕ ਜ਼ੋਨ' ਨੂੰ ਪ੍ਰਭਾਸ਼ਿਤ ਕਰਦਿਆਂ ਕਿਹਾ ਗਿਆ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਇਸ ਕਦਰ ਨੀਵਾਂ ਚਲਿਆ ਗਿਆ ਹੈ ਕਿ ਸਬੰਧਤ ਖੇਤਰਾਂ ਵਿੱਚ ਜ਼ਮੀਨ ਬੰਜਰ ਹੋ ਸਕਦੀ ਹੈ।
ਵਿਭਾਗ ਦੇ ਸਰਵੇ ਮੁਤਾਬਕ ਸੂਬੇ ਦੇ ਕਈ ਜ਼ਿਲ੍ਹੇ ਡਾਰਕ ਜੋਨ ਵਿੱਚ ਆਉਂਦੇ ਹਨ। ਜ਼ਿਲ੍ਹਾਂ ਸੰਗਰੂਰ ਦੇ 7 ਜ਼ੋਨ, ਮੋਗਾ ਦੇ 5, ਬਰਨਾਲਾ ਪੂਰਾ ਜਿਲ੍ਹਾ, ਲੁਧਿਆਣਾ ਦੇ 11, ਫਿਰੋਜ਼ਪੁਰ ਦੇ 7, ਪਟਿਆਲਾ ਦੇ 8, ਜਲੰਧਰ ਦੇ 12, ਤਰਨਤਾਰਨ ਦੇ 9, ਅੰਮ੍ਰਿਤਸਰ ਦੇ 10, ਫਰੀਦਕੋਟ ਦੇ 2 ਅਤੇ ਬਾਕੀ ਜ਼ਿਲਿਆਂ ਦੇ 70 ਫ਼ੀਸਦੀ ਤੋਂ ਵੱਧ ਜ਼ੋਨਾਂ ਦਾ ਧਰਤੀ ਹੇਠਲੇ ਪਾਣੀ ਖ਼ਤਰਨਾਕ ਹੱਦ ਤੱਕ ਹੇਠਾਂ ਪਹੁੰਚ ਜਾ ਚੁੱਕਿਆ ਹੈ।
ਜ਼ਿਲ੍ਹਾ ਲੁਧਿਆਣਾ ਦੇ ਦੋਰਾਹਾ ਖੇਤਰ ਨੂੰ ਅਰਧ ਖ਼ਤਰੇ ਵਾਲਾ ਜ਼ੋਨ ਐਲਾਨਿਆ ਗਿਆ ਹੈ।

ਨਹਿਰੀ ਪਾਣੀ ਸਬੰਧੀ ਸੂਬਾ ਸਰਕਾਰ ਨੇ ਕੀ ਕਿਹਾ ਸੀ ?

ਤਸਵੀਰ ਸਰੋਤ, BBC/Kulveer Singh
ਪਿਛਲੇ ਸਮੇਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਆ ਰਹੇ ਹਨ ਕਿ ਇਸ ਵਾਰ ਪੰਜਾਬ ਵਿੱਚ ਨਹਿਰੀ ਪਾਣੀ ਦੀ ਵਿਵਸਥਾ ਬਿਹਤਰੀਨ ਹੋਵੇਗੀ ਤੇ ਟੇਲਾਂ ਤੱਕ ਪਹੁੰਚਾਇਆ ਜਾਵੇਗਾ।
ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਝੋਨੇ ਦੇ ਸੀਜ਼ਨ ਵਿੱਚ 70 ਫ਼ੀਸਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਦਿੱਤਾ ਜਾਵੇਗਾ। ਇਸ ਨਾਲ ਬਿਜਲੀ ਬੋਰਡ ਦੇ ਤਕਰੀਬਨ 7,000 ਕਰੋੜ ਰੁਪਏ ਦੀ ਬੱਚਤ ਹੋਵੇਗੀ।
ਪੰਜਾਬ ਦੇ ਜਲ ਸਰੋਤ ਅਤੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੁਤਾਬਕ ਪੰਜਾਬ ਸਰਕਾਰ ਸੂਬੇ ਵਿੱਚ ਨਹਿਰੀ ਢਾਂਚੇ ਨੂੰ ਮੁੜ ਸੁਰਜੀਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ 14 ਹਜ਼ਾਰ ਕਿਲੋਮੀਟਰ ਲੰਬੇ ਨਹਿਰਾਂ ਅਤੇ ਖਾਲਿਆਂ ਦੀ ਬਹਾਲੀ ਕੀਤੀ ਗਈ ਹੈ ਜਾਂ ਉਨ੍ਹਾਂ ਨੂੰ ਮਜ਼ਬੂਤ ਕੀਤਾ ਗਿਆ ਹੈ।
ਜੌੜਾਮਾਜਰਾ ਅਨੁਸਾਰ ਸੂਬੇ ਵਿੱਚ ਨਹਿਰੀ ਨੈੱਟਵਰਕ ਨੂੰ ਵਧੇਰੇ ਮਜ਼ਬੂਤ ਕਰਨ ਲਈ ਵਿੱਤੀ ਸਾਲ 2024-25 ਲਈ ਸਰਕਾਰ ਨੇ 2,107 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਪੰਜਾਬ ਵਿਧਾਨ ਸਭਾ ਦੀ ਰਿਪੋਰਟ ਕੀ ਕਹਿੰਦੀ ਹੈ?
ਪੰਜਾਬ ਵਿਧਾਨ ਸਭਾ ਦੀ ਸਾਲ 2021-22 ਦੀ ਰਿਪੋਰਟ ਦੇ ਮੁਤਾਬਕ ਜੇਕਰ ਜ਼ਮੀਨ ਵਿਚੋਂ ਪਾਣੀ ਇਸੇ ਤਰੀਕੇ ਨਾਲ ਨਿਕਲਦਾ ਰਿਹਾ ਤਾਂ ਸੂਬੇ ਵਿੱਚ ਜ਼ਮੀਨਦੋਜ਼ ਪਾਣੀ ਦਾ ਸੰਕਟ ਖੜ੍ਹਾ ਹੋ ਜਾਵੇਗਾ।
ਪੰਜਾਬ ਦਾ ਜ਼ਮੀਨਦੋਜ਼ ਪਾਣੀ 86 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਥੱਲੇ ਜਾ ਰਿਹਾ ਹੈ। ਇਸ ਹਿਸਾਬ ਨਾਲ ਆਉਣ ਵਾਲੇ 15-20 ਸਾਲਾਂ ਵਿੱਚ ਪੰਜਾਬ ਦਾ ਪਾਣੀ ਖ਼ਤਮ ਹੋਣ ਦੀ ਸੰਭਾਵਨਾ ਹੈ।
ਜਮੀਨੀ ਹਕੀਕਤ ਕੀ ਹੈ?
ਜ਼ਿਲ੍ਹਾ ਬਰਨਾਲਾ ਦੇ ਕਈ ਪਿੰਡਾਂ ਦੇ ਖੇਤਾਂ ਵਿੱਚ ਨਹਿਰੀ ਪਾਣੀ ਲਾਉਣ ਲਈ ਦਹਾਕਿਆਂ ਪੁਰਾਣੇ ਨਹਿਰੀ ਖਾਲਾਂ ਦਾ ਢਹਿ ਢੇਰੀ ਹੋਇਆ ਢਾਂਚਾ ਤਾਂ ਮੌਜੂਦ ਹੈ ਪਰ ਉਨ੍ਹਾਂ ਖਾਲਿਆਂ ਵਿੱਚੋਂ ਦੀ ਨਹਿਰੀ ਪਾਣੀ ਲੰਘਣ ਦਾ ਕੋਈ ਸੂਰਤੇ-ਹਾਲ ਨਜ਼ਰ ਨਹੀਂ ਆਉਂਦਾ।
ਜਦ ਤੱਕ ਖੇਤਾਂ ਤੱਕ ਪਾਣੀ ਲਿਆਉਣ ਲਈ ਨਹਿਰੀ ਖਾਲਾਂ ਦੀ ਮੁੜ ਉਸਾਰੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਕਿਸਾਨ ਟਿਊਬਵੈੱਲ ਦੀ ਵਰਤੋਂ ਕਰਨ ਲਈ ਮਜਬੂਰ ਹਨ।
ਕਿਸਾਨ ਵੀ ਨਹਿਰੀ ਪਾਣੀ ਦੀ ਵਰਤੋਂ ਤਾਂ ਕਰਨਾ ਚਾਹੁੰਦੇ ਹਨ ਪਰ ਢਾਂਚਾਗਤ ਵਿਵਿਸਥਾ ਦੀ ਅਣਹੋਂਦ ਵਿੱਚ ਜ਼ਮੀਨਦੋਜ਼ ਪਾਣੀ ਵਰਤ ਰਹੇ ਹਨ।

ਤਸਵੀਰ ਸਰੋਤ, Navkiran Singh/BBC
ਬਰਨਾਲਾ ਨੇੜਲੇ ਪਿੰਡ ਪੱਤੀ ਸੇਖਵਾਂ ਦੇ ਨੌਜਵਾਨ ਕਿਸਾਨ ਦਲਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਨਹਿਰੀ ਪਾਣੀ ਨਾ ਆਉਣ ਕਾਰਨ ਨਹਿਰੀ ਖਾਲਾਂ ਦੀ ਵਰਤੋਂ ਨਹੀਂ ਹੋਈ ਜਿਸ ਕਾਰਨ ਖਾਲ ਢਹਿ ਢੇਰੀ ਹੋ ਚੁੱਕੇ ਹਨ ਤੇ ਕਈ ਜਗ੍ਹਾ ਤਾਂ ਖਾਲਾ ਦਾ ਨਾਮੋ ਨਿਸ਼ਾਨ ਹੀ ਮਿਟ ਚੁੱਕਾ ਹੈ।
ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਧਰਤੀ ਹੇਠਾਂ ਪਾਣੀ ਕਰੀਬ 180-190 ਫੁੱਟ ਦੇ ਨਜ਼ਦੀਕ ਹੈ ਪਰ ਫਿਰ ਵੀ ਉਹ ਧਰਤੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਧਰਤੀ ਹੇਠਲਾ ਪਾਣੀ ਹਰ ਸਾਲ ਨੀਵਾਂ ਜਾਣ ਕਾਰਨ ਕਿਸਾਨਾਂ ਨੂੰ ਭਾਰੀ ਖਰਚਿਆਂ ਦਾ ਭਾਰ ਝੱਲਣਾ ਪੈਂਦਾ ਹੈ ਜਿਵੇਂ ਕਿ ਪਾਈਪ ਦਾ ਟੋਟਾ ਪਾਉਣਾ, ਮੋਟਰ ਵੱਡੀ ਪਾਉਣੀ, ਮੋਟਰ ਲਈ ਬਿਜਲੀ ਦੀ ਤਾਰ ਆਦਿ।
ਦਲਜੀਤ ਸਿੰਘ ਨੇ ਦੱਸਿਆ ਕਿ ਨਹਿਰੀ ਪਾਣੀ ਨਾ ਆਉਣ ਕਾਰਨ ਧਰਤੀ ਹੇਠਲੇ ਪਾਣੀ ਦੀ ਵਰਤੋਂ ਉਨ੍ਹਾਂ ਦੀ ਮਜ਼ਬੂਰੀ ਹੈ।

ਤਸਵੀਰ ਸਰੋਤ, Kulveer Namol/BBC
ਮੌਨਸੂਨ ਉਡੀਕਦੇ ਕਿਸਾਨ
ਸੰਗਰੂਰ ਦੇ ਨੇੜੇ ਪਿੰਡ ਨਮੋਲ ਦੇ ਰਹਿਣ ਵਾਲੇ ਜਗਤਾਰ ਸਿੰਘ ਤੇ ਜਸਵੀਰ ਸਿੰਘ ਜਿਨ੍ਹਾਂ ਕੋਲੇ ਛੇ ਏਕੜ ਜਮੀਨ ਹੈ ਇਸ ਸਮੇਂ ਝੋਨਾ ਲਗਾਉਣ ਦੇ ਲਈ ਮੌਨਸੂਨ ਦੀ ਉਡੀਕ ਕਰ ਰਹੇ ਹਨ।
ਜਗਤਾਰ ਦਾ ਕਹਿਣਾ ਹੈ ਕਿ ਉਸਦੇ ਖੇਤ ਕੋਲ ਦੀ ਨਹਿਰੀ ਖਾਲ ਤਾਂ ਕਾਫੀ ਸਮੇਂ ਤੋਂ ਲੰਘ ਰਿਹਾ ਹੈ ਪਰ ਪਿਛਲੇ 10 ਸਾਲਾਂ ਤੋਂ ਉਸਦੇ ਖੇਤ ਨੂੰ ਨਹਿਰੀ ਪਾਣੀ ਨਹੀਂ ਲੱਗਿਆ।
ਉਨ੍ਹਾਂ ਦੀ ਛੇ ਏਕੜ ਦੇ ਕਰੀਬ ਜਮੀਨ ਦੋ ਭਰਾਵਾਂ ਦੀ ਸਾਂਝੀ ਹੈ ਜਿਸ ਤੇ ਕਿ ਉਨ੍ਹਾਂ ਦਾ ਇੱਕ ਸਾਂਝਾ ਟਿਊਬਲ ਹੈ ਉਨ੍ਹਾਂ ਦੇ ਨੇੜੇ ਦੇ ਕਿਸਾਨਾਂ ਨੇ ਝੋਨਾ ਲਗਾ ਲਿਆ ਹੈ ਪਰ ਜਗਤਾਰ ਦਾ ਕਹਿਣਾ ਹੈ ਕਿ ਉਹ ਝੋਨਾ ਲਗਾਉਣ ਲਈ ਮੌਨਸੂਨ ̛ਤੇ ਹੀ ਟੇਕ ਲਾ ਕੇ ਬੈਠੇ ਹਨ।
ਇਹ ਨਾ ਕਹਿਣਾ ਹੈ ਕਿਉਂਕਿ ਟਿਊਬਲ ਇੱਕ ਹੈ ਤੇ ਉਨ੍ਹਾਂ ਕੋਲ ਆਪਣੀ ਪੈਲੀ ਦੇ ਨਾਲ ਕੁਝ ਪੈਲੀ ਠੇਕੇ ਤੇ ਹੈ ਤਾਂ ਕਰਕੇ ਟਿਊਬੈਲ ਦੇ ਪਾਣੀ ਨਾਲ ਉਹ ਸਿਰਫ ਆਪਣਾ ਹਰਾ ਚਾਰਾ ਜਾ ਸਬਜੀਆਂ ਲਈ ਹੀ ਪਾਣੀ ਲਗਾ ਪਾਉਂਦੇ ਹਨ।
ਉਹ ਦੱਸਦੇ ਹਨ ਕਿ ਲਗਾਤਾਰ ਵੱਧਦੀ ਗਰਮੀ ਨੇ ਵੀ ਝੋਨੇ ਦੇ ਕੰਮ ਨੂੰ ਮੁਸ਼ਕਿਲ ਬਣਾ ਦਿੱਤਾ ਹੈ ਕਿਉਂਕਿ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੈ ਤਾਂ ਵੱਧ ਰਹੀ ਲੋਅ ਦੇ ਕਾਰਨ ਵਾਹਣ ਦੇ ਵਿੱਚ ਪਾਣੀ ਖੜਾਉਣਾ ਕਾਫੀ ਮੁਸ਼ਕਿਲ ਹੈ।
ਜਸਵੀਰ ਸਿੰਘ ਕਹਿੰਦੇ ਹਨ ਕਿ ਜੇ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਆ ਜਾਵੇ ਤਾਂ ਕਾਫ਼ੀ ਮਦਦ ਹੋ ਸਕਦੀ ਹੈ।
ਉਨ੍ਹਾਂ ਨੂੰ ਆਸ ਇਸ ਤਰ੍ਹਾਂ ਉਨ੍ਹਾਂ ਨੂੰ ਟਿਊਬਲ ਦਾ ਬੋਰ ਹੋਰ ਡੂੰਘਾ ਨਹੀਂ ਕਰਵਾਉਣਾ ਪਵੇਗਾ।
ਲਗਾਤਾਰ ਡੂੰਘੇ ਹੁੰਦੇ ਜਾ ਰਹੇ ਧਰਤੀ ਹੇਠਲੇ ਪਾਣੀ ਪ੍ਰਤੀ ਇਹ ਦੋਵੇਂ ਭਰਾ ਵੀ ਚਿੰਤਿਤ ਹਨ।

ਤਸਵੀਰ ਸਰੋਤ, Kulveer Namol/BBC
ਨਹਿਰੀ ਪਾਣੀ ਵਰਦਾਨ ਹੈ
ਦਿੜਬਾ ਹਲਕੇ ਦੇ ਪਿੰਡ ਰੋਗਲਾ ਦੇ ਵਿੱਚ ਇਸ ਸਮੇਂ ਸਰਕਾਰ ਵੱਲੋਂ ਨਹਿਰੀ ਪਾਈਪ ਲਾਈਨਾਂ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਰੋਗਲਾ ਪਿੰਡ ਦੇ ਕੁਲਬੀਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਖੇਤਾਂ ਵਿੱਚ ਇਸ ਸਮੇਂ ਅੰਡਰਗਰਾਊਂਡ ਪਾਈਪ ਲਾਈਨ ਰਾਹੀਂ ਨਹਿਰੀ ਪਾਣੀ ਆ ਰਿਹਾ ਹੈ।
ਉਹ ਦੱਸਦੇ ਹਨ ਕਿ ਇਸ ਪਾਣੀ ਨਾਲ ਉਨ੍ਹਾਂ ਨੂੰ ਕਾਫੀ ਮਦਦ ਮਿਲਦੀ ਹੈ ਕਿਉਂਕਿ ਇਥੋਂ ਉਨ੍ਹਾਂ ਨੂੰ ਦੋ ਟਿਊਬਲਾਂ ਜਿੰਨਾ ਪਾਣੀ ਮਿਲ ਰਿਹਾ ਹੈ।
ਉਹ ਦੱਸਦੇ ਹਨ ਕਿ ਉਨਾਂ ਦੇ ਗੁਆਂਢੀ ਖੇਤਾਂ ਦੇ ਵਿੱਚ ਲਾਸਟ ਟੇਲ ਹੈ ਜਿੱਥੇ ਪਹਿਲਾਂ ਕਦੇ ਪਾਣੀ ਨਹੀਂ ਪਹੁੰਚਿਆ ਤਾਂ ਅੱਜ ਉਨ੍ਹਾਂ ਕਿਸਾਨਾਂ ਨੂੰ ਵੀ ਨਹਿਰੀ ਪਾਣੀ ਮਿਲ ਰਿਹਾ ਹੈ।

ਤਸਵੀਰ ਸਰੋਤ, Kulveer Namol/BBC
ਮੱਖਣ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਪਾਈਪ ਲਾਈਨਾਂ ਨੂੰ ਦੱਬਣ ਦੇ ਵਿੱਚ ਕਿਸਾਨਾਂ ਦਾ ਹੁਣ ਕੋਈ ਵੀ ਖਰਚਾ ਨਹੀਂ ਆਉਂਦਾ ਤੇ ਇਸ ਨਹਿਰੀ ਪਾਣੀ ਦਾ ਝੋਨੇ ਦੀ ਫ਼ਸਲ ਨੂੰ ਬਹੁਤ ਫਾਇਦਾ ਹੁੰਦਾ।
ਉਹ ਦੱਸਦੇ ਹਨ ਕਿ ਪਹਿਲਾਂ ਕਿਸਾਨਾਂ ਵੱਲੋਂ ਖੂਹਾਂ ਤੇ ਇੰਜਣਾਂ ਰਾਹੀਂ ਧਰਤੀ ਚੋਂ ਪਾਣੀ ਕੱਢਿਆ ਜਾਂਦਾ ਸੀ ਪਰ ਹੁਣ ਲਗਾਤਾਰ ਪਾਣੀ ਡੂੰਘਾ ਹੋ ਰਿਹਾ ਹੈ ਹੈ।
ਡੀਜ਼ਲ ਕਾਫੀ ਮਹਿੰਗਾ ਹੈ ਇਸ ਲਈ ਟਰੈਕਟਰਾਂ ਤੇ ਜਰਨੇਟਰਾਂ ਰਾਹੀਂ ਵੀ ਪਾਣੀ ਕੱਢਣਾ ਕਾਫੀ ਮੁਸ਼ਕਿਲ ਹੈ ਤੇ ਕਾਫੀ ਮਹਿੰਗਾ ਹੈ।
ਉਹ ਕਹਿੰਦੇ ਹਨ, “ਜੇਕਰ ਕਿਸਾਨ ਨਵਾਂ ਟਿਊਬਲ ਲਵਾਉਂਦਾ ਹੈ ਤਾਂ ਉਸਦੇ ਦੋ ਤੋਂ ਢਾਈ ਲੱਖ ਰੁਪਏ ਤੱਕ ਖਰਚਾ ਆਉਂਦਾ ਹੈ ਤਾਂ ਕਿਸਾਨਾਂ ਲਈ ਨਹਿਰੀ ਪਾਈਪਲਾਈਨ ਆ ਵਰਦਾਨ ਸਾਬਿਤ ਹੋ ਰਹੀਆਂ ਹਨ।”

ਤਸਵੀਰ ਸਰੋਤ, Kulveer Namol/BBC
ਨਹਿਰੀ ਵਿਭਾਗ ਦੇ ਐੱਸਡੀਓ ਸੋਨੂ ਕੁਮਾਰ ਨੇ ਸੰਗਰੂਰ ਜ਼ਿਲ੍ਹੇ ਵਿੱਚ ਨਹਿਰੀ ਪਾਣੀ ਦੀ ਵਿਵਸਥਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਸੰਗਰੂਰ ਦੇ ਵਿੱਚ 160 ਦੇ ਕਰੀਬ ਨਹਿਰੀ ਮੋਗਿਆਂ ਦੇ ਉੱਪਰ ਅੰਡਰਗਰਾਊਂਡ ਪਾਈਪਲਾਈਨ ਦਾ ਕੰਮ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਵੀ ਡਿਪਾਰਟਮੈਂਟ ਨੂੰ ਫੰਡ ਆਉਂਦਾ ਹੈ ਉਸਦੇ ਤਹਿਤ ਕਿਸਾਨਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾ ਰਿਹਾ ਹੈ।












