'ਬੱਚੇ ਮਾਰਨ ਲਈ ਅਸਲਾ ਦੇਣ ਵਾਲੀਆਂ ਇਹ ਉਹ ਕੌਮਾਂ ਹਨ, ਜਿਹੜੀਆਂ ਖ਼ੁਦ ਨੂੰ ਤਰੱਕੀਯਾਫਤਾ ਕਹਿੰਦੀਆਂ ਹਨ'- ਵਲੌਗ

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਅਤੇ ਲੇਖਕ
ਮੋਹਰਮ ਦਾ ਗ਼ਮਾ ਦਾ ਮਹੀਨਾ, ਮੁਸਲਮਾਨ ਹੋਵੋ ਜਾਂ ਫਿਰ ਨਾ ਹੋਵੋ, ਸ਼ੀਆ ਸੁੰਨੀ ਦੇ ਫਰਕ ਨੂੰ ਵੀ ਭੁੱਲ ਜਾਓ, ਜਿਹੜੇ ਰੱਬ ਨੂੰ ਉੱਕਾ ਵੀ ਨਹੀਂ ਮੰਨਦੇ, ਉਹ ਵੀ ਕਰਬਲਾ ਦਾ ਵਾਕਿਆ ਸੁਣਦੇ ਹਨ ਤੇ ਉਨ੍ਹਾਂ ਦੀਆਂ ਅੱਖਾਂ 'ਚ ਵੀ ਅੱਥਰੂ ਆ ਜਾਂਦੇ ਹਨ।
ਗ਼ਮ ਸਿਰਫ ਇਸ ਗੱਲ ਦਾ ਨਹੀਂ ਕਿ ਨਬੀ ਪਾਕਿ ਦੀ ਆਲ-ਔਲਾਦ ਨੂੰ ਕੋਹ ਦਿੱਤਾ ਗਿਆ ਬਲਕਿ ਪਹਿਲੇ ਉਨ੍ਹਾਂ ਨੂੰ ਘੇਰਾ ਪਾਇਆ ਗਿਆ, ਭੁੱਖਾ-ਪਿਆਸਾ ਰੱਖਿਆ ਗਿਆ। ਫਿਰ ਉਹ ਬੱਚਿਆਂ ਲਈ ਪਾਣੀ ਲੈਣ ਲਈ ਨਿਕਲਣ ਤੇ ਜਾਨੋਂ ਜਾਣ।
ਲੇਕਿਨ ਜਦੋਂ ਬੱਚੇ ਤ੍ਰੇਹ ਨਾਲ ਕੁਰਲਾ ਰਹੇ ਹੋਣ ਤਾਂ ਮਾਪੇ ਕੀ ਕਰਨ? ਮਾਪੇ ਵੀ ਮਾਰੇ ਗਏ ਤੇ ਛੇ ਮਹੀਨੇ ਦੇ ਪਿਆਸੇ ਬੱਚੇ ਨੂੰ ਤੀਰ ਮਾਰਿਆ ਗਿਆ।
ਗੱਲ 1400 ਸਾਲ ਪੁਰਾਣੀ ਹੈ, ਪਰ ਜ਼ਾਲਮਾਂ ਨੂੰ ਕੋਈ ਯਾਦ ਨਹੀਂ ਕਰਦਾ। ਮਜ਼ਲੂਮਾਂ ਦਾ ਗ਼ਮ ਗਲੀਆਂ, ਬਾਜ਼ਾਰਾਂ 'ਚ, ਮਜਲਿਸਾਂ ਅਤੇ ਦਿਲਾਂ 'ਚ ਮਨਾਇਆ ਜਾਂਦਾ ਹੈ। ਸਬਕ ਇਸ ਦਾ ਇਹੀ ਸਿੱਖਿਆ ਹੈ ਕਿ ਬੱਚਿਆਂ ਤੋਂ ਵੱਡਾ ਗ਼ਮ ਕੋਈ ਨਹੀਂ।
"ਪੁੱਤਰ ਮੋਏ ਨਹੀਂ ਭੁੱਲਦੇ ਭਾਵੇਂ ਹੋ ਕੇ ਮਰਨ ਫਕੀਰ"
ਤੁਸੀਂ ਵੀ ਸ਼ਾਇਦ ਆਪਣੀ ਕੌਮ, ਮੁਲਕ ਲਈ ਗੋਲੀ ਨਾ ਖਾਓ, ਭੈਣ-ਭਰਾ, ਸੰਗੀ ਸਾਥੀ ਦੀ ਥਾਂ 'ਤੇ ਆਪ ਨਾ ਮਰੋ, ਲੇਕਿਨ ਜੇ ਬੱਚੇ ਦੀ ਜਾਨ ਨੂੰ ਖਤਰਾ ਹੋਵੇ ਤਾਂ ਜ਼ਿਆਦਾਤਰ ਮਾਪੇ ਇਹੀ ਕਹਿੰਦੇ ਹਨ ਕਿ ਇਸ ਦੀ ਆਈ ਮੈਨੂੰ ਆ ਜਾਵੇ।
ਪਰ ਪਿਛਲੇ ਢੇਡ ਸਾਲ ਤੋਂ ਇੱਕ ਕਰਬਲਾ ਲਾਈਵਕਾਸਟ ਹੋ ਰਹੀ ਹੈ। ਤੁਸੀਂ ਕਿਸੇ ਵੀ ਵੇਲੇ ਆਪਣਾ ਫੋਨ ਖੋਲ੍ਹ ਕੇ ਵੇਖ ਸਕਦੇ ਹੋ ਕਿ ਗਜ਼ਾ 'ਚ ਬੱਚੇ ਮਰਦੇ ਪਏ ਹਨ, ਬੰਬਾਂ ਨਾਲ, ਬੰਦੂਕਾਂ ਨਾਲ, ਅੱਗ ਦੇ ਭਾਂਬੜਾਂ 'ਚ। ਸਾਡੇ ਕੋਲੋਂ ਜ਼ਿਆਦਾਤਰ ਵੇਖਿਆ ਨਹੀਂ ਜਾਂਦਾ। ਅਸੀਂ ਫੋਨ ਬੰਦ ਕਰ ਦਿੰਦੇ ਹਾਂ ਤੇ ਆਪਣੇ ਬੱਚਿਆਂ ਨੂੰ ਗਲੇ ਲਾ ਕੇ ਕਲੇਜੇ ਠੰਡ ਪਾ ਲੈਂਦੇ ਹਾਂ।
ਇਹ ਨਵੀਂ ਕਰਬਲਾ ਇੱਕ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਦੱਸਿਆ ਗਿਆ ਸੀ ਕਿ ਇਨਸਾਨ ਦੀ ਜਾਨ ਦੀ ਕੋਈ ਕੀਮਤ ਹੈ, ਕੋਈ ਇੰਟਰਨੈਸ਼ਨਲ ਕਾਨੂੰਨ ਵੀ ਹੁੰਦਾ ਹੈ। ਯੂਐਨ ਜਿਸ ਨੇ ਇੰਟਰਨੈਸ਼ਨਲ ਕਾਨੂੰਨ ਨਾਫਿਜ਼ ਕਰਨਾ ਹੈ, ਉਸ ਦੇ ਆਪਣੇ ਸੈਂਕੜੇ ਬੰਦੇ ਮਾਰੇ ਗਏ ਹਨ, ਪਰ ਉਹ ਕੁਝ ਨਹੀਂ ਕਰ ਸਕੀ।
250 ਤੋਂ ਜ਼ਿਆਦਾ ਸਾਫੀ ਮਾਰੇ ਗਏ ਹਨ, ਪਰ ਇੰਟਰਨੈਸ਼ਨਲ ਮੀਡੀਆ ਨੂੰ ਆਪਣੀ ਬਰਾਦਰੀ ਦਾ ਵੀ ਕੋਈ ਖਿਆਲ ਨਹੀ। ਬੱਚੇ ਇੰਨੇ ਕੁ ਮਾਰੇ ਗਏ ਹਨ ਕਿ ਇੱਕ ਸਾਲ ਤੋਂ ਛੋਟਿਆਂ ਦੇ ਨਾਮ ਪੜ੍ਹਨਾ ਸ਼ੁਰੂ ਕਰ ਦਿਓ ਤਾਂ ਬੰਦਾ ਹਮ ਜਾਂਦਾ ਹੈ।

ਤਸਵੀਰ ਸਰੋਤ, Getty Images
ਇਹ ਬੱਚੇ ਮਾਰਨ ਲਈ ਅਸਲਾ ਦੇਣ ਵਾਲੀਆਂ ਉਹ ਕੌਮਾਂ ਹਨ, ਜਿਹੜੀਆਂ ਆਪਣੇ ਆਪ ਨੂੰ ਤਰੱਕੀਯਾਫਤਾ ਕਹਿੰਦੀਆਂ ਹਨ। ਉਨ੍ਹਾਂ ਦੇ ਆਪਣੇ ਸ਼ਹਿਰ 'ਚ ਬੱਚਾ ਅਗਵਾ ਹੋ ਜਾਵੇ ਤਾਂ ਬਰੇਕਿੰਗ ਨਿਊਜ਼ ਬਣ ਜਾਂਦੀ ਹੈ, ਹੈਲੀਕਾਪਟਰ ਉੱਡ ਪੈਂਦੇ ਹਨ।
ਬੱਚਾ ਸਕੂਲ ਨਾ ਜਾਵੇ ਤਾਂ ਮਾਂ-ਪਿਓ ਦੀ ਪਕੜ ਹੋ ਜਾਂਦੀ ਹੈ। ਇਨ੍ਹਾਂ ਮੁਲਕਾਂ ਵਿੱਚ ਹਰ ਹਫ਼ਤੇ ਹਜ਼ਾਰਾਂ ਲੋਕ ਸੜਕਾਂ 'ਤੇ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਇਹ ਜ਼ੁਲਮ ਰੋੋਕੋ। ਲੇਕਿਨ ਇਸ ਨਵੇਂ ਕਰਬਲਾ ਵਿੱਚ ਹਰ ਰੋਜ਼ ਭੁੱਖੇ ਪਿਆਸੇ ਬੱਚੇ ਰਾਸ਼ਨ ਲੈਣ ਲਈ ਨਿਕਲਦੇ ਹਨ, ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ। ਅਸੀਂ ਆਪਣਾ ਫੋਨ ਬੰਦ ਕਰਕੇ ਪਾਸੇ ਰੱਖ ਲੈਂਦੇ ਹਾਂ ਤੇ ਆਪਣੇ ਬੱਚਿਆਂ ਨੂੰ ਗਲੇ ਲਗਾ ਲੈਂਦੇ ਹਾਂ।
ਆਉਣ ਵਾਲੇ ਵਕਤ 'ਚ ਜ਼ਾਲਮਾਂ ਦੇ ਨਾਮ ਪਤਾ ਨਹੀਂ ਕਿਸੇ ਨੂੰ ਯਾਦ ਰਹਿਣਗੇ ਜਾਂ ਨਹੀਂ ਲੇਕਿਨ ਗ਼ਮ ਨਾ ਉਹ ਭੁੱਲੇ ਹਾਂ ਨਾਂ ਇਹ ਭੁੱਲਿਆ।
"ਰੱਬ ਰਾਖਾ"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ













