ਰਿਵੈਂਜ ਪੋਰਨ ਕੀ ਹੁੰਦਾ ਹੈ, ਜਿਸ ਦੇ ਮਾਮਲੇ ਵਿੱਚ ਸੁਣਾਈ ਗਈ 'ਇਤਿਹਾਸਕ' ਸਜ਼ਾ

ਇੰਡੋਨੇਸ਼ੀਆ ਰਿਵੈਂਜ ਪੋਰਨ

ਤਸਵੀਰ ਸਰੋਤ, DAVIES SURYA/BBC INDONESIA

ਇੰਡੋਨੇਸ਼ੀਆ 'ਚ ਰਿਵੈਂਜ ਪੋਰਨ ਮਾਮਲੇ 'ਚ ਇੱਕ ਦੋਸ਼ੀ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਹਾਲਾਂਕਿ, ਪੀੜਤ ਪਰਿਵਾਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਸਜ਼ਾ ਕਾਫ਼ੀ ਨਹੀਂ ਹੈ।

ਦੋਸ਼ੀ ਅਲਵੀ ਹੁਸੈਨ ਮੁੱਲਾ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਛੇ ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋਸ਼ੀ ਦੇ ਇੰਟਰਨੈੱਟ ਦੀ ਵਰਤੋਂ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੀੜਤ ਦੇ ਭਰਾ ਨੇ ਬੀਬੀਸੀ ਨੂੰ ਕਿਹਾ, "ਇਸ ਘਟਨਾ ਨੇ ਉਸ 'ਤੇ ਇੱਕ ਸਥਾਈ ਪ੍ਰਭਾਵ ਛੱਡਿਆ ਹੈ। ਇਹ ਸਜ਼ਾ ਓਨੀ ਨਹੀਂ ਹੈ, ਜਿੰਨਾਂ ਪੀੜਤ ਕੁੜੀ ਨੂੰ ਪੀੜਾ ਵਿੱਚੋਂ ਲੰਘਣਾ ਪਿਆ।"

ਇਹ ਮਾਮਲਾ ਇੰਡੋਨੇਸ਼ੀਆ ਦੇ ਬੈਂਟਨ ਸੂਬੇ ਦਾ ਹੈ ਜਿੱਥੇ ਬਿਨਾਂ ਸਹਿਮਤੀ ਦੇ ਸੋਸ਼ਲ ਮੀਡੀਆ 'ਤੇ ਇੱਕ ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ ਪਾਈਆਂ ਗਈਆਂ ਸਨ।

ਪੀੜਤਾ ਦੇ ਭਰਾ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਪੁਲਿਸ ਕੋਲ ਨਵੀਂ ਰਿਪੋਰਟ ਦਰਜ ਕਰਾਉਣਗੇ ਅਤੇ ਜਿਨਸੀ ਹਿੰਸਾ ਐਕਟ ਦੇ ਤਹਿਤ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਨਗੇ।

ਦੂਜੇ ਪਾਸੇ ਅਦਾਲਤ ਦੇ ਫੈਸਲੇ ਨੂੰ ਇਤਿਹਾਸਕ ਦੱਸਦੇ ਹੋਏ ਪੁਲਿਸ ਕਮਿਸ਼ਨਰ ਅਮੀਨਾ ਟਾਰਡੀ ਨੇ ਕਿਹਾ ਹੈ ਕਿ ਇਹ ਫੈਸਲਾ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਅਤੇ ਕਾਨੂੰਨ ਦੀ ਸਫਲਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ਾਇਦ ਹੀ ਕਦੇ ਕਿਸੇ ਦੋਸ਼ੀ ਦੇ ਇੰਟਰਨੈੱਟ ਅਧਿਕਾਰਾਂ ਨੂੰ ਰੱਦ ਕੀਤਾ ਗਿਆ ਹੋਵੇ।

ਹਾਲਾਂਕਿ, ਪੀੜਤ ਪਰਿਵਾਰ ਦਾ ਇਹ ਵੀ ਕਹਿਣਾ ਹੈ ਕਿ ਦੋਸ਼ੀ ਨੂੰ 6 ਸਾਲ ਦੀ ਵੱਧ ਤੋਂ ਵੱਧ ਸਜ਼ਾ ਸੁਣਾਏ ਜਾਣ ਪਿੱਛੇ ਸੋਸ਼ਲ ਮੀਡੀਆ ਦੀ ਵੀ ਭੂਮਿਕਾ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਗਈ ਸੀ।

ਇੰਜੋਨੇਸ਼ੀਆ

ਤਸਵੀਰ ਸਰੋਤ, DAVIES SURYA/BBC INDONESIA

ਪੀੜਤ ਦੇ ਪਰਿਵਾਰ ਨੇ ਕੀ ਦੋਸ਼ ਲਗਾਏ?

ਪਰਿਵਾਰ ਨੇ ਇਹ ਵੀ ਇਲਜ਼ਾਮ ਲਾਇਆ ਹੈ ਕਿ ਇਸਤਗਾਸਾ ਦਫ਼ਤਰ ਨੇ ਪੀੜਤ ਨੂੰ ਨਜ਼ਰਅੰਦਾਜ਼ ਕੀਤਾ ਅਤੇ ਅੱਠ ਮਹੀਨਿਆਂ ਤੱਕ ਉਸ ਦਾ ਪੱਖ ਨਹੀਂ ਸੁਣਿਆ।

ਪੀੜਤ ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਟਵਿੱਟਰ 'ਤੇ ਲਗਾਤਾਰ ਟਵੀਟ ਕਰਨੇ ਸ਼ੁਰੂ ਕੀਤੇ, ਜਿਸ ਤੋਂ ਬਾਅਦ ਇੰਟਰਨੈੱਟ 'ਤੇ ਲੋਕਾਂ ਨੇ ਇਸ ਬਾਰੇ ਪ੍ਰਤੀਕਿਰਿਆਵਾਂ ਦਿੱਤੀਆਂ ਅਤੇ ਇੰਡੋਨੇਸ਼ੀਆ 'ਚ ਇਸ ਮਾਮਲੇ 'ਤੇ ਬਹਿਸ ਸ਼ੁਰੂ ਹੋ ਗਈ।

ਅਦਾਲਤ ਨੇ ਵੀਰਵਾਰ ਨੂੰ ਇਸ ਮਾਮਲੇ 'ਚ ਦੋਸ਼ੀ ਨੂੰ ਸਜ਼ਾ ਸੁਣਾਈ। 26 ਜੂਨ 2023 ਨੂੰ ਪੀੜਤ ਦੇ ਭਰਾ ਨੇ ਟਵਿੱਟਰ 'ਤੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤਾ।

ਪੀੜਤ ਦੇ ਭਰਾ ਨੇ ਮਾਮਲੇ ਤੋਂ ਬਾਅਦ ਆਪਣੀ ਪਛਾਣ ਜਨਤਕ ਕਰਦੇ ਹੋਏ ਟਵੀਟ ਕੀਤੇ।

ਉਸਨੇ ਬੀਬੀਸੀ ਨੂੰ ਦੱਸਿਆ, "ਮੇਰੀ ਭੈਣ ਨਾਲ ਜੋ ਹੋਇਆ, ਉਸ ਬਾਰੇ ਜਨਤਕ ਤੌਰ 'ਤੇ ਬੋਲਣਾ ਕੋਈ ਸੌਖਾ ਕੰਮ ਨਹੀਂ ਸੀ। ਇਸ ਦਾ ਮੇਰੀ ਭੈਣ 'ਤੇ ਵੀ ਮਨੋਵਿਗਿਆਨਕ ਅਸਰ ਪਿਆ ਹੈ।"

ਹਾਲਾਂਕਿ, ਪੀੜਤ ਦੇ ਭਰਾ ਇਮਾਨ ਜ਼ਨਾਤੁਲ ਹੈਰੀ ਦਾ ਕਹਿਣਾ ਹੈ ਕਿ ਆਪਣੀ ਭੈਣ ਨੂੰ ਇਨਸਾਫ ਦਿਵਾਉਣ ਲਈ ਉਸ ਕੋਲ ਇਸ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।

ਉਨ੍ਹਾਂ ਕਿਹਾ, “ਜੇਕਰ ਇਹ ਕੇਸ ਵਾਇਰਲ ਨਾ ਹੋਇਆ ਹੁੰਦਾ ਤਾਂ ਆਮ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਜਾਣਾ ਸੀ। ਇਸ ਦਾ ਨਤੀਜਾ ਇੰਨਾ ਚੰਗਾ ਨਹੀਂ ਹੋਣਾ ਸੀ। ਇਸ ਲਈ ਸਾਡੇ ਪਰਿਵਾਰ ਨੇ ਇਸ ਨੂੰ ਵਾਇਰਲ ਕਰਨ ਦਾ ਜੋਖਮ ਲਿਆ ਹੈ।"

ਇੰਡੋਨੇਸ਼ੀਆ ਰਿਵੈਂਜ ਪੋਰਨ

ਕੁੜੀ ਦੀ ਇਤਰਾਜ਼ਯੋਗ ਵੀਡੀਓ ਮਾਮਲੇ ਦੇ ਪੱਖ:

  • ਇੰਡੋਨੇਸ਼ੀਆ ’ਚ ਇੱਕ ਕੁੜੀ ਦਾ ਇਤਰਾਜ਼ਯੋਗ ਵੀਡੀਓ ਇੰਟਰਨੈੱਟ ’ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ
  • ਇਸ ਕੁੜੀ ਨਾਲ ਕੁੱਟਮਾਰ ਹੋਈ ਅਤੇ ਉਸ ਨੂੰ ਮਾਨਸਿਕ ਤੌਰ ’ਤੇ ਪਰੇਸ਼ਾਨ ਵੀ ਕੀਤੀ ਗਿਆ
  • ਇਸ ਮਾਮਲੇ ਨੂੰ ਅਦਾਲਤ ਤੱਕ ਲਿਜਾਣ ਵਿੱਚ ਕੁੜੀ ਦੇ ਭਰਾ ਨੇ ਬਹੁਤ ਹਿੰਮਤ ਦਿਖਾਈ
  • ਅਦਾਲਤ ਨੇ ਦੋਸ਼ੀ ਨੂੰ 6 ਸਾਲ ਦੀ ਸਜ਼ਾ ਸੁਣਾਈ ਹੈ ਪਰ ਪੀੜਤ ਪੱਖ ਇਸ ਨੂੰ ਘੱਟ ਦੱਸ ਰਿਹਾ ਹੈ
ਇੰਡੋਨੇਸ਼ੀਆ ਰਿਵੈਂਜ ਪੋਰਨ

ਕੀ ਸੀ ਪੂਰਾ ਮਾਮਲਾ?

ਇਮਾਨ ਨੇ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਭੈਣ ਨਾਲ ਬਲਾਤਕਾਰ ਦੀ ਵੀਡੀਓ ਫੈਲਾਉਣ ਲਈ ਤਿੰਨ ਸਾਲਾਂ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੀ ਛੋਟੀ ਭੈਣ ਨੂੰ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘਣਾ ਪਿਆ।

14 ਦਸੰਬਰ, 2022 ਨੂੰ, ਪੀੜਤ ਨੂੰ ਇੱਕ ਅਣਜਾਣ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਸੁਨੇਹਾ ਮਿਲਿਆ ਸੀ, ਜਿਸ ਵਿੱਚ ਉਸ ਦੇ ਬੇਹੋਸ਼ ਹੋਣ ਦਾ ਇੱਕ ਵੀਡੀਓ ਰਿਕਾਰਡ ਕੀਤੀ ਹੋਈ ਸੀ।

ਇਮਾਨ ਮੁਤਾਬਕ ਉਨ੍ਹਾਂ ਦੀ ਭੈਣ ਨੇ ਰੋਂਦੇ ਹੋਏ ਪਰਿਵਾਰ ਨੂੰ ਸਭ ਕੁਝ ਦੱਸ ਦਿੱਤਾ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਕੋਲ ਮਾਮਲਾ ਦਰਜ ਕਰਵਾਉਣ ਦਾ ਫੈਸਲਾ ਕੀਤਾ।

ਲੰਬੀ ਜਾਂਚ ਪ੍ਰਕਿਰਿਆ ਤੋਂ ਬਾਅਦ ਆਖ਼ਰਕਾਰ 21 ਫਰਵਰੀ 2023 ਨੂੰ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਮਾਨ ਮੁਤਾਬਕ ਇਸ ਦੌਰਾਨ ਉਨ੍ਹਾਂ ਦਾ ਪਰਿਵਾਰ ਕਾਫੀ ਦਬਾਅ 'ਚ ਸੀ।

ਉਹ ਕਹਿੰਦੇ ਹਨ, “ਮੇਰੀ ਭੈਣ ਨੂੰ ਜ਼ਬਰਦਸਤੀ ਪੌੜੀਆਂ ਵਿੱਚ ਘਸੀਟਿਆ, ਮੁੱਕੇ ਮਾਰੇ ਗਏ ਅਤੇ ਕੁੱਟਿਆ ਗਿਆ। ਦੋਸ਼ੀ ਨੇ ਵਾਰ-ਵਾਰ ਮੇਰੀ ਭੈਣ ਦੇ ਗਲੇ 'ਤੇ ਚਾਕੂ ਰੱਖਿਆ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।”

ਇਮਾਨ ਦੇ ਅਨੁਸਾਰ, "ਦੋਸ਼ੀ ਵੀਡੀਓ ਦੀ ਧਮਕੀ ਦੇ ਕੇ ਮੇਰੀ ਭੈਣ ਉਪਰ ਬੁਆਏਫ੍ਰੈਂਡ ਬਣਾਉਣ ਲਈ ਦਬਾਅ ਪਾ ਰਿਹਾ ਸੀ।"

ਇੰਡੋਨੇਸ਼ੀਆ

ਤਸਵੀਰ ਸਰੋਤ, DETIK.COM

ਤਸਵੀਰ ਕੈਪਸ਼ਨ, ਇੰਡੋਨੇਸ਼ੀਆ ਦੀ ਅਦਾਲਤ ਵਿੱਚ ਮੁਲਜ਼ਮ

ਇਮਾਨ ਨੇ ਆਪਣੀ ਭੈਣ ਨਾਲ ਵਾਪਰੀ ਘਟਨਾ ਬਾਰੇ ਤਿੰਨ ਹਿੱਸਿਆਂ ਵਿੱਚ ਟਵੀਟ ਕੀਤਾ ਅਤੇ ਇਨ੍ਹਾਂ ਨੂੰ ਲੱਖਾਂ ਲੋਕਾਂ ਨੇ ਦੇਖਿਆ।

ਇਸ ਮਾਮਲੇ 'ਚ ਦੋਸ਼ੀ ਅਲਵੀ ਹੁਸੈਨ ਮੁੱਲਾ 'ਤੇ ਕਈ ਦੋਸ਼ ਆਇਦ ਕੀਤੇ ਗਏ ਸਨ, ਜਿਸ ਤਹਿਤ ਵੱਧ ਤੋਂ ਵੱਧ ਛੇ ਸਾਲ ਦੀ ਸਜ਼ਾ ਦੀ ਵਿਵਸਥਾ ਸੀ।

ਇਮਾਨ ਦਾ ਦਾਅਵਾ ਹੈ ਕਿ ਕੇਸ ਦੀ ਪਹਿਲੀ ਸੁਣਵਾਈ ਬਾਰੇ ਨਾ ਤਾਂ ਉਹਨਾਂ ਨੂੰ ਅਤੇ ਨਾ ਹੀ ਉਨ੍ਹਾਂ ਦੇ ਵਕੀਲਾਂ ਨੂੰ ਕੋਈ ਜਾਣਕਾਰੀ ਮਿਲੀ ਸੀ।

ਦੂਸਰੀ ਤਰੀਕ ’ਤੇ ਜਦੋਂ ਉਸ ਦੀ ਭੈਣ ਨੂੰ ਗਵਾਹੀ ਲਈ ਬੁਲਾਇਆ ਗਿਆ ਤਾਂ ਉਹਨਾਂ ਨੂੰ ਕੇਸ ਦਾ ਪਤਾ ਲੱਗਾ।

ਇਮਾਨ ਦਾਅਵਾ ਕਰਦੇ ਹਨ ਕਿ ਉਹਨਾਂ ਦੀ ਭੈਣ 'ਤੇ ਵਾਰ-ਵਾਰ ਅਦਾਲਤ 'ਚ ਦੋਸ਼ੀ ਨੂੰ ਮਾਫ਼ ਕਰਨ ਲਈ ਦਬਾਅ ਪਾਇਆ ਗਿਆ।

ਇਮਾਨ ਦਾ ਕਹਿਣਾ ਹੈ ਕਿ ਅਦਾਲਤ ਵਿੱਚ ਉਹਨਾਂ ਨੂੰ ਹੋਰ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਸਰਕਾਰੀ ਵਕੀਲ ਨੇ ਆਪਣੇ ਲੈਪਟਾਪ ਵਿੱਚ ਘਟਨਾ ਦੀ ਵੀਡੀਓ ਖੋਲ੍ਹਣ ਤੋਂ ਵੀ ਇਨਕਾਰ ਕਰ ਦਿੱਤਾ।

ਇੰਡੋਨੇਸ਼ੀਆ

ਤਸਵੀਰ ਸਰੋਤ, Getty Images

ਇਮਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਦਾਲਤ 'ਚ ਉਹਨਾਂ ਦੀ ਭੈਣ ਦਾ ਪੱਖ ਰੱਖਣ ਵਾਲਾ ਸਰਕਾਰੀ ਵਕੀਲ ਉਹਨਾਂ ਦੀ ਭੈਣ ਨੂੰ ਡਰਾ-ਧਮਕਾ ਰਿਹਾ ਸੀ ਅਤੇ ਉਸ ਦੀ ਸਹੀ ਤਰ੍ਹਾਂ ਪ੍ਰਤੀਨਿਧਤਾ ਨਹੀਂ ਕਰ ਰਿਹਾ ਸੀ।

ਅਦਾਲਤ ਨੇ ਅਸ਼ਲੀਲ ਵੀਡੀਓ ਮਾਮਲੇ 'ਚ ਦੋਸ਼ੀ ਨੂੰ ਸਜ਼ਾ ਸੁਣਾਈ ਪਰ ਉਸ 'ਤੇ ਬਲਾਤਕਾਰ ਦੇ ਦੋਸ਼ ਤੈਅ ਨਹੀਂ ਕੀਤੇ।

ਇਮਾਨ ਦਾ ਕਹਿਣਾ ਹੈ ਕਿ ਉਸ ਦੀ ਭੈਣ ਹਮੇਸ਼ਾ ਕਹਿੰਦੀ ਰਹੀ ਹੈ ਕਿ ਉਸ ਨਾਲ ਬਲਾਤਕਾਰ ਹੋਇਆ ਹੈ ਅਤੇ ਇਸ ਲਈ ਉਹ ਇਸ ਮਾਮਲੇ ਵਿੱਚ ਨਵੀਂ ਰਿਪੋਰਟ ਦਰਜ ਕਰਵਾਏਗੀ।

ਪਾਂਡੇਲੋਂਗ ਜ਼ਿਲ੍ਹਾ ਅਦਾਲਤ 'ਚ ਫੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਸੀ ਕਿ ਦੋਸ਼ੀ ਨੇ ਜਾਣਬੁੱਝ ਕੇ ਇੰਟਰਨੈੱਟ 'ਤੇ ਇਤਰਾਜ਼ਯੋਗ ਸਮੱਗਰੀ ਫੈਲਾਈ।

ਇਸ ਮਾਮਲੇ 'ਚ ਦੋਸ਼ੀ ਨੂੰ ਛੇ ਸਾਲ ਦੀ ਕੈਦ ਤੋਂ ਇਲਾਵਾ ਅਗਲੇ ਅੱਠ ਸਾਲਾਂ ਲਈ ਇੰਟਰਨੈੱਟ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਦੀ ਸਜ਼ਾ ਵੀ ਸੁਣਾਈ ਗਈ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਇੰਡੋਨੇਸ਼ੀਆ ਵਿੱਚ ਇੱਕ ਮਿਸਾਲ ਸਾਬਤ ਹੋਵੇਗਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਦੋਸ਼ੀ ਦੇ ਇੰਟਰਨੈੱਟ ਅਧਿਕਾਰਾਂ ਨੂੰ ਰੱਦ ਕੀਤਾ ਗਿਆ ਹੈ।

ਰਿਵੈਂਜ ਪੋਰਨ ਕੀ ਹੁੰਦਾ ਹੈ

ਕਿਸੇ ਦੀਆਂ ਨਿੱਜੀ ਅਤੇ ਇਤਰਾਜ਼ਯੋਗ ਤਸਵੀਰਾਂ ਜਾਂ ਵੀਡੀਓਜ਼ ਨੂੰ ਉਸ ਦੀ ਮਰਜ਼ੀ ਦੇ ਉਲਟ ਇੰਟਰਨੈੱਟ ਪਾਉਣਾ ਕੋਈ ਨਵਾਂ ਟਰੈਂਡ ਨਹੀਂ ਹੈ। ਪਰ ਜਦੋਂ ਕੋਈ ਸਾਬਕਾ ਪ੍ਰੇਮੀ ਜਾਂ ਪ੍ਰੇਮਿਕਾ ਜਾਂ ਕੋਈ ਜਾਣਕਾਰ ਕਿਸੇ ਤੋਂ ਬਦਲਾ ਲੈਣ ਲ਼ਈ ਜਾਂ ਉਸ ਨੂੰ ਬਲੈਕਮੇਲ ਕਰਨ ਲ਼ਈ ਅਜਿਹਾ ਕਰਦਾ ਹੈ ਤਾਂ ਇਸ ਨੂੰ ਰਿਵੈਂਜ਼ ਪੋਰਨ ਕਿਹਾ ਜਾਂਦਾ ਹੈ।

ਇਸ ਦੇ ਪੀੜਤਾਂ ਨੂੰ ਤਸਵੀਰ-ਅਧਾਰਿਤ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਕਿਹਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ, ਜਦੋਂ ਕੋਈ ਕਿਸੇ ਦੇ ਨਿੱਜੀ ਪਲਾਂ ਦੀਆਂ ਤਸਵੀਰਾਂ ਬਿਨਾਂ ਸਹਿਮਤੀ ਦੇ ਇੰਟਰਨੈੱਟ 'ਤੇ ਪਾ ਦਿੰਦਾ ਹੈ।

ਅਜਿਹੇ ਮਾਮਲਿਆਂ ਦੇ ਜਾਣਕਾਰਾਂ ਮੁਤਾਬਕ ਇਹ ਦੋ ਕਿਸਮ ਦੇ ਹੁੰਦੇ ਹਨ- ਕੋਈ ਸ਼ੋਸ਼ਣ ਵਾਲਾ ਰਿਸ਼ਤਾ, ਕਿਸੇ ਰਿਸ਼ਤੇ ਦਾ ਬਹੁਤ ਹੀ ਦਿਲ ਕੰਬਾਊ ਅੰਤ ਜਾਂ ਜਦੋਂ ਕੋਈ ਪੁਰਾਣਾ ਬੁਆਏ-ਫਰੈਂਡ ਆਪਣੀ ਸਹੇਲੀ ਨੂੰ ਵਾਪਸ ਹਾਸਲ ਕਰਨੀ ਚਾਹੁੰਦਾ ਹੋਵੇ।

ਇਨ੍ਹਾਂ ਮਾਮਲਿਆਂ ਵਿੱਚ ਜ਼ਿਆਦਾਤਰ ਔਰਤਾਂ ਨੂੰ ਧਮਕਾਇਆ ਜਾਂਦਾ ਹੈ ਕਿ ਇਹ ਤਸਵੀਰਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਜਾਂ ਦਫ਼ਤਰ ਵਿੱਚ ਭੇਜ ਦਿੱਤੀਆਂ ਜਾਣਗੀਆਂ।

ਦੂਸਰੇ ਕੇਸ ਵਿੱਚ ਉਹ ਵਿਅਕਤੀ ਆਪਣੇ ਰਿਸ਼ਤੇ ਵਿੱਚ ਰਹੀ ਔਰਤ ਨੂੰ ਜਿਸ ਹੱਦ ਤੱਕ ਹੋ ਸਕੇ ਬਦਨਾਮ ਕਰਨਾ ਚਾਹੁੰਦਾ ਹੈ।

ਜਦੋਂ ਪੁਲਿਸ ਜਾਂ ਸੁਰੱਖਿਆ ਏਜੰਸੀਆਂ ਕੋਲ ਕੋਈ ਅਜਿਹਾ ਮਾਮਲਾ ਆਉਂਦਾ ਹੈ ਤਾਂ ਉਨ੍ਹਾਂ ਦੀ ਸਭ ਤੋਂ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਸਮੱਗਰੀ ਨੂੰ ਇੰਟਰਨੈੱਟ ਤੋਂ ਹਟਾ ਦਿੱਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)